ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨਾਲ ਖਿਲਵਾੜ
ਸੰਗਰਾਮ ਜਾਰੀ-ਜ਼ਾਲਮ ਰਾਜ ਬੇਪਰਦ
ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਜਦੋਂ ਤੱਕ ਮੁੱਠੀ ਭਰ ਲੁਟੇਰੇ (ਉਹ ਵਿਦੇਸ਼ੀ ਹੋਣ ਜਾਂ ਦੇਸੀ ਜਾਂ ਦੋਵੇਂ ਰਲਵੇਂ) ਮੁਲਕ ਦੇ ਲੋਕਾਂ ਨੂੰ ਚੂੰਡਦੇ ਰਹਿਣਗੇ, ਸੰਘਰਸ਼ ਜਾਰੀ ਰਹੇਗਾ। ਇਸ ਕਰਕੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਵੀ ਮੁਲਕ ਦੇ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਉਨ੍ਹਾਂ ਦਾ ਮੱਥਾ ਰਾਜ ਮਸ਼ੀਨਰੀ ਦੇ ਵਹਿਸ਼ੀ ਜਬਰ ਨਾਲ ਲੱਗ ਰਿਹਾ ਹੈ। ਬਰਤਾਨਵੀ ਸਾਮਰਾਜੀਆਂ ਵੱਲੋਂ ਸਿਰਜਿਆ ਰਾਜ ਭਾਗ ਦਾ ਜਾਬਰ ਤਾਣਾ-ਬਾਣਾ ਜਿਉ ਦਾ ਤਿਉ ਕਾਇਮ ਹੈ। ਅੰਗਰੇਜ਼ ਸਾਮਰਾਜੀਆਂ ਦੇ ਸਿਰਜੇ ਕਾਲੇ ਕਾਨੂੰਨ ਹੁਣ ਭਾਰਤੀ ਹਾਕਮਾਂ ਵੱਲੋਂ ਲੋਕਾਂ ਦੀ ਹੱਕੀ ਰੋਸ ਆਵਾਜ਼ ਨੂੰ ਕੁਚਲਣ ਲਈ ਵਰਤੇ ਜਾ ਰਹੇ ਹਨ। ਕੁੱਝ ਲੇਬਲ ਬਦਲ ਕੇ ਵਰਤੇ ਜਾ ਰਹੇ ਹਨ, ਕੁੱਝ ਜਿਉ ਦੇ ਤਿਉ ਵਰਤੇ ਜਾ ਰਹੇ ਹਨ। ਪੁਲਸ ਕਦੇ ਗੁੜਗਾਉ ਵਿਚ ਸਾਮਰਾਜੀ ਕੰਪਨੀ ਦੇ ਹਿੱਤਾਂ ਦੀ ਰਾਖੀ ਲਈ ਮਜ਼ਦੂਰਾਂ ਦੇ ਹਿੱਤਾਂ ਦੀ ਹੋਲੀ ਖੇਡਦੀ ਹੈ, ਕਦੇ ਕਾਲਿੰਗਾ ਨਗਰ ਵਿਚ ਆਦਿਵਾਸੀਆਂ ਨੂੰ ਗੋਲੀਆਂ ਨਾਲ ਭੁੰਨਦੀ ਹੈ, ਕਦੇ ਨੰਦੀਗਰਾਮ ਅਤੇ ਆਂਧਰਾ ਪ੍ਰਦੇਸ਼ ਵਿਚ ਕਿਸਾਨਾਂ ਦੀਆਂ ਲਾਸ਼ਾਂ ਵਿਛਾਉਦੀ ਹੈ। ਇਨਕਲਾਬੀ ਲਹਿਰ ਨੂੰ ਕੁਚਲਣ ਲਈ ਵਹਿਸ਼ੀ ਤਸ਼ੱਦਦ, ਝੂਠੇ ਪੁਲਸ ਮੁਕਾਬਲਿਆਂ, ਗੜਬੜ ਵਾਲਾ ਇਲਾਕਾ ਕਰਾਰ ਦੇਣ ਅਤੇ ਅਖੌਤੀ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਵਰਗੇ ਕਦਮਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਭਾਰਤੀ ਰਾਜ ਦੀ ਅੱਤਿਆਚਾਰੀ ਫਿਤਰਤ ਦਾ ਕੁਹਾੜਾ ਵਿਤਕਰੇ ਦੀਆਂ ਸ਼ਿਕਾਰ ਕੌਮੀਅਤਾਂ ਅਤੇ ਕਬਾਇਲੀ ਲੋਕਾਂ ਦੇ ਹੱਕੀ ਰੋਸ ਨੂੰ ਦਰੜਨ ਲਈ ਵਰ੍ਹਾਇਆ ਜਾ ਰਿਹਾ ਹੈ। ਕਸ਼ਮੀਰੀ ਲੋਕ ਅਤੇ ਉੱਤਰ ਪੂਰਬੀ ਖਿੱਤੇ ਦੇ ਲੋਕ ਭਾਰਤੀ ਰਾਜ ਦੇ ਜਾਲਮਾਨਾ ਵਿਹਾਰ ਦੀ ਵਿਸ਼ੇਸ਼ ਮਾਰ ਹੰਢਾਉਦੇ ਆ ਰਹੇ ਹਨ। ਇਹ ਵਿਹਾਰ ਇਹਨਾਂ ਕੌਮੀਅਤਾਂ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਵਧਾਉਣ ਲਈ ਜਿੰਮੇਵਾਰ ਹੈ।
ਹੱਕੀ ਸੰਘਰਸ਼ਾਂ ਦੇ ਰਾਹ ਪਏ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਹੋਰ ਤਬਕਿਆਂ ਨੇ ਰਾਜ ਭਾਗ ਦੀਆਂ ਗੋਲੀਆਂ, ਲਾਠੀਆਂ, ਵਹਿਸ਼ੀ ਤਸ਼ੱਦਦ, ਗਿ੍ਰਫਤਾਰੀਆਂ, ਪਾਬੰਦੀਆਂ ਅਤੇ ਸੰਗੀਨ ਪੁਲਸ ਕੇਸਾਂ ਦੀ ਮਾਰ ਹੰਢਾਈ ਹੈ।
ਅਮਰੀਕੀ ਸਾਮਰਾਜੀਆਂ ਦੀ ਸੇਵਾਦਾਰੀ
ਸ਼ਹੀਦ ਭਗਤ ਸਿੰਘ ਨਾਲ ਦੁਸ਼ਮਣੀ
ਅੱਜ ਭਾਰਤੀ ਰਾਜ ਪ੍ਰਬੰਧ ਨਾ ਸਿਰਫ ਬਹੁਗਿਣਤੀ ਲੋਕਾਂ ਦੇ ਦਮਨ ਦਾ ਰੋਲ ਨਿਭਾ ਰਿਹਾ ਹੈ, ਸਗੋਂ ਸੰਸਾਰ ਸਾਮਰਾਜੀ ਪ੍ਰਬੰਧ ਦੀ ਰਾਖੀ ਲਈ ਹੋਰਨਾਂ ਮੁਲਕਾਂ ਦੇ ਲੋਕਾਂ ਨੂੰ ਦਬਾਉਣ, ਕੁਚਲਣ ਵਿੱਚ ਵੀ ਹਿੱਸੇਦਾਰ ਹੈ। ਆਪਣੇ ਪਸਾਰਵਾਦੀ ਮੰਤਵਾਂ ਅਤੇ ਸਾਮਰਾਜੀਆਂ ਨਾਲ ਅਧੀਨਗੀ ਦੇ ਰਿਸ਼ਤੇ ਕਰਕੇ ਛੋਟੇ ਅਤੇ ਕਮਜ਼ੋਰ ਮੁਲਕਾਂ ਨੂੰ ਜ਼ਰਕਾਉਣ ਦੀਆਂ ਸਾਮਰਾਜੀ ਕੋਸ਼ਿਸ਼ਾਂ ਵਿਚ ਭਾਈਵਾਲ ਹੈ। ਅਮਰੀਕੀ ਸਾਮਰਾਜੀਆਂ ਦੀ ਸੰਸਾਰ ਦਹਿਸ਼ਤਗਰਦੀ ਵਿਚ ਹੱਥ ਵਟਾਉਣ ਲਈ ਭਾਰਤੀ ਹਾਕਮਾਂ ਨੇ ਅਫਗਾਨਿਸਤਾਨ, ਇਰਾਕ, ਸੋਮਾਲੀਆ ਅਤੇ ਹੋਰਨਾਂ ਮੁਲਕਾਂ ਵਿਚ ਫੌਜੀ ਸੇਵਾਵਾਂ ਅਰਪਣ ਕੀਤੀਆਂ ਹਨ ਅਤੇ ਨਿਹੱਕੇ ਖੂਨੀ ਸਾਮਰਾਜੀ ਮੰਤਵਾਂ ਲਈ ਮੁਲਕ ਦੇ ਜਾਇਆਂ ਦਾ ਲਹੂ ਭੇਟ ਕੀਤਾ ਹੈ। 2005 ਵਿੱਚ ਅਮਰੀਕੀ ਸਾਮਰਾਜ ਨਾਲ ਫੌਜੀ ਅਤੇ ਪ੍ਰਮਾਣੂ ਸਮਝੌਤਿਆਂ ਰਾਹੀਂ ਮੁਲਕ ਨੂੰ ਉਹਨਾਂ ਦੀ ਹਮਲਾਵਰ ਸੰਸਾਰ ਯੁੱਧਨੀਤੀ ਨਾਲ ਨਰੜ ਕਰ ਦਿੱਤਾ ਗਿਆ ਹੈ। ਵਚਨ ਦਿੱਤਾ ਗਿਆ ਹੈ ਕਿ ਭਾਰਤੀ ਸਮੁੰਦਰੀ ਫੌਜਾਂ ਅਮਰੀਕੀ ਸਾਮਰਾਜੀਆਂ ਨਾਲ ਰਲ ਕੇ ਸਮੁੰਦਰਾਂ ਵਿਚ ਦੂਸਰੇ ਮੁਲਕਾਂ ਦੇ ਜਹਾਜ਼ਾਂ ਦੀ ਤਲਾਸ਼ੀ ਲੈਣ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਦਾ ਰੋਲ ਨਿਭਾਉਣਗੀਆਂ। ਅੱਜਕੱਲ੍ਹ ਭਾਰਤੀ ਨੇਵੀ ਸਾਮਰਾਜੀ ਮੁਲਕਾਂ ਦੀਆਂ ਫੌਜਾਂ ਨਾਲ ਸਾਂਝੀਆਂ ਸਮੁੰਦਰੀ ਮਸ਼ਕਾਂ ਵਿਚ ਰੁੱਝੀ ਹੋਈ ਹੈ। ਅਮਰੀਕੀ ਫੌਜੀ ਟੁਕੜੀਆਂ, ਪਛੜੇ ਮੁਲਕਾਂ ਵਿਚ ਗੁਰੀਲਾ ਲੜਾਈ ਦੇ ਟਾਕਰੇ ਦੇ ਅਭਿਆਸ ਲਈ , ਭਾਰਤੀ ਜੰਗਲਾਂ ਵਿਚ ਅਕਸਰ ਹੀ ਮਸ਼ਕਾਂ ਕਰਦੀਆਂ ਰਹਿੰਦੀਆਂ ਹਨ। ਅਮਰੀਕੀ ਸਾਮਰਾਜੀਆਂ ਨਾਲ ਤਾਜ਼ਾ ਪ੍ਰਮਾਣੂ ਸਮਝੌਤੇ ਰਾਹੀਂ ਪ੍ਰਮਾਣੂ ਉਰਜਾ ਸਨਅੱਤ ’ਤੇ ਸਾਮਰਾਜੀ ਨਿਗਰਾਨੀ ਅਤੇ ਦਖਲਅੰਦਾਜ਼ੀ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਇਹ ਦਖਲਅੰਦਾਜ਼ੀ ਮੁਲਕ ਦੇ ਸਿਰ ’ਤੇ ਤਲਵਾਰ ਬਣ ਕੇ ਲਟਕਦੀ ਰਹਿਣੀ ਹੈ। ਅਮਰੀਕੀ ਸਾਮਰਾਜੀਆਂ ਦੀ ਰਜ਼ਾ ਤੋਂ ਬਾਹਰ ਜਾਣ ਦੀ ਹਾਲਤ ਵਿਚ ਹੋਰਨਾਂ ਮੁਲਕਾਂ ਵਾਂਗ ਕਦੇ ਭਾਰਤ ਨੂੰ ਵੀ ਇਸ ਦਖਲਅੰਦਾਜ਼ੀ ਅਤੇ ਘੁਸਪੈਠ ਦੇ ਤਬਾਹਕੁਨ ਨਤੀਜੇ ਭੁਗਤਣੇ ਪੈ ਸਕਦੇ ਹਨ।
ਭਾਰਤੀ ਹਾਕਮ ਵਾਰ ਵਾਰ ਐਲਾਨ ਕਰਦੇ ਆ ਰਹੇ ਹਨ ਕਿ ਮੁਲਕ ‘ਸੰਸਾਰ ਸ਼ਕਤੀ’ ਬਣਨ ਜਾ ਰਿਹਾ ਹੈ। ਸੰਸਾਰ ਸ਼ਕਤੀ ਬਣਨ ਤੋੋਂ ਮੁਲਕ ਦੇ ਹਾਕਮਾਂ ਦਾ ਭਾਵ ਸਾਮਰਾਜੀਆਂ ਵੱਲੋਂ ਮਾਨਤਾ ਪ੍ਰਾਪਤ ਖੇਤਰੀ ਲੱਠਮਾਰ ਸ਼ਕਤੀ ਵਜੋਂ ਆਪਣੀ ਚੌਧਰ ਸਥਾਪਤ ਕਰਨਾ ਅਤੇ ਪਸਾਰਵਾਦੀ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਬਿਆਨਾਂ ਰਾਹੀਂ ਲੋਕਾਂ ਨੂੰ ਇਹ ‘ਸਮਝਾਉਣ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ‘ਸੰਸਾਰ ਸ਼ਕਤੀ’ ਬਣਨ ਲਈ ਅਮਰੀਕਾ ਦੇ ਰਹਿਮੋ-ਕਰਮ ’ਤੇ ਹੈ ਇਸ ਕਰਕੇ ‘‘ਸਾਂਝੇ ਹਿੱਤਾਂ’’ ਲਈ ਅਮਰੀਕੀ ਸਾਮਰਾਜੀਆਂ ਦਾ ਹੱਥ ਵਟਾਉਣਾ ਮੁਲਕ ਦੀ ਅਣਸਰਦੀ ਲੋੜ ਹੈ। ਅੱਜ ਹਮਲਾਵਰ ਅਮਰੀਕੀ ਫੌਜਾਂ ਵੱਖ ਵੱਖ ਮੁਲਕਾਂ ਦੇ ਲੋਕਾਂ ਦੇ ਜੁਝਾਰੂ ਟਾਕਰੇ ਦਾ ਸਾਹਮਣਾ ਕਰ ਰਹੀਆਂ ਹਨ। ਅਮਰੀਕਾ ਅੰਦਰ ਅਮਰੀਕੀ ਫੌਜੀਆਂ ਦੀਆਂ ਜਾਨਾਂ ਜਾਣ ਕਰਕੇ ਲੋਕਾਂ ਵਿਚ ਤਿੱਖੇ ਰੋਸ ਅਤੇ ਵਿਰੋਧ ਦੀ ਭਾਵਨਾ ਫੈਲ ਰਹੀ ਹੈ। ਇਸ ਕਰਕੇ ਅਮਰੀਕੀ ਸਾਮਰਾਜੀਏ, ਅਧੀਨ ਅਤੇ ਜੋਟੀਦਾਰ ਮੁਲਕਾਂ ਦੀਆਂ ਫੌਜਾਂ ਨੂੰ ਬਲਦੀ ਦੇ ਬੂਥੇ ਦੇਣ ਦੀ ਨੀਤੀ ’ਤੇ ਚੱਲ ਰਹੇ ਹਨ। ਫੌਜੀ ਜਿੰਮੇਵਾਰੀਆਂ ਦਾ ਇੱਕ ਹਿੱਸਾ, ਉਹ ਭਾਰਤ ਵਰਗੇ ਮੁਲਕਾਂ ਨੂੰ ਸੌਂਪਣਾ ਚਾਹੁੰਦੇ ਹਨ। ਇਹਨਾਂ ਨੂੰ ਉਹ ਨੀਵੇਂ ਦਰਜੇ ਦੀਆਂ ਫੌਜੀ ਜੁੰਮੇਵਾਰੀਆਂ ਕਹਿੰਦੇ ਹਨ। ਜਾਨਾਂ ਨਿਗਲਣ ਵਾਲੀ ਆਹਮੋ-ਸਾਹਮਣੇ ਦੀ ਲੜਾਈ ਇਹਨਾਂ ਜੁੰਮੇਵਾਰੀਆਂ ਦਾ ਹਿੱਸਾ ਹੈ।
ਭਾਰਤੀ ਰਾਜ ਦੇ ਇਹਨਾਂ ਚਾਲਿਆਂ ਦੀ ਕੀਮਤ ਮੁਲਕ ਨੂੰ ਬੇਹੱਦ ਭਾਰੀ ਫੌਜੀ ਖਰਚਿਆਂ ਦੇ ਰੂਪ ’ਚ ’ਤਾਰਨੀ ਪੈ ਰਹੀ ਹੈ। ਵਾਤਾਵਰਨ ਅਤੇ ਸਿਹਤ ਸੁਰੱਖਿਆ ਲਈ ਗੰਭੀਰ ਖਤਰਿਆਂ ਦੇ ਰੂਪ ’ਚ ’ਤਾਰਨੀ ਪੈ ਰਹੀ ਹੈ। ਇਸ ਨਾਲੋਂ ਵੀ ਖਤਰਨਾਕ ਗੱਲ ਇਹ ਹੈ ਕਿ ਵਿਦੇਸ਼ੀ ਸਾਮਰਾਜੀਆਂ ਅਤੇ ਭਾਰਤੀ ਹਾਕਮ ਜਮਾਤਾਂ ਦੇ ਹਿੱਤਾਂ ਖਾਤਰ ਹੋਰਨਾਂ ਮੁਲਕਾਂ ਅਤੇ ਲੋਕਾਂ ਨਾਲ ਦੁਸ਼ਮਣੀ ਸਹੇੜੀ ਜਾ ਰਹੀ ਹੈ ਜਿਸ ਦੇ ਨਤੀਜੇ ਮੁਲਕ ਦੇ ਲੋਕਾਂ ਨੂੰ ਭੁਗਤਣੇ ਪੈਣੇ ਹਨ।
ਭਾਰਤੀ ਰਾਜ ਦੇ ਇਹ ਚਾਲੇ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨਾਲ ਖਿਲਵਾੜ ਹਨ। ਸ਼ਹੀਦ ਭਗਤ ਸਿੰਘ ਦਾ ਆਦਰਸ਼ ਸਾਮਰਾਜੀਆਂ ਅਤੇ ਉਹਨਾਂ ਦੇ ਜੋਟੀਦਾਰ ਵੱਡੇ ਲੁਟੇਰਿਆਂ ਦੇ ਗਲਬੇ ਤੋਂ ਪੂਰੀ ਤਰ੍ਹਾਂ ਮੁਕਤ ਭਾਰਤ ਦੀ ਸਿਰਜਣਾ ਕਰਨਾ ਸੀ। ਅਜਿਹਾ ਭਾਰਤ ਜਿਹੜਾ ਵਿਸ਼ਾਲ ਬਹੁਗਿਣਤੀ ਦੀਆਂ ਕੌਮੀ ਇਛਾਵਾਂ ਦੀ ਨੁਮਾਇੰਦਗੀ ਕਰੇ ਅਤੇ ਸੰਸਾਰ ਵਿੱਚੋਂ ਸਾਮਰਾਜਵਾਦ ਦੇ ਖਾਤਮੇ ਲਈ ਸੰਘਰਸ਼ ਦੀ ਮਸ਼ਾਲ ਉੱਚੀ ਕਰੇ।
(2007 ’ਚ ਬਣੀ ਸ਼ਹੀਦ ਭਗਤ ਸਿੰਘ ਜਨਮ-ਸ਼ਤਾਬਦੀ ਕਮੇਟੀ ਦੇ ਪੈਂਫਲਟ ’ਚੋਂ-ਮੁੱਖ ਸਿਰਲੇਖ ਸੰਪਾਦਕ ਵੱਲੋਂ)
No comments:
Post a Comment