Friday, September 16, 2022

ਦਰੋਪਦੀ ਮੁਰਮੂ ਦੀ ਰਾਸ਼ਟਪਤੀ ਵਜੋਂ ਚੋਣ.....ਕਈ ਨਿਸ਼ਾਨਿਆਂ ਵੱਲ ਸੇਧਤ ਭਾਜਪਾਈ ਸਿਆਸਤੀ ਤੀਰ

 ਦਰੋਪਦੀ ਮੁਰਮੂ ਦੀ ਰਾਸ਼ਟਪਤੀ ਵਜੋਂ ਚੋਣ.....
ਕਈ ਨਿਸ਼ਾਨਿਆਂ ਵੱਲ ਸੇਧਤ ਭਾਜਪਾਈ ਸਿਆਸਤੀ ਤੀਰ 

ਦਰੋਪਦੀ ਮੁਰਮੂ ਮੁਲਕ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ ਹੈ। ਦਰੋਪਦੀ ਮੁਰਮੂ ਦੀ ਰਾਸ਼ਟਰਪਤੀ ਵਜੋਂ ਚੋਣ ਭਾਜਪਾ ਦੀਆਂ ਵੋਟ ਸਿਆਸਤੀ ਸ਼ਤਰੰਜੀ ਚਾਲਾਂ ਅਤੇ ਅਖੌਤੀ ਭਾਰਤੀ ਜਮਹੂਰੀਅਤ ਦੀ ਪਰਦਾਪੋਸ਼ੀ ਦੇ ਭਾਰਤੀ ਰਾਜ ਦੇ ਵਡੇਰੇ ਹਿੱਤਾਂ ਦੀ ਜੁਗਲਬੰਦੀ ਦਾ ਨਤੀਜਾ ਹੈ। ਇਸ ਤੀਰ ਨਾਲ ਭਾਜਪਾ ਨੇ ਕਈ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਹੈ। 

ਹਾਕਮ ਜਮਾਤੀ ਪ੍ਰੈੱਸ ਹਲਕਿਆਂ ’ਚ ਇਸ ਕਦਮ ਨੂੰ ਮਾਸਟਰ ਸਟਰੋਕ ਕਰਾਰ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਕਦਮ ਰਾਹੀਂ ਭਾਜਪਾ ਨੇ ਵਿਰੋਧੀ ਧਿਰ ਦੇ ਸੰਭਾਵੀ ਏਕੇ ਨੂੰ ਬਣਨ ਤੋਂ ਪਹਿਲਾਂ ਹੀ ਕਮਜ਼ੋਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਕਿਉਂਕਿ ਆਦਿਵਾਸੀਆਂ ਦੀ ਗਿਣਨਯੋਗ ਵਸੋਂ ਵਾਲੇ ਸੂਬਿਆਂ ’ਚ ਭਾਜਪਾ ਤੋਂ ਵਿੱਥ ਰੱਖਦੇ ਹਿੱਸਿਆਂ ਨੂੰ ਵੀ ਇਸ ਉਮੀਦਵਾਰ ਦੀ ਹਮਾਇਤ ਦਾ ਫੈਸਲਾ ਲੈਣਾ ਪਿਆ ਸੀ। ਅਜਿਹੀਆਂ ਗਿਣਤੀਆਂ ਦੇ ਨਾਲ ਨਾਲ ਭਾਜਪਾ ਦੀ ਇਹ ਚਾਲ ਮੁੱਖ ਤੌਰ ’ਤੇ ਆਦਿਵਾਸੀ ਖੇਤਰਾਂ ’ਚ ਪੈਰ ਪਸਾਰਨ ਰਾਹੀਂ ਵੋਟ ਆਧਾਰ ਦਾ ਵਧਾਰਾ ਕਰਨ ਵੱਲ ਸੇਧਿਤ ਹੈ ਤੇ ਇਸ ਵਧਾਰੇ ਰਾਹੀਂ ਇਨ੍ਹਾਂ ਖੇਤਰਾਂ ’ਤੇ ਸਿਆਸੀ ਪਕੜ ਮਜ਼ਬੂਤ ਕਰਦਿਆਂ ਕਾਰਪੋਰੇਟ ਕਾਰੋਬਾਰੀ ਹਿੱਤਾਂ ਦੀ ਪੈਰਵਾਈ ਕਰਨ ਦੇ ਮਨਸੂਬੇ ਵੀ ਸ਼ਾਮਲ ਹਨ।

ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਸਮਾਜ ਦੇ ਸਭ ਤੋਂ ਦਬਾਏ ਹੋਏ ਤਬਕੇ ਆਦਿਵਾਸੀਆਂ ’ਚੋਂ ਇੱਕ ਔਰਤ ਨੂੰ ਬਿਠਾਉਣ ਰਾਹੀਂ, ਦੇਸ਼ ਦੇ ਰਾਜ ਭਾਗ ਵਿੱਚ ਸਭ ਤੋਂ ਦਬਾਇਆਂ ਹੋਇਆਂ ਦੀ ਹਿੱਸੇਦਾਰੀ ਦਾ ਉਹੀ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਜਿਹੜਾ ਭਾਰਤੀ ਹਾਕਮ ਜਮਾਤਾਂ ਪਿਛਲੇ 75 ਸਾਲਾਂ ਤੋਂ ਵਰਤਦੀਆਂ ਰਹੀਆਂ ਹਨ। ਇਸ ਪੇਸ਼ਕਾਰੀ ਨੇ ਸਮਾਜ ਦੇ ਦੱਬੇ ਕੁਚਲੇ ਹਿੱਸਿਆਂ ਦੀਆਂ ਕੁੱਝ ਪਰਤਾਂ ’ਚ ਅਜਿਹੇ ਭਰਮ ਬਣਾਈ ਰੱਖਣ ਵਿਚ ਅਹਿਮ ਰੋਲ ਅਦਾ ਕੀਤਾ ਹੈ। ਅਜਿਹੀਆਂ ਪੇਸ਼ਕਾਰੀਆਂ ਰਾਹੀਂ ਹੀ ਭਾਰਤੀ ਹਾਕਮ ਜਮਾਤਾਂ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਦਾਅਵੇ ਖੂਬ ਹੁੱਬ ਕੇ ਕਰਦੀਆਂ ਆ ਰਹੀਆਂ ਹਨ। 

ਫੌਰੀ ਪ੍ਰਸੰਗ ਅੰਦਰ ਰਾਸ਼ਟਰਪਤੀ ਵਜੋਂ ਇਕ ਆਦਿਵਾਸੀ ਔਰਤ ਦੀ ਚੋਣ ਆਦਿਵਾਸੀ ਖੇਤਰਾਂ ’ਚ ਭਾਜਪਾ ਵੱਲੋਂ ਪੈਰ ਪਸਾਰਨ ਲਈ ਘੜੀਆਂ ਜਾ ਰਹੀਆਂ ਵਿਉਂਤਾਂ ਦਾ ਹੀ ਇੱਕ ਹਿੱਸਾ ਹੈ। ਆਦਿਵਾਸੀ ਲੋਕ ਸਦੀਆਂ ਤੋਂ ਹੀ ਮੁਲਕ ਅੰਦਰ ਇੱਕ ਵੱਖਰਾ ਜੀਵਨ ਬਿਤਾਉਂਦੇ ਆਏ ਹਨ ਤੇ ਕਹੀ ਜਾਂਦੀ ਸਮਾਜ ਦੀ ਮੁੱਖ ਧਾਰਾ ਤੋਂ ਹਾਸ਼ੀਏ ’ਤੇ ਰੱਖੇ ਹੋਏ ਹਨ। ਅੰਗਰੇਜ਼ਾਂ ਦੇ ਆਉਣ ਤੋਂ ਮਗਰੋਂ ਇਨ੍ਹਾਂ ਖੇਤਰਾਂ ’ਚ ਇਸਾਈ ਧਰਮ ਪ੍ਰਚਾਰਕਾਂ ਵੱਲੋਂ ਪਹੁੰਚ ਕੀਤੀ ਜਾਂਦੀ ਰਹੀ ਹੈ ਤੇ ਇਨ੍ਹਾਂ ’ਚ ਇਸਾਈ ਮਿਸ਼ਨਰੀਆਂ ਵੱਲੋਂ ਏਥੇ ਕੰਮ ਕੀਤਾ ਜਾਂਦਾ ਰਿਹਾ ਹੈ। ਆਦਿਵਾਸੀਆਂ ਦਾ ਸੱਭਿਆਚਾਰ, ਬੋਲੀ ਤੇ ਸਮਾਜਿਕ ਜੀਵਨ ਮੁਲਕ ਦੇ ਹੋਰਨਾਂ ਵਿਕਸਤ ਖੇਤਰਾਂ ਤੋਂ ਪੂਰੀ ਤਰ੍ਹਾਂ ਵੱਖਰਾ ਹੈ। ਮੁਲਕ ਅੰਦਰ ਪ੍ਰਚੱਲਤ ਰਵਾਇਤੀ ਧਰਮਾਂ ਦੀ ਉਨ੍ਹਾਂ ਤੱਕ ਪਹੁੰਚ ਨਹੀਂ ਸੀ ਬਣੀ ਹੋਈ ਤੇ ਉਨ੍ਹਾਂ ਦਾ ਸਮਾਜ ਪੂਰੀ ਤਰ੍ਹਾਂ ਵੱਖਰੇ ਧਾਰਮਿਕ ਅਕੀਦਿਆਂ ਤੇ ਰਿਵਾਇਤਾਂ ਵਾਲਾ ਹੈ। ਵੱਖ ਵੱਖ ਧਾਰਮਿਕ ਫਿਰਕੇ ਇਨ੍ਹਾਂ ਹਿੱਸਿਆਂ ’ਚ ਆਪਣੀ ਰਸਾਈ ਲਈ ਯਤਨ ਕਰਦੇ ਆਏ ਹਨ ਪਰ ਜ਼ਿਆਦਾ ਕਾਮਯਾਬੀ ਨਹੀਂ ਮਿਲਦੀ ਰਹੀ। ਪਹਿਲਾਂ ਇਨ੍ਹਾਂ ਕੋਸ਼ਿਸ਼ਾਂ ਦੇ ਪੱਖ ਤੋਂ ਇਸਾਈ ਪ੍ਰਚਾਰਕ ਮੂਹਰੇ ਸਨ, ਪਰ ਭਾਜਪਾ ਤੇ ਆਰ ਐਸ ਐਸ ਇਨ੍ਹਾਂ ਇਸਾਈ ਧਰਮ ਪ੍ਰਚਾਰਕਾਂ ਦਾ ਵਿਰੋਧ ਕਰਦੀ ਆਈ ਹੈ ਤੇ ਇਸ ਨੂੰ ਜਬਰੀ ਧਰਮ ਪਰਿਵਰਤਨ ਕਰਾਰ ਦੇ ਕੇ ਇਸ ਖ਼ਿਲਾਫ਼ ਪਿਛਾਖੜੀ ਲਾਮਬੰਦੀਆਂ ਦੇ ਯਤਨ ਕਰਦੀ ਰਹੀ ਹੈ। ਇਨ੍ਹਾਂ ਖਿਲਾਫ਼ ਜ਼ਹਿਰੀਲਾ ਫਿਰਕੂ ਪ੍ਰਚਾਰ ਚਲਾਇਆ ਜਾਂਦਾ ਰਿਹਾ ਹੈ ਤੇ ਹਿੰਸਕ ਹਮਲੇ ਵੀ ਜਥੇਬੰਦ ਕੀਤੇ ਜਾਂਦੇ ਰਹੇ ਹਨ। ਅਜਿਹੇ ਇੱਕ ਹਮਲੇ ’ਚ ਉੜੀਸਾ ਅੰਦਰ ਫਾਦਰ ਗ੍ਰਾਹਮ ਸਟੇਨਜ਼ ਤੇ ਉਸ ਦੇ ਬੱਚਿਆਂ ਨੂੰ ਜ਼ਿੰਦਾ ਸਾੜ ਦੇਣ ਦੀ ਹਿਰਦੇਵੇਦਕ ਘਟਨਾ ਵੀ ਸ਼ਾਮਲ ਹੈ। 

ਹੁਣ ਆਦਿਵਾਸੀ ਖੇਤਰਾਂ ’ਚ ਆਰ.ਐੱਸ.ਐੱਸ. ਤੇ ਭਾਜਪਾ ਪੂਰੇ ਜ਼ੋਰ ਸ਼ੋਰ ਨਾਲ ਆਪਣੇ ਪੈਰ ਪਸਾਰਨ ’ਚ ਲੱਗੀਆਂ ਹੋਈਆਂ ਹਨ। ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਰਾਹੀਂ ਇਨ੍ਹਾਂ ਪਛੜੇ ਖੇਤਰਾਂ ’ਚ ਸਿਆਸੀ ਪੈਰ ਧਰਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਆਦਿਵਾਸੀ ਖੇਤਰਾਂ ’ਚ ਸੰਘ ਦੀਆਂ ਸ਼ਾਖਾਵਾਂ ਬਣਾਉਣ ਤੋਂ ਲੈ ਕੇ ਅਖੌਤੀ ਭਲਾਈ ਸਕੀਮਾਂ ਤੱਕ ਦੇ ਕਈ ਤਰ੍ਹਾਂ ਦੇ ਢੰਗਾਂ ਰਾਹੀਂ ਇਸ ਪੈਰ ਪਸਾਰੇ ਨੂੰ ਸੰਬੋਧਨ ਹੋਣ ਦਾ ਯਤਨ ਕੀਤਾ ਹੈ। ਹੁਣ ਆਂਧਰਾ ਪ੍ਰਦੇਸ਼ ਦੇ ਵਿਚ ਬਸਤੀਵਾਦੀ ਦੌਰ ਵੇਲੇ ਹੋਈ ਇੱਕ ਆਦਿਵਾਸੀ ਬਗਾਵਤ ਦੇ ਨਾਇਕ ਦਾ 125ਵਾਂ ਦਿਨ ਮਨਾਉਣ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਸਾਲ ਭਰ ਦੇ ਜਸ਼ਨਾਂ ਦੀ ਸ਼ੁਰੂਆਤ ਮੋਦੀ ਨੇ ਆਪ ਕੀਤੀ ਹੈ। ਇਉਂ ਹੀ ਪਿਛਲੇ ਸਾਲ ਆਦਿਵਾਸੀ ਬਗਾਵਤ ਦੇ ਨਾਇਕ ਬਿਰਸਾ ਮੁੰਡਾ ਦੇ ਜਨਮ ਦਿਨ ਮੌਕੇ ਵੀ ਵੱਡੀ ਪੱਧਰ ’ਤੇ ਮੋਦੀ ਸਰਕਾਰ ਜਨਜਾਤੀ ਗੌਰਵ ਦਿਵਸ ਮਨਾਇਆ ਗਿਆ ਸੀ। 

ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਆ ਰਹੀਆਂ ਚੋਣਾਂ ’ਚ ਆਦਿਵਾਸੀ ਵੋਟਾਂ ਬਟੋਰਨ ਲਈ ਭਾਜਪਾ ਹੁਣੇ ਤੋਂ ਪੱਬਾਂ ਭਾਰ ਹੋਈ ਫਿਰਦੀ ਹੈ। ਅਮਿਤ ਸ਼ਾਹ ਵੱਲੋਂ ਮੱਧ ਪ੍ਰਦੇਸ਼ ਦੇ ਦੌਰਿਆਂ ਦਾ ਸਿਲਸਿਲਾ ਚਲਾਇਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਵੇਲੇ ਜਾਰੀ ਕੀਤੇ ਗਏ ਇੱਕੀ ਹਜ਼ਾਰ ਕਰੋੜ ਰੁਪਏ ਭਾਜਪਾ ਸਰਕਾਰ ਵੇਲੇ ਵਧਾ ਕੇ 78 ਹਜ਼ਾਰ ਕਰੋੜ ਕਰ ਦਿੱਤੇ ਗਏ ਹਨ। ਉਸ ਦਾ ਦਾਅਵਾ ਹੈ ਕਿ 2014 ਤੋਂ ਮਗਰੋਂ ਮੋਦੀ ਸਰਕਾਰ ਨੇ ਆਦਿਵਾਸੀ ਖੇਤਰਾਂ ਦੀਆਂ ਭਲਾਈ ਸਕੀਮਾਂ ’ਚ 78 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਬਿਨਾਂ ਸ਼ੱਕ ਅਜਿਹੀਆਂ ਰਕਮਾਂ ਦੇ ਦਾਅਵੇ ਆਦਿਵਾਸੀ ਵੋਟਾਂ ’ਤੇ ਦਾਅਵਾ ਜਤਲਾਈ ਲਈ ਹਨ। 

ਆਦਿਵਾਸੀ ਖੇਤਰਾਂ ’ਚ ਸਿਆਸੀ ਪਕੜ ਵਧਾਉਣ ਦਾ ਮੰਤਵ ਇਨ੍ਹਾਂ ਖੇਤਰਾਂ ’ਚ ਕਾਰਪੋਰੇਟ ਕਾਰੋਬਾਰਾਂ ਦੇ ਰੁਕੇ ਪਏ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਜ਼ਮੀਨ ਪੱਧਰੀ ਕਰਨਾ ਵੀ ਹੈ। ਮੁਲਕ ਦੇ ਆਦਿਵਾਸੀ ਖਿੱਤੇ ਬੇਸ਼ਕੀਮਤੀ ਧਾਤਾਂ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹਨ ਤੇ ਦੁਨੀਆ ਭਰ ਦੀਆਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਲਈ “ਸੋਨੇ ਦੀਆਂ ਖਾਣਾਂ“ ਬਣਦੇ ਹਨ। ਪਰ ਨਾਲ ਹੀ ਇਨ੍ਹਾਂ ਲੁਟੇਰੇ ਪ੍ਰੋਜੈਕਟਾਂ ਕਾਰਨ ਉਜਾੜੇ ਮੂੰਹ ਆਉਂਦੇ ਆਦਿਵਾਸੀ ਲੋਕ ਇਨ੍ਹਾਂ ਖਿਲਾਫ ਸੰਘਰਸ਼ਾਂ ਦਾ ਝੰਡਾ ਚੁੱਕਦੇ ਹਨ ਤੇ ਮਨਚਾਹੀ ਕਾਰਪੋਰੇਟੀ ਲੁੱਟ ਦੀਆਂ ਵਿਉਂਤਾਂ ’ਚ ਵਿਘਨ ਪਾਉਂਦੇ ਹਨ। ਇਸ ਆਦਿਵਾਸੀ ਵਿਰੋਧ ਨੂੰ ਨਜਿੱਠਣਾ ਭਾਰਤੀ ਹਾਕਮ ਜਮਾਤਾਂ ਲਈ ਇੱਕ ਵਿਸ਼ੇਸ਼ ਕਾਰਜ ਬਣਿਆ ਰਿਹਾ ਹੈ ਤੇ ਸਾਮਰਾਜੀ ਲੁਟੇਰਿਆਂ ਦੀਆਂ ਨਜ਼ਰਾਂ ’ਚ ਹਾਕਮ ਜਮਾਤੀ ਧੜਿਆਂ ਦੀ ਕਾਮਯਾਬੀ ਦਾ ਇੱਕ ਪੈਮਾਨਾ ਵੀ ਬਣਿਆ ਹੋਇਆ ਹੈ। ਭਾਜਪਾ ਇਸ ਪੈਮਾਨੇ ’ਤੇ ਪੂਰਾ ਉੱਤਰਨ ਲਈ ਹਰ ਹੀਲਾ ਵਰਤ ਰਹੀ ਹੈ ਤੇ ਹੁਣ ਇੱਕ ਆਦਿਵਾਸੀ ਔਰਤ ਦੀ ਮੁਲਕ ਦੇ ਸਿਖਰਲੇ ਸੰਵਿਧਾਨਕ ਅਹੁਦੇ ਲਈ ਚੋਣ ਵੀ ਇਨ੍ਹਾਂ ਹੀਲਿਆਂ ਦਾ ਹੀ ਹਿੱਸਾ ਹੈ। 

ਅਜਿਹੀ ਚੋਣ ਰਾਹੀਂ ਕਾਰਪੋਰੇਟ ਹਿੱਤਾਂ ਦੇ ਵਧਾਰੇ ਦੀ ਉਮੀਦ ਪ੍ਰਗਟ ਕਰਦਿਆਂ ਇਕਨੌਮਿਕ ਟਾਈਮਜ਼ ਨੇ ਭਾਜਪਾ ਆਗੂਆਂ ਦੇ ਹਵਾਲੇ ਨਾਲ 23 ਜੂਨ ਨੂੰ ਟਿੱਪਣੀ ਕੀਤੀ ਸੀ ਕਿ ਅਜਿਹੀ ਚੋਣ ਆਦਿਵਾਸੀ ਖੇਤਰਾਂ ਜਿਵੇਂ ਕਿ ਗੁਜਰਾਤ, ਝਾਰਖੰਡ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਆਦਿ ਵਿੱਚ ਆਦਿਵਾਸੀ ਵਿਰੋਧ ਨੂੰ ਵਧੇਰੇ ਅਸਰਦਾਰ ਢੰਗ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗੀ। ਇਕਨੌਮਿਕ ਟਾਈਮਜ਼ ਦੀ ਇਹ ਟਿੱਪਣੀ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਅਜਿਹੇ ਕਦਮਾਂ ’ਤੇ ਲਾਈਆਂ ਉਮੀਦਾਂ ਨੂੰ ਦਰਸਾਉਂਦੀ ਹੈ ਤੇ ਰਾਸਟਰਪਤੀ ਵਜੋਂ ਸਭ ਤੋਂ ਦਬਾਇਆਂ ਹੋਇਆਂ  ’ਚੋਂ ਕੀਤੀ ਗਈ ਚੋਣ ਦੇ ਅਰਥ ਵੀ ਪੜ੍ਹਾਉਂਦੀ ਹੈ।

ਦਰੋਪਦੀ ਮੁਰਮੂ ਦੀ ਇਹ ਚੋਣ ਦਿਨੋ-ਦਿਨ ਲੰਗਾਰ ਹੋ ਰਹੇ ਭਾਰਤੀ ਜਮਹੂਰੀਅਤ ਦੇ ਬੁਰਕੇ ਨੂੰ ਅਜਿਹੀ ਟਾਕੀ ਲਾਉਣ ਦਾ ਉਪਰਾਲਾ ਹੈ ਜੀਹਦੇ ਓਹਲੇ ’ਚ ਇਹ ਰਾਜ ਆਪਣੇ ਖੂਨੀ ਦੰਦਾਂ ਨਾਲ ਆਦਿਵਾਸੀਆਂ ਨੂੰ ਬੇਫਿਕਰੀ ਨਾਲ ਨਿਗਲ ਸਕੇ। ਪਰ ਪਹਿਲਾਂ ਹੀ ਲੀਰੋ ਲੀਰ ਹੋ ਚੁੱਕੇ ਇਸ ਪਰਦੇ ’ਤੇ ਆਦਿਵਾਸੀ ਚਿਹਰੇ ਦੀ ਇਹ ਟਾਕੀ ਕਿੱਥੋਂ ਖੜ੍ਹਨੀ ਹੈ!

      ( ਜੁਲਾਈ, 2022)   

No comments:

Post a Comment