ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਗੂੰਜ ਉੱਚੀ ਕਰੋ
ਸਾਡੀ ਧਰਤ ਦੇ ਲੋਕ ਸਦੀਆਂ ਤੋਂ ਰਾਜਿਆਂ,ਨਵਾਬਾਂ,ਜਗੀਰਦਾਰਾਂ, ਭੌਂ ਸਰਦਾਰਾਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ ਦਾ ਸੰਤਾਪ ਭੋਗਦੇ ਆਏ ਹਨ। ਸਤਾਰ੍ਹਵੀਂ ਸਦੀ ਵਿੱਚ ਅੰਗਰੇਜ਼ ਬਸਤੀਵਾਦੀਆਂ ਦੀ ਇਸ ਧਰਤ ਉੱਤੇ ਆਮਦ ਨੇ ਇਸ ਲੁੱਟ ਨੂੰ ਕਈ ਗੁਣਾ ਵਧਾ ਦਿੱਤਾ ਸੀ। ਇਸ ਲੁੱਟ ਤੋਂ ਮੁਕਤੀ ਲਈ ਲੋਕ ਵਾਰ ਵਾਰ ਉੱਠੇ ਅਤੇ ਆਜਾਦੀ ਲਈ ਜੂਝੇ। ਪਰ ਅੰਗਰੇਜ਼ ਬਸਤੀਵਾਦੀਆਂ ਖਿਲਾਫ਼ ਸਾਡੀ ਕੌਮੀ ਮੁਕਤੀ ਲਹਿਰ ਦਾ ਸਫ਼ਰ ਬਹੁਤ ਗੁੰਝਲਾਂ ਭਰਪੂਰ ਰਿਹਾ। ਜੀਹਦਾ ਸਿੱਟਾ ਇਹ ਨਿਕਲਿਆ ਕਿ ਅੰਗਰੇਜ਼ ਬਸਤੀਵਾਦੀ ਲੁੱਟ ਦੀਆਂ ਦੋ ਸਦੀਆਂ ਬੀਤਣ ਬਾਅਦ ਵੀ ਅਤੇ ਵੱਖ ਵੱਖ ਥਾਈਂ ਵਿਦਰੋਹਾਂ ਦੀ ਲੜੀ ਜਾਰੀ ਰਹਿਣ ਦੇ ਬਾਵਜੂਦ ਵੀ ਸਾਡੀ ਆਜ਼ਾਦੀ ਲਹਿਰ ਅੰਗਰੇਜ਼ ਸਾਮਰਾਜੀਆਂ ਦੇ ਬੱਝਵੀਂ ਸੱਟ ਮਾਰਨ ਵਿੱਚ ਊਣੀ ਰਹੀ। ਇਨ੍ਹਾਂ ਗੁੰਝਲਾਂ ਵਿਚੋਂ ਇਕ ਇਹ ਸੀ ਕਿ ਲੋਕਾਂ ਦੀਆਂ ਇਨਕਲਾਬੀ ਤਾਕਤਾਂ ਦੇ ਕਮਜ਼ੋਰ ਹੋਣ ਕਾਰਨ ਲੁਟੇਰੀਆਂ ਦਲਾਲ ਜਮਾਤਾਂ (ਜਿਸ ਦੇ ਚਿਹਰੇ ਨਹਿਰੂ, ਗਾਂਧੀ, ਜਿਨਾਹ, ਪਟੇਲ ਵਰਗੇ ਬਣਦੇ ਹਨ) ਕੌਮੀ ਲਹਿਰ ਦੀ ਅਗਵਾਈ ਦੇ ਕੇਂਦਰ ਵਿਚ ਰੋਲ ਸਾਂਭ ਬੈਠੀਆਂ ਸਨ ਅਤੇ ਲੋਕਾਂ ਦੇ ਸੁੱਚੇ ਕੌਮੀ ਜਜ਼ਬਿਆਂ ਨੂੰ ਨਿਪੁੰਸਕ ਕਾਰਵਾਈਆਂ ਦੀ ਘੁੰਮਣਘੇਰੀ ਵਿੱਚ ਉਲਝਾਈ ਰੱਖਣ ਵਿੱਚ ਕਾਮਯਾਬ ਹੋ ਰਹੀਆਂ ਸਨ। ਇੱਕ ਹੋਰ ਸੀਮਤਾਈ ਇਹ ਸੀ ਕਿ ਅੰਗਰੇਜ਼ੀ ਹਕੂਮਤ ਖ਼ਿਲਾਫ਼ ਜੂਝ ਰਹੀਆਂ ਤਾਕਤਾਂ ਦੇ ਵੱਡੇ ਹਿੱਸੇ ਵਿੱਚ ਹਾਸਲ ਕੀਤੇ ਜਾਣ ਵਾਲੇ ਨਿਸ਼ਾਨੇ ਪ੍ਰਤੀ ਅਸਪੱਸ਼ਟਤਾ ਸੀ। ਆਜਾਦੀ ਦੇ ਨਕਸ਼ ਧੁੰਦਲੇ ਸਨ। ਸਾਮਰਾਜੀ ਲੁੱਟ ਅਤੇ ਜਗੀਰੂ ਲੁੱਟ ਦੀ ਡੂੰਘੀ ਪਈ ਗਲਵੱਕੜੀ ਅਤੇ ਇਸਨੂੰ ਆਜ਼ਾਦੀ ਲਹਿਰ ਦੇ ਸਾਂਝੇ ਨਿਸ਼ਾਨੇ ਵਜੋਂ ਬੁੱਝਣ ਪੱਖੋਂ ਅਣਜਾਣਤਾ ਸੀ। ਸਭ ਲੋਕ ਤਾਕਤਾਂ ਅਤੇ ਇੱਥੋਂ ਤੱਕ ਕਿ ਪਿਛਲੀ ਸਦੀ ਦੇ 20ਵੇਂ ਦਹਾਕੇ ਦੌਰਾਨ ਹੋਂਦ ਵਿੱਚ ਆਈ ਕਮਿਊਨਿਸਟ ਪਾਰਟੀ ਵੀ ਇਸ ਜੋਟੀ ਦੇ ਕਿਰਦਾਰ ਤੇ ਇਸ ਤੋਂ ਮੁਕਤੀ ਦਾ ਸਪੱਸ਼ਟ ਨਿਸ਼ਾਨਾ ਉਭਾਰ ਸਕਣ ਵਿਚ ਬੇਹੱਦ ਊਣੀ ਨਿੱਬੜ ਰਹੀ ਸੀ। ਇਸ ਲੁੱਟ ਤੋਂ ਮੁਕਤੀ ਲਈ ਲੋਕ ਇਨਕਲਾਬ ਦਾ ਸੁਨੇਹਾ ਭਾਰਤੀ ਆਜ਼ਾਦੀ ਦੀ ਲਹਿਰ ਲਈ ਅਣਜਾਣਿਆ ਸੀ। ਅਜਿਹੇ ਸਮੇਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਕੁਰਬਾਨੀ ਨਾਲ ਇਨਕਲਾਬ ਦੇ ਸੁਨੇਹੇ ਨੂੰ ਸਿੰਜਿਆ ਅਤੇ ਮੁਲਕ ਦੀ ਫਿਜ਼ਾ ਅੰਦਰ ਗੁੰਜਾਇਆ। ਫਾਂਸੀ ਦੇ ਫੰਦੇ ਵੱਲ ਬੇਖੌਫ਼ ਜਾਂਦੇ ਨੌਜਵਾਨਾਂ ਦੇ ਮੂੰਹੋਂ ਇਸ ਮੁਲਕ ਦੇ ਲੋਕਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦਾ ਪੈਗਾਮ ਸੁਣਿਆ। ਇਹਨਾਂ ਸਿਰਲੱਥ ਯੋਧਿਆਂ ਵੱਲੋਂ ਕੋਰਟ ਹਾਊਸਾਂ ਵਿਚ ਦਿੱਤੀਆਂ ਗਈਆਂ ਤਕਰੀਰਾਂ, ਜਨਤਕ ਹੋਈਆਂ ਲਿਖਤਾਂ ਅਤੇ ਜੇਲ੍ਹ ਅੰਦਰੋਂ ਲਿਖੀਆਂ ਚਿੱਠੀਆਂ ਰਾਹੀਂ ਲੋਕਾਂ ਨੇ ਜਾਣਿਆ ਕਿ ਭਾਰਤੀ ਲੋਕਾਂ ਦੀ ਗੁਲਾਮੀ ਤੋਂ ਮੁਕਤੀ ਲਈ ਇਸ ਧਰਤੀ ਉੱਪਰ ਇਨਕਲਾਬ ਲੋੜੀਂਦਾ ਹੈ। ‘‘ਅਜਿਹਾ ਇਨਕਲਾਬ ਜਿਸ ਦਾ ਅਰਥ ਹੈ ਕਿ ਨੰਗੇ ਅਨਿਆਂ ’ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਬਦਲਣਾ ਚਾਹੀਦਾ ਹੈ। ਜਿਸ ਇਨਕਲਾਬ ਦਾ ਭਾਵ ਨਿਰੇ ਹਾਕਮਾਂ ਦੀ ਤਬਦੀਲੀ ਨਹੀਂ, ਸਗੋਂ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਹੈ। ਜਿਸ ਦਾ ਅਰਥ ਉਹ ਆਜ਼ਾਦੀ ਹੈ, ਜਿਸ ਵਿੱਚ ਆਦਮੀ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ।’’
ਇਸ ਸੁਨੇਹੇ ਨੂੰ ਫਿਜ਼ਾ ਵਿੱਚ ਬਿਖੇਰਨ ਵਾਲੇ ਸਾਹ ਭਾਵੇਂ ਅੰਗਰੇਜ਼ ਹਕੂਮਤ ਨੇ ਘੁੱਟ ਦਿੱਤੇ ਪਰ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਦੀ ਗੂੰਜ ਉੱਠਦੀ ਰਹੀ, ਲੋਕਾਂ ਦੇ ਕੰਨੀਂ ਪੈਂਦੀ ਰਹੀ ਅਤੇ ਅੰਗਰੇਜ਼ ਸਾਮਰਾਜੀਆਂ ਤੇ ਉਨ੍ਹਾਂ ਦੀ ਝੋਲੀ ਚੁੱਕਾਂ ਦੇ ਦਿਲੀਂ ਦਹਿਸ਼ਤ ਪਾਉਂਦੀ ਰਹੀ। ਇਨ੍ਹਾਂ ਬੋਲਾਂ ਦੀ ਲੋਅ ਸੰਗ ਹੀ ਇਸ ਧਰਤੀ ਉੱਤੇ ਅਗਲੇ ਵਰ੍ਹਿਆਂ ਦੌਰਾਨ ਤਿਭਾਗਾ ਤੇ ਤਿਲੰਗਾਨਾ ਵਰਗੀਆਂ ਬਗਾਵਤਾਂ ਉੱਠੀਆਂ, ਮਜਦੂਰਾਂ ਦੇ ਵਿਸ਼ਾਲ ਉਠਾਣ ਉੱਠੇ। ਨੇਵੀ ਦੀ ਮਹਾਨ ਬਗਾਵਤ ਦੌਰਾਨ ਇਹੋ ਨਾਹਰਾ ਕਰਾਚੀ ਅਤੇ ਬੰਬਈ ਦੀਆਂ ਕੰਧਾਂ ’ਤੇ ਲਿਸ਼ਕਿਆ ਅਤੇ ਲੋਕਾਂ ਅਤੇ ਬਾਗੀ ਫੌਜੀਆਂ ਦੇ ਲਬਾਂ ’ਤੇ ਗੂੰਜਿਆ, ਜਿਸਨੇ ਅੰਗਰੇਜ਼ ਬਸਤੀਵਾਦੀਆਂ ਲਈ ਇੱਥੋਂ ਭੱਜਣ ਦੀ ਮਜ਼ਬੂਰੀ ਬਣਾ ਦਿੱਤੀ।
1947 ਵਿੱਚ ਸੱਤਾ ਤਬਦੀਲੀ ਰਾਹੀਂ ਆਜ਼ਾਦੀ ਲਹਿਰ ਦੀ ਪਿੱਠ ਵਿੱਚ ਖੰਜਰ ਖੋਭਿਆ ਗਿਆ। ਇਸ ਦੰਭੀ ਖੇਡ ਰਾਹੀਂ ਲੋਕਾਂ ਅੱਗੇ ਵੱਡੀ ਤਬਦੀਲੀ ਦਾ ਭਰਮ ਸਿਰਜ ਕੇ ਸਾਮਰਾਜੀਆਂ ਦੇ ਵਾਰਿਸ ਭਾਰਤੀ ਹਾਕਮਾਂ ਵੱਲੋਂ ਇਨ੍ਹਾਂ ਬੋਲਾਂ ਨੂੰ ਗ਼ੈਰ ਪ੍ਰਸੰਗਕ ਕਰ ਦੇਣ ਦੀਆਂ ਖ਼ਾਹਸ਼ਾਂ ਪਾਲੀਆਂ ਗਈਆਂ। ਪਰ ਇਸ ਤਬਦੀਲੀ ਨਾਲ ਨਾ ਲੋਕਾਂ ਦਾ ਸੰਤਾਪ ਮੁੱਕਿਆ, ਨਾ ਲੁੱਟ ਖ਼ਿਲਾਫ਼ ਸੰਘਰਸ਼ ਮੁੱਕਿਆ ਅਤੇ ਨਾ ਇਨ੍ਹਾਂ ਬੋਲਾਂ ਦਾ ਪ੍ਰਸੰਗ ਮੁੱਕਿਆ। ਇਨ੍ਹਾਂ ਬੋਲਾਂ ਦੀ ਗੂੰਜ 1947 ਤੋਂ ਬਾਅਦ ਵੀ ਹਾਕਮਾਂ ਨੂੰ ਦਹਿਸ਼ਤਜ਼ਦਾ ਕਰਦੀ ਆਈ ਹੈ। ਸ੍ਰੀਕਾਕੁਲਮ, ਨਕਸਲਬਾੜੀ ਤੋਂ ਲੈ ਕੇ ਬਸਤਰ ਤੱਕ ਵਾਰ ਵਾਰ ਇਹ ਬੋਲ ਉੱਚੇ ਉੱਠਦੇ ਰਹੇ ਹਨ। ਸਾਮਰਾਜੀ ਲੁੱਟ ਦੇ ਇਜ਼ਹਾਰਾਂ ਖ਼ਿਲਾਫ਼ ਉੱਠਦੇ ਲੋਕ ਸੰਘਰਸਾਂ ਵਿਚ ਇਹ ਗੂੰਜ ਜਿਊਂਦੀ ਰਹੀ ਹੈ ਤੇ ਲੋਕ ਘੋਲਾਂ ਨੂੰ ਲੋਅ ਤੇ ਵੇਗ ਬਖਸ਼ਦੀ ਰਹੀ ਹੈ। ਨਵ-ਬਸਤੀਵਾਦ ਅਤੇ ਜਗੀਰੂ ਪ੍ਰਬੰਧ ਦੀ ਜੁੜਵੀਂ ਲੁੱਟ ਦਾ ਜਕੜਪੰਜਾ ਜਿਉਂ ਜਿਉਂ ਸਾਡੀ ਧਰਤੀ ਦੇ ਲੋਕਾਂ ਦੁਆਲੇ ਪੀਡਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਇਨ੍ਹਾਂ ਬੋਲਾਂ ਨੂੰ ਗੁੰਜਾਉਣ ਦੀ ਲੋੜ ਤੇ ਇਨ੍ਹਾਂ ਦੇ ਅਰਥ ਪਛਾਨਣ ਦੀ ਤਾਂਘ ਤਿੱਖੀ ਹੁੰਦੀ ਜਾ ਰਹੀ ਹੈ।
ਕੌਮ ਹੱਥੋਂ ਕੌਮ ਦੀ ਜਿਸ ਲੁੱਟ ਦੇ ਖਾਤਮੇ ਦੀ ਗੱਲ ਭਗਤ ਸਿੰਘ ਨੇ ਕੀਤੀ ਸੀ, ਅੱਜ ਸਾਡੀ ਧਰਤ ਦੇ ਕਿਰਤੀ ਲੋਕ ਉਸੇ ਲੁੱਟ ਦੇ ਅਣਗਿਣਤ ਰੂਪਾਂ ਵੱਸ ਪਏ ਹੋਏ ਹਨ। ਸਾਡੇ ਮੁਲਕ ਅੰਦਰ ਸਾਮਰਾਜੀ ਲੁੱਟ ਨੇ ਹਰ ਖੇਤਰ ਅੰਦਰ ਕੈਂਸਰ ਵਾਂਗ ਡੂੰਘੀਆਂ ਜੜ੍ਹਾਂ ਪਸਾਰੀਆਂ ਹੋਈਆਂ ਹਨ। ਖੇਤੀ, ਸਨਅਤ, ਸੇਵਾਵਾਂ, ਮੰਡੀ, ਕੁਦਰਤੀ ਸੋਮੇ ਆਦਿ ਹਰ ਖੇਤਰ ਵਿਚੋਂ ਪੈਸੇ ਅਤੇ ਕਿਰਤ ਦੀ ਸਾਮਰਾਜੀ ਲੁੱਟ ਸਾਡੀ ਆਰਥਿਕਤਾ ਨੂੰ ਸਾਹ ਸੱਤਹੀਣ ਕਰ ਰਹੀ ਹੈ। ਕੌਮ ਹੱਥੋਂ ਕੌਮ ਦੀ ਇਹ ਸਾਮਰਾਜੀ ਲੁੱਟ ਸਿਰਫ ਸਾਧਨਾਂ ਉੱਪਰ ਕਬਜੇ ਰਾਹੀਂ ਹੀ ਨਹੀਂ, ਸਗੋਂ ਸਾਡੇ ਲੋਕਾਂ ਉੱਪਰ ਆਪਣੀ ਮਰਜ਼ੀ ਦੇ ਨੀਤੀਆਂ ਕਾਨੂੰਨ ਮੜ੍ਹਨ ਰਾਹੀਂ ਵੀ ਪ੍ਰਗਟ ਹੁੰਦੀ ਹੈ। ਇਨਕਲਾਬ ਇਸ ਲੁੱਟ ਦੇ ਮੁਕੰਮਲ ਖਾਤਮੇ ਦਾ ਐਲਾਨ ਹੈ। ਹਰ ਖੇਤਰ ਅੰਦਰ ਸਾਡੀ ਕੌਮੀ ਸੰਪਤੀ ਨੂੰ ਨਿਚੋੜ ਰਹੀਆਂ ਵਿਦੇਸ਼ੀ ਕੰਪਨੀਆਂ ਦੀ ਬੇਦਖਲੀ ਅਤੇ ਜਬਤੀ ਨਵ-ਜਮਹੂਰੀ ਇਨਕਲਾਬ ਦੇ ਮੁੱਖ ਕਾਰਜਾਂ ’ਚੋਂ ਇੱਕ ਹੈ। ਇਸ ਸਾਮਰਾਜੀ ਲੁੱਟ ਦੀ ਲਹੂ ਪੀਣੀ ਜੋਕ ਨੂੰ ਆਪਣੇ ਪਿੰਡੇ ਤੋਂ ਲਾਹ ਕੇ ਹੀ ਸਾਡੇ ਮੁਲਕ ਦੀ ਆਰਥਿਕਤਾ ਪੈਰਾਂ ਸਿਰ ਹੋ ਸਕਦੀ ਹੈ, ਵਧ ਫੁੱਲ ਸਕਦੀ ਹੈ ਅਤੇ ਆਪਣੇ ਲੋਕਾਂ ਦੀ ਖ਼ੁਸ਼ਹਾਲੀ ਦਾ ਸਬੱਬ ਬਣ ਸਕਦੀ ਹੈ।
ਇਉਂ ਹੀ ਸਾਡੇ ਮੁਲਕ ਅੰਦਰ ਸਦੀਆਂ ਤੋਂ ਤੁਰੀ ਆਉਂਦੀ ਕਾਣੀ ਵੰਡ ਅਤੇ ਇਸ ’ਚੋਂ ਉਪਜੀ ਜਗੀਰੂ ਲੁੱਟ ਦਾ ਖਾਤਮਾ ਵੀ ਇਨਕਲਾਬ ਰਾਹੀਂ ਹੀ ਹੋਣਾ ਹੈ। ਇਸ ਕਾਣੀ ਵੰਡ ਦੇ ਖਾਤਮੇ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਅਧਾਰ ਤਬਾਹ ਕਰਨਾ ਹੈ। ਸਦੀਆਂ ਤੋਂ ਮੁੱਠੀ ਭਰ ਲੋਕ ਸਾਧਨਾਂ ਉੱਤੇ ਮਾਰੇ ਜੱਫੇ ਦੇ ਸਿਰ ’ਤੇ ਉੱਚੀ ਹੈਸੀਅਤ ਤੇ ਰੁਤਬੇ ਮਾਣਦੇ ਆਏ ਹਨ। ਏਦੂੰ ਉਲਟ ਆਪਣੀ ਕਿਰਤ ਨਾਲ ਇਸ ਸਮਾਜ ਨੂੰ ਗਤੀ ਦੇਣ ਵਾਲੇ ਲੋਕ ਸਾਧਨਹੀਣ ਬਣੇ ਆਏ ਹਨ ਤੇ ਪੈਰ ਪੈਰ ’ਤੇ ਨਿਮਾਣੇ, ਨਿਤਾਣੇ, ਬੇਵੁੱਕਤੇ ਹੋਣ ਦਾ ਅਹਿਸਾਸ ਹੰਢਾਉਂਦੇ ਆਏ ਹਨ। ਇਹ ਲੋਕ ਜ਼ਿੰਦਗੀ ਵਿੱਚ ਪੈਰ ਪੈਰ ਤੇ ਧੱਕੇ ਖਾਣ ਅਤੇ ਸਾਧਨਾਂ ਵਾਲਿਆਂ ਦੀਆਂ ਮਿੰਨਤਾਂ ਮੁਥਾਜਗੀਆਂ ਕਰਨ ਲਈ ਮਜ਼ਬੂਰ ਹਨ। ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਕਿਰਤੀਆਂ ਨੂੰ ਜ਼ਮੀਨਾਂ ਜਾਇਦਾਦਾਂ ਦੀ ਮਾਲਕੀ ਦੇਣਾ ਇਨਕਲਾਬ ਦਾ ਦੂਜਾ ਵੱਡਾ ਕਾਰਜ ਹੈ। ਜ਼ਮੀਨ, ਸੰਦ ਸਾਧਨਾਂ, ਸੋਮਿਆਂ ਉੱਤੇ ਲੋਕਾਂ ਦੀ ਬਰਾਬਰ ਦੀ ਮਾਲਕੀ ਹੀ ਉਹ ਆਧਾਰ ਤਿਆਰ ਕਰਦੀ ਹੈ, ਜਿਸ ਰਾਹੀਂ ਮੁਥਾਜਗੀਆਂ ਭੰਨੀਆਂ ਜਾ ਸਕਦੀਆਂ ਹਨ ਅਤੇ ਲੋਕਾਂ ਦੇ ਮਾਣ ਸਨਮਾਨ ਦੀ ਬਹਾਲੀ ਹੋ ਸਕਦੀ ਹੈ।
ਇਨਕਲਾਬ ਰਾਹੀਂ ਇਉਂ ਹੋਈ ਜ਼ਮੀਨਾਂ ਅਤੇ ਸਾਧਨਾਂ ਦੀ ਮੁੜ ਵੰਡ ਲੱਖਾਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਾ ਧੁਰਾ ਬਣਦੀ ਹੈ। ਨਾ ਸਿਰਫ਼ ਜ਼ਮੀਨ ਮਿਲਣ ਕਾਰਨ ਖੇਤੀ ਖੇਤਰ ਅੰਦਰ ਹੀ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ, ਸਗੋਂ ਇਹਦੇ ਨਾਲ ਜੁੜ ਕੇ ਹੋਰਨਾਂ ਅਨੇਕਾਂ ਖੇਤਰਾਂ ’ਚ ਰੁਜਗਾਰ ਦੇ ਬੇਅੰਤ ਮੌਕੇ ਸਿਰਜੇ ਜਾਣੇ ਹਨ। ਇਨਕਲਾਬ ਨਾਲ ੳੱੁਸਰੇ ਲੋਕ ਪੱਖੀ ਸਮਾਜ ਅੰਦਰ ਹੀ ਸਨਅਤ, ਸੇਵਾਵਾਂ ਅਤੇ ਹੋਰਨਾਂ ਖੇਤਰਾਂ ’ਚ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦਾ ਨਿਸ਼ਾਨਾ ਬੇਕਾਰ ਰੁਲਦੀ ਕਿਰਤ ਸ਼ਕਤੀ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਵੱਲ ਸੇਧਿਤ ਹੋਵੇ, ਨਾ ਕਿ ਸਾਮਰਾਜੀ ਮੁਨਾਫ਼ੇ ਦੀਆਂ ਲੋੜਾਂ ਦੇ ਹਿਸਾਬ ਅੰਨ੍ਹੇਵਾਹ ਮਸ਼ੀਨੀਕਰਨ ਵਰਗੀਆਂ ਪਹੁੰਚਾਂ ਲਾਗੂ ਕੀਤੀਆਂ ਜਾਣ। ਇਉਂ ਇਨਕਲਾਬ ਨੇ ਉਹ ਜ਼ਮੀਨ ਤਿਆਰ ਕਰਨੀ ਹੈ ਜਿੱਥੇ ਸਭਨਾਂ ਲਈ ਰੁਜ਼ਗਾਰ ਦਾ ਨਿਸ਼ਾਨਾ ਹਕੀਕੀ ਤੌਰ ’ਤੇ ਹਾਸਿਲ ਕੀਤਾ ਜਾ ਸਕਦਾ ਹੈ।
ਭਗਤ ਸਿੰਘ ਅਤੇ ਸਾਥੀਆਂ ਨੇ ਕਿਹਾ ਸੀ ਕਿ ਇਨਕਲਾਬ ਉਹ ਕਿ੍ਰਸ਼ਮਾ ਹੈ ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ। ਇਨਕਲਾਬ ਰਾਹੀਂ ਹੀ ਕੁਦਰਤ ਦਾ ਨਿਆਂ ਦਾ ਸਿਧਾਂਤ ਲਾਗੂ ਹੋ ਸਕਦਾ ਹੈ। ਸਾਡੇ ਮੁਲਕ ਅੰਦਰ ਲੋਕਾਂ ਵੱਲੋਂ ਪੈਰ ਪੈਰ ’ਤੇ ਹੰਢਾਏ ਜਾਂਦੇ ਅਨੇਕਾਂ ਵਿਤਕਰਿਆਂ ’ਤੇ ਇਨਕਲਾਬ ਨੇ ਸੱਟ ਮਾਰਨੀ ਹੈ। ਮੁੱਠੀ ਭਰ ਲੋਕਾਂ ਦੀ ਖੁਸ਼ਹਾਲੀ ਦੀ ਰਾਖੀ ਕਰਨ ਵਾਲਾ ਮੌਜੂਦਾ ਪ੍ਰਬੰਧ ਬਹੁਗਿਣਤੀ ਕਿਰਤੀ ਲੋਕਾਂ ਦੀ ਮੰਦਹਾਲੀ ਦੇ ਸਿਰ ’ਤੇ ਹੀ ਚੱਲ ਰਿਹਾ ਹੈ। ਇਸੇ ਕਰਕੇ ਇਸ ਅਨਿਆਂ ਦੀ ਸਲਾਮਤੀ ਲਈ ਦਾਬੇ, ਵਿਤਕਰੇ, ਜ਼ੁਲਮ ਇਸ ਪ੍ਰਬੰਧ ਦਾ ਅਨਿੱਖੜਵਾਂ ਅੰਗ ਹਨ। ਲੋਕਾਂ ਵਿੱਚ ਨਿਗੂਣੇ ਵਖਰੇਵਿਆਂ ਦੀਆਂ ਲਕੀਰਾਂ ਡੂੰਘੀਆਂ ਕਰਕੇ ਹੀ ਇਹ ਪ੍ਰਬੰਧ ਕਿਰਤੀ ਲੋਕਾਂ ਨੂੰ ਭਟਕਾਉਦਾ ਤੇ ਵੰਡਦਾ ਹੈ। ਇਸ ਕਰ ਕੇ ਅਖੌਤੀ ਆਜ਼ਾਦੀ ਅਤੇ ਜਮਹੂਰੀਅਤ ਦੇ ਦਹਾਕੇ ਦਰ ਦਹਾਕੇ ਗੁਜ਼ਰਨ ਉਪਰੰਤ ਵੀ ਲਿੰਗ, ਨਸਲ, ਧਰਮ, ਜਾਤ, ਕੌਮੀਅਤ ਆਦਿ ਦੇ ਆਧਾਰ ’ਤੇ ਹੋਣ ਵਾਲੇ ਵਿਤਕਰੇ ਜਾਰੀ ਰਹਿੰਦੇ ਰਹੇ ਹਨ। ਇਨਕਲਾਬ ਨੇ ਅਜਿਹੇ ਤਮਾਮ ਵਿਤਕਰਿਆਂ ਦੇ ਖਾਤਮੇ ਦੀ ਨੀਂਹ ਧਰਨੀ ਹੈ। ਇਨ੍ਹਾਂ ਵਖਰੇਵਿਆਂ ਨੂੰ ਹਵਾ ਦੇਣ ਵਾਲੀਆਂ ਤਾਕਤਾਂ ਇਨਕਲਾਬ ਦੀਆਂ ਘੋਰ ਦੁਸ਼ਮਣ ਤਾਕਤਾਂ ਹਨ, ਜਿਨ੍ਹਾਂ ਦਾ ਨਾਸ ਕਰਕੇ ਇਨਕਲਾਬ ਕੁਦਰਤ ਦੇ ਪਸਾਰੇ ਅੰਦਰ ਸਭ ਮਨੁੱਖਾਂ ਦੀ ਬਰਾਬਰੀ ਦਾ ਵਾਹਕ ਬਣੇਗਾ।
ਸਾਡੇ ਮੁਲਕ ਅੰਦਰ ਮੁਨਾਫੇਖੋਰ ਸਾਮਰਾਜੀ ਪ੍ਰਬੰਧ ਨੇ ਨਾ ਸਿਰਫ਼ ਮਨੁੱਖੀ ਕਿਰਤ ਦੀ ਤੇ ਧਰਤੀ ਦੇ ਸਾਧਨਾਂ ਦੀ ਲੁੱਟ ਕੀਤੀ ਹੈ, ਸਗੋਂ ਇਹ ਕੁਦਰਤੀ ਚੌਗਿਰਦੇ ਨੂੰ ਬਰਬਾਦ ਕਰਕੇ ਮੁਨਾਫ਼ੇ ਹਾਸਿਲ ਕਰਦਾ ਰਿਹਾ ਹੈ। ਇਸ ਧਰਤੀ ਤੋਂ ਅਨੇਕਾਂ ਪ੍ਰਕਾਰ ਦੀ ਬਨਾਸਪਤੀ, ਜਨਜਾਤੀਆਂ ਅਤੇ ਨਸਲਾਂ ਮੁਨਾਫੇ ਦੀ ਇਸੇ ਹਵਸ ਕਰਕੇ ਤਬਾਹ ਹੋਈਆਂ ਹਨ। ਅਨੇਕਾਂ ਥਾਵਾਂ ਤੇ ਹੜ੍ਹ, ਸੋਕੇ, ਤਬਾਹੀਆਂ ਇਸੇ ਮੁਨਾਫ਼ੇ ਦੀ ਹਵਸ ਦੀ ਦੇਣ ਹਨ। ਮੁਨਾਫੇ ਦੀ ਇਸੇ ਧੱਕ ਨੇ ਇਸ ਧਰਤੀ ਉੱਪਰ ਲੱਖਾਂ ਦੁਰਘਟਨਾਵਾਂ ਨੂੰ ਜਨਮ ਦਿੱਤਾ ਹੈ ਤੇ ਅਣਗਿਣਤ ਮਨੁੱਖੀ ਜਾਨਾਂ ਦੀ ਬਲੀ ਲਈ ਹੈ। ਇਨਕਲਾਬ ਰਾਹੀਂ ਹੀ ਮੁੱਠੀ ਭਰ ਲੋਕਾਂ ਦੇ ਮੁਨਾਫੇ ਲਈ ਕੁਦਰਤ ਸੰਗ ਖਿਲਵਾੜ ਦੀਆਂ ਕੋਸ਼ਿਸ਼ਾਂ ’ਤੇ ਲਗਾਮ ਕੱਸੀ ਜਾ ਸਕਦੀ ਹੈ। ਸਾਡੇ ਕੁਦਰਤੀ ਚੌਗਿਰਦੇ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਰਹਿਣ ਯੋਗ ਰੱਖਿਆ ਜਾ ਸਕਦਾ ਹੈ।
ਸਾਮਰਾਜੀ ਗਲ਼ਬਾ ਅਤੇ ਭਾਰਤੀ ਹਾਕਮਾਂ ਦੀ ਧੱਕੜ, ਪਸਾਰਵਾਦੀ ਤੇ ਘੱਟ ਗਿਣਤੀ ਵਿਰੋਧੀ ਪਹੁੰਚ ਰਲ ਕੇ ਭਾਰਤ ਅੰਦਰ ਅਨੇਕਾਂ ਭਾਸ਼ਾਵਾਂ ਸੱਭਿਆਚਾਰਾਂ, ਕੌਮਾਂ ਨੂੰ ਦਰੜਦੇ ਆਏ ਹਨ। ਕਸ਼ਮੀਰ ਵਰਗੀਆਂ ਕੌਮੀਅਤਾਂ ਧੱਕੜ ਜਾਬਰ ਰਾਜ ਦੀ ਦਹਾਕਿਆਂ ਤੋਂ ਮਾਰ ਹੰਢਾਉਂਦੀਆਂ ਆ ਰਹੀਆਂ ਹਨ। ਸਾਡੀ ਧਰਤੀ ਦੇ ਜਾਏ ਪੱਛਮੀ ਸੱਭਿਆਚਾਰ ਦੇ ਗਲਬੇ ਹੇਠ ਵਿਚਰਦੇ ਹਨ। ਉਹਨਾਂ ਉੱਤੇ ਮੜ੍ਹੀ ਗਈ ਵਿਦੇਸ਼ੀ ਭਾਸ਼ਾ ਉਨ੍ਹਾਂ ਦੀ ਮੌਲਿਕਤਾ ਦੀ ਬਲੀ ਲੈ ਰਹੀ ਹੈ ਅਤੇ ਉਹ ਆਪਣੀ ਮਾਤ ਭਾਸ਼ਾ ਤੋਂ ਦੂਰ ਹੋਣ ਲਈ ਸਰਾਪੇ ਹੋਏ ਹਨ। ਇਸੇ ਗ਼ਲਬੇ ਕਾਰਨ ਸਾਡੀਆਂ ਅਨੇਕਾਂ ਭਾਸ਼ਾਵਾਂ ਆਪਣੇ ਹਜ਼ਾਰਾਂ ਸ਼ਬਦ ਗੁਆ ਚੁੱਕੀਆਂ ਹਨ ਅਤੇ ਪਤਨ ਵੱਲ ਜਾ ਰਹੀਆਂ ਹਨ। ਇਨਕਲਾਬ ਰਾਹੀਂ ਇਸ ਕੌਮੀ ਦਾਬੇ ਤੋਂ ਮੁਕਤੀ ਹਾਸਲ ਹੋਣੀ ਹੈ। ਸਾਡੀਆਂ ਮਾਤ ਭਾਸ਼ਾਵਾਂ ਤੇ ਸੱਭਿਆਚਾਰ ਨੂੰ ਮੁੜ ਖਿੜਨ ਦਾ ਮੌਕਾ ਮਿਲਣਾ ਹੈ।
ਸਾਡੇ ਮੁਲਕ ਅੰਦਰ ਜਗੀਰਦਾਰੀ ਅਤੇ ਸਾਮਰਾਜ-ਵਿਰੋਧੀ ਇਨਕਲਾਬ ਨੇ ਉਹ ਨੀਂਹ ਧਰਨੀ ਹੈ, ਜਿਸ ਉੱਪਰ ਭਗਤ ਸਿੰਘ ਵੱਲੋਂ ਚਿਤਵੇ ਸੋਸ਼ਲਿਸਟ ਸਮਾਜ ਦੀ ਉਸਾਰੀ ਕੀਤੀ ਜਾਣੀ ਹੈ। ਜਿਸ ਸਮਾਜਵਾਦੀ ਪ੍ਰਬੰਧ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਕਰਨਾ ਹੈ। ਜਿਸ ਸਮਾਜ ਅੰਦਰ ਉਹ ਪਦਾਰਥਕ ਆਧਾਰ ਸਿਰਜਿਆ ਜਾਣਾ ਹੈ ਜਿਸ ਰਾਹੀਂ ਮਨੁੱਖਾ ਸ਼ਕਤੀ ਦੇ ਹੱਥਾਂ ਨੂੰ ਕੰਮ ਕਰਨ ਲਈ ਸਾਧਨ ਮਿਲਦੇ ਹਨ, ਉਹ ਸਮਾਜਿਕ ਆਧਾਰ ਸਿਰਜਿਆ ਜਾਣਾ ਹੈ ਜਿੱਥੇ ਮਨੁੱਖ ਰੋਟੀ ਰੋਜ਼ੀ ਦੇ ਫ਼ਿਕਰਾਂ ਤੋਂ ਮੁਕਤ ਹੁੰਦਾ ਹੈ, ਉਹ ਬੌਧਿਕ ਆਧਾਰ ਸਿਰਜਿਆ ਜਾਣਾ ਹੈ ਜਦੋਂ ਅਣਗਿਣਤ ਮਨੁੱਖੀ ਦਿਮਾਗ ਦੋ ਡੰਗ ਦੇ ਆਹਰ ਤੋਂ ਮੁਕਤ ਹੋ ਕੇ ਮੌਲਿਕ ਵਿਚਾਰਾਂ ਦੀ ਜ਼ਮੀਨ ਬਣਦੇ ਹਨ, ਉਹ ਸੱਭਿਆਚਾਰਕ ਆਧਾਰ ਸਿਰਜਿਆ ਜਾਣਾ ਹੈ ਜਦੋਂ ਮਨੁੱਖ ਨਿੱਜ ਤੋਂ ਉੱਤੇ ਉੱਠ ਕੇ ਇਸ ਸਮਾਜ ਦੀ ਬਿਹਤਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਇਉਂ ਮਨੁੱਖੀ ਸਮਾਜ ਸਾਂਝੇ ਤੌਰ ’ਤੇ ਅਤੇ ਪੂਰੀ ਸਮਰੱਥਾ ਸਹਿਤ ਮਨੁੱਖੀ ਨਸਲ ਦੀ ਬੇਹਤਰੀ ਲਈ ਜੁਟਦਾ ਹੈ।
ਇਉਂ ਅੱਜ ਵੀ ਭਗਤ ਸਿੰਘ ਵੱਲੋਂ ਬੁਲੰਦ ਕੀਤਾ ਇਨਕਲਾਬ ਦਾ ਰਾਹ ਭਾਰਤ ਦੇ ਕਿਰਤੀ ਲੋਕਾਂ ਦੀ ਅਸਲੀ ਆਜ਼ਾਦੀ ਦਾ ਇੱਕੋ ਇੱਕ ਰਾਹ ਹੈ। ਇਸ ਰਾਹ ’ਤੇ ਤੁਰ ਕੇ ਹੀ ਹਰ ਪ੍ਰਕਾਰ ਦੀ ਲੁੱਟ ਦੇ ਸੰਗਲ ਤੋੜੇ ਜਾ ਸਕਦੇ ਹਨ ਅਤੇ ਯੁੱਗਾਂ ਦੇ ਲਿਤਾੜੇ ਕਿਰਤੀ ਲੋਕ ਜ਼ਿੰਦਗੀ ਨੂੰ ਸਹੀ ਮਾਅ੍ਹਨਿਆਂ ਵਿੱਚ ਜਿਉਂ ਸਕਦੇ ਹਨ। ਇਸੇ ਰਾਹ ਉੱਤੇ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਪਿਆ ਹੈ। ਸਮਾਂ ਭਗਤ ਸਿੰਘ ਵੱਲੋਂ ਗੂੰਜਾਏ ‘ਇਨਕਲਾਬ ਜ਼ਿੰਦਾਬਾਦ‘ ਦੇ ਨਾਅਰੇ ਨੂੰ ਉਸੇ ਦਲੇਰੀ, ਦਿ੍ਰੜ੍ਹਤਾ, ਵਿਸ਼ਵਾਸ ਤੇ ਜਜ਼ਬੇ ਨਾਲ ਗੂੰਜਾਏ ਜਾਣ ਦੀ ਉਡੀਕ ਕਰ ਰਿਹਾ ਹੈ।
No comments:
Post a Comment