1. ਸਾਮਰਾਜੀ ਖਹਿਭੇੜ :
ਰੂਸ ਯੂਕਰੇਨ ਜੰਗ
ਰੂਸ ਤੇ ਯੂਕਰੇਨ ਦਰਮਿਆਨ ਜੰਗ ਹੋ ਰਹੀ ਹੈ। ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਹੈ ਤੇ ਰੂਸੀ ਫੌਜਾਂ ਯਕਰੇਨ ਅੰਦਰ ਵੱਖ 2 ਥਾਵਾਂ ’ਤੇ ਕਬਜੇ ਜਮਾ ਰਹੀਆਂ ਹਨ। ਪਿਛਲੇ 8 ਦਿਨਾਂ ਤੋਂ ਚੱਲ ਰਹੀ ਇਸ ਜੰਗ ’ਚ ਹਜ਼ਾਰਾਂ ਆਮ ਲੋਕ ਤੇ ਫੌਜੀ ਮਾਰੇ ਜਾ ਚੁੱਕੇ ਹਨ। ਲੱਖਾਂ ਲੋਕਾਂ ਵੱਲੋਂ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ’ਚ ਸ਼ਰਨ ਲੈਣ ਦੀਆਂ ਖਬਰਾਂ ਆ ਰਹੀਆਂ ਹਨ। ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚੀਆਂ ਹੋਈਆਂ ਹਨ ਜਦ ਕਿ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ’ਤੇ ਰੂਸੀ ਫੌਜ ਨੇ ਕਬਜ਼ਾ ਜਮਾ ਲਿਆ ਹੈ। ਸੰਸਾਰ ਭਰ ਦੇ ਮੀਡੀਆ ਅਦਾਰੇ ਮਿੰਟ ਮਿੰਟ ’ਤੇ ਇਸ ਜੰਗ ਦੀਆਂ ਖਬਰਾਂ ਦੇ ਰਹੇ ਹਨ। ਯੂਕਰੇਨ ’ਚ ਉਜਾੜੇ ਜਾ ਰਹੇ ਘਰਾਂ, ਤਬਾਹ ਹੋ ਰਹੀਆਂ ਇਮਾਰਤਾਂ ਤੇ ਵਿਲਕਦੇ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੁਨੀਆਂ ਭਰ ਦੇ ਲੋਕਾਂ ਅੰਦਰ ਜੰਗ ਪ੍ਰਤੀ ਨਫ਼ਰਤ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰ ਰਹੀਆਂ ਹਨ। ਪੱਛਮੀ ਸਰਮਾਏਦਾਰਾਨਾ ਮੁਲਕਾਂ ਤੇ ਅਮਰੀਕਾ ਦੇ ਪ੍ਰਭਾਵ ਵਾਲਾ ਭਾਰੂ ਮੀਡੀਆ ਇਸ ਨੂੰ ਰੂਸੀ ਵਧੀਕੀ ਵਜੋਂ ਪੇਸ਼ ਕਰ ਰਿਹਾ ਹੈ ਤੇ ਯੂਕਰੇਨ ਨੂੰ ਪੀੜਤ ਧਿਰ ਵਜੋਂ ਜੂਝ ਰਿਹਾ ਦੇਸ਼ ਪੇਸ਼ ਕਰ ਰਿਹਾ ਹੈ। ਅਮਰੀਕੀ ਅਗਵਾਈ ਹੇਠ ਦੂਸਰੇ ਸਾਮਰਾਜੀ ਮੁਲਕਾਂ ਵੱਲੋਂ ਰੂਸ ਖਿਲਾਫ਼ ਆਰਥਿਕ ਪਾਬੰਦੀਆਂ ਦੇ ਐਲਾਨ ਹੋ ਰਹੇ ਹਨ ਤੇ ਸੰਯੁਕਤ ਰਾਸ਼ਟਰ ’ਚ ਰੂਸ ਖਿਲਾਫ਼ ਮਤੇ ਲਿਆਂਦੇ ਜਾ ਰਹੇ ਹਨ। ਰੂਸੀ ਸਾਮਰਾਜ ਖਿਲਾਫ਼ ਨਾਟੋ ਮੁਲਕਾਂ ਵੱਲੋਂ ਯੂਕਰੇਨ ਦੀ ਆਰਥਿਕ ਤੇ ਫੌਜੀ ਸਹਾਇਤਾ ਦੇ ਕਦਮ ਚੁੱਕੇ ਜਾ ਰਹੇ ਹਨ। ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਹਨ। ਰੂਸ ਵੱਲੋਂ ਪ੍ਰਮਾਣੂੰ ਹਮਲੇ ਦੀਆਂ ਅਸਿੱਧੇ ਢੰਗ ਨਾਲ ਧਮਕੀਆਂ ਦਿੱਤੀਆਂ ਗਈਆਂ ਹਨ। ਚਾਹੇ ਰੂਸ ਤੇ ਯੂਕਰੇਨ ਦੀਆਂ ਹਕੂਮਤਾਂ ਦਰਮਿਆਨ ਗੱਲਬਾਤ ਦੇ ਗੇੜ ਸ਼ੁਰੂ ਹੋਏ ਹਨ ਪਰ ਅਜੇ ਜੰਗ ਜਾਰੀ ਹੈ। 21ਵੀਂ ਸਦੀ ’ਚ ਯੂਰਪ ਅੰਦਰ ਇਹ ਕਿਸੇ ਜੰਗੀ ਟਕਰਾਅ ਦੀ ਸਭ ਤੋਂ ਵੱਡੀ ਘਟਨਾ ਹੈ ਜਿਸ ਦੀਆਂ ਮੌਜੂਦਾ ਫੌਰੀ ਪ੍ਰਸੰਗ ਤੋਂ ਅੱਗੇ ਦੂਰਗਾਮੀ ਅਰਥ ਸੰਭਾਵਨਾਵਾਂ ਹਨ।
ਰੂਸ ਤੇ ਯੂਕਰੇਨ ਦਰਮਿਆਨ ਹੋ ਰਿਹਾ ਇਹ ਜੰਗੀ ਭੇੜ ਕਿਸੇ ਪੱਖੋਂ ਵੀ ਲੋਕਾਂ ਲਈ ਹੱਕੀ ਮਸਲਾ ਨਹੀਂ ਹੈ, ਸਗੋਂ ਇਹ ਲੁਟੇਰੇ ਸਾਮਰਾਜੀ ਮਕਸਦਾਂ ਲਈ ਨਿਹੱਕੀ ਜੰਗ ਹੈ। ਇਹ ਜੰਗੀ ਟਕਰਾਅ ਸੰਸਾਰ ਦੀਆਂ ਸਾਮਰਾਜੀ ਤਾਕਤਾਂ ਦੇ ਆਪਸੀ ਭੇੜ ਦਾ ਹਿੱਸਾ ਹੈ ਜਿਸ ਵਿਚ ਇੱਕ ਧਿਰ ਰੂਸੀ ਸਾਮਰਾਜ ਹੈ ਤੇ ਦੂਜੀ ਧਿਰ ਅਮਰੀਕੀ ਸਾਮਰਾਜੀ ਅਗਵਾਈ ਵਾਲਾ ਨਾਟੋ ਗੱਠਜੋੜ ਹੈ। ਯੂਕਰੇਨੀ ਹਕੂਮਤ ਵੱਲੋਂ ਅਮਰੀਕਾ ਦੀ ਅਗਵਾਈ ਹੇਠਲੇ ਸਾਮਰਾਜੀ ਫੌਜੀ ਗੱਠਜੋੜ ਨਾਲ ਜੁੜਨ ਕਾਰਨ ਰੂਸੀ ਸਾਮਰਾਜ ਦਾ ਟਕਰਾਅ ਜੰਗੀ ਰੁਖ਼ ਅਖਤਿਆਰ ਕਰ ਗਿਆ ਹੈ ਜਿਸ ਵਿਚ ਯੂਕਰੇਨ ਦੇ ਲੋਕ ਪਿਸ ਰਹੇ ਹਨ। ਸਾਮਰਾਜੀ ਲੁਟੇਰੇ ਹਿੱਤਾਂ ਖਾਤਰ ਦੁਨੀਆਂ ਭਰ ’ਚ ਪੰਜੇ ਫੈਲਾਉਣ ਲਈ ਅਮਰੀਕੀ ਸਾਮਰਾਜ ਤੇ ਉਸ ਦੇ ਨਾਟੋ ਸੰਗੀ ਲਗਾਤਾਰ ਹੀ ਯਤਨਸ਼ੀਲ ਰਹਿੰਦੇ ਹਨ। ਜੰਗ ਤਾਂ ਇਹਨਾਂ ਕਾਰਵਾਈਆਂ ਦਾ ਸਿਖਰ ਬਣਦੀ ਹੈ। ਕਾ. ਲੈਨਿਨ ਦੇ ਸ਼ਬਦਾਂ ’ਚ ‘‘ਹਰ ਜੰਗ ਦੂਸਰੇ ਸਾਧਨਾਂ ਰਾਹੀਂ ਸਿਆਸਤ ਦਾ ਜਾਰੀ ਰੂਪ ਹੈ’’ ਅਤੇ ‘‘ਹਰ ਗੱਲ ਜੰਗ ਤੋਂ ਪਹਿਲਾਂ ਅਤੇ ਦੌਰਾਨ ਵਿਚਰ ਰਹੇ ਸਿਆਸੀ ਰਿਸ਼ਤਿਆਂ ਦੇ ਸਿਲਸਿਲੇ ’ਤੇ ਨਿਰਭਰ ਕਰਦੀ ਹੈ।’’ ਸੰਸਾਰ ਦੀਆਂ ਸਾਮਰਾਜੀ ਤਾਕਤਾਂ ਹਰ ਵੇਲੇ ਦੁਨੀਆਂ ਭਰ ’ਚ ਲੋਕਾਂ ਦੀ ਕਿਰਤ ਲੁੱਟਣ ਲਈ ਸਰਗਰਮ ਹਨ ਤੇ ਇਹਦੇ ਲਈ ਉਹ ਆਪਸ ਵਿਚ ਵੀ ਭੇੜ ’ਚ ਆਉਂਦੀਆਂ ਹਨ। ਕਦੇ ਇਹ ਭੇੜ ਮੱਧਮ ਸ਼ਕਲਾਂ ’ਚ ਹੁੰਦਾ ਹੈ ਤੇ ਕਦੇ ਤਿੱਖ ਅਖਤਿਆਰ ਕਰ ਜਾਂਦਾ ਹੈ। ਹੁਣ ਹੋ ਰਿਹਾ ਭੇੜ ਸਾਮਰਾਜੀ ਮੁਲਕਾਂ, ਵਿਸ਼ੇਸ਼ ਕਰਕੇ ਅਮਰੀਕੀ ਤੇ ਰੂਸ ਦਰਮਿਆਨ ਵਧ ਰਹੇ ਟਕਰਾਅ ਦਾ ਇਜ਼ਹਾਰ ਹੈ। ਇਸ ਦਾ ਯੂਕਰੇਨ ਜਾਂ ਰੂਸ ਦੇ ਲੋਕਾਂ ਦੇ ਹਿੱਤਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਇਹਨਾਂ ਦੋਹਾਂ ਮੁਲਕਾਂ ਦੇ ਲੋਕਾਂ ’ਚ ਤਾਂ ਬਹੁਤ ਕੁੱਝ ਸਾਂਝਾ ਹੈ। ਯੂਕਰੇਨ ਅੰਦਰ ਰੂਸ ਨਾਲ ਲਗਦੇ ਖੇਤਰਾਂ ’ਚ ਕਾਫੀ ਵੱਡਾ ਹਿੱਸਾ ਆਬਾਦੀ ਰੂਸੀ ਬੋਲੀ ਤੇ ਸੱਭਿਆਚਾਰ ਨਾਲ ਜੁੜੀ ਹੋਈ ਹੈ। ਸੋਵੀਅਤ ਸੰਘ ’ਚ ਦਹਾਕਿਆਂ ਬੱਧੀ ਇਕੱਠੇ ਰਹੇ ਹੋਣ ਕਰਕੇ ਲੋਕਾਂ ’ਚ ਬਹੁਤ ਡੂੰਘੀਆਂ ਸਾਂਝਾਂ ਹਨ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਇਹਨਾਂ ਸਾਬਕਾ ਸੋਵੀਅਤ ਮੁਲਕਾਂ ਦੇ ਵੱਖ 2 ਹਾਕਮਾਂ ਨੇ ਆਪਣੀਆਂ ਸੌੜੀਆਂ ਗਿਣਤੀਆਂ ਮਿਣਤੀਆਂ ਕਾਰਨ ਇਥੇ ਕੌਮੀ ਸ਼ਾਵਨਵਾਦੀ ਰੁਚੀਆਂ ਨੂੰ ਉਭਾਰਿਆ ਹੈ ਤੇ ਵੱਖ 2 ਕੌਮੀ ਵਖਰੇਵਿਆਂ ਨੂੰ ਵੀ ਆਪਣੇ ਹਿੱਤਾਂ ਲਈ ਟਕਰਾਅ ਬਣਾਉਣ ਦਾ ਯਤਨ ਕੀਤਾ ਹੈ। ਅਜਿਹੀਆਂ ਗੁੰਝਲਾਂ ਦਰਮਿਆਨ ਵੀ ਰੂਸੀ ਤੇ ਯੂਕਰੇਨੀ ਲੋਕਾਂ ਦੀਆਂ ਸਾਂਝਾਂ ਡੂੰਘੀਆਂ ਹਨ। ਇਹਨਾਂ ਮੁਲਕਾਂ ਦੇ ਲੋਕਾਂ ਦਾ ਹਿੱਤ ਤਾਂ ਅਮਨ ਤੇ ਭਾਈਚਾਰਕ ਸਾਂਝਾਂ ਦੇ ਮਹੌਲ ’ਚ ਰਹਿਣ ’ਚ ਹੈ ਪਰ ਇਹ ਸਾਮਰਾਜੀ ਲੁਟੇਰੇ ਮੰਤਵ ਹੀ ਹਨ ਜਿਹੜੇ ਇਹਨਾਂ ਨੂੰ ਅਜਿਹੀਆਂ ਜੰਗਾਂ ’ਚ ਧਕੇਲ ਰਹੇ ਹਨ।
ਸੰਸਾਰ ਸਾਮਰਾਜੀ ਪ੍ਰਬੰਧ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਕਾਰਨ ਸਾਮਰਾਜੀ ਮੁਲਕਾਂ ਦਰਮਿਆਨ ਇਹਨਾਂ ਮੁਲਕਾਂ ਦੀ ਲੋੜ ਦੁਨੀਆਂ ਭਰ ’ਚ ਲੁੱਟ ਦੇ ਅੱਡੇ ਹੋਰ ਵਧਾਉਣ ਤੇ ਪਹਿਲਾਂ ਵਾਲਿਆਂ ਨੂੰ ਹੋਰ ਚੂੰਡਣ ਦੀ ਹੈ। ਇਹਨਾਂ ਸੰਕਟਾਂ ਦਾ ਭਾਰ ਸੰਸਾਰ ਸਰਮਾਏਦਾਰੀ ਵੱਲੋਂ ਦੁਨੀਆਂ ਦੇ ਕਿਰਤੀ ਲੋਕਾਂ ’ਤੇ ਸੁੱਟਿਆ ਜਾ ਰਿਹਾ ਹੈ। ਡੂੰਘੇ ਹੋ ਰਹੇ ਸੰਕਟ ਜਿੱਥੇ ਸਾਮਰਾਜ ਤੇ ਦੱਬੇ ਕੁਚਲੇ ਲੋਕਾਂ ਦਰਮਿਆਨ ਵਿਰੋਧਤਾਈ ਨੂੰ ਤਿੱਖਾ ਕਰ ਰਹੇ ਹਨ ਉਥੇ ਸਾਮਰਾਜੀ ਮੁਲਕਾਂ ’ਚ ਵੀ ਟਕਰਾਅ ਤੇਜ਼ ਕਰ ਰਹੇ ਹਨ। ਪਹਿਲਾਂ ਆਪਸੀ ਸਹਿਮਤੀ ਨਾਲ ਮੰਡੀਆਂ ਦੀ ਵੰਡ ਕਰਕੇ ਦੁਨੀਆਂ ਭਰ ’ਚ ਲੁੱਟ ਮਚਾਉਦੇ ਸਾਮਰਾਜੀਆਂ ਦੀ ਆਪਸੀ ਵਿਰੋਧਤਾਈ ਏਸ ਹੱਦ ਤੱਕ ਤਿੱਖੀ ਹੋ ਰਹੀ ਹੈ ਕਿ ਹੁਣ ਇਹ ਆਪਸੀ ਟਕਰਾਵਾਂ ਨੂੰ ਨਜਿੱਠਣ ਦੇ ਵੱਖ 2 ਤਰਾਂ ਦੇ ਸਾਮਿਆਂ ਤੋਂ ਪਾਰ ਜਾ ਰਹੀ ਹੈ। ਇਸ ਲਈ ਸਾਮਰਾਜੀ ਭੇੜ ਜੰਗੀ ਟਕਰਾਵਾਂ ਤੱਕ ਪਹੁੰਚ ਰਿਹਾ ਹੈ। ਚਾਹੇ ਅਜੇ ਇਹ ਟਕਰਾਅ ਕਿਸੇ ਵੱਡੀ ਜੰਗ ਦੀ ਪੱਧਰ ਤੱਕ ਨਹੀਂ ਪੁੱਜਿਆ ਪਰ ਇਸ ਨੇ ਸਾਮਰਾਜੀ ਫੌਜੀ ਗੱਠਜੋੜਾਂ ਦੇ ਪਸਾਰੇ ਤੇ ਇੱਕ ਦੂਜੇ ਦੀਆਂ ਘੇਰਾਬੰਦੀਆਂ ਨੂੰ ਤੇਜ਼ ਕਰ ਦਿੱਤਾ ਹੈ।
ਸੰਸਾਰ ਸਾਮਰਾਜ ਦਾ ਸੁਭਾਅ ਤੇ ਕਿਰਦਾਰ ਹੀ ਜੰਗਾਂ ਦਾ ਹੈ। ਆਪਣੀ ਹੋਂਦ ਵੇਲੇ ਤੋਂ ਇਹ ਜੰਗਾਂ ’ਚ ਰੁੱਝਿਆ ਹੋਇਆ ਹੈ। ਸਾਮਰਾਜੀ ਮੁਲਕਾਂ ਦੀ ਬਹੁਤ ਵਿਸ਼ਾਲ ਜੰਗੀ ਸਨਅਤ ਹੈ। ਸਾਰੇ ਸਾਮਰਾਜੀ ਮੁਲਕ ਦੁਨੀਆਂ ਭਰ ’ਚ ਹਥਿਆਰ ਵੇਚ ਰਹੇ ਹਨ ਤੇ ਇਹਨਾਂ ਜੰਗਾਂ ਰਾਹੀਂ ਸਾਮਰਾਜੀ ਹਿੱਤਾਂ ਦੇ ਨਾਲ ਨਾਲ ਫੌਜੀ ਸਾਜ਼ੋ ਸਮਾਨ ਦੇ ਵਪਾਰਕ ਹਿੱਤ ਵੀ ਪੂਰਦੇ ਹਨ। ਠੰਢੀ ਜੰਗ ਦੇ ਸਮੇਂ ’ਚ ਦੋਹਾਂ ਸਾਮਰਾਜੀ ਧੜਿਆਂ ਨਾਲ ਜੁੜੇ ਮੁਲਕਾਂ ਨੂੰ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੋਹੇਂ ਹੀ ਹਥਿਆਰ ਵੇਚਦੇ ਸਨ। ਉਸ ਤੋਂ ਮਗਰੋਂ ਵੀ ਇਹ ਕਾਰੋਬਾਰ ਹੋਰ ਕਈ ਗੁਣਾ ਵਿਸ਼ਾਲ ਹੋ ਗਿਆ ਹੈ। ਅਮਰੀਕਾ ਨੇ ਇਰਾਕ, ਅਫਗਾਨਿਸਤਾਨ ਵਰਗੇ ਮੁਲਕਾਂ ’ਚ ਹਮਲੇ ਕਰਕੇ ਵੱਡੀ ਭਾਰੀ ਤਬਾਹੀ ਕੀਤੀ ਸੀ ਤੇ ਮਗਰੋਂ ਉੱਥੇ ਉਸਾਰੀ ਦੇ ਠੇਕੇ ਵੀ ਅਮਰੀਕਾ ਤੇ ਸਹਿਯੋਗੀ ਸਾਮਰਾਜੀ ਮੁਲਕਾਂ ਦੀਆਂ ਕੰਪਨੀਆਂ ਨੂੰ ਹੀ ਦਿੱਤੇ ਸਨ। ਹੁਣ ਇਸ ਜੰਗ ਨੇ ਤੇ ਜੰਗ ਦੇ ਅੰਗ ਵਜੋਂ ਰੂਸ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੇ, ਵੱਖ ਵੱਖ ਖੇਤਰਾਂ ’ਚ ਮਹਿੰਗਾਈ ਨੂੰ ਅੱਡੀ ਲਾਉਣੀ ਹੈ। ਤੇਲ,ਗੈਸ ਤੋਂ ਲੈ ਕੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜਨੀਆਂ ਹਨ, ਕਾਲਾ ਬਾਜ਼ਾਰੀ ਤੇਜ਼ ਹੋਣੀ ਹੈ। ਇਸ ਸੰਕਟ ’ਚ ਵੀ ਬਹੁਕੌਮੀ ਕੰਪਨੀਆਂ ਨੇ ਮੁਨਾਫ਼ੇ ਕਮਾਉਣੇ ਹਨ ਤੇ ਲੋਕਾਂ ਦੀ ਕਿਰਤ ਕਮਾਈ ਚੂੰਡਣੀ ਹੈ।
ਅੱਜ ਰੂਸ-ਯੂਕਰੇਨ ਜੰਗ ਮੌਕੇ ਸੰਸਾਰ ਭਰ ਦੇ ਕਿਰਤੀ ਲੋਕਾਂ ਨੂੰ ਸਾਂਝੇ ਤੌਰ ’ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਰੂਸ ਯੂਕਰੇਨ ’ਚੋਂ ਬਾਹਰ ਜਾਵੇ, ਯੂਕਰੇਨ ਨਾਟੋ ਨਾਲੋਂ ਦੂਰੀ ਬਣਾਵੇ ਤੇ ਸਾਮਰਾਜੀ ਜੰਗੀ ਗੱਠਜੋੜ ਦਾ ਹਿੱਸਾ ਬਣਨ ਤੋਂ ਇਨਕਾਰ ਕਰੇ, ਸੰਸਾਰ ’ਚ ਸਾਮਰਾਜੀ ਜੰਗੀ ਗੱਠਜੋੜਾਂ ਦਾ ਖਾਤਮਾ ਕੀਤਾ ਜਾਵੇ, ਜੰਗੀ ਸਨਅਤਾਂ ਦਾ ਖਾਤਮਾ ਕੀਤਾ ਜਾਵੇ ਤੇ ਮਨੁੱਖੀ ਲਿਆਕਤ ਅਤੇ ਸੋਮਿਆਂ ਨੂੰ ਮਨੁੱਖਤਾ ਦੀ ਖੁਸ਼ਹਾਲੀ ਲਈ ਜੁਟਾਇਆ ਜਾਵੇ। ਯੂਕਰੇਨੀ ਲੋਕਾਂ ਦਾ ਕਾਰਜ ਹੈ ਕਿ ਉਹ ਯੂਕਰੇਨੀ ਹਾਕਮਾਂ ਨੂੰ ਸਾਮਰਾਜੀ ਫੌਜੀ ਗੱਠਜੋੜਾਂ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਦਬਾਅ ਪਾਉਣ ਤੇ ਗੁਆਂਢੀ ਮੁਲਕਾਂ ਨਾਲ ਅਮਨ ਭਰੇ ਸੁਖਾਵੇਂ ਸਬੰਧ ਬਣਾਉਣ ਲਈ ਮਜ਼ਬੂਰ ਕਰਨ। ਸਾਮਰਾਜੀ ਹਿੱਤਾਂ ਨਾਲ ਟੋਚਨ ਹੋ ਕੇ ਚੱਲਣ ਵਾਲੇ ਪਿਛਾਖੜੀ ਪੂੰਜੀਵਾਦੀ ਲੁਟੇਰੇ ਨਿਜ਼ਾਮ ਨੂੰ ਬਦਲਣ ਲਈ ਜੂਝਣ ਤੇ ਇਸ ਲਈ ਆਪਣੀ ਜੱਦੋਜਹਿਦ ਤੇਜ਼ ਕਰਨ। ਦੁਨੀਆਂ ਭਰ ਦੇ ਦੱਬੇ ਕੁਚਲੇ ਮੁਲਕਾਂ ਦੇ ਲੋਕ ਆਪਣੀਆਂ ਕੌਮੀ ਮੁਕਤੀ ਲਹਿਰਾਂ ਨੂੰ ਤੇਜ਼ ਕਰਨ ਤੇ ਸਾਮਰਾਜੀ ਨਵ-ਬਸਤੀਆਨਾ ਗੁਲਾਮੀ ਦੇ ਜੂਲਿਆਂ ਨੂੰ ਵਗਾਹ ਮਾਰਨ।
ਤਿੱਖੇ ਹੋ ਰਹੇ ਸਾਮਰਾਜੀ ਜੰਗੀ ਟਕਰਾਅ ਦਰਮਿਆਨ ਲੋਕਾਂ ਸਾਹਮਣੇ ਕਾਰਜ ਹੈ ਕਿ ਉਹ ਇਹਨਾਂ ਨਿਹੱਕੀਆਂ ਜੰਗਾਂ ਨੂੰ ਰੱਦ ਕਰਨ ਤੇ ਆਪਣੀਆਂ ਹੱਕੀ ਜੰਗਾਂ ਨੂੰ ਤੇਜ਼ ਕਰਨ ਤੇ ਸਾਮਰਾਜੀ ਨਵ-ਬਸਤੀਆਨਾ ਗੁਲਾਮੀ ਦੇ ਪੰਜਿਆਂ ਨੂੰ ਤੋੜ ਦੇਣ ਲਈ ਇਨਕਲਾਬੀ ਲਹਿਰਾਂ ਨੂੰ ਤੇਜ਼ ਕਰਨ।
ਦੁਨੀਆਂ ’ਚ ਅਮਨ ਚੈਨ ਚਾਹੁੰਦੇ ਸਭਨਾਂ ਕਿਰਤੀ ਲੋਕਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਇਹ ਉਮੰਗ ਇਸ ਧਰਤੀ ਤੋਂ ਸਾਮਰਾਜਵਾਦ ਦੇ ਖਾਤਮੇ ਨਾਲ ਜੁੜੀ ਹੋਈ ਹੈ। ਇਹ ਸਾਮਰਾਜਵਾਦ ਹੈ ਜਿਹੜਾ ਇਸ ਧਰਤੀ ’ਤੇ ਹਰ ਵੰਨਗੀ ਦੀ ਤਬਾਹੀ ਲਿਆਉਣ ਲਈ ਜਿੰਮੇਵਾਰ ਬਣਿਆ ਹੋਇਆ ਹੈ। ਮਨੁੱਖਤਾ ਦਾ ਭਵਿੱਖ ਇਸਦੇ ਖਾਤਮੇ ’ਚ ਹੈ।
4 ਮਾਰਚ 2022
No comments:
Post a Comment