ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕਲਮ ਤੋ
ਅਛੂਤ ਦਾ ਸਵਾਲ
.. ਸਾਡੇ ਮੁਲਕ ਜਿੰਨੀ ਭੈੜੀ ਹਾਲਤ ਕਿਸੇ ਹੋਰ ਮੁਲਕ ਦੀ ਨਹੀਂ ਹੋਣੀ। ਇੱਥੇ ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹਨ। ਇੱਕ ਬੜਾ ਭਾਰੀ ਸਵਾਲ ਅਛੂਤ ਦਾ ਹੈ। ਸਵਾਲ ਇਹ ਕੀਤਾ ਜਾਂਦਾ ਹੈ ਕਿ 30 ਕਰੋੜ ਦੀ ਆਬਾਦੀ ਵਾਲੇ ਮੁਲਕ ਵਿੱਚ ਜੋ 6 ਕਰੋੜ ਆਦਮੀ ਅਛੂਤ ਕਹਾਉਦੇ ਹਨ, ਉਨ੍ਹਾਂ ਨੂੰ ਛੂਹ ਲੈਣ ਨਾਲ ਧਰਮ ਭਿ੍ਰਸ਼ਟ ਤੇ ਨਾ ਹੋਵੇਗਾ, ਕੀ ਉਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੇਣ ਨਾਲ ਦੇਵਤੇ ਨਾਰਾਜ਼ ਤੇ ਨਾ ਹੋ ਜਾਣਗੇ--- ਕੀ ਉਨ੍ਹਾਂ ਦੇ ਖੂਹ ਤੋਂ ਪਾਣੀ ਕੱਢ ਲੈਣ ਨਾਲ ਖੂਹ ਪਲੀਤ ਤੇ ਨਾ ਹੋ ਜਾਵੇਗਾ ਇਹ ਸਵਾਲ ਵੀਹਵੀਂ ਸਦੀ ਵਿੱਚ ਕੀਤੇ ਜਾ ਰਹੇ ਹਨ, ਜਿੰਨ੍ਹਾਂ ਨੂੰ ਕਿ ਸੁਣਦਿਆਂ ਹੀ ਸ਼ਰਮ ਆਉਦੀ ਹੈ।’’
‘‘ਜਦੋਂ ਤੁਸੀਂ ਇੱਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਵੀ ਇਨਕਾਰੀ ਹੋ, ਜਾਂ ਜਦੋਂ ਤੁਸੀਂ ਉਹਨਾਂ ਨੂੰ ਮਦਰੱਸੇ ਵਿੱਚ ਪੜ੍ਹਨ ਵੀ ਨਹੀਂ ਦਿੰਦੇ, ਤਾਂ ਤੁਹਾਡਾ ਕੀ ਹੱਕ ਹੈ ਕਿ ਆਪਣੇ ਵਾਸਤੇ ਹੋਰ ਹਕੂਕ ਮੰਗੋ? ਜਦ ਤੁਸੀਂ ਇੱਕ ਇਨਸਾਨ ਦੇ ਸਾਧਾਰਨ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ, ਤਾਂ ਤੁਸੀਂ ਹੋਰ ਪੁਲੀਟੀਕਲ ਹੱਕ ਮੰਗਣ ਦੇ ਅਧਿਕਾਰੀ ਕਿੱਥੋਂ ਬਣ ਗਏ?’’
‘‘ਮਨੁੱਖ ਦੀ ਹੌਲੀ ਹੌਲੀ ਕੁੱਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਹਨਾਂ ’ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਹਨਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ।’’
‘‘.. .. ਨੌਜਵਾਨ ਭਾਰਤ ਸਭਾ ਅਤੇ ਨੌਜਵਾਨ ਕਾਨਫਰੰਸ ਨੇ ਜੋ ਤਰੀਕਾ ਅਖ਼ਤਿਆਰ ਕੀਤਾ ਹੈ, ਉਹ ਡਾਢਾ ਸੰਦਰ ਹੈ। ਜਿੰਨ੍ਹਾਂ ਭਰਾਵਾਂ ਨੂੰ ਅੱਜ ਤੀਕ ਅਛੂਤ ਅਛੂਤ ਕਿਹਾ ਕਰਦੇ ਸਾਂ ਉਨ੍ਹਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖਿਮਾ ਮੰਗਣੀ ਅਤੇ ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨਾਂ ਅੰਮਿ੍ਰਤ ਛਕਾਇਆਂ, ਕਲਮਾਂ ਪੜ੍ਹਾਇਆਂ ਜਾਂ ਸ਼ੁੱਧ ਕੀਤਿਆਂ ਹੀ ਉਸਨੂੰ ਆਪਣੇ ਵਿੱਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ ਇਹੋ ਠੀਕ ਤਰੀਕਾ ਹੈ ਤੇ ਆਪੋ ਵਿੱਚ ਖਿੱਚਾ-ਧੂਹੀ ਕਰਨੀ ਤੇ ਅਮਲ ਵਿੱਚ ਕੋਈ ਵੀ ਹੱਕ ਨਾ ਦੇਣਾ ਕੋਈ ਠੀਕ ਗੱਲ ਨਹੀਂ ਹੈ।’’
ਜਦੋਂ ਪਿੰਡਾਂ ਵਿੱਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾ ਕੇ ਭੜਕਾਉਦੇ ਸਨ ਕਿ ਦੇਖੋ ਇਹ ਚੂਹੜਿਆਂ ਚੱਪੜਿਆਂ ਨੂੰ ਸਿਰ ’ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਊ ਹਨ। ਬੱਸ ਜੱਟ ਇੰਨੇਂ ਵਿੱਚ ਹੀ ਭੂਤਰੇ ਪਏ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੀ ਹਾਲਤ ਉਨਾ ਚਿਰ ਨਹੀਂ ਸੁਧਰ ਸਕਦੀ ਜਿੰਨਾਂ ਚਿਰ ਕਿ ਉਹ ਇਹਨਾਂ ਗਰੀਬਾਂ ਨੂੰ ਕਮੀਨ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸਾਫ ਨਹੀਂ ਰਹਿੰਦੇ। ਇਸ ਦਾ ਜਵਾਬ ਸਾਫ ਹੈ, ਉਹ ਗਰੀਬ ਹਨ। ਗਰੀਬੀ ਦਾ ਇਲਾਜ ਕਰੋ। ਉੱਚੀਆਂ-ਉੱਚੀਆਂ ਕੁੱਲਾਂ ਦੇ ਗਰੀਬ ਲੋਕੀਂ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ ਕਰਨ ਨਾਲ ਚੂਹੜੀਆਂ ਤੇ ਅਛੂਤ ਨਹੀਂ ਹੋ ਜਾਂਦੀਆਂ।
‘‘ਜਥੇਬੰਦ ਹੋ ਕੇ ਆਪਣੇ ਪੈਰਾਂ ’ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲਿੰਜ ਕਰ ਦਿਉ। ਦੇਖੋ ਤਾਂ ਫੇਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜ਼ੁਰਅੱਤ ਕਰ ਸਕੇਗਾ। ਤੁਸੀਂ ਉਹਨਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ। ਪਰ ਖਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾ। ਇਹ ਤੁਹਾਡੀ ਮੱਦਦ ਨਹੀਂ ਕਰਨਾ ਚਾਹੁੰਦੀ, ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੰਦੀ ਹੈ। ਇਹ ਸਰਮਾਏਦਾਰ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗਰੀਬੀ ਦਾ ਮੁੱਖ ਕਾਰਨ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬੱਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਓ। ਤੁਹਾਡਾ ਕੁੱਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਉ। ਹੌਲੀ ਹੌਲੀ ਸੁਧਾਰ ਤੇ ਰੀਫਾਰਮਾਂ ਨਾਲ ਕੁੱਝ ਨਹੀਂ ਬਣ ਸਕਦਾ । ਸਮਾਜਕ ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੁਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਵੋ। ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉੱਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ, ਵਿਪੱਲਵ ਦਾ ਵਿਦਰੋਹ ਖੜ੍ਹਾ ਕਰ ਦਿਓ। ’’
No comments:
Post a Comment