Friday, April 1, 2022

25. ਲੋਕ ਕਲਿਆਣ ਰੈਲੀ ’ਚ ਸਾਂਝੇ ਅਹਿਮ ਮੁੱਦਿਆਂ ਦੀ ਗੂੰਜ - ਸੰਘਰਸ਼ਾਂ ਦੇ ਬਦਲਵੇਂ ਰਾਹ ਦਾ ਹੋਕਾ

25.  ਲੋਕ ਕਲਿਆਣ ਰੈਲੀ ’ਚ ਸਾਂਝੇ ਅਹਿਮ ਮੁੱਦਿਆਂ ਦੀ ਗੂੰਜ
                           ਸੰਘਰਸ਼ਾਂ ਦੇ ਬਦਲਵੇਂ ਰਾਹ ਦਾ ਹੋਕਾ  

ਪੰਜਾਬ ਵਿਧਾਨ ਸਭਾ  ਚੋਣਾਂ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 17 ਫਰਵਰੀ ਨੂੰ ਬਰਨਾਲਾ ਵਿਚ ਕੀਤੀ ਗਈ ‘‘ਲੋਕ ਕਲਿਆਣ ਰੈਲੀ’’ ਇਕ ਸਫਲ ਰੈਲੀ ਸੀ ਜਿਸ ਨੇ ਪੰਜਾਬ ਦੇ ਸਿਆਸੀ ਦਿ੍ਰਸ਼ ’ਤੇ ਲੋਕਾਂ ਦੇ ਸਾਂਝੇ ਅਹਿਮ ਮੁੱਦੇ ਉਭਾਰਨ ਤੇ ਇਹਨਾਂ ਦੇ ਹੱਲ ਲਈ ਸਾਂਝੇ ਲੋਕ ਸੰਘਰਸ਼ਾਂ ਦੇ ਰਾਹ ਨੂੰ ਬੁਲੰਦ ਕਰਨ ਦਾ ਮਹੱਤਵਪੂਰਨ ਹੋਕਾ ਉੱਚਾ ਕੀਤਾ। ਇਸ ਵੱਡੇ ਜਨਤਕ ਹੰਭਲੇ ਦੀ ਸਫਲਤਾ ਨਾ ਸਿਰਫ ਵਿਸ਼ਾਲ ਇਕੱਤਰਤਾ ’ਚ ਸੀ ਸਗੋਂ ਇਸ ਇਕੱਤਰਤਾ ਦੇ ਮੰਚ ਤੋਂ  ਉੱਭਰੇ ਕੇਂਦਰੀ ਸੰਦੇਸ਼ ’ਚ ਸੀ ਜਿਸ ਨੇ ਲੋਕਾਂ ਦੇ ਕਲਿਆਣ ਦੇ ਹਕੀਕੀ ਮੁੱਦੇ ਅਤੇ ਹਕੀਕੀ ਰਸਤੇ ਨੂੰ ਬੁਲੰਦ ਕੀਤਾ। ਇਹ ਰੈਲੀ ਇਸ ਕਿਸਾਨ ਜਥੇਬੰਦੀ ਵੱਲੋਂ ਸ਼ੁਰੂ ਕੀਤੀ ਗਈ ‘‘ਵੋਟ ਭਰਮ ਤੋੜੋ-ਲੋਕ ਤਾਕਤ ਜੋੜੋ’’ ਨਾਂ ਦੀ ਜਨਤਕ ਮੁਹਿੰਮ ਦਾ ਸਿਖਰ ਸੀ ਜਿਸ ਮੁਹਿੰਮ ਰਾਹੀਂ ਜਥੇਬੰਦੀ ਨੇ ਹਾਕਮ ਪਾਰਟੀਆਂ ਦੀਆਂ ਵੋਟ ਮੁਹਿੰਮਾਂ ਦੌਰਾਨ ਆਪਣੀ ਪੁਜੀਸ਼ਨ ਲੋਕਾਂ ਅੱਗੇ ਰੱਖੀ। 

ਪੰਜਾਬ ਦੀ ਕਿਸਾਨੀ ਅੰਦਰ ਵੱਡੇ ਅਧਾਰ ਵਾਲੀ ਜਥੇਬੰਦੀ ਬੀ.ਕੇ.ਯੂ. ਏਕਤਾ (ਉਗਰਾਹਾਂ) ਇਸ ਵਾਰ ਸੂਬੇ ਦੇ ਆਮ ਲੋਕਾਂ ਦੇ ਨਾਲ ਨਾਲ ਸਭਨਾਂ ਸਿਆਸੀ ਹਲਕਿਆਂ ਦੀਆਂ ਨਿਗਾਹਾਂ ਵਿਸ਼ੇਸ਼ ਕਰਕੇ ਲੱਗੀਆਂ ਹੋਈਆਂ ਸਨ ਕਿਉਕਿ ਕਿਸਾਨੀ ਸੰਘਰਸ਼ ਦੌਰਾਨ ਇਸ ਵੱਲੋਂ ਕੀਤੀਆਂ ਗਈਆਂ ਵੱਡੀਆਂ ਜਨਤਕ ਲਾਮਬੰਦੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਸੀ। ਵੱਖ ਵੱਖ ਹਲਕੇ ਇਸ ਵੱਲੋਂ ਚੋਣਾਂ ਦੌਰਾਨ ਸਾਰਥਕ ਭੂਮਿਕਾ ਨਿਭਾਉਣ ਦੀ ਤਵੱਕੋ  ਵੀ ਰਖਦੇ ਸਨ। ਅਜਿਹੇ ਮਹੌਲ ਦਰਮਿਆਨ ਚੋਣਾਂ ਦਾ ਐਲਾਨ ਹੁੰਦਿਆਂ ਹੀ ਜਥੇਬੰਦੀ ਨੇ ਚੰਡੀਗੜ ’ਚ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੈਂਤੜਾ ਪੂਰੀ ਸਪਸ਼ਟਤਾ ਨਾਲ ਲੋਕਾਂ ਸਾਹਮਣੇ ਰੱਖਿਆ ਅਤੇ ਇਕ ਪੈਂਫਲਿਟ ਵੀ ਪੰਜਾਬ ਦੇ ਲੋਕਾਂ ਦੇ ਨਾਂ ਜਾਰੀ ਕੀਤਾ। ਇਸ ਪੈਂਫਲਿਟ ਵਿੱਚ ਵਿਸ਼ੇਸ਼ ਕਰਕੇ ਲੋਕਾਂ ਦੇ ਸਾਂਝੇ ਨੀਤੀ ਮੁੱਦੇ ਉਭਾਰਦਿਆਂ ਇਹਨਾਂ ਨੂੰ ਸਾਂਝੇ ਸੰਘਰਸ਼ਾਂ ਦੇ ਮੁੱਦੇ ਬਣਾਉਣ ਦਾ ਹੋਕਾ ਦਿੱਤਾ ਗਿਆ। ਇੱਕ ਲੱਖ ਦੀ ਗਿਣਤੀ ’ਚ ਇਹ ਪੈਂਫਲਿਟ ਜਥੇਬੰਦੀ ਦੇ ਆਧਾਰ ਵਾਲੇ ਪਿੰਡਾਂ ’ਚ ਘਰ ਘਰ ਤੱਕ ਵੰਡਿਆ ਗਿਆ। ਉਸ ਤੋਂ ਮਗਰੋਂ ਇਕ  ਹੱਥ ਪਰਚਾ ਵੀ 6 ਲੱਖ ਦੀ ਗਿਣਤੀ ’ਚ ਵੰਡਿਆ ਗਿਆ। 

ਛੋਟੇ ਅਰਸੇ ਦੀ ਜਨਤਕ ਮੁਹਿੰਮ ਦੇ ਸਿਖਰ ’ਤੇ ਹੋਈ ਬਰਨਾਲਾ ਰੈਲੀ ’ਚ ਜੁੜੀ ਲੋਕਾਈ ਦਾ ਵਿਸ਼ਾਲ ਇਕੱਠ ਆਪਣੇ ਆਪ ’ਚ ਹੀ ਪ੍ਰਭਾਵਸ਼ਾਲੀ ਸੰਦੇਸ਼ ਬਣਦਾ ਸੀ ਕਿ ਪਿਛਲੇ ਸਾਲਾਂ ’ਚ ਤਿੱਖੇ ਜਨਤਕ ਸੰਘਰਸ਼ਾਂ ਦੇ ਦੌਰ ’ਚੋਂ ਗੁਜ਼ਰਿਆ ਪੰਜਾਬ ਦਾ ਇਹ ਸਭ ਤੋਂ ਸਰਗਰਮ ਹਿੱਸਾ ਵੋਟਾਂ ਦੇ ਦਿਨਾਂ ’ਚ ਭਰਮਾਇਆ ਨਹੀਂ ਜਾ ਸਕਿਆ ਅਤੇ ਪੂਰੀ ਸਰਗਰਮੀ ਨਾਲ ਵੋਟ ਸਿਆਸਤ ਤੋਂ ਝਾਕ ਮੁਕਾ ਕੇ ਸੰਘਰਸ਼ਾਂ ਦੇ ਰਾਹ ’ਤੇ ਅੱਗੇ ਵਧਣ ਦਾ ਹੋਕਾ ਦੇ ਰਿਹਾ ਸੀ। ਇਸ ਇਕੱਠ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦੇ ਐਨ ਵਿਚਕਾਰ ਹੋਇਆ ਜਦੋਂ ਪੇਂਡੂ ਧਨਾਡ ਚੌਧਰੀਆਂ ਦੀਆਂ ਜਮਾਤੀ ਦਾਬੇ ਦੀਆਂ ਸਾਰੀਆਂ ਕਲਾਵਾਂ ਪੂਰੇ ਜਲੌਅ ’ਤੇ ਟਹਿਕ ਆਈਆਂ ਹਨ। ਜਦੋਂ ਲਾਲਚਾਂ ਤੇ ਲਾਰਿਆਂ ’ਚ ਲੋਕ ਭਰਮਾਏ ਜਾ ਰਹੇ ਹੁੰਦੇ ਹਨ ਤਾਂ ਇਸ ਵੇਲੇ ਅਜਿਹੇ ਮੁੱਦਿਆਂ ਦੁਆਲੇ ਏਡਾ ਵਿਸ਼ਾਲ ਇਕੱਠ ਜੁੜਨਾ ਲੋਕਾਂ ’ਚ ਹਕੀਕੀ ਮੁੱਦਿਆਂ ਬਾਰੇ  ਵਧੀ ਚੇਤਨਾ ਦੀ ਗਵਾਹੀ ਵੀ ਬਣਿਆ ਹੈ। 

ਇਸ ਰੈਲੀ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਸਿਰਫ ਕਿਸਾਨਾਂ ਦੀ ਹੀ ਰੈਲੀ ਨਹੀਂ ਸੀ। ਇਸ ਰੈਲੀ ਨੂੰ ਜਥੇਬੰਦ ਕਰਨ ਰਾਹੀਂ ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ ਅਜਿਹੀ ਸਮਾਜਕ ਸ਼ਕਤੀ ਦੀ ਭੂਮਿਕਾ ਅਦਾ ਕੀਤੀ ਹੈ ਜਿਹੜੀ ਸਮਾਜ ਦੇ ਸਭਨਾਂ ਮਿਹਨਤਕਸ਼ ਵਰਗਾਂ ਨੂੰ ਸਾਂਝੇ ਮੁੱਦਿਆਂ ’ਤੇ ਇੱਕਜੁੱਟ ਕਰਨ ਲਈ ਯਤਨਸ਼ੀਲ ਹੈ। ਇਸ ਲਈ ਇਸ ਰੈਲੀ ਦੇ ਮੁੱਦੇ ਸਿਰਫ ਕਿਸਾਨੀ ਦੇ ਮੁੱਦੇ ਹੀ ਨਹੀਂ ਸਨ ਸਗੋਂ ਪੰਜਾਬ ਦੇ ਸਭਨਾਂ ਮਿਹਨਤਕਸ਼ ਤਬਕਿਆਂ ਦੇ ਸਾਂਝੇ ਅਹਿਮ ਮੁੱਦੇ ਸਨ ਜਿਨਾਂ ਨਾਲ ਲੋਕਾਂ ਦੀ ਹੋਣੀ ਸਿੱਧੇ ਤੌਰ ’ਤੇ ਜੁੜੀ ਹੈ। ਇਹ ਮੁੱਦੇ ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਉਭਾਰੇ ਜਾ ਰਹੇ ਅੰਸ਼ਕ ਰਿਆਇਤਾਂ ਦੇ ਐਲਾਨਾਂ ਜਾਂ ਦੰਭੀ ਨਾਅਰਿਆਂ ਦੇ ਮੁਕਾਬਲੇ ਬਦਲਵੇਂ ਲੋਕ ਪੱਖੀ ਵਿਕਾਸ ਮਾਡਲ ਦੀ ਉਸਾਰੀ ਲਈ ਅਧਾਰ ਬਣਨ ਦੀ ਮਹੱਤਤਾ ਰਖਦੇ ਹਨ। ਜਿਵੇਂ ਰੈਲੀ ਦੇ ਜਾਰੀ ਕੀਤੇ ਪੋਸਟਰ ਵਿੱਚ ਤੇ ਪਹਿਲਾਂ ਜਾਰੀ ਕੀਤੇ ਗਏ ਪੈਂਫਲਿਟ ਵਿੱਚ ਵੀ ਜ਼ਮੀਨੀ ਸੁਧਾਰ ਕਰਨ, ਸੂਦਖੋਰੀ ਦਾ ਖਾਤਮਾ ਕਰਨ, ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਸਾਮਰਾਜੀ ਲੁੱਟ ਦਾ ਖਾਤਮਾ ਕਰਨ, ਸਰਵ-ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਸਿਹਤ, ਸਿੱਖਿਆ ਤੇ ਆਵਾਜਾਈ ਵਰਗੀਆਂ ਸੇਵਾਵਾਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਵਰਗੇ ਮੁੱਦੇ ਉਭਾਰੇ ਗਏ ਹਨ। ਰੈਲੀ ਦੌਰਾਨ ਇਹਨਾਂ ਮੁੱਦਿਆਂ ਦੀ ਵਿਆਖਿਆ ਵੀ ਕੀਤੀ ਗਈ ਤੇ ਇਹਨਾਂ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਹੋਈ। ਇਹ ਮੁੱਦੇ ਲੋਕਾਂ ਦੀ ਜ਼ਿੰਦਗੀ ’ਚ ਕਿਸੇ ਸਾਰਥਕ ਤਬਦੀਲੀ ਦਾ ਸਾਧਨ ਬਣਨ ਦੇ ਮੁੱਦੇ ਹਨ। ਇਹਨਾਂ ਮੁੱਦਿਆਂ ਦੀ ਚਰਚਾ ਮੌਕਾਪ੍ਰਸਤ ਵੋਟ ਪਾਰਟੀਆਂ ਵੱਲੋਂ ਵੱਖ 2 ਨਾਵਾਂ ਵਾਲੇ ਹਰ ਵੰਨਗੀ ਦੇ ਮਾਡਲਾਂ ’ਚੋਂ ਗਾਇਬ ਸੀ। ਇਹ ਮੁੱਦੇ ਇਹਨਾਂ ਮਾਡਲਾਂ ਨਾਲੋਂ ਐਨ ਟਕਰਾਵੇਂ ਹਨ। ਇਸ ਰੈਲੀ ਰਾਹੀਂ ਇਹਨਾਂ ਦਾ ਉਭਰਨਾ ਸਿਰਫ ਚੋਣਾਂ ਦੇ ਮੌਜੂਦਾ ਸਮੇਂ ’ਚ ਹੀ ਪ੍ਰਸੰਗਕ ਨਹੀਂ ਸਗੋਂ ਇਹਨਾਂ ਦਾ ਮਹੱਤਵ ਭਵਿੱਖ ਦੇ ਸੰਘਰਸ਼ਾਂ ਦੇ ਮੁੱਦਿਆਂ ਵਜੋਂ ਵੀ ਹੈ। 

ਇਹ ਮੁੱਦੇ ਅਜਿਹੇ ਹਨ ਜਿੰਨਾਂ ਨੂੰ ਲੋਕਾਂ ਦੇ ਸਾਂਝੇ ਸੰਘਰਸ਼ਾਂ ਦੇ ਮੁੱਦੇ ਬਣਾਉਣਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਦਾ ਅਗਲਾ ਵਿਕਾਸ ਪੜਾਅ ਬਣਦਾ ਹੈ। ਲੋਕਾਂ ਦੇ ਸੰਘਰਸ਼ਾਂ ਨੂੰ ਇਹਨਾਂ ਨੀਤੀ ਮੁੱਦਿਆਂ ਤੱਕ ਲਿਜਾਣ ਦੀ ਜ਼ਰੂਰਤ ਹੈ। ਇਹ ਨੀਤੀ ਮੁੱਦੇ ਹੀ ਸਾਂਝੇ ਲੋਕ ਸੰਘਰਸ਼ਾਂ ਦਾ ਅਧਾਰ ਬਣਨੇ ਹਨ। ਇਹਨਾਂ ਨੂੰ ਉਭਾਰਨਾ ਮੌਜੂਦਾ ਹਾਲਤ ਦੀ ਮੰਗ ਨੂੰ ਐਨ ਢੁੱਕਵਾਂ ਹੁੰਗਾਰਾ ਹੈ। ਇਹ ਲੋਕਾਂ ਦਾ ਆਪਣਾ ਏਜੰਡਾ ਸੀ। ਇਹ ਕਿਸੇ ਵਕਤੀ ਜਾਂ ਅੰਸ਼ਕ ਖੇਤਰ ਦੇ ਹੱਲੇ ਖਿਲਾਫ ਜਾਗੇ ਰੋਹ ’ਚ ਹੋਇਆ ਇਕੱਠ ਨਹੀਂ ਸੀ ਸਗੋਂ ਇਹ ਬਦਲਵੇਂ ਲੋਕ ਪੱਖੀ ਪ੍ਰੋਗਰਾਮ ਦੇ ਅੰਸ਼ਾਂ ਦੁਆਲੇ ਜੁੜੀ ਲੋਕਾਈ ਸੀ ਜਿਹੜੀ ਬਦਲਵੇਂ ਇਨਕਲਾਬੀ ਸਿਆਸੀ ਬਦਲ ਦੀ ਉਸਾਰੀ ਦੀਆਂ ਸੰਭਾਵਨਾਵਾਂ ਦੇ ਸੰਕੇਤ ਦੇ ਰਹੀ ਸੀ। 

ਲੋਕ ਕਲਿਆਣ ਰੈਲੀ ’ਚ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਸਮੇਤ ਕਈ ਮਿਹਨਤਕਸ਼ ਤਬਕਿਆਂ ਦੀ ਮੌਜੂਦਗੀ ਲੋਕਾਂ ਦੀ ਤਾਕਤ ਦੇ ਪੋਲ ਦਾ ਦਿ੍ਰਸ਼ ਉਭਾਰ ਰਹੀ ਸੀ। ਲੋਕ ਸ਼ਕਤੀ ਦਾ ਅਜਿਹਾ ਪੋਲ ਜਿਹੜਾ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ’ਤੇ ਅੱਜ ਲੋਕਾਂ  ਕੋਲ ਹੈ ਪਰ ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤੇ ਹੋਰ ਵਿਸ਼ਾਲਤਾ ਨਾਲ ਉਭਾਰਨ ਦੀ ਜ਼ਰੂਰਤ ਹੈ। ਮੰਚ ਤੋਂ ਸਭਨਾਂ ਮਿਹਨਤਕਸ਼ ਤਬਕਿਆਂ ਨੇ ਇਹਨਾਂ ਸਾਂਝੇ ਮੁੱਦਿਆਂ ’ਤੇ ਸਾਂਝੇ ਸੰਘਰਸ਼ਾਂ ਦੀ ਉਸਾਰੀ ਦੀ ਲੋੜ ਨੂੰ ਹੁੰਗਾਰਾ ਦਿੰਦਿਆਂ ਅਜਿਹੇ ਮੁਕਾਬਲੇ ਦੇ ਪੋਲ ਦੀ ਲੋੜ ਦੀ ਗੱਲ ਕੀਤੀ। 

ਬੀ.ਕੇ.ਯੂ ਏਕਤਾ (ਉਗਰਾਹਾਂ) ਵੱਲੋਂ ਜਥੇਬੰਦ ਕੀਤੀ ਗਈ ਇਸ ਰੈਲੀ ਰਾਹੀਂ ਜਿੱਥੇ ਇੱਕ ਕਿਸਾਨ ਜਥੇਬੰਦੀ ਵੱਲੋਂ ਇੱਕ ਸਿਆਸੀ ਸ਼ਕਤੀ ਦੇ ਖਲਾਅ ਦੀ ਹਾਲਤ ’ਚ ਸਮਾਜਕ ਸ਼ਕਤੀ ਵਜੋਂ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਪਰ ਨਾਲ ਹੀ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਸਪਸ਼ਟਤਾ ਨਾਲ ਕਿਹਾ ਕਿ ਸਾਡੀ ਭੂਮਿਕਾ ਇੱਕ ਜਨਤਕ ਜਥੇਬੰਦੀ ਦੀ ਭੂਮਿਕਾ ਹੈ, ਜੋ ਸਾਡੇ ਦਾਇਰੇ ਘੇਰੇ ਵਿਚ ਆਉਦਾ ਹੈ ਤੇ ਜੋ ਸਾਡਾ ਵਿਤ ਹੈ ਅਸੀਂ ਉਸ ਅਨੁਸਾਰ ਆਪਣਾ  ਸੰਦੇਸ਼ ਦੇ ਰਹੇ ਹਾਂ। ਅਸੀਂ ਸਿਆਸੀ ਪਾਰਟੀ ਦੀ ਭੂਮਿਕਾ ’ਚ ਨਹੀਂ ਆ ਸਕਦੇ। ਸਾਡਾ ਆਪਣਾ ਵਿਸ਼ੇਸ਼  ਰੋਲ ਹੈ ਤੇ ਸਿਆਸੀ ਪਾਰਟੀਆਂ ਦਾ ਆਪਣਾ। ਜੋ ਰੋਲ ਸਾਡੇ ਹਿੱਸੇ ਆਇਆ ਹੈ ਅਸੀਂ ਚੁਣਿਆ ਹੈ ਅਸੀਂ ਉਹ ਨਿਭਾਅ ਰਹੇ ਹਾਂ। ਅਸੀਂ ਮੁੱਦੇ ਤੁਹਾਡੇ ਸਾਹਮਣੇ ਰੱਖੇ ਹਨ ਤੇ ਇਹਨਾਂ ਦੇ ਹੱਲ ਦਾ ਰਸਤਾ ਵੀ ਦੱਸਿਆ ਹੈ। ਅਸੀਂ ਇਹਨਾਂ ਮੁੱਦਿਆਂ ਦੇ ਹੱਲ ਲਈ ਸਾਂਝੇ ਤੇ ਵਿਸ਼ਾਲ ਸੰਘਰਸ਼ ਉਸਾਰਨ ਲਈ ਯਤਨਸ਼ੀਲ ਰਹਾਂਗੇ।

ਇਹ ਰੈਲੀ ਲੋਕਾਂ ਦੇ ਕਲਿਆਣ ਦਾ ਅੰਸ਼ਕ ਬਦਲ ਉਭਾਰਨ ’ਚ ਕਾਮਯਾਬ ਰਹੀ ਉਥੇ ਲੋਕਾਂ ਨੂੰ ਇਹ ਸੰਦੇਸ਼ ਦੇਣ ’ਚ ਵੀ ਕਾਮਯਾਬ ਰਹੀ ਕਿ ਲੋਕ ਸੰਘਰਸ਼ਾਂ ’ਚ ਨੇਹਚਾ ਤੇ ਸਪਸ਼ਟਤਾ ਨਾਲ ਜੁਟਿਆ ਇਹ ਹਿੱਸਾ ਹਾਕਮ ਜਮਾਤਾਂ ਦੀ ਵੋਟ ਸਿਆਸਤ ਤੋਂ ਆਪਣੀ ਏਕਤਾ ਦੀ ਰਾਖੀ ਕਰਨ ’ਚ ਵੀ ਕਾਮਯਾਬ ਹੋਇਆ ਹੈ। 

   

No comments:

Post a Comment