Friday, April 1, 2022

24. ਇੱਕ ਸਪਸ਼ਟ ਪੁਜ਼ੀਸ਼ਨ - ਲੋੜੀਂਦੀ ਵਿਆਖਿਆ -ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਪ੍ਰਤੀ ਪਹੁੰਚ ਬਾਰੇ

 24. ਇੱਕ ਸਪਸ਼ਟ ਪੁਜ਼ੀਸ਼ਨ - ਲੋੜੀਂਦੀ ਵਿਆਖਿਆ  

-ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਪ੍ਰਤੀ ਪਹੁੰਚ ਬਾਰੇ
(ਬੀ ਕੇ ਯੂ ਏਕਤਾ ਉਗਰਾਹਾਂ ਦਾ ਬਿਆਨ)

ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਰਹੀਆਂ 22 ਜਥੇਬੰਦੀਆਂ ਨੇ ਇੱਕ ਨਵੀਂ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਹੈ। ਇਨਾਂ ਜਥੇਬੰਦੀਆਂ ਨਾਲ ਸਾਂਝੀ ਸਰਗਰਮੀ ਪ੍ਰਤੀ ਸਾਡੀ ਪਹੁੰਚ ਸਿਆਸੀ ਪਾਰਟੀਆਂ ਨਾਲ ਰਿਸ਼ਤੇ ਦੀ ਸਾਡੀ ਪਹੁੰਚ ਦੇ ਆਧਾਰ ’ਤੇ ਹੀ ਤੈਅ ਹੁੰਦੀ ਹੈ। 

ਇਸ ਸਿਆਸੀ ਪਲੇਟਫਾਰਮ ਦੇ ਗਠਨ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ 22 ਕਿਸਾਨ ਜਥੇਬੰਦੀਆਂ ਨੇ ਰਲ ਕੇ ਨਵੀਂ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਗਠਨ ਕੀਤਾ ਗਿਆ ਹੈ। ਇਸ ਐਲਾਨ ਦਾ ਸਿੱਧਾ ਅਰਥ ਬਣਦਾ ਹੈ ਕਿ ਇਨਾਂ ਜਥੇਬੰਦੀਆਂ ਨੇ ਜਨਤਕ ਜਥੇਬੰਦੀ ਵਜੋਂ ਆਪਣੇ ਰੋਲ ਨੂੰ ਤਿਆਗ ਕੇ ਸਿਆਸੀ ਪਾਰਟੀ ਦਾ ਰੋਲ ਅਖਤਿਆਰ ਕਰ ਲਿਆ ਹੈ। ਇਨਾਂ ਜਥੇਬੰਦੀਆਂ ਨੇ ਕਿਸਾਨਾਂ ਦੀ ਜਨਤਕ ਜਥੇਬੰਦੀ ਵਜੋਂ ਆਪਣੀ ਹੋਂਦ ਦਾ ਹੀ ਤਿਆਗ ਕਰ ਦਿੱਤਾ ਹੈ। ਹੁਣ ਸਾਡੇ ਸਾਹਮਣੇ ਸਿਆਸੀ ਪਾਰਟੀ ਨਾਲ ਸਾਂਝੀ ਸਰਗਰਮੀ ਦਾ ਸੁਆਲ ਹੈ ਜਿਨਾਂ ਬਾਰੇ ਸਾਡੀ ਨੀਤੀ ਸਾਂਝੀ ਸਰਗਰਮੀ ਨਾ ਕਰਨ ਦੀ ਹੈ। ਇਹ ਨੀਤੀ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈ। ਕਿਸਾਨਾਂ ਦੇ ਸੰਘਰਸ਼ ਦਾ ਇਹ ਸਾਂਝਾ ਪਲੇਟਫਾਰਮ ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ ਦਾ ਪਲੇਟਫਾਰਮ ਹੈ। ਸਿਆਸੀ ਪਾਰਟੀ ਨੂੰ ਇਹਦੇ ਵਿੱਚ ਸਾਮਲ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਇੱਥੇ ਮਸਲਾ ਕਿਸੇ ਜਥੇਬੰਦੀ ਨੂੰ ਇਸ ਪਲੇਟਫਾਰਮ ’ਚੋਂ ਕੱਢਣ ਨਾਲੋਂ ਜ਼ਿਆਦਾ ਉਨਾਂ ਵੱਲੋਂ ਖੁਦ ਹੀ ਜਨਤਕ ਜਥੇਬੰਦੀ ਵਜੋਂ ਆਪਣੀ ਹੋਂਦ ਨੂੰ ਤਿਆਗ ਦਿੱਤੇ ਜਾਣ ਕਾਰਨ ਇੱਕ ਸਾਂਝੇ ਪਲੇਟਫਾਰਮ ਵਿਚ ਨਾ ਰਹਿਣ ਦਾ ਬਣਦਾ ਹੈ। ਜਿਸ ਵੀ ਜਨਤਕ ਜਥੇਬੰਦੀ ਨੇ ਆਪਣੇ ਆਪ ਨੂੰ ਸਿਆਸੀ ਪਾਰਟੀ ਵਿਚ ਤਬਦੀਲ ਕਰ ਲਿਆ ਹੋਵੇ ਉਹ ਕਿਸਾਨਾਂ ਦੇ ਇਸ ਸਾਂਝੇ ਪਲੇਟਫਾਰਮ ਦਾ ਹਿੱਸਾ ਕਿਵੇਂ ਰਹਿ ਸਕਦੀ ਹੈ।

ਸੰਯੁਕਤ ਸਮਾਜ ਮੋਰਚੇ ਦੇ ਗਠਨ ਦੇ ਕਈ ਦਿਨਾਂ ਮਗਰੋਂ ਕਈ ਅਜਿਹੇ ਬਿਆਨ ਵੀ ਸਾਹਮਣੇ ਆਏ ਹਨ ਜਿਨਾਂ ਰਾਹੀਂ ਇਨਾਂ ’ਚੋਂ ਹੀ ਕੁੱਝ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਦਾ ਜ਼ਿਕਰ ਕੀਤਾ ਹੈ। ਜੇਕਰ ਇਸ ਦਾ ਅਰਥ ਇਹ ਬਣਦਾ ਹੈ ਕਿ ਉਹ ਜਥੇਬੰਦੀ ਦੇ ਤੌਰ ’ਤੇ ਸੰਯੁਕਤ ਸਮਾਜ ਮੋਰਚੇ ’ਚ ਜਜ਼ਬ ਨਹੀਂ ਹੋਈਆਂ ਸਗੋਂ ਉਨਾਂ ਨੇ ਆਪਣੀ ਵੱਖਰੀ ਸ਼ਨਾਖ਼ਤ ਕਾਇਮ ਰੱਖੀ ਹੋਈ ਹੈ ਤਾਂ ਇਹ ਇੱਕ ਵੱਖਰਾ ਮਾਮਲਾ ਬਣ ਜਾਵੇਗਾ। ਪਰ ਇਸ ਪੱਖੋਂ ਹਾਲਤ ਅਜੇ ਨਿੱਤਰੀ ਹੋਈ ਨਹੀਂ ਹੈ। ਕਿਸਾਨ ਜਥੇਬੰਦੀਆਂ ਦੀ ਆਪਣੀ ਵੱਖਰੀ ਹੋਂਦ ਦੇ ਕਾਇਮ ਰਹਿਣ ਬਾਰੇ ਹਾਲਤ ਨਿੱਤਰਨ ਮਗਰੋਂ ਹੀ ਇਹ ਤੈਅ ਕੀਤਾ ਜਾ ਸਕੇਗਾ ਕਿ ਕਿਹੜੀ ਜਥੇਬੰਦੀ ਇੱਕ ਸਿਆਸੀ ਪਾਰਟੀ ’ਚ ਜਜ਼ਬ ਹੋ ਚੁੱਕੀ ਹੈ ਤੇ ਕਿਹੜੀ ਯੂਨੀਅਨ ਆਪਣੀ ਵੱਖਰੀ ਹੋਂਦ ਬਰਕਰਾਰ ਰੱਖ ਰਹੀ ਹੈ। ਇੱਕ ਵਾਰ ਪਾਰਟੀ ਬਣਾਉਣ ਦਾ ਕੀਤਾ ਗਿਆ ਦਾਅਵਾ ਤਾਂ ਉਨਾਂ ਦੇ ਯੂਨੀਅਨ ਵਜੋਂ ਇੱਕ ਪਾਰਟੀ ’ਚ ਜਜ਼ਬ ਹੋਣ ਬਾਰੇ ਹੀ ਦੱਸਦਾ ਹੈ। ਇਹ ਦਾਅਵਾ ਹੀ ਸਾਡੇ ਲਈ ਇਨਾਂ ਜਥੇਬੰਦੀਆਂ ਨਾਲ ਸਾਂਝੀ ਸਰਗਰਮੀ ਨਾ ਕਰਨ ਦੇ ਫੈਸਲੇ ਦਾ ਆਧਾਰ ਬਣਦਾ ਹੈ। ਇਸ ਪੱਖੋਂ ਹਾਲਤ ਸਪੱਸ਼ਟ ਹੋਣ ਮਗਰੋਂ ਵਿਚਾਰ ਕੀਤਾ ਜਾ ਸਕੇਗਾ। ਸਾਡੇ ਵੱਲੋਂ ਉਹਨਾਂ ਪ੍ਰਤੀ ਪਹੁੰਚ ਤੈਅ ਕਰਨ ਦੇ ਮਾਮਲੇ ਵਿੱਚ ਉਨਾਂ ਦੀ ਜਨਤਕ ਜਥੇਬੰਦੀ ਵਜੋਂ ਵੱਖਰੀ ਸ਼ਨਾਖ਼ਤ ਦਾ ਸਿਰਫ ਦਾਅਵਾ ਹੀ ਨਹੀਂ ਬਲਕਿ ਅਮਲ ਦਾ ਮਸਲਾ ਵੀ ਦਰਪੇਸ਼ ਰਹੇਗਾ।   

ਹੁਣ ਤੱਕ ਪਹਿਲਾਂ ਵੀ ਕਈ ਜਥੇਬੰਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਜਿਨਾਂ ਨਾਲ ਅਸੀਂ ਸਾਂਝੀ ਸਰਗਰਮੀ ਵੀ ਕਰਦੇ ਹਾਂ। ਇਸ ਦਾ ਆਧਾਰ ਬਣਦਾ ਹੈ ਕਿ ਵਿਸੇਸ਼ ਸਿਆਸਤ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਇੱਕ ਜਨਤਕ ਜਥੇਬੰਦੀ ਵਜੋਂ ਉਨਾਂ ਦੀ ਵੱਖਰੀ ਸ਼ਨਾਖ਼ਤ ਕਾਇਮ ਹੁੰਦੀ ਹੈ ਤੇ ਉਹ ਜਨਤਕ ਜਥੇਬੰਦੀ ਦੇ ਤੌਰ ’ਤੇ ਹਰਕਤਸ਼ੀਲ ਰਹਿੰਦੀਆਂ ਹਨ। ਉਨਾਂ ਨਾਲ ਸਾਂਝੀ ਸਰਗਰਮੀ ਸਮੇਂ ਸਾਂਝੇ ਸੰਘਰਸ਼ ਪਲੇਟਫਾਰਮਾਂ ਨੂੰ ਉਨਾਂ ਜਥੇਬੰਦੀਆਂ ਨਾਲ ਜੁੜੇ ਪਾਰਟੀ ਆਗੂਆਂ ਵੱਲੋਂ ਵਰਤੇ ਜਾਣ ਦਾ ਵਿਰੋਧ ਕਰਦੇ ਹਾਂ ਤੇ ਉਨਾਂ ਦੀ ਪਾਰਟੀ ਨਾਲ ਰਲਗੱਡ ਹੋ ਕੇ ਚੱਲਣ ਵਾਲੀ ਪਹੁੰਚ ਖ਼ਿਲਾਫ ਸੰਘਰਸ਼ ਵੀ ਕਰਦੇ ਹਾਂ।  ਸੰਘਰਸ਼ ਦਾ ਇਹ ਮਸਲਾ ਰਹਿੰਦਿਆਂ ਹੋਇਆਂ ਵੀ ਜਨਤਕ ਜਥੇਬੰਦੀ ਵਜੋਂ ਉਨਾਂ ਦੀ ਵੱਖਰੀ ਸ਼ਨਾਖ਼ਤ ਨੂੰ ਪ੍ਰਵਾਨ ਕਰਦਿਆਂ ਅਸੀਂ ਉਨਾਂ ਨਾਲ ਸਾਂਝੀ ਸਰਗਰਮੀ ਕਰਦੇ ਹਾਂ। ਪਰ ਸੰਯੁਕਤ ਸਮਾਜ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦਾ ਕੇਸ ਇਸ ਤੋਂ ਵੱਖਰਾ ਬਣਦਾ ਹੈ। 

ਇਨਾਂ ਕਿਸਾਨ ਜਥੇਬੰਦੀਆਂ ਵੱਲੋਂ ਇਉਂ ਆਪਣੀ ਹੋਂਦ ਦਾ ਤਿਆਗ ਕਰ ਕੇ ਸਿਆਸੀ ਪਾਰਟੀ  ’ਚ ਜਜ਼ਬ ਹੋ ਜਾਣ ਦੇ ਫੈਸਲੇ ਨੂੰ ਅਸੀਂ ਨਾਂਹ-ਪੱਖੀ ਘਟਨਾ ਵਿਕਾਸ ਸਮਝਦੇ ਹਾਂ। ਇਹ ਇੱਕ ਜਨਤਕ ਜਥੇਬੰਦੀ ਦੇ ਵਿਸ਼ੇਸ਼ ਰੋਲ ਨੂੰ ਮੇਸਣ ਦੀ ਪਹੁੰਚ ਹੈ। ਕਿਸਾਨਾਂ ਦੇ ਕਿਸੇ ਹਿੱਸੇ ਵੱਲੋਂ ਸਮਾਜ ਅੰਦਰ ਸਿਆਸੀ ਰੋਲ ਨਿਭਾਉਣ ਦਾ ਫੈਸਲਾ ਕਰਨਾ ਉਸ ਹਿੱਸੇ ਦੀ ਆਪਣੀ ਚੋਣ ਹੋ ਸਕਦੀ ਹੈ ਪਰ ਅਜਿਹਾ ਕਰਨ ਲਈ ਸਮੁੱਚੀ ਜਨਤਕ ਜਥੇਬੰਦੀ ਦੀ ਹੋਂਦ ਨੂੰ ਹੀ ਰੱਦ ਕਰ ਦੇਣਾ ਗੈਰ-ਵਾਜਬ ਹੈ। ਕਿਉਂਕਿ ਸਮਾਜ ਅੰਦਰ ਕਿਸੇ ਵੀ ਲੋਕ-ਪੱਖੀ ਸਿਆਸੀ ਸ਼ਕਤੀ ਦਾ ਆਪਣਾ ਰੋਲ ਹੈ ਤੇ ਇੱਕ ਜਨਤਕ ਜਥੇਬੰਦੀ ਦਾ ਆਪਣਾ ਵਿਸ਼ੇਸ਼ ਰੋਲ ਹੈ। ਇਹ ਇੱਕ ਦੂਸਰੇ ਦਾ ਬਦਲ ਨਹੀਂ ਹਨ। ਇਨਾਂ ਜਥੇਬੰਦੀਆਂ ਦੀਆਂ ਸਫ਼ਾਂ ’ਚੋਂ ਹੀ ਉੱਠੀਆਂ ਅਜਿਹੀਆਂ ਕਈ ਆਵਾਜ਼ਾਂ ਇਸੇ ਹਕੀਕਤ ਦੀ ਪੁਸ਼ਟੀ ਵੀ ਕਰਦੀਆਂ ਹਨ।   

ਵੱਲੋਂ : ਸੂਬਾ ਕਮੇਟੀ , ਬੀ ਕੇ ਯੂ ਏਕਤਾ ( ਉਗਰਾਹਾਂ )    

   

No comments:

Post a Comment