ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਭਿੜ ਰਿਹਾ ਲਾਤੀਨੀ
ਅਮਰੀਕਾਹੁਣ ਇਕੁਆਡੋਰ 'ਚ ਮਿਸਾਲੀ ਲੋਕ ਸੰਘਰਸ਼
ਲਾਤੀਨੀ ਅਮਰੀਕਾ ਦੇ ਮੁਲਕ ਵੀ ਦਹਾਕਿਆਂ ਤੋਂ
ਨਵ-ਉਦਾਰਵਾਦੀ ਨੀਤੀਆਂ ਦੀ ਮਾਰ ਹੰਢਾ ਰਹੇ ਹਨ। ਇਹਨਾਂ ਨੀਤੀਆਂ ਖਿਲਾਫ ਲੋਕਾਂ ਦੇ ਵੱਡੇ ਖਾੜਕੂ
ਉਭਾਰ ਉੱਠਦੇ ਆ ਰਹੇ ਹਨ ਤੇ ਕਈ ਵਾਰ ਇਹਨਾਂ ਉਭਾਰਾਂ ਮੂਹਰੇ ਇਹਨਾਂ ਮੁਲਕਾਂ ਦੀਆਂ ਹਕੂਮਤਾਂ ਵੀ
ਲੁੜਕ ਜਾਂਦੀਆਂ ਹਨ। ਇਹ ਨੀਤੀਆਂ ਇਹਨਾਂ ਮੁਲਕਾਂ ਦੇ ਲੋਕਾਂ ਦੇ ਰੋਹ ਦੇ ਨਿਸ਼ਾਨੇ ’ਤੇ ਆਈਆਂ
ਹੋਈਆਂ ਹਨ। ਇਕੁਆਡੋਰ ਦੇ ਇਕ ਅਜਿਹੇ ਹੀ ਉਭਾਰ ਦੀ ਤਸਵੀਰ ਦਿਖਾਉਂਦੀ ਹੈ ਇਹ ਰਿਪੋਰਟ - ਸੰਪਾਦਕ
ਇਕੁਆਡੋਰ ਦੇ ਮਜ਼ਦੂਰਾਂ, ਕਿਸਾਨਾਂ ਤੇ ਸਮੂਹ
ਲੋਕਾਂ ਨੇ ਨਵ-ਉਦਾਰਵਾਦੀ ਨੀਤੀਆਂ ਦੇ ਤੇਜੀ ਨਾਲ ਵਧ ਰਹੇ ਹਮਲੇ ਦਾ ਮੂੰਹ ਮੋੜਨ ’ਚ ਸਫਲਤਾ ਹਾਸਲ ਕਰਕੇ
ਸੰਸਾਰ ਭਰ ਦੇ ਲੋਕਾਂ ਅੱਗੇ ਮਿਸਾਲ ਕਾਇਮ ਕੀਤੀ ਹੈ। ਅਕਤੂਬਰ 2019 ਦਾ ਜਨਤਕ ਵਿਦਰੋਹ ਪਿਛਲੇ
ਕਿਸੇ ਵੀ ਜਨਤਕ ਸੰਘਰਸ਼ ਦੇ ਮੁਕਾਬਲੇ ਇੱਕ ਸਿਫਤੀ ਛਾਲ ਸਾਬਤ ਹੋਇਆ ਹੈ।
ਇਕੁਆਡੋਰ
ਲਾਤੀਨੀ ਅਮਰੀਕਾ ਮਹਾਂਦੀਪ ਦੇ ਪੂਰਬ ’ਚ ਪ੍ਰਸ਼ਾਂਤ ਸਾਗਰ ਦੇ ਕਿਨਾਰੇ ਪੀਰੂ ਤੇ ਚਿੱਲੀ ਦੇ ਗੁਆਂਢ
’ਚ ਪੌਣੇ ਦੋ ਕਰੋੜ ਆਬਾਦੀ ਵਾਲਾ ਇੱਕ ਛੋਟਾ ਜਿਹਾ ਦੇਸ਼ ਹੈ। ਸੰਯੁਕਤ ਰਾਜ ਅਮਰੀਕਾ ਦੇ ਪਿਛਵਾੜੇ
ਵਜੋਂ ਜਾਣੇ ਜਾਂਦੇ ਲਾਤੀਨੀ ਅਮਰੀਕੀ ਮੁਲਕ ਆਦਿ ਕਾਲ ਤੋਂ ਅੰਨ੍ਹੀਂ ਸਾਮਰਾਜੀ ਲੁੱਟ ਦਾ ਸ਼ਿਕਾਰ
ਰਹੇ ਹਨ। ਅਤੇ ਹੁਣ ਹੋਰਨਾਂ ਦੇਸ਼ਾਂ ਵਾਂਗ ਤਿੰਨ ਦਹਾਕਿਆਂ ਦੇ ਵੱਧ ਸਮੇਂ ਤੋਂ ਇਕੁਆਡੋਰ
ਨਵ-ਉਦਾਰਵਾਦੀ ਨੀਤੀਆਂ ਦੇ ਜਕੜ ਪੰਜੇ ’ਚ ਛਟਪਟਾ ਰਿਹਾ ਹੈ।
2017
’ਚ ਰਾਸ਼ਟਰਪਤੀ ਰਾਫੇਲ ਕੋਰੀਆ (2007-17) ਦੇ ਭ੍ਰਿਸ਼ਟ ਰਾਜ ਤੋਂ ਸਤੇ ਅਤੇ ਭਾਰੀ ਕਰਜਿਆਂ ਦੇ ਜਾਲ
’ਚ ਫਸੇ ਇਕੁਆਡੋਰ ਦੇ ਲੋਕਾਂ ਨੇ ਲੈਨਿਨ ਮੌਰੇਨੋ ਨੂੰ ਰਾਜ ਗੱਦੀ ’ਤੇ ਬਿਠਾਇਆ। ਮੋਰੇਨੋ ਨੇ ਕਮਾਨ
ਸੰਭਾਲਦਿਆਂ ਦਾਅਵਾ ਕੀਤਾ ਕਿ ਮੁਲਕ ਨੂੰ ਆਰਥਿਕ ਸੰਕਟ ਤੇ ਮਹਿੰਗੇ ਕਰਜਿਆਂ ਦੇ ਜਾਲ ’ਚੋਂ ਕੱਢਿਆ
ਜਾਵੇਗਾ। ਵਿੱਤੀ ਸੰਕਟ ਦੇ ਇਲਾਜ ਲਈ ਅਤੇ ਆਰਥਿਕਤਾ ਦੇ ਵਿਕਾਸ ਲਈ ਉਸਨੇ ਆਈ. ਐਮ. ਐਫ. ਨਾਲ
ਸਮਝੌਤਾ ਕੀਤਾ। ਇਸ ਸਮਝੌਤੇ ਨੂੰ ਪ੍ਰਵਾਨ ਕਰਨ ਦਾ ਅਰਥ ਸੀ ਕਿ ਦੋ ਲੱਖ ਤੋਂ ਵੱਧ ਕਿਰਤੀਆਂ ਤੇ
ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇ; ਡੀਜ਼ਲ, ਪੈਟਰੋਲ ਤੇ ਪੈਟਰੋਲੀਮ ਗੈਸ ਆਦਿ ’ਤੇ ਸਬਸਿਡੀ ਖਤਮ ਕੀਤੀ
ਜਾਵੇ, ਟੈਕਸ ਸਿਸਟਮ ’ਚ ਸੁਧਾਰ ਕਰਕੇ ਅਸਿੱਧੇ ਟੈਕਸਾਂ ’ਚ ਵਾਧਾ ਕੀਤਾ ਜਾਵੇ, ਸੇਵਾਵਾਂ ਦੀਆਂ
ਦਰਾਂ ਨੂੰ ਕ੍ਰਮਬੱਧ ਕੀਤਾ ਜਾਵੇ ਅਤੇ ਇਹਨਾਂ ’ਚ ਸਰਕਾਰੀ ਖਰਚੇ ਘਟਾਏ ਜਾਣ, ਸੰਚਾਰ, ਬਿਜਲੀ. ਤੇਲ
ਦੀਆਂ ਸਰਕਾਰੀ ਕੰਪਨੀਆਂ ਨੂੰ ਵੇਚਿਆ ਜਾਵੇ ਜਾਂ ਛੋਟਾਂ ਦਿੱਤੀਆਂ ਜਾਣ ਆਦਿ ਆਦਿ।
ਇਸ
ਸਮਝੌਤੇ ਅਨੁਸਾਰ ਮੌਰੇਨੋ ਸਰਕਾਰ ਨੇ ਤੁਰੰਤ 53000 ਸਰਕਾਰੀ ਕਾਮਿਆਂ ਨੂੰ ਬਰਖਾਸਤ ਕਰ ਦਿੱਤਾ,
ਪੈਟਰੋਲ ਡੀਜ਼ਲ ਆਦਿ ’ਤੇ ਸਬਸਿਡੀ ਖਤਮ ਕਰ ਦਿੱਤੀ ਅਤੇ ਇਨ੍ਹਾਂ ਦੀਆਂ ਕੀਮਤਾਂ ’ਚ ਵਾਧਾ ਕਰ
ਦਿੱਤਾ ਅਤੇ ਕਈ ਹੋਰ ਆਰਥਿਕ,ਸਿਆਸੀ ਤੇ ਕਿਰਤ ਵਿਰੋਧੀ ਕਦਮਾਂ ਦੇ ਐਲਾਨ ਕਰ ਦਿੱਤੇ।
ਸਰਕਾਰ
ਬਦਲੀ ਨਾਲ ਕੁੱਝ ਰਾਹਤ ਦੀ ਆਸ ਲਾਈ ਬੈਠੇ ਇਕੁਆਡੋਰ ਦੇ ਲੋਕਾਂ ’ਚ, ਜਿਹੜੇ ਪਹਿਲਾਂ ਹੀ ਗੁਰਬਤ
ਅਤੇ ਮਹਿੰਗੇ ਜੀਵਨ ਨਿਰਬਾਹ ਦੀ ਨਪੀੜ ਹੰਢਾ ਰਹੇ ਸਨ, ਬੇਚੈਨੀ ਫੈਲ ਗਈ ਤੇ ਸਮੁੱਚੇ ਸਮਾਜ ’ਚ
ਹਲਚਲ ਪੈਦਾ ਹੋ ਗਈ। ਮਜ਼ਦੂਰਾਂ, ਕਿਰਤੀਆਂ, ਆਦਿਵਾਸੀ ਲੋਕਾਂ, ਕਿਸਾਨਾਂ, ਨੌਜਵਾਨਾਂ ਸਮੇਤ ਸਮੂਹ
ਲੋਕਾਂ ਨੇ ਇਹਨਾਂ ਕਦਮਾਂ ਨੂੰ ਰੱਦ ਕਰਕੇ ਇਹਨਾਂ ਦੇ ਖਿਲਾਫ ਲੜਨ ਦੇ ਇਰਾਦਿਆਂ ਦਾ ਪ੍ਰਗਟਾਵਾ
ਕੀਤਾ। ਵੱਖ ਵੱਖ ਯੂਨੀਅਨਾਂ ਐਸੋਸੀਏਸ਼ਨਾਂ ਤੇ ਹੋਰ ਸਮਾਜਕ ਹਿੱਸਿਆਂ ’ਚ ਰੋਸ ਰੈਲੀਆਂ ਹੋਈਆਂ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਾ
ਸਰਕੀ। ਸਿਖਰਾਂ ’ਤੇ ਪਹੁੰਚੀ ਸਰਕਾਰ ਦੀ ਭਰੋਸੇਯੋਗਤਾ ਇੱਕਦਮ ਥੱਲੇ ਜਾ ਡਿੱਗੀ।
ਅਪ੍ਰੈਲ
2019 ਵਿੱਚ ਯੂਨਾਈਟਡ ਵਰਕਰਜ਼ ਫਰੰਟ (ਐਫ ਯੂ ਟੀ) ਵੱਲੋਂ ਕੌਮੀ ਪੱਧਰ ਦੀ ਕਨਵੈਨਸ਼ਨ ਕੀਤੀ ਗਈ ਅਤੇ
ਕੌਮਾਂਤਰੀ ਮੁਦਰਾ ਫੰਡ ( ਆਈ ਐਮ ਐਫ) ਦੀਆਂ ਨੀਤੀਆਂ ਖਿਲਾਫ ਲੜਨ ਦਾ ਤਹੱਈਆ ਕੀਤਾ ਗਿਆ। ਕਨਵੈਨਸ਼ਨ
ਨੇ ਸੰਕਟ ਦੇ ਟਾਕਰੇ ਲਈ ਬਦਲਵੇਂ ਕਦਮਾਂ ਦੀ ਤਜਵੀਜ਼ ਪੇਸ਼ ਕੀਤੀ, ਹੜਤਾਲ ਦੇ ਹੱਕ ਨੂੰ ਉਚਿਆਇਆ
ਅਤੇ ਕਿਰਤ ’ਚ ਲਚਕੀਲੇਪਣ (ਫਲੈਕਸੀਬਿਲਿਟੀ) ਨੂੰ ਰੱਦ ਕੀਤਾ। ਕਨਵੈਨਸ਼ਨ ਨੇ ਨਵ-ਉਦਾਰਵਾਦੀ ਨੀਤੀਆਂ
ਦਾ ਰਾਹ ਰੋਕਣ ਲਈ ਕੌਮੀ ਹੜਤਾਲ ਦਾ ਸੱਦਾ ਦਿੱਤਾ।
ਇੱਕ
ਮਈ ਨੂੰ ਪਹਿਲਾ ਵੱਡਾ ਮੁਜਾਹਰਾ ਹੋਇਆ। ਇਹ ਮੁਜਾਹਰਾ ਇੱਕ ਸੰਕੇਤਕ ਕਾਰਵਾਈ ਨਾ ਹੋ ਕੇ ਅਗਲੇ
ਸੰਘਰਸ਼ ਦੀ ਤਿਆਰੀ ਵਜੋਂ ਵਿਸ਼ਾਲ ਪੱਧਰ ’ਤੇ ਜਨਤਕ ਲਾਮਬੰਦੀਆਂ, ਰਿਟਾਇਰੀਆਂ ਦੀ ਭੁੱਖ ਹੜਤਾਲ, ਵੱਖ
ਵੱਖ ਸੂਬਿਆਂ ’ਚ ਕਿਸਾਨਾਂ ਤੇ ਗਰੀਬ ਲੋਕਾਂ ਦੇ ਮੁਜਾਹਰੇ, ਕਾਰਚੀ ਪ੍ਰਾਂਤ ’ਚ ਸੂਬਾਈ ਹੜਤਾਲ ਅਤੇ
ਪੁਲਸ ਨਾਲ ਝੜੱਪਾਂ ਦਾ ਸਿਲਸਿਲਾ ਚੱਲ ਪਿਆ, ਜੋ ਸਤੰਬਰ ਮਹੀਨੇ ਤੱਕ ਜਾਰੀ ਰਿਹਾ ਅਤੇ ਜਨਤਾ ਅੰਦਰ
ਵਧ ਰਹੀ ਬੇਚੈਨੀ ਤੇ ਸੰਘਰਸ਼ ਲਈ ਇਰਾਦੇ ਦੇ ਪ੍ਰਤੀਕ ਵਜੋਂ ਸਾਹਮਣੇ ਆਇਆ। ਇਸ ਦੌਰਾਨ ਇਕੁਆਡੋਰ ਦੇ
ਮੂਲ ਨਿਵਾਸੀ ਲੋਕਾਂ (ਆਦਿਵਾਸੀ ਲੋਕਾਂ)ਤੇ ਕੌਮੀਅਤਾਂ ਦੀ ਕੌਮੀ ਕਨਫੈਡਰੇਸ਼ਨ (ਕੋਨਾਈ) ਇਸ ਜਨਤਕ
ਉਭਾਰ ’ਚ ਆ ਸ਼ਾਮਲ ਹੋ ਚੁੱਕੀ ਸੀ।
ਮੌਰੇਨੋ
ਸਰਕਾਰ ਵਿੱਤੀ ਸੰਕਟ ’ਚ ਹੋਰ ਡੂੰਘੀ ਧਸਦੀ ਜਾ ਰਹੀ ਸੀ। ਇਸ ਕੋਲ ਵਿਆਜ ਦੀਆਂ ਕਿਸ਼ਤਾਂ ਅਤੇ ਇੱਕ
ਦੋ ਮਹੀਨਿਆਂ ਦੀਆਂ ਤਨਖਾਹਾਂ ਦੀ ਅਦਾਇਗੀ ਤੋਂ ਬਿਨਾਂ ਹੋਰ ਖਰਚਿਆਂ ਲਈ ਹੱਥ ਖਾਲੀ ਸਨ। ਮੌਰੇਨੋ ਸਰਕਾਰ ਅਜਿਹੀ ਸਥਿਤੀ ’ਚ ਫਸਦੀ ਜਾ ਰਹੀ ਸੀ ਜਦ ਕੋਈ ਵੀ ਮੁਲਕ ਇਸਨੂੰ ਕਰਜਾ ਦੇਣ
ਲਈ ਤਿਆਰ ਨਹੀਂ ਸੀ। ਇਸ ਹਾਲਤ ਵਿੱਚ ਸਰਕਾਰ ਨੇ ਚੀਨ ਤੋਂ ਕਰੜੀਆਂ ਸ਼ਰਤਾਂ ਹੇਠ ਕਰਜੇ ਦਾ
ਸੌਦਾ ਕੀਤਾ। ਉੱਧਰ ਆਈ. ਐਮ. ਐਫ. ਨੇ ਸਮਝੌਤੇ ਨੂੰ ਮੁਕੰਮਲ ਰੂਪ ’ਚ ਲਾਗੂ ਕਰਨ ਲਈ ਬਾਂਹ ਮਰੋੜਨੀ
ਸ਼ੁਰੂ ਕਰ ਦਿੱਤੀ। ਮੌਰੇਨੋ ਸਰਕਾਰ ਨੇ ਹਰ ਬੁਰਜੂਆ ਸਰਕਾਰ ਵਾਂਗ ਸੰਕਟ ਦਾ ਭਾਰ ਮਜ਼ਦੂਰਾਂ
ਦੀਆਂ ਪਿੱਠਾਂ ’ਤੇ ਲੱਦਣ ਦਾ ਫੈਸਲਾ ਕੀਤਾ। ਮੌਰੇਨੋ ਨੇ ਦੇਸ਼ ਦੀ ਗੰਭੀਰ ਹਾਲਤ ਦਰਸਾਉਂਦੇ ਹੋਏ
ਇਕੁਆਡੋਰ ਦੇ ਲੋਕਾਂ ਨੂੰ ਏਕਤਾ ਦਾ ਵਾਸਤਾ ਪਾਇਆ। ਮੁਲਕ ਨੂੰ ਮੌਜੂਦਾ ਗੰਭੀਰ ਸੰਕਟ ’ਚੋਂ ਕੱਢਣ
ਲਈ ਅਤੇ ਵਿਕਾਸ ਦੇ ਰਾਹ ’ਤੇ ਅੱਗੇ ਤੋਰਨ ਲਈ ਉਸਨੇ ਲੋਕਾਂ ਨੂੰ ਕੁਰਬਾਨੀ ਲਈ ਅੱਗੇ ਆਉਣ ਦੀ ਅਪੀਲ
ਕੀਤੀ। ਪਰ ਮਜ਼ਦੂਰਾਂ, ਇਕੁਆਡੋਰ ਦੇ ਮੂਲ ਨਿਵਾਸੀਆਂ ਵੱਖ ਵੱਖ ਕੌਮੀਅਤਾਂ ਅਤੇ
ਖੱਬੇ ਪੱਖੀ ਇਨਕਲਾਬੀ ਪਾਰਟੀਆਂ ਤੇ ਜਥੇਬੰਦੀਆਂ ਦੀਆਂ ਮੰਗਾਂ ਤੇ ਤਜਵੀਜਾਂ ’ਤੇ ਕੰਨ ਧਰਨ ਦੀ
ਬਜਾਏ ਮੌਰੇਨੋ ਨੇ ਬੁਰਜੂਆ ਸਿਆਸੀ ਪਾਰਟੀਆਂ ਤੇ ਵੱਖ ਵੱਖ ਕਰਜਾ ਏਜੰਸੀਆਂ ਨਾਲ ਮਿਲ ਕੇ ਇੱਕ
ਅਕਤੂਬਰ ਨੂੰ ਇੱਕ ਨਵਾਂ ਕਾਨੂੰਨ---ਡਿਗਰੀ 883 ਅਤੇ ਆਰਥਿਕ ਵਿਕਾਸ ਦੇ ਆਪਣੇ ਪ੍ਰੋਜੈਕਟ ਦੇ ਐਲਾਨ ਨਾਲ ਲੋਕਾਂ
’ਤੇ ਆਖਰੀ ਹਮਲਾ ਵਿੱਢ ਦਿੱਤਾ।
ਡਿਗਰੀ
883 ਅਨਸਾਰ ਪੈਟਰੋਲ ਡੀਜ਼ਲ ਗੈਸੋਲੀਨ ’ਤੇ ਸਬਸਿਡੀਆਂ ਖਤਮ ਕਰ ਦਿੱਤੀਆਂ, ਕੀਮਤਾਂ ’ਤੇ ਕੰਟਰੋਲ
ਖਤਮ ਕਰ ਦਿੱਤਾ, ਕਿਰਾਏ ਵਧਾ ਦਿੱਤੇ;‘ਆਰਥਿਕ ਵਿਕਾਸ ਦੇ ਪ੍ਰੋਜੈਕਟ’
ਰਾਹੀਂ ਕਾਰੋਬਾਰੀ ਧੁਨੰਤਰਾਂ ’ਤੇ ਸਿੱਧੇ ਟੈਕਸ ਘਟਾ ਦਿੱਤੇ ਗਏ, ਸਰਕਾਰੀ ਖੇਤਰ ਦੇ
ਕਿਰਤੀਆਂ/ਕਾਮਾਂ ਦੀਆਂ ਉਜਰਤਾਂ ’ਚ ਕਟੌਤੀ ਅਤੇ ਘੰਟੇ ਘੰਟੇ ਦੇ ਠੇਕੇ ਦਾ ਸਿਸਟਮ ਲਾਗੂ ਕਰ
ਦਿੱਤਾ। ਮੌਰੇਨੋ ਨੇ ਇਸ ਇਤਿਹਾਸਕ ਫੈਸਲੇ ’ਤੇ ਫੜ੍ਹ ਮਾਰੀ ਕਿ ਪਿਛਲੇ 40 ਸਾਲਾਂ ’ਚ ਅਜਿਹਾ
ਫੈਸਲਾ ਕਿਤੇ ਨਹੀਂ ਹੋਇਆ। 20 ਸਾਲਾਂ ਤੋਂ ਕਿਰਾਏ ਨਹੀਂ ਸੀ ਵਧੇ, ਕਿ ਇਹ ਸਾਰਿਆਂ ਦੀ ਕੁਰਬਾਨੀ
ਸਦਕਾ ਹੋਇਆ ਹੈ ਜਿਸ ਨਾਲ ਸਭ ਤੋਂ ਗਰੀਬ ਲੋਕਾਂ, ਖਾਸ ਕਰਕੇ ਕਿਸਾਨਾਂ ਦੇ ਫਾਇਦੇ ਲਈ ਕੁੱਝ ਸਮੇਂ
ਬਾਅਦ ਦੇਸ਼ ਦੀ ਤਰੱਕੀ ਤੇ ਵਿਕਾਸ ਹੋਵੇਗਾ।
ਪੂੰਜੀਵਾਦੀ
ਜਮਾਤ ਨੇ ਮੌਰੇਨੋ ਦੀ ਜੁਰਅੱਤ ਅਤੇ ਹੌਂਸਲੇ ਦੀ ਪ੍ਰਸੰਸਾ ਕੀਤੀ ਅਤੇ ਇਸ ਫੈਸਲੇ ਨੂੰ
ਸੰਵੇਦਨਸ਼ੀਲਤਾ ਦੀ ਜਿੱਤ ਦੱਸਿਆ। ਆਈ. ਐਮ. ਐਫ., ਵਰਲਡ ਬੈਂਕ ਤੇ ਆਈ. ਡੀ. ਬੀ. ਨੇ ਖੁਸ਼ੀਆਂ
ਮਨਾਈਆਂ। ਟਰੰਪ ਅਤੇ ਲਾਤੀਨੀ ਅਮਰੀਕੀ ਮੁਲਕਾਂ ਦੀਆਂ ਬੁਰਜੂਆ ਸਰਕਾਰਾਂ ਨੇ ਆਪਣੇ ਦੇਸ਼ਾਂ ਦੀ
ਤਰੱਕੀ ਤੇ ਵਿਕਾਸ ਲਈ ਇਸ ਫੈਸਲੇ ਨੂੰ ਇੱਕ ਮਿਸਾਲ ਵਜੋਂ ਉਚਿਆਇਆ।
ਨਵ-ਉਦਾਰਵਾਦੀ
ਨੀਤੀਆਂ ਦੇ ਇਸ ਵਧ ਰਹੇ ਪੰਜਿਆਂ ਨੂੰ ਰੋਕਣ ਲਈ ਵੱਖ ਵੱਖ ਸਮਾਜਕ ਜਥੇਬੰਦੀਆਂ (ਯੁਨਾਈਟਡ ਵਰਕਰਜ਼
ਫਰੰਟ ਦੀ ਅਗਵਾਈ ਹੇਠ ਮਜ਼ਦੂਰ ਲਹਿਰ,ਨੈਸ਼ਨਲ ਕਨਫੈਡਰੇਸ਼ਨ ਆਫ ਇੰਡੀਜੀਨਸ ਪੀਪਲਜ਼ ਆਫ ਇਕੁਆਡੋਰ,ਦੀ
ਅਗਵਾਈ ਹੇਠ ਆਦਿਵਾਸੀ ਲੋਕ ਅਤੇ ਵੱਖ ਵੱਖ ਕੌਮੀਅਤਾਂ,ਅਤੇ ਪਾਪੂਲਰ ਫਰੰਟ ਹੇਠ ਮਜ਼ਦੂਰਾਂ ਕਿਸਾਨਾਂ
ਸਮੇਤ ਸਮਾਜ ਦੇ ਹੋਰ ਦਰਮਿਆਨੇ ਤਬਕੇ ਸਮੇਤ ਨੌਜਵਾਨ,ਵਿਦਿਆਰਥੀ,ਅਧਿਆਪਕ, ਦੋਗਲੀ ਨਸਲ ਦੇ
(ਮੈਸਟੀਜੋ ਲੋਕ), ਔਰਤਾਂ ਤੇ ਛੋਟੇ ਦੁਕਾਨਦਾਰ ਤੇ ਵਪਾਰੀ ਹਿੱਸੇ) ਦਾ ਸਮੂਹ ਇੱਕ ਵਿਸ਼ਾਲ ਦੇਸ਼-ਭਗਤ
ਜਨਤਕ ਫਰੰਟ ਦੇ ਝੰਡੇ ਹੇਠ ਜੁੜ ਗਿਆ। ਅਪ੍ਰੈਲ ਮਹੀਨੇ ਤੋਂ ਜਨਤਕ ਲਾਮਬੰਦੀਆਂ, ਰੈਲੀਆਂ, ਮੀਟਿੰਗਾਂ ਤੇ
ਮੁਜਾਹਰਿਆਂ ਰਾਹੀਂ ਜਾਰੀ ਰਹਿ ਰਹੇ ਸ਼ੰਘਰਸ਼ਨੂੰ ਹੋਰ ਤਿੱਖਾ ਕਰਨ ਤੇ ਲੱਕ ਬੰਨ੍ਹ ਕੇ ਲੜਨ ਦੇ
ਇਰਾਦੇ ਪ੍ਰਗਟਾਏ ਗਏ।
2 ਅਕਤੂਬਰ ਤੋਂ 12 ਅਕਤੂਬਰ ਤੱਕ ਦਹਿ
ਹਜਾਰਾਂ ਦੀ ਗਿਣਤੀ ਵਾਲੇ ਅਨੇਕਾਂ ਸ਼ਹਿਰਾਂ ਵਿੱਚ ਖਾੜਕੂ ਜਨਤਕ ਪ੍ਰਦਰਸ਼ਨ ਹੋਏ । ਇਹਨਾਂ ਵਿੱਚ
ਇਕੁਆਡੋਰ ਦੇ ਮੂਲ ਨਿਵਾਸੀ, ਕਿਰਤੀ ਜਨਤਾ, ਨੌਜਵਾਨ , ਅਧਿਆਪਕ. ਛੋਟੇ ਵਪਾਰੀ, ਦੁਕਾਨਦਾਰ, ਘਰੇਲੂ
ਔਰਤਾਂ ਸਮੇਤ ਸਮਾਜ ਦਾ ਹਰ ਵਰਗ ਸ਼ਾਮਲ ਹੋਇਆ। ਹਜਾਰਾਂ ਭੇੜੂ ਮਰਦਾਂ ਔਰਤਾਂ ਨੇ ਕਮਾਲ ਦੇ
ਹੌਂਸਲੇ,ਨਿੱਡਰਤਾ, ਤੇ ਆਤਮ-ਤਿਆਗ ਦੇ ਜੌਹਰ ਦਿਖਾਏ। ਉਹ ਪੱਥਰਾਂ ਤੇ ਗੁਲੇਲਾਂ ਨਾਲ ਲੜੇ, ਅੱਥਰੂ
ਗੈਸ ਦੇ ਹਮਲਿਆਂ ਨਾਲ ਟੱਕਰਾਂ ਲਈਆਂ ਅਤੇ ਇਹਨਾਂ ਤੋਂ ਬਚਾਅ ਲਈ ਅਨੇਕਾਂ ਢੰਗ ਤਰੀਕੇ ਅਪਣਾਏ,
ਪੱਥਰਾਂ ਤੇ ਡਾਂਗਾਂ ਨਾਲ ਉਹਨਾਂ ਨੇ ਹਥਿਆਰਬੰਦ ਬਲਾਂ ਬਕਤਰਬੰਦ ਗੱਡੀਆਂ ਤੇ ਘੋੜ ਸਵਾਰ ਪੁਲਸ ਦੇ
ਮੂੰਹ ਮੋੜੇ। ਉਹ ਜ਼ਖਮੀ ਵੀ ਹੋਏ ਗ੍ਰਿਫਤਾਰੀਆਂ ਵੀ ਹੋਈਆਂ ਪਰ ਪਿੱਛੇ ਨਾ ਹਟੇ।
3
ਅਕਤੂਬਰ ਨੂੰ ਟਰਾਂਸਪੋਰਟ ਕਾਮਿਆਂ ਨੇ ਹੜਤਾਲ ਕੀਤੀ ਜਿਹੜੀ 48 ਘੰਟੇ ਤੱਕ ਜਾਰੀ ਰਹੀ। ਟੈਕਸੀਆਂ,
ਕੈਬਾਂ ਸਮੇਤ ਸਵਾਰੀਤੇ ਮਾਲ-ਭਾੜਾ ਵਾਹਨ ਇਸ ਹੜਤਾਲ ’ਚ ਸ਼ਾਮਲ ਹੋਏ। ਕੁੱਝ ਸੂਬਿਆਂ ਵਿੱਚ ਇਹ
ਹੜਤਾਲ ਕਈ ਦਿਨ ਬਾਅਦ ਤੱਕ ਚਲਦੀ ਰਹੀ। ਪੁਲਸ ਨੇ ਹੜਤਾਲੀ ਕਾਮਿਆਂ ’ਤੇ ਜਬਰ ਢਾਇਆ । ਸਰਕਾਰ ਨੇ
ਐਮਰਜੰਸੀ ਦਾ ਐਲਾਨ ਕਰ ਦਿੱਤਾ।
ਲੋਕਾਂ
ਨੇ ਅਨੇਕਾਂ ਸ਼ਹਿਰਾਂ ਤੇ ਸੂਬਾਈ ਰਾਜਧਾਨੀਆਂ ਦੇ
ਘਿਰਾਓ ਕਰਕੇ ਹਰ ਕਿਸੇ ਦੇ ਅੰਦਰ ਬਾਹਰ ਆਉਣ ਜਾਣ ’ਤੇ ਰੋਕਾਂ ਲਾਈਆਂ। ਭਾਰੀ ਪ੍ਰੇਸ਼ਾਨੀ ਝੱਲ ਕੇ
ਵੀ ਲੋਕਾਂ ਨੇ ਸੰਘਰਸ਼ ਦੇ ਜਾਇਜ਼ ਮਕਸਦ ਨੂੰ ਪਛਾਣਦੇ ਹੋਏਸੰਘਰਸ਼ੀ ਜਨਤਾ ਨਾਲ ਸਾਥ ਨਿਭਾਇਆ। ਸਰਕਾਰ
ਨੂੰ ਆਪਣੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਖਾਧ-ਖੁਰਾਕ ਪਹੁੰਚਾਉਣ ਲਈ ਹਵਾਈ ਸੇਵਾਵਾਂ ਦੀ ਮੱਦਦ
ਲੈਣੀ ਪਈ। ਦਹਿ ਹਜਾਰਾਂ ਸੰਘਰਸ਼ੀ ਲੋਕਾਂ ਨੇ ਉਨ੍ਹਾਂ ਪਹਾੜੀਆਂ ’ਤੇ ਕਬਜੇ ਕੀਤੇ ਜਿੱਥੇ
ਟੈਲੀਵਿਜ਼ਨ ਤੇ ਰੇਡਿਓ ਟਾਵਰ ਲੱਗੇ ਹੋਏ ਸਨ। ਅਨੇਕਾਂ ਥਾਵਾਂ ’ਤੇ ਜਨਤਾ ਨੇ ਦਰਜਨਾਂ ਪੁਲਸੀ ਤੇ
ਫੌਜੀ ਟੁਕੜੀਆਂ ਨੂੰ ਬੰਦੀ ਬਣਾਇਆ। ਪਰ ਕਿਸੇ ਵੀ ਥਾਂ ਅਤੇ ਕਿਸੇ ਨਾਲ ਵੀ ਦੁਰਵਿਹਾਰ ਦੀ ਕੋਈ
ਘਟਨਾ ਨਾ ਵਾਪਰੀ। ਲੋਕਾਂ ਨੇ ਉਨ੍ਹਾਂ ਦੇ ਮਾਣ-ਸਨਮਾਨ ਦੀ ਕਦਰ ਕੀਤੀ ਅਤੇ ਉਨ੍ਹਾਂ ਨੂੰ ਆਪਣੇ
ਹੱਕੀ ਤੇ ਜਾਇਜ਼ ਸੰਘਰਸ਼ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਦੇ ਮਨ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ।
ਇਨ੍ਹਾਂ ਐਕਸ਼ਨਾਂ ਦੌਰਾਨ ਵਾਰ ਵਾਰ ਜਨਕਕ ਐਲਾਨ ਹੋਏ,”ਨਾ ਮੌਰੇਨੋ ਨਾ ਕੋਰੀਆ , ਸਿਰਫ ਤੇ ਸਿਰਫ ਲੋਕ ਹੀ ਆਪਣੀ ਰਾਖੀ ਕਰ
ਸਕਦੇ ਹਨ।“ ਅਤੇ ਕਿ ਸੰਘਰਸ਼ ਹੀ ਮੁਕਤੀ ਦਾ ਇੱਕੋ ਇੱਕ ਢੰਗ ਹੈ।
7ਤੇ
8 ਅਕਤੂਬਰ ਨੂੰ ਪੂਰੇ ਦੇਸ਼ ’ਚ ਸ਼ਹਿਰਾਂ ਤੇ ਪਿੰਡਾਂ ’ਚ ਖਾੜਕੂ ਐਕਸ਼ਨ, ਰੈਲੀਆਂ, ਧਰਨੇ ਮੁਜਾਹਰੇ
ਹਾਈਵੇ ਜਾਮ ਹੋਏ । ਜਨਤਕ ਵਿਦਰੋਹ ਪੂਰੇ ਦੇਸ਼ ’ਚ ਫੈਲ ਚੁੱਕਾ ਸੀ। ਦਹਿ ਹਜਾਰਾਂ ਲੋਕਾਂ ਨੇ
ਰਾਜਧਾਨੀ ਦੀਆਂ ਮਹੱਤਵਪੂਰਨ ਥਾਵਾਂ,ਗਵਰਨਰੀ ਹਾਊਸਜ਼ ਤੇ ਹੋਰ ਸਰਕਾਰੀ ਇਮਾਰਤਾਂ ’ਤੇ ਕਬਜੇ ਕਰ
ਲਏ। ਲੋਕ ਹਜਾਰਾਂ ਦੀ ਗਿਣਤੀ ’ਚ ਪਰਿਵਾਰਾਂ ਨੂੰ ਅਲਵਿਦਾ ਆਖ ਤਾੜੀਆਂ ਦੀਆਂ ਗੂੰਜਾਂ ’ਚ ਧਾਅ ਕੇ
ਜੰਗੀ ਮੋਰਚਿਆਂ ’ਚ ਸ਼ਾਮਲ ਹੋਣ ਲਈ ਪਹੁੰਚੇ।
ਰਾਸ਼ਟਰਪਤੀ
ਮੌਰੇਨੋ ਨੇ ਇਸ ਜਨਤਕ ਵਿਦਰੋਹ ਅੱਗੇ ਗੋਡੇ ਟੇਕ ਦਿੱਤੇ ਸਨ। ਉਸਨੇ ਇਸ ਜਨਤਕ ਉਭਾਰ ਦਾ ਕੇਂਦਰ ਬਣ
ਚੁੱਕੀ ਰਾਜਧਾਨੀ ਕੋਇਟੋ ਤੋਂ ਸਰਕਾਰੀ ਹੈੱਡਕੁਆਟਰ ਤਬਦੀਲਕਰਕੇ ਸਮਾਜਕ ਇਸਾਈਆਂ ਦੇ ਗੜ੍ਹ
ਗੁਏਆਕੁਇਲ ਜਾ ਸ਼ਰਨ ਲਈ।
ਸਮੁੱਚੇ
ਮੁਲਕ ’ਚ ਵਿਕਸਤ ਹੋ ਚੁੱਕੀ ਅਜਿਹੇ ਜਨਤਕ ਵਿਦਰੋਹ ਵਾਲੀ ਹਾਲਤ ਵਿੱਚ 9 ਅਕਤੂਬਰ ਦੀ ਹੜਤਾਲ ਦਾ ਆਗਾਜ਼ ਹੋਇਆ। ਪਿਛਲੇ
ਦਿਨਾਂ ਤੋਂ ਜਾਰੀ ਰਹਿ ਰਹੇ ਜਨਤਕ ਖਾੜਕੂ ਐਕਸ਼ਨ ਹੋਰ ਬੁਲੰਦੀਆਂ ’ਤੇ ਜਾ ਪਹੁੰਚੇ। ਸਮੁੱਚੋ ਮੁਲਕ
ਦੇ ਹਰੇਕ ਵਰਗ ਨੇ ਇਸ ’ਚ ਸਰਗਰਮ ਸ਼ਮੂਲੀਅਤ ਕੀਤੀ। ਧਰਨੇ, ਮੁਜਾਹਰਿਆਂ ਅਗਜ਼ਨੀ ਦੀਆਂ
ਘਟਨਾਵਾਂ ਸਰਕਾਰੀ ਇਮਾਰਤਾਂ ’ਤੇ ਕਬਜੇ ਅਤੇ ਹਾਈਵੇ ਜਾਮਾਂ ਨੇ ਪੂਰੇ ਮੁਲਕ ਨੂੰ ਆਪਣੀ ਲਪੇਟ ’ਚ ਲੈ
ਲਿਆ। ਮੁਲਕ ਦੇ ਕੁੱਲ ਕਾਰੋਬਾਰ ਤੇ ਸਮੁੱਚੀ ਸਮਾਜਕ ਜਿੰਦਗੀ ਨੂੰਪਹਿਲਾਂ ਕਦੇ ਸੁਣੀ ਨਾ ਦੇਖੀ
ਖੜੋਤ ਤੇ ਨਾ-ਅਹਿਲੀਅਤ ਨੇ ਆਪਣੀ ਗ੍ਰਿਫਤ ’ਚ ਲੈ ਰੱਖਿਆ ਸੀ। ਪੂਰਾ ਮੁਲਕ ਜਨਤਕ
ਬਗਾਵਤ ਦੇਦਹਾਨੇ ’ਤੇ ਪਹੁੰਚ ਚੁੱਕਾ ਸੀ।
ਰਾਜਧਾਨੀ
ਕੁਇਟੋ ਵਿੱਚ ਦਹਿ-ਹਜਾਰਾਂ ਗਿਣਤੀ ਦਾ ਮੁਜਾਹਰਾ ਆਪਣੇ ਆਪ ’ਚ ਸਿਰੇ ਦਾ
ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ ਜਿਸ ਵਿੱਚ ਹਜਾਰਾਂ ਹੋਰ ਲੋਕਾਂ ਦੇ ਸ਼ਾਮਲ ਹੋਣ ਨਾਲ ਇਹ ਸਿਖਰਾਂ’ਤੇ ਜਾ
ਪਹੁੰਚਿਆ। ਤਾਂ ਵੀ,ਬਾਕੀ ਸ਼ਹਿਰਾਂ ਦੇ ਮੁਜਾਹਰੇ ਵੀ ਕੋਈ ਘੱਟ ਪ੍ਰਭਾਵਸ਼ਾਲੀ ਨਹੀਂ
ਸਨ। ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਇਕੁਆਡੋਰ ਦੇ ਮੂਲ-ਨਿਵਾਸੀ ਲੋਕਾਂ ਨੇ
ਲਾ-ਮਿਸਾਲ ਸ਼ਮੂਲੀਅਤ ਰਾਹੀਂ ਕੌਮੀ ਹੜਤਾਲ ਨੂੰ ਹੁੰਗਾਰਾ ਦਿੱਤਾ ਸੀ। ਰਾਜਧਾਨੀ ਕੁਇਟੋ ਦੀਆਂ
ਸੜਕਾਂ ’ਤੇ ਔਰਤਾਂ ਦੇ ਪ੍ਰਭਾਵਸ਼ਾਲੀ ਮਾਰਚ ਇਸ ਵਿਦਰੋਹ ਦੀ ਤਿੱਖ ’ਚ ਦੂਣ-ਸਵਾਈ ਤਾਕਤ ਭਰਨ ਪੱਖੋਂ
ਆਪਣੇ ਆਪ ’ਚ ਇੱਕ ਮਿਸਾਲ ਸਾਬਤ ਹੋਏ। ਜਨਤਕ ਵਿਦਰੋਹ ਆਪਣੀਆਂ ਬਲੰਦੀਆਂ ’ਤੇ ਜਾ ਪਹੁੰਚਿਆ ਹੋਇਆ ਸੀ।
ਸਰਕਾਰ
ਨੇ ਬਿਜਲੀ, ਪਾਣੀ, ਸਰਕਾਰੀ ਸੰਸਥਾਵਾਂ ਤੇ ਹੋਰ ਮਹੱਤਵਪੂਰਨ ਕਾਰੋਬਾਰੀ ਥਾਵਾਂ ’ਤੇ ਕਰਫਿਊ ਲਗਾ
ਦਿੱਤਾ ਜੋ 12 ਅਕਤੂਬਰ ਨੂੰ ਵਧਾ ਕੇ ਪੂਰੇ ਮੁਲਕ ’ਚ ਲਗਾ ਦਿੱਤਾ ਗਿਆ। ਪੁਲਸ ਤੇ ਹਥਿਆਰਬੰਦ ਬਲਾਂ
ਵੱਲੋਂ ਥਾਂ ਥਾਂ ਪੈਟਰੋਲਿੰਗ,ਤੇ ਉਲੰਘਣਾਵਾਂ ਕਰਨ ਬਦਲੇ ਅਪਰਾਧਿਕ ਦੰਡਾਂ ਦੇ ਐਲਾਨ ਕੀਤੇ ਜਾ ਰਹੇ
ਸਨ।
ਪੁਲਸੀ ਜਬਰ ’ਤੇ
ਉਤਾਰੂ ਹੋਈ ਸਰਕਾਰ ਨੇ ਅੱਥਰੂ ਗੈਸ,ਘੋੜ ਸਵਾਰ ਪੁਲਸ, ਰਬੜ ਦੀਆਂ ਗੋਲੀਆਂ ਤੇ ਬਾਰੂਦ ਦੀ ਵਰਤੋਂ
ਤੋਂ ਅਗਾਂਹ ਟੈੰਕਾਂ, ਤੋਪਾਂ ਆਦਿ ਰਾਹੀਂ ਜਨਤਕ ਵਿਦਰੋਹ ਨੂੰ ਕੁਚਲਣ ਦੀ ਕੋਸ਼ਿਸ ਕੀਤੀ। ਇਸ
ਵਿਦਹੋਹ ਦੌਰਾਨ ਪੁਲਸੀ ਗੋਲੀਆਂ ਨਾਲ 11 ਵਿਅਕਤੀਆਂ ਦੀਆਂ ਮੌਤਾਂ ਹੋਈਆਂ, 1340 ਜਖਮੀ ਹੋਏ, 1152
ਗ੍ਰਿਫਤਾਰੀਆਂ ਹੋਈਆਂ। ਸੈਂਕੜੇ ਜਖਮੀ ਜਿਹੜੇ ਹਸਪਤਾਲ ਨਹੀਂ ਗਏ/ਜਾਂ
ਜਾ ਨਹੀਂ ਸਕੇ ਉਹ ਇਸ ਤੋਂ ਅੱਲਗ ਹਨ। ਪੂਰੇ ਦੇਸ਼ ’ਚ ਐਮਰਜੰਸੀ ਦੇ ਐਲਾਨ ਕਰ ਦਿੱਤੇ ਗਏ ਸਨ।
ਹੜਤਾਲ
ਸੌ ਫੀਸਦੀ ਸਫਲ ਰਹੀ। ਰਾਸ਼ਟਰਪਤੀ ਮੌਰੇਨੋ ਦਾ ਜਮਹੂਰੀ ਮਖੌਟਾ ਲੀਰੋ ਲੀਰ ਹੋ ਚੁੱਕਿਆ ਸੀ। ਸਰਕਾਰ
ਆਪਣੀ ਪਹਿਲਕਦਮੀ ਗੁਆ ਚੁੱਕੀ ਸੀ। ਇਸ ਵਿਦਰੋਹ ਨੂੰ ਅੱਗ ਵਰ੍ਹਾ ਕੇ ਜਾਂ ਖੂੰਨ ’ਚ ਡਬੋਣ ਦਾ ਅਰਥ
ਜਨਤਕ ਬਗਾਵਤ ਨੂੰ ਸੱਦਾ ਦੇਣ ਦੇ ਤੁੱਲ ਹੋਣਾ ਸੀ। ਅਜਿਹੀ ਹਾਲਤ ’ਚ ਪੁਲਸ ਨੇ ਖੁੱਲ੍ਹ-ਮ-ਖੁੱਲ੍ਹਾ
ਜਬਰ ਢਾਹਿਆ, ਪਰ ਜੰਗਲ ਦੀ ਅੱਗ ਵਾਂਗ ਫੈਲ ਰਹੇ ਇਸ ਸੰਘਰਸ਼ ਨੂੰ ਕਿਸੇ ਹੱਦ ਤੱਕ ਕਾਬੂ ’ਚ ਰੱਖ
ਸਕਣ ਦੇ ਸਿਆਸੀ ਦਾਅਪੇਚ ਵਜੋਂ ਫੌਜ ਨੂੰ ਸੰਜਮ
ਵਰਤਣ ਦੀਆਂ ਹਦਾਇਤਾਂ ਸਨ ।
ਬੁਰਜੂਆ
ਸਿਆਸੀ ਪਾਰਟੀਆਂ ਨੇ ਇਸਾਈ ਧਰਮ ਨਾਲ ਸਬੰਧਤ ਸਮਾਜਕ ਸੰਗਠਨ ਦੀ ਅਗਵਾਈ ਹੇਠ ਅਤੇ ਸਰਕਾਰੀ ਹਮਾਇਤ
ਅਤੇ ਥਾਪੜੇ ਨਾਲ ਅਖੌਤੀ ਸ਼ਾਂਤੀ ਮਾਰਚਾਂ ਰਾਹੀਂ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ
ਕੀਤੀਆਂ। ਵੱਡੀ ਪੱਧਰ ’ਤੇ ਪ੍ਰਾਪੇਗੰਡਾ ਅਤੇ ਕਰੋੜਾਂ ਰੁਪਏ ਖਰਚ ਕੇ ਗੁਏਆਕੁਲ ਅਤੇ ਕਈ ਹੋਰ
ਸ਼ਹਿਰਾਂ ’ਚ ਅਜਿਹੇ ਮਾਰਚ ਕੀਤੇ। ਗੁਏਆਕੁਲ ਵਿੱਚ 15000 ਲੋਕਾਂ ਦਾ ਮੁਜਾਹਰਾ ਗਿਣਤੀ ਪੱਖੋਂ ਸਭ
ਤੋਂ ਵੱਡਾ ਸੀ। ਵਿਸ਼ਾਲ ਜਨਤਕ ਫਰੰਟ ਦੀ ਅਗਵਾਈ ’ਚ ਸੈਂਕੜੇ ਲੱਖਾਂ ਦੇ ਮਾਰਚਾਂ ਦੇ ਮੁਕਾਬਲੇ ’ਚ
ਇਹ ਬੇਹੱਦ ਫਿੱਕੇ ਪ੍ਰਦਰਸ਼ਨ ਸਾਬਤ ਹੋਏ।
ਇਸ ਜਨਤਕ ਉਭਾਰ ਨੇ ਰਾਸ਼ਟਰਪਤੀ ਮੌਰੇਨੋ ਨੂੰ ਅੱਲਗ-ਥਲੱਗ ਕਰ ਦਿੱਤਾ। ਇਕੁਆਡੋਰ ਸਮਾਜ ਵਿੱਚ ਦੋ ਵੱਖ ਵੱਖ ਪੋਲ ਉੱਸਰ ਗਏ ਸਨ। ਇੱਕ
ਪੋਲ ਲੋਕਾਂ ਦੀ ਜਥੇਬੰਦਕ ਏਕਤਾ ਤੇ ਇੱਕਜੁੱਟਤਾ ਦਾ ਸੀ ਜਿਸ ਵਿੱਚ, ਇਕੁਆਡੋਰ ਦੇ ਮੂਲ-ਨਿਵਾਸੀ ਤੇ
ਕੌਮੀਅਤਾਂ, ਮਿਸ਼੍ਰਤ ਨਸਲ ਦੇ ਮੈਸਟੀਜੋ ਲੋਕ, ਮਜ਼ਦੂਰ,ਕਿਸਾਨ ਤੇ ਛੋਟੇ ਵਪਾਰੀ, ਅਧਿਆਪਕ
ਵਿਦਿਆਰਥੀ, ਇਨਕਲਾਬੀ ਖੱਬੀ ਧਿਰ ਦੀਆਂ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਅਤੇ ਮੀਡੀਆ ਦਾ ਇੱਕ
ਹਿੱਸਾ ਸੀ। ਵੱਖ ਵੱਖ ਸਮਾਜਕ ਹਿੱਸਿਆਂ ਵਿੱਚ ਨੀਵੇਂਪਣ ਦੇ ਵਿਚਾਰ/ਅਹਿਸਾਸ ਅਤੇ ਸੱਭਿਆਚਾਰਕ
ਸੀਮਤਾਈਆਂ ਉੱਡ-ਪੁੱਡ ਗਈਆਂ ਸਨ। ਦੂਜਾ ਪੋਲ ਮੌਰੇਨੋ, ਵੱਡੋ ਕਾਰੋਬਾਰੀ
ਧੁਨੰਤਰਾਂ, ਸ਼ਾਹੂਕਾਰਾਂ, ਪੈਦਾਵਾਰ ਦੇ ਮੰਡਲ (ਚੈਂਬਰਜ਼ ਆਫ਼ ਪ੍ਰੋਡਕਸ਼ਨ), ਬੁਰਜੂਆ ਸਿਆਸੀ
ਪਾਰਟੀਆਂ, ਭਾਰੂ ਮੀਡੀਆ, ਟੈਲੀਵਿਜ਼ਨ ਤੇ ਪਰੈੱਸ ਦਾ ਸੀ ਜੋ ਸਭ ਅਮਰੀਕਾ ਦੇ ਕੰਟਰੋਲ ਹੇਠ ਸਨ।
ਇੱਕ ਪਾਸੇ ਗਰੀਬ ਸਨ ਤੇ ਦੂਜੇ ਪਾਸੇ ਅਮੀਰ। ਵਿਕਸਤ ਹੋਈਆਂ ਹਾਲਤਾਂ ਨੇ ਵਿੱਚ-ਵਿਚਾਲੇ ਦੀਆਂ ਪੁਜੀਸ਼ਨਾਂ
ਲਈ ਕੇਈ ਗੁੰਜਾਇਸ਼ ਨਹੀਂ ਸੀ ਰਹਿਣ ਦਿੱਤੀ। ਹਾਲੀਆ ਦਹਾਕਿਆਂ ਵਿੱਚ ਇਹ ਜਮਾਤੀ ਜੱਦੋਜਹਿਦ ਦੇ ਸਭ
ਤੋਂ ਉਚੇਰੇ ਤੇ ਪ੍ਰਚੰਡ ਪ੍ਰਗਟਾਅ ਵਜੋਂ ਪੇਸ਼ ਹੋ ਰਿਹਾ ਸੀ। ਸਮੁੱਚੀ ਹਾਲਤ ਕੌਮੀ ਬਗਾਵਤ ਵਾਲੀ
ਸੀ।ਇਕੁਆਡੋਰ ਦੇ ਲੋਕਾਂ ਦਾ ਇਹ ਜਨਤਕ ਵਿਦਰੋਹ ਆਪਮੁਹਾਰਾ ਨਹੀਂ ਸੀ। ਨਵ-ਉਦਰਵਾਦੀ ਨੀਤੀਆਂ ਦੇ
ਵਿਰੈਧ ’ਚ ਲੋਕਾਂ ਦਾ ਇਹ ਜੱਥੇਬੰਦ ਸੰਘਰਸ਼ ਸੀ ਜੋ ਸਥਾਨਕ ਪੱਧਰੇ ਘੋਲਾਂ ਤੋਂ ਵਿਕਸਤ ਹੋ ਕੇ ਇਸ
ਮੁਕਾਮ ’ਤੇ ਪਹੁੰਚਿਆ ਸੀ।
ਇਕੁਆਡੋਰ
ਲੋਕਾਂ ਦੀਆਂ ਨਜ਼ਰਾਂ ’ਚ ਜਨਤਕ ਫੰਡਾਂ ਦੀ ਚੋਰ ਵਜੋਂ ਨੰਗੀ ਹੋਈ ਅਤੇ ਭ੍ਰਿਸ਼ਟਾਚਾਰ ’ਚ ਡੂੰਘੀ
ਧਸੀ ਹੋਈ ਸਾਬਕਾ ਸਾਸ਼ਕ ਰਾਫੇਲ ਕੋਰੀਆ ਪੱਖੀ ਸ਼ਕਤੀਆਂ ਨੇ ਇਸ ਜਨਤਕ ਉਭਾਰ ’ਚ ਘੁਸਪੈਠ ਕਰਕੇ ਇਸਨੂੰ
ਅਗਵਾ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਧਨ, ਰਸਦ-ਪਾਣੀ ਅਤੇ ਘਰੇਲੂ ਲੋੜੀਂਦੀਆਂ
ਵਸਤਾਂ ਰਾਹੀਂ ਲੋਕਾਂ ਨੂੰ ਖਰੀਦਣ ਦੇ ਕੋਝੇ ਹੱਥਕੰਡੇ ਅਪਣਾਏ ਅਤੇ ਲੋਕ ਉਭਾਰ ’ਚ ਘੁਸ ਕੇ
ਭੰਬਲਭੂਸੇ ਖੜ੍ਹੇ ਕਰਨ ਤੇ ਭੜਕਾਊ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਹਰਬੇ ਵਰਤੇ। ਤੁਰਤ ਚੋਣਾਂ
ਕਰਵਾ ਕੇ ਸਰਕਾਰ ਨੂੰ ਡੇਗਣ ਦੇ ਉਨ੍ਹਾਂ ਵੱਲੋਂ ਦਿੱਤੇ ਗਏ ਸੱਦੇ ਸਰਮਾਏਦਾਰੀ ਤੇ ਇਸਦੀਆਂ ਸਥਾਨਕ
ਸੰਸਥਾਵਾਂ ਦੀ ਸਾਜਿਸ਼ ਵਜੋਂ ਨੰਗੇ ਹੋ ਗਏ ਸਨ। ਲੀਡਰਸ਼ਿਪ ਸਮੇਤ ਲੋਕ ਲਹਿਰ ਦੇ ਬਹੁ-ਗਿਣਤੀ
ਹਿੱਸਿਆਂ ਦੀਆਂ ਸਿਆਸੀ ਪੁਜੀਸ਼ਨਾਂ, ਟਰੇਡ ਯੂਨੀਅਨਾਂ ਅਤੇ ਹੋਰ ਸਮਾਜਕ ਜੱਥੇਬੰਦੀਆਂ ਦੀਆਂ ਸਿਆਸੀ
ਤੇ ਵਿਚਾਰਧਾਰਕ ਸਪਸ਼ਟ ਪਜੀਸ਼ਨਾਂ ਖੱਬੇ-ਪੱਖੀ ਪਾਰਟੀਆਂ ਤੇ ਜੱਥੇਬੰਦੀਆਂ ਦੀਆਂ ਦ੍ਰਿੜ ਤੇ ਅਡੋਲ
ਪੁਜੀਸ਼ਨਾਂ ਨੇ ਕੋਰੀਆ ਪੱਖੀ ਤਾਕਤਾਂ ਦੀਆਂ ਚਾਲਾਂ ਨੂੰ ਫਲ ਨਾ ਪੈਣ ਦਿੱਤਾ। ਜੱਥੇਬੰਦਕ ਤੇ
ਜਬਤਬੱਧ ਲੋਕ ਉਭਾਰ ਅੱਗੇ ਅੰਤ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਜੱਦੋਜਹਿਦ ਦੇ ਵਿਕਾਸ-ਪੰਧ ’ਤੇ
ਉੱਚੇ ਹੋਏ ਨਾਹਰੇ, “ਨਾ ਮੌਰੇਨੋ ਨਾ ਕੋਰੀਆ, ਸਿਰਫ ਤੇ ਸਿਰਫ ਖੁਦ ਲੋਕ
ਹੀ ਆਪਣੀ ਰਾਖੀ ਕਰ ਸਕਦੇ ਹਨ”, ਜੰਗੀ ਜੈਕਾਰੇ ਵਜੋਂ ਸਥਾਪਤ ਹੋ ਕੇ
ਜਨਤਕ ਵਿਦਰੋਹ ’ਚ ਲਾਮਬੰਦ ਹੋਈ ਵਿਸ਼ਾਲ ਲੋਕਾਈ ਦੇ ਦਿਲਾਂ-ਮਨਾਂ ’ਚ ਡੂੰਘੇ ਉੱਤਰੇ ਹੋਏ ਸਨ।
ਅੰਤ
ਇਕੁਆਡੋਰ ਦੋ ਲੋਕਾਂ ਦੇ ਵਿਸ਼ਾਲ ਸਾਂਝੇ ਮੋਰਚੇ ਨੇ ਸਰਕਾਰ ਤੇ ਬੁਰਜੂਆ ਸਿਆਸੀ ਪਾਰਟੀਆਂ ਨੂੰ ਗੋਡੇ
ਟੇਕਣ ਲਈ ਮਜ਼ਬੂਰ ਕਰ ਦਿੱਤਾ।
ਲੋਕਾਂ
ਦੀ ਸੰਸਦ ਜਿਹੜੀ ਵਿਦਰੋਹ ਦੌਰਾਨ ਚਲਦੀ ਰਹੀ ਸੀ, ਨੇ ਮੌਰੇਨੋ ਵੱਲੋਂ ਰੱਖੀਆਂ ਤਜਵੀਜਾਂ ਨੂੰ
ਪ੍ਰਵਾਨ ਕਰ ਲਿਆ। ਇਸਨੇ ਥਾਪਣਾ ਕੀਤੀ ਕਿ ਗੱਲਬਾਤ ਵਿਚੋਲਿਆਂ ਤੋਂ ਬਗੈਰ ਸਿੱਧ-ਮ-ਸਿੱਧੀ ਚੱਲੇਗੀ।
ਕਿ 883 ਦੀ ਡਿਗਰੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਜਾਵੇ, ਇਹ ਐਲਾਨ ਜਨਤਕ ਪੱਧਰ ’ਤੇ ਹੋਵੇ ਅਤੇ
ਟੈਲੀਵਿਜ਼ਨ ਤੇ ਪਰੈੱਸ ’ਚ ਨਸ਼ਰ ਹੋਵੇ। ਵਾਰਤਾਲਾਪ ਪੂਰੇ ਦੇਸ਼ ਦੀਆਂ ਅੱਖਾਂ ਸਾਹਮਣੇ ਹੋਈ। ਲੋਕਾਂ
ਨੇ ਹਾਲੀਆ ਦਹਾਕਿਆਂ ’ਚ ਇੱਕ ਜਬਰਦਸਤ ਤੇ ਲਾ-ਮਿਸਾਲ ਜਿੱਤ ਪ੍ਰਾਪਤ ਕੀਤੀ। ਡਿਗਰੀ 883 ਰੱਦ ਕਰ
ਦਿੱਤੀ ਗਈ,ਅਖੌਤੀ ਵਿਕਾਸ ਪ੍ਰੋਜੈਕਟ ਰੱਦ ਹੋਣ ਨਾਲ ਤੇਲ ਗੈਸ ਦੀਆਂ ਕੀਮਤਾਂ ਅਤੇ ਆਵਾਜਾਈ ਦੇ
ਕਿਰਾਏ-ਭਾੜੇ ਪਹਿਲੀ ਥਾਂ ’ਤੇ ਆ ਗਏ।ਨਵ-ਉਦਾਰਵਾਦੀ ਨੀਤੀਆਂ ਦੇ ਵਧਾਰੇ ’ਤੇ ਰੋਕ ਲੱਗੀ। ਭਾਰੀ
ਬਹੁ-ਗਿਣਤੀ ਲੋਕਾਂ ਨੇ ਵਿਦਰੋਹ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ।
ਜਨਤਕ
ਸ਼ਕਤੀਆਂ ਦੀ ਇਸ ਜਿੱਤ ਅਤੇ ਮੌਰੇਨੋ ਸਰਕਾਰ, ਨਿਰਮਾਣ ਮੰਡਲ, ਵੱਡੇ ਕਾਰੋਬਾਰੀ ਮਾਲਕਾਂ, ਵਪਾਰੀਆਂ,
ਬੁਰਜੂਆ ਸਿਆਸੀ ਪਾਰਟੀਆਂ, ਆਈ ਐਮ ਐਫ, ਅਤੇ ਅਮਰੀਕਣ ਸਾਮਰਾਜ ਜਿਹੜਾ ਖੁੱਲ੍ਹੇਆਮ ਰਾਜਭਾਗ ਦੀ
ਹਮਾਇਤ ਕਰਦਾ ਸੀ, ਦੀ ਹਾਰ ਆਪਣੇ-ਆਪ ’ਚ ਇਸ ਵਿਦਰੋਹ ਦਾ ਸਿਖਰਲਾ ਕਾਂਡ ਸੀ।
ਇਕੁਆਡੋਰ ਦੇ ਲੋਕਾਂ ਦਾ ਖਾੜਕੂ ਵਿਰਸਾ
ਇਕੁਆਡੋਰ ਦੀ ਮਜ਼ਦੂਰ ਜਮਾਤ 1980 ਤੋਂ
ਨਵ-ਉਦਾਰਵਾਦੀ ਨੀਤੀਆਂ ਦੇ ਖਿਲਾਫ ਲੜਦੀ ਆ ਰਹੀ ਹੈ। ਮਜ਼ਦੂਰ ਜਮਾਤ ਦਰਜਨ ਭਰ ਕੌਮੀ ਹੜਤਾਲਾਂ ’ਚ
ਮੋਹਰੀ ਰਹੀ ਹੈ ਅਤੇ ਉਨ੍ਹਾਂ ਜਨਤਕ ਉਭਾਰਾਂ ’ਚ ਸਰਗਰਮੀ ਨਾਲ ਸ਼ਾਮਲ ਹੋਈ ਹੈ ਜਿੰਨ੍ਹਾਂ ਨੇ ਐਬਡਾਲਾ
ਬੁਕਾਰਾਮ(1996-97), ਮਾਹੁਆਦ(1998-2000), ਅਤੇ ਗੁਟੀਰੇਜ਼(2003-2005)ਸਰਕਾਰਾਂ ਦੇ ਤਖਤ
ਪਲਟਾਏ ਹਨ। ਰਾਫੇਲ ਕੋਰੀਆ (2007-17)ਦੀ ਸਰਕਾਰ ਦੇ ਖਿਲਾਫ ਲੜਾਈ ’ਚ 2015 ਦੀਆਂ ਵਿਸ਼ਾਲ
ਲਾਮਬੰਦੀਆਂ ’ਚ ਯੂਨਾਈਟਡ ਵਰਕਰਜ਼ ਫਰੰਟ ਵਿੱਚ ਸ਼ਾਮਲ ਮਜ਼ਦੂਰ ਜਮਾਤ ਨੇ ਮੂਹਰਲੀਆਂ ਕਤਾਰਾਂ ’ਚ ਹੋ
ਕੇ ਲੜਾਈ ਦਿੱਤੀ।
ਇਕੁਆਡੋਰ
ਦੇ ਮੂਲ-ਨਿਵਾਸੀ-ਆਦਿਵਾਸੀ ਲੋਕ ਸਪੇਨੀ ਬਸਤੀਵਾਦ ਦੇ ਖਿਲਾਫ 15ਵੀਂ ਸਦੀ ਤੋਂ ਲੜਦੇ ਰਹੇ ਹਨ।
ਸਪੇਨੀ ਧਾੜਵੀਆਂ ਦੀ ਅੰਨ੍ਹੀਂ ਲੁੱਟ ਤੇ ਜਬਰ ਦੇ ਖਿਲਾਫ ਉਹਨਾਂ ਨੇ ਅਨੇਕਾਂ ਸੰਘਰਸ਼ ਲੜੇ, ਵਾਰ
ਵਾਰ ਹਾਰਾਂ ਤੇ ਪਛਾੜਾਂ ਦਾ ਮੂੰਹ ਦੇਖਿਆ,ਅਣਗਿਣਤ
ਮੌਤਾਂ ਹੋਈਆਂ, ਫਾਂਸੀਆਂ ਵੀ ਹੋਈਆਂ ਪਰ ਹਰ ਸੰਘਰਸ਼ ਨੇ ਮਹੱਤਵਪੂਰਨ ਜਿੱਤਾਂ ਨੂੰ ਜਨਮ ਦਿੱਤਾ। ਸਮਾਜ
ਦੇ ਸਭ ਤੋਂ ਗਰੀਬ ਲੋਕਾਂ ’ਚ ਸ਼ਾਮਲ ਇਹਨਾਂ ਲੋਕਾਂ ਨੇ
ਆਪਣੇ ਜਿੰਦਗੀ ਭਰ ਦੇ ਸੰਘਰਸ਼ਾਂ ਰਾਹੀਂ ਜ਼ਮੀਨ ਤੇ
ਖੇਤਰੀ ਹੱਕਾਂ ਨਾਲ ਸੰਬੰਧਤ ਮੰਗਾਂ ਮਨਵਾਈਆਂ ਹਨ।1992 ਵਿੱਚ ਸਮੁੱਚੇ ਲਾਤੀਨੀ ਅਮਰੀਕੀ ਮਹਾਂਦੀਪ
ਵਿੱਚ ਇੱਕ ਨਵੇਂ ਉੱਠੇ ਆਦਿਵਾਸੀ ਉਭਾਰ ਦੇ ਅੰਗ ਵਜੋਂ ਇਕੁਆਡੋਰ ਵਿੱਚ 500 ਸਾਲਾ ਟਾਕਰੇ ਦੇ ਜਸ਼ਨ
ਮਨਾਏ ਗਏ ਜਿਸਨੇ “ਅਮਰੀਕਾ ਦੀ ਖੋਜ” ਦੀ ਅਖੌਤੀ
ਰੂਪ-ਰੇਖਾ ਨੂੰ ਮੁੜ ਜੀਵਤ ਕਰ ਦਿੱਤਾ ਜੋ ਦਰਅਸਲ ਕਤਲਾਂ ਤੇ ਸੂਲੀਆਂ ਰਾਹੀਂ ਲੋਕਾਂ ਨਾਲ ਛਲ-ਕਪਟ
ਦੀ ਖੇਡ ਸੀ ਜਿਸ ਰਾਹੀਂ ਉਹਨਾ ਦੇ ਸੱਭਿਆਚਾਰ ਤੇ ਜੀਵਨ-ਸ਼ੈਲੀ ਦਾ ਘਾਣ ਕੀਤਾ ਗਿਆ।ਇਹਨਾਂ ਦੀਆਂ
ਅਗਲੀਆਂ ਪੀੜ੍ਹੀਆਂ ਦੇ ਵੱਡੇ ਹਿੱਸਿਆਂ ਦੇ ਯੂਰਪੀਨ ਤੇ ਅਫਰੀਕੀ ਲੋਕਾਂ ਨਾਲ ਮੇਲ-ਮਿਲਾਪ ’ਚੋਂ ਇੱਕ ਨਵੀਂ ਨਸਲ ਪੈਦਾ ਹੋ ਚੁੱਕੀ ਹੈ। ਜਿਸਨੂੰ ਮੈਸਟੀਜੋ ਦੇ ਨਾਂ ਨਾਲ ਜਾਣਿਆ
ਜਾਂਦਾ ਹੈ । ਇਕੁਆਡੋਰ ਵਿੱਚ ਖਾਲਸ ਆਦਿਵਾਸੀ ਲੋਕ ਭਾਵੇਂ ਆਬਾਦੀ ਦਾ 7 ਫੀਸਦੀ ਹਨ ਪਰ ਮੈਸਟੀਜੋ
ਲੋਕ 72 ਫੀਸਦੀ ਦੇ ਕਰੀਬ ਹਨ। ਜਿੰਦਗੀ ਭਰ ਦੇ ਸੰਘਰਸ਼ਾਂ ’ਚੋਂ ਰੜ੍ਹ
ਪੱਕ ਚੁੱਕੇ ਇਹ ਇਕੁਆਡੋਰ ਦੇ ਮਜ਼ਦੂਰ ਤੇ ਕਿਸਾਨ ਹਨ ਅਤੇਸਮਾਜ ਦੇ ਸਭ ਤੋਂ ਗਰੀਬ ਲੋਕ ਹਨ। 2019 ਦੇ ਜਨਤਕ
ਵਿਦਰੋਹ ’ਚ ਅਤੇ ਭਵਿੱਖ ਦੇ ਸਮਾਜ ਦੀ ਸਿਰਜਂਣਾ ਲਈ ਇਹ ਮੋਹਰਲੀਆਂ ਕਤਾਰਾਂ ’ਚ ਹੋ
ਕੇ ਲੜਦੇ ਆ ਰਹੇ ਹਨ।
ਇਕੁਆਡੋਰ
ਦੀ 30 ਫੀਸਦੀ ਆਬਾਦੀ 15-30 ਸਾਲਾਂ ਦੇ ਨੌਜਵਾਨਾਂ ਦੀ ਹੈ। ਬਹੁਤ ਵੱਡੀ ਗਿਣਤੀ ਸ਼ਹਿਰਾਂ ਤੇ
ਪਿੰਡਾਂ ਦੇ ਮਜ਼ਦੂਰਾਂ ਦੀ ਹੈ। ਕਾਫੀ ਵੱਡਾ ਹਿੱਸਾ ਸਿੱਖਿਆ, ਸਿਹਤ ਸੰਭਾਲ, ਖੇਡਾਂ, ਮਨਪ੍ਰਚਾਵੇ
ਦੇ ਸਾਧਨਾਂ ਤੇ ਸਮਾਜਕ ਸੁਰੱਖਿਆ ਤੋਂ ਵਾਂਝਾ ਹੈ। ਉਹ ਨਾ-ਬਰਾਬਰੀ ਅਨਿਆਂ ਤੇ ਵਿਤਕਰਿਆਂ ਦੀ ਮਾਰ
ਝੱਲਦੇ ਹਨ। ਜਿੰਦਗੀ ਜਿਊਣ ਲਈ ਉਨ੍ਹਾਂ ਦੇ ਹੱਥ ’ਚ
ਕੋਈ ਬਦਲਵੇਂ ਮੌਕੇ ਨਹੀਂ ਹਨ। ਕਾਫੀ ਵੱਡਾ ਹਿੱਸਾ ਸੋਸ਼ਲ ਮੀਡੀਆ ਦੀ ਦੁਨੀਆਂ ’ਚ ਖੁੱਬਿਆ ਹੋਇਆ ਹੈ। ਵਿਅਕਤੀਵਾਦ ਤੇ ਸਵਾਰਥ ਨੇ ਉਨ੍ਹਾਂ ਨੂੰ ਜੱਫਾ ਮਾਰਿਆ ਹੋਇਆ ਹੈ।
ਪਰ ਤਾਂ ਵੀ ਇੱਕ ਤਕੜਾ ਹਿੱਸਾ ਅਜਿਹਾ ਵੀ ਹੈ ਜਿਹੜਾ ਸੰਸਾਰ ਨਾਲ, ਇਸਦੀਆਂ ਸਮਾਜਕ ਸਮੱਸਿਆਵਾਂ
ਅਤੇ ਸਰੋਕਾਰਾਂ ਨਾਲ ਜੁੜਨ ਲਈ ਅਹੁਲਦਾ ਹੈ। ਇਹਨਾਂ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਵਿਦਰੋਹ ’ਚ ਸਰਗਰਮ ਸਮੂਲੀਅਤ ਰਾਹੀਂ ਅਤੇ ਜਬਰ ਦਾ ਟਾਕਰਾ ਕਰਨ ਤੇ ਪੁਲਸ ਨਾਲ ਮੁੱਠਭੇੜਾਂ ’ਚ ਆਪਣੀ ਅਥਾਹ ਸ਼ਕਤੀ ਦੇ ਜੌਹਰ ਦਿਖਾਏਹਨ। ਉਹਨਾ ਨੇ ਇੰਟਰਨੈੱਟ
ਤੇ ਸੋਸ਼ਲ ਮੀਡੀਆ ਰਾਹੀ ਜੱਦੋਜਹਿਦ ਦੇ ਪਸਾਰੇ, ਆਪਸੀ ਤਾਲਮੇਲ, ਤੇ ਜਬਰ ਦੇ ਟਾਕਰੇ ’ਚ ਹੌਂਸਲੇ ਬੁਲੰਦ ਕਰਨ ਲਈ
ਆਪਣੇ ਸੈੱਲ ਫੋਨਾਂ ਨੂੰ ਖੂਬ ਘੁਮਾਇਆ। ਮੌਜੂਦਾ ਵਿਦਰੋਹ ’ਚ ਨੌਜਵਾਨਾਂ
ਦੇ ਇਸ ਮਹੱਤਵਪੂਰਨ ਰੋਲ ਨੇ ਸਪਸ਼ਟ ਰੂਪ ’ਚ ਦਿਖਾਇਆ ਹੈ ਕਿ ਵਿਅਕਤੀਵਾਦ
ਤੇ ਸਵਾਰਥ ਦਾ ਲੇਪ ਚਾੜ੍ਹਕੇ ਜੁਆਨੀ ਨੂੰ ਅਗਵਾ ਕਰਨ ਦੇ ਪੂੰਜੀਵਾਦ ਦੇ ਤੌਰ ਤਰੀਕੇ ਸਫਲ ਨਹੀਂ ਹੋ
ਸਕਦੇ। ਇਸ ਦੇ ਉਲਟ ਇਕੁਆਡੋਰ ਦੀ ਜੁਆਨੀ ਇਨਕਲਾਬੀ ਸੰਘਰਸ਼ਾਂ ਦੀ ਮਹੱਤਵਪੂਰਨ ਰਿਜ਼ਰਵ ਫੋਰਸ ਬਣਦੀ
ਹੈ।
------ ਜਾਰੀ ਰਹਿ ਰਿਹਾ ਸੰਘਰਸ਼
ਪਿਛਲੇ ਸਾਲਾਂ ਦੌਰਾਨ ਲਾਤੀਨੀ ਅਮਰੀਕਾ ਦੇ
ਕਈ ਦੇਸ਼ਾਂ ਵਿੱਚ ਮਜ਼ਦੂਰਾਂ, ਦਿਹਾਤੀ ਲੋਕਾਂ, ਨੌਜਵਾਨਾਂ ਤੇ ਖੱਬੇ-ਪੱਖੀ ਪਾਰਟੀਆਂ ਤੇ
ਜਥੇਬੰਦੀਆਂ ਦੀ ਹਮਾਇਤ ਨਾਲ ਬਦਲਵੀਆਂ ਸਰਕਾਰਾਂ ਹੋਂਦ ’ਚ ਆਈਆਂ ਅਤੇ ਨਵ-ਉਦਾਰਵਾਦ ਦੇ ਬਦਲ ਵਜੋਂ
ਪੇਸ਼ ਹੋਈਆਂ। ਉਨ੍ਹਾਂ ਨੇ 21ਵੀਂ ਸਦੀ ਦੇ “ਸਮਾਜਵਾਦੀਆਂ”, “ਇਨਕਲਾਬੀਆਂ” ਅਤੇ “ਖੱਬੀਆਂ
ਸਰਕਾਰਾਂ” ਵਜੋਂ ਬੜੇ ਢੰਡੋਰੇ ਪਿੱਟੇ, ਪਰ ਕੁੱਝ ਸਾਲਾਂ ’ਚ ਉਨ੍ਹਾਂ ਦੇ
ਮਖੌਟੇ ਲੀਰੋ ਲੀਰ ਹੋਣ ਨਾਲ ਉਹ ਸੁਧਾਰਵਾਦੀਆਂ ਵਜੋਂ ਨੰਗੀਆਂ ਹੋ ਗਈਆਂ ਜਿੰਨ੍ਹਾਂ ਨੇ ਪੂੰਜੀਵਾਦੀ
ਵਿਕਾਸ ਅਤੇ ਅਮਰੀਕਾ ਸਮੇਤ ਰੂਸੀ ਤੇ ਚੀਨੀ ਸਾਮਰਾਜ ’ਤੇ ਨਿਰਭਰਤਾ ਨੂੰ ਪੱਕੇ ਪੈਰੀਂ ਕਰਨ ਦਾ ਰੋਲ
ਹੀ ਨਿਭਾਇਆ। ਇਸ ਪੱਖੋਂ 2019 ਦਾ ਇਕੁਆਡੋਰ ਦਾ ਜਨਤਕ ਉਭਾਰ, ਜਨਤਕ ਲਹਿਰ ਵਿੱਚ ਇੱਕ ਸਿਫਤੀ ਛਾਲ
ਵਜੋਂ ਪੇਸ਼ ਹੋਇਆ ਹੈ ਅਤੇ ਨਵ-ਉਦਾਰਵਾਦ ਦੇ ਖਿਲਾਫ ਸਮਾਜਕ ਵਿਸਫੋਟ ਸਾਬਤ ਹੋਇਆ ਹੈ। ਇਸਨੇ ਲਾਤੀਨੀ
ਅਮਰੀਕਾ ਦੇ ਅਨੇਕਾਂ ਹੋਰ ਮੁਲਕਾਂ ਦੇ ਜਨਤਕ ਸੰਘਰਸ਼ਾਂ ਨੂੰ ਅੱਡੀ ਲਾਈ ਹੈ ਅਤੇ ਤਾਕਤ ਦਾ ਸੰਚਾਰ
ਕੀਤਾ ਹੈ। ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਇੱਕ ਸਾਂਝੇ ਦੁਸ਼ਮਣ ਪੂੰਜੀਵਾਦ ਜਮਾਤ ਦੇ ਖਿਲਾਫ ਸੰਘਰਸ਼
’ਚ ਮਜ਼ਦੂਰ ਜਮਾਤ ਦੇ ਹਿੱਤਾਂ ਦੀ ਭਾਈਵਾਲੀ ਤੇ ਇਸਦੀਆਂ ਇਤਿਹਾਸਕ ਭਾਸ਼ਾਈ ਤੰਦਾਂ ਦੀ ਸਾਂਝ ਸੰਘਰਸ਼
ਤੇ ਏਕਤਾ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਰਾਹੀਂ ਸਾਮਰਾਜੀ ਲੁੱਟ-ਖਸੁੱਟ ਦੇ ਖਿਲਾਫ ਲੋਕਾਂ ਦੀਆਂ
ਹੱਕੀ ਜਦੋਜਹਿਦਾਂ ਨੂੰ ਸਿਖਰਾਂ’ਤੇ ਪਹੁੰਚਾ ਰਹੀ ਹੈ।
ਇਕੁਆਡੋਰ
ਦੀ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਵੇਲੇ ਤੋਂ ਹੀ ਇਕੁਆਡੋਰੀਅਨ ਮਜ਼ਦੂਰ ਜਮਾਤ ਅਤੇ ਮੁਲਕ ਦੇ
ਮੂਲ-ਨਿਵਾਸੀ ਗਰੀਬ ਲੋਕਾਂ ਨੂੰ ਜਥੇਬੰਦ ਕਰਨ, ਇੱਕਜੁੱਟ ਕਰਨ ਅਤੇ ਉਨ੍ਹਾਂ ਦੀ ਜਦੋਜਹਿਦ ’ਚ
ਅਗਵਾਈ ਕਰਨ ਦੀ ਲੋੜ ਨੂੰ ਸਮਝਦੀ ਰਹੀ ਹੈ। ਮਾਰਕਸਵਾਦ-ਲੈਨਿਨਵਾਦ ਤੋਂ ਅਗਵਾਈ ਪ੍ਰਾਪਤ ਬਹੁਤ ਸਾਰੇ
ਕਮਿਊਨਿਸਟ ਕਾਰਕੁੰਨ 2019 ਦੇ ਜਨਤਕ ਵਿਦਰੋਹ ’ਚ ਸਰਗਰਮ ਪੁਜੀਸ਼ਨਾਂ ’ਤੇ ਰਹਿ ਕੇ ਲੜੇ ਹਨ। ਮਾਰਕਸਵਾਦੀ
ਵਿਚਾਰਾਂ ਅਤੇ ਸੁਝਾਵਾਂ ਨੂੰ ਇਸ ਦੇ ਇੱਕ ਹਿੱਸੇ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਰਿਹਾ ਹੈ। ਪਰ
ਅਜੇ ਪਾਰਟੀ ਕੰਮ ਨੂੰ ਜਰ੍ਹਬਾਂ ਦੇਣ ਲਈ ਗੰਭੀਰਤਾ ਨਾਲ ਜੁਟਣ ਅਤੇ ਵਿਕਾਸ ਕਰਨ ਦੀ ਜ਼ਰੂਰਤ ਹੈ।
ਇਕੁਆਡੋਰ
ਦੇ 2019 ਦੇਸੰਘਰਸ਼ ਰਾਹੀਂ ਸਿਰਫ ਇੱਕ ਲੜਾਈ ’ਚ ਜਿੱਤ ਹੋਈ ਹੈ। ਪੂੰਜੀਵਾਦੀਏ ਅਤੇ ਉਨ੍ਹਾਂ ਦੇ
ਸੇਵਾਦਾਰ ਤਾਕਤ ’ਚ ਬਚੇ ਰਹਿ ਰਹੇ ਹਨ । ਗਰੀਬ ਮੂਲ ਨਿਵਾਸੀਆਂ ਅਤੇ ਕਾਲੀ ਨਸਲ ਦੇ ਲੋਕਾਂ ਦੀ
ਲੁੱਟ ਅਤੇ ਭੇਦਭਾਵ, ਮਜ਼ਦੂਰਾਂ ਦੀ ਲੁੱਟ, ਸਮਾਜਕ ਅਨਿਆਂ ਤੇ ਅਸਮਾਨਤਾ ਸਭ ਕੁੱਝ ਉਵੇਂ ਜਿਵੇਂ
ਜਾਰੀ ਰਹਿ ਰਿਹਾ ਹੈ। ਏਕਤਾ ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ ਜਾਰੀ ਰੱਖਣ ਦੀ ਲੋੜ
ਜਿਉਂ ਦੀ ਤਿਉਂ ਖੜ੍ਹੀ ਹੈ। ਅਤੇ ਹੋਰ ਸਪਸ਼ਟ ਗੱਲ ਇਹ ਕਿ ਜਥੇਬੰਦੀ ਤੇ ਜੱਦੋਜਹਿਦ ਨੂੰ ਪੂੰਜੀਵਾਦੀ
ਤਾਕਤਾਂ ਦੇ ਖਿਲਾਫ ਸੇਧਤ ਕਰਨ ਅਤੇ ਸਿਆਸੀ ਤਾਕਤ ’ਤੇ ਕਾਬਜ ਹੋਣ ਲਈ ਮੌਜੂਦਾ ਵਿਦਰੋਹ ਦੇ
ਅਗਾਂਹਵਧੂ ਹਿੱਸਿਆਂ ਦੀ ਸਮਝ ਤੇ ਵਿਚਾਰਾਂ ਨੂੰ ਪੱਲੇ ਬੰਨ੍ਹ ਕੇ ਅੱਗੇ ਵਧਿਆ ਜਾਵੇ।
ਤਾਜਾ
ਰਿਪੋਰਟਾਂ ਅਨੁਸਾਰ ਮੌਰੇਨੋ ਸਰਕਾਰ ਨੇ ਪੈਂਡੇਮਿਕ ਦਾ ਬਹਾਨਾ ਬਣਾ ਕੇ ਇਕੁਆਡੋਰ ਦੇ ਲੋਕਾਂ ਨਾਲ
ਕੀਤੇ ਸਮਝੌਤੇ ਨੂੰ ਲਾਗੂ ਕਰਨ ਤੋਂ ਮੂੰਹ ਭੰਵਾ ਲਿਆਹੈ। ਦੂਜੇ ਪਾਸੇ ਇਕੁਆਡੋਰ ਦੇ ਸਮੂਹ ਲੋਕਾਂ
ਨੇ ਅਕਤੂਬਰ 2019 ਦੇ ਵਿਦਰੋਹ ਦੇ ਇੱਕ ਸਾਲ ਪੂਰੇ
ਹੋਣ ’ਤੇ “ਬਾਗੀ ਅਕਤੂਬਰ” ਦੇ ਜਸ਼ਨ
ਮਨਾਏ ਹਨ ਅਤੇ ਆਪਣੇ ਸੰਘਰਸ਼ ਨੂੰ ਅਗਲੇ ਪੜਾਵਾਂ ’ਤੇ ਲਿਜਾਣ ਦੇ ਅਹਿਦ ਲਏ ਹਨ।
“ਰੈਵੋਲੂਸ਼ਨਰੀ ਡੌਮੋਕਰੇਸੀ” ਦੀ ਲਿਖਤ ’ਤੇ ਅਧਾਰਤ
No comments:
Post a Comment