ਸ਼ਹੀਦ ਭਗਤ ਸਿੰਘ ਖ਼ਿਲਾਫ਼ ਕੂੜ ਪ੍ਰਚਾਰ ਦੀ ਤਿੰਨ ਇਨਕਲਾਬੀ ਪਰਚਿਆਂ ਵੱਲੋਂ ਸਖ਼ਤ ਨਿੰਦਾ
ਇਨਕਲਾਬੀ ਕਾਰਕੁੰਨਾਂ ਨੂੰ ਸ਼ਹੀਦ ਦੇ ਵਿਚਾਰ ਹੋਰ ਵਧੇਰੇ ਧੜੱਲੇ ਨਾਲ ਉਭਾਰਨ ਦਾ ਸੱਦਾ
ਤਿੰਨ ਇਨਕਲਾਬੀ ਪਰਚਿਆਂ ਸੁਰਖ਼ ਲੀਹ, ਲਾਲ ਪਰਚਮ ਤੇ ਇਨਕਲਾਬੀ ਸਾਡਾ ਰਾਹ ਦੇ ਸੰਪਾਦਕਾਂ ਪਾਵੇਲ ਕੁੱਸਾ, ਮੁਖਤਿਆਰ ਪੂਹਲਾ ਤੇ ਅਜਮੇਰ ਸਿੰਘ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਖ਼ਿਲਾਫ਼ ਜ਼ਹਿਰ ਉਗਲਣ ਤੇ ਉਸ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਉਸ ਦੀ ਪੈਰਵਾਈ ਤਹਿਤ ਸ਼ਹੀਦ ਭਗਤ ਸਿੰਘ ਦੇ ਖ਼ਿਲਾਫ਼ ਕੂੜ ਪ੍ਰਚਾਰ ਚਲਾਉਣ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਬਰਤਾਨਵੀ ਸਾਮਰਾਜ ਖ਼ਿਲਾਫ਼ ਲੜੇ ਗਏ ਕੌਮੀ ਮੁਕਤੀ ਸੰਗਰਾਮ ਦੇ ਸ਼ਹੀਦਾਂ ਦੀ ਮੋਹਰਲੀ ਕਤਾਰ ’ਚ ਸ਼ੁਮਾਰ ਹੈ ਤੇ ਭਾਰਤੀ ਇਨਕਲਾਬ ਦਾ ਚਿੰਨ੍ਹ ਹੈ। ਮੁਲਕ ਦੀਆਂ ਹਾਕਮ ਜਮਾਤਾਂ ਦੇ ਵੱਖ ਵੱਖ ਹਿੱਸਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਨੂੰ ਵਾਰ ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਹੋਰ ਜ਼ਿਆਦਾ ਵਧਦੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸਿਮਰਨਜੀਤ ਮਾਨ ਨੇ ਸ਼ਹੀਦ ਭਗਤ ਸਿੰਘ ਪ੍ਰਤੀ ਆਪਣੀ ਨਫ਼ਰਤ ਦਾ ਇਉਂ ਪ੍ਰਗਟਾਵਾ ਕੀਤਾ ਹੈ। ਨੱਬੇਵਿਆਂ ਦੇ ਦਹਾਕੇ ’ਚ ਵੀ ਹਾਕਮ ਜਮਾਤੀ ਬੁੱਧੀਜੀਵੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਖ਼ਿਲਾਫ਼ ਜ਼ਹਿਰੀਲੀ ਮੁਹਿੰਮ ਵਿੱਢੀ ਗਈ ਸੀ। ਹੁਣ ਵੀ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇ ਕੇ ਆਪਣੀ ਸਾਮਰਾਜ ਭਗਤੀ ਦਾ ਸਬੂਤ ਦਿੱਤਾ ਜਾ ਰਿਹਾ ਹੈ । ਇਸ ਤੋਂ ਵੱਡੀ ਸਾਮਰਾਜੀ ਚਾਕਰੀ ਕੀ ਹੋ ਸਕਦੀ ਹੈ ਕਿ ਸਿਮਰਨਜੀਤ ਮਾਨ ਆਪਣੇ ਨਾਨੇ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਿਰੋਪਾ ਪਾਉਣ ਦੀ ਕਾਰਵਾਈ ਨੂੰ ਵਾਰ ਵਾਰ ਉਚਿਆ ਰਿਹਾ ਹੈ। ਸਿਮਰਨਜੀਤ ਮਾਨ ਵੱਲੋਂ ਅੰਗਰੇਜ਼ ਸਾਮਰਾਜੀਆਂ ਦੀ ਚਾਕਰੀ ਦੀ ਆਪਣੀ ਵਿਰਾਸਤ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਬਰਤਾਨਵੀ ਹਕੂਮਤ ਵੇਲੇ ਸਿੱਖ ਧਾਰਮਕ ਸੰਸਥਾਵਾਂ ’ਤੇ ਕਾਬਜ਼ ਹੋਏ ਇਹ ਜਗੀਰੂ ਘਰਾਣੇ ਗ਼ਦਰੀ ਬਾਬਿਆਂ ਨੂੰ ਵੀ ਪੰਥ ’ਚੋਂ ਛੇਕਣ ਦੇ ਐਲਾਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸੇ ਵਿਰਾਸਤ ਦੀ ਲਗਾਤਾਰਤਾ ਤਹਿਤ ਹੀ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਜਗੀਰੂ ਸਿਆਸਤਦਾਨ ਆਪਣੀ ਫ਼ਿਰਕੂ ਸਿਆਸਤ ਰਾਹੀਂ ਸਾਮਰਾਜੀਆਂ ਦੀ ਸੇਵਾ ਕਰਦੇ ਆ ਰਹੇ ਹਨ।
ਸਿਮਰਨਜੀਤ ਮਾਨ ਵੱਲੋਂ ਭਗਤ ਸਿੰਘ ਨੂੰ ਇਉਂ ਨਿਸ਼ਾਨਾ ਬਣਾਉਣ ਦਾ ਅਰਥ ਇਨ੍ਹਾਂ ਸਾਮਰਾਜੀ ਸੇਵਾਦਾਰਾਂ ਵੱਲੋਂ ਲੋਕਾਂ ਦੇ ਨਾਇਕਾਂ ਪ੍ਰਤੀ ਡੂੰਘੀ ਨਫਰਤ ਦਾ ਪ੍ਰਗਟਾਵਾ ਕਰਨਾ ਹੈ । ਦੇਸ਼ ਅੰਦਰ ਭਾਜਪਾ ਤੇ ਆਰ.ਐਸ.ਐਸ. ਵੱਲੋਂ ਬਣਾਏ ਜਾ ਰਹੇ ਹਿੰਦੂ ਫਿਰਕੂ ਸ਼ਾਵਨਵਾਦੀ ਮਾਹੌਲ ਵਿੱਚ ਮਾਨ ਵਰਗੇ ਸਿਆਸਤਦਾਨਾਂ ਵੱਲੋਂ ਸਿੱਖ ਫ਼ਿਰਕੂ ਜਨੂੰਨ ਨੂੰ ਹਵਾ ਦੇਣੀ ਹੋਰ ਵੀ ਖ਼ਤਰਨਾਕ ਹੈ ।
ਇਸ ਫ਼ਿਰਕੂ ਮਾਹੌਲ ਅੰਦਰ ਸ਼ਹੀਦ ਭਗਤ ਸਿੰਘ ਵੱਲੋਂ ਗੁੰਜਾਏ ਗਏ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਦੀ ਇਸ ਮੁਲਕ ਦੇ ਕਿਰਤੀ ਲੋਕਾਂ ਨੂੰ ਅੱਜ ਬੇਹੱਦ ਜ਼ਰੂਰਤ ਹੈ। ਆਪਣੀ ਤੀਖਣ ਨੀਝ ਤੇ ਕਮਾਲ ਦੀ ਅਧਿਐਨ ਸਮਰੱਥਾ ਕਾਰਨ ਸ਼ਹੀਦ ਭਗਤ ਸਿੰਘ ਨੇ ਇੱਕ ਆਦਰਸ਼ਵਾਦੀ ਰੁਮਾਂਸਵਾਦੀ ਇਨਕਲਾਬੀ ਤੋਂ ਕਮਿਊਨਿਸਟ ਤੱਕ ਦਾ ਸਫ਼ਰ ਬਹੁਤ ਤੇਜ਼ੀ ਨਾਲ ਤੈਅ ਕੀਤਾ ਸੀ। ਇਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਧਾਰਾ ਸੀ ਜਿਸਨੇ ਉਸ ਵੇਲੇ ਦੀ ਕਾਂਗਰਸ ਪਾਰਟੀ ਦੀ ਸਮਝੌਤਾਵਾਦੀ ਧਾਰਾ ਨਾਲੋਂ ਪੂਰੀ ਸਪਸ਼ਟਤਾ ਨਾਲ ਨਿਖੇੜਾ ਕੀਤਾ ਸੀ। ਉਸ ਦਾ ਪ੍ਰੋਗਰਾਮ ਤੇ ਰਾਹ ਵਿਸ਼ਾਲ ਲੋਕ ਤਾਕਤ ਦੀ ਉਸਾਰੀ ਰਾਹੀਂ ਸਾਮਰਾਜਵਾਦ ਤੋਂ ਮੁਕੰਮਲ ਮੁਕਤੀ ਤੇ ਜਗੀਰਦਾਰੀ ਦੇ ਖਾਤਮੇ ਦਾ ਸੀ । ਅੱਜ ਕਿਸੇ ਵੀ ਤਰ੍ਹਾਂ ਦੇ ਫ਼ਿਰਕੂ ਰਾਸ਼ਟਰਵਾਦ ਜਾਂ ਅੰਨ੍ਹੇ ਕੌਮਵਾਦ ਖ਼ਿਲਾਫ਼ ਹਕੀਕੀ ਸਾਮਰਾਜ ਵਿਰੋਧੀ ਖਰੀ ਦੇਸ਼ ਭਗਤੀ ਨੂੰ ਉਭਾਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰ ਅਹਿਮ ਹਵਾਲਾ ਨੁਕਤਾ ਹਨ। ਇਨ੍ਹਾਂ ਫ਼ਿਰਕੂ ਸਿਆਸਤਦਾਨਾਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਉਭਾਰਿਆ ਗਿਆ ਸਾਮਰਾਜ ਵਿਰੋਧੀ ਤੇ ਧਰਮ ਨਿਰਪੱਖ ਕੌਮਵਾਦ ਰਾਸ ਨਹੀਂ ਬੈਠਦਾ ਕਿਉਂਕਿ ਇਹ ਮੁਲਕ ਭਰ ਦੇ ਲੋਕਾਂ ਨੂੰ ਸਾਮਰਾਜੀਆਂ, ਉਨ੍ਹਾਂ ਦੇ ਦਲਾਲ ਸਰਮਾਏਦਾਰਾਂ ਅਤੇ ਵੱਡੇ ਭੌਂ-ਸਰਦਾਰਾਂ ਦੇ ਲੁਟੇਰੇ ਰਾਜ ਖ਼ਿਲਾਫ਼ ਇੱਕਜੁੱਟ ਕਰਦਾ ਹੈ।
ਤਿੰਨੋਂ ਸੰਪਾਦਕਾਂ ਨੇ ਸਾਂਝੇ ਤੌਰ ’ਤੇ ਇਨਕਲਾਬੀ ਲਹਿਰ ਦੇ ਕਾਰਕੁੰਨਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਅੱਜ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੋਰ ਵੀ ਵਧੇਰੇ ਧੜੱਲੇ ਨਾਲ ਲੋਕਾਂ ਤਕ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਰਾਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਰੌਸ਼ਨ ਹੋਣਾ ਹੈ।
ਜਾਰੀ ਕਰਤਾ: ਅਜਮੇਰ ਸਿੰਘ , ਮੁਖਤਿਆਰ ਪੂਹਲਾ , ਪਾਵੇਲ ਕੁੱਸਾ
No comments:
Post a Comment