2.ਸਾਮਰਾਜੀ ਤਾਕਤਾਂ ਦਾ ਟਕਰਾਅ ਅਗਲੇ ਪੜਾਅ ਵੱਲ
ਰੂਸ-ਯੂਕਰੇਨ ਜੰਗੀ ਟਕਰਾਅ ਤਿੱਖੀ ਹੋ ਰਹੀ ਅੰਤਰ-ਸਾਮਰਾਜੀ ਵਿਰੋਧਤਾਈ ਦਾ ਅਗਲਾ ਜ਼ਾਹਰਾ ਇਜ਼ਹਾਰ ਹੈ। ਇਹ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀਆਂ ਸੰਸਾਰ ਭਰ ’ਚ ‘ਮਨ-ਆਈਆਂ’ ਦੇ ਦਿਨ ਪੁੱਗ ਜਾਣ ਦੇ ਦੌਰ ਦਾ ਵੀ ਸਿੱਧਾ ਸੰਕੇਤ ਹੈ ਤੇ ਰੂਸੀ ਸਾਮਰਾਜ ਨੇ ਇਸ ਹਮਲੇ ਰਾਹੀਂ ਸੰਸਾਰ ਸਾਮਰਾਜੀ ਤਾਕਤਾਂ ’ਚ ਚੌਧਰ ਭੇੜ ਦੇ ਦਿ੍ਰਸ਼ ’ਤੇ ਪੂਰੇ ਜ਼ੋਰ ਨਾਲ ਆ ਦਸਤਕ ਦਿੱਤੀ ਹੈ।
80ਵਿਆਂ ’ਚ ਠੰਢੀ ਜੰਗ ਦੇ ਸਮੇਂ ਅਮਰੀਕਾ ਤੇ ਸੋਵੀਅਤ ਯੂਨੀਅਨ ’ਚ ਸਾਮਰਾਜੀ ਖਹਿ-ਭੇੜ ਸਿਖਰਾਂ ’ਤੇ ਪਹੁੰਚਿਆ ਹੋਇਆ ਸੀ। ਵਿੱਤੋਂ ਵਧਵੇਂ ਜੰਗੀ ਖਰਚਿਆਂ ਨੇ ਸੋਵੀਅਤ ਸਮਾਜਕ ਮਹਾਂਸ਼ਕਤੀ ਨੂੰ ਡੂੰਘੇ ਆਰਥਿਕ ਸੰਕਟ ’ਚ ਸੁੱਟ ਦਿੱਤਾ ਸੀ ਜਿਸ ਦਾ ਸਿੱਟਾ ਸੋਵੀਅਤ ਯੂਨੀਅਨ ਦੇ ਖਿੰਡ ਜਾਣ ’ਚ ਨਿੱਕਲਿਆ ਸੀ। ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਮਗਰੋਂ ਸਭ ਤੋਂ ਵੱਡਾ ਮੁਲਕ ਰੂਸ ਹੀ ਸੀ ਜੋ ਇਕ ਸਾਮਰਾਜੀ ਸ਼ਕਤੀ ਸੀ ਪਰ ਉਦੋਂ ਆਰਥਿਕ ਸੰਕਟ ਦਾ ਝੰਬਿਆ ਹੋਣ ਕਰਕੇ ਉਹ ਸਾਮਰਾਜੀ ਮਹਾਂਸ਼ਕਤੀ ਵਜੋਂ ਹਰਕਤਸ਼ੀਲ ਨਹੀਂ ਸੀ ਰਿਹਾ। ਉਦੋਂ ਵੀ ਉਹ ਇੱਕ ਵੱਡੀ ਫੌਜੀ ਸ਼ਕਤੀ ਸੀ। ਪਿਛਲੇ ਦਹਾਕਿਆਂ ਦੌਰਾਨ ਵਾਲਦੀਮੀਰ ਪੂਤਿਨ ਦੀ ਅਗਵਾਈ ’ਚ ਰੂਸ ਨੇ ਆਰਥਿਕ ਤੌਰ ’ਤੇ ਮੁੜ-ਸੰਭਾਲਾ ਕੀਤਾ ਹੈ ਤੇ ਆਪਣੀ ਏਸੇ ਮੁੜ-ਸੰਭਾਲੇ ਦੇ ਜੋਰ ’ਤੇ ਹੀ ਉਸ ਨੇ ਸਾਮਰਾਜੀ ਖਹਿ-ਭੇੜ ਦੇ ਪਿੜ ’ਚ ਮੁੜ ਜ਼ੋਰਦਾਰ ਦਸਤਕ ਦਿੱਤੀ ਹੈ।
1991’ਚ ਸੋਵੀਅਤ ਯੂਨੀਅਨ ਦੇ ਖਿੰਡਾਅ ਮਗਰੋਂ ਅਮਰੀਕੀ ਸਾਮਰਾਜ ਸੰਸਾਰ ਅੰਦਰ ਇਕਲੌਤੀ ਮਹਾਂਸ਼ਕਤੀ ਵਜੋਂ ਵਿਚਰ ਰਿਹਾ ਸੀ, ਭਾਵੇਂ ਉਹ ਵੀ ਆਪਣੇ ਆਰਥਿਕ ਸੰਕਟਾਂ ’ਚ ਘਿਰਿਆ ਹੋਇਆ ਸੀ। ਇਹਨਾਂ ਦਹਾਕਿਆਂ ਦੌਰਾਨ ਅਮਰੀਕੀ ਸਾਮਰਾਜ ਦੇ ਆਰਥਿਕ ਸੰਕਟ ਹੋਰ ਡੂੰਘੇ ਹੋਏ ਹਨ। ਇਹਨਾਂ ਸਾਰੇ ਦਹਾਕਿਆਂ ਦੌਰਾਨ ਅਮਰੀਕੀ ਸਾਮਰਾਜੀਏ ਦੁਨੀਆਂ ਭਰ ’ਚ ਜੰਗਾਂ ’ਚ ਲੱਗੇ ਰਹੇ ਹਨ। ਅਫਗਾਨਿਸਤਾਨ ਤੇ ਇਰਾਕ ਵਰਗੇ ਮੁਲਕਾਂ ’ਚ ਸਿੱਧੇ ਤੌਰ ’ਤੇ ਕਬਜੇ ਕੀਤੇ ਹਨ ਜਦ ਕਿ ਲਿਬੀਆ, ਸੀਰੀਆ ਵਰਗੇ ਕਿੰਨੇਂ ਹੀ ਮੁਲਕਾਂ ’ਚ ਹਕੂਮਤਾਂ ਉਲਟਾਉਣ ਲਈ ਫੌਜੀ ਸਹਾਇਤਾ ਕੀਤੀ ਹੈ। ਇਹਨਾਂ ਸਭਨਾਂ ਜੰਗਾਂ ’ਚ ਅਮਰੀਕੀ ਸਾਮਰਾਜ ਦੇ ਸੰਕਟ ਡੂੰਘੇ ਹੀ ਹੁੰਦੇ ਗਏ ਹਨ। ਅਫਗਾਨਿਸਤਾਨ ’ਚੋਂ ਦੋ ਦਹਾਕਿਆਂ ਦੀ ਜੰਗ ਮਗਰੋਂ ਉਸ ਨੂੰ ਹਾਰ ਕੇ ਭੱਜਣਾ ਪਿਆ ਹੈ। ਅਫਗਾਨਸਿਤਾਨ ਅੰਦਰ ਅਮਰੀਕੀ ਸਾਮਰਾਜੀਆਂ ਦੀ ਨਮੋਸ਼ੀਜਨਕ ਹਾਰ ਆਪਣੇ ਆਪ ’ਚ ਉਸ ਦੀ ਸੰਸਾਰ ਮਸਲਿਆਂ ’ਚ ਮਰਜ਼ੀ ਪੁਗਾ ਸਕਣ ਦੀ ਬੁਰੀ ਤਰਾਂ ਖੁਰ ਰਹੀ ਸਮਰੱਥਾ ਦਾ ਸੰਕੇਤ ਸੀ। ਹੁਣ ਇਸ ਰੂਸ-ਯੂਕਰੇਨ ਜੰਗ ’ਚ ਵੀ ਅਮਰੀਕੀ ਅਗਵਾਈ ਹੇਠਲੇ ਨਾਟੋ ਕੈਂਪ ਦੀ ਕਮਜ਼ੋਰੀ ਜ਼ਾਹਰਾ ਤੌਰ ’ਤੇ ਦੇਖੀ ਜਾ ਸਕਦੀ ਹੈ। ਅਮਰੀਕੀ ਧਮਕੀਆਂ ਰੂਸੀ ਸਾਮਰਾਜੀਆਂ ਨੂੰ ਯੂਕਰੇਨ ’ਤੇ ਹਮਲੇ ਤੋਂ ਰੋਕਣ ’ਚ ਨਾਕਾਮ ਰਹੀਆਂ ਹਨ।
ਰੂਸੀ ਸਾਮਰਾਜੀਆਂ ਨੇ ਪਿਛਲੇ ਸਾਲਾਂ ’ਚ ਆਪਣੇ ਸੰਕਟਾਂ ਨਾਲ ਨਜਿੱਠਦਿਆਂ ਵੱਖ 2 ਮੌਕਿਆਂ ’ਤੇ ਆਪਣੇ ਆਲੇ ਦੁਆਲੇ ਦੇ ਖੇਤਰਾਂ ’ਤੇ ਅਧਿਕਾਰ ਜਤਾਉਣਾ ਸ਼ੁਰੂ ਕੀਤਾ ਹੋਇਆ ਸੀ। ਇਸ ਸਦੀ ਦੌਰਾਨ ਯੂਰਪ ’ਚ ਰੂਸ ਦੇ ਆਲੇਦੁਆਲੇ ’ਚ ਹੋਈਆਂ ਜੰਗੀ ਝੜੱਪਾਂ ਨਾਟੋ ਦੇ ਵਿਸਥਾਰ ਨਾਲ ਹੀ ਜੁੜੀਆਂ ਹੋਈਆਂ ਹਨ। ਜਦੋਂ ਵੀ ਰੂਸ ਨੇ ਅਜਿਹੇ ਯਤਨ ਦੇਖੇ ਹਨ ਤਾਂ ਉਹ ਫੌਜੀ ਕਾਰਵਾਈ ਨਾਲ ਇਹਨਾਂ ਨੂੰ ਡੱਕਣ ’ਤੇ ਆਇਆ ਹੈ। ਜਦੋਂ ਅਮਰੀਕਾ ਤੇ ਨਾਟੋ ਕੈਂਪ ਵੱਲੋਂ ਯੂਕਰੇਨ ਤੇ ਜਾਰਜੀਆ ਨੂੰ ਨਾਟੋ ’ਚ ਸ਼ਾਮਲ ਕਰਨ ਦੀਆਂ ਵਿਉਤਾਂ ਕੀਤੀਆਂ ਜਾ ਰਹੀਆਂ ਸਨ ਤਾਂ 2008 ’ਚ ਰੂਸ ਨੇ ਜਾਰਜੀਆ ’ਤੇ ਹਮਲਾ ਕੀਤਾ ਸੀ ਤੇ ਉਸ ਦੇ ਇੱਕ ਹਿੱਸੇ ’ਤੇ ਕਬਜ਼ਾ ਜਮਾ ਲਿਆ ਸੀ। ਇਸ ਨੂੰ ਨਵੀਂ ਸਦੀ ਦੇ ਯੂਰਪ ਦੀ ਪਹਿਲੀ ਜੰਗ ਕਿਹਾ ਗਿਆ ਸੀ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਇਹ ਰੂਸ ਵੱਲੋਂ ਪਹਿਲੀ ਵੱਡੀ ਜੰਗੀ ਕਾਰਵਾਈ ਸੀ ਜਿਸ ਰਾਹੀਂ ਉਸ ਨੇ ਸਾਮਰਾਜੀ ਸ਼ਕਤੀ ਵਜੋਂ ਸੰਸਾਰ ਪਿੜ ’ਚ ਮੁੜ ਅਧਿਕਾਰ ਜਤਾਇਆ ਸੀ। ਉਸ ਤੋਂ ਮਗਰੋਂ ਫਿਰ 2014 ’ਚ ਯੂਕਰੇਨ ਨੇੜਲੇ ਇੱਕ ਮਹੱਤਵਪੂਰਨ ਟਾਪੂ ਕਰੀਮੀਆ ’ਤੇ ਰੂਸ ਨੇ ਕਬਜ਼ਾ ਕੀਤਾ ਸੀ। ਕਾਲੇ ਸਾਗਰ ’ਚ ਯੁੱਧਨੀਤਕ ਮਹੱਤਤਾ ਪੱਖੋਂ ਅਹਿਮ ਇਸ ਥਾਂ ’ਤੇ ਠੰਢੀ ਜੰਗ ਵੇਲੇ ਸੋਵੀਅਤ ਯੂਨੀਅਨ ਦਾ ਵੱਡਾ ਫੌਜੀ ਅੱਡਾ ਰਿਹਾ ਸੀ ਜਿਸ ਉੱਪਰ ਅਮਰੀਕੀ ਸਾਮਰਾਜੀਆਂ ਦੀ ਅੱਖ ਸੀ, ਪਰ ਰੂਸੀ ਸਾਮਰਾਜੀਆਂ ਨੇ ਕਰੀਮੀਆ ’ਤੇ ਕਬਜ਼ਾ ਕਰਕੇ ਆਪਣੀ ਫੌਜੀ ਸ਼ਕਤੀ ਨੂੰ ਮੁੜ ਦਰਸਾ ਦਿੱਤਾ ਸੀ। ਉਦੋਂ ਵੀ ਅਮਰੀਕੀ ਸਾਮਰਾਜੀਏ ਹੱਥ ਮਲਦੇ ਰਹਿ ਗਏ ਸਨ। ਸੀਰੀਆ ਅੰਦਰ ਵੀ ਅਸਦ ਦੀ ਹਕੂਮਤ ਨੂੰ ਉਲਟਾਉਣ ਜਾ ਰਹੇ ਅਮਰੀਕੀ ਸਾਮਰਾਜ ਨੂੰ ਰੂਸੀ ਦਖਲਅੰਦਾਜ਼ੀ ਕਾਰਨ ਰੁਕਣਾ ਪਿਆ ਸੀ। ਸੀਰੀਆ ਦੇ ਅਸਦ ਦੀ ਰੂਸ ਵੱਲੋਂ ਅਜਿਹੀ ਹਮਾਇਤ ਨੇ ਅਮਰੀਕੀ ਵਿਉਤਾਂ ’ਚ ਵਿਘਨ ਪਾਇਆ ਸੀ। ਇਉ ਪਿਛਲੇ ਸਾਲਾਂ ਦੀਆਂ ਘਟਨਾਵਾਂ ਅੰਦਰ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦਾ ਕਮਜ਼ੋਰ ਹੋ ਰਿਹਾ ਪ੍ਰਭਾਵ ਤੇ ਰੂਸੀ ਸਾਮਰਾਜ ਦੇ ਮੁੜ-ਸੰਭਾਲੇ ਦੇ ਇਜ਼ਹਾਰ ਹੁੰਦੇ ਆ ਰਹੇ ਸਨ ਜਿਹੜੇ ਹੁਣ ਯੂਕਰੇਨ-ਰੂਸ ਜੰਗ ਨਾਲ ਹੋਰ ਪ੍ਰਤੱਖ ਹੋ ਗਏ ਹਨ।
ਯੂਕਰੇਨ ਵੀ ਪਹਿਲਾਂ ਸੋਵੀਅਤ ਸੰਘ ਦਾ ਹੀ ਹਿੱਸਾ ਸੀ। ਇਸ ਲਈ ਇਸ ਦਾ ਰੂਸੀ ਸੱਭਿਆਚਾਰ ਤੇ ਭਾਸ਼ਾ ਨਾਲ ਨੇੜਲਾ ਰਿਸ਼ਤਾ ਹੈ। ਏਥੇ ਰੂਸ ਨਾਲ ਲਗਦੇ ਇਲਾਕਿਆਂ ’ਚ ਤਾਂ ਰੂਸੀ ਬੋਲੀ ਬੋਲਣ ਵਾਲੇ ਲੋਕਾਂ ਦੀ ਵੱਡੀ ਅਬਾਦੀ ਹੈ। ਇਹਨਾਂ ਖੇਤਰਾਂ ’ਚ ਯੂਕਰੇਨੀ ਹਕੂਮਤ ਖਿਲਾਫ ਬਾਗੀ ਸੁਰਾਂ ਨੂੰ ਰੂਸੀ ਹਾਕਮ ਹਵਾ ਦਿੰਦੇ ਰਹੇ ਹਨ। 2014 ’ਚ ਹੀ ਅਮਰੀਕੀ ਸ਼ਹਿ ’ਤੇ ਯੂਕਰੇਨ ’ਚ ਰਾਜ ਪਲਟਾ ਕਰਕੇ ਅਮਰੀਕਾ ਪੱਖੀ ਹਕੂਮਤ ਕਾਇਮ ਕੀਤੀ ਗਈ ਸੀ। ਇਸ ਮੌਕੇ ਪੱਛਮੀ ਯੂਕਰੇਨ ਅੰਦਰ ਕੌਮੀ ਸ਼ਾਵਨਵਾਦ ਦਾ ਪ੍ਰੋਜੈਕਟ ਵਿੱਢਿਆ ਗਿਆ ਜਿਸ ਨੇ ਪੂਰਬੀ ਖਿੱਤਿਆਂ ’ਚ ਵਸਦੇ ਰੂਸੀ ਬੋਲਦੇ ਯੂਕਰੇਨੀਆਂ ਨੂੰ ਪਰਾਏ ਕਰਾਰ ਦੇ ਦਿੱਤਾ ਤੇ ਇਹਨਾਂ ਨੂੰ ਪੱਛਮ ਦਾ ਹਿੱਸਾ ਬਣਾਉਣ ਦੇ ਨਾਂ ’ਤੇ ਕੌਮੀ ਸ਼ਾਵਨਵਾਦੀ ਮੁਹਿੰਮਾਂ ਚਲਾਈਆਂ ਗਈਆਂ। ਇਸ ਅਮਲ ਦੌਰਾਨ ਨਵ-ਨਾਜ਼ੀ ਜਥੇਬੰਦੀਆਂ ਉੱਭਰੀਆਂ ਜਿਨਾਂ ਦਾ ਪ੍ਰਭਾਵ ਯੂਕਰੇਨ ਸਟੇਟ ਅਤੇ ਫੌਜ ’ਤੇ ਵਿਸ਼ੇਸ਼ ਕਰਕੇ ਵਧਿਆ। ਇਹ ਹਿੱਸੇ ਹੀ ਪੂਰਬੀ ਯੂਕਰੇਨ ਦੇ ਡੋਨਾਬਸ ਖੇਤਰ ’ਚ ਹੋਏ ਹਥਿਆਰਬੰਦ ਟਕਰਾਅ ’ਚ ਮੋਹਰੀ ਰਹੇ ਹਨ। ਇਹ ਹਿੱਸੇ ਰੂਸੀ ਢੋਈ ਵਾਲੇ ਹਥਿਆਰਬੰਦ ਬਾਗੀ ਮਲੀਸ਼ੀਆ ਨਾਲ ਭਿੜਦੇ ਰਹੇ ਹਨ। ਉਸ ਤੋਂ ਮਗਰੋਂ ਯੂਕਰੇਨ ਦੀ ਹਕੂਮਤ ਅਮਰੀਕੀ ਅਗਵਾਈ ਵਾਲੇ ਨਾਟੋ ਗੱਠਜੋੜ ’ਚ ਸ਼ਾਮਲ ਹੋਣ ਦੇ ਅਮਲ ’ਚ ਪਈ ਹੋਈ ਸੀ। ਰੂਸ ਯੂਕਰੇਨ ਦੇ ਨਾਟੋ ’ਚ ਸ਼ਾਮਲ ਹੋਣ ਦਾ ਵਿਰੋਧ ਕਰਦਾ ਆ ਰਿਹਾ ਸੀ ਕਿਉਕਿ ਯੂਕਰੇਨ ਦਾ ਨਾਟੋ ਦਾ ਮੈਂਬਰ ਬਣਨ ਦੀ ਸੂਰਤ ’ਚ ਇਸ ਸਾਮਰਾਜੀ ਜੰਗੀ ਗੱਠਜੋੜ ਦੀਆਂ ਫੌਜਾਂ ਐਨ ਰੂਸ ਦੀ ਸਰਹੱਦ ’ਤੇ ਆ ਕੇ ਬੈਠ ਜਾਣੀਆਂ ਸਨ। ਅਜਿਹੀ ਹਾਲਤ ਰੂਸੀ ਸਾਮਰਾਜੀ ਹਾਕਮਾਂ ਨੂੰ ਮਨਜ਼ੂਰ ਨਹੀਂ ਸੀ। 1991 ’ਚ ਸੋਵੀਅਤ ਯੂਨੀਅਨ ਦੇ ਖਿੰਡਾਅ ਨਾਲ ਹੀ ਵਾਰਸਾ ਪੈਕਟ ਦੇ ਨਾਂ ਹੇਠ ਹਰਕਤਸ਼ੀਲ ਰਿਹਾ ਸਾਮਰਾਜੀ ਫੌਜੀ ਗੱਠਜੋੜ ਤਾਂ ਖਿੰਡ ਗਿਆ ਸੀ ਪਰ ਅਮਰੀਕੀ ਸਾਮਰਾਜੀ ਅਗਵਾਈ ਵਾਲਾ ਨਾਟੋ ਗੱਠਜੋੜ ਉਵੇਂ ਹੀ ਕਾਇਮ ਰਿਹਾ ਸੀ। ਭਾਵੇਂ ਕਿ ਉਦੋਂ ਅਮਰੀਕੀ ਸਾਮਰਾਜੀਏ ਨਾਟੋ ਦੇ ਹੋਰ ਵਿਸਥਾਰ ਨਾ ਕਰਨ ਦਾ ਭਰੋਸਾ ਦਿੰਦੇ ਰਹੇ ਸਨ ਪਰ ਅਸਲ ’ਚ ਉਹ ਨਾਟੋ ਦੇ ਪਸਾਰੇ ’ਚ ਰੁੱਝੇ ਰਹੇ ਸਨ। ਇਹਨਾਂ ਦਹਾਕਿਆਂ ਦੌਰਾਨ ਹੀ ਨਾਟੋ ’ਚ ਲਗਭਗ 16 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨਾਂ ’ਚ ਕਾਫੀ ਗਿਣਤੀ ਪੂਰਬੀ ਯੂਰਪ ਦੇ ਮੁਲਕਾਂ ਦੀ ਹੈ। ਪੂਰਬੀ ਯੂਰਪ ਦੇ ਇਹ ਮੁਲਕ ਕਿਸੇ ਵੇਲੇ ਸੋਵੀਅਤ ਸੰਘ ਦਾ ਹਿੱਸਾ ਰਹੇ ਸਨ। ਰੂਸੀ ਸਾਮਰਾਜੀਏ ਇਹਨਾਂ ਮੁਲਕਾਂ ਨੂੰ ਆਪਣੇ ਪ੍ਰਭਾਵ ਵਾਲੇ ਮੁਲਕ ਮੰਨਦੇ ਹਨ। ਇਹਨਾਂ ਦਾ ਅਮਰੀਕੀ ਸਾਮਰਾਜੀ ਖੇਮੇ ’ਚ ਚਲਾ ਜਾਣਾ ਰੂਸੀ ਸਾਮਰਾਜੀ ਹਿੱਤਾਂ ਦੇ ਨਜ਼ਰੀਏ ਤੋਂ ਘਾਟੇਵੰਦਾ ਹੈ। ਰੂਸ ਪਹਿਲਾਂ ਹੀ ਨਾਟੋ ਗੱਠਜੋੜ ਵੱਲੋਂ ਘਿਰੇ ਹੋਣ ਦੀ ਹਾਲਤ ’ਚ ਜਾ ਰਿਹਾ ਸੀ ਤੇ ਯੂਕਰੇਨ ਦੇ ਨਾਟੋ ਮੈਂਬਰ ਬਣਨ ਦੇ ਕਦਮਾਂ ਨੇ ਰੂਸੀ ਚਿੰਤਾਵਾਂ ਨੂੰ ਹੋਰ ਅੱਡੀ ਲਾ ਦਿੱਤੀ। ਯੂਕਰੇਨ ਦੇ ਨਾਟੋ ਮੈਂਬਰ ਬਣਨ ਦੀ ਸੂਰਤ ’ਚ ਨਾਟੋ ਫੌਜਾਂ ਰੂਸ ਦੀ ਰਾਜਧਾਨੀ ਤੋਂ ਸਿਰਫ 600 ਕਿ.ਮੀ. ਦੀ ਦੂਰੀ ’ਤੇ ਆ ਜਾਣੀਆਂ ਸਨ ਜੋ ਕਿਸੇ ਵੀ ਸਾਮਰਾਜੀ ਸ਼ਕਤੀ ਲਈ ਉਸ ਦੇ ਯੁੱਧਨੀਤਕ ਹਿੱਤਾਂ ਪੱਖੋਂ ਘਾਟੇਵੰਦੀ ਹਾਲਤ ਬਣਦੀ ਹੈ। 1991 ਤੋਂ ਲੈ ਕੇ ਨਾਟੋ ਗੱਠਜੋੜ ਹੁਣ ਤੱਕ ਪੂਰਬ ਵੱਲ 1000 ਕਿ.ਮੀ. ਫੈਲ ਚੁੱਕਿਆ ਹੈ। ਰੂਸ ਦੇ ਆਲੇ-ਦੁਆਲੇ ਦੇ ਮੁਲਕਾਂ ਨੂੰ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਫੌਜੀ ਅੱਡਿਆਂ ਵਜੋਂ ਵਰਤਿਆ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ’ਚ ਹੀ ਅਮਰੀਕਾ ਨੇ ਯੂਕਰੇਨ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ ਵੀ ਦਿੱਤੀ ਹੈ। ਏਸ ਸਾਲ ਦੇ ਸ਼ੁਰੂ ’ਚ ਹੀ ਅਮਰੀਕਾ ਨੇ ਯੂਕਰੇਨ ਨੂੰ ਟੈਂਕ ਤਬਾਹ ਕਰਨ ਵਾਲੀਆਂ 300 ਮਿਜ਼ਾਈਲਾਂ ਦਿੱਤੀਆਂ ਸਨ ਜਿਨਾਂ ’ਚੋਂ ਇੱਕ ਦੀ ਕੀਮਤ 6 ਲੱਖ ਡਾਲਰ ਹੈ। ਪਹਿਲਾਂ ਨਾਲੋਂ ਹਾਲਤ ’ਚ ਫਰਕ ਇਹੀ ਪਿਆ ਕਿ ਪਹਿਲਾਂ ਵੀ ਅਮਰੀਕੀ ਸਾਮਰਾਜ ਰੂਸ ਦੇ ਆਲੇ ਦੁਆਲੇ ਦੇ ਖੇਤਰਾਂ ’ਚ ਆਪਣੇ ਪ੍ਰਭਾਵ ਦਾ ਪਸਾਰਾ ਕਰਦਾ ਆ ਰਿਹਾ ਸੀ ਪਰ ਉਦੋਂ ਰੂਸ ਕਮਜ਼ੋਰ ਪੁਜੀਸ਼ਨ ’ਚ ਹੋਣ ਕਰਕੇ ਇਹ ਜਰਦਾ ਆ ਰਿਹਾ ਸੀ। ਪਰ ਹੁਣ ਸੰਕਟ ’ਚੋਂ ਇੱਕ ਵਾਰ ਉੱਭਰ ਆਉਣ ਕਰਕੇ ਰੂਸ ਨੇ ਅਮਰੀਕੀ ਸਾਮਰਾਜੀ ਕਦਮਾਂ ਨੂੰ ਚੁਣੌਤੀ ਦਿੱਤੀ ਹੈ।
ਰੂਸ ਨੇ ਯੂਕਰੇਨ ਨੂੰ ਨਾਟੋ ਤੋਂ ਬਾਹਰ ਰਹਿਣ ਦੀ ਸੁਣਾਉਣੀ ਕੀਤੀ ਸੀ ਪਰ ਯੂਕਰੇਨ ਵੱਲੋਂ ਰੂਸੀ ਦਬਾਅ ਨਾ ਮੰਨੇ ਜਾਣ ਦੀ ਹਾਲਤ ’ਚ ਰੂਸ ਨੇ ਆਖਰ ਯੂਕਰੇਨ ਨੂੰ ਹਮਲੇ ਹੇਠ ਲਿਆ ਕੇ ਈਨ ਮੰਨਾਉਣ ਦਾ ਰਾਹ ਫੜ ਲਿਆ ਹੈ। ਰੂਸੀ ਹਮਲੇ ਦਾ ਮਕਸਦ ਯੂਕਰੇਨ ਦੀ ਫੌਜੀ ਸਮਰੱਥਾ ਤਬਾਹ ਕਰਕੇ, ਉਸ ਨੂੰ ਨਾ ਸਿਰਫ ਨਾਟੋ ’ਚ ਸ਼ਾਮਲ ਹੋਣ ਤੋਂ ਵਰਜਣਾ ਹੈ, ਸਗੋਂ ਆਖਰ ਨੂੰ ਆਪਣੇ ਕਬਜ਼ੇ ਹੇਠ ਲਿਆਉਣਾ ਹੈ। ਇਹਦੇ ਲਈ ਯੂਕਰੇਨੀ ਹਕੂਮਤ ਨੂੰ ਉਲਟਾ ਕੇ ਉੱਥੇ ਆਪਣੀ ਕਠਪੁਤਲੀ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਰੂਸ ਨਾਲ ਲਗਦੇ ਦੋ ਖੇਤਰਾਂ ’ਚ ਪਹਿਲਾਂ ਹੀ ਰੂਸੀ ਹਮਾਇਤ ਵਾਲੇ ਬਾਗੀ ਗੁੱਟਾਂ ਦਾ ਕਬਜ਼ਾ ਹੈ ਤੇ ਰੂਸ ਨੇ ਉਹਨਾਂ ਨੂੰ ਆਜ਼ਾਦ ਮੁਲਕ ਐਲਾਨ ਦਿੱਤਾ ਹੈ। ਪਹਿਲਾਂ ਕਰੀਮੀਆ ਵੀ ਰੂਸੀ ਕਬਜੇ ਹੇਠ ਹੀ ਹੈ। ਇਉ ਰੂਸ ਵੀ ਆਪਣੇ ਆਲੇ ਦੁਆਲੇ ਨੂੰ ਆਪਣੇ ਪ੍ਰਭਾਵ ਹੇਠ ਰੱਖਣਾ ਚਾਹੁੰਦਾ ਹੈ। ਇਕ ਸਾਮਰਾਜੀ ਸ਼ਕਤੀ ਵਜੋਂ ਰੂਸ ਲਈ ਆਪਣੀਆਂ ਸਰਹੱਦਾਂ ਨੂੰ ਪੂਰੀ ਤਰਾਂ ਸੁਰੱਖਿਅਤ ਰੱਖਣਾ ਤੇ ਇਸ ਦੇ ਨੇੜਲੇ ਇਲਾਕਿਆਂ ਨੂੰ ਵੀ ਆਪਣੇ ਕਬਜ਼ੇ ’ਚ ਰੱਖਣਾ ਇਸ ਦੀ ਜ਼ਰੂਰਤ ਹੈ। ਪਰ ਨਾਲ ਹੀ ਰੂਸ ਅਜੇ ਵੀ ਆਰਥਿਕ ਸੰਕਟਾਂ ’ਚੋਂ ਪੂਰੀ ਤਰਾਂ ਨਹੀਂ ਉੱਭਰਿਆ ਹੈ। ਪੂਤਿਨ ਹਕੂਮਤ ਨੂੰ ਰੂਸ ਅੰਦਰੋਂ ਵੀ ਲੋਕ ਰੋਹ ਦੀ ਚੁਣੌਤੀ ਦਾ ਸਾਹਮਣਾ ਹੈ। ਉਸ ਨੂੰ ਨਜਿੱਠਣ ਲਈ ਅੰਨੇਂ ਕੌਮੀ ਸ਼ਾਵਨਵਾਦ ਦੀ ਜ਼ਰੂਰਤ ਵੀ ਹੈ। ਇਸ ਲਈ ਰੂਸੀ ਹਾਕਮ ਅੱਜ ਕਿਸੇ ਵੱਡੀ ਜੰਗ ’ਚ ਉਲਝਣ ਤੋਂ ਬਚਣਾ ਚਾਹੁੰਦੇ ਹਨ ਤੇ ਛੋਟੀਆਂ ਜੰਗਾਂ, ਝੜੱਪਾਂ ਨਾਲ ਆਪਣੇ ਹਿੱਤਾਂ ਦਾ ਵਧਾਰਾ ਚਾਹੁੰਦੇ ਹਨ।
ਸਾਮਰਾਜੀ ਸ਼ਕਤੀਆਂ ਅਜੇ ਖੁਦ ਸਿੱਧੇ ਟਕਰਾਅ ’ਚ ਪੈਣ ਦੇ ਉਲਝਾਅ ਤੋਂ ਬਚ ਰਹੀਆਂ ਹਨ। ਰੂਸ ਵੱਲੋਂ ਯੂਕਰੇਨ ’ਤੇ ਹਮਲੇ ਮਗਰੋਂ ਅਮਰੀਕਾ ਤੇ ਨਾਟੋ ਸੰਗੀ ਸਿੱਧੇ ਤੌਰ ’ਤੇ ਯੂਕਰੇਨ ਦੀ ਹਮਾਇਤ ’ਤੇ ਨਹੀਂ ਆਏ। ਉਸ ਨੂੰ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਰੂਸ ’ਤੇ ਆਰਥਿਕ ਪਾਬੰਦੀਆਂ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਜਾਪਦਾ ਹੈ ਕਿ ਰੂਸ ਇਹਨਾਂ ਪਾਬੰਦੀਆਂ ਲਈ ਪਹਿਲਾਂ ਹੀ ਤਿਆਰ ਹੈ ਤੇ ਇਹ ਪਾਬੰਦੀਆਂ ਉਸ ਨੂੰ ਹਮਲੇ ਤੋੋਂ ਰੋਕਣ ’ਚ ਨਾਕਾਮ ਰਹੀਆਂ ਹਨ। ਯੂਰਪ ਦੇ ਕਈ ਮੁਲਕਾਂ ਦੀ ਰੂਸ ’ਤੇ ਵੱਖ 2 ਪੱਖਾਂ ਤੋਂ ਨਿਰਭਰਤਾ ਵੀ ਅਜਿਹਾ ਅੰਸ਼ ਹੈ ਜਿਹੜਾ ਨਾਟੋ ਮੁਲਕਾਂ ਦੇ ਪੂਰੀ ਤਰਾਂ ਅਮਰੀਕੀ ਲੋੜਾਂ ਅਨੁਸਾਰ ਨਿਭਾਅ ’ਤੇ ਅਸਰ ਪਾਉਦਾ ਹੈ। ਇਸ ਘਟਨਾਕ੍ਰਮ ਦੌਰਾਨ ਜਰਮਨ ਸਾਮਰਾਜ ਰੂਸ ਨਾਲ ਤੇਲ ਤੇ ਗੈਸ ’ਤੇ ਨਿਰਭਰਤਾ ਕਾਰਨ ਅਮਰੀਕਾ ਨਾਲੋਂ ਵੱਖਰੀ ਪਹੁੰਚ ਰੱਖਣ ਦੇ ਸੰਕੇਤ ਵੀ ਦਿੰਦਾ ਰਿਹਾ ਹੈ ਤੇ ਫਰਾਂਸੀਸੀ ਰਾਸ਼ਟਰਪਤੀ ਵਿਸ਼ੇਸ਼ ਕਰਕੇ ਇਸ ਘਟਨਾ-ਵਿਕਾਸ ਦੌਰਾਨ ਇੱਕ ਵੱਖਰੀ ਪਹੁੰਚ ਵਾਲੇ ਮੁਲਕ ਵਜੋਂ ਪੇਸ਼ ਹੋਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਸ ਨੇ ਅਮਰੀਕਾ ਤੋਂ ਵੱਖਰੀ ਤਰਾਂ ਯੂਰਪੀ ਲੋੜਾਂ ਅਨੁਸਾਰ ਸੋਚਣ ਦੀਆਂ ਗੱਲਾਂ ਵੀ ਕੀਤੀਆਂ ਹਨ। ਚਾਹੇ ਇੱਕ ਵਾਰ ਰੂਸੀ ਹਮਲੇ ਤੋਂ ਮਗਰੋਂ ਨਾਟੋ ਦੇਸ਼ ਰੂਸ ਖਿਲਾਫ ਪਾਬੰਦੀਆਂ ਐਲਾਨ ਰਹੇ ਹਨ ਪਰ ਅਮਰੀਕੀ ਸਾਮਰਾਜੀਆਂ ਦੀ ਇੱਛਾ ਅਨੁਸਾਰ ਸਭ ਕੁੱਝ ਨਹੀਂ ਹੋ ਰਿਹਾ। ਹੁਣ ਦਿਨੋਂ-ਦਿਨ ਗੁੰਝਲਦਾਰ ਹੋ ਰਹੇ ਸੰਸਾਰ ਵਪਾਰ ਰਿਸ਼ਤਿਆਂ ਦਰਮਿਆਨ ਇਉ ਪਾਬੰਦੀਆਂ ਲਾਉਣਾ ਵੀ ਸਹਿਜ ਮਸਲਾ ਨਹੀਂ ਹੈ ਕਿਉਕਿ ਬਹੁਤ ਸਾਰੇ ਖੇਤਰਾਂ ’ਚ ਇਕ ਦੂਜੇ ਮੁਲਕ ’ਤੇ ਨਿਰਭਰਤਾ ਬਣੀ ਹੁੰਦੀ ਹੈ। ਇੱਕ ਦੂਜੇ ਦੇਸ਼ ’ਚ ਕੰਪਨੀਆਂ ਦੇ ਕਾਰੋਬਾਰ ਹਨ। ਪਹਿਲਾਂ ਚੀਨ ’ਤੇ ਪਾਬੰਦੀਆਂ ਦੇ ਮਾਮਲੇ ’ਚ ਵੀ ਅਮਰੀਕੀ ਸਾਮਰਾਜੀਏ ਇਹਨਾਂ ਉਲਝਣਾਂ ਦਾ ਸਾਹਮਣਾ ਕਰ ਰਹੇ ਹਨ। ਵੈਨਜ਼ੂਏਲਾ ਵਰਗੇ ਮੁਲਕ ਅਜਿਹੀਆਂ ਪਾਬੰਦੀਆਂ ਤੋਂ ਪਹਿਲਾਂ ਹੀ ਆਕੀ ਹਨ ਤੇ ਉਹ ਰੂਸ ਨਾਲ ਵਪਾਰ ਜਾਰੀ ਰੱਖਣ ਦੇ ਐਲਾਨ ਕਰ ਰਹੇ ਹਨ। ਇਉ ਹੀ ਚੀਨ ਵੀ ਅਮਰੀਕੀ ਰਜ਼ਾ ਤੋਂ ਬਾਹਰ ਹੈ।
ਇਹ ਸਮੁੱਚਾ ਘਟਨਾਕ੍ਰਮ ਅਮਰੀਕੀ ਤੇ ਰੂਸੀ ਸਾਮਰਾਜੀਆਂ ਦੇ ਟਕਰਾਅ ਦੇ ਨਵੇਂ ਦੌਰ ’ਚ ਦਾਖਲ ਹੋਣ ਦਾ ਘਟਨਾਕ੍ਰਮ ਹੈ। ਚਾਹੇ ਏਸ ਜੰਗ ਦਾ ਸਿੱਟਾ ਯੂਕਰੇਨ ਦੇ ਕਿਸੇ ਵੀ ਪੱਧਰ ਤੱਕ ਝੁਕਣ ’ਚ ਨਿੱਕਲੇ ਪਰ ਇਸ ਨੇ ਰੂਸੀ ਸਾਮਰਾਜੀ ਸ਼ਕਤੀ ਦੇ ਸੰਸਾਰ ਸਾਮਰਾਜੀ ਪਿੜ ’ਚ ਅਮਰੀਕੀ ਸ਼ਰੀਕੇਬਾਜ ਸ਼ਕਤੀ ਵਜੋਂ ਜੋਰਦਾਰ ਢੰਗ ਨਾਲ ਦਾਖਲ ਹੋਣ ਨੂੰ ਦਰਸਾ ਦਿੱਤਾ ਹੈ। ਅਜੇ ਅੰਤਰ ਸਾਮਰਾਜੀ ਵਿਰੋਧੀ ਹਾਲਤਾਂ ਨੇ ਕਈ ਦੌਰਾਂ ਦੇ ਉਤਰਾਵਾਂ ਚੜਾਵਾਂ ’ਚੋਂ ਗੁਜ਼ਰਨਾ ਹੈ। ਦੁਨੀਆਂ ਭਰ ਦੇ ਲੋਕਾਂ ਦੀਆਂ ਸਾਮਰਾਜੀ ਵਿਰੋਧੀ ਲਹਿਰਾਂ ਨੂੰ ਇਸ ਟਕਰਾਅ ਨੇ ਆਪਣੇ ਵਿਕਾਸ ਲਈ ਗੁੰਜਾਇਸ਼ਾਂ ਵੀ ਮੁਹੱਈਆ ਕਰਵਾਉਣੀਆਂ ਹਨ ਤੇ ਹਾਲਤਾਂ ਨੂੰ ਗੰੁਝਲਦਾਰ ਵੀ ਬਣਾਉਣਾ ਹੈ। ਦੁਨੀਆ ਭਰ ’ਚ ਕੌਮੀ ਮੁਕਤੀ ਇਨਕਲਾਬਾਂ ਦੀ ਅਗਵਾਈ ਕਰ ਰਹੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਇਹਨਾਂ ਗੁੰਝਲਦਾਰ ਪਰ ਸੰਭਾਵਨਾਵਾਂ ਭਰਪੂਰ ਹਾਲਤਾਂ ਦੀ ਚਣੌਤੀ ਨਾਲ ਸਿੱਝਣਾ ਪੈਣਾ ਹੈ।
ਨਾਟੋ ਦੇ ਵਿਸਥਾਰ ਦੀ ਝਲਕ
1990 ਤੱਕ ਮੈਂਬਰ ਦੇਸ਼ 16
1999 ’ਚ ਪੋਲੈਂਡ, ਹੰਗਰੀ ਤੇ ਚੈੱਕ ਗਣਰਾਜ ਸ਼ਾਮਲ ਹੋਏ
2004 ’ਚ ਬੁਲਗਾਰੀਆ, ਇਨਟੋਨੀਆ, ਲਾਤੀਵੀਆ, ਲਿਥੂਨੀਆ, ਰੋਮਾਨੀਆ ਸਲੋਵਾਕੀਆ ਤੇ ਸਲੋਵੇਨੀਆ ਸ਼ਾਮਲ ਹੋਏ
2009 ’ਚ ਅਲਬਾਨੀਆ , ਕਰੋਏਸ਼ੀਆ
2017 ’ਚ ਮੌਨਟਨਗਰੋ ਤੇ ਉੱਤਰੀ ਮੈਕਾਡੋਨੀਆ
2021 ’ਚ ਬੋਸਨੀਆ, ਹਰਜੈਗੋਵੀਨਾ, ਜਾਰਜੀਆ ਤੇ ਯੂਕਰੇਨ ਦੇ ਸ਼ਾਮਲ ਹੋਣ ਦੀ ਵਿਉਤ
ਜ਼ਾਰਸ਼ਾਹੀ ਰੂਸ ਦਾ ਹੇਰਵਾ ਕਰਦਾ ਪੂਤਿਨ
23 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨੂੰ ਅਜਿਹਾ ਮੁਲਕ ਕਰਾਰ ਦਿੱਤਾ ਜਿਸਦੀ ਕਦੇ ਵੀ ਕੋਈ ਨਿਸ਼ਚਿਤ ਬਣਤਰ ਨਹੀਂ ਸੀ ਤੇ ਇਹ ਰੂਸ ਦਾ ਹੀ ਹਿੱਸਾ ਸੀ। ਉਸਨੇ ਕਿਹਾ ਕਿ ਇਹ ਰੂਸ ਦੁਆਰਾ ਹੀ ਸਿਰਜਿਆ ਗਿਆ ਦੇਸ਼ ਸੀ। ਉਸਨੇ 1917 ’ਚ ਬਾਲਸ਼ਵਿਕ ਇਨਕਲਾਬ ਮਗਰੋਂ ਰੂਸ ਵੱਲੋਂ ਵੱਖ ਵੱਖ ਕੌਮਾਂ ਪ੍ਰਤੀ ਅਖਤਿਆਰ ਕੀਤੀ ਨੀਤੀ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਯੂਕਰੇਨ ਦੇ ਬਹੁਤ ਸਾਰੇ ਖੇਤਰ ਰੂਸ ਨੇ ਆਪਣੇ ਨਾਲੋਂ ਤੋੜ ਕੇ ਦੇ ਦਿੱਤੇ। ਅਜਿਹਾ ਕਹਿੰਦੇ ਸਮੇਂ ਸਾਮਰਾਜੀ ਰੂਸ ਦੇ ਸਾਸ਼ਕ ਪੂਤਿਨ ਨੂੰ ਜ਼ਾਰਸ਼ਾਹੀ ਵੇਲੇ ਦੇ ਰੂਸ ਦੀ ਕੌਮਾਂ ਨੂੰ ਦਬਾ ਕੇ ਰੱਖਣ ਦੀ ਨੀਤੀ ਦਾ ਹੇਰਵਾ ਡੂੰਘਾ ਮਹਿਸੂਸ ਹੁੰਦਾ ਦਿਖਦਾ ਹੈ। ਉਹ ਲੈਨਿਨ ਤੇ ਸਟਾਲਿਨ ਦੀ ਕੌਮਾਂ ਦੇ ਸਵੈ-ਨਿਰਣੇ ਦੇ ਹੱਕ ਦੇਣ ਦੀ ਨੀਤੀ ਦੀ ਸਖਤ ਅਲੋਚਨਾ ਕਰਦਾ ਹੈ। ਉਹ ਜ਼ਾਰਸ਼ਾਹੀ ਵੱਲੋਂ ਦੱਬੇ ਗਏ ਵੱਖ ਵੱਖ ਖੇਤਰਾਂ ਨੂੰ ਬਾਲਸ਼ਵਿਕਾਂ ਵੱਲੋਂ ਛੱਡ ਦਿੱਤੇ ਜਾਣ ’ਤੇ ਝੁਰਦਾ ਹੈ ਤੇ ਇਸਨੂੰ ਵੱਡੀ ਗਲਤੀ ਕਰਾਰ ਦਿੰਦਾ ਹੈ। ਉਹ ਇਸਨੂੰ ਕੌਮੀਅਤਾਂ ਨੂੰ ਖੁਸ਼ ਕਰਨ ਦੀ ਨੀਤੀ ਕਹਿੰਦਾ ਹੈ। ਉਹ ਬਿਨਾਂ ਸ਼ਰਤਾਂ ਤੋਂ ਅਲੱਗ ਹੋਣ ਦੀ ਦਿੱਤੀ ਛੋਟ ’ਤੇ ਵੀ ਝੁਰਦਾ ਹੈ। ਉਹ ਬਾਲਸਵਿਕ ਕਮਿਊਨਿਸਟਾਂ ਦੀ ਕੌਮਾਂ ਦੇ ਆਪਾ ਨਿਰਣੇ ਦੇ ਹੱਕ ਦੀ ਨੀਤੀ ਨੂੰ ਸਿਰਫ਼ ਗਲਤੀ ਹੀ ਨਹੀਂ ਗਲਤੀ ਤੋਂ ਵੀ ਬੁਰਾ ਕਹਿੰਦਾ ਹੈ।
ਰੂਸ ਦੀ ਬੁਰਜੂਆਜ਼ੀ ਦੀਆਂ ਇਛਾਵਾਂ ਦੇ ਨੁਮਾਇੰਦੇ ਵਜੋਂ ਪੂਤਿਨ ਲਈ ਕੌਮਾਂ ਦੇ ਆਪਾ-ਨਿਰਣੇ ਦੀ ਲੈਨਿਨਵਾਦੀ ਪੁਜ਼ੀਸ਼ਨ ਮਹਾਂ ਗਲਤੀ ਹੈ ਜਿਹੜੀ ਰੂਸ ਵੱਲੋਂ ਦੂਸਰੀਆਂ ਕੌਮੀਅਤਾਂ ਨੂੰ ਦਬਾਉਣ ਤੇ ਰੂਸ ਨਾਲ ਸਿਰ-ਨਰੜ ਕਰਨ ਨੂੰ ਰੱਦ ਕਰਦੀ ਸੀ। ਇਹ ਜ਼ਾਰਸ਼ਾਹੀ ਰੂਸ ਸੀ ਜਿਸਨੂੰ ਉਸ ਵੇਲੇ ਕੌਮਾਂ ਦਾ ਕੈਦਖਾਨਾ ਕਿਹਾ ਜਾਂਦਾ ਸੀ। ਇਹ ਬਾਲਸ਼ਵਿਕਾਂ ਦੀ ਨੀਤੀ ਸੀ ਜਿਸ ਤਹਿਤ ਕਿੰਨੀਆਂ ਹੀ ਕੌਮੀਅਤਾਂ ਸੋਵੀਅਤ ਸੰਘ ’ਚ ਇਕੱਠੀਆਂ ਰਹੀਆਂ ਸਨ ਤੇ ਸੋਵੀਅਤ ਯੂਨੀਅਨ ਦੁਨੀਆਂ ਦਾ ਵਿਕਸਿਤ ਦੇਸ਼ ਬਣਕੇ ਉੱਭਰਿਆ ਸੀ। ਇਹ �ਿਸ਼ਮਾ ਜ਼ਾਰਸ਼ਾਹੀ ਵਾਲੇ ਰੂਸ ’ਚ ਨਹੀਂ ਸੀ ਹੋ ਸਕਦਾ। ਸੋਵੀਅਤ ਯੂਨੀਅਨ ਦਾ ਟੁੱਟਣਾ ਇੱਕ ਸਾਮਰਾਜੀ ਮੁਲਕ ਦਾ ਟੁੱਟਣਾ ਸੀ ਜੋ ਸੰਸਾਰ ਸਾਮਰਾਜੀ ਪ੍ਰਬੰਧ ਦੇ ਅੰਗ ਵਜੋਂ ਸੰਕਟਾਂ ’ਚ ਘਿਰਿਆ ਹੋਇਆ ਸੀ।
ਪੂਤਿਨ ਨੂੰ ਰੂਸ ਦੀ ਸਾਮਰਾਜੀ ਪਸਾਰਵਾਦੀ ਨੀਤੀ ਤਹਿਤ ਆਲੇ ਦੁਆਲੇ ’ਚ ਆਪਣਾ ਪ੍ਰਭਾਵ ਵਧਾਉਣ ਲਈ ਮੁੜ ਜ਼ਾਰਸ਼ਾਹੀ ਰੂਸ ਦਾ ਰਾਹ ਚੇਤੇ ਆਉਦਾ ਹੈ ਤੇ ਇਸ ਰਾਹ ’ਤੇ ਚੱਲਣ ਦੀ ਆਪਣੀ ਨੀਤੀ ਨੂੰ ਉਹ ਖੁੱਲ ਕੇ ਉਜਾਗਰ ਕਰਦਾ ਹੈ। ਇਹੀ ਉਸ ਲਈ ਰੂਸੀ ਸ਼ਾਨ ਦੀ ਬਹਾਲੀ ਹੈ।
No comments:
Post a Comment