Friday, April 1, 2022

18. ਪੰਜਾਬ ਚੋਣਾਂ ਦਾ ਪ੍ਰਸੰਗ: ਭਾਜਪਾ ਦੇ ਫਾਸ਼ੀ ਹਮਲੇ ਨੂੰ ਕੌਣ ਡੱਕ ਸਕਦਾ ਹੈ...

 18. ਪੰਜਾਬ ਚੋਣਾਂ ਦਾ ਪ੍ਰਸੰਗ:

ਭਾਜਪਾ ਦੇ ਫਾਸ਼ੀ ਹਮਲੇ ਨੂੰ ਕੌਣ ਡੱਕ ਸਕਦਾ ਹੈ...


ਪੰਜਾਬ ਚੋਣਾਂ ਅੰਦਰ ਸ਼ਮੂਲੀਅਤ ਨਾ ਕਰ ਰਹੀਆਂ ਕਈ ਲੋਕ ਪੱਖੀ ਜਥੇਬੰਦੀਆਂ ਨੂੰ ਸਮਾਜ ਦੇ ਕੁੱਝ ਸੁਹਿਰਦ ਹਲਕਿਆਂ ਵੱਲੋਂ ਅਣਭੋਲ ਹੀ ਇਹ ਉਲਾਂਭਾ ਦਿੱਤਾ ਜਾ ਰਿਹਾ ਹੈ ਕਿ ਉਨਾਂ ਦਾ ਇਉਂ ਚੋਣਾਂ ਤੋਂ ਪਾਸੇ ਰਹਿਣਾ ਤੇ ਕਿਸੇ ਵਿਸ਼ੇਸ਼ ਪਾਰਟੀ ਨੂੰ ਜਿਤਾਉਣ ਲਈ ਉੱਦਮ ਨਾ ਕਰਨਾ ਭਾਜਪਾ ਲਈ ਵੀ ਰਾਹ ਪੱਧਰਾ ਕਰਨ ਦਾ ਸਾਧਨ ਬਣ ਸਕਦਾ ਹੈ। ਕਈ ਤਾਂ ਉਸ ਤੋਂ ਵੀ ਅਗਾਂਹ ਜਾਂਦਿਆਂ ਕਹਿ ਰਹੇ ਹਨ ਕਿ ਜੇ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਤਾਂ ਇਸ ਦਾ ਦੋਸ਼ ਹਾਕਮ ਜਮਾਤੀ ਸਿਆਸਤ ਤੋਂ ਦੂਰੀ ਰੱਖ ਰਹੀਆਂ ਇਨਾਂ ਜਥੇਬੰਦੀਆਂ ਦਾ ਹੋਵੇਗਾ।

ਕਿੰਨਾ ਵੱਡਾ ਭਰਮ ਹੈ !!!

 ਦੇਸ਼ ਅੰਦਰ ਲੋਕਾਂ ’ਤੇ ਫਿਰਕੂ ਫਾਸ਼ੀ ਹਮਲਾ ਬੋਲ ਰਹੀ ਭਾਜਪਾ ਦੇ ਹਮਲੇ ਦਾ ਟਾਕਰਾ ਕਰਨ ਲਈ ਕਿੰਨੇ ਭਰੋਸੇ ਨਾਲ ਉਨਾਂ ’ਤੇ ਟੇਕ ਰੱਖੀ ਜਾ ਰਹੀ ਹੈ ਜਿਹੜੇ ਕਦੇ ਵੀ ਭਾਜਪਾ ਦੇ ਪਾਲੇ ’ਚ ਜਾ ਸਕਦੇ ਹਨ। ਉਹਦੇ ਨਾਲ ਐਲਾਨਿਆ ਜਾਂ ਅਣ-ਐਲਾਨਿਆ ਗੱਠਜੋੜ ਕਰ ਕੇ ਚੱਲ ਸਕਦੇ ਹਨ । ਇਉਂ ਤਾਂ ਸਾਲ ਪਹਿਲਾਂ ਇਹ ਟੇਕ ਅਮਰਿੰਦਰ ਸਿੰਘ ’ਤੇ ਵੀ ਰੱਖੀ ਜਾ ਸਕਦੀ ਸੀ, ਸੁਖਦੇਵ ਸਿੰਘ ਢੀਂਡਸਾ ’ਤੇ ਵੀ ਰੱਖੀ ਜਾ ਸਕਦੀ ਸੀ, ਕਿਸੇ ਰਾਣਾ ਸੋਢੀ ’ਤੇ ਰੱਖੀ ਜਾ ਸਕਦੀ ਸੀ। ਕਿਸੇ ਚੰਨੀ ਜਾਂ ਸਿੱਧੂ ਦਾ ਕੱਲ ਨੂੰ ਕੀ ਭਰੋਸਾ ਕਿ ਉਹ ਭਾਜਪਾ ’ਚ ਨਹੀਂ ਜਾਣਗੇ। ਜਾਂ ਕੇਜਰੀਵਾਲ ਨੇ ਕੀਹਨੂੰ ਪੁੱਛ ਕੇ ਮੋਦੀ ਨਾਲ ਸਾਂਝ ਪਾਉਣੀ ਹੈ !

ਕੀ ਅਕਾਲੀਆਂ ਨੂੰ ਜਿਤਾ ਕੇ ਭਾਜਪਾ ਦਾ ਫਾਸ਼ੀ ਹੱਲਾ ਰੋਕਿਆ ਜਾ ਸਕਦਾ ਹੈ! ਇਹ ਤਾਂ ਉਂਜ ਹੀ ਚੋਣਾਂ ਮਗਰੋਂ ਮੁੜ ਹੋ ਜਾਣ ਵਾਲਾ ਗੱਠਜੋੜ ਹੋਵੇਗਾ।

ਕੀ ਹੁਣ ਵੀ ਕਿਸੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਭਾਜਪਾ ਦੇ ਫ਼ਿਰਕੂ  ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾ ਸਕੇਗਾ? ਦਿੱਲੀ ਦੇ ਲੋਕਾਂ ਨੇ ਕਾਂਗਰਸ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਤੀਹ-ਪੈਂਤੀ ਵਿਧਾਇਕ ਬਣਾਏ ਸਨ ਤੇ ਮਗਰੋਂ ਉਸੇ ਕਾਂਗਰਸ ਦੀ ਸਪੋਰਟ ਨਾਲ ਕੇਜਰੀਵਾਲ ਨੇ ਸਰਕਾਰ ਬਣਾਈ ਸੀ। ਦੋ ਸਾਲ ਪਹਿਲਾਂ ਦਿੱਲੀ ਅੰਦਰ ਭਾਜਪਾ ਵੱਲੋਂ ਜਥੇਬੰਦ ਕੀਤੇ ਗਏ ਫਿਰਕੂ ਕਤਲੇਆਮ ਵੇਲੇ ਕੇਜਰੀਵਾਲ ਸਰਕਾਰ ਦੀ ਚੁੱਪ ਸਹਿਮਤੀ ਸੀ। ਕੀ ਅਜਿਹੀ ਸਰਕਾਰ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਨੂੰ ਰੋਕਣ ਦਾ ਜ਼ਰੀਆ ਬਣ ਸਕਦੀ ਹੈ? ਆਮ ਆਦਮੀ ਪਾਰਟੀ ਦੇ ਕਿਹੜੇ ਵਿਧਾਇਕ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਕੱਲ ਨੂੰ ਭਾਜਪਾ ’ਚ ਨਹੀਂ ਜਾਵੇਗਾ। 

ਕੀ ਕਿਸੇ ਇੱਕ ਦੇ ਹਾਰ ਜਾਣ ਨਾਲ ਤੇ ਦੂਜੇ ਦੇ ਜਿੱਤ ਜਾਣ ਨਾਲ ਹੀ ਇਹ ਹਮਲਾ ਰੁਕ ਜਾਵੇਗਾ! ਕੀ ਇਹ ਹਮਲਾ ਰੋਕਣਾ ਬਸ ਇਨਾਂ ਅੰਕੜਿਆਂ ਦੀ ਖੇਡ ਹੀ ਹੈ। ਇਹ ਬਹੁਤ ਵੱਡਾ ਭਰਮ ਹੈ। ਅਜਿਹਾ ਹੀ ਇੱਕ ਭਰਮ ਇਨਾਂ ਮੌਕਾਪ੍ਰਸਤ ਸਿਆਸਤਦਾਨਾਂ ਤੇ ਪਾਰਟੀਆਂ ਦੇ ਧਰਮ ਨਿਰਪੱਖ ਹੋਣ ਦਾ ਵੀ ਹੈ। 

ਦਿੱਲੀ ’ਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਜਾਂ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲਣ ਵਾਲੀ ਤੇ ਭਾਜਪਾ ਦਾ ਟਾਕਰਾ ਕਰਨ ਲਈ ਸ਼ੁੱਧ ਹਿੰਦੂ ਹੋਣ ਦਾ ਦਾਅਵਾ ਕਰਨ ਵਾਲੀ  ਕਾਂਗਰਸ ਕੀ ਧਰਮ ਨਿਰਪੱਖ ਹੈ?

ਚੋਣਾਂ ਦੇ ਦਿਨਾਂ ’ਚ ਮੰਦਰਾਂ ਦੇ ਗੇੜੇ ਕੱਢਣ ਵਾਲੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੀ ਧਰਮ-ਨਿਰਪੱਖ ਹੈ?

ਸਾਰੀ ਉਮਰ ਪੰਥ ਨੂੰ ਗੱਦੀ ਲਈ ਵਰਤਣ ਵਾਲੀ ਅਕਾਲੀ ਲੀਡਰਸ਼ਿਪ ਤਾਂ ਰਸਮੀ ਤੌਰ ’ਤੇ ਵੀ ਧਰਮ ਨਿਰਪੱਖ ਨਹੀਂ ਹੈ। 

ਭਾਰਤੀ ਹਾਕਮ ਜਮਾਤੀ ਵੋਟ ਪਾਰਟੀਆਂ ’ਚੋਂ ਧਰਮ ਨਿਰਪੱਖਤਾ ਲੱਭਣੀ ਬਹੁਤ ਔਖੀ ਹੈ। ਧਰਮ ਨਿਰਪੱਖ ਅਖਵਾ ਰਹੀ ਮਮਤਾ ਬੈਨਰਜੀ ਨੇ ਵੀ ਵਾਜਪਾਈ ਸਰਕਾਰ ਦੇ ਮੰਤਰੀ ਰਹੇ ਯਸ਼ਵੰਤ ਸਿਨਹਾ ਨੂੰ ਧਰਮ ਨਿਰਪੱਖ ਹੋਣ ਦਾ ਲਾਇਸੈਂਸ ਦਿੱਤਾ ਹੋਇਆ ਹੈ। ਇਸੇ ਕਰਕੇ ਹੀ ਇਹ ਵੋਟ ਪਾਰਟੀਆਂ ਭਾਜਪਾ ਦੇ ਫ਼ਿਰਕੂ ਫਾਸ਼ੀ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹਨ। ਸਭ ਵੋਟਾਂ ਲਈ ਡੇਰਿਆਂ  ’ਤੇ ਗੇੜੇ ਕੱਢਦੇ ਹਨ, ਤੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਵੱਡੇ ਧਰਮੀ ਹੋਣ ਦਾ ਦਿਖਾਵਾ ਕਰਦੇ ਹਨ।  


ਕੀ ਭਰੋਸਾ ਕਿ ਪੰਜਾਬ ਦੇ ਲੋਕ ਜਿਹਨੂੰ ਗੱਦੀ ’ਤੇ ਬਿਠਾਉਣਗੇ ਉਹ ਕੱਲ ਨੂੰ ਕੇਂਦਰੀ ਭਾਜਪਾਈ ਹਕੂਮਤ ਨਾਲ ਰਲ ਕੇ ਨਹੀਂ ਚੱਲੇਗਾ ।

ਇਸ ਲਈ ਇਨਾਂ ਵੋਟ ਪਾਰਟੀਆਂ ਰਾਹੀਂ ਭਾਜਪਾ ਦੇ ਫ਼ਿਰਕੂਪੁਣੇ ਨੂੰ ਠੱਲਣ ਦਾ ਭਰਮ ਤਿਆਗਣ ’ਚ ਹੀ ਭਲਾਈ ਹੈ। ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਦਾ ਟਾਕਰਾ ਸੰਘਰਸ਼ਾਂ ਦੇ ਅਖਾੜੇ ’ਚ ਹੀ ਕੀਤਾ ਜਾ ਸਕਦਾ ਹੈ, ਤਾਜ਼ਾ ਕਿਸਾਨ ਸੰਘਰਸ਼ ਦਾ ਤਜ਼ਰਬਾ ਵੀ ਇਹੀ ਦੱਸਦਾ ਹੈ। ਇਸ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਜੇਕਰ ਵੋਟ ਸਿਆਸਤ ਦੀ ਮਾਰੂ ਲਾਗ ਤੋਂ ਆਪਣੇ ਆਪ ਨੂੰ ਬਚਾ ਕੇ ਰੱਖ ਰਹੀਆਂ ਹਨ ਤਾਂ ਇਹ ਆਸ ਦੀ ਕਿਰਨ ਹਨ। ਇਹ ਲੋਕਾਂ ਦੇ ਜਮਾਤੀ ਸੰਘਰਸ਼ ਹਨ ਜੋ ਭਾਜਪਾ ਦੀ ਫ਼ਿਰਕੂ ਜ਼ਹਿਰ ਦੀ ਕਾਟ ਵੀ ਬਣਦੇ ਹਨ, ਉਹਦੇ ਫ਼ਿਰਕੂ ਹੱਲੇ ਮੂਹਰੇ ਅੜਿਕਾ ਵੀ ਬਣਦੇ ਹਨ। ਮੁਲਕ ਦੇ ਲੋਕਾਂ ਦੀ ਵਿਸ਼ਾਲ ਜਮਾਤੀ ਏਕਤਾ ਹੀ ਭਾਜਪਾਈ ਹੱਲੇ ਨੂੰ ਸੰਘਰਸਾਂ ਰਾਹੀਂ ਠੱਲ ਸਕਦੀ ਹੈ।

ਇਸ ਲਈ ਲੋਕ ਜਥੇਬੰਦੀਆਂ ਨੂੰ ਕੋਸਣ ਦੀ ਬਜਾਏ ਕਿਸੇ ਇੱਕ ਵੋਟ ਪਾਰਟੀ ਨੂੰ ਗੱਦੀ ’ਤੇ ਬਿਠਾ ਕੇ ਭਾਜਪਾ ਦੇ ਫਾਸ਼ੀ ਹੱਲੇ ਨੂੰ ਡੱਕ ਸਕਣ ਦੇ ਭਰਮਾਂ ਤੋਂ ਮੁਕਤ ਹੋਣ ਦੀ ਲੋੜ ਹੈ। ਲੋਕ ਸੰਘਰਸ਼ਾਂ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਦੀ ਸੇਧ ਵਿੱਚ ਡਟਣ ਦੀ ਲੋੜ ਹੈ। ਮੌਕਾਪ੍ਰਸਤ ਵੋਟ ਸਿਆਸਤਦਾਨ ਨਹੀਂ, ਸਗੋਂ ਇਹ ਪੰਜਾਬ ਦੇ ਲੋਕ ਹੀ ਹੋਣਗੇ ਜਿਹੜੇ ਭਾਜਪਾ ਦੇ ਫਾਸ਼ੀ ਜਬਰ ਦਾ ਡਟ ਕੇ ਸਾਹਮਣਾ ਕਰਨਗੇ। 

ਸੰਪਾਦਕ ਦੀ ਫੇਸ ਬੁੱਕ ਪੋਸਟ

   

No comments:

Post a Comment