20.ਸੰਘਰਸ਼ ਦੀਆਂ ਬਰਕਤਾਂ.. .. ..
ਕਿਸਾਨ ਜਥੇਬੰਦੀ ਦਾ ਜਿੰਮੇਵਾਰੀ ਭਰਿਆ ਚੇਤਨ ਉੱਦਮਬੈਸਟਪ੍ਰਾਈਸ ਦੇ ਕਾਮੇ ਨੌਕਰੀਉਂ ਕੱਢਣ ਨਾ ਦਿੱਤੇ
ਭੁੱਚੋ ਖੁਰਦ ਸਥਿਤ ਅਮਰੀਕੀ ਬਹੁਕੌਮੀ ਕੰਪਨੀ ਵਾਲਮਾਰਟ ਦਾ ਬੈਸਟਪ੍ਰਾਈਸ ਦੇ ਨਾਂ ਹੇਠਲਾ ਸ਼ਾਪਿੰਗ ਮਾਲ-ਕਮ-ਬਹੁਮੰਤਵੀ ਸਟੋਰ ਮਹੀਨੇ ਦੀ ਘੱਟੋ ਘੱਟ 8-10 ਕਰੋੜ ਵਿੱਕਰੀ ਕਰਨ ਵਾਲਾ ਦਿਉ ਕੱਦ ਸਟੋਰ ਹੈ। ਇਸ ’ਚ 120 ਸਟੋਰ ਮੁਲਾਜ਼ਮ ਹਨ ਜੋ ਸਟੋਰ ਦੇ ਅੰਦਰ ਕੰਮ ਕਰਨ ਵਾਲੇ ਹਨ, 27 ਫੀਲਡ ਵਰਕਰ ਹਨ ਜਿੰਨਾਂ ਨੇ ਬਾਹਰੋਂ ਆਰਡਰ ਬੁੱਕ ਕਰਵਾ ਕੇ ਲਿਆਉਣੇ ਹੁੰਦੇ ਹਨ। ਇਸ ਤੋਂ ਇਲਾਵਾ 20 ਦੇ ਲੱਗਭੱਗ ਸਿਕਿਉਰਟੀ ਕਰਮਚਾਰੀ ਅਤੇ ਇਤਨੇ ਹੀ ਬਾਊਂਸਰ-ਗੁੰਡਾ ਢਾਣੀ ਹੈ, ਜੋ ਲੋੜ ਪੈਣ ’ਤੇ ਹਰਕਤ ’ਚ ਆਉਣ ਲਈ ਤਤਪਰਰ ਹਿੰਦੀ ਹੈ।
ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੌਰਾਨ ਟੌਲ ਪਲਾਜ਼ਿਆਂ ਵੱਖ ਵੱਖ ਮਾਲਜ਼ ਤੇ ਟੌਲ ਪਲਾਜ਼ਿਆਂ ’ਤੇ ਦਿੱਤੇ ਜਾ ਰਹੇ ਧਰਨਿਆਂ ਕਰਕੇ ਇਹਨਾਂ ਦੇ ਬੰਦ ਹੋਣ ਨਾਲ ਸਬੰਧਤ ਮੁਲਾਜ਼ਮਾਂ ’ਤੇ ਨੌਕਰੀਉ ਕੱਢੇ ਜਾਣ ਦਾ ਖਤਰਾ ਮੰਡਲਾਉਣ ਲੱਗਾ। ਵਿਆਪਕ ਬੇਰੁਜ਼ਗਾਰੀ ਦੀਆਂ ਮੌਜੂਦਾ ਹਾਲਤਾਂ ’ਚ ਇਨਾਂ ਮੁਲਾਜ਼ਮਾਂ ਦੀ ਪ੍ਰਵਾਰਕ ਜ਼ਿੰਦਗੀ ਨੂੰ ਬੁਰੀ ਤਰਾਂ ਪ੍ਰਭਾਵਤ ਕਰਨ ਵਾਲਾ ਜਿੱਥੇ ਇਹ ਇੱਕ ਗੰਭੀਰ ਮਸਲਾ ਬਣਦਾ ਸੀ, ਉੱਥੇ ਇਹਨਾਂ ਅਦਾਰਿਆਂ ਦੀਆਂ ਮੈਨੇਜਮੈਂਟਾਂ ਕਿਸਾਨਾਂ ਦੇ ਖਿਲਾਫ਼ ਭੜਕਾਹਟ ਪੈਦਾ ਕਰਨ ਲਈ ਇਸਨੂੰ ਹੱਥਾ ਵੀ ਬਣਾ ਸਕਦੀਆਂ ਸਨ। ਇਸ ਸਾਮਰਾਜੀ ਬਹੁਕੌਮੀ ਕੰਪਨੀ ਦੇ ਕਿਰਦਾਰ ਤੋਂ ਜਾਣੂੰ ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦੇ ਆਗੂਆਂ ਨੇ ਸ਼ੁਰੂ ’ਚ ਹੀ ਪੈਦਾ ਹੋ ਸਕਣ ਵਾਲੀ ਇਸ ਹਾਲਤ ਨੂੰ ਭਾਂਪ ਲਿਆ ਸੀ। ਜਦ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਮਜ਼ਬੂਰ ਕਰਨਾ ਸ਼ੁਰੂ ਕੀਤਾ ਕਿ ਆਪਣੀਆਂ ਨੌਕਰੀਆਂ ਦਾ ਵਾਸਤਾ ਪਾ ਕੇ ਉਹ ਆਪਣੇ ਹੀ ਜਾਣੇ ਪਛਾਣੇ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਧਰਨਾ ਉਠਾ ਲੈਣ ਲਈ ਜੋਰ ਪਾਉਣ, ਪਤਾ ਲੱਗਣ ’ਤੇ ਕਿਸਾਨ ਆਗੂਆਂ ਨੇ ਝੱਟ ਐਲਾਨ ਕਰ ਦਿੱਤਾ ਕਿ ਜਦ ਵੀ ਤੁਹਾਡੀ ਤਨਖਾਹ ਬੰਦ ਹੋਈ ਇਸ ਦੀ ਭਰਪਾਈ ਅਸੀਂ ਕਰਾਂਗੇ। ਇਸ ਨਾਲ ਨਾ ਸਿਰਫ਼ ਮਲਾਜ਼ਮਾਂ ’ਚ ਉਤਸ਼ਾਹ ਦੀ ਚਿਣਗ ਜਾਗ ਪਈ, (ਜੋ ਇਸਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਮੁੱਠੀ ਭਰ ਮੁਲਾਜ਼ਮ ਮੈਨੇਜਮੈਂਟ ਨਾਲ ਦੋ ਹੱਥ ਕਿਵੇਂ ਕਰ ਸਕਦੇ ਹਾਂ) ਮੁਲਾਜ਼ਮਾਂ ਨੇ ਕਿਸਾਨਾਂ ਦੇ ਵਿਰੋਧ ’ਚ ਖੜਾ ਕਰਨ ਦੀ ਮੈਨੇਜਮੈਂਟ ਦੀ ਚਾਲ ਨੂੰ ਪਛਾਣਦਿਆਂ ਮੈਨੇਜਮੈਂਟ ਨੂੰ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਨੂੰ ਅਜਿਹਾ ਨਹੀਂ ਕਹਿ ਸਕਦੇ, ਅਤੇ ਕਿਸਾਨਾਂ ਦੇ ਕਾਜ ਪ੍ਰਤੀ ਹਮਦਰਦੀ ਤੇ ਹਮਾਇਤ ਦੇ ਇਜ਼ਹਾਰ ਵਜੋਂ ਧਰਨੇ ’ਚ ਸ਼ਾਮਲ ਹੋ ਕੇ ਮੈਨੇਜਮੈਂਟ ਨੂੰ ਦਰਸਾ ਵੀ ਦਿੱਤਾ ਕਿ ਉਹਨਾਂ ਤੋਂ ਅਜਿਹੀ ਕਿਸੇ ਆਸ ਦੇ ਵਰਕੇ ਪਾੜ ਦੇਣ।
ਅਕਤੂਬਰ 2020 ਤੋਂ ਸ਼ੁਰੂ ਹੋਏ ਕਿਸਾਨ ਧਰਨੇ ਕਰਕੇ ਸਟੋਰ ਬੰਦ ਹੋਣ ਨਾਲ ਘੱਟੋ ਘੱਟ 8-10 ਕਰੋੜ ਮਹੀਨਾ ਵਾਰ ਕਮਾਈ ਜਾਮ ਹੋਈ ਪਈ ਸੀ। ਉੱਧਰ ਘਰੀਂ ਬੈਠੇ ਮੁਲਾਜ਼ਮਾਂ ਨੂੰ ਨਾ ਸਿਰਫ਼ ਤਨਖਾਹ ਦੇਣੀ ਪੈ ਰਹੀ ਸੀ, ਸਗੋਂ ਦਿੱਲੀ ਕਿਸਾਨ ਸੰਘਰਸ਼ ’ਚ ਸ਼ਾਮਲ ਹੋਣ ਜਾਂਦੇ ਮੁਲਾਜ਼ਮ ਮੈਨੇਜਮੈਂਟ ਦੀ ਨਿਗਾਹ ’ਚ ਚੜੇ ਹੋਏ ਸਨ ਜਿਸਦੀ ਰੜਕ ਮੰਨਦੇ ਹੋਏ ਮਈ ਮਹੀਨੇ 20 ਮੁਲਾਜ਼ਮਾਂ ਨੂੰ ਛਾਂਟ ਕੇ ਮੈਨੇਜਮੈਂਟ ਨੇ ਫਲੋਰ ਕਾਮਿਆਂ ਨੂੰ ਦੂਰ-ਦੁਰਾਡੇ ਸ਼ਹਿਰਾਂ ਅਤੇ ਪੰਜਾਬ ਤੋਂ ਬਾਹਰ ਜਾ ਕੇ ਆਰਡਰ ਬੁੱਕ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕੀਤਾ। ਮੈਨੇਜਮੈਂਟ ਦਾ ਐਲਾਨ ਸੀ ਕਿ ਫੀਲਡ ਡਿਉਟੀ ’ਤੇ ਜਾਉ ਜਾਂ ਅਸਤੀਫੇ ਦੇ ਦਿਉ। ਕੁੱਝ ਮੁਲਾਜ਼ਮ ਕੋਰੋਨਾ ਦੀ ਮਾਰ ਹੇਠ ਆ ਜਾਣ ਕਰਕੇ ਦੂਜਿਆਂ ਨੂੰ ਇਨਕਾਰ ਕਰਨਾ ਸੌਖਾ ਹੋ ਗਿਆ, ਤਾਂ ਵੀ ਮਹੀਨਾ ਭਰ ਮੈਨੇਜਮੈਂਟ ਨਾਲ ਇਹ ਰੇੜਕਾ ਚੱਲਦਾ ਰਿਹਾ। ਮੈਨੇਜਮੈਂਟ ਨੂੰ ਭਾਵੇਂ ਚੁੱਪ ਵੱਟਣੀ ਪਈ ਪਰ ਖਾਸ ਕਰਕੇ ਸਟੋਰ ਮੈਨੇਜਰ ਆਪਣੇ ਅਫਸਰੀ ਰੋਹਬ-ਦਾਬ ਤੇ ਖੂੰਖਾਰ ਰਵੱਈਏ ਕਰਕੇ ਬਦਨਾਮ ਸੀ ਤੇ ਜੋ ਆਪਣੇ ਆਪ ਨੂੰ ਖੁੱਲੇਆਮ ਗੁੰਡਾ ਦੱਸਦਾ ਅਤੇ ਬੋਲਦਾ ਰਹਿੰਦਾ ਕਿ ‘‘ਇਹਨਾਂ ਸਰਦਾਰਾਂ ਨੂੰ ਮੈਂ ਸਿੱਧਾ ਕਰੂੰਗਾ।’’ ਸਿੱਟੇ ਵਜੋਂ ਸਟੋਰ ਦੇ ਸ਼ਾਂਤ ਮਹੌਲ ਨੂੰ ਜ਼ਰਬ ਆਈ।
ਮੈਨੇਜਮੈਂਟ ਦੇ ਅਜਿਹੇ ਅੱਖੜ ਤੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਸਨਮੁੱਖ ਮੁਲਾਜ਼ਮਾਂ ਦਾ ਇੱਕ ਹਿੱਸਾ ਅੜਨ-ਖੜਨ ਦੇ ਰੌਂਅ ’ਚ ਸੀ ਅਤੇ ਕਿਸਾਨ ਆਗੂਆਂ ਵੱਲੋਂ ਹਮਾਇਤੀ ਕੰਨੇਂ ਦੇ ਹੁੰਗਾਰੇ ’ਤੇ ਭਰੋਸਾ ਰੱਖ ਰਿਹਾ ਸੀ, ਜਦ ਕਿ ਇੱਕ ਹੋਰ ਛੋਟਾ ਹਿੱਸਾ ਨਾ ਸਿਰਫ਼ ਦਹਿਸ਼ਤਜ਼ਦਾ ਹਾਲਤ ’ਚ ਸੀ, ਸਗੋਂ ਪਹਿਲੇ ਹਿੱਸੇ ਨੂੰ ਇਹ ਕਹਿਕੇ ਕੋਸਦਾ ਸੀ ਕਿ ਇਸ ਤਰਾਂ ਨਾਲ ਨੌਕਰੀਆਂ ਬਚ ਨਹੀਂ ਸਕਣੀਆਂ, ਨੁਕਸਾਨ ਹੋਵੇਗਾ; ਮੈਨੇਜਮੈਂਟ ਦੀਆਂ ਨਜ਼ਰਾਂ ’ਚ ਪ੍ਰਵਾਨ ਚੜਨ ਲਈ ਉਹ ਆਗੂ ਰੋਲ ’ਚ ਰਹਿ ਰਹੇ ਮੁਲਾਜ਼ਮਾਂ ਦੀਆਂ ਖਬਰਾਂ, ਫੋਟੋਆਂ ਤੇ ਵੀਡੀਓ ਵਗੈਰਾ ਮੈਨੇਜਮੈਂਟ ਕੋਲ ਪਹੁੰਚਾਉਦੇ।
ਅਗਸਤ ਮਹੀਨੇ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਇੱਕ ਦੂਜੇ ਤੋਂ ਨਿਖੇੜਨ ਦੀ ਪੁਹੰਚ ਅਖਤਿਆਰ ਕਰਦਿਆਂ 120 ਵਿੱਚੋਂ 80 ਮੁਲਾਜ਼ਮਾਂ ਨੂੰ ਫੋਨਾਂ ਰਾਹੀਂ 20-20 ਦੇ ਗਰੁੱਪਾਂ ’ਚ ਬੁਲਾਇਆ ਅਤੇ ਸਭਨਾਂ ਦੇ ਮੋਬਾਇਲ ਫੋਨ ਜਮਾਂ ਕਰਵਾ ਲਏ। ਫਿਰ ਇਕੱਲੇ ਇਕੱਲੇ ਨੂੰ ਵੱਖਰੇ ਕਮਰੇ ’ਚ, ਜਿਸਦੇ ਬਾਹਰ ਸਿਕਿਉਰਟੀ ਗਾਰਡ ਤੇ ਬਾਊਂਸਰ ਤਾਇਨਾਤ ਕੀਤੇ ਹੋਏ ਸਨ, ਬੁਲਾਉਦੇ ਅਤੇ ਧਮਕੀ ਭਰੇ ਲਹਿਜ਼ੇ ’ਚ ਸੁਣਾਉਣੀ ਕਰਦੇ ਕਿ ਸਟੋਰ ਬੰਦ ਹੋ ਗਿਆ ਹੈ, ਤੁਹਾਡੇ ਲਈ ਹੁਣ ਇੱਥੇ ਕੋਈ ਜਗਾ ਨਹੀਂ ਹੈ। ਤੁਹਾਨੂੰ ਹੋਰਨਾਂ ਸਟੋਰਾਂ ’ਚ ( ਵਾਲਮਾਰਟ ਦੇ ਪੰਜਾਬ ’ਚ ਕੁੱਲ 5 ਸਟੋਰ ਹਨ-2 ਲੁਧਿਆਣੇ ਤੇ ਇੱਕ ਇੱਕ ਜ਼ੀਰਕਪੁਰ, ਅੰਮਿ੍ਰਤਸਰ ਤੇ ਜਲੰਧਰ ’ਚ) ਭੇਜਿਆ ਜਾ ਸਕਦਾ ਹੈ, ਜਾਂ ਫਲਿਪਕਾਰਟ ( ਈ-ਕਾਮਰਸ ਕਾਰਪੋਰੇਟ ਕੰਪਨੀ) ’ਚ ਸ਼ਾਮਲ ਹੋ ਜਾਉ, ਜਾਂ ਅਸਤੀਫੇ ਦੇ ਦਿਉ। ਉਹਨਾਂ 5 ਮਿੰਟ ਦੇ ਵਿੱਚ ਵਿੱਚ ਫੈਸਲਾ ਕਰਕੇ ਦੱਸਣ ਲਈ ਦਬਾਅ ਪਾਇਆ। ਗੱਲਬਾਤ ਮਗਰੋਂ ਬਾਹਰ ਆਉਣ ’ਤੇ ਕਿਸੇ ਦੂਜੇ ਮੁਲਾਜ਼ਮ ਨਾਲ ਗੱਲ ਕਰਨ’ਤੇ ਰੋਕ ਵਜੋਂ ਬਾਊਂਸਰ ਤੇ ਸਿਕਿਊਰਟੀ ਕਰਮਚਾਰੀਆਂ ਦੀ ਨਿਗਰਾਨੀ ਸੀ। ਉਪਰੋਕਤ ਤਿੰਨੋਂ ਗੁੰਜਾਇਸ਼ਾਂ ’ਚੋਂ ਕਿਸੇ ਨੂੰ ਵੀ ਮਨਜੂਰ ਨਾ ਕਰਨ ’ਤੇ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦਾ ਐਲਾਨ ਸੀ। ਦਰਅਸਲ ਇਹ ਅਖੌਤੀ ਮੀਟਿੰਗ ਨੌਕਰੀ ਤੋਂ ਬਰਖਾਸਤਗੀ ਦਾ ਐਲਾਨ ਹੀ ਸੀ, ਵੱਖ ਵੱਖ ਗੁੰਜਾਇਸ਼ਾਂ ਦੀ ਪੇਸ਼ਕਸ਼ ਤਾਂ ਕਾਨੂੰਨੀ ਚਾਰਾਜੋਈ ਤੇ ਸਮਾਜਕ ਬਚਾਅ ਵਜੋਂ ਖੜਾ ਕੀਤਾ ਮਹਿਜ਼ ਇੱਕ ਢਮਢਮਾ ਸੀ। ਖੈਰ 50 ਮੁਲਾਜ਼ਮਾਂ ਨੇ ਅਸਤੀਫੇ ਦੇ ਦਿੱਤੇ, 30 ਨੇ ਬਦਲੀ ਲਈ ਦਸਖਤ ਕਰ ਦਿੱਤੇ।
ਇਸ ਕਸਰਤ ’ਚੋਂ ਨਿੱਕਲ ਕੇ ਮੁਲਾਜ਼ਮਾਂ ਨੇ ਭਾਰਤੀ ਕਿਸਾਨ ਯੂਨੀਅਨ-ਏਕਤਾ ( ਉਗਰਾਹਾਂ) ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਅਤੇ 35 ਮੁਲਾਜ਼ਮ ਦਿੱਲੀ ਕਿਸਾਨ ਆਗੂਆਂ ਨੂੰ ਮਿਲਣ ਲਈ ਪਹੁੰਚੇ। ਕਿਸਾਨ ਆਗੂਆਂ ਨੇ ਡਟਵੀਂ ਹਮਾਇਤ ਦਾ ਭਰੋਸਾ ਦਿੰਦੇ ਹੋਏ ਮੁਲਾਜ਼ਮਾਂ ਨੂੰ ਬੈਸਟ ਪ੍ਰਾਈਸ ਸਟੋਰ ਅੱਗੇ ਲਗਾਤਾਰ ਦਿਨ-ਰਾਤ ਦਾ ਧਰਨਾ ਲਾਉਣ ਦੀ ਸਲਾਹ ਦਿੱਤੀ। ਇੱਕ ਸਤੰਬਰ ਤੋਂ ਸ਼ੁਰੂ ਕੀਤੇ ਧਰਨੇ ’ਚ ਮੁਲਾਜ਼ਮਾਂ ਨੇ ਸਟੋਰ ਦੇ ਗੇਟ ’ਤੇ ਕਬਜਾ ਕਰ ਲਿਆ। ਬਾਕੀ ਦੇ 40 ਮੁਲਾਜ਼ਮਾਂ ਸਮੇਤ ਕਿਸੇ ਦੇ ਵੀ ਸਟੋਰ ਦੇ ਅੰਦਰ ਆਉਣ ਜਾਣ ’ਤੇ ਪਾਬੰਦੀ ਸੀ। ਮੈਨੇਜਮੈਂਟ ਨੇ ਪੁਲਸੀ ਦਬਾਅ ਪਾਉਣ ਦੇ ਨਾਲ ਨਾਲ ਧਮਕੀਆਂ ਦਿੱਤੀਆਂ ਕਿ ਸਟੋਰ ਦੇ ਅੰਦਰ ਹੋਏ ਕਿਸੇ ਵੀ ਨੁਕਸਾਨ ਬਾਰੇ ਕਲੇਮ ਪਾਏ ਜਾਣਗੇ। ਕਿਸਾਨ ਜਥੇਬੰਦੀ ਦੇ ਆਗੂਆਂ ਦੀ ਸਹਾਇਤਾ ਨਾਲ ਇਹਨਾਂ ਧਮਕੀਆਂ ਦੇ ਢੁੱਕਵੇਂ ਜੁਆਬ ਦਿੱਤੇ ਗਏ।
15 ਸਤੰਬਰ ਨੂੰ ਬਠਿੰਡੇ ਮੀਟਿੰਗ ਹੋਈ ਜਿਸ ਵਿੱਚ ਸਥਾਨਕ ਮੈਨੇਜਮੈਂਟ ਤੋਂ ਇਲਾਵਾ ਬੰਗਲੌਰ ਹੈਡਆਫਿਸ ਤੋਂ ਇੱਕ ਅਧਿਕਾਰੀ, ਪੁਲੀਸ ਆਈ. ਜੀ.,.ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦੇ ਸੂਬਾਈ ਆਗੂ ਅਤੇ ਮੁਲਾਜ਼ਮ ਆਗੂ ਸ਼ਾਮਲ ਹੋਏ। ਮੀਟਿੰਗ ਬੇਸਿੱਟਾ ਰਹੀ। ਕਿਸਾਨਯੂਨੀਅਨ ਦੇ ਆਗੂਆਂ ਨੇ ਮੁਲਾਜ਼ਮਾਂ ਦਾ ਪੱਖ ਰੱਖਦੇ ਹੋਏ ਕਿਹਾ ਕਿ ਧਰਨਾ ਕਿਸਾਨਾਂ ਨੇ ਲਾਇਆ ਹੋਇਆ ਹੈ, ਜਿਸ ਕਰਕੇ ਸਟੋਰ ਬੰਦ ਹੈ। ਮੈਨੇਜਮੈਂਟ ਇਹ ਲੜਾਈ ਕਿਸਾਨਾਂ ਨਾਲ ਲੜੇ, ਮੁਲਾਜ਼ਮਾਂ ਦਾ ਇਸ ’ਚ ਕੀ ਦੋਸ਼ ਹੈ, ਇਹਦੀ ਸਜ਼ਾ ਉਹਨਾਂ ਨੂੰ ਕਿਉ ਦਿੱਤੀ ਜਾ ਰਹੀ ਹੈ? ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ। ਬਦਲੀ ਦੀ ਹਾਲਤ ’ਚ ਇਹਨਾਂ ਸਿਰ ਪੈਣ ਵਾਲੇ ਆਰਥਕ ਬੋਝ ਅਤੇ ਘਰਾਂ/ਪ੍ਰਵਾਰਾਂ ਦੇ ਉਖੇੜੇ ਦੀ ਭਰਪਾਈ ਤੋਂ ਬਗੈਰ ਬਦਲੀ ਮਨਜੂਰ ਨਹੀਂ ਹੋਵੇਗੀ।
ਅਗਲੇ ਦਿਨ 16 ਸਤੰਬਰ ਨੂੰ ਤਹਿਸੀਲਦਾਰ ਤੇ ਪੁਲਿਸ ਡੀਐਸਪੀ ਦੀ ਹਾਜ਼ਰੀ ’ਚ ਹੋਈ ਮੀਟਿੰਗ ’ਚ 1500 ਰੁਪਏ ਵਾਧ ੂਦੇਣ ਦੀ ਪੇਸ਼ਕਸ਼ ਕੀਤੀ ਗਈ, ਜੋ ਨਾ-ਮਨਜੂਰ ਕਰ ਦਿੱਤੀ ਗਈ।
19 ਸਤੰਬਰ ਨੂੰ ਮੁਲਾਜ਼ਮਾਂ ’ਤੇ ਹੋਰ ਦਬਾਅ ਪਾਉਣ ਵਜੋਂ 50 ਮੁਲਾਜ਼ਮਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਗਏ। ਇਹਦੇ ਜੁਆਬ ’ਚ ਕਿਸਾਨ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਸਾਰੇ ਮੁਲਾਜ਼ਮਾਂ ਨੂੰ 10 ਦਿਨਾਂ ਦੇ ਵਿੱਚ ਵਿੱਚ ਬਹਾਲ ਕਰੋ, ਨਹੀਂ ਤਾਂ ਸੂਬੇ ਵਿਚਲੇ ਸਾਰੇ ਸਟੋਰ ਬੰਦ ਕਰਵਾਏ ਜਾਣਗੇ। 30 ਸਤੰਬਰ ਨੂੰ ਸਾਰੇ ਸਟੋਰਾਂ ’ਤੇ ਧਰਨੇ ਮਾਰ ਕੇ ਬੰਦ ਕਰਨ ਦੇ ਨਾਲ ਨਾਲ ਹਫ਼ਤਾ ਭਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਅਤੇ ਉਸਤੋਂ ਬਾਅਦ ਅਗਲੇ ਐਕਸ਼ਨ ਵਜੋਂ ਸਾਰੇ ਸਟੋਰ ਅਣਮਿਥੇ ਸਮੇਂ ਲਈ ਬੰਦ ਕੀਤੇ ਜਾਣਗੇ। ਅੰਤ 2 ਅਕਤੂਬਰ ਨੂੰ ਮੈਨੇਜਮੈਂਟ ਨੇ ਹੱਥ ਖੜੇ ਕਰ ਦਿੱਤੇ ਤੇ ਸਾਰੀਆਂ ਮੰਗਾਂ ਮੰਨ ਕੇ ਪਹਿਲੀਆਂ ਹੀ ਥਾਵਾਂ ’ਤੇ ਸਾਰੇ 120 ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ।
ਵਿਆਪਕ ਬੇਰੁਜ਼ਗਾਰੀ ਤੇ ਮਹਿੰਗਾਈ ਦੀਆਂ ਮੌਜੂਦਾ ਹਾਲਤਾਂ ’ਚ 10-10, 20-20 ਹਜ਼ਾਰ ਮਹੀਨਾ ਤਨਖਾਹ ’ਤੇ ਕੰਮ ਕਰਦੇ ਗਰੀਬ ਕਿਸਾਨ ਪ੍ਰਵਾਰਾਂ ਨਾਲ ਸਬੰਧਤ ਇਹਨਾਂ ਨੌਜਵਾਨਾਂ ਲਈ ਇਹ ਜਿੱਤ ਡੂੰਘੇ ਮਹੱਤਵ ਵਾਲੀ ਹੈ।ਸਭ ਤੋਂ ਵਧਕੇ ਇਸਨੇ ਇਹਨਾਂ ਦਾ ਭਾ ਕਿ ਯੂ ਏਕਤਾ-(ਉਗਰਾਹਾਂ) ਨਾਲ ਬਹੁਤ ਕਰੀਬੀ ਰਿਸ਼ਤੇ ਦਾ ਮੁੱਢ ਬੰਨਿਆ ਹੈ। ਆਗੂ ਸਫਾਂ ਨਾਲ ਸਬੰਧਤ ਕਈ ਮੁਲਾਜ਼ਮ ਆਪਣੇ ਆਪ ਨੂੰ ਮੁਲਾਜ਼ਮ ਆਗੂ ਨਹੀਂ ਕਿਸਾਨ ਕਾਰਕੁੰਨ ਵੱਧ ਸਮਝਦੇ ਹਨ ਤੇ ਕਿਸਾਨ ਜਥੇਬੰਦੀ ਦੀਆਂ ਸਰਗਰਮੀਆਂ ’ਚ ਸ਼ਾਮਲ ਹੁੰਦੇ ਹਨ। ਮੌਜੂਦਾ ਅਸੈਂਬਲੀ ਚੋਣਾਂ ਨਾਲ ਸਬੰਧਤ ਯੂਨੀਅਨ ਪ੍ਰਚਾਰ ਮੁਹਿੰਮ ਤੋਂ ਪ੍ਰਭਾਵਤ ਬੈਸਟ ਪ੍ਰਾਈਸ ਦੇ 30 ਮੁਲਾਜ਼ਮਾਂ ਨੇ ਵੋਟ ਪਾਉਣ ਤੋਂ ਗੁਰੇਜ਼ ਕੀਤਾ ਹੈ। ਅਜਿਹੇ ਹੀ ਇੱਕ ਆਗੂ ਦੇ ਸ਼ਬਦਾਂ ’ਚ ‘‘ਮੈਂ ਹੁਣ ਤੱਕ ਵੋਟ ਪਾਰਟੀਆਂ ’ਚ ਫਿਰਦਾ ਰਿਹਾਂ, ਪਰ ਦਿੱਲੀ ਦੇ ਕਿਸਾਨ ਸੰਘਰਸ਼ ਨੇ, ਨਰਮੇ ਦੇ ਮੁਆਵਜ਼ੇ ਲਈ ਘੋਲ ਨੇ ਤੇ ਹੁਣ ਸਾਡੇ ਆਪਣੇ ਏਸ ਸੰਘਰਸ਼ ਨੇ ਸਪਸ਼ਟ ਦਿਖਾ ਦਿੱਤੈ ਕਿ ਏਹੀ ਸਭ ਤੋਂ ਸਹੀ ਜਥੇਬੰਦੀ ਹੈ।’’ ਪਿਛਲੇ ਦਿਨੀਂਆਪਣੇ ਕੁੱਝ ਹੋਰਸਾਥੀਆਂ ਸਮੇਤ ਇਹ ਸ਼ਹੀਦਸਾਧੂ ਸਿੰਘ ਤਖਤੂਪੁਰਾ ਦੀਬਰਸੀ’ਤੇ ਜਾ ਕੇ ਆਇਆ ਹੈ।
ਏਸ ਸੰਘਰਸ਼ ਦੀ ਸਫਲਤਾ ਤੋਂ ਪ੍ਰਭਾਵਤ ਹੋ ਕੇ ਲੁਧਿਆਣੇ ਬੈਸਟ ਪ੍ਰਾਈਸ ਦੇ ਸਾਲ ਭਰ ਲਈ ਰੱਖੇ ਮੁਲਾਜ਼ਮ ਪ੍ਰੋਮੋਟਰਾਂ ਨੂੰ (ਗਿਣਤੀ 50) ਸਾਲ ਪੂਰਾ ਹੋਣ ’ਤੇ ਮੈਨੇਜਮੈਂਟ ਕੱਢ ਰਹੀ ਸੀ, ਜਦ ਉਨਾਂ ਨੇ ਗੇਟ ’ਤੇ ਧਰਨਾ ਮਾਰ ਲਿਆ ਇੱਕ ਦਿਨ ਦੇ ਧਰਨੇ ’ਤੇ ਹੀ ਪ੍ਰਸਾਸ਼ਨ ਨੂੰ ਦਖਲ ਦੇਣਾ ਪਿਆ ਅਤੇ ਮੈਨੇਜਮੈਂਟ ਉਹਨਾਂ ਨੂੰ ਦੁਬਾਰਾ ਰੱਖਣ ਲਈ ਮਜ਼ਬੂਰ ਹੋਈ ਹੈ। ਸੂਬੇ ਦੇ ਬਾਕੀ ਸਟੋਰਾਂ ਵਿੱਚੋਂ ਵੀ ਪ੍ਰਮੋਟਰਾਂ ਨੂੰ ਕੱਢਿਆ ਨਹੀਂ ਜਾ ਰਿਹਾ।
ਮੈਨੇਜਮੈਂਟ ਨੇ ਨੌਕਰੀ ਦੇਣ ਵੇਲੇ ਇਹਨਾਂ ਨੌਜਵਾਨਾਂ ਤੋਂ ਲਿਖਵਾਇਆ ਹੋਇਆ ਸੀ ਕਿ ਉਹ ਜਥੇਬੰਦੀ ਨਹੀਂ ਖੜੀ ਕਰਨਗੇ ਅਤੇ ਸੰਘਰਸ਼ ਨਹੀਂ ਕਰਨਗੇ। ਪਰ ਇਸ ਮੌਜੂਦਾ ਸੰਘਰਸ਼ ਨੇ ਦੋਹਾਂ ਸ਼ਰਤਾਂ ਦੇ ਪਰਖ਼ਚੇ ਉਡਾ ਕੇ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਜਨਤਕ ਜਥੇਬੰਦਕ ਤਾਕਤ ਦੇ ਸਾਹਵੇਂ ਮੁਲਾਜ਼ਮ ਵਿਰੋਧ ’ਚ ਨੱਕੋ ਨੱਕ ਭਰੀਆਂ ਮੈਨੇਜਮੈਂਟਾਂ ਵੱਲੋਂ ਆਪਣੇ ਅੰਨੇਂ ਮੁਨਾਫਿਆਂ ਅਤੇ ਹੋਰ ਕਾਲੇ ਕਾਰਨਾਮਿਆਂ ਦੀ ਸਲਾਮਤੀ ਲਈ ਮੜੀਆਂ ਅਜਿਹੀਆਂ ਧੱਕੜ ਤੇ ਗੈਰ-ਜਮਹੂਰੀ ਸ਼ਰਤਾਂ ਖੜ ਨਹੀਂ ਸਕਦੀਆਂ।
ਕਿਸਾਨ ਸੰਘਰਸ਼ ਦੇ ਨਾਲ ਨਾਲ ਹੋਈ ਇਹ ਸੰਘਰਸ਼ ਸਰਗਰਮੀ ਆਪਣੇ ਦਿਖਦੇ ਆਕਾਰ ਤੇ ਪਸਾਰ ਨਾਲੋਂ ਤੇ ਹੋਈ ਪ੍ਰਾਪਤੀ ਨਾਲੋਂ ਕਿਤੇ ਵੱਡਾ ਮਹੱਤਵ ਰਖਦੀ ਹੈ। ਕਿਸਾਨ ਜਥੇਬੰਦੀ ਵੱਲੋਂ ਇਉ ਜਿਮੇਵਾਰੀ ਚੱਕ ਕੇ, ਸਟੋਰ ਕਾਮਿਆਂ ਦੇ ਹੱਕ ’ਚ ਖੜਨਾ ਸੰਘਰਸ਼ ਦੌਰਾਨ ਵਾਪਰਿਆ ਨਿਵੇਕਲਾ ਵਰਤਾਰਾ ਹੈ ਜਿਸਨੇਕਿਸਾਨਾਂ ਤੇ ਕਾਮਿਆਂ ’ਚ ਸਾਂਝ ਨੂੰ ਉਗਾਸਾ ਦਿੱਤਾ ਹੈ ਅਤੇ ਬੇਹੱਦ ਔਖੀਆਂ ਹਾਲਤਾਂ ’ਚ ਕੰਮ ਕਰਦੇ ਕਾਮਿਆਂ ’ਚ ਜਥੇਬੰਦ ਹੋਣ ਦੇ ਰੁਝਾਣ ਨੂੰ ਉਗਾਸਾ ਦਿੱਤਾ ਹੈ। ਇਸ ਸਰਗਰਮੀ ਨੇ ਬਹੁਕੌਮੀ ਕੰਪਨੀਆਂ ਦੇ ਕਾਰੋਬਾਰਾਂ ਨਾਲ ਨਜਿੱਠਣ ਲਈ ਲੋਕਾਂ ਸਾਹਮਣੇ ਸੰਘਰਸ਼ਾਂ ਦੀਆਂ ਨਵੀਆਂ ਸੰਭਾਵਨਾਵਾਂ ਤੇ ਇਹਨਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਨਵੀਆਂ ਘੋਲ ਸ਼ਕਲਾਂ ਦੇ ਦੁਆਰ ਖੋਲੇ ਹਨ। ਇਸ ਰੁਝਾਣ ਨੂੰ ਅਗਲੀਆਂ ਬੁਲੰਦੀਆਂ ’ਤੇ ਲਿਜਾਣ ਦੀ ਜ਼ਰੂਰਤ ਹੈ।
No comments:
Post a Comment