Friday, September 16, 2022

ਦੋ ਗੁਆਂਢੀ ਮੁਲਕਾਂ ਦੇ ਵੱਖੋ ਵੱਖਰੇ ਰਾਹ, ਚੀਨ ਦਾ ਲੋਕ ਇਨਕਲਾਬ ਤੇ ਭਾਰਤ ਦੀ ਅਖੌਤੀ ਆਜ਼ਾਦੀ

 ਦੋ ਗੁਆਂਢੀ ਮੁਲਕਾਂ ਦੇ ਵੱਖੋ ਵੱਖਰੇ ਰਾਹ 
ਚੀਨ ਦਾ ਲੋਕ ਇਨਕਲਾਬ ਤੇ ਭਾਰਤ ਦੀ ਅਖੌਤੀ ਆਜ਼ਾਦੀ

ਦੋ ਗੁਆਂਢੀ ਦੇਸ਼, ਭਾਰਤ ਤੇ ਚੀਨ, ਦੋਹਾਂ ਨੇ ਪਿਛਲੀ ਸਦੀ ਦੇ 40ਵੇਂ ਦਹਾਕੇ ਦੇ ਅਖੀਰਲੇ ਸਾਲਾਂ ’ਚ ਸਾਮਰਾਜੀ ਗੁਲਾਮੀ ਦੇ ਜੁੂਲੇ ਤੋਂ ਮੁਕਤੀ ਪਾ ਕੇ ਪ੍ਰਭੂਸੱਤਾ ਸੰਪਨ ਹੋਣ ਦਾ ਦਾਅਵਾ ਕੀਤਾ। ਭਾਰਤ ’ਚ 15 ਅਗਸਤ 1947 ਨੂੰ ਆਜ਼ਾਦੀ ਦਾ ਐਲਾਨ ਕੀਤਾ ਗਿਆ,  ਜਦਕਿ ਚੀਨ ਉਸ ਤੋਂ ਦੋ ਵਰ੍ਹੇ ਮਗਰੋਂ ਸਾਮਰਾਜੀ ਅਧੀਨਗੀ ਤੋਂ ਬਾਹਰ ਆਇਆ, ਪਰ ਉਸਤੋਂ ਕਈ ਦਹਾਕੇ ਅੱਗੇ ਲੰਘ ਗਿਆ। ਭਾਰਤ ਅੱਜ ਵੀ ਦੁਨੀਆ ਦੇ ਪਛੜੇ ਤੇ ਗਰੀਬ ਮੁਲਕਾਂ ’ਚ ਸ਼ੁਮਾਰ ਹੈ, ਜਦਕਿ ਚੀਨ ਦੁਨੀਆ ਦੇ ਵਿਕਸਤ ਦੇਸ਼ਾਂ ’ਚ ਸ਼ੁਮਾਰ ਹੋ ਚੁੱਕਿਆ ਹੈ ਤੇ ਵੱਖ ਵੱਖ ਖੇਤਰਾਂ ’ਚ ਤਰੱਕੀ ਦੇ ਨਵੇਂ ਮੁਕਾਮ ਛੋਹ ਚੁੱਕਿਆ ਹੈ। ਚਾਹੇ ਮੌਜੂਦਾ ਚੀਨ ਇੱਕ ਪੂੰਜੀਵਾਦੀ ਮੁਲਕ ਹੈ ਤੇ ਹੁਣ ਪੂੰਜੀਵਾਦੀ ਮੁਕਾਬਲੇਬਾਜੀ ’ਚ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਨਾਲ ਦੌੜ ਲਗਾਉਣ ਦਾ ਯਤਨ ਕਰ ਰਿਹਾ ਹੈ। ਪਰ ਇਸਦੀ ਇਹ ਹਸਤੀ ਉਸਦੇ ਸਮਾਜਵਾਦੀ ਅਤੀਤ ’ਚੋਂ ਉੱਭਰੀ ਹੈ। ਜਗੀਰਦਾਰੀ ਲੁੱਟ ਤੇ ਸਾਮਰਾਜੀ ਦਾਬੇ ਦੇ ਖਾਤਮੇ ਰਾਹੀਂ ਹਾਸਲ ਕੀਤੀ ਸੱਚੀ ਪ੍ਰਭੂਸੱਤਾ ਦੇ ਜੋਰ ਹਾਸਲ ਹੋਈ ਹੈ। 

ਇਹਨਾਂ ਆਜ਼ਾਦੀਆਂ ਤੋਂ ਪਹਿਲਾਂ ਦੋਹੇਂ ਮੁਲਕ ਪਛੜੇ ਮੁਲਕ ਸਨ ਅਤੇ ਜਾਗੀਰਦਾਰੀ ਤੇ ਸਾਮਰਾਜੀ ਲੁੱਟ ਦੇ ਭੰਨੇ ਹੋਏ ਸਨ। ਭਾਰਤ ਇੰਗਲੈਂਡ ਦੀ ਸਿੱਧੀ ਬਸਤੀ ਸੀ ਤਾਂ ਚੀਨ ਅੰਦਰ ਅਮਰੀਕੀ, ਇੰਗਲੈਂਡ ਤੇ ਜਪਾਨ ਵਰਗੀਆਂ ਸਾਮਰਾਜੀ ਤਾਕਤਾਂ ਦਾ ਬੋਲਬਾਲਾ ਸੀ। ਸਾਮਰਾਜੀ ਗੁਲਾਮੀ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਦੋਹੇਂ ਦੇਸ਼ਾਂ ’ਚ ਹੀ ਜਾਗੀਰੂ ਰਿਆਸਤਾਂ ਤੇ ਜੰਗੀ ਸਰਦਾਰਾਂ ਦਾ ਰਾਜ ਸੀ ਤੇ ਕਿਸਾਨੀ ਦੀ ਅੰਨ੍ਹੀਂ ਜਾਗੀਰੂ ਲੁੱਟ ਦਾ ਦਸਤੂਰ ਸੀ। ਦੋਹਾਂ ਮੁਲਕਾਂ ’ਚ ਹੀ ਇੱਕੋ ਜਿਹੀਆਂ ਸਮਾਜਿਕ ਅਲਾਮਤਾਂ ਸਨ। ਦੋਹੇਂ ਮੁਲਕਾਂ ’ਚ ਹੀ ਸਾਮਰਾਜੀ ਗੁਲਾਮੀ ਤੋਂ ਮੁਕਤੀ ਲਈ ਵੱਡੀਆਂ ਜਨਤਕ ਜਦੋਜਹਿਦਾਂ ਹੋਈਆਂ ਤੇ ਜਾਗੀਰਦਾਰਾਂ ਖਿਲਾਫ਼ ਸਥਾਨਕ ਬਗਾਵਤਾਂ ਦੀ ਲੜੀ ਚੱਲਦੀ ਰਹੀ। ਦੋਹੇਂ ਮੁਲਕ ਹੀ ਸਾਮਰਾਜ ਤੋਂ ਮੁਕਤੀ ਲਈ ਚੱਲਦੇ ਲੰਮੇ ਸੰਗਰਾਮੀ ਦੌਰਾਂ ’ਚੋਂ ਗੁਜ਼ਰੇ। ਪਰ ਅੱਜ ਇਹਨਾਂ ਦੇ ਆਪਸ ’ਚ ਏਨੇ ਪਾੜੇ ਦੀ ਜੋ ਹਾਲਤ ਹੈ, ਇਹ ਦੋਹਾਂ ਆਜ਼ਾਦੀਆਂ ਦੇ ਵੱਖੋ ਵੱਖਰੇ ਕਿਰਦਾਰ ਕਰਕੇ ਹੈ। ਇਹ ਵਖਰੇਵਾਂ ਹੀ ਇਹਨਾਂ ਦੋਹਾਂ ਮੁਲਕਾਂ ਨੂੰ ਵੱਖੋ ਵੱਖਰੇ ਰਾਹਾਂ ’ਤੇ ਲੈ ਗਿਆ। 

ਦੋਹਾਂ ਦੀਆਂ ਆਜ਼ਾਦੀਆਂ ’ਚ ਮੂਲ ਅੰਤਰ ਇਹ ਸੀ ਕਿ ਜਿੱਥੇ ਭਾਰਤ ਅੰਦਰ ਸਾਮਰਾਜੀਆਂ ਨਾਲ ਏਥੋਂ ਦੀਆਂ ਦਲਾਲ ਜਮਾਤਾਂ (ਵੱਡੇ ਸਰਮਾਏਦਾਰਾਂ ਤੇ ਜਾਗੀਰਦਾਰਾਂ) ਨੇ ਸੌਦੇਬਾਜੀ ਰਾਹੀਂ ਸੱਤਾ ਦਾ ਤਬਾਦਲਾ ਕਰਕੇ , ਅੰਗਰੇਜ਼ਾਂ ਦੇ ਲੁਟੇਰੇ ਰਾਜ ਭਾਗ ਦੇ ਮੂਲ ਤੱਤ ਨੂੰ ਜਿਉ ਦੀ ਤਿਉ ਕਾਇਮ ਰੱਖਿਆ ਸੀ, ਉੱਥੇ ਚੀਨੀ ਕਿਰਤੀ ਲੋਕਾਂ ਨੇ ਸਾਮਰਾਜੀਆਂ ਤੇ ਉਹਨਾਂ ਦੇ ਵਫ਼ਾਦਾਰਾਂ, ਭਾਵ ਦਲਾਲ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੇ ਲੁਟੇਰੇ ਰਾਜ ਦਾ ਅੰਤ ਕਰਕੇ, ਸੱਤਾ ਆਪਣੇ ਹੱਥ ਲੈ ਲਈ ਸੀ। ਦੋਹਾਂ ਮੁਲਕਾਂ ’ਚ ਚੱਲਦੀਆਂ ਕੌਮੀ ਮੁਕਤੀ ਲਹਿਰਾਂ ਦਾ ਇਹ ਅੰਤਮ ਪੜਾਅ ਵੱਖੋ ਵੱਖਰਾ ਸੀ। ਭਾਰਤ ਅੰਦਰ ਕੌਮੀ ਮੁਕਤੀ ਲਹਿਰ ਦੀ ਆਗੂ ਬਣ ਬੈਠੀ ਕਾਂਗਰਸ ਪਾਰਟੀ ਨੇ ਦੇਸ਼ ਦੀਆਂ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਰਖਵਾਲੀ ਲਈ ਅੰਗਰੇਜ਼ਾਂ ਨਾਲ ਸੌਦੇਬਾਜੀ ਕਰਕੇ ਰਾਜ-ਭਾਗ ਸੰਭਾਲਿਆ ਸੀ। ਇਸ ਰਾਜ ’ਤੇ ਚਾਹੇ ਉੱਪਰੋਂ ਲੋਕਤੰਤਰ ਦਾ ਬੁਰਕਾ ਪਾਇਆ ਗਿਆ ਸੀ, ਪਰ ਹਕੀਕਤ ’ਚ ਇਹ ਸਾਮਰਾਜੀ ਲੁੱਟ ਦੀ ਲਗਾਤਾਰਤਾ ਹੀ ਸੀ ਜਿਹੜੀ ਹੁਣ ਮੁਲਕ ਦੀਆਂ ਦਲਾਲ ਜਮਾਤਾਂ ਦੇ ਰਾਜ-ਭਾਗ ਰਾਹੀਂ ਹੋਣੀ ਸੀ। ਇਸ ਸੌਦੇਬਾਜੀ ’ਚ ਸਾਮਰਾਜੀ ਪੂੰਜੀ ਮੁਲਕ ਅੰਦਰ ਸੁਰੱਖਿਅਤ ਰਹੀ, ਅੰਗਰੇਜ਼ਾਂ ਦੇ ਬਸਤੀਵਾਦੀ ਕਾਨੂੰਨਾਂ ਨੂੰ ਜਿਉ ਦੀ ਤਿਉ ਭਾਰਤੀ ਸੰਵਿਧਾਨ ’ਚ ਬਰਕਰਾਰ ਰੱਖਿਆ ਗਿਆ ਅਤੇ ਜਾਗੀਰਦਾਰਾਂ ਦੀਆਂ ਜਾਇਦਾਦਾਂ ਤੇ ਦਲਾਲ ਸਰਮਾਏਦਾਰਾਂ ਦੇ ਕਾਰੋਬਾਰ ਉਵੇਂ ਜਿਵੇਂ ਕਾਇਮ ਰਹੇ ਤੇ ਸਾਮਰਾਜੀ ਸਾਂਝ-ਭਿਆਲੀ ਨਾਲ ਰਲਕੇ ਹੋਣ ਵਾਲੀ ਲੁੱਟ ਵੀ ਜਾਰੀ ਰਹੀ ਹੈ। ਭਾਰਤੀ ਕਿਰਤੀ ਲੋਕ ਇਸ ਕਹੀ ਗਈ, ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਫਲਾਂ ਤੋਂ ਵਾਂਝੇ ਰਹੇ, ਕਿਉਕਿ ਇਹ ਜਮਹੂਰੀਅਤ ਸਮਾਜ ਦੀਆਂ ਲੁਟੇਰੀਆਂ ਜਮਾਤਾਂ ਲਈ ਸੀ। ਪਰ ਦੂਜੇ ਪਾਸੇ ਚੀਨ ’ਚ 1949 ’ਚ ਵਾਪਰੀ ਤਬਦੀਲੀ ਸਾਮਰਾਜੀ ਤਾਕਤਾਂ ਨਾਲ ਕੋਈ ਸੌਦੇਬਾਜੀ ਨਹੀਂ ਸੀ, ਸਗੋਂ ਇਹ ਲੋਕ ਤਾਕਤ ਦੇ ਹਥਿਆਰਬੰਦ ਟਾਕਰੇ ਦੇ ਜ਼ੋਰ ਪਹਿਲਾਂ ਜਪਾਨੀ ਸਾਮਰਾਜ ਤੇ ਫਿਰ ਅਮਰੀਕੀ ਸਾਮਰਾਜੀਆਂ ਨੂੰ ਮੁਲਕ ਤੋਂ ਬਾਹਰ ਕਰ ਦਿੱਤਾ ਗਿਆ ਸੀ, ਉਹਨਾਂ ਦੀ ਪੂੰਜੀ ਤੇ ਕਾਰੋਬਾਰ ਜਬਤ ਕਰ ਲਏ ਗਏ। ਉਹਨਾਂ ਦੀਆਂ ਚੀਨੀ ਕੌਮ ’ਤੇ ਮੜ੍ਹੀਆਂ ਹਰ ਤਰ੍ਹਾਂ ਦੀਆਂ ਅਣਸਾਵੀਆਂ ਸੰਧੀਆਂ ਮਨਸੂਖ ਕਰ ਦਿੱਤੀਆਂ ਗਈਆਂ। ਜਾਗੀਰਦਾਰਾਂ ਦੀਆਂ ਜ਼ਮੀਨਾਂ, ਖੇਤੀ ਸੰਦ-ਸਾਧਨ ਬੇਜ਼ਮੀਨੇ ਤੇ ਗਰੀਬ ਕਿਸਾਨਾਂ ’ਚ ਵੰਡ ਦਿੱਤੇ ਗਏ। ਸ਼ਾਹੂਕਾਰਾਂ ਤੇ ਜਾਗੀਰਦਾਰਾਂ ਦੇ ਕਰਜ਼ਿਆਂ ਦਾ ਅੰਤ ਕਰ ਦਿੱਤਾ ਗਿਆ। ਕਿਸਾਨਾਂ ਤੇ ਮਜ਼ਦੂਰਾਂ ਦੇ ਪੈਰੀਂ ਪਾਈਆਂ ਜਾਗੀਰੂ ਲੁੱਟ ਦੀਆਂ ਬੇੜੀਆਂ ਤੋੜ ਦਿੱਤੀਆਂ ਗਈਆਂ, ਉਹ ਜ਼ਮੀਨਾਂ ਦੇ ਮਾਲਕ ਬਣੇ। ਖੇਤੀ ਜਾਗੀਰੂ ਲੁੱਟ ਤੋਂ ਮੁਕਤ ਹੋ ਗਈ ਤੇ ਦੇਸੀ ਸਨਅਤ ਸਾਮਰਾਜੀ ਦਾਬੇ ਤੋਂ ਮੁਕਤ ਹੋ ਗਈ। ਦੋਹੇਂ ਖੇਤਰ ਇੱਕ ਦੂਜੇ ਦੇ ਵਧਾਰੇ ਪਸਾਰੇ ਤੇ ਵਿਕਾਸ ਲਈ ਸਹਾਈ ਹੋ ਕੇ ਅੱਗੇ ਵਧੇ। ਸਾਮਰਾਜੀ ਅਧੀਨਗੀ ਤੋਂ ਮੁਕਤ ਹੋ ਕੇ ਚੀਨ ਸਵੈ-ਨਿਰਭਰ ਵਿਕਾਸ ਦੇ ਰਾਹ ’ਤੇ ਅੱਗੇ ਵਧਿਆ। ਚੀਨੀ ਲੋਕ ਰਾਜ ਨੇ ਕਰੋੜਾਂ ਕਰੋੜ ਚੀਨੀ ਲੋਕਾਂ ਦੀ ਅਥਾਹ ਸਮਰੱਥਾ ਨੂੰ ਜਗਾ ਲਿਆ ਤੇ ਇੱਕ ਬੇਹੱਦ ਗਰੀਬ ਤੇ ਪਛੜਿਆ ਚੀਨ ਵਿਕਾਸ ਦੇ ਰਾਹ ’ਤੇ ਵੱਡੀਆਂ ਪੁਲਾਂਘਾਂ ਪੁੱਟਣ ਲੱਗਾ। ਚੀਨੀ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਮਸਲੇ ਆਪਣੇ ਹੱਥ ਲਏ ਤੇ ਆਪ ਸਿਰਜੀ ਜਮਹੂਰੀਅਤ ਦੇ ਰੰਗਾਂ ਨੂੰ ਮਾਣਿਆ ਤੇ ਇਸ ’ਚ ਹੋਰ ਗੂੜ੍ਹੇ ਰੰਗ ਭਰੇ।

ਪਰ ਭਾਰਤ ਅੰਦਰ 1947 ’ਚ ਨਾ ਤਾਂ ਜਾਗੀਰਦਾਰੀ ਨੂੰ ਫੁੱਲ ਦੀ ਲੱਗੀ, ਨਾ ਹੀ ਕਿਸਾਨਾਂ ਸਿਰ ਚੜ੍ਹੇ ਉਹਨਾਂ ਦੇ ਕਰਜ਼ੇ ਖਤਮ ਕੀਤੇ ਗਏ ਤੇ ਨਾ ਹੀ ਜ਼ਮੀਨਾਂ ’ਤੇ ਹੀ ਕੋਈ ਆਂਚ ਆਈ। ਕਿਸਾਨ ਤੇ ਖੇਤ ਮਜ਼ਦੂਰ ਜਾਗੀਰੂ ਲੁੱਟ ਦੇ ਸੰਗਲਾਂ ’ਚ ਉਵੇਂ ਹੀ ਜਕੜੇ ਰਹੇ ਜਦਕਿ ਸਾਮਰਾਜੀ ਗਲਬੇ ’ਚ ਇੱਕ ਇੰਗਲੈਂਡ ਤੋਂ ਅੱਗੇ ਵਧ ਕੇ, ਹੋਰਨਾਂ ਮੁਲਕਾਂ ਦਾ ਹਿੱਸਾ ਵੀ ਜੁੜ ਗਿਆ। ਭਾਰਤ ਨੇ ਸਾਮਰਾਜੀ ਨਿਰਭਰਤਾ ਦਾ ਰਾਹ ਫੜੀ ਰੱਖਿਆ ਤੇ ਇਸਦੀਆਂ ਪੰਜ ਸਾਲਾ ਯੋਜਨਾਵਾਂ ਸਾਮਰਾਜੀ ਪੂੰਜੀ ਦੇ ਰਹਿਮੋ-ਕਰਮ ’ਤੇ ਰਹੀਆਂ। ਸਾਮਰਾਜੀ ਮੁਲਕਾਂ ਨਾਲ ਅਣਸਾਵੀਆਂ ਸੰਧੀਆਂ ਦੀ ਸੂਚੀ ਲੰਮੀ ਹੰੁਦੀ ਗਈ। ਦੇਸੀ ਸਨਅਤ ਸਾਮਰਾਜੀਆਂ ਦੇ ਕਾਰੋਬਾਰਾਂ ਮੂਹਰੇ ਨਿਤਾਣੀ ਬਣੀ ਰਹੀ ਤੇ ਇਸਦੇ ਵਿਕਾਸ ਨੂੰ ਬੰਨ੍ਹ ਵੱਜਿਆ ਰਿਹਾ। ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਦੇ ਕਾਰੋਬਾਰਾਂ ਨੇ ਖੂਬ ਮੁਨਾਫੇ ਕਮਾਏ ਪਰ ਬੇਰੁਜ਼ਗਾਰੀ ਵਧਦੀ ਗਈ ਤੇ ਬੇਰੁਜ਼ਗਾਰੀ ਤੇ ਮਹਿੰਗਾਈ ਸਥਾਈ ਅਲਾਮਤਾਂ ਬਣੀਆਂ ਰਹੀਆਂ। ਸਾਮਰਾਜੀ ਲੁੱਟ-ਖਸੁੱਟ ਵਾਲੇ ਤੇ ਜਾਗੀਰੂ ਸੰਬੰਧਾਂ ਵਾਲੇ ਖੜੋਤ ਮਾਰੇ ਅਰਥਚਾਰੇ ਵਾਲੇ ਸਮਾਜ ’ਚ ਬਾਕੀ ਸਮਾਜਕ ਅਲਾਮਤਾਂ ਹੋਰ ਕਰੂਰ ਰੂਪ ਧਾਰਦੀਆਂ ਗਈਆਂ। ਅੱਜ ਇਹਨਾਂ ਵੱਖ ਵੱਖ ਸੰਕਟਾਂ ’ਚ ਘਿਰਿਆ ਭਾਰਤ ਆਜ਼ਾਦ ਤੇ ਜਮਹੂਰੀ ਹੋਣ ਦੇ ਸਾਡੇ ਹਾਕਮਾਂ ਦੇ ਦਾਅਵਿਆਂ ਦੀ ਖਿੱਲੀ ਉਡਾ ਰਿਹਾ ਹੈ। ਹੁਣ ਤਾਂ ਇਸਦੀਆਂ ਸੰਵਿਧਾਨਕ ਆਜ਼ਾਦੀਆਂ ਤੇ ਜਮਹੂਰੀ ਹੱਕਾਂ ਦੇ ਰਸਮੀ ਦਾਅਵੇ ਵੀ ਤਿਆਗੇ ਜਾ ਰਹੇ ਹਨ। 

ਭਾਰਤੀ ਲੋਕਾਂ ਦਾ ਕੌਮੀ ਮੁਕਤੀ ਸੰਗਰਾਮ ਚੀਨੀ ਧਰਤੀ ਵਾਲੇ ਇਨਕਲਾਬ ਤੱਕ ਕਿਉ ਨਾ ਪੁੱਜ ਸਕਿਆ। ਅਜਿਹਾ ਨਹੀਂ  ਕਿ ਸਾਮਰਾਜੀ ਗੁਲਾਮੀ ਤੇ ਦਾਬੇ ਖਿਲਾਫ਼ ਭਾਰਤੀ ਲੋਕ ਚੀਨੀ ਲੋਕਾਂ ਨਾਲੋਂ ਘੱਟ ਦਲੇਰੀ ਨਾਲ ਲੜੇ ਸਨ ਜਾਂ ਭਾਰਤ ਲੋਕਾਂ ਦੇ ਇਨਕਲਾਬੀ ਉਭਾਰਾਂ ’ਚੋਂ ਨਹੀਂ ਗੁਜ਼ਰਿਆ ਸੀ। ਫਰਕ ਇਹ ਸੀ ਕਿ ਭਾਰਤੀ ਲੋਕਾਂ ਕੋਲ ਚੀਨੀ ਲੋਕਾਂ ਦੀ ਅਗਵਾਈ ਕਰਨ ਵਾਲੀ ਕਮਿਊਨਿਸਟ ਇਨਕਲਾਬੀ ਪਾਰਟੀ ਨਹੀਂ ਸੀ, ਜਿਹੜੀ ਲੋਕਾਂ ਦੇ ਮਹਾਨ ਇਨਕਲਾਬੀ ਘੋਲਾਂ ਨੂੰ ਇੱਕ ਤਾਰ ’ਚ ਪਰੋ ਕੇ ਇਨਕਲਾਬ ਦੇ ਮੁਕਾਮ ਤੱਕ ਲਿਜਾ ਸਕਦੀ। ਚੀਨੀ ਲੋਕਾਂ ਦੀਆਂ ਸਾਮਰਾਜ ਵਿਰੋਧੀ ਤੇ ਜਗੀਰਦਾਰ ਵਿਰੋਧੀ ਉਮੰਗਾਂ ਨੂੰ ਚੀਨੀ ਕਮਿਊਨਿਸਟ ਪਾਰਟੀ ਨੇ ਨਵ-ਜਮਹੂਰੀ ਇਨਕਲਾਬ ਦੇ ਸਪਸ਼ਟ ਪ੍ਰੋਗਰਾਮ ’ਚ ਢਾਲ ਲਿਆ ਤੇ ਲਮਕਵੇਂ ਲੋਕ ਯੁੱਧ ਦੇ ਰਾਹ ’ਤੇ ਪਾ ਕੇ, ਲੋਕ  ਜਮਹੂਰੀ ਚੀਨ ਦੀ ਨੀਂਹ ਰੱਖਣ ਤੱਕ ਲੈ ਗਏ। ਇਹ ਚੀਨੀ ਕਮਿਊਨਿਸਟ ਪਾਰਟੀ ਸੀ ਜਿਸ ਨੇ ਹਰ ਔਖੇ ਤੇ ਮੋੜਾਂ-ਘੋੜਾਂ ਦੇ ਦੌਰ ’ਚ ਲੋਕਾਂ ਦੇ ਮਹਾਨ ਸੰਗਰਾਮ ਨੂੰ ਰਾਹ ਦਿਖਾਇਆ, ਢੁੱਕਵੀਆਂ ਨੀਤੀਆਂ ਤੇ ਦਾਅਪੇਚ ਘੜੇ, ਚੀਨੀ ਜੰਗੀ ਸਰਦਾਰਾਂ ਦੇ ਆਪਸੀ ਟਕਰਾਵਾਂ ਤੇ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧਾਂ ਦਾ ਲੋਕਾਂ ਦੇ ਸੰਘਰਸ਼ਾਂ ਦੇ ਵਧਾਰੇ ਲਈ ਲਾਹਾ ਲੈਣ ਦੀ ਸੋਝੀ ਵਿਕਸਤ ਕੀਤੀ। ਇਸ ਨੇ ਚੀਨੀ ਲੋਕਾਂ ਦੇ ਬੀਤੇ ਸਾਲਾਂ ਦੇ ਘੋਲਾਂ ਦਾ ਨਿਚੋੜ ਕੱਢਦਿਆਂ, ਨਵੇਂ ਸਬਕ ਹਾਸਲ ਕੀਤੇ ਤੇ ਇਹਨਾਂ ਸੰਘਰਸ਼ਾਂ ਨੂੰ ਨਵੀਂ ਦਿਸ਼ਾ ਦਿੱਤੀ। ਕਮਿਊਨਿਸਟ ਪਾਰਟੀ ਨੇ ਸਮਾਜ ਦੀਆਂ ਸਭਨਾਂ ਦਬਾਈਆਂ ਜਮਾਤਾਂ ਨੂੰ ਸਾਮਰਾਜ ਤੇ ਜਾਗੀਰਦਾਰੀ ਦੇ ਗੱਠਜੋੜ ਖਿਲਾਫ਼ ਸਾਂਝੇ ਮੋਰਚੇ ’ਚ ਇੱਕਜੁੱਟ ਕੀਤਾ। ਇਸ ਸਾਂਝੇ ਮੋਰਚੇ  ਰਾਹੀਂ ਚੀਨੀ ਲੋਕਾਂ ਦੇ ਸਾਰੇ ਕਿਰਤੀ ਹਿੱਸਿਆਂ ਦੀ ਫੌਲਾਦੀ ਏਕਤਾ ਦੀ ਉਸਾਰੀ ਕੀਤੀ। 

 ਪਰ ਭਾਰਤੀ ਕਮਿਊਨਿਸਟ ਪਾਰਟੀ ਆਪਣੀਆਂ ਸਿਆਸੀ ਵਿਚਾਰਧਾਰਕ ਕਮਜ਼ੋਰੀਆਂ ’ਚ ਜਕੜੀ ਰਹੀ ਤੇ ਭਾਰਤੀ ਇਨਕਲਾਬ ਦੇ ਢੁੱਕਵੇਂ ਦਾਅਪੇਚ ਤੇ ਨੀਤੀਆਂ ਨੂੰ ਬੁੱਝਣ ਤੋਂ ਅਸਮਰੱਥ ਰਹੀ। ਅੰਗਰੇਜ਼ ਸਾਮਰਾਜੀਆਂ ਵੱਲੋਂ ਪਾਲੀ-ਪੋਸੀ ਗਈ ਕਾਂਗਰਸ ਕੌਮੀ ਮੁਕਤੀ ਸੰਗਰਾਮ ਦੀ ਅਗਵਾਈ ਦਾ ਦਾਅਵਾ ਕਰਦੀ ਰਹੀ ਤੇ ਭਾਰਤੀ ਕਮਿਊਨਿਸਟ ਪਾਰਟੀ ਇਸਦੀ ਪਿਛਲੱਗ ਬਣੀ ਰਹੀ। 1947 ’ਚ ਕਾਂਗਰਸ ਨੇ ਭਾਰਤੀ ਲੋਕਾਂ ਦੇ ਸਾਮਰਾਜ ਤੇ ਜਾਗੀਰਦਾਰੀ ਵਿਰੋਧੀ ਘੋਲਾਂ ਨੂੰ ਠਿੱਬੀ ਲਾ ਕੇ, ਸਾਮਰਾਜੀਆਂ ਨਾਲ ਆਪਣੀ ਵਫਾਦਾਰੀ ਪੁਗਾ ਦਿੱਤੀ ਤੇ ਦਲਾਲ ਜਮਾਤਾਂ ਦੀ ਨੁਮਾਇੰਦਾ ਬਣਕੇ ਭਾਰਤੀ ਰਾਜ ਸਾਂਭਿਆ।

ਚੀਨ ਨੇ ਲਗਭਗ ਤਿੰਨ ਦਹਾਕੇ ਲੋਕ ਰਾਜ ਹੰਢਾਇਆ ਤੇ ਦੁਨੀਆਂ ਸਾਹਮਣੇ ਵਿਕਾਸ ਕਰਨ ਦੇ ਨਵੇਂ ਰਾਹਾਂ ਦੀ ਮਿਸਾਲ ਸਿਰਜੀ। ਪਰ ਕਾਮਰੇਡ ਮਾਓ ਜ਼ੇ-ਤੁੰਗ ਦੀ ਮੌਤ ਤੋਂ ਬਾਅਦ ਉਲਟ ਇਨਕਲਾਬੀ  ਰਾਜ ਪਲਟੇ ਰਾਹੀਂ ਪੂੰਜੀਵਾਦੀ ਰਾਜ ਬਣਾ ਲਿਆ ਗਿਆ। ਆਜੋਕਾ ਪੂੰਜੀਵਾਦੀ ਚੀਨ ਪੁਰਾਣੇ ਸਮਾਜਵਾਦੀ ਚੀਨ ਦੀਆਂ ਬਰਕਤਾਂ ਨੂੰ ਮਾਣ ਕੇ, ਦੁਨੀਆਂ ’ਚ ਇੱਕ ਆਰਥਕ ਸ਼ਕਤੀ ਵਜੋਂ ਉੱਭਰਿਆ ਹੋਇਆ ਹੈ। ਇਸ ਸ਼ਕਤੀ ਦੇ ਲਾਭ ਚੀਨ ਦੇ ਚੰਦ ਪੂੰਜੀਪਤੀ ਮਾਣ ਰਹੇ ਹਨ , ਜਦਕਿ ਕਰੋੜਾਂ ਚੀਨੀ ਲੋਕ ਇਹਨਾਂ ਬਰਕਤਾਂ ਤੋਂ ਵਾਂਝੇ ਕਰ ਦਿੱਤੇ ਗਏ ਹਨ। ਪਰ ਇਹਨਾਂ ਦਹਾਕਿਆਂ ’ਚ ਚੀਨ ਸਮਾਜਕ ਵਿਕਾਸ ਦੀ ਪੌੜੀ ਦੇ ਅਗਲਿਆਂ ਡੰਡਿਆਂ ’ਤੇ ਜਾ ਚੁੱਕਿਆ ਹੈ, ਜਦਕਿ ਭਾਰਤ ਉਹਨਾਂ ਘੁੰਮਣਘੇਰੀਆਂ ’ਚ ਉਲਝਿਆ ਹੋਇਆ ਹੈ।

ਪਰ ਭਾਰਤੀ ਲੋਕਾਂ ਦਾ ਇਹ ਕੌਮੀ ਮੁਕਤੀ ਸੰਗਰਾਮ ਇਹਨਾਂ ਅਖੌਤੀ ਆਜ਼ਾਦੀ ਦੇ ਸਾਰੇ ਦਹਾਕਿਆਂ ’ਚ ਵੀ ਜਾਰੀ ਰਿਹਾ ਹੈ। ਭਾਰਤੀ ਇਨਕਲਾਬ ਇੱਕ ਹੋਣਹਾਰ ਇਨਕਲਾਬੀ ਪਾਰਟੀ ਦੀ ਅਗਵਾਈ ਨੂੰ ਉਡੀਕ ਰਿਹਾ ਹੈ ਜਿਹੜੀ ਭਾਰਤੀ ਲੋਕਾਂ ਦੇ ਅਥਾਹ ਕੁਰਬਾਨੀਆਂ ਭਰੇ ਸੰਗਰਾਮਾਂ ਨੂੰ ਇਨਕਲਾਬ ਤੱਕ ਤੋੜ ਚੜ੍ਹਾ ਸਕੇ। 1947 ਤੋਂ ਮਗਰੋਂ ਵੀ ਇਹ ਪਾਰਟੀ ਜਾਂ ਸੋਧਵਾਦ ’ਚ ਗਰਕੀ ਰਹੀ ਜਾਂ ਫਿਰ ਟੁੱਟ-ਭੱਜ ਦਾ ਸ਼ਿਕਾਰ ਰਹੀ। ਅੱਜ ਇਹ ਕਮਿਊਨਿਸਟ ਇਨਕਲਾਬੀ ਪਾਰਟੀ ਵੱਖ ਵੱਖ ਫਾਂਕਾਂ ਤੇ ਗਰੁੱਪਾਂ ’ਚ ਵੰਡੀ ਹੋਈ ਹੈ। ਪਾਰਟੀ ਦੀ ਮੁੜ ਜਥੇਬੰਦੀ ਰਾਹੀਂ ਇਸ ਪਾਰਟੀ ਦਾ ਲੋਕਾਂ ਦੇ ਸਮੁੱਚੇ ਇਨਕਲਾਬੀ ਘੋਲਾਂ ਦੀ ਅਗਵਾਈ ਦੇ ਸਮਰੱਥ ਹੋਣਾ ਅੱਜ ਸਭ ਤੋਂ ਭਖਦਾ ਕਾਰਜ ਹੈ। 

                                                                                                (ਅਗਸਤ, 2022)

                                                  0   

No comments:

Post a Comment