12. ਅਖੌਤੀ ਜਮਹੂਰੀਅਤ ਦੀ ਵੋਟ ਕਸਰਤ ਦਰਮਿਆਨ
ਇਨਕਲਾਬੀ ਬਦਲ ਦੀਆਂ ਮੁਹਿੰਮਾਂ
ਹਮੇਸ਼ਾ ਦੀ ਤਰਾਂ ਇਸ ਵਾਰ ਵੀ ਹਾਕਮ ਜਮਾਤਾਂ ਨੇ ਸੂਬੇ ਦੀ ਗੱਦੀ ’ਤੇ ਬੈਠਣ ਵਾਲੇ ਧੜੇ ਦੀ ਚੋਣ ਕਰਨ ਦਾ ਮਸਲਾ ਨਿਬੇੜਨ ਤੇ ਲੋਕਾਂ ਦੀ ਬੇਚੈਨੀ ਤੇ ਰੋਹ ਨੂੰ ਵੋਟਾਂ ’ਚ ਢਾਲ ਕੇ ਜਮਹੂਰੀਅਤ ਦਾ ਭਰਮ ਸਿਰਜਣ ਲਈ ਵੋਟਾਂ ਦੀ ਕਸਰਤ ਕੀਤੀ ਹੈ। ਲੋਕ ਇਸ ਭਰਮ ਦਾ ਸ਼ਿਕਾਰ ਵੀ ਹੁੰਦੇ ਹਨ ਤੇ ਮਜ਼ਬੂਰੀਆਂ-ਮੁਥਾਜ਼ਗੀਆਂ ’ਚ ਬੱਝੇ ਹੋਏ ਵੋਟਾਂ ਵੀ ਪਾਉਦੇ ਹਨ। ਪਰ ਖਰੀ ਜਮਹੂਰੀਅਤ ਸਿਰਜਣ ਲਈ ਜੁਟੇ ਹੋਏ ਇਨਕਲਾਬੀ ਹਲਕੇ ਲੋਕਾਂ ਨੂੰ ਇਸ ਭਰਮ ਤੋਂ ਮੁਕਤ ਕਰਨ ਅਤੇ ਲੋਕਾਂ ਦੀ ਮੁਕਤੀ ਦਾ ਬਦਲਵਾਂ ਪ੍ਰੋਗਰਾਮ ਤੇ ਮਾਰਗ ਉਭਾਰਨ ਲਈ ਯਤਨਸ਼ੀਲ ਰਹਿੰਦੇ ਹਨ। ਇਹਨਾਂ ਚੋਣਾਂ ਦੌਰਾਨ ਵੀ ਇਹਨਾਂ ਹਲਕਿਆਂ ਨੇ ਵੱਖ 2 ਤਰਾਂ ਦੀਆਂ ਮੁਹਿੰਮਾਂ ਨਾਲ ਬਦਲਵੇਂ ਪ੍ਰੋਗਰਾਮ ਤੇ ਰਾਹ ਦਾ ਸੰਦੇਸ਼ ਲੋਕਾਂ ਨੂੰ ਦਿੱਤਾ ਹੈ। ਇਹਨਾਂ ਮੁਹਿੰਮਾਂ ਦੀ ਹਾਜਰੀ ਸੂਬੇ ਦੇ ਸਿਆਸੀ ਦਿ੍ਰਸ਼ ’ਤੇ ਉਭਰਵੇਂ ਰੂਪ ’ਚ ਜ਼ਾਹਰ ਹੋਈ ਹੈ। ਵੱਖ ਵੱਖ ਇਨਕਲਾਬੀ ਜਥੇਬੰਦੀਆਂ/ਪਲੇਟਫਾਰਮਾਂ ਵੱਲੋਂ ਚਲਾਈਆਂ ਗਈਆਂ ਮੁਹਿੰਮਾਂ ਤੇ ਜਨਤਕ ਜਥੇਬੰਦੀਆਂ ਨੇ ਲੋਕਾਂ ਨੂੰ ਪਾਰਲੀਮਾਨੀ ਵੋਟ ਸਿਆਸਤ ਤੋਂ ਭਲੇ ਦੀ ਝਾਕ ਛੱਡ ਕੇ ਇਨਕਲਾਬੀ ਬਦਲ ਉਭਾਰਨ ਦਾ ਹੋਕਾ ਦਿੱਤਾ ਹੈ। ਇਸ ਹੋਕੇ ਨੂੰ ਸੂਬੇ ਦੇ ਲੋਕਾਂ ਨੇ ਧਿਆਨ ਨਾਲ ਸੁਣਿਆ ਹੈ। ਕਈ ਜਨਤਕ ਜਥੇਬੰਦੀਆਂ ਨੇ ਆਪੋ ਆਪਣੇ ਤਬਕਿਆਂ ਦੇ ਮੁੱਦੇ ਉਭਾਰੇ ਹਨ ਤੇ ਸੰਘਰਸ਼ਾਂ ਦੇ ਰਾਹ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਹੈ। ਸਮੁੱਚੇ ਤੌਰ ’ਤੇ ਸੂਬੇ ਅੰਦਰ ਕਿਸੇ ਵੀ ਹਾਂ-ਪੱਖੀ ਤਬਦੀਲੀ ਲਈ ਪਾਰਲੀਮਾਨੀ ਵੋਟ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਆਪਣੀ ਤਾਕਤ ’ਤੇ ਟੇਕ ਰੱਖਣ ਦਾ ਸੁਨੇਹਾ ਗੂੰਜਿਆ ਹੈ।
ਇਨਕਲਾਬੀ ਬਦਲ ਦਾ ਪ੍ਰੋਗਰਾਮ ਤੇ ਰਾਹ ਪੂਰੀ ਸਪਸ਼ਟਤਾ ਨਾਲ ਉਭਾਰਨ ਵਾਲੀ ਇੱਕ ਅਸਰਦਾਰ ਲਾਮਬੰਦੀ ਵਾਲੀ ਜਨਤਕ ਮੁਹਿੰਮ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਚਲਾਈ ਗਈ ਹੈ ਜਿਸ ਨੂੰ ‘‘ਇਨਕਲਾਬੀ ਬਦਲ ਉਸਾਰੋ’’ ਦਾ ਨਾਂ ਦਿੱਤਾ ਗਿਆ ਸੀ। ਇਸ ਮੁਹਿੰਮ ਤਹਿਤ ਮੁੱਖ ਤੌਰ ’ਤੇ ਸੂਬੇ ਦੀਆਂ ਜਨਤਕ ਜਮਹੂਰੀ ਲਹਿਰ ਦੀਆਂ ਮੁਕਾਬਲਤਨ ਵਿਕਸਿਤ ਪਰਤਾਂ ਨੂੰ ਸੰਬੋਧਨ ਹੋਇਆ ਗਿਆ ਹੈ। ਇਸ ਦੇ ਇੱਕ ਗੇੜ ’ਚ ਪੰਜਾਬ ਭਰ ਅੰਦਰ ਇਲਾਕਾ ਪੱਧਰੀਆਂ ਇਕੱਤਰਤਾਵਾਂ ਹੋਈਆਂ ਜਿੱਥੇ ਲੋਕ ਮੋਰਚਾ ਪੰਜਾਬ ਵੱਲੋਂ ਪੇਸ਼ ਕੀਤੇ ਗਏ ਸਮੁੱਚੇ ਪ੍ਰੋਗਰਾਮ ਤੇ ਬਦਲਵੇਂ ਮੁਕਤੀ ਮਾਰਗ ਦੀ ਵਿਸਥਾਰੀ ਚਰਚਾ ਕੀਤੀ ਗਈ। ਇਨਕਲਾਬੀ ਬਦਲ ਦਾ ਠੋਸ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦਾ ਰਾਜ ਭਾਗ ਦੀਆਂ ਮੌਜੂਦਾ ਸੰਸਥਾਵਾਂ ਨਾਲ ਟਕਰਾਅ ਦਰਸਾਇਆ ਗਿਆ। ਲੋਕ ਇਨਕਲਾਬ ਦਾ ਮੋਟਾ ਖਾਕਾ ਪੇਸ਼ ਕੀਤਾ ਗਿਆ। ਸਾਮਰਾਜੀ ਤੇ ਜਗੀਰੂ ਲੁੱਟ-ਖਸੁੱਟ ਦੇ ਖਾਤਮੇ ਤੋਂ ਮੁਕਤ ਦੇਸ਼ ਦੇ ਸੋਮਿਆਂ ਸਾਧਨਾਂ ’ਤੇ ਨਿਰਭਰ ਲੋਕ-ਵਿਕਾਸ ਦਾ ਹਕੀਕੀ ਮਾਡਲ ਪੇਸ਼ ਕੀਤਾ ਗਿਆ। ਇਸ ਦੇ ਲਈ ਚੁੱਕੇ ਜਾਣ ਵਾਲੇ ਠੋਸ ਕਦਮਾਂ ਨੂੰ ਟਿੱਕਿਆ ਗਿਆ ਤੇ ਇਹਨਾਂ ਕਦਮਾਂ ਦਾ ਆਪਸੀ ਸੰਬੰਧ ਦਰਸਾਇਆ ਗਿਆ। ਇਸ ਮੁਹਿੰਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਨਕਲਾਬੀ ਬਦਲ ਦੇ ਪ੍ਰੋਗਰਾਮ ਨੂੰ ਲੋਕਾਂ ਦੀ ਲਹਿਰ ਦੇ ਮੌਜੂਦਾ ਵਿਕਾਸ ਪੱਧਰ ਨਾਲ ਕੜੀ-ਜੋੜ ਰਾਹੀਂ ਉਭਾਰਨ ਦਾ ਯਤਨ ਕੀਤਾ ਗਿਆ। ਲੋਕਾਂ ਦੇ ਮੌਜੂਦਾ ਸਮੇਂ ਦੇ ਸੰਘਰਸ਼ ਮੁੱਦਿਆਂ ਨੂੰ ਨੀਤੀ ਮੁੱਦਿਆਂ ਨਾਲ ਜੋੜ ਕੇ, ਸੰਘਰਸ਼ਾਂ ਨੂੰ ਨੀਤੀ ਮੁੱਦਿਆਂ ਦੇ ਪੱਧਰ ਤੱਕ ਉੱਚਾ ਚੁੱਕਣ ਦੀ ਜ਼ਰੂਰਤ ਪੇਸ਼ ਕੀਤੀ ਗਈ ਅਤੇ ਬਦਲ ਦੇ ਸਮੁੱਚੇ ਪ੍ਰੋਗਰਾਮ ਨੂੰ ਇਹਨਾਂ ਨੀਤੀ ਮੁੱਦਿਆਂ ਨਾਲ ਜੋੜ ਕੇ ਦਰਸਾਉਣ ਰਾਹੀਂ ਲੋਕਾਂ ਸਾਹਮਣੇ ਬਦਲ ਉਸਾਰੀ ਦਾ ਸੰਕਲਪ ਪੇਸ਼ ਕੀਤਾ ਗਿਆ ਤੇ ਇਸ ਬਦਲ ਉਸਾਰਨ ਤੱਕ ਪੁੱਜਣ ਦੇ ਮਾਰਗ ਤੱਕ ਪੁੱਜਣ ਦਾ ਖਾਕਾ ਉਲੀਕਿਆ ਗਿਆ।
ਇਹਨਾਂ ਨੀਤੀ ਕਦਮਾਂ ਦੇ ਹਵਾਲੇ ਨਾਲ ਲੋਕਾਂ ਦੇ ਵੱਖ 2 ਤਬਕਿਆਂ ਦੇ ਸਾਂਝੇ ਸੰਘਰਸ਼ਾਂ ਦੀ ਜ਼ਰੂਰਤ ਪੇਸ਼ ਕੀਤੀ ਗਈ। ਲੋਕ ਸੰਘਰਸ਼ਾਂ ਰਾਹੀਂ ਉਸਰਨ ਵਾਲੀ ਲੋਕਾਂ ਦੀ ਤਾਕਤ ਨੂੰ ਹੀ ਲੋਕਾਂ ਦੀ ਪੁੱਗਤ ਦੇ ਸਾਧਨ ਵਜੋਂ ਉਭਾਰਿਆ ਗਿਆ ਅਤੇ ਲੋਕ-ਪੁੱਗਤ ਉਸਾਰੀ ਦੇ ਅਮਲ ਨੂੰ ਰਾਜ ਭਾਗ ਦੀਆਂ ਸੰਸਥਾਵਾਂ ਦੇ ਮੁਕਾਬਲੇ ਲੋਕਾਂ ਦੀਆਂ ਆਪਣੀਆਂ ਹਕੀਕੀ ਜਮਹੂਰੀ ਸੰਸਥਾਵਾਂ ਉਸਾਰਨ ਦੇ ਅਮਲ ਵਜੋਂ ਦਰਸਾਇਆ ਗਿਆ। ਮੌਜੂਦਾ ਪਾਰਲੀਮਾਨੀ ਸੰਸਥਾਵਾਂ ਦਾ ਲਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਪੂਰਤੀ ਦੇ ਸਾਧਨ ਵਜੋਂ ਪਰਦਾਚਾਕ ਕੀਤਾ ਗਿਆ ਅਤੇ ਇਹਨਾਂ ਸੰਸਥਾਵਾਂ ਦਾ ਕਿਸੇ ਲੋਕ ਪੱਖੀ ਤਬਦੀਲੀ ਲਈ ਸਾਧਨ ਬਣ ਸਕਣ ਦੀ ਨਿਰਾਰਥਕਤਾ ਨੂੰ ਦਰਸਾਇਆ ਗਿਆ।
ਲੋਕ ਮੋਰਚਾ ਪੰਜਾਬ ਦੀ ਇਸ ਮੁਹਿੰਮ ਨੇ ਪੂਰੀ ਸਪਸ਼ਟਤਾ ਨਾਲ ਤੇ ਧੜੱਲੇ ਦੇ ਪੈਂਤੜੇ ਤੋਂ ਇਸ ਲੁਟੇਰੇ ਰਾਜ ਭਾਗ ਦਾ ਇਨਕਲਾਬੀ ਬਦਲ ਉਸਾਰਨ ਦਾ ਹੋਕਾ ਦਿੱਤਾ। ਮੋਰਚੇ ਵੱਲੋਂ ਇਕ ਪੈਂਫਲਿਟ ਤੇ ਇੱਕ ਕੰਧ ਪੋਸਟਰ ਹਜ਼ਾਰਾਂ ਦੀ ਗਿਣਤੀ ’ਚ ਜਾਰੀ ਕੀਤੇ ਗਏ। ਇਲਾਕਾ ਪੱਧਰੀਆਂ ਕਾਰਕੁੰਨ ਇਕੱਤਰਤਾਵਾਂ ਤੋਂ ਇਲਾਵਾ ਪਿੰਡ ਪੱਧਰ ’ਤੇ ਵੀ ਜਨਤਕ ਮੀਟਿੰਗਾਂ ਦਾ ਗੇੜ ਨਾਲੋ ਨਾਲ ਚੱਲਿਆ। ਇਹਨਾਂ ਮੀਟਿੰਗਾਂ ’ਚ ਪਿੰਡ ’ਚ ਸਰਗਰਮ ਖੇਤ ਮਜ਼ਦੂਰ ਤੇ ਕਿਸਾਨ ਜਥੇਬੰਦੀ ਦੇ ਘੇਰੇ ਸ਼ਾਮਲ ਹੋਏ। ਇਸ ਇਨਕਲਾਬੀ ਜਥੇਬੰਦੀ ਦੀ ਮੁਹਿੰਮ ਨੂੰ ਕਈ ਉੱਘੀਆਂ ਜਨਤਕ ਸ਼ਖਸ਼ੀਅਤਾਂ ਅਤੇ ਕੁੱਝ ਜਨਤਕ ਜਥੇਬੰਦੀਆਂ ਵੱਲੋਂ ਵੀ ਹਮਾਇਤੀ ਕੰਨਾਂ ਲਾਇਆ ਗਿਆ ਸੀ। ਇਸ ਪਹਿਲਕਦਮੀ ਨਾਲ ਇਸ ਦੇ ਸੁਨੇਹੇ ਦੇ ਸੰਚਾਰ ਲਈ ਹਾਲਤ ਹੋਰ ਵਧੇਰੇ ਸਾਜ਼ਗਾਰ ਹੋ ਗਈ ਤੇ ਜਨਤਕ ਲਹਿਰ ਦੀਆਂ ਹੋਰ ਭਰਵੀਆਂ ਪਰਤਾਂ ਇਸ ਦੀ ਮੁਹਿੰਮ ’ਚ ਸ਼ਾਮਲ ਹੋ ਸਕੀਆਂ।
ਇੱਕ ਹੋਰ ਜਥੇਬੰਦੀ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਵੀ ‘‘ਰਾਜ ਬਦਲੋ-ਸਮਾਜ ਬਦਲੋ’’ ਦੀ ਮੁਹਿੰਮ ਚਲਾਉਦਿਆਂ ਵੋਟਾਂ ਤੋਂ ਝਾਕ ਛੱਡ ਕੇ ਰਾਜ ਤੇ ਸਮਾਜ ਬਦਲਣ ਲਈ ਇਨਕਲਾਬ ਦਾ ਹੋਕਾ ਦਿੱਤਾ ਗਿਆ। ਇਸ ਮੁਹਿੰਮ ਤਹਿਤ ਵੀ ਪੰਜਾਬ ਦੇ ਵੱਖ 2 ਇਲਾਕਿਆਂ ਜਨਤਕ ਇਕੱਤਰਤਾਵਾਂ ਕੀਤੀਆਂ ਗਈਆਂ ਤੇ ਉਹਨਾਂ ਮੁੱਦਿਆਂ ਨੂੰ ਉਭਾਰਿਆ ਗਿਆ ਜਿਨਾਂ ਦੀ ਚਰਚਾ ਹਾਕਮ ਜਮਾਤੀ ਚੋਣ ਮੁਹਿੰਮਾਂ ’ਚ ਨਹੀਂ ਸੀ।
ਇਸ ਤੋਂ ਇਲਾਵਾ 7 ਜਥੇਬੰਦੀਆਂ ਦੇ ਮੁਹਿੰਮ ਕਮੇਟੀ ਵੱਲੋਂ ਵੋਟ ਬਾਈਕਾਟ ਮੁਹਿੰਮ ਚਲਾਈ ਗਈ ਸੀ। ਚਾਹੇ ਕਾਰਵਾਈ ਸੱਦੇ ਵਜੋਂ ਇਹ ਸੱਦਾ ਹਾਲਤ ਨਾਲ ਬੇਮੇਲ ਹੈ ਤੇ ਲੋਕਾਂ ਦੀ ਚੇਤਨਾ ਤੇ ਜਥੇਬੰਦੀ ਦੀ ਤਿਆਰੀ ਦੇ ਪੱਧਰ ਤੋਂ ਬਹੁਤ ਦੂਰ ਹੈ ਪਰ ਉਹਨਾਂ ਨੇ ਵੀ ਮੌਜੂਦਾ ਪਾਰਲੀਮਾਨੀ ਪ੍ਰਬੰਧ ਨੂੰ ਰੱਦ ਕਰਦਿਆਂ ਲੋਕਾਂ ਦੇ ਹਕੀਕੀ ਮੁੱਦੇ ਉਭਾਰਨ ਦੀ ਪਹੁੰਚ ਲਈ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਤੇ ਲੋਕ ਸੰਗਰਾਮ ਮੋਰਚਾ ਪੰਜਾਬ ਦੀਆਂ 5 ਹੋਰ ਸਹਿਯੋਗੀ ਜਥੇਬੰਦੀਆਂ ਨੇ ਮੋਗਾ ਵਿਖੇ ਵੋਟ ਬਾਈਕਾਟ ਕਾਨਫਰੰਸ ਕੀਤੀ। ਇਹਨਾਂ ਜਥੇਬੰਦੀਆਂ ਵੱਲੋਂ ਜਾਰੀ ਹੱਥ ਪਰਚੇ ’ਚ ਕੰਪਨੀਆਂ ਤੇ ਜਗੀਰਦਾਰਾਂ ਤੋਂ ਜ਼ਮੀਨ ਦੀ ਰਾਖੀ ਕਰਨ , ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਤੇ ਗਰੀਬ ਕਿਸਾਨਾਂ ਨੂੰ ਦੇਣ, ਸੰਸਾਰ ਵਪਾਰ ਸੰਸਥਾ ਨਾਲੋਂ ਮੁਲਕ ਦਾ ਨਾਤਾ ਤੋੜਨ , ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ’ਤੇ ਲਕੀਰ ਮਾਰਨ ਤੇ ਬੇਰੁਜ਼ਗਾਰੀ ਦੇ ਖਾਤਮੇ ਤੇ ਜਾਤ-ਪਾਤ ਦੇ ਖਾਤਮੇ ਰਾਹੀਂ ਸੱਚੇ ਲੋਕ ਰਾਜ ਦੀ ਸਥਾਪਨਾ ਦਾ ਹੋਕਾ ਦਿੱਤਾ।
ਕੁੱਝ ਹੋਰ ਜਨਤਕ ਜਥੇਬੰਦੀਆਂ ਜਿਨਾਂ ’ਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਸਮੇਤ ਕੁੱਝ ਹੋਰ ਜਥੇਬੰਦੀਆਂ ਸ਼ਾਮਲ ਸਨ, ਨੇ ਵੀ ਇਨਕਲਾਬੀ ਬਦਲ ਉਸਾਰੋ ਦਾ ਨਾਅਰਾ ਬੁਲੰਦ ਕਰਦਿਆਂ ਵੱਖ 2 ਜਿਲਿਆਂ ’ਚ ਕਾਨਫਰੰਸਾਂ ਕੀਤੀਆਂ। ਇਹਨਾਂ ਜਥੇਬੰਦੀਆਂ ਵੱਲੋਂ ਕਾਰਵਾਈ ਨਾਅਰੇ ਵਜੋਂ ਨੋਟਾ ਦਾ ਬਟਨ ਨੱਪਣ ਦਾ ਸੱਦਾ ਦਿੱਤਾ ਗਿਆ ਸੀ ਜੋ ਇਨਕਲਾਬੀ ਬਦਲ ਉਸਾਰਨ ਦੇ ਸੱਦੇ ਨਾਲ ਬੇਮੇਲ ਸੀ। ਨੋਟਾ ਦਾ ਬਟਨ ਦੱਬਣਾ ਇਸ ਪਾਰਲੀਮਾਨੀ ਵੋਟ ਪ੍ਰਕਿਰਿਆ ’ਚ ਸ਼ਾਮਲ ਹੋ ਕੇ ਉਮੀਦਵਾਰਾਂ ਨੂੰ ਰੱਦ ਕਰਨਾ ਹੈ ਜਦ ਕਿ ਇਨਕਲਾਬ ਬਦਲ ਉਸਾਰਨ ਦਾ ਹੋਕਾ ਇਸ ਪਾਰਲੀਮਾਨੀ ਢਾਂਚੇ ਤੇ ਵੋਟ ਸਿਆਸਤ ਨੂੰ ਰੱਦ ਕਰਕੇ ਬਦਲਵੇਂ ਪ੍ਰੋਗਰਾਮ ਤੇ ਬਦਲਵੇਂ ਰਸਤੇ ਰਾਹੀਂ ਇਨਕਲਾਬੀ ਲੋਕ ਸੱਤਾਹ ਦੀ ਉਸਾਰੀ ਦਾ ਹੋਕਾ ਦੇਣਾ ਹੈ। ਕਾਰਵਾਈ ਸੱਦੇ ’ਚ ਬੇਮੇਲਤਾ ਦੇ ਬਾਵਜੂਦ ਇਹਨਾਂ ਕਾਨਫਰੰਸਾਂ ’ਚ ਲੋਕਾਂ ਦੇ ਹਕੀਕੀ ਅਹਿਮ ਮਸਲੇ ਉਭਾਰੇ ਗਏ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੇ ਰਾਹ ਡਟਣ ਦਾ ਹੋਕਾ ਦਿੱਤਾ ਗਿਆ। ਇਉ ਹੀ ਇਕ ਕਮਿਊਨਿਸਟ ਇਨਕਲਾਬੀ ਪਾਰਟੀ ਵੱਲੋਂ ਵੀ ਕੁੱਝ ਥਾਵਾਂ ’ਤੇ ਕਾਨਫਰੰਸਾਂ ਕਰਕੇ ਅਜਿਹੀ ਹੀ ਸੰਦੇਸ਼ ਉਭਰਿਆ ਗਿਆ ਤੇ ਨੋਟਾ ਦਾ ਬਟਨ ਦੱਬਣ ਦਾ ਸੱਦਾ ਦਿੱਤਾ ਗਿਆ। ਇਕ ਹੋਰ ਪੇਂਡੂ ਮਜ਼ਦੂਰ ਜਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵੀ ਨਵ-ਜਮਹੂਰੀ ਇਨਕਲਾਬ ਨੂੰ ਜਿੰਦਾਬਾਦ ਕਹਿੰਦਾ ਹੱਥ ਪਰਚਾ ਪ੍ਰਕਾਸ਼ਤ ਕੀਤਾ ਗਿਆ ਜਿਸ ਵਿਚ ਲੋਕਾਂ ਦੇ ਫੌਰੀ ਮੁੱਦਿਆਂ ਨੂੰ ਉਭਾਰਿਆ ਗਿਆ। ਇਹਨਾਂ ਦੀ ਪ੍ਰਪਤੀ ਲਈ ਵਿਧਾਨ ਸਭਾ ਚੋਣਾਂ ’ਚ ਸ਼ਮੂਲੀਅਤ ਨੂੰ ਨਿਰਾਰਥਕ ਕਰਾਰ ਦਿੱਤਾ ਗਿਆ ਤੇ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ।
ਵੱਖ 2 ਇਨਕਲਾਬੀ ਜਥੇਬੰਦੀਆਂ ਦੀ ਇਹ ਸਰਗਰਮੀ ਆਪਣੇ ਆਕਾਰ ਪਸਾਰ ਪੱਖੋਂ ਪੰਜਾਬ ਦੇ ਵੱਡੇ ਖੇਤਰ ਨੂੰ ਕਲਾਵੇ ’ਚ ਲੈਣ ਵਾਲੀ ਤੇ ਮਿਹਨਤਕਸ਼ ਲੋਕਾਂ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਸੰਬੋਧਨ ਹੋਣ ਵਾਲੀ ਬਣਦੀ ਹੈ। ਚਾਹੇ ਇਸ ਸਰਗਰਮੀ ’ਚ ਕਾਰਵਾਈ ਨਾਅਰਿਆਂ ਦੀ ਪੱਧਰ ’ਤੇ ਪਾੜਾ ਹੈ, ਪ੍ਰੋਗਰਾਮ ਦੀ ਪੱਧਰ ’ਤੇ ਵੱਧ ਘੱਟ ਸਪਸ਼ਟਤਾ ਦੇ ਵਖਰੇਵੇਂ ਵੀ ਹਨ, ਪਰ ਇਸ ਦਾ ਸਾਂਝਾ ਤੱਤ ਲੋਕ ਮਸਲਿਆਂ ਦੇ ਹੱਲ ਲਈ ਪਾਰਲੀਮਾਨੀ ਚੋਣ ਸਰਗਰਮੀ ਨੂੰ ਰੱਦ ਕਰਨਾ ਤੋ ਲੋਕਾਂ ਦੀ ਜਥੇਬੰਦ ਤਾਕਤ ਤੇ ਸੰਘਰਸ਼ਾਂ ’ਤੇ ਟੇਕ ਨੂੰ ਉਭਾਰਨਾ ਬਣਿਆ ਹੈ। ਲੋਕਾਂ ਦੇ ਹੱਕਾਂ ਦੀ ਲਹਿਰ ’ਚ ਇਸ ਸੁਨੇਹੇ ਦਾ ਕਾਫੀ ਭਰਵਾਂ ਸੰਚਾਰ ਹੋਇਆ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਇਸ ਮੌਜੂਦਾ ਲੁਟੇਰੇ ਢਾਂਚੇ ’ਚ ਨਹੀਂ ਹੈ ਸਗੋਂ ਇਹ ਤਾਂ ਸਮੱਸਿਆਵਾਂ ਦੀ ਜੜ ਹੈ। ਹੱਲ ਇਸ ਨੂੰ ਮੁੱਢੋਂ ਤਬਦੀਲ ਕਰਨ ’ਚ ਹੈ ਤੇ ਇਹ ਤਬਦੀਲੀ ਹਾਕਮ ਜਮਾਤਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਜ਼ਰੀਏ ਨਹੀਂ ਹੋ ਸਕਦੀ। ਵੱਧ ਘੱਟ ਸਪਸ਼ਟਤਾ ਨਾਲ ਅਜਿਹੇ ਸੁਨੇਹੇ ਦਾ ਸੰਚਾਰ ਹੋਇਆ ਹੈ। ਇਹ ਸਰਗਰਮੀ ਪਾਰਲੀਮਾਨੀ ਪ੍ਰਬੰਧ ਬਾਰੇ ਲੋਕਾਂ ਦੀਆਂ ਸੰਘਰਸ਼ਸ਼ੀਲ ਪਰਤਾਂ ਦੀਆਂ ਅਹਿਮ ਸਫਾਂ ਨੂੰ ਭਰਮ ਮੁਕਤ ਕਰਨ ਵਾਲੀ ਸਰਗਰਮੀ ਬਣੀ ਹੈ। ਇਸ ਸਮੁੱਚੀ ਸਰਗਰਮੀ ਦੀ ਇਕ ਕਮਜ਼ੋਰੀ ਇਸ ਦੀ ਹਾਸਲ ਸਾਂਝ ਦਾ ਵੀ ਲੋਕਾਂ ਸਾਹਮਣੇ ਪੇਸ਼ ਨਾ ਹੋ ਸਕਣਾਬਣਿਆ ਹੈ। ਚਾਹੇ ਇਸ ਦੇ ਤੱਤ ’ਚ ਵਖਰੇਵੇਂ ਸਨ ਤੇ ਕਾਰਵਾਈ ਨਾਅਰਿਆਂ ਦੀ ਪੱਧਰ ’ਤੇ ਵੀ ਵਖਰੇਵੇਂ ਮੌਜੂਦ ਸਨ ਪਰ ਇਸ ਵਿਚ ਸਾਂਝਾ ਤੱਤ ਪਾਰਲੀਮਾਨੀ ਰਾਹ ਨੂੰ ਰੱਦ ਕਰਕੇ ਨਵ-ਜਮਹੂਰੀ ਇਨਕਲਾਬ ਦੀ ਸਿਆਸਤ ਨੂੰ ਬੁਲੰਦ ਕਰਨ ਦਾ ਹੈ। ਇਸ ਸਾਂਝੇ ਤੱਤ ਦਾ ਸਾਂਝੇ ਤੌਰ ’ਤੇ ਲੋਕਾਂ ਅੱਗੇ ਪੇਸ਼ ਹੋਣਾ ਲੋੜੀਂਦਾ ਹੈ। ਇਸ ਪੱਖ ਤੋਂ ਇਨਕਲਾਬੀ ਸ਼ਕਤੀਆਂ ਦੇ ਚੋਣਾਂ ਬਾਰੇ ਵਖਰੇਵੇਂ ਦੇ ਪੈਂਤੜੇ ਇਸ ਸਾਂਝ ਦੇ ਉਭਰਨ ’ਚ ਅੜਿੱਕਾ ਨਹੀਂ ਬਣਨੇ ਚਾਹੀਦੇ। ਇਸ ਸਾਂਝ ਦਾ ਉਭਰਨਾ ਤੇ ਸਾਂਝੇ ਤੌਰ ’ਤੇ ਪਾਰਲੀਮਾਨੀ ਚੋਣ ਸਿਆਸਤ ਤੇ ਪਾਰਲੀਮਾਨੀ ਰਾਹ ਨੂੰ ਰੱਦ ਕਰਕੇ ਇਨਕਲਾਬੀ ਬਦਲ ਉਭਾਰਨ ਦਾ ਦਿੱਤਾ ਗਿਆ ਹੋਕਾ ਲੋਕਾਂ ’ਤੇ ਹੋਰ ਵਧੇਰੇ ਡੂੰਘੀ ਛੱਡਦਾ ਹੈ। ਇਨਕਲਾਬੀ ਸ਼ਕਤੀਆਂ ਨੂੰ ਇਸ ਹਾਲਤ ਨੂੰ ਬਦਲਣ ਤੇ ਹਾਸਲ ਸਾਂਝ ਨੂੰ ਉਭਾਰਨ ਲਈ ਯਤਨ ਜੁਟਾਉਣੇ ਚਾਹੀਦੇ ਹਨ।
ਇਨਕਲਾਬੀ ਬਦਲ ਉਭਾਰਨ ਦੀ ਇਸ ਸਰਗਰਮੀ ਤੋਂ ਇਲਾਵਾ ਕਈ ਜਨਤਕ ਜਥੇਬੰਦੀਆਂ ਵੱਲੋਂ ਆਪੋ ਆਪਣੇ ਤਬਕਿਆਂ ਦੇ ਮੁੱਦੇ ਤੇ ਸਾਂਝੇ ਲੋਕ ਮੁੱਦੇ ਉਭਾਰਨ ਦੇ ਜਨਤਕ ਪੈਮਾਨੇ ’ਤੇ ਯਤਨ ਵੀ ਹੋਏ । ਕਈ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਅਹਿਮ ਚੋਣਾਂ ਦੌਰਾਨ ਉਭਾਰੇ ਤੇ ਕਿਸਾਨਾਂ ਨੂੰ ਆਪਸੀ ਏਕਤਾ ਬਣਾਈ ਰੱਖਣ ਦਾ ਹੋਕਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬਾਈ ਕਾਨਫਰੰਸਾਂ ਕੀਤੀਆਂ ਗਈਆਂ ਤੇ ਡਾ. ਦਰਸ਼ਨ ਪਾਲ ਦੀ ਅਗਵਾਈ ਹੇਠਲੀ ਕਿਸਾਨ ਜਥੇਬੰਦੀ ਵੱਲੋਂ ਸੂਬਾਈ ਕਨਵੈਨਸ਼ਨ ਕਰਕੇ ਕਿਸਾਨਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵਿਸ਼ਾਲ ਜਨਤਕ ਇਕੱਠ ਵਾਲੀ ਲੋਕ ਕਲਿਆਣ ਰੈਲੀ ਕੀਤੀ ਗਈ ਜਿਸ ਵਿਚ ਅਧਿਆਪਕਾਂ ਦੀ ਜਥੇਬੰਦੀ ਡੀ ਟੀ ਐਫ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) , ਨੌਜਵਾਨ ਭਾਰਤ ਸਭਾ, ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਬਕਾਇਦਾ ਵੱਡੇ ਜਥਿਆਂ ਨਾਲ ਸ਼ਮੂਲੀਅਤ ਕੀਤੀ। ਇਹ ਰੈਲੀ ਲੋਕਾਂ ਦੇ ਸਾਂਝੇ ਅਹਿਮ ਮੁੱਦੇ ਉਭਾਰਨ ਦਾ ਖਿੱਚ-ਪਾਊ ਕੇਂਦਰ ਬਣ ਕੇ ਉੱਭਰੀ। ਇਸ ਤੋਂ ਇਲਾਵਾ ਹੋਰਾਂ ਜਨਤਕ ਜਥੇਬੰਦੀਆਂ ਵੱਲੋਂ ਵੀ ਵੱਧ ਘੱਟ ਪੱਧਰ ’ਤੇ ਆਪੋ ਆਪਣੀਆਂ ਅਹਿਮ ਮੰਗਾਂ ਨੂੰ ਵੱਖ 2 ਜਨਤਕ ਐਕਸ਼ਨਾਂ ਰਾਹੀਂ ਵੋਟ ਪਾਰਟੀਆਂ ਦੀਆਂ ਮੁਹਿੰਮਾਂ ਦੌਰਾਨ ਉਭਾਰਿਆ ਗਿਆ। ਇਹਨਾਂ ਜਨਤਕ ਜਥੇਬੰਦੀਆਂ ਦੀ ਇਹ ਮੁੱਦੇ ਉਭਾਰਨ ਦੀ ਸਰਗਰਮੀ ਇਨਕਲਾਬੀ ਬਦਲ ਉਭਾਰਨ ਦੀ ਸਿਆਸੀ ਸਰਗਰਮੀ ਲਈ ਆਧਾਰ ਮੁਹੱਈਆ ਕਰਵਾਉਣ ਵਾਲੀ ਬਣੀ। ਲੋਕਾਂ ਦੀ ਲਹਿਰ ਦੀਆਂ ਇਹ ਹਰਕਤਸ਼ੀਲ ਪਰਤਾਂ ਹੀ ਹਨ ਜਿਹੜੀਆਂ ਇਨਕਲਾਬੀ ਬਦਲ ਦਾ ਪ੍ਰਚਾਰ ਗ੍ਰਹਿਣ ਕਰਨ ਪੱਖੋਂ ਸਧਾਰਨ ਦੇ ਮੁਕਾਬਲੇ ਬਿਹਤਰ ਹਾਲਤ ’ਚ ਸਨ।
ਇਹਨਾਂ ਮੁਹਿੰਮਾਂ ਨਾਲ ਹਾਕਮ ਜਮਾਤਾਂ ਦੇ ਚੋਣ ਅਖਾੜੇ ਦੇ ਦਿ੍ਰਸ਼ ਦੇ ਮੁਕਾਬਲੇ ਇਨਕਲਾਬੀ ਤੇ ਲੋਕ-ਪੱਖੀ ਜਮਹੂਰੀ ਸ਼ਕਤੀਆਂ ਨੇ ਆਪਣੀ ਸਿਆਸਤ ਨੂੰ ਪੂਰੇ ਜੋਰ ਨਾਲ ਉਭਾਰਿਆ ਹੈ।
No comments:
Post a Comment