Friday, April 1, 2022

21 ਜਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ‘‘

 23 ਮਾਰਚ ਸ਼ਹੀਦੀ ਦਿਹਾੜੇ ਮੌਕੇ .. .. .. 

ਜਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ

‘‘ਬੱਚਿਓ! ਮੇਰੇ ਮੱਥੇ ’ਤੇ ਇਹ ਕਾਲਾ ਦਾਗ ਕਾਇਮ ਰਹੇਗਾ।’’

ਮਹਾਤਮਾ ਗਾਂਧੀ ਦੇ ਇਹ ਸ਼ਬਦ ਮੇਰੀ ਯਾਦ ਵਿਚ ਅਜੇ ਵੀ  ਤਾਜ਼ਾ ਹਨ। ਇਹ ਗੱਲ ਮਹਾਤਮਾ ਗਾਂਧੀ ਜੀ ਨੇ ਉਸ ਵੇਲੇ ਕਹੀ ਸੀ ਜਦ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਪਾਰਟੀ ਦੀ ਅਗਵਾਈ ਵਿਚ 1931 ਦੇ ਕਰਾਚੀ ਕਾਂਗਰਸ ਸੈਸ਼ਨ ਸਮੇਂ ਉਹਨਾਂ ਵਿਰੁੱਧ ਬੜਾ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ ਸੀ। ਇਹ ਮੁਜ਼ਾਹਰਾ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਸ਼ਹੀਦੀਆਂ ਬਾਰੇ ਸੀ ਜਿਨਾਂ ਨੂੰ ਅੰਗਰੇਜ਼ੀ ਹਕੂਮਤ ਨੇ ਫਾਂਸੀ ਦੇ ਦਿੱਤੀ ਸੀ। ਅਸਾਂ ਇਹ ਮੁਜ਼ਾਹਰਾ ਗਾਂਧੀ ਜੀ ਦੀ ਜਾਤ ਵਿਰੁੱਧ ਨਹੀਂ ਕੀਤਾ ਸੀ, ਸਗੋਂ ਉਹਨਾਂ ਦੀ ਪਾਲਸੀ ਵਿਰੁੱਧ ਕੀਤਾ ਸੀ ਜਿਸ ’ਤੇ ਚੱਲ ਕੇ ਉਹ ਇਹਨੀਂ ਦਿਨੀਂ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਇਰਵਿਨ ਨਾਲ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਇੱਕ ਸਮਝੌਤਾ ਕਰ ਰਹੇ ਸਨ। ਇਹ ਸਮਝੌਤਾ ਗਾਂਧੀ ਇਰਵਿਨ ਪੈਕਟ ਦੇ ਨਾਂ ਨਾਲ ਪ੍ਰਸਿੱਧ ਹੈ। ਇਹੋ ਕਾਰਨ ਹੈ ਕਿ ਜਦ ਦੇਸ਼ ਦੇ ਸਰਮਾਇਆ-ਪ੍ਰਸਤ ਅਖਬਾਰਾਂ ਅਤੇ ਖਾਸ ਕਰਕੇ ਪੰਜਾਬ ਦੇ ਅਖਬਾਰਾਂ ਨੇ ਇਹ ਲਿਖਿਆ ਕਿ ਕਰਾਚੀ ਵਿਚ ਨੌਜਵਾਨਾਂ ਨੇ ਗਾਂਧੀ ਜੀ ਉੱਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਤਾਂ ਖੁਦ ਗਾਂਧੀ ਜੀ ਨੇ ਕਰਾਚੀ ਕਾਂਗਰਸ ਦੇ ਖੁੱਲੇ ਇਜਲਾਸ ਵਿੱਚ ਇਸ ਦੀ ਜ਼ੋਰਦਾਰ ਤਰਦੀਦ ਕੀਤੀ ਤੇ ਕਿਹਾ:

‘‘ਨੌਜਵਾਨਾਂ ਨੇ ਮੇਰੇ ਵਿਰੁੱਧ ਮੁਜ਼ਾਹਰਾ ਜ਼ਰੂਰ ਕੀਤਾ ਕਿਉਕਿ ਉਹਨਾਂ ਦੇ ਦਿਲ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਕਾਰਨ ਬੜੇ ਦੁਖੀ ਹਨ, ਪਰ ਮੈਨੂੰ ਕਿਸੇ ਵੀ ਤਰਾਂ ਦੀ ਤਕਲੀਫ਼ ਨਹੀਂ ਪਹੁੰਚਣ ਦਿੱਤੀ ਅਤੇ ਆਰਾਮ ਨਾਲ ਮੈਨੂੰ ਸਟੇਸ਼ਨ ਤੋਂ ਬਾਹਰ ਲਿਜਾ ਕੇ ਕਾਰ ਵਿਚ ਸਵਾਰ ਕਰਾ ਦਿੱਤਾ।’’

ਇਹ ਮੁਜ਼ਾਹਰਾ ਕਿਉ ਹੋਇਆ?

ਮਹਾਤਮਾ ਗਾਂਧੀ ਹਿੰਦੁਸਤਾਨ ਦੇ ਨੁਮਾਇੰਦੇ ਵਜੋਂ ਲਾਰਡ ਇਰਵਿਨ ਨਾਲ ਗੱਲਬਾਤ ਕਰ ਰਹੇ ਸਨ ਤਾਂ ਜਨਤਾ ਵੱਲੋਂ ਉਹਨਾਂ ਨੂੰ ਅਤੇ ਪੰਡਿਤ ਮੋਤੀ ਲਾਲ ਨਹਿਰੂ ਨੂੰ (ਜਿਹੜੇ ਇਸ ਗੱਲਬਾਤ ’ਚ ਗਾਂਧੀ ਜੀ ਦੇ ਨਾਲ ਸ਼ਾਮਲ ਸਨ) ਰੋਜ਼ਾਨਾ ਤਾਰ ਤੇ ਤਾਰ ਮਿਲ ਰਹੇ ਸਨ ਜਿਨਾਂ ਵਿਚ ਇਹ ਮੰਗ ਕੀਤੀ ਜਾਂਦੀ ਕਿ ਜਦ ਤੋੜੀ ਸਾਰੇ ਰਾਜਸੀ ਕੈਦੀਆਂ ਨੂੰ ਭਾਵੇਂ ਉਨਾਂ ’ਤੇ ਕਿਸੇ  ਵੀ ਤਰਾਂ ਦਾ ਇਲਜ਼ਾਮ ਕਿਉ ਨਾ ਹੋਵੇ, ਹਕੂਮਤ ਰਿਹਾਅ ਨਾ ਕਰ ਦੇਵੇ, ਤਦ ਤੱਕ ਸਮਝੌਤੇ ਦੀ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਇਹਨਾਂ ਤਾਰਾਂ ਵਿਚ ਜਿਨਾਂ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਸੀ ਉਹਨਾਂ ਵਿਚ 1914-15 ਦੇ ਗਦਰ ਪਾਰਟੀ ਦੇ ਬਹਾਦਰ ਵੀ ਸ਼ਾਮਲ ਸਨ। ਬੱਬਰ ਅਕਾਲੀ  ਲਹਿਰ, ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰ, ਭਗਤ ਸਿੰਘ ਸਾਜਿਸ਼ ਕੇਸ, ਮੇਰਠ ਸਾਜਸ਼ ਕੇਸ, ਅਹਿਮਦਗੜ ਟਰੇਨ ਡਕੈਤੀ ਕੇਸ ਆਦਿ ਦੇ ਸਾਰੇ ਰਾਜਸੀ ਕੈਦੀ ਸ਼ਾਮਲ ਸਨ। ਪਰ ਇਹਨਾਂ ਤਾਰਾਂ ਵਿਚ ਖਾਸ ਤੌਰ ’ਤੇ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਦੀ ਰਿਹਾਈ ’ਤੇ ਜੋਰ ਦਿੱਤਾ ਗਿਆ ਸੀ। ਗਾਂਧੀ ਜੀ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਭਗਤ ਸਿੰਘ ਆਦਿ ਨੂੰ ਛੁਡਾ ਲੈਣਗੇ। ਗਾਂਧੀ ਜੀ ਜਿਹਨੀਂ ਦਿਨੀਂ ਅੰਗਰੇਜ਼ ਸਰਕਾਰ ਨਾਲ ਗੱਲਬਾਤ ਕਰ ਰਹੇ ਸਨ,  ਉਸ ਸਮੇਂ ਅੰਗਰੇਜ਼ ਹਾਕਮਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਹੌਰ ਸੈਂਟਰਲ ਜੇਲ ਵਿੱਚ ਫਾਂਸੀ ’ਤੇ ਲਟਕਾ ਦਿੱਤਾ। ਇਹ ਮਾਮਲਾ ਅਜਿਹਾ ਸੀ ਜਿਸ ਨੇ ਦੇਸ਼ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਅੱਗ ਲਾ ਦਿੱਤੀ। ਕਰਾਚੀ ਵਿਚ ਗਾਂਧੀ ਜੀ ਵਿਰੁੱਧ ਮੁਜ਼ਾਹਰਾ ਏਸੇ ਜੋਸ਼ ਖਰੋਸ਼ ਦਾ ਇੱਕ ਹਿੱਸਾ ਸੀ। 

ਲੋਕਾਂ ਦੇ ਜੋਸ਼ ਦਾ ਦਿ੍ਰਸ਼

ਅਸੀਂ ਜਿਸ ਗੱਡੀ ਰਾਹੀਂ ਲਹੌਰੋਂ ਕਰਾਚੀ ਜਾ ਰਹੇ ਸਾਂ, ਉਹ ਜਦ ਸੱਖਰ ਦੇ ਲਾਗੇ ਕਿਸੇ ਸਟੇਸ਼ਨ ’ਤੇ ਠਹਿਰੀ ਤਾਂ ਅਸਾਂ ਸੁਣ ਲਿਆ ਕਿ ਹਕੂਮਤ ਨੇ ਰਾਤੋ ਰਾਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਚੜਾ ਦਿੱਤਾ ਹੈ। ਇਹ ਖਬਰ ਨਾ ਸਿਰਫ ਅਸਾਂ ਨੌਜਵਾਨਾਂ ਲਈ ਕਿਆਮਤ ਭਰੀ ਸੀ, ਸਗੋਂ ਰੇਲ ਦੇ ਸਾਰੇ ਮੁਸਾਫਰਾਂ ਵਿਚ ਵੀ ਰੰਜ ਤੇ ਗਮ ਦੀ ਲਹਿਰ ਦੌੜ ਗਈ-ਸਿਰਫ ਮੁਸਾਫਰਾਂ ਵਿਚ ਹੀ ਨਹੀਂ, ਸਗੋਂ ਰੇਲ ਦੇ ਗਾਰਡ ਤੇ ਡਰਾਇਵਰ ਤੇ ਉਹਨਾਂ ਦੇ ਹੋਰ ਸਾਥੀਆਂ ਵਿਚ ਵੀ। ਇਸ ਤੋਂ ਪ੍ਰਭਾਵਤ ਹੋ ਕੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੱਡੀ ਨੂੰ ਅੱਗੇ ਲਿਜਾਣ ਲਈ ਉਹਨਾਂ ਦਾ ਦਿਲ ਨਹੀਂ ਕਰਦਾ। ਇਹੋ ਖਬਰ ਸੁਣਦਿਆਂ ਲੋਕਾਂ ਨੇ ਹਰ ਥਾਂ ਹੜਤਾਲਾਂ ਕਰ ਦਿੱਤੀਆਂ ਤੇ ਅੰਗਰੇਜ਼ੀ ਹਕੂਮਤ ਵਿਰੁੱਧ ਮੁਜ਼ਾਹਰੇ ਸ਼ੁਰੂ ਹੋ ਗਏ ਸਨ।

ਅਸੀਂ ਜਦ ਕਰਾਚੀ ਪੁੱਜੇ ਤਾਂ ਸਾਰਾ ਸ਼ਹਿਰ ਭਗਤ ਸਿੰਘ ਦੇ ਮਾਤਮ ਵਿਚ ਮਸ਼ਰੂਫ ਸੀ। ਕਰਾਚੀ ਦੇ ਵੱਡੇ ਵੱਡੇ ਬਾਜ਼ਾਰਾਂ ਵਿਚ ਨੰਗੇ ਸਿਰ ਜਲੂਸ ਨਿੱਕਲ ਰਹੇ ਸਨ। ਅਸਾਂ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਇੱਕ ਬਹੁਤ ਵੱਡਾ ਜਲੂਸ ਕੱਢਿਆ। ਜਲਸੇ ਵਿਚ ਭਗਤ ਸਿੰਘ ਦੀ ਇਕ ਬੜੀ ਵੱਡੀ ਤਸਵੀਰ ਸੀ। ਅਸੀਂ ਵਾਰੀ ਵਾਰੀ ਭਗਤ ਸਿੰਘ ਦੀ ਅਰਥੀ ਨੂੰ  ਕੰਧਾ ਦੇ ਰਹੇ ਸਾਂ। ਸਾਡੀਆਂ ਜ਼ੁਬਾਨਾਂ ’ਤੇ ਗੀਤ ਸੀ:

‘‘ਦੇਖੋ ਜਾਤਾ ਹੈ ਜਨਾਜ਼ਾ, ਹਿੰਦ ਕੇ ਸਰਦਾਰ ਕਾ’’

ਲੋਕ ਇਹ ਸੁਣਦਿਆਂ ਹੀ ਧਾਹੀਂ ਮਾਰ ਮਾਰ ਕੇ ਰੋਣ ਲੱਗ ਜਾਂਦੇ ਤੇ ਭਗਤ ਸਿੰਘ ਦੀ ਤਸਵੀਰ ’ਤੇ ਫੁੱਲਾਂ ਦੀ ਬਾਰਸ਼ ਕਰਦੇ। ਅਰਥੀ ਦੇ ਅੱਗੇ ਤੇ ਪਿੱਛੇ ਪੰਜਾਬ, ਬੰਗਾਲ, ਸੂਬਾ ਸਰਹੱਦ, ਯੂ.ਪੀ.ਅਤੇ ਹੋਰ ਸੂਬਿਆਂ ਦੇ ਨੌਜਵਾਨ ਲਾਲ ਵਰਦੀਆਂ ਵਿਚ ਮਾਰਚ ਕਰਦੇ ਜਾ ਰਹੇ ਸਨ। ਸੁਰਖ ਬਾਲਸ਼ਵਿਕੀ ਕੋਟ, ਖਾਕੀ ਪੈਂਟ ਪਹਿਨੀ ਅਤੇ ਛਾਤੀ ਉੱਤੇ ਪਿੱਤਲ ਦੇ ਦਾਤੀ-ਹਥੌੜੇ ਦੇ ਨਿਸ਼ਾਨ ਅਤੇ ਬਾਹਾਂ ’ਤੇ ਕਾਲੇ ਬਿੱਲੇ ਦੇ ਨਿਸ਼ਾਨ ਲਾਈ, ਮਾਨੋ ਲਾਲ ਦਰਿਆ ਚੜਿਆ ਆ ਰਿਹਾ ਲਗਦਾ ਸੀ। ਮਾਤਮੀ ਜਲੂਸ ਨੇ ਕਾਂਗਰਸ ਡੈਲੀਗੇਟਾਂ ਦੇ ਕੈਂਪ ਦਾ ਚੱਕਰ ਲਗਾਇਆ। ਉਸ ਮਾਤਮੀ ਜਲੂਸ ਦੇ ਖਾਸ ਨਾਅਰੇ ਇਹ ਸਨ :

‘‘ਇਨਕਲਾਬ ਜ਼ਿੰਦਾਬਾਦ’’

‘‘ਗਾਂਧੀ ਇਰਵਿਨ ਪੈਕਟ ਮੁਰਦਾਬਾਦ’’

‘‘ਬਰਤਾਨਵੀ ਸਾਮਰਾਜ ਮੁਰਦਾਬਾਦ’’

‘‘ਸਾਮਰਾਜਵਾਦ ਮੁਰਦਾਬਾਦ

‘‘ਲੈਨਿਨਇਜ਼ਮ ਜ਼ਿੰਦਾਬਾਦ’’

‘‘ਗਾਂਧੀਇਜ਼ਮ ਮੁਰਦਾਬਾਦ’’

‘‘ਲਾਲ ਝੰਡਾ ਉੱਚਾ ਹੈ’’

‘‘ਯੂਨੀਅਨ ਜੈਕ ਨੀਵਾਂ ਹੈ’’

‘‘ ਭਗਤ ਸਿੰਘ ਨੂੰ ਫਾਂਸੀ ਕਿਸ ਨੇ ਦਵਾਈ-ਗਾਂਧੀ ਇਰਵਿਨ ਪੈਕਟ ਨੇ’’

‘‘ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜ਼ਿੰਦਾਬਾਦ’’

‘‘ਭਾਰਤ ਦੇ ਸ਼ਹੀਦ ਜ਼ਿੰਦਾਬਾਦ’’

ਪਰਧਾਨ  ਕਾਂਗਰਸ ਦਾ ਮਾਤਮੀ ਜਲੂਸ 

ਨੌਜਵਾਨਾਂ ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਫਾਂਸੀ ਨੇ ਅੱਗ ਲਾ ਦਿੱਤੀ ਸੀ। ਕਰਾਚੀ ਵਿਚ ਅਸਾਂ ਫੈਸਲਾ ਕੀਤਾ ਕਿ ਹਕੂਮਤ ਤੋਂ ਇਲਾਵਾ ਕਾਂਗਰਸ ਦੀ ਉਸ ਲੀਡਰਸ਼ਿੱਪ ਵਿਰੁੱਧ ਵੀ ਮੁਜ਼ਾਹਰਾ ਕੀਤਾ ਜਾਵੇ ਜਿਹੜੀ ਦੇਸ਼ ਨੂੰ ਗਾਂਧੀ ਇਰਵਿਨ ਪੈਕਟ ਵਿਚ ਫਸਾ ਰਹੀ ਹੈ। ਅਸਾਂ ਮੁਜ਼ਾਹਰੇ ਦੀ ਤਿਆਰੀ ਅਰੰਭ ਦਿੱਤੀ। ੳੱੁਧਰ ਜਦੋਂ  ਕਾਂਗਰਸੀ ਲੀਡਰਾਂ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਭਗਤ ਸਿੰਘ ਦੀ ਫਾਂਸੀ ਨੂੰ ਆੜ ਬਣਾ ਕੇ ਐਲਾਨ ਕਰ ਦਿੱਤਾ ਕਿ ਕਾਂਗਰਸ ਸੈਸ਼ਨ ਦੇ ਪਰਧਾਨ ਸਰਦਾਰ ਪਟੇਲ ਦਾ ਪਰਧਾਨਗੀ ਜਲੂਸ ਨਹੀਂ ਕੱਢਿਆ ਜਾਵੇਗਾ। ਇਸ ਵਿਚ ਭਗਤ ਸਿੰਘ ਨਾਲ ਹਮਦਰਦੀ ਦਾ ਜਜ਼ਬਾ ਨਹੀਂ ਸੀ ਸਗੋਂ ਲੋਕਾਂ ਦੀ ਉਸ ਬੇਚੈਨੀ ਦਾ ਅਸਰ ਸੀ ਜਿਸ ਨੂੰ ਨੌਜਵਾਨਾਂ ਦੀ ਲਹਿਰ ਨੇ ਬੜੀ ਭਾਰੀ ਹਵਾ ਦੇ ਦਿੱਤੀ ਸੀ। 

ਕਾਂਗਰਸ ਵਾਲਿਆਂ ਦੂਜੀ ਚਾਲ ਇਹ ਚੱਲੀ ਕਿ ਲੀਡਰਾਂ ਦੀ ਆਮਦ ਨੂੰ ਗੁਪਤ ਰੱਖਿਆ ਜਾਵੇ ਤਾਂ ਕਿ ਨੌਜਵਾਨ ਜਥੇਬੰਦ ਹੋ ਕੇ ਮੁਜ਼ਾਹਰਾ ਕਰਨ ਵਿਚ ਸਫਲ ਨਾ ਹੋ ਸਕਣ। 

ਅਸਾਂ ਪ੍ਰੋਗਰਾਮ ਬਣਾਇਆ ਕਿ ਕੁੱਝ ਨੌਜਵਾਨ ਕਰਾਚੀ ਦੇ ਵੱਡੇ ਸਟੇਸ਼ਨ ’ਤੇ ਪੁੱਜ ਜਾਣ ਅਤੇ ਕੁੱਝ ਕਰਾਚੀ ਵੱਲੋਂ ਲਹੌਰ ਵੱਲ ਅਗਲੇ ਸਟੇਸ਼ਨ ’ਤੇ ਚਲੇ ਜਾਣ ਤਾਂ ਕਿ ਕਾਂਗਰਸ ਵਾਲਿਆਂ ਦੀ ਇਹ ਚਾਲ ਵੀ ਨਾਕਾਮ ਬਣਾ ਦਿੱਤੀ ਜਾਵੇ। ਮੈਂ ਆਪ ਉਹਨਾਂ ਵਿਚ ਸਾਂ ਜਿਹੜੇ ਸ਼ਹਿਰ ਤੋਂ ਦੂਜੇ ਨਿੱਕੇ ਸਟੇਸ਼ਨ ’ਤੇ ਗਏ ਸਨ। ਮੇਰੇ ਨਾਲ ਪੰਜਾਬ ਤੋਂ ਛੁੱਟ ਬੰਗਾਲ ਤੇ ਸੂਬਾ ਸਰਹੱਦ ਦੇ ਨੌਜਵਾਨ ਸਨ। 

ਗਾਂਧੀ ਪਟੇਲ ਜਵਾਹਰ ਵਾਪਸ ਜਾਓ

ਜਦ ਮੈਂ ਆਪਣੇ ਸਾਥੀਆਂ ਨਾਲ ਉਸ ਸਟੇਸ਼ਨ ਤੇ ਪਹੁੰਚਾ ਤਾਂ ਅਜੀਬ ਨਜ਼ਾਰਾ ਵੇਖਿਆ। ਸੈਂਕੜੇ ਕਾਂਗਰਸੀ ਵਲੰਟੀਅਰ ਅਤੇ ਪੁਲਸ, ਸਟੇਸ਼ਨ ਦਾ ਦਰਵਾਜ਼ਾ ਰੋਕ ਕੇ ਅੰਦਰ ਤੇ ਬਾਹਰ ਮੌਜੂਦ ਸਨ। ਕੁੱਝ ਇੱਧਰ ਉੱਧਰ ਫਿਰ ਰਹੇ ਸਨ। ਸਾਨੂੰ ਸਟੇਸ਼ਨ ਦੇ ਅੰਦਰ ਜਾਣੋ ਰੋਕ ਦਿੱਤਾ ਗਿਆ। ਪਰ ਅਸੀਂ ਸਾਰੇ ਜੰਗਲੇ ਟੱਪ ਕੇ ਕਾਂਗਰਸੀਆਂ ਤੇ ਪੁਲਸ ਵਾਲਿਆਂ ਦੀਆਂ ਕਤਾਰਾਂ ਨੂੰ ਤੋੜ ਕੇ ਉਸ ਪਲੇਟਫਾਰਮ ’ਤੇ ਜਾ ਪੁੱਜੇ ਜਿੱਥੇ ਕਾਂਗਰਸੀ ਲੀਡਰਾਂ ਨੂੰ ਲੈ ਕੇ ਗੱਡੀ ਨੇ ਆਣ ਕੇ ਰੁਕਣਾ ਸੀ। ਪੁਲਸ ਤੋਂ ਇਲਾਵਾ ਸੀ ਆਈ ਡੀ ਵਾਲਿਆਂ ਦੀ ਭਾਰੀ ਗਿਣਤੀ ਵੀ ਸਾਡੇ ਆਲੇ ਦੁਆਲੇ ਮੌਜੂਦ ਸੀ। ਸਾਡੀਆਂ ਲਾਲ ਵਰਦੀਆਂ ਉਹਨਾਂ ਦੀਆਂ ਨਜ਼ਰਾਂ ਵਿੱਚ ਸਾਡੇ ਬਾਲਸ਼ਵਿਕ ਹੋਣ ਦੀ ਨਿਸ਼ਾਨੀ ਸਨ। ਉਹ ਬੜੀ ਚੋਰ ਨਜ਼ਰ ਤੇ ਘਬਰਾਈ ਹੋਈ  ਨਿਗਾਹ ਨਾਲ ਸਾਨੂੰ ਵੇਖ ਰਹੇ ਸਨ। 

ਸਰੋਜਨੀ ਨਾਈਡੋ ਦੀ ਹੈਰਾਨੀ

ਅਸੀਂ ਪਲੇਟਫਾਰਮ ’ਤੇ ਲਾਲ ਵਰਦੀ ਵਿਚ ਕਤਾਰਾਂ ਬਣਾ ਕੇ ਖੜੇ ਹੋ ਗਏ। ਇਉ ਲੱਗ ਰਿਹਾ ਸੀ ਜਿਵੇਂ ਮਜ਼ਦੂਰਾਂ ਦੀ ਲਾਲ ਫੌਜ ਪਰੇਡ ਕਰ ਰਹੀ ਹੋਵੇ। 

ਕਾਂਗਰਸ ਹਾਈ ਕਮਾਂਡ ਦੀ ਇੱਕ ਸਤਿਕਾਰਯੋਗ ਮੈਂਬਰ ਸਰੋਜਨੀ ਨਾਈਡੋ ਨੇ ਮੁਸਕਰਾਉਦਿਆਂ ਹੋਇਆਂ ਆਖਿਆ:

‘‘ਬੱਚਿਓ! ਇਹ ਕੀ ਕਰ ਰਹੇ ਹੋ?’’

‘‘ਜੋ ਨੌਜਵਾਨਾਂ ਨੂੰ ਕਰਨਾ ਚਾਹੀਦਾ ਹੈ’’ ਅਸਾਂ ਉੱਤਰ ਦਿੱਤਾ। 

ਗਾਂਧੀ ਜੀ ਆ ਗਏ

ਅਸੀਂ ਸਾਰੇ ਡਟ ਕੇ ਖੜੇ ਸਾਂ ਅਟੱਲ ਚਟਾਨਾਂ ਵਾਂਗ। ਗੜ-ਗੜ ਕਰਦੀ ਗੱਡੀ ਆ ਗਈ। ਪਰਧਾਨ ਕਾਂਗਰਸ ਸਰਦਾਰ ਪਟੇਲ ਤਾਂ ਨਜ਼ਰ ਨਾ ਆਏ। ਉਹ ਲੋਕਾਂ ਦੀ ਅੱਖ ਬਚਾ ਕੇ ਗੱਡੀ ਦੇ ਦੂਜੇ ਪਾਸੇ ਉੱਤਰ ਗਏ ਤੇ ਮੂੰਹ ਸਿਰ ’ਤੇ ਕੱਪੜਾ ਲਪੇਟ ਕੇ ਚੁੱਪ ਕੀਤਿਆਂ ਬਾਹਰ ਨਿੱਕਲ ਗਏ ਤੇ ਕਾਂਗਰਸੀ ਮੋਟਰ ਵਿਚ ਜਾ ਬੈਠੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਗੱਡੀ ਵਿਚ ਹੀ ਰਹੇ, ਉਨਾਂ ਉੱਤਰਨ ਦੀ ਦਲੇਰੀ ਹੀ ਨਾ ਕੀਤੀ। ਪਰ ਗਾਂਧੀ ਜੀ ਉੱਤਰ ਆਏ। ਅਸਾਂ ਉਨਾਂ ਨੂੰ ਚਹੁੰਆਂ ਪਾਸਿਆਂ ਤੋਂ ਘੇਰ ਲਿਆ ਤੇ ਖੱਦਰ ਦੇ ਕਾਲੇ ਫੁੱਲ ਪੇਸ਼ ਕਰਦਿਆਂ ਕਿਹਾ:

‘‘ਮਹਾਤਮਾ ਜੀ ਇਹ ਕਾਲੇ ਫੁੱਲ ਤੁਹਾਨੂੰ ਇਸ ਲਈ ਭੇਟ ਕਰ ਰਹੇ ਹਾਂ ਕਿ ਤੁਸੀਂ ਆਪਣੇ ਵਾਅਦੇ ਅਨੁਸਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਛੁਡਾ ਲਿਆਏ ਹੋ।’’

ਗਾਂਧੀ ਜੀ ਨੇ ਆਪਣੇ ਮੱਥੇ ’ਤੇ ਹੱਥ ਮਾਰ ਕੇ ਕਿਹਾ:

‘‘ਬੱਚਓ ਮੇਰੇ ਮੱਥੇ ’ਤੇ ਇਹ ਕਾਲਾ ਦਾਗ ਕਾਇਮ ਰਹੇਗਾ।’’

ਅਸੀਂ ਨਾਅਰਾ ਲਗਾ ਰਹੇ ਸਾਂ ‘‘ਗਾਂਧੀ ਪਟੇਲ ਜਵਾਹਰ ਵਾਪਸ ਜਾਓ।’’

ਇਹਨਾਂ ਤੇ ਹੋਰ ਨਾਅਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ। ਪਰ ਗਾਂਧੀ ਜੀ ਨੂੰ ਕੋਈ ਤਕਲੀਫ ਨਹੀਂ ਪਹੁੰਚਣ ਦਿੱਤੀ। ਅਸਾਂ ਉਨਾਂ ਦੇ ਉਦਾਲੇ ਤਿੰਨ ਤਿੰਨ ਗਜ਼ ਦੀ ਵਿੱਥ ’ਤੇ ਘੇਰਾ ਪਾ ਰੱਖਿਆ ਸੀ, ਇਸ ਖਿਆਲ ਨਾਲ ਕਿ ਉਹਨਾਂ ਨੂੰ ਕੋਈ ਧੱਕਾ ਨਾ ਲੱਗੇ। ਗਾਂਧੀ ਜੀ ਨੂੰ ਅਸਾਂ ਇਸੇ ਤਰਾਂ ਮੁਜ਼ਾਹਰਾ ਕਰਦਿਆਂ ਸਟੇਸ਼ਨੋਂ ਬਾਹਰ ਲਿਆਂਦਾ ਤੇ ਉਨਾਂ ਲਈ ਆਈ ਕਾਰ ਵਿਚ ਬਹਾ ਦਿੱਤਾ। ਏਸੇ ਕਾਰ ਵਿਚ ਸਰਦਾਰ ਪਟੇਲ ਪਹਿਲਾਂ ਹੀ ਆਣ ਕੇ ਬੈਠੇ ਹੋਏ ਸਨ। ਉਨਾਂ ਨੂੰ ਵੇਖ ਕੇ ਨਾਅਰੇ ਹੋਰ ਵੀ ਤੇਜ਼ ਹੋ ਗਏ। ਗਾਂਧੀ ਜੀ ਦੀ ਕਾਰ ਰਵਾਨਾ ਹੋਈ। ਸਾਡੀਆਂ ਲਾਰੀਆਂ ਵੀ ਉਨਾਂ ਦੇ ਪਿੱਛੇ ਚੱਲ ਪਈਆਂ। ਰੇਲ ਵੀ ਸਾਡੇ ਨਾਲ ਨਾਲ ਜਾ ਰਹੀ ਸੀ। ਪੰਡਿਤ ਨਹਿਰੂ ਜਦ ਕਦੇ ਰੇਲ ’ਚੋਂ ਬਾਹਰ ਝਾਕਦੇ ਤਾਂ ਸਾਡੇ ਨਾਅਰੇ ਹੋਰ ਤੇਜ਼ ਹੋ ਜਾਂਦੇ। ਕਈ ਹੱਥਾਂ ਵੱਲੋਂ ਕਾਲੀਆਂ ਝੰਡੀਆਂ ਫੇਰ ਲਹਿਰਾਈਆਂ ਜਾਂਦੀਆਂ। ਕੁੱਝ ਦੂਰ ਤੱਕ ਰੇਲਵੇ ਲਾਈਨ ਤੇ ਦੂਸਰੀ ਸੜਕ ਨਾਲ ਨਾਲ ਚਲਦੀਆਂ ਰਹੀਆਂ। ਰੇਲ ਤੇ ਲਾਰੀਆਂ ਨਾਲ ਨਾਲ ਜਾ ਰਹੀਆਂ ਸਨ, ਭਾਵ ਅਸੀਂ ਤੇ ਪੰਡਿਤ ਨਹਿਰੂ ਨਾਲ ਨਾਲ ਚੱਲ ਰਹੇ ਸਾਂ। ਫਿਰ ਰੇਲਵੇ ਲਾਈਨ ਸੜਕ ਤੋਂ ਅੱਡ ਹੋ ਗਈ। ਰੇਲ ਲਾਰੀਆਂ ਤੋਂ ਦੂਰ ਹੋ ਗਈ, ਸਾਡਾ ਤੇ ਪੰਡਿਤ ਜੀ ਦਾ ਸਾਥ ਛੁੱਟ ਗਿਆ। ਅਸੀਂ ਇੱਕ ਤਰਫ਼ ਚਲੇ ਗਏ ਤੇ ਪੰਡਿਤ ਨਹਿਰੂ ਦੂਜੀ ਤਰਫ਼।

ਪਰ ਏਨੀ ਦੂਰ ਦੀ ਯਾਤਰਾ ਦਾ ਇਹ ਅਸਰ ਜ਼ਰੂਰ ਹੋਇਆ ਕਿ ਕਰਾਚੀ ਸੈਸ਼ਨ ਵਿਚ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਦੀ ਹਿਫ਼ਾਜ਼ਤ ਲਈ ਇੱਕ ਇਤਿਹਾਸਕ ਮਤਾ ਪ੍ਰਵਾਨ ਕੀਤਾ ਗਿਆ। 

ਕੌਣ ਕਹਿ ਸਕਦਾ ਹੈ ਕਿ ਇਸ ਵਿਚ ਭਗਤ ਸਿੰਘ ਦੀ ਸ਼ਹੀਦੀ ਨੌਜਵਾਨਾਂ ਦੇ ਮੁਜ਼ਾਹਰੇ ਦਾ ਅਤੇ ਦੇਸ਼ ਭਰ ਵਿਚ ਅੱਗੇ ਵਧੂ ਲਹਿਰ ਦੇ ਉਭਾਰ ਦਾ ਹੱਥ ਨਹੀਂ ਸੀ।  


No comments:

Post a Comment