ਇਨਕਲਾਬ ਦਾ ਨਾਅਰਾ ਤੇ ਹਾਕਮ ਜਮਾਤਾਂ
ਮੁਲਕ ਦੀਆਂ ਹਾਕਮ ਜਮਾਤਾਂ ਦੇ ਵੱਖ ਵੱਖ ਹਿੱਸੇ ਸਦਾ ਹੀ ਇਨਕਲਾਬ ਦੇ ਅਰਥਾਂ ਦੇ ਅਨਰਥ ਕਰਦੇ ਆਏ ਹਨ ਤੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਆਦਰਸ਼ਾਂ ਨਾਲ ਖਿਲਵਾੜ ਕਰਦੇ ਆਏ ਹਨ। ਅਖੌਤੀ ਆਜ਼ਾਦੀ ਤੋਂ ਮਗਰੋਂ ਵੱਖ ਵੱਖ ਮੌਕਿਆਂ ’ਤੇ ਹਾਕਮ ਜਮਾਤਾਂ ਦੇ ਵੱਖ ਵੱਖ ਧੜਿਆਂ ਵੱਲੋਂ ਗੱਦੀ ਤਕ ਪਹੁੰਚਣ ਲਈ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਨੂੰ ਤੇ ਉਸ ਵੱਲੋਂ ਬੁਲੰਦ ਕੀਤੇ ਗਏ ਇਨਕਲਾਬ ਦੇ ਨਾਅਰੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਕਿਸੇ ਵੇਲੇ ਸੱਤਰਵਿਆਂ ਵਿਚ ਲੋਕਾਂ ਦੀ ਬੇਚੈਨੀ ’ਤੇ ਸਵਾਰ ਹੋ ਕੇ ਮੁਲਕ ਦੀ ਸੱਤਾ ਤੱਕ ਪੁੱਜਣ ਲਈ ਹਾਕਮ ਜਮਾਤਾਂ ਦੇ ਇੰਦਰਾ ਗਾਂਧੀ ਵਿਰੋਧੀ ਧੜੇ ਨੇ ਇਸ ਨਾਅਰੇ ਨੂੰ ਖ਼ੂਬ ਵਰਤਿਆ ਸੀ ਤੇ ਕਾਂਗਰਸੀ ਰਹੇ ਜੈ ਪ੍ਰਕਾਸ਼ ਨਾਰਾਇਣ ਨੂੰ ਮੂਹਰੇ ਲਾ ਕੇ ਸੰਪੂਰਨ ਇਨਕਲਾਬ ਦਾ ਨਾਅਰਾ ਦਿੱਤਾ ਸੀ। ਬੇਰੁਜਗਾਰੀ, ਮਹਿੰਗਾਈ, ਭਿ੍ਰਸ਼ਟਾਚਾਰ ਤੇ ਗਰੀਬੀ ਵਰਗੇ ਮੁੱਦਿਆਂ ਨੂੰ ਜਮਾਤੀ ਨਕਸ਼ਾਂ ਤੋਂ ਵਿਰਵੇ ਰੱਖ ਕੇ ਉਭਾਰਿਆ ਗਿਆ ਸੀ ਤੇ ਇੰਦਰਾ ਗਾਂਧੀ ਨੂੰ ਗੱਦੀਓਂ ਲਾਹੁਣ ਨੂੰ ਹੀ ਸੰਪੂਰਨ ਇਨਕਲਾਬ ਕਹਿ ਲਿਆ ਗਿਆ ਸੀ। ਪੰਜਾਬ ਅੰਦਰ ਵੀ ਵੱਖ ਵੱਖ ਸਿਆਸਤਦਾਨ ਇਨਕਲਾਬ ਦੇ ਨਾਅਰੇ ਨੂੰ ਤੇ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਨੂੰ ਵੋਟਾਂ ਬਟੋਰਨ ਲਈ ਵਰਤਦੇ ਰਹੇ ਹਨ ਕਿਸੇ ਵੇਲੇ ਗਿਆਨੀ ਜੈਲ ਸਿੰਘ ਨੇ ਇਹ ਦੰਭ ਕੀਤਾ ਸੀ ਤੇ ਕਦੇ ਬਾਦਲ ਲਾਣੇ ਨਾਲ ਸ਼ਰੀਕਾ ਭੇੜ ਵਿੱਚ ਕੁਰਸੀ ਵੱਲ ਲਪਕ ਰਹੇ ਮਨਪ੍ਰੀਤ ਬਾਦਲ ਨੇ ਖਟਕੜ ਕਲਾਂ ਦੀ ਧਰਤੀ ’ਤੇ ਜਾ ਕੇ ਸੌਹਾਂ ਖਾਧੀਆਂ ਸਨ। ਪਰ ਬਾਦਲ ਪਰਿਵਾਰ ਦੀ ਵਿਰਾਸਤ ਦਾ ਮੁਕਟ ਸ਼ਹੀਦ ਭਗਤ ਸਿੰਘ ਦੇ ਬਸੰਤੀ ਰੰਗ ਹੇਠ ਢਕਿਆ ਨਹੀਂ ਸੀ ਜਾ ਸਕਿਆ ਤੇ ਉਹਨੂੰ ਬਹੁਤੀ ਕਾਮਯਾਬੀ ਨਾ ਮਿਲ ਸਕੀ। ਉਸ ਤੋਂ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਨਾਅਰੇ ਨੂੰ ਵੋਟ ਸਿਆਸਤ ਅੰਦਰ ਵੋਟਾਂ ਵਟੋਰਨ ਦੀ ਖੇਡ ’ਚ ਕਾਮਯਾਬੀ ਨਾਲ ਵਰਤਿਆ ਹੈ।
ਇਸ ਨੇ ਵੀ ਹਾਕਮ ਜਮਾਤੀ ਹਲਕਿਆਂ ਵਾਂਗ ਇਨਕਲਾਬ ਦੇ ਨਾਅਰੇ ਦੇ ਅਰਥਾਂ ਦੇ ਰੱਜ ਕੇ ਅਨਰਥ ਕੀਤੇ ਹਨ। ਪਿਛਲੇ ਡੇਢ ਦਹਾਕਿਆਂ ਦੌਰਾਨ ਵਿਸੇਸ ਕਰਕੇ ਪੰਜਾਬ ਅੰਦਰ ਮਕਬੂਲ ਹੋਇਆ ਬਸੰਤੀ ਰੰਗ ਇਸਨੇ ਆਪਣੀ ਸ਼ਨਾਖਤ ਉਭਾਰਨ ਲਈ ਵਰਤਿਆ ਹੈ। ਬਿਨਾਂ ਕੋਈ ਅਰਥ ਦੱਸੇ ਇਨਕਲਾਬ ਦਾ ਨਾਅਰਾ ਧੁਮਾਇਆ ਹੈ ਤੇ ਲੋਕਾਂ ਦੇ ਰਵਾਇਤੀ ਪਾਰਟੀਆਂ ਤੇ ਸਿਆਸਤਦਾਨਾਂ ਤੋਂ ਬਦਜ਼ਨੀ ਦਾ ਲਾਹਾ ਲਿਆ ਹੈ। ਇਸ ਵੱਲੋਂ ਲਗਾਏ ਗਏ ਨਾਅਰੇ ਦਾ ਅਰਥ ਸਿਰਫ਼ ਤੇ ਸਿਰਫ਼ ਰਵਾਇਤੀ ਹਾਕਮ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨਾ ਸੀ। ਚੋਣ ਜਿੱਤ ਲੈਣ ਤੋਂ ਮਗਰੋਂ ਭਗਵੰਤ ਮਾਨ ਨੇ ਸਹੁੰ ਵੀ ਖਟਕੜ ਕਲਾਂ ਜਾ ਕੇ ਚੁੱਕੀ ਤੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਸਰਕਾਰੀ ਦਫਤਰਾਂ ’ਚ ਲਾਉਣ ਦਾ ਐਲਾਨ ਕੀਤਾ ਇਉਂ ਦਾਅਵਾ ਕੀਤਾ ਗਿਆ ਕਿ ਪੰਜਾਬ ’ਚ ਇਨਕਲਾਬ ਵਾਪਰ ਚੁੱਕਿਆ ਹੈ ਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਅਨੁਸਾਰ ਪੰਜਾਬ ਦਾ ਰਾਜਭਾਗ ਚੱਲੇਗਾ ਆਮ ਆਦਮੀ ਪਾਰਟੀ ਵੱਲੋਂ ਬੀਤੇ ਸਾਲਾਂ ’ਚ ਲੋਕਾਂ ਦੇ ਸੰਘਰਸ਼ਾਂ ਰਾਹੀਂ ਤਿੱਖੀ ਹੋਈ ਤਬਦੀਲੀ ਦੀ ਤਾਂਘ ਦਾ ਰੱਜ ਕੇ ਲਾਹਾ ਲਿਆ ਗਿਆ ਹੈ। ਇਹ ਮਾਲਵੇ ਦੇ ਉਸ ਖੇਤਰ ’ਚੋਂ ਉੱਭਰੀ ਜਿੱਥੇ ਲੋਕ ਸੰਘਰਸ਼ਾਂ ਦਾ ਜੋਰ ਸਭ ਤੋਂ ਜ਼ਿਆਦਾ ਸੀ।
ਪੰਜਾਬ ਦੀ ਨਵੀਂ ਸਰਕਾਰ ਦੀ ਇਸ ਬੇਹੱਦ ਖੋਖਲੀ ਤੇ ਸਸਤੀ ਦਾਅਵੇਦਾਰੀ ਦਰਮਿਆਨ ਸ਼ਹੀਦ ਭਗਤ ਸਿੰਘ ਦੇ ਹਕੀਕੀ ਵਿਚਾਰਾਂ ਨੂੰ ਤੇ ਇਨਕਲਾਬ ਦੇ ਨਾਅਰੇ ਦੇ ਅਰਥਾਂ ਨੂੰ ਵਿਸ਼ੇਸ਼ ਕਰਕੇ ਉਭਾਰਨ ਦੀ ਜਰੂਰਤ ਹੈ। ਸੰਕਟਾਂ ’ਚ ਘਿਰੀ ਪੰਜਾਬ ਤੇ ਦੇਸ਼ ਦੀ ਲੋਕਾਈ ਨੂੰ ਇਨ੍ਹਾਂ ਸੰਕਟਾਂ ਦੇ ਨਿਵਾਰਨ ਦਾ ਰਾਹ ਸਾਮਰਾਜਵਾਦ ਦੇ ਗਲਬੇ ਤੇ ਜਗੀਰੂ ਲੁੱਟ ਤੋਂ ਨਿਜਾਤ ਦਿਵਾਉਣ ਲਈ ਇਨਕਲਾਬੀ ਤਬਦੀਲੀ ’ਚ ਦਿਖਾਉਣ ਦੀ ਲੋੜ ਹੈ। ਜਿਹੜੀ ਹਾਕਮ ਜਮਾਤਾਂ ਦੇ ਇੱਕ ਜਾਂ ਦੂਜੇ ਧੜੇ ਦੀ ਕੁਰਸੀ ਤੋਂ ਬਦਲੀ ਨਾਲੋਂ ਮੂਲੋਂ ਵੱਖਰੀ ਹੈ। ਲੋਕਾਂ ਵੱਲੋਂ ਇਨਕਲਾਬ ਦੇ ਨਾਅਰੇ ਨੂੰ ਭਾਵਨਾ ਦੇ ਪੱਧਰ ’ਤੇ ਦਿੱਤਾ ਜਾ ਰਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਲੋਕ ਮੌਜੂਦਾ ਲੁਟੇਰੇ ਪ੍ਰਬੰਧ ਤੋਂ ਅੱਕੇ ਸਤੇ ਪਏ ਹਨ ਤੇ ਵੱਡੀ ਹਾਂ ਮੁਖੀ ਤਬਦੀਲੀ ਲੋਚਦੇ ਹਨ। ਪਰ ਇਸ ਤਬਦੀਲੀ ਦੇ ਸਪੱਸ਼ਟ ਨਕਸ਼ ਤੇ ਮਾਰਗ ਨੂੰ ਪਛਾਨਣ ਤੋਂ ਅਸਮਰੱਥ ਨਿੱਬੜ ਰਹੇ ਹਨ। ਲੋਕਾਂ ਦੀਆਂ ਸੋਚਾਂ ’ਤੇ ਅਜੇ ਹਾਕਮ ਜਮਾਤੀ ਵਿਚਾਰਧਾਰਾ ਤੇ ਸਿਆਸਤ ਦੀ ਜਕੜ ਹੈ ਤੇ ਕੁਝ ਬਿਹਤਰ ਹੋ ਜਾਣ ਦੀ ਉਨ੍ਹਾਂ ਦੀ ਭਾਵਨਾ ਇਸ ਰਾਜਭਾਗ ਦੇ ਅੰਦਰ ਅੰਦਰ ਦੇ ਚੌਖਟੇ ’ਚ ਰਹਿੰਦੀ ਹੈ। ਇਹ ਭਾਵਨਾ ਇਸੇ ਰਾਜ ਮਸ਼ੀਨਰੀ ਰਾਹੀਂ ਤਬਦੀਲੀ ਕਿਆਸਦੀ ਹੈ। ਇਸੇ ਸੰਵਿਧਾਨ, ਅਦਾਲਤਾਂ, ਅਫਸਰਸ਼ਾਹੀ ਤੇ ਪਾਰਲੀਮੈਂਟਰੀ ਸੰਸਥਾਵਾਂ ਰਾਹੀਂ ਬਿਹਤਰ ਹੋ ਜਾਣ ਦੀ ਆਸ ਪਾਲਦੀ ਹੈ। ਇਸ ਨੀਵੀਂ ਸਿਆਸੀ ਚੇਤਨਾ ਦੇ ਦਾਇਰੇ ’ਚ ਰਹਿੰਦੀ ਤਬਦੀਲੀ ਦੀ ਭਾਵਨਾ ਦਾ ਲਾਹਾ ਹਰ ਵਾਰ ਹਾਕਮ ਜਮਾਤਾਂ ਲੈਂਦੀਆਂ ਹਨ ਤੇ ਵਾਰ ਵਾਰ ਇਕ ਜਾਂ ਦੂਜੇ ਧੜੇ ਸੱਤਾ ਦਾ ਨਿੱਘ ਮਾਣਦੇ ਹਨ।
ਇਸ ਵੇਲੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਵਰਤੋਂ ਦੇ ਦੰਭ ਨੂੰ ਉਜਾਗਰ ਕਰਨਾ ਤੇ ਅਸਲ ਇਨਕਲਾਬ ਦੇ ਅਰਥਾਂ ਨੂੰ ਦਰਸਾਉਣਾ ਸ਼ਹੀਦ ਭਗਤ ਸਿੰਘ ਦੇ ਰਾਹ ਦੇ ਰਾਹੀਆਂ ਦਾ ਲਾਜ਼ਮੀ ਕਾਰਜ ਹੈ । ਇਹ ਕਾਰਜ ਲੋਕਾਂ ਦੇ ਹੱਕਾਂ ਦੀ ਲਹਿਰ ਨੂੰ ਅਗਲੀ ਦਿਸ਼ਾ ਦੇਣ ਲਈ ਵੀ ਜ਼ਰੂਰੀ ਹੈ। ਅਸਲ ਇਨਕਲਾਬ ਦੇ ਅਰਥਾਂ ਰਾਹੀਂ ਲੋਕਾਂ ਅੰਦਰ ਤਬਦੀਲੀ ਦੀ ਇਸ ਤਾਂਘ ਨੂੰ ਠੋਸ ਸਿਆਸੀ ਭਵਿੱਖ ਨਕਸ਼ਾ ਮੁਹੱਈਆ ਕਰਵਾਉਣ ਦੀ ਲੋੜ ਹੈ। ਲੋਕਾਂ ਦੇ ਜਮਾਤੀ ਤਬਕਾਤੀ ਸੰਘਰਸ਼ ਨੂੰ ਇਸ ਠੋਸ ਸਿਆਸੀ ਭਵਿੱਖ ਨਕਸ਼ੇ ਦੀ ਸੇਧ ’ਚ ਅੱਗੇ ਵਧਾਉਣ ਦੀ ਲੋੜ ਹੈ ।
No comments:
Post a Comment