Wednesday, September 29, 2021

ਸ਼ਾਹੂਕਾਰਾਂ ਵੱਲੋਂ ਕਿਸਾਨਾਂ ਨਾਲ ਘਪਲਿਆਂ ਅਤੇ ਲੁੱਟ ਦੀਆਂ ਕੁੱਝ ਮਿਸਾਲਾਂ

 

ਸ਼ਾਹੂਕਾਰਾਂ  ਵੱਲੋਂ ਕਿਸਾਨਾਂ ਨਾਲ ਘਪਲਿਆਂ ਅਤੇ ਲੁੱਟ ਦੀਆਂ ਕੁੱਝ ਮਿਸਾਲਾਂ

ਕਿਸਾਨਾਂ ਦੀ ਕਮਾਈ ਚੋਂ ਲੁੱਟ ਦੇ ਕਈ ਮੂੰਹੇ ਹਨ ਜਿਵੇਂ ਜ਼ਮੀਨ ਦਾ ਲਗਾਨ, ਖੇਤੀ ਲਾਗਤ ਵਸਤਾਂ (ਰੇਹ, ਤੇਲ, ਬੀਜ, ਮਸ਼ੀਨਰੀ.ਕੀੜੇ ਮਾਰ ਦਵਾਈਆਂ ਆਦਿ)ਦੀਆਂ ਉੱਚੀਆਂ ਕੀਮਤਾਂ ਲਾਗਤ ਖਰਚਿਆਂ ਅਨੁਸਾਰ ਫਸਲਾਂ ਦੇ ਡਿੱਗ ਰਹੇ ਭਾਅ ਕਾਰਨ ਕਿਸਾਨਾਂ ਸਿਰ ਦਿਨੋ ਦਿਨ ਕਰਜੇ ਚੜ੍ਹ ਰਹੇ ਹਨ ਪਰ ਇਹਨਾਂ ਤੋਂ ਇਲਾਵਾ ਕਿਸਾਨਾਂ ਦੀ ਕਮਾਈ ਚੋਂ ਲੁੱਟ ਦਾ ਵੱਡਾ ਹਿੱਸਾ ਸ਼ਾਹੂਕਾਰੀ ਲੁੱਟ ਵੀ ਹੈ ਪਿੰਡਾਂ ਵਿੱਚ ਸ਼ਾਹੂਕਾਰਾ ਧੰਦਾ ਕਰਨ ਵਾਲੇ ਆੜ੍ਹਤੀਏ ਵੀ ਹਨ। ਪਹਿਲਾਂ ਇਸ ਕਾਰੋਬਾਰ ਵਿੱਚ ਸ਼ਹਿਰਾਂ/ਕਸਬਿਆਂ ਦੇ ਵਪਾਰੀ ਸਨ ਪਰ ਪਿਛਲੇ ਸਮੇਂ ਤੋਂ ਧਨਾਢ ਕਿਸਾਨਾਂ ਦਾ ਇੱਕ ਹਿੱਸਾ ਵੀ ਇਸ ਧੰਦੇ ਵਿੱਚ ਸ਼ਾਮਲ ਹੋ ਗਿਆ ਹੈ।ਅਜਿਹੇ ਸ਼ਾਹੂਕਾਰਾਂ ਦੀਆਂ ਲਲਚਾਈਆਂ ਨਜ਼ਰਾਂ ਆਪਣੇ ਹੀ ਪਿੰਡ ਦੇ ਕਿਸੇ ਛੋਟੇ ਕਿਸਾਨ ਨੂੰ ਫਾਹੁਣ ਲਈ ਜਾਲ ਬੁਣਦੀਆਂ ਹਨ। ਪਿੰਡਾਂ ਦੇ ਗਰੀਬ ਕਿਸਾਨ ਆਪਣੀ ਹਰ ਛੋਟੀ ਵੱਡੀ ਲੋੜ ਲਈ ਇਹਨਾਂ ਆੜ੍ਹਤੀਆਂ/ਸ਼ਾਹੂਕਾਰਾਂ ਕੋਲ ਜਾਂਦੇ ਹਨ।ਹਰ 6 ਮਹੀਨੇ ਪਿੱਛੋਂ ਆਉਂਣ ਵਾਲੀ ਫਸਲ ਵੀ ਇਹਨਾਂ ਕੋਲ ਲਿਜਾ ਕੇ ਹੀ ਵੇਚਣੀ ਹੁੰਦੀ ਹੈ। ਬਹੁਤ ਕੇਸਾਂ ਵਿੱਚ ਪਤਾ ਲੱਗਦਾ ਹੈ ਕਿ ਹਰ ਛਿਮਾਹੀ ਕਿਸਾਨਾਂ ਨੂੰ ਪੂਰਾ ਹਿਸਾਬ ਦੱਸਿਆ ਹੀ ਨਹੀਂ ਜਾਂਦਾ। ਬਹੁਤੇ ਕਿਸਾਨ ਪੂਰਾ ਪੂਰਾ ਹਿਸਾਬ ਪੁੱਛਦੇ ਵੀ ਨਹੀਂ, ਜੇ ਪੁੱਛ ਲੈਣ ਤਾਂ ਕਦੇ ਮੁਨੀਮ ਦਾ ਬਹਾਨਾ ਕਦੇ ਇਹ ਕਹਿਕੇ, ਜੋ ਤੈਨੂੰ ਲੋੜ ਹੈ ਲੈ ਜਾਹ, ਹਿਸਾਬ ਫੇਰ ਕਰਵਾ ਲਵੀਂ ਕਈ ਵਾਰ ਤਾਂ ਨਕਦ ਪੈਸੇ ਦੇਣ ਦੀ ਥਾਂ ਜਿੱਥੋਂ ਸਮਾਨ ਲੈਣਾ ਹੁੰਦਾ ਹੈ ਉਸ ਦੁਕਾਨ ਨੂੰ ਪਰਚੀ ਬਣਾ ਕੇ ਭੇਜ ਦਿੱਤੀ ਜਾਂਦੀ  ਹੈ ਜਾਂ ਆਪਣੀ ਦੁਕਾਨ ਤੋਂ ਸਮਾਨ ਭੇਜ ਦਿੱਤਾ ਜਾਂਦਾ ਹੈ।ਵਹੀ ਤੇ ਦਸਤਖਤ/ਅਗੂੰਠਾ ਲਵਾ ਲਿਆ ਜਾਂਦਾ ਹੈ।ਕਦੇ ਕਦਾਈਂ ਨਕਦ ਰਕਮ ਦੇ ਨਾਲ ਪਰਚੀ ਵੀ ਲਿਖ ਕੇ ਫੜਾ ਦਿੱਤੀ ਜਾਂਦੀ ਹੈ। ਕਿਸਾਨ ਉਹਨਾਂ ’ਤੇ ਯਕੀਨ ਕਰਕੇ ਪੈਸੇ ਅਤੇ ਪਰਚੀ ਜੇਬ ਵਿੱਚ ਪਾ ਕੇ ਘਰ ਆ ਜਾਂਦੇ ਹਨ। ਅਜਿਹੇ ਹੀ ਇੱਕ ਕਿਸਾਨ ਨਾਲ ਗੱਲ ਹੋਈ ਜੋ ਆੜ੍ਹਤੀਏ ਤੋਂ 8 ਹਜਾਰ ਰੁਪਿਆ ਲੈਣ ਗਿਆਸੀਉਸਨੂੰ ਰੁਪਇਆਂ ਦੇ ਨਾਲ ਇੱਕ ਪਰਚੀ ਵੀ ਫੜਾ ਦਿੱਤੀ। ਜਦੋਂ ਘਰ ਆ ਕੇ ਉਸਨੇ ਉਹ ਪਰਚੀ ਆਪਣੀ ਮਾਂ ਨੂੰ ਫੜਾਈ ਤਾਂ ਪੜ੍ਹੀ-ਲਿਖੀ ਮਾਂ ਨੇ ਦੇਖਿਆ ਕਿ ਪਰਚੀ’ਤੇ 80 ਹਜਾਰ ਲਿਖੇ ਹੋਏ ਹਨ। ਕਿਸਾਨ ਤੁਰੰਤ ਆੜ੍ਹਤੀਏ ਕੋਲ ਗਿਆ। ਆੜ੍ਹਤੀਏ ਨੇ ਏਨਾ ਕਹਿਕੇ ਸਾਰ ਦਿੱਤਾ ਕਿ ਪਰਚੀ ’ਤੇ ਇੱਕ ਸਿਫਰ ਵੱਧ ਲੱਗ ਗਈ। ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਸਨੇ ਵੀ ਇੱਕ ਆੜ੍ਹਤੀਏ ਤੋਂ 5 ਹਜਾਰ ਰੁਪਏ ਫੜੇ ਸਨ ਜਿਸਨੇ50 ਹਜਾਰ ਲਿਖ ਲਏ।

          ਬੀਤੇ ਸਮੇਂ ’ਚ ਮੋਗਾ ਜਿਲ੍ਹੇ ’ਚ ਕਿਸਾਨਾਂ ਨਾਲ ਹੇਰਾ-ਫੇਰੀ ਤੇ ਹਿਸਾਬ-ਕਿਤਾਬ ਲਮਕਾ ਕੇ ਵਿਆਜ ’ਤੇ ਵਿਆਜ ਲਾ ਕੇ ਲੁੱਟ ਦੀਆਂ ਦੋ ਉਦਾਹਰਨਾਂ ਸਾਹਮਣੇ ਆਈਆਂ ,ਜਿਹਨਾਂ ਵਿੱਚ ਕਿਸਾਨ ਜੱਥੇਬੰਦੀਦੇ  ਦਖਲ ਸਦਕਾ ਅਜਿਹੇ ਸੂਦਖੋਰਾਂ ਦਾ ਪਰਦਾਫਾਸ਼ ਹੋਇਆ ਇੱਕ ਕਿਸਾਨ ਦਾ 7-8 ਸਾਲ ਹਿਸਾਬ ਨਹੀਂ ਕੀਤਾ ਸੀ ਉਹ ਕਿਸਾਨ ਫਸਲ ਲੈ ਕੇ ਆਉਂਦਾ, ਲੋੜ ਅਨੁਸਾਰ ਪੈਸੇ ਫੜ ਲਿਆਉਂਦਾ। ਜਦੋਂ ਆੜ੍ਹਤੀਏ ਤੋਂ ਰੁਪਇਆਂ ਦੀਮੰਗ ਕੀਤੀ ਤਾਂ ਕਿਸਾਨ ਨੇ ਹਿਸਾਬ ਪੁੱਛਿਆ ਆੜ੍ਹਤੀਏ ਨੇ ਕਿਹਾ ਕਿ ਉਸਦੇ ਸਿਰ 7 ਲੱਖ ਰੁਪਇਆ ਹੈ। ਆੜ੍ਹਤੀਆ ਕਾਫੀ ਸਮਾਂ ਲਿਖਤੀ ਹਿਸਾਬ ਤੋਂ ਟਲਦਾ ਰਿਹਾ। ਜਦੋਂ ਕਿਸਾਨ ਜੱਥੇਬੰਦੀ ਨੇ ਵਿੱਚ ਦਖਲ ਦੇ ਕੇ ਲਿਖਤੀ ਹਿਸਾਬ ਮੰਗਿਆ ਤਾਂ ਹਿਸਾਬ ਦੇਣਾ ਪਿਆ। ਹਿਸਾਬ ਦੀ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਸਦੇ ਝੋਨੇ ਦੀ ਇੱਕ ਪੂਰੇ ਸੀਜਨ ਦੀ ਫਸਲ ਦੀ ਰਕਮ ਆੜ੍ਹਤੀਏ ਨੇ ਦਰਜ ਨਹੀ  ਕੀਤੀ ਸੀ। ਇਹ ਰਕਮ 2.60 ਲੱਖ ਰੁਪਏ ਬਣਦੀ ਸੀ।ਹਰ ਉਧਾਰ ਲਈ ਰਕਮ ’ਤੇ 18 ਫੀਸਦੀ ਵਿਆਜ ਲਾਇਆ ਸੀ।ਅਗੋਂ ਹਰ ਛਿਮਾਹੀ ਵਿਆਜ ’ਤੇ ਵਿਆਜ ਲਗਾਇਆ ਗਿਆ ਸੀ।ਕਿਸਾਨ ਦੀ ਰਕਮ ਜੋ ਆੜ੍ਹਤੀਏ ਪਾਸ ਕੁੱਝ ਸਮਾਂ ਰਹਿ ਗਈ ਤਾਂ ਉਸ ’ਤੇ ਕੋਈ ਵਿਆਜ ਨਹੀਂ ਦਿੱਤਾ ਸੀ। ਇਸ ਤਰ੍ਹਾਂ ਜਿਹੜੀ 2.60 ਲੱਖ  ਦੀ ਰਕਮ ਜੋ ਆੜ੍ਹਤੀਏ ਨੇ ਆਪਣੇ ਹਿਸਾਬ ’ਚ ਨਹੀ ਲਿਆਂਦੀ ਸੀ ਜਦੋਂ ਉਸ ਦਾ ਹਿਸਾਬ ਕਰਕੇ ਦੇਖਿਆ ਤਾਂ ਅੰਤ ਵਿੱਚ ਕਿਸਾਨ ਦੇ 70 ਹਜਾਰ ਰੁਪਏ ਵਧ ਗਏ । ਜਦੋਂ ਯੂਨੀਅਨ ਆਗੂ ਨੇ ਆੜ੍ਹਤੀਏ ਨੂੰ ਇਹ ਦੱਸਿਆ ਕਿ 70 ਹਜਾਰ ਰੁਪਏ ਉਸ ਵੱਲ ਵਧਦੇ ਹਨ ਤਾਂ ਆੜ੍ਹਤੀਏ ਨੇ ਤੁਰੰਤ 70 ਹਜਾਰ ਰੁਪਏ ਦੇ ਦਿੱਤੇ। ਕਿੱਥੇ ਤਾਂ ਆੜ੍ਹਤੀਆ ਕਿਸਾਨ ਤੋਂ 7 ਲੱਖ ਰੁਪਏ ਮੰਗਦਾ ਸੀ ਪਰ ਅਸਲੀਅਤ ਕੀ ਨਿੱਕਲੀ।

          ਦੂਜੀ ਉਦਾਹਰਨ ਇੱਕ ਹੋਰ ਕਿਸਾਨ ਦੀ ਹੈ ਜੋ ਆਪ 4 ਏਕੜ ਦਾ ਮਾਲਕ ਹੈ ਅਤੇ ਠੇਕੇ ’ਤੇ 20-25 ਏਕੜ ਲੈ ਕੇ ਖੇਤੀ ਕਰਦਾ ਹੈ। ਉਹ ਵੀ ਇਸੇ ਤਰ੍ਹਾਂ ਹਰ ਛਿਮਾਹੀ ਆੜ੍ਹਤੀਏ ਪਾਸ ਫਸਲ ਵੇਚਦਾ ਰਿਹਾ, ਹਿਸਾਬ-ਕਿਤਾਬ 10 ਸਾਲ ਲਮਕ ਗਿਆ। ਆਖਰ ਆੜ੍ਹਤੀਏ ਨੇ 32 ਲੱਖ ਰੁਪਇਆ ਮੰਗ ਲਿਆ। ਕਿਸਾਨ ਨੂੰ ਸਮਝ ਨਾ ਆਵੇ ਕਿ ਏਨੀ ਰਕਮ ਕਿਵੇਂ ਬਣ ਗਈ। ਇਹ ਆੜ੍ਹਤੀਆ ਵੀ ਲਿਖਤੀ ਹਿਸਾਬ ਦੇਣ ਤੋਂ ਟਾਲਾ ਵੱਟਦਾ ਰਿਹਾ ਸੀ। ਆਖਰ ਜਦੋਂ ਹਿਸਾਬ ਹੋਇਆ ਤਾਂਵੱਡੇ ਘਪਲੇ ਸਾਹਮਣੇ ਆਏ। ਕਿਸਾਨ ਜੱਥੇਬੰਦੀ ਦੇ ਆਗੂਆਂ ਨੇ ਹਿਸਾਬ ਦੇਖਿਆ। ਕਿਸਾਨ ਦੇ ਦਾਅਵੇ ਅਨੁਸਾਰ ਜਿਹੜੇ ਰੁਪਏ ਉਸ ਦੁਆਰਾ ਆਲੂ ਤੇ ਮੂੰਗੀ ਦੀ ਫਸਲ ਵੇਚ ਕੇ ਜਮ੍ਹਾਂ ਕਰਵਾਏ ਗਏ ਸਨ, ਉਹ ਹਿਸਾਬ ਵਿੱਚ ਦਰਜ ਨਹੀਂ ਸਨ। ਜਿਹੜੇ ਰੁਪਏ ਕਿਸਾਨ ਆੜ੍ਹਤੀਏ ਤੋਂ ਲੈਂਦਾ ਰਿਹਾ ਉਸ ਵਿੱਚ ਜਾਅਲੀ ਇੰਦਰਾਜ਼ ਵੀ ਸਨ। ਇਸ ਆੜ੍ਹਤੀਏ ਨੇ ਵੀ ਉਧਾਰ ਰਕਮ ’ਤੇ 18 ਫੀਸਦੀ ਵਿਆਜ ਲਗਾ ਕੇ ਅੱਗੇ ਵਿਆਜ ’ਤੇ ਵਿਆਜ ਲਗਾਇਆ ਹੋਇਆ ਸੀਜਦੋਂ ਕਿਸਾਨ ਵੱਲੋਂ ਦਿੱਤੀਆਂ ਰਕਮਾਂ ਨੂੰ ਸ਼ਾਮਲ ਕਰਕੇ ਹਿਸਾਬ ਕੀਤਾ ਗਿਆ ਅਤੇ ਵਿਆਜ ’ਤੇ ਹਿਸਾਬ ਨੂੰ ਦਰੁਸਤ ਕੀਤਾ ਗਿਆ ਤਾਂ ਇੱਥੇ ਵੀ ਪਹਿਲੇ ਆੜ੍ਹਤੀਏ ਵਾਂਗ ਤਸਵੀਰ ਉਲਟ ਗਈ, ਭਾਵ ਕਿਸਾਨ ਦੇ ਆੜ੍ਹਤੀਏ ਵੱਲ ਰੁਪਏ ਵਧ ਗਏ। ਜਿੱਥੇ ਪਹਿਲੇ ਆੜ੍ਹਤੀਏ ਨੇ ਰੌਲਾ ਪੈਣ ਦੇ ਡਰੋਂ ਤੁਰੰਤ ਪੈਸੇ ਫੜਾ ਦਿੱਤੇ, ਉੱਥੇ ਦੂਜੇ ਆੜ੍ਹਤੀਏ ਦੁਆਰਾ ਕਿਸਾਨ ਨੂੰ .ਯੂਨੀਅਨ ਨਾਲੋਂ ਤੋੜਨ ਲਈ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਯੂਨੀਅਨ ਨੂੰ ਪਾਸੇ ਕਰਕੇ ਬੰਦ ਮੁੱਠੀ ਵਿੱਚ ਜੋ ਮਰਜੀ ਫੜਾ ਜਾਵੇ ਹਿਸਾਬ ਖਤਮ ਕਰ ਦਿੱਤਾ ਜਾਵੇਗਾ। ਬੀਤੇ ਸਮੇਂ ਵਿੱਚ ਇਸੇ ਪਿੰਡ ਵਿੱਚ ਆੜ੍ਹਤੀਆਂ ਦੁਆਰਾ ਚੋਰੀ ਹੋਏ ਝੋਨੇ ਦੇ ਕੇਸ ਵਿੱਚ ਇਹਨਾਂ ਨੂੰ ਯੂਨੀਅਨ ਵੱਲੋਂ ਜੁਰਮਾਨਾ ਵੀ ਕੀਤਾ ਜਾ ਚੁੱਕਾ ਹੈ। ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਪਿੰਡਾਂ ਵਿੱਚ ਅਜਿਹੀ ਹੇਰਾ-ਫੇਰੀ ਦੀਆਂ ਘਟਨਾਵਾਂ ਨੂੰ ਲੋਕਾਂ ਵਿੱਚ ਨਸ਼ਰ ਕਰਨ ਦੀ ਲੋੜ ਹੈ। ਸੂਦਖੋਰ ਉਲਟਾ ਯੂਨੀਅਨ ਸਿਰ ਇਲਜਾਮ ਲਾਉਂਦੇ ਹਨ ਕਿ ਉਹ ਕਿਸਾਨਾਂ ਨੂੰ ਪੈਸੇ ਮੋੜਨ ਤੋਂ ਮੁਕਰਾਉਂਦੇ ਹਨ। ਕਿਸਾਨਾਂ ਨੂੰ ਵੀ ਅਜਿਹੀ ਲੁੱਟ ਅਤੇ ਹੇਰਾ-ਫੇਰੀਆਂ ਖਿਲਾਫ ਮੂੰਹ ਖੋਲ੍ਹਣ ਦੀ ਜ਼ਰੂਰਤ ਹੈ। ਕਿਸਾਨ ਹਿਸਾਬ-ਕਿਤਾਬ ਕਰਨ ਨੂੰ ਘੱਟ ਅਹਿਮੀਅਤ ਦਿਂਦੇ ਹਨ। ਲੋੜ ਹੈ ਯੂਨੀਅਨ ਦੇ ਲੜ ਲੱਗ ਕੇ ਅਜਿਹੀਆਂ ਹੇਰਾ-ਫੇਰੀਆਂ ਤੇ ਘਪਲਿਆਂ ਤੋਂ ਨਿਜਾਤ ਪਾਉਣ ਦੀ।

No comments:

Post a Comment