ਪੰਜਾਬ ਅੰਦਰ ਨਸ਼ਿਆਂ ਦੀ ਮਾਰ ਹੋਰ ਡੂੰਘੀ
ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਮੌਕੇ ਕਈ ਮੁੱਦੇੇ ੳੱੁਭਰੇ ਹੋਏ ਸਨ। ਕੁੱਝ ਹੱਦ ਤੱਕ ਇਹਨਾਂ ਭਖਦੇ ਤੇ ਉੱਭਰਵੇਂ ਸਮਾਜਿਕ ਮਸਲਿਆਂ ਦੁਆਲੇ ਕੇਂਦਰਤ ਕਰਕੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਚੋਣ ਪ੍ਰਚਾਰ ਕੀਤੇ। ਇਹਨਾਂ ੳੱੁਭਰਵੇਂ ਮਸਲਿਆਂ ਨੂੰ ਹੱਲ ਕਰਨ ਦੇ ਦਾਅਵੇ ਕੀਤੇ ਗਏ। ਇਹਨਾਂ ਸਾਰੇ ਮਸਲਿਆਂ ਵਿੱਚੋਂ ਨਸ਼ਿਆਂ ਦੀ ਸਮੱਸਿਆਂ ਸਭ ਤੋਂ ਉੱਭਰਵੀਂ ਸੀ। ਨਸ਼ਿਆਂ ਦੀ ਮਹਾਂਮਾਰੀ ਖ਼ਿਲਾਫ਼ ਪੰਜਾਬ ਦੇ ਲੋਕਾਂ ਦਾ ਰੋਹ, ਗੁੱਸਾ ਤੇ ਬੇਚੈਨੀ ਸੀ। ਇਸ ਰੋਹ ਤੇ ਬੇਚੈਨੀ ਨੂੰ ਚੋਣਾਂ ’ਚ ਵਰਤਣ ਲਈ ਪੰਜਾਬ ਦੀ ‘ਆਪ’ ਪਾਰਟੀ ਨੇ ਨਸ਼ੇ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਦੇ ਦਾਅਵੇ ਕੀਤੇ ਗਏ। ‘ਆਪ’ ਪਾਰਟੀ ਨੇ ਬਕਾਇਦਾ ਆਪਣੀ ਚੋਣ ਪ੍ਰਚਾਰ ਦੌਰਾਨ ਨਸ਼ਿਆਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਲੋਕਾਂ ਦਾ ਝੁਕਾਅ ਵੀ ‘ਆਪ’ ਪਾਰਟੀ ਵੱਲ ਹੋਇਆ, ਭਾਵੇਂ ਹੋਰ ਵੀ ਬਹੁਤ ਸਾਰੇ ਕਾਰਨ ਸਨ। ਆਮ ਲੋਕਾਂ ਨੂੰ ਉਮੀਦ ਬੱਝੀ ਸੀ ਕਿ ‘ਆਪ’ ਪਾਰਟੀ ਦਾ ਸੱਤਾ ’ਚ ਆਉਣ ਨਾਲ ਨਸ਼ਿਆਂ ਵਰਗੇ ਉਭਰਵੇਂ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਦਾ ਸੱਤਾ ’ਚ ਆਉਣ ਨਾਲ ਜੋ ਲੋਕਾਂ ਦੇ ਮਨ ਅੰਦਰ ਨਸ਼ਿਆਂ ਤੇ ਹੋਰ ਉੱਭਰਵੇਂ ਮਸਲਿਆਂ ਨੂੰ ਹੱਲ ਕਰਨ ਦਾ ਨਕਸ਼ਾ ਬੱਝਾ ਸੀ ਉਹ ਧੁੰਦਲਾ ਪੈਂਦਾ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਆਪਣੀਆਂ ਉਮੀਦਾਂ ਟੁੱਟਦੀਆਂ ਨਜ਼ਰ ਆ ਰਹੀਆਂ ਹਨ। ਨਸ਼ੇ ਦਾ ਕਹਿਰ ਖਤਮ ਹੋਣ ਦੀ ਬਜਾਇ ਹੋਰ ਤਿੱਖੇ ਰੂਪ ’ਚ ਪ੍ਰਗਟ ਹੋ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਨੂੰ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਉਸੇ ਤਰ੍ਹਾਂ ਗ੍ਰਸ ਰਿਹਾ ਹੈ। ਨਸ਼ਿਆਂ ਦੇ ਕਾਰੋਬਾਰ ਸਰਕਾਰ ਦੇ ਨੱਕ ਹੇਠ ਉਸੇ ਤਰ੍ਹਾਂ ਚੱਲ ਰਹੇ ਹਨ। ਸਿੰਥੈਟਿਕ ਡਰੱਗ (ਚਿੱਟਾ), ਨਸ਼ੀਲੇ ਕੈਪਸੂਲ, ਟੀਕੇ, ਹੈਰੋਇਨ, ਨਸ਼ੀਲੀਆਂ ਗੋਲੀਆਂ, ਭੁੱਕੀ ਤੇ ਨਕਲੀ ਸ਼ਰਾਬ ਆਦਿ ਪਹਿਲਾਂ ਵਾਂਗ ਹੀ ਵੇਚਿਆ ਜਾ ਰਿਹਾ ਹੈ। ਫ਼ਰਕ ਸਿਰਫ਼ ਇਹਨਾਂ ਪਿਆ ਹੈ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀਆਂ ਵਫ਼ਾਦਾਰੀਆਂ ਹਕੂਮਤ ਬਦਲਣ ਨਾਲ ਬਦਲ ਗਈਆਂ ਹਨ। ਹਰ ਦਿਨ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ। ਸਰਕਾਰ ਦੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੇ ਦਾਅਵੇ ਹਵਾ ਵਿੱਚ ਖਿੰਡ-ਪੁੰਡ ਗਏ ਹਨ।
ਅਕਾਲੀ-ਭਾਜਪਾ ਗਠਜੋੜ ਵੇਲੇ ਨਸ਼ਿਆਂ ਦਾ ਕਾਰੋਬਾਰ ਵਧਿਆ ਤੇ ਫੁੱਲਿਆ ਹੈ। ਨਸ਼ਿਆਂ ਦਾ ਕਾਰੋਬਾਰ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਲੁਭਾਉਣੇ ਕਾਰੋਬਾਰ ਵਜੋਂ ੳੱੁਭਰਿਆ ਹੈ। ਇਸ ਦੀਆਂ ਤੰਦਾਂ ਪਿੰਡਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਫੈਲੀਆਂ ਹੋਈਆਂ ਹਨ। ਪੰਜਾਬ ਦਾ ਵੱਡਾ ਹਿੱਸਾ ਨਸ਼ਿਆਂ ਦੀ ਮਾਰ ਹੇਠ ਹੋਣ ਕਰਕੇ ਲੋਕ ਇਸ ਸਮੱਸਿਆ ਤੋਂ ਨਿਜਾਤ ਚਾਹੁੰਦੇ ਹਨ। ਇਸ ਕਰਕੇ ਹਰ ਇੱਕ ਰਾਜਨੀਤਿਕ ਪਾਰਟੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਦਾਅਵੇ ਕੀਤੇ ਹਨ। ਪਰ ਨਸ਼ਿਆਂ ਦਾ ਪ੍ਰਕੋਪ ਜਾਰੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਕੈਪਟਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਅੰਦਰ ਨਸ਼ੇ ਖਤਮ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸੀ ਹਕੂਮਤ ਨੇ ਜ਼ਮੀਨੀ ਪੱਧਰ ’ਤੇ ਨਸ਼ਿਆਂ ਖ਼ਿਲਾਫ਼ ਥੋੜ੍ਹੀ-ਬਹੁਤੀ ਸਤਹੀ ਕਿਸਮ ਦੀ ਸਰਗਰਮੀ ਦਿਖਾਈ ਤੇ ਨਸ਼ਿਆਂ ਦਾ ‘ਲੱਕ ਤੋੜਨ’ ਦਾ ਪ੍ਰਚਾਰ ਖ਼ੂਬ ਕੀਤਾ। ਪਰ ਪੰਜਾਬ ਦੀ ਸੱਤਾ ’ਤੇ ਕਾਬਜ਼ ‘ਆਪ’ ਪਾਰਟੀ ਤਾਂ ਇਸ ਰਸਮੀ ਸਰਗਰਮੀ ਤੋਂ ਵੀ ਪਛੜੀ ਨਜ਼ਰ ਆ ਰਹੀ ਹੈ। ਹਾਂ ਅਖ਼ਬਾਰੀ ਬਿਆਨ ਜ਼ਰੂਰ ਜਾਰੀ ਹੋ ਰਹੇ ਹਨ। ਪਿਛਲੀਆਂ ਹਕੂਮਤਾਂ ਦੀ ਤਰ੍ਹਾਂ ਨਸ਼ਿਆਂ ਵਰਗੇ ਉਭਰਦੇ ਮਸਲੇ ਦੀ ਮੂਲ ਜੜ੍ਹ ਨੂੰ ਨਹੀਂ ਫੜ ਰਹੀ। ਸਗੋਂ ਉਹ ਹੇਠਲ ਪੱਧਰ ਦੇ ਵੰਡਾਵਿਆਂ ਜਾਂ ਪੀੜਤ ਨੌਜਵਾਨਾਂ ਨੂੰ ਹੀ ਫੜ ਰਹੀ ਹੈ। ਨਸ਼ਿਆਂ ਦੇ ਮਾਮਲੇ ’ਚ ਆਪ ਸਰਕਾਰ ਦੀ ਸਿਆਸੀ ਇੱਛਾ ਦੀ ਘਾਟ ਹੈ। ਤਾਂ ਹੀ ਨਸ਼ਿਆਂ ਦੇ ਕਾਰੋਬਾਰ ’ਚ ਮੁੱਖ ਦੋਸ਼ੀ ਬਣਦੇ ਮਜੀਠੀਏ ਵਰਗੇ ਜਮਾਨਤਾਂ ’ਤੇ ਬਾਹਰ ਆ ਗਏ।
ਨਸ਼ਿਆਂ ਦੀ ਮਹਾਂਮਾਰੀ ਨਾਲ ਜਿੱਥੇ ਵੱਡੇ ਪੱਧਰ ’ਤੇ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਤੇ ਘਰ-ਘਰ ਸੱਥਰ ਵਿਛੇ ਹਨ, ਉੱਥੇ ਨੌਜਵਾਨ ਸਮਾਜਿਕ ਤੇ ਨੈਤਿਕ ਤੌਰ ’ਤੇ ਵੀ ਨਿਘਾਰ ਵੱਲ ਗਏ ਹਨ। ਨਸ਼ਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਹਰ ਚੇਤੰਨ ਮਨੁੱਖ ਨੂੰ ਹਲੂਣ ਰਹੀਆਂ ਹਨ। ਪਿਛਲੀ ਦਿਨੀ ਸੋਸ਼ਲ ਮੀਡੀਆਂ ’ਤੇ ਇੱਕ ਵੀਡਿਓ ਵਾਇਰਲ ਹੋ ਰਹੀ ਸੀ ਕਿ ਪੰਜਾਬ ਦੇ ਇੱਕ ਪਿੰਡ ਵਿੱਚ ਮਾਂ-ਪੁੱਤ ਦੋਨੋਂ ਹੀ ‘ਚਿੱਟਾ’ ਪੀਣ ਦੇ ਆਦੀ ਹੋ ਚੁੱਕੇ ਨੇ। ਨਸ਼ੇ ਦੀ ਪੂਰਤੀ ਲਈ ਉਹਨਾਂ ਨੇ ਘਰ ਦੀਆਂ ਇੱਟਾਂ ਤੱਕ ਵੇਚ ਦਿੱਤੀਆਂ। ਇਉਂ ਜਲੰਧਰ ਜ਼ਿਲ੍ਹੇ ’ਚ ਗੰਨ੍ਹਾ ਪਿੰਡ ਹੈ। ਜੋ ਨਸ਼ਿਆਂ ਦੀ ਤਸਕਰੀ ਲਈ ਬਹੁਤ ਬਦਨਾਮ ਹੈ। ਪਿੰਡ ਵਿੱਚ 550 ਦੇ ਕਰੀਬ ਘਰ ਹਨ ਜਿਨ੍ਹਾਂ ’ਚੋਂ ਕਰੀਬ 200 ਘਰਾਂ ਦੇ ਜੀਆਂ ਖ਼ਿਲਾਫ਼ ਨਸ਼ੇ ਸੰਬੰਧੀ ਕੇਸ ਦਰਜ ਹਨ। ਨਸ਼ਿਆਂ ਦੀ ਤਸਕਰੀ ਨੇ ਪਿੰਡ ਦਾ ਨਾਂ ਇਸ ਹੱਦ ਤੱਕ ਬਦਨਾਮ ਕਰ ਦਿੱਤਾ ਕਿ ਦੂਜੇ ਪਿੰਡਾਂ ਦੇ ਪਰਿਵਾਰਾਂ ਨੇ ਇਸ ਪਿੰਡ ਵਿੱਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਪਿੰਡਾਂ ਅੰਦਰ ਨਿੱਤ ਵਾਪਰ ਰਹੀਆਂ ਹਨ। ਨਸ਼ਿਆਂ ਦੀ ਪੂਰਤੀ ਲਈ ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਹਰ ਰੋਜ਼ ਹੋ ਰਹੀਆਂ ਹਨ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਨਸ਼ਿਆਂ ਦੀ ਮਹਾਂਮਾਰੀ ਨੇ ਸਾਡੇ ਸਮਾਜ ’ਤੇ ਕਿਵੇਂ ਜਕੜ-ਪੰਜਾਂ ਕਸਿਆ ਹੋਇਆ ਹੈ।
ਇਸ ਸਰਕਾਰ ਕੋਲ ਵੀ ਨਸ਼ਿਆਂ ਦੇ ਕਹਿਰ ਤੋਂ ਜਵਾਨੀ ਨੂੰ ਬਚਾਉਣ ਲਈ ਕੋਈ ਸਿਆਸੀ ਇਰਾਦਾ ਨਹੀਂ ਹੈ ਤੇ ਇਸ ਕਾਰਨ ਹੀ ਕੋਈ ਢੁੱਕਵੀਂ ਨੀਤੀ ਹੈ। ਸੂਬੇ ਦੇ ਸਾਰੇ ਲੁਟੇਰੇ ਕਾਰੋਬਾਰੀ ਤੰਤਰ ਨੂੰ ਜਿਉ ਦਾ ਤਿਉ ਸਾਂਭਦੇ ਹੋਏ ਹੀ ਤਬਦੀਲੀ ਹੋ ਜਾਣ ਦੇ ਦਾਅਵੇ ਕਰ ਦਿੱਤੇ ਗਏ ਸਨ। ਜਦ ਕਿ ਨਸ਼ਿਆਂ ਦੇ ਫੈਲਦੇ ਕਾਰੋਬਾਰ ’ਚ ਕੋਈ ਤਬਦੀਲੀ ਨਹੀਂ ਹੈ।
ਨਸ਼ਿਆਂ ਤੋਂ ਮੁਕਤੀ ਦਾ ਮਸਲਾ ਸਮਾਜ ਅੰਦਰ ਬਾਕੀ ਲੁੱਟ ਖਸੁੱਟ ਤੋਂ ਖਾਤਮੇ ਨਾਲ ਹੀ ਜੁੜਿਆ ਹੋਇਆ ਹੈ ਤੇ ਇਸ ਖਿਲਾਫ਼ ਸੰਘਰਸ਼ ਨਾਲ ਹੀ ਜੁੜਿਆ ਹੋਇਆ ਹੈ ਤੇ ਇਸ ਖਿਲਾਫ ਸੰਘਰਸ਼ ਵੀ ਹੋਰਨਾਂ ਲੋਕ ਮੁੱਦਿਆਂ ਲਈ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਨਸ਼ਿਆਂ ਦਾ ਕਾਰੋਬਾਰ ਲੋਕਾਂ ਦੀ ਜਥੇਬੰਦ ਹੋਈ ਤਾਕਤ ਨੇ ਹੀ ਤਬਾਹ ਕਰਨਾ ਹੈ। ਇਸ ਲਈ ਲੋਕਾਂ ਨੂੰ ਇਸ ਖ਼ਿਲਾਫ਼ ਖੁਦ ਜਥੇਬੰਦ ਹੋ ਕੇ ਨਿਤਰਣਾ ਚਾਹੀਦਾ ਹੈ ਤੇ ਹਕੂਮਤ ’ਤੇ ਵੀ ਕਾਰਵਾਈ ਲਈ ਦਬਾਅ ਕਾਇਮ ਕਰਨਾ ਚਾਹੀਦਾ ਹੈ।
No comments:
Post a Comment