Wednesday, September 29, 2021

 

ਮਜ਼ਦੂਰ ਜਥੇਬੰਦੀਆਂ ਦਾ ਪਟਿਆਲਾ 'ਚ ਸ਼ਾਨਦਾਰ ਤਿੰਨ ਰੋਜ਼ਾ ਮੋਰਚਾ
ਖੇਤ ਮਜ਼ਦੂਰ ਲਹਿਰ ਲਈ ਨਵੇਂ ਹੁਲਾਰੇ ਦਾ ਐਕਸ਼ਨ

 

ਸੱਤ ਮਜ਼ਦੂਰ ਜਥੇਬੰਦੀਆਂ 'ਤੇ ਅਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 9 ਤੋਂ11ਅਗਸਤ ਤੱਕ ਪਟਿਆਲਾ ਵਿਖੇ ਤਿੰਨ ਰੋਜ਼ਾ ਮੋਰਚਾ ਲਾਇਆ ਗਿਆ ਅਤੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ।  

ਇਸ ਤਿੰਨ ਰੋਜ਼ਾ ਮੋਰਚੇ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸ਼ਾਮਲ ਹਨ।  ਇਹਨਾਂ ਜਥੇਬੰਦੀਆਂ ਵੱਲੋਂ ਜਿਹਨਾਂ ਮੰਗਾਂ ਨੂੰ ਲੈ ਕੇ ਇਹ ਤਿੰਨ ਰੋਜ਼ਾ ਮੋਰਚਾ ਲਾਇਆ ਗਿਆ ਉਹਨਾਂ ਵਿੱਚ, ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ, ਐਫ ਸੀ ਆਈ ਨੂੰ ਤੋੜਨ ਦੇ ਮਨਸੂਬੇ ਤਿਆਗ ਕੇ ਸਰਵ ਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਮਾਈਕਰੋਫਾਈਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ, ਖੇਤੀ ਮੋਟਰਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲ ਜਾਤ ਧਰਮ ਤੇ ਲੋਡ ਦੀ ਸ਼ਰਤ ਹਟਾਕੇ ਮੁਆਫ਼ ਕਰਨ, ਮਜ਼ਦੂਰਾਂ ਵੱਲ ਖੜ੍ਹੇ ਬਕਾਏ ਖ਼ਤਮ ਕਰਕੇ ਪੁੱਟੇ ਹੋਏ ਮੀਟਰ ਬਿਨਾਂ ਸ਼ਰਤ ਜੋੜਨ , ਨਿੱਜੀਕਰਨ ਦੀਆਂ ਨੀਤੀਆਂ ਤਿਆਗ ਕੇ ਮਜ਼ਦੂਰਾਂ ਦੇ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕਰਨ ਤੇ ਮਨਰੇਗਾ ਦੀ ਦਿਹਾੜੀ 600 ਰੁਪਏ ਕਰਨ, ਕਰੋਨਾ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਕਰਨਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ’ਤੇ ਦੇਣ ਦੀ ਗਰੰਟੀ ਕਰਨ ਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਮਜ਼ਦੂਰਾਂ ਤੇ ਗਰੀਬ ਕਿਸਾਨਾਂ ’ਚ ਕਰਨ ,ਬੁਢਾਪਾ, ਵਿਧਵਾ ਤੇ ਅਪੰਗ ਪੈਨਸ਼ਨ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਅਤੇ ਬੁਢਾਪਾ ਪੈਨਸ਼ਨ ਲਈ ਉਮਰ ਦੀ ਹੱਦ ਘਟਾਉਣ ਅਤੇ ਦਲਿਤਾਂ ’ਤੇ ਜ਼ਬਰ ਬੰਦ ਕਰਨ ਆਦਿ ਪ੍ਰਮੁੱਖ ਹਨ।।

ਇਸ ਮੋਰਚੇ ਦੇ  ਸਾਂਝੇ ਸੱਦੇ ਤੇ ਮੰਗਾਂ ਦੀ ਢੁੱਕਵੀਂ ਚੋਣ ਨੇ ਖੇਤ ਮਜ਼ਦੂਰਾਂ ’ਤੇ ਉਤਸ਼ਾਹੀ ਅਸਰ ਪਾਇਆ। ਮੋਰਚੇ ਦੇ ਪਹਿਲੇ ਦਿਨ  ਕਰੀਬ 8 ਹਜ਼ਾਰ ਮਜ਼ਦੂਰ ਮਰਦ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਖੇਤ ਮਜ਼ਦੂਰਾਂ ਦੇ ਕਾਫਲੇ  ਦਿਨ ਚੜ੍ਹਦੇ ਨਾਲ ਹੀ ਪੰਡਾਲ ’ਚ ਪਹੁੰਚਣੇ ਸ਼ੁਰੂ ਗਏ ਸਨ  ਅਤੇ ਦੇਰ ਰਾਤ ਤੱਕ ਅਕਾਸ਼ ਗੁੰਜਾਊ ਨਾਅਰੇ ਮਾਰਦੇ ਮਰਦ ਔਰਤਾਂ ਦੇ ਕਾਫ਼ਲਿਆਂ ਦੀ ਆਮਦ ਜ਼ਾਰੀ ਰਹੀ। ਇਸ ਮੋਰਚੇ ਦੀ ਪਹਿਲੀ ਰਾਤ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੂੰਦੜ ਤੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੱਥੇ ਨਾਲ਼ ਆਈ ਮਾਤਾ ਗੁਰਤੇਜ ਕੌਰ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ਦਾ ਜਾਮ ਪੀ ਗਈ। ਮਜ਼ਦੂਰ ਮੋਰਚੇ ਦੇ ਆਗੂਆਂ ਵੱਲੋਂ ਦੂਸਰੇ ਦਿਨ ਦੇ ਮੋਰਚੇ ਦੀ ਸ਼ੁਰੂਆਤ ਮਾਤਾ ਗੁਰਤੇਜ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ ਗਈ। ਇਸ ਮੌਕੇ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਵੱਲੋਂ ਖੜ੍ਹੇ ਹੋ ਕੇ ਅਤੇ ਰੋਹਲੇ ਨਾਹਰਿਆਂ ਨਾਲ ਮਾਤਾ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।ਇਸ ਮੌਕੇ ਮਜ਼ਦੂਰ ਆਗੂਆਂ ਵੱਲੋਂ ਇਸ ਸ਼ਹਾਦਤ ਨਾਲ਼ ਸਬੰਧਤ ਮੰਗਾਂ ਪੂਰੀਆਂ ਨਾ ਕਰਨ ਦੀ ਸੂਰਤ ’ਚ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ  ਸਖ਼ਤ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ’ਚ ਆਉਂਦਿਆਂ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ,ਇੱਕ ਜੀਅ ਨੂੰ ਨੌਕਰੀ ਦੇਣ ਤੇ ਕਰਜ਼ਾ ਖ਼ਤਮ ਕਰਨ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ। ਇਸ ਤੋਂ ਇਲਾਵਾ ਮਜ਼ਦੂਰ ਆਗੂਆਂ ਵੱਲੋਂ ਪ੍ਰਸ਼ਾਸਨ ਦੀ ਤਰਫੋਂ ਸਫ਼ਾਈ, ਪਾਣੀ ਤੇ ਮੈਡੀਕਲ ਐਂਬੂਲੈਂਸਾਂ ਦਾ ਪ੍ਰਬੰਧ ਨਾ ਕਰਨ ਸਦਕਾ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਖ਼ਿਲਾਫ਼ ਆਪਣਾਏ ਤਿੱਖੇ ਰੋਹ  ਤੋਂ ਬਾਅਦ ਹੀ ਇਹਨਾਂ ਜ਼ਰੂਰਤਾਂ ਵੱਲ ਕੁਝ ਧਿਆਨ ਦਿੱਤਾ ਗਿਆ।

 ਮੋਰਚੇ ਦੇ ਤੀਸਰੇ ਤੇ ਆਖਰੀ ਦਿਨ ਮੋਤੀ ਮਹਿਲ ਵੱਲ ਮਾਰਚ ਸਮੇਂ ਇਹ ਗਿਣਤੀ ਤੇ ਰੋਹ ਵੀ ਵਧ ਗਿਆ। ਇਸ ਦਿਨ ਦੀ ਗਿਣਤੀ 10 ਹਜ਼ਾਰ ਦਾ ਅੰਕੜਾ ਵੀ ਪਾਰ ਕਰਨ  ਦੀ ਚਰਚਾ ਹੈ।  ਮੋਤੀ ਮਹਿਲ ਵੱਲ ਕੀਤੇ ਮਾਰਚ ਦੌਰਾਨ ਭਾਰੀ ਪੁਲਿਸ ਫੋਰਸ ਵੱਲੋਂ ਇਸ ਕਾਫ਼ਲੇ ਨੂੰ ਵਾਈ ਪੀ ਐਸ ਚੌਂਕ ਕੋਲ ਰੋਕ ਲੈਣ ਤੇ ਕੜਕਦੀ ਧੁੱਪ ਤੇ ਤਪਦੀ ਸੜਕ ਦੇ ਉੱਤੇ ਹੀ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਘੰਟਿਆਂ ਬੱਧੀ ਡਟੇ ਰਹੇ ਅਤੇ ਆਪਣੇ ਆਗੂਆਂ ਦੇ ਵਿਚਾਰਾਂ ਦਾ ਜ਼ੋਰਦਾਰ ਨਾਹਰਿਆਂ ਨਾਲ ਹੁੰਗਾਰਾ ਭਰਦੇ ਰਹੇ। ਆਖਰ ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ਼ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਤਹਿ  ਕਰਵਾਈ ਗਈ।ਪਰ ਮਜ਼ਦੂਰ ਆਗੂਆਂ ਵੱਲੋਂ ਸਿਰਫ਼ ਮੀਟਿੰਗ ’ਤੇ ਹੀ ਭਰੋਸਾ ਨਾ ਕੀਤਾ ਗਿਆ, ਸਗੋਂ ਐਲਾਨ ਕੀਤਾ ਕਿ ਜੇਕਰ ਮੀਟਿੰਗ ਦੌਰਾਨ ਉਹਨਾਂ ਦੀਆਂ ਮੰਗਾਂ ਦਾ ਕੋਈ ਸਰਥਿਕ ਹੱਲ ਨਾ ਕੀਤਾ ਤਾਂ ਸਾਂਝੇ ਮਜ਼ਦੂਰ ਮੋਰਚੇ ਵੱਲੋਂ 1 ਤੋਂ 3 ਅਗਸਤ ਤੱਕ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਤਿੰਨ ਰੋਜ਼ਾ ਧਰਨੇ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਹੀ ਮਜ਼ਦੂਰਾਂ ਵੱਲੋਂ ਨਵੇਂ ਜੋਸ਼ ਤੇ ਉਤਸ਼ਾਹ ਨਾਲ ਆਪੋ-ਆਪਣੇ ਖੇਤਰਾਂ ਨੂੰ ਚਾਲੇ ਪਾਏ ਗਏ।

ਇਸ ਤਿੰਨ ਰੋਜ਼ਾ ਮਜ਼ਦੂਰ ਮੋਰਚੇ ਅਤੇ ਮੋਤੀ ਮਹਿਲ ਵੱਲ ਮਾਰਚ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਗਿਣਨਯੋਗ ਸ਼ਮੂਲੀਅਤ  ਨੋਟ ਕਰਨ ਯੋਗ ਉਤਸ਼ਾਹੀ  ਪੱਖ ਬਣਦਾ ਹੈ। ਰਾਤ ਦੇ ਸਮੇਂ ਵੀ  ਹਜ਼ਾਰਾਂ ਧਰਨਾਕਾਰੀ ਖੇਤ ਮਜ਼ਦੂਰ ਮਰਦ ਔਰਤਾਂ ਦੀ ਗਿਣਤੀ ਦਾ ਡਟੇ ਰਹਿਣਾ ਇਸ ਵਰਗ ਦੇ ਦਿਰੜ ਤੇ ਸਿਰੜੀ ਇਰਾਦਿਆਂ ਦਾ ਪ੍ਰਗਟਾਵਾ ਹੋ ਨਿੱਬੜਿਆ।

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਲਾਏ ਗਏ ਤਿੰਨ ਰੋਜ਼ਾ ਮੋਰਚੇ ਨੇ ਕਿਸਾਨਾਂ, ਮੁਲਾਜ਼ਮਾਂ ਤੇ ਬੁੱਧੀਜੀਵੀ ਵਰਗ ਦਾ ਧਿਆਨ ਖਿੱਚਿਆ ਹੈ। ਇਸ ਮੋਰਚੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸੰਬੋਧਨ ਕਰਦਿਆਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੁਲਕ ਵਿਆਪੀ ਸੰਘਰਸ਼ ਦੇ ਸਮੇਂ ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਸੰਘਰਸ਼ ਦੇ ਮਹੱਤਵ ਨੂੰ ਉਘਾੜਿਆ ਅਤੇ ਆਪਣੀਆਂ ਜਥੇਬੰਦੀਆਂ ਵੱਲੋਂ ਡਟਵੀ ਹਮਾਇਤ ਦਾ ਐਲਾਨ ਕੀਤਾ ਗਿਆ। ਦਿਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠਲੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਸੂਬਾਈ ਵਫ਼ਦ ਵੱਲੋਂ  ਧਰਨੇ ’ਚ ਸ਼ਾਮਲ ਹੋ ਕੇ ਮਜ਼ਦੂਰਾਂ ਦੇ ਘੋਲ ਦਾ ਸਮਰਥਨ ਕਰਦਿਆਂ ਦੋ ਲੱਖ ਰੁਪਏ ਦੀ ਸਹਾਇਤਾ ਭੇਟ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਏ ਤੇ ਉੱਘੇ  ਅਰਥ ਸ਼ਾਸਤਰੀ ਡਾਕਟਰ ਗਿਆਨ ਸਿੰਘ ਵੱਲੋਂ ਮਜ਼ਦੂਰਾਂ ਨਾਲ਼ ਇਕਮੁੱਠਤਾ ਪ੍ਰਗਟਾਈ ਗਈ ਅਤੇ 10 ਹਜ਼ਾਰ ਰੁਪਏ ਦੀ ਸਹਾਇਤਾ ਭੇਟ ਕੀਤੀ ਗਈ। ਇਸੇ ਤਰ੍ਹਾਂ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਮਜ਼ਦੂਰ ਯੂਨੀਅਨ ਖੰਨਾ, ਪੈਪਸੀਕੋ ਵਰਕਰਜ਼ ਯੂਨੀਅਨ ਤੇ ਮਨਰੇਗਾ ਵਰਕਰ ਯੂਨੀਅਨ ਸਮੇਤ ਕਈ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਜ਼ਦੂਰ ਮੋਰਚੇ ’'ਚ ਸ਼ਾਮਲ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਲਈ ਤਿੰਨ ਦਿਨ ਲੰਗਰ ਲਾਇਆ ਗਿਆ। ਦਰਜਨਾਂ ਕਿਸਾਨ ਔਰਤਾਂ  ਸਮੇਤ ਸੈਂਕੜੇ ਕਿਸਾਨ ਆਗੂ ਵਰਕਰਾਂ ਵੱਲੋਂ ਲੰਗਰ ਤਿਆਰ ਕਰਨ, ਵਰਤਾਉਣ ਤੇ ਬਰਤਨ ਸਾਫ਼ ਕਰਨ ਤੋਂ ਇਲਾਵਾ ਪੰਡਾਲ ਦੀ ਸਫਾਈ ਤੱਕ ਦੀ ਜ਼ਿੰਮੇਵਾਰੀ ਬੜੇ ਉਤਸ਼ਾਹ ਤੇ ਜੋਸ਼ ਨਾਲ ਨਿਭਾਈ ਗਈ।ਇਸ ਤੋਂ ਇਲਾਵਾ ਇਸ ਕਿਸਾਨ ਜਥੇਬੰਦੀ ਵੱਲੋਂ ਆਪਣੇ ਪ੍ਰਭਾਵ ਹੇਠਲੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸੈਂਕੜੇ ਪਿੰਡਾਂ ਚੋਂ ਖੇਤ ਮਜ਼ਦੂਰ ਔਰਤਾਂ ਦੀ ਸ਼ਮੂਲੀਅਤ ਕਰਵਾਈ ਗਈ। ਇਸ ਖਾਤਰ ਬੀਕੇਯੂ ਉਗਰਾਹਾਂ ਵੱਲੋਂ ਆਪਣੇ ਸੂਬਾਈ ਆਗੂਆਂ ਤੋਂ ਲੈ ਕੇ ਪਿੰਡ ਪੱਧਰੇ ਆਗੂਆਂ ਦੀ ਸਿੱਖਿਆ ਲਈ ਲੰਮੀ ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। 

ਆਪਣੇ ਪਟਿਆਲਾ ਮੋਰਚੇ ਦੀ ਸਫਲਤਾ ਲਈ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸੈਂਕੜੇ ਪਿੰਡਾਂ ਵਿੱਚ ਲੱਗਭਗ ਡੇਢ ਮਹੀਨਾ ਲਾਮਬੰਦੀ ਚਲਾਈ ਗਈ ਸੀਮਜ਼ਦੂਰ ਜਥੇਬੰਦੀਆਂ ਵੱਲੋਂ 24 ਜੂਨ ਨੂੰ ਸਾਂਝੀ ਮੀਟਿੰਗ ਕਰਕੇ 25 ਜੁਲਾਈ ਤੱਕ ਪਿੰਡ ਪੱਧਰਾਂ ’ਤੇ ਮਜ਼ਦੂਰਾਂ ਦੀਆਂ ਮੀਟਿੰਗਾਂ, ਰੈਲੀਆਂ ਤੇ ਪਿੰਡ ਮੁਜ਼ਾਹਰੇ ਕੀਤੇ ਗਏ ਅਤੇ 27,28 ਤੇ 29 ਜੁਲਾਈ ਨੂੰ ਸਤਾਧਾਰੀ ਕਾਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪੇ ਗਏ। ਹੇਠਲੇ ਪੱਧਰ ’ਤੇ ਚੱਲੀ ਇਸ ਮੁਹਿੰਮ ਨੇ ਖੇਤ ਮਜ਼ਦੂਰਾਂ ਦੀ ਲਾਮਬੰਦੀ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਅਤੇ ਇਸੇ ਜ਼ੋਰਦਾਰ ਮੁਹਿੰਮ ਦੇ ਸਿੱਟੇ ਵਜੋਂ ਹੀ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਪਟਿਆਲਾ ਮੋਰਚੇ ’ਚ ਜਾ ਡਟੇ।  ਇਉਂ ਮਜ਼ਦੂਰ ਜਥੇਬੰਦੀਆਂ ਦਾ ਇਹ ਸ਼ਾਨਦਾਰ ਐਕਸ਼ਨ ਖੇਤ ਮਜ਼ਦੂਰ ਲਹਿਰ ਦੇ ਸੁਲੱਖਣੇ ਭਵਿੱਖ ਦੀ ਸੈਨਤ ਹੋ ਨਿਬੜਿਆ।

ਇਸ ਮੁਹਿੰਮ ਦੌਰਾਨ  ਸਭਨਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਚਲਾਈ ਤਿਆਰੀ ਮੁਹਿੰਮ ਦੀ ਰਿਪੋਰਟ ਤਾਂ ਮੌਜੂਦ ਨਹੀਂ ਪਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚਲਾਈ ਗਈ ਲਾਮਬੰਦੀ ਤੇ ਸਿੱਖਿਆ ਮੁਹਿੰਮ ਦੀ ਮੋਟੀ ਰਿਪੋਰਟ  ਕਾਫੀ ਸਲਾਹੁਣਯੋਗ ਹੈ। ਇਸ ਜਥੇਬੰਦੀ ਵੱਲੋਂ ਸਭ ਤੋਂ ਪਹਿਲਾਂ ਆਪਣੇ ਆਗੂਆਂ ਤੇ ਸਰਗਰਮ ਵਰਕਰਾਂ ਨੂੰ ਸਿੱਖਿਅਤ ਕਰਨ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂਇਹਨਾਂ ਮੀਟਿੰਗਾਂ ਦੌਰਾਨ ਕਰੀਬ 300 ਆਗੂਆਂ ਤੇ ਸਰਗਰਮ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਿੱਖਿਆ ਮੁਹਿੰਮ ਦੌਰਾਨ ਸਾਂਝੇ ਮਜ਼ਦੂਰ ਸੱਦੇ ਦਾ ਮਹੱਤਵ, ਮੰਗਾਂ ਦੀ ਵਾਜਬੀਅਤ ਖਾਸ ਕਰਕੇ, ਮੁਲਕ ਵਿਆਪੀ ਕਿਸਾਨ ਸੰਘਰਸ਼ ਦੀ ਬਦੌਲਤ  ਪੰਜਾਬ ’ਚ ਬਣੇ ਸੰਘਰਸ਼ੀ ਮਾਹੌਲ ਤੇ ਮਜ਼ਦੂਰ ਕਿਸਾਨ ਏਕਤਾ ਦਾ ਉੱਭਰਿਆ ਮਹੱਤਵ, ਸਿਆਸੀ ਪਾਰਟੀਆਂ ਪ੍ਰਤੀ ਕਿਸਾਨਾਂ ਦੇ ਵਿਰੋਧ ਦੀ ਪ੍ਰਚੰਡ ਹੋਈ ਧਾਰਾ ਕਾਰਨ ਇਹਨਾਂ ਪਾਰਟੀਆਂ ਦੀ ਘਟੀ ਹੋਈ ਵੁੱਕਤ , ਸੱਤਾਧਾਰੀ ਕਾਂਗਰਸ ਪਾਰਟੀ ਦਾ ਤਿੱਖਾ ਹੋਇਆ ਅੰਦਰੂਨੀ  ਕਲੇਸ਼, ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਦਲਿਤ ਵਰਗ ਦੇ ਵੋਟ ਬੈਂਕ 'ਤੇ ਵਧੀ ਟੇਕ , ਇਹਨਾਂ ਵੱਲੋਂ ਦਲਿਤਾਂ ’ਚੋਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਬਨਾਉਣ ਦੇ ਭਰਮਾਊ ਤੇ ਭਟਕਾਊ ਨਾਹਰਿਆਂ ਦੀ ਅਸਲੀਅਤ ਤੋਂ ਇਲਾਵਾ ਇਸ ਹਾਲਤ ਅੰਦਰ ਮਜ਼ਦੂਰ ਮੰਗਾਂ ’ਚੋਂ ਕੁੱਝ ਨਾ ਕੁੱਝ ਪ੍ਰਾਪਤ ਕਰਨ ਦੀ ਵਧੀ ਹੋਈ ਗੁੰਜਾਇਸ਼ ਅਤੇ ਆਪਣੀ ਜਥੇਬੰਦਕ ਤਾਕਤ ਦਾ ਪਸਾਰਾ ਤੇ ਮਜ਼ਬੂਤੀ ਕਰਨ ਦੀ ਸਾਜ਼ਗਾਰ ਹਾਲਤ ਆਦਿ ਪੱਖਾਂ ਨੂੰ ਕਲਾਵੇ ’ਚ ਲਿਆ ਗਿਆ। ਇਸ ਤੋਂ ਇਲਾਵਾ ਇਸ ਜੱਥੇਬੰਦੀ ਵੱਲੋਂ ਆਪਣੇ ਇਸ ਪ੍ਰਚਾਰ ਨੂੰ ਹੋਰ ਅਸਰਦਾਰ ਬਨਾਉਣ ਲਈ 30 ਹਜ਼ਾਰ ਦੀ ਗਿਣਤੀ ’ਚ ਚਾਰ ਸਫਿਆਂ ਦਾ ਅਖਬਾਰ ਵੀ ਛਾਪਕੇ ਵੰਡਿਆ ਗਿਆ। ਇਉਂ ਕੁੱਲ ਮਿਲਾ ਕੇ ਇਸ ਜਥੇਬੰਦੀ ਵੱਲੋਂ ਬਹੁਤ ਹੀ ਸਾਰਥਿਕ, ਸ਼ਾਨਦਾਰ ਤੇ ਜਾਨਦਾਰ ਲਾਮਬੰਦੀ ਤੇ ਸਿੱਖਿਆ ਮੁਹਿੰਮ ਚਲਾਈ ਗਈ।

ਸਾਂਝੇ ਮਜ਼ਦੂਰ ਦਾ ਅਗਲਾ ਪੜਾਅ:

 ਪਟਿਆਲਾ ਮੋਰਚੇ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਜ਼ਦੂਰ ਆਗੂਆਂ ਨਾਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਤਹਿ ਕਰਵਾਈ ਮੀਟਿੰਗ ਆਖਰ 25 ਅਗਸਤ ਨੂੰ ਨੇਪਰੇ ਚੜ੍ਹ ਗਈ ਹੈਲੱਗਭਗ ਸਵਾ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੇ 9 ਸੂਤਰੀ ਮੰਗ ਪੱਤਰ ਦੀ ਕੱਲੀ ਕੱਲੀ ਮਦ ਉੱਪਰ ਵਿਸਥਾਰੀ ਤੇ ਰਚਣਹਾਰ ਤਰੀਕੇ ਨਾਲ ਆਪਣਾ ਪੱਖ ਰੱਖਿਆ ਗਿਆ। ਇਸ ਮੀਟਿੰਗ ਦੌਰਾਨ ਮਜ਼ਦੂਰਾਂ ਦੇ ਪੁੱਟੇ ਹੋਏ ਬਿਜਲੀ ਮੀਟਰ ਬਕਾਏ ਪਾਸੇ ਰੱਖਕੇ ਬਿਨਾਂ ਸ਼ਰਤ ਜੋੜਨ, ਅੱਗੇ ਤੋਂ ਮੀਟਰ ਪੱਟਣੇ ਬੰਦ ਕਰਨ, ਮਜ਼ਦੂਰਾਂ ਦੇ ਆਟਾ ਦਾਲ ਸਕੀਮ ਵਾਲੇ ਕੱਟੇ ਕਾਰਡ ਬਹਾਲ ਕਰਨ ਤੇ ਲੋੜਵੰਦਾਂ ਦੇ ਨਵੇਂ ਕਾਰਡ ਬਨਾਉਣ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਅਤੇ ਮਜ਼ਦੂਰਾਂ ਦੇ ਪਲਾਟਾਂ ਨਾਲ ਸਬੰਧਤ ਅਤੇ ਪੰਚਾਇਤੀ ਜ਼ਮੀਨਾਂ ’ਚੋਂ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ ’ਤੇ ਦੇਣ ਦੀ ਗਰੰਟੀ ਕਰਨ ਨਾਲ ਸਬੰਧਤ ਮੰਗਾਂ ਉਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਾਲ਼ 7 ਸਤੰਬਰ ਨੂੰ ਵਿਸ਼ੇਸ਼ ਮੀਟਿੰਗ ਤਹਿ ਕੀਤੀ ਗਈ। ਇਸ ਤੋਂ ਇਲਾਵਾ ਸਮੁੱਚੇ ਕਰਜ਼ੇ ਅਤੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ , ਪੈਨਸ਼ਨਾਂ ਤੇ ਮਨਰੇਗਾ ਆਦਿ ਮੰਗਾਂ ਨੂੰ ਵਾਜਬ ਮੰਨਦੇ ਹੋਏ ਵੀ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। 

ਮਜ਼ਦੂਰ ਜਥੇਬੰਦੀਆਂ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਬਾਕੀ ਮੰਗਾਂ ਦੀ ਪੂਰਤੀ ਲਈ 1ਤੋ 3 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਬਦਲ ਕੇ 3 ਸਤੰਬਰ ਨੂੰ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵਰ੍ਹਦੇ ਮੀਂਹ ਵਿੱਚ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ 13 ਸਤੰਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਇੱਕ ਰੋਜ਼ਾ ਘਿਰਾਓ ਦਾ ਐਲਾਨ ਕੀਤਾ ਗਿਆ। ਇਸ ਘਿਰਾਓ ਦੀ ਤਿਆਰੀ ਦਾ ਅਮਲ ਪੂਰੇ ਜਲੌਅ ਨਾਲ ਜ਼ਾਰੀ ਹੈ। 

No comments:

Post a Comment