Wednesday, September 29, 2021

ਖੇਤ ਮਜ਼ਦੂਰ ਸੰਘਰਸ਼ ਸਰਗਰਮੀ—ਸਾਂਝਾ ਗੰਭੀਰ ਉੱਦਮ—ਉਤਸ਼ਾਹਜਨਕ ਹੁੰਗਾਰਾ

 

 ਖੇਤ ਮਜ਼ਦੂਰ ਸੰਘਰਸ਼ ਸਰਗਰਮੀ—ਸਾਂਝਾ ਗੰਭੀਰ ਉੱਦਮਉਤਸ਼ਾਹਜਨਕ ਹੁੰਗਾਰਾ

ਪੰਜਾਬ ਅੰਦਰ ਉੱਭਰੇ ਹੋਏ ਇਤਿਹਾਸਕ ਕਿਸਾਨ ਸੰਘਰਸ਼ ਦੇ ਦਰਮਿਆਨ ਅਤੇ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਦੀਆਂ ਸ਼ੁਰੂ ਹੋ ਰਹੀਆਂ ਚੋਣ ਮੁਹਿੰਮਾਂ ਦੀ ਰੁੱਤ ਵਿੱਚ ਜਨਤਕ ਸੰਘਰਸ਼ਾਂ ਦੇ ਦ੍ਰਿਸ਼ ’ਤੇ ਖੇਤ ਮਜ਼ਦੂਰਾਂ ਦੀ ਸੰਘਰਸ਼ ਲਲਕਾਰ ਦਾ ਗੂੰਜਣਾ ਇੱਕ ਅਹਿਮ ਘਟਨਾਕ੍ਰਮ ਹੈ ਜਿਹੜਾ ਇਸ ਅਰਸੇ ਦੌਰਾਨ ਬਹੁਤ ਲੇੜੀਂਦੇ ਵਰਤਾਰੇ ਵਜੋਂ ਸਾਹਮਣੇ ਆਇਆ ਹੈ ਜਿਸਨੂੰ ਬਰਕਰਾਰ ਰੱਖਣ ਤੇ ਹੋਰ ਵਿਕਸਤ ਕਰਨ ਦੀ ਜ਼ਰੂਰਤ ਹੈ। ਪਿਛਲੇ ਦੋ ਮਹੀਨਿਆਂ ਤੋਂ ਖੇਤ ਮਜ਼ਦੂਰ ਮੰਗਾਂ-ਮੁੱਦਿਆਂ ’ਤੇ ਬੁਲੰਦ ਹੋ ਰਹੀ ਅਜਿਹੀ ਜਥੇਬੰਦ ਤੇ ਸਾਂਝੀ ਆਵਾਜ਼ ਕਈ ਪੱਖਾਂ ਤੋਂ ਸੂਬੇ ਦੇ ਮੌਜੂਦਾ ਸਿਆਸੀ ਦ੍ਰਿਸ਼ ਅੰਦਰ ਵੀ ਮਹੱਤਵ ਰੱਖਦੀ ਹੈ। ਮੰਗ ਪੱਤਰ ਪੇਸ਼ ਕਰਨ ਤੋਂ ਲੈ ਕੇ ,ਸੰਘਰਸ਼ ਐਕਸ਼ਨਾਂ ਤੱਕ ਹੋਈ ਸੰਘਰਸ਼ ਸਰਗਰਮੀ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਵੱਲੋਂ ਹੋਈ ਹੈ। ਇਸ ਸਰਗਰਮੀ ਦੇ ਉੱਭਰਨ ਤੇ ਖੇਤ ਮਜ਼ਦੂਰ ਜਨਤਾ ਦੇ ਹੁੰਗਾਰੇ ’ਚ ਇਸ ਸਾਂਝ ਦੇ ਪ੍ਰਗਟਾਵੇ ਨੇ ਅਹਿਮ ਰੋਲ ਨਿਭਾਇਆ ਹੈ।

          ਸੂਬੇ ਦੇ ਫੌਰੀ ਸਿਆਸੀ ਪ੍ਰਸੰਗ ਅਂਦਰ ਖੇਤ ਮਜ਼ਦੂਰਾਂ ਦੀ ਸੰਘਰਸ਼ ਸਰਗਰਮੀ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ। ਪਿਛਲੇ ਕੁੱਝ ਅਰਸੇ ਤੋਂ ਸਭ ਤੋਂ ਜਿਆਦਾ ਦਬਾਏ ਹੋਏ ਤਬਕੇ ਦੀ ਸੂਬੇ ਦੇ ਜਨਤਕ ਸੰਘਰਸ਼ਾਂ ਦੇ ਪਿੜ ਅੰਦਰ ਉੱਭਰਵੀਂ ਮੌਜੂਦਗੀ ਦਾ ਨਾ ਹੋਣਾ ਲੋਕਾਂ ਦੇ ਹੱਕਾਂ ਦੀ ਲਹਿਰ ਦੇ ਨਜ਼ਰੀਏ ਤੋਂ ਘਾਟੇਵੰਦਾ ਪਹਿਲੂ ਬਣਦਾ ਆ ਰਿਹਾ ਹੈ। ਖਾਸ ਕਰਕੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਇਤਿਹਾਸਕ ਕਿਸਾਨ,ਸੰਘਰਸ਼ ਅੰਦਰ ਖੇਤ ਮਜ਼ਦੂਰਾਂ ਦੀ ਊਣੀ ਸ਼ਮੂਲੀਅਤ ਇਸ ਸੰਘਰਸ਼ ਦੀ ਰੜਕਵੀਂ ਸੀਮਤਾਈ ਬਣਦੀ ਆ ਰਹੀ ਹੈ, ਕਿਉਂਕਿ ਕਾਨੂੰਨਾਂ ਦੀ ਮਾਰ ਹੇਠ ਆਉਣ ਵਾਲੇ ਕਿਰਤੀ ਤਬਕੇ ਦਾ ਇਹ ਗਿਣਨਯੋਗ ਵੱਡਾ ਹਿੱਸਾ ਸਰਗਰਮ ਵਿਰੋਧ ਲਹਿਰ ਦਾ ਹਿੱਸਾ ਨਾ ਹੋਣ ਕਰਕੇ ਸੰਘਰਸ਼ ਨੂੰ ਪਾਏਦਾਰੀ, ਤਿੱਖ ਤੇ ਵਿਸ਼ਾਲਤਾ ਦੇ ਪੱਖ ਤੋਂ ਹਰਜੇ ਵਾਲੀ ਹਾਲਤ ਬਣਦੀ ਹੈ। ਹੁਣ ਇਸ ਉੱਭਰਵੀਂ ਸੰਘਰਸ਼ ਸਰਗਰਮੀ ਦੌਰਾਨ ਖੇਤ ਮਜ਼ਦੂਰ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੀ ਮੰਗ ਨੂੰ ਅਹਿਮ ਸਥਾਨ ਦੇ ਕੇ ਖੇਤ ਮਜ਼ਦੂਰ ਜਨਤਾ ਨੂੰ ਲਾਮਬੰਦ ਕਰਨ ਦਾ ਗੰਭੀਰ ਉਪਰਾਲਾ ਕੀਤਾ ਹੈ। ਇਸ ਮੁੱਦੇ ਬਾਰੇ ਖੇਤ ਮਜ਼ਦੂਰ ਜਨਤਾ ਅੰਦਰ ਚੇਤਨਾ ਦਾ ਪਸਾਰਾ ਕੀਤਾ ਹੈ ਤੇ ਹੋਰ ਮਸਲਿਆਂ ਨਾਲ ਗੁੰਦ ਕੇ ਇਸ ਨੂੰ ਸੰਘਰਸ਼ ਦਾ ਮੁੱਦਾ ਬਣਾਉਣ ਦੀ ਗੰਭੀਰ ਤੇ ਇੱਕਜੁੱਟ ਕੋਸ਼ਿਸ਼ ਹੋਈ ਹੈ। ਚਾਹੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪਹਿਲਾਂ ਹੀ ਖੇਤ ਮਜ਼ਦੂਰ ਲਾਮਬੰਦੀ ਦੇ ਗੰਭੀਰ ਯਤਨ ਕੀਤੇ ਗਏ ਸਨ ਤੇ ਕੁੱਝ ਜਨਤਕ ਐਕਸ਼ਨ ਵੀ ਹੋਏ ਸਨ ਪਰ ਹੁਣ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਜੁਟਾਏ ਗਏ ਇਸ ਉਦੇਸ਼ ਨਾਲ ਉਹਨਾਂ ਕੋਸ਼ਿਸਾਂ ਨੂੰ ਕਈ ਗੁਣਾ ਬਲ ਮਿਲਿਆ ਹੈ ਤੇ ਕਿਸਾਨ ਸੰਘਰਸ਼ ਨਾਲ ਖੇਤ ਮਜ਼ਦੂਰਾਂ ਦੀ ਸਾਂਝ ਤੇ ਸ਼ਮੂਲੀਅਤ ਲਈ ਹੋਰ ਵਧੇਰੇ ਸਾਜ਼ਗਾਰ ਮਹੌਲ ਦੀ ਸਿਰਜਣਾ ਹੋਈ ਹੈ। ਹੁਣ ਹੋਈ ਲਾਮਬੰਦੀ ਦਾ ਮਹੱਤਵ ਇਸ ਪੱਖੋਂ ਵੀ ਵਿਸ਼ੇਸ਼ ਬਣ ਜਾਂਦਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਸ਼ੁਰੂਆਤੀ ਦੌਰ ਅੰਦਰ ਖੇਤ ਮਜ਼ਦੂਰ ਜਨਤਾ ਅੰਦਰੋਂ ਸੰਘਰਸ਼ ਦੇ ਸਮਰਥਨ ਦੇ ਮਹੌਲ ਦੀ ਬਜਾਏ ਬੇਲਾਗਤਾ ਜਾਂ ਫਿਰ ਕੁੱਝ ਹਲਕਿਆਂ ’ਚ ਖੇਤੀ ਕਾਨੂੰਨਾਂ ਤੋਂ ਲਾਹੇ ਦੇ ਭਰਮ ਵਰਗੇ ਸੰਕੇਤ ਵੀ ਮਿਲ ਰਹੇ ਸਨ। ਭਾਜਪਾ ਵੱਲੋਂ ਖੇਤ ਮਜ਼ਦੂਰਾਂ ਅੰਦਰ ਅਜਿਹੇ ਭਰਮ ਫੈਲਾਉਣ ਰਾਹੀਂ ਕਿਸਾਨ ਜਨਤਾ ਤੋਂ ਵਿੱਥ ਬਨਾਉਣ ਦੀ ਗਿਣੀ ਮਿਥੀ ਵਿਉਂਤ ਘੜੀ ਗਈ ਸੀ। ਇਉਂ ਖੇਤ ਮਜ਼ਦੂਰ ਜਨਤਾ ਦੇ ਅਜਿਹੇ ਬੇ-ਲਾਗਤਾ ਭਰੇ ਜਾਂ ਸੀਮਤ ਹੁੰਗਾਰੇ ਤੋਂ ਜੋਰਦਾਰ ਸੰਘਰਸ਼ ਸਰਗਰਮੀ ਤੱਕ ਦਾ ਇਹ ਸਫਰ ਕਾਫੀ ਮਹੱਤਵਪੂਰਨ ਹੈ ਜਿਸ ਵਿੱਚ ਖੇਤ ਮਜ਼ਦੂਰਾਂ ਅੰਦਰ ਗੰਭੀਰ ਤੇ ਸਿਸਤ ਬੰਨ੍ਹਵੇਂ ਪ੍ਰਚਾਰ ਕੰਮ ਦਾ ਵੱਡਾ ਰੋਲ ਹੈ। ਖੇਤ ਮਜ਼ਦੂਰ ਕਾਰਕੁੰਨਾਂ ਦੀਆਂ ਟੋਲੀਆਂ ਨੇ ਮਜ਼ਦੂਰ ਵਿਹੜਿਆਂ ਅੰਦਰ ਮਿਥ ਕੇ ਵਿਉਂਤ ਅਧੀਨ ਬੱਝਵੀਆਂ ਪ੍ਰਚਾਰ ਮੁਹਿੰਮਾਂ ਹੱਥ ਲਈਆਂ ਹਨ ਤੇ ਸ਼ਿਸਤ ਬੰਨ੍ਹਵੇਂ ਪ੍ਰਚਾਰ ਨਾਲ ਭਾਜਪਾਈ ਆਗੂਆਂ ਦੇ ਝੂਠੇ ਪ੍ਰਚਾਰ ਨਾਲ ਪੈਦਾ ਕੀਤੇ ਭਰਮਾਂ ਨੂੰ ਇੱਕ ਮੁੱਢਲੀ ਹੱਦ ਤੱਕ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖੇਤ ਮਜ਼ਦੂਰ ਲਾਮਬੰਦੀ ਤੇ ਸੰਘਰਸ਼ ਐਕਸ਼ਨ ਇਸਦੀ ਗਵਾਹੀ ਬਣਦੇ ਹਨ। ਇਸਤੋਂ ਅੱਗੇ ਖੇਤ ਮਜ਼ਦੂਰ ਜਨਤਾ ਦਾ ਕਿਸਾਨ ਸੰਘਰਸ਼ ਨਾਲ ਡੂੰਘਾ ਸਰੋਕਾਰ ਜੋੜਨ, ਸੰਘਰਸ਼ ਅੰਦਰ ਵੱਖ ਵੱਖ ਪੱਧਰਾਂ ’ਤੇ ਸ਼ਮੂਲੀਅਤ ਕਰਾਉਣ ਲਈ ਲਗਾਤਾਰ ਗੰਭੀਰ ਯਤਨ ਜੁਟਾਉਂਦੇ ਰਹਿਣ ਦੀ ਜ਼ਰੂਰਤ ਹੈ।

          ਖੇਤ ਮਜ਼ਦੂਰਾਂ ਦੀ ਇਹ ਲਾਮਬੰਦੀ ਉਦੋਂ ਹੋਈ ਹੈ ਜਦੋਂ ਸਭਨਾਂ ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਦਲਿਤ ਵੋਟ ਬੈਂਕ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ ਤੇ ਇਸ ਨੂੰ ਭੁਗਤਾਉਣ ਲਈ ਹਰ ਤਰ੍ਹਾਂ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਨਿਗੂਣੀਆਂ ਰਿਆਇਤਾਂ ਤੇ ਲਾਰਿਆਂ ਵਾਅਦਿਆਂ ਦੇ ਗੱਫਿਆਂ ਰਾਹੀਂ ਵਰਚਾਉਣ ਦੇ ਹੀਲੇ ਵਸੀਲੇ ਕੀਤੇ ਜਾ ਰਹੇ ਹਨ ਤੇ ਦਲਿਤ ਹਿਤੈਸ਼ੀ ਹੋਣ ਦੇ ਟੈਗ ਲਟਕਾਏ ਜਾ ਰਹੇ ਹਨ। ਅਜਿਹੇ ਸਮੇਂ ਖੇਤ ਮਜ਼ਦੂਰ ਜਨਤਾ ਦਾ ਆਪਣੀਆਂ ਅਹਿਮ ਹੱਕੀ ਮੰਗਾਂ ਲਈ ਸੰਘਰਸ਼ ਦਾ ਝੰਡਾ ਬੁਲੰਦ ਕਰਨਾ ਬੇਹੱਦ ਲੋੜੀਂਦਾ ਸੀ ਤਾਂ ਕਿ ਜਾਤ-ਪਾਤੀ ਵੰਡਾਂ/ਪਾਟਕਾਂ ਨੂੰ ਡੂੰਘੀਆਂ ਕਰਨ ਰਾਹੀਂ ਤੇ ਲੋਕਾਂ ਦੀ ਜਮਾਤੀ ਏਕਤਾ ਨੂੰ ਚੀਰਾ ਦੇਂਣ ਲਈ ਪਾਟਕ ਪਾ ਕੇ ਵੋਟਾਂ ਮੁੱਛਣ ਦੇ ਯਤਨਾਂ ਖਿਲਾਫ ਹਕੀਕੀ ਜਮਾਤੀ ਏਕਤਾ ਨੂੰ ਉਭਾਰਿਆ ਜਾਵੇ, ਖੇਤ ਮਜ਼ਦੂਰਾਂ ਦੇ ਅਹਿਮ ਹਕੀਕੀ ਮੁੱਦਿਆਂ ਨੂੰ ਉਭਾਰਿਆ ਜਾਵੇ। ਤੇ ਦਲਿਤ ਕਿਰਤੀਆਂ ਵਜੋਂ ਸਮਾਜ ਦੇ ਹੋਰਨਾਂ ਮਿਹਨਤਕਸ਼ ਲੋਕਾਂ ਨਾਲ ਬਣਦੀ ਸੰਗਰਾਮੀ ਸਾਂਝ ਦੀ ਜ਼ਰੂਰਤ ਨੂੰ ਉਭਾਰਿਆ ਜਾਵੇ। ਇਸ ਪੱਖ ਤੋਂ ਇਸ ਸੰਘਰਸ਼ ਸਰਗਰਮੀ ਨੇ ਮੌਕਾਪ੍ਰਸਤ ਪਾਰਟੀਆਂ ਵੱਲੋਂ ਮਨਚਾਹੇ ਢੰਗ ਨਾਲ ਦਲਿਤ ਮੁੱਦੇ ਉਭਾਰਨ ਵਾਲੇ ਨਾਅਰਿਆਂ ਦੇ ਮੁਕਾਬਲੇ ਹਕੀਕੀ ਜਮਾਤੀ ਮੁੱਦਿਆਂ ਨੂੰ ਉਭਾਰਨ ਦਾ ਯਤਨ ਕੀਤਾ ਹੈ ਤੇ ਅਹਿਮ ਮੰਗਾਂ ਨੂੰ ਸੂਬੇ ਦੇ ਸਿਆਸੀ ਦ੍ਰਿਸ਼ ’ਤੇ ਉਭਾਰਿਆ ਹੈ। ਇਹ ਸੰਘਰਸ਼ ਸਰਗਰਮੀ ਮੌਕਾਪ੍ਰਸਤ ਵੋਟ ਪਾਰਟੀਆਂ ਵੱਲੋਂ ਖੇਤ ਮਜ਼ਦੂਰ ਜਨਤਾ ਨੂੰ ਭਰਮ ਭਟਕਾਉਣ ਦੇ ਯਤਨਾਂ ਦੀ ਕਾਟ ਬਣ ਰਹੀ ਹੈ। ਇਹਨਾਂ ਮੁੱਦਿਆਂ ਦੇ ਹਵਾਲੇ ਨਾਲ ਹੁਣ ਤੱਕ ਰਾਜ ਕਰਦੀਆਂ ਆ ਰਹੀਆਂ ਸਾਰੀਆਂ ਹੀ ਜੋਕ ਪਾਰਟੀਆਂ ਖੇਤ ਮਜ਼ਦੂਰਾਂ ਦੀਆਂ ਦੋਸ਼ੀ ਬਣਦੀਆਂ ਹਨ ਤੇ ਕਟਹਿਰੇ ’ਚ ਖੜ੍ਹਦੀਆਂ ਹਨ। ਇਹ ਖੇਤ ਮਜ਼ਦੂਰ ਸੰਘਰਸ਼ ਸਰਗਰਮੀ ਇਹਨਾਂ ਸਭਨਾਂ ਨੂੰ ਹੀ ਕਟਹਿਰੇ ’ਚ ਖੜ੍ਹਾਉਣ ਦਾ ਜ਼ਰੀਆ ਬਣਦੀ ਹੈ। ਇਸ ਸਮੁੱਚੀ ਸੰਘਰਸ਼ ਸਰਗਰਮੀ ਦੌਰਾਨ ਉਭਾਰੇ ਗਏ ਖੇਤ ਮਜ਼ਦੂਰ ਮੁੱਦੇ ਅੰਸ਼ਕ ਤੋਂ ਅੱਗੇ ਮਹੱਤਵਪੂਰਨ ਮੁੱਦੇ ਹਨ ਜਿੰਨ੍ਹਾਂ ’ਚੋਂ ਕਈਆਂ ਦੀ ਖੇਤ ਮਜ਼ਦੂਰਾਂ ਦੀ ਜਿੰਦਗੀ ਬਦਲਣ ਲਈ ਬੁਨਿਆਦੀ ਮਹੱਤਤਾ ਹੈ। ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਤੇ ਵਾਧੂ ਜ਼ਮੀਨਾਂ ਬੇਜ਼ਮੀਨਿਆਂ ’ਚ ਵੰਡਣ, ਕਰਜਾ ਮੁਆਫੀ ਤੇ ਖੇਤ ਮਜ਼ਦੂਰ ਪੱਖੀ ਕਰਜਾ ਨੀਤੀ ਬਣਾਉਣ,ਪਲਾਟ ਦੇਣ, ਜਾਤ-ਪਾਤੀ ਜਬਰ ਤੇ ਦਾਬੇ ਦੇ ਖਾਤਮੇ ਵਰਗੇ ਮੁੱਦੇ ਅਜਿਹੇ ਹਨ ਜਿਹੜੇ ਫੌਰੀ ਅੰਸ਼ਕ ਮੰਗਾਂ ਤੋਂ ਅੱਗੇ ਦੇ ਮਸਲੇ ਹਨ ਤੇ ਹਕੂਮਤੀ ਨੀਤੀਆਂ ਨਾਲ ਸਿੱਧੇ ਤੌਰ ’ਤੇ ਜੁੜਦੇ ਹਨ। ਉਂਞ ਅਜੇ ਇਹ ਮੁੱਦੇ ਖੇਤ ਮਜ਼ਦੂਰ ਜਨਤਾ ਲਈ ਬਕਾਇਦਾ ਸੰਘਰਸ਼ ਮੁੱਦਿਆਂ ਵਜੋਂ ਸਥਾਪਤ ਨਹੀਂ ਹੋਏ, ਸਗੋਂ ਅਜੇ ਮੁੱਖ  ਤੌਰ ’ਤੇ ਪ੍ਰਚਾਰ/ਐਜੀਟੇਸ਼ਨ ਦਾ ਮੁੱਦਾ ਰਹਿ ਰਹੇ ਹਨ। ਇਸ ਲਈ ਇਹਨਾਂ ਬਾਰੇ ਖੇਤ ਮਜ਼ਦੂਰਾਂ ’ਚ ਸਰੋਕਾਰ ਵਧਾਉਣ, ਇਹਨਾਂ ਦੀ ਪ੍ਰਾਪਤੀ ਦੀ ਤਾਂਘ ਜਗਾਉਣ, ਕਠਿਨ ਤੇ ਜਾਨ ਹੂਲਵੇਂ ਸੰਘਰਸ਼ਾਂ ਦੀ ਲੋੜ ਉਭਾਰਨ  ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਜੋਟੀ ਪਾਉਣ ਵਰਗੇ ਪਹਿਲੂਆਂ ’ਤੇ ਜੋਰ ਦੇਣ ਦੀ ਜ਼ਰੂਰਤ ਹੈ। ਕਿਸਾਨ ਸੰਘਰਸ਼ ਦੇ ਫੌਰੀ ਪ੍ਰਸੰਗ ਅੰਦਰ ਖੇਤ ਮਜ਼ਦੂਰਾਂ ’ਚ ਖੇਤੀ ਕਾਨੂੰਨਾਂ ਬਾਰੇ ਹੋਰ ਸੰਘਣਾ ਤੇ ਸਪਸ਼ਟ ਪ੍ਰਚਾਰ ਲਿਜਾਣ ਦੀ ਜ਼ਰੂਰਤ ਹੈ।

          ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਪਟਿਆਲੇ ’ਚ ਲੱਗਿਆ ਤਿੰਨ ਰੋਜਾ ਧਰਨਾ ਵਿਸ਼ੇਸ਼ ਕਰਕੇ ਖੇਤ ਮਜ਼ਦੂਰ ਮੰਗਾਂ ਵੱਲ ਗੌਰ ਫਰਮਾਉਣ ਲਈ ਹਕੂਮਤ ’ਤੇ ਦਬਾਅ ਪਾਉਣ ਦੀ ਕਾਰਵਾਈ ਹੋ ਨਿਬੜਿਆ ਹੈ। ਭਰਵੀਂ ਖੇਤ ਮਜ਼ਦੂਰ ਹਾਜ਼ਰੀ ਤੇ ਜੁਝਾਰੂ ਰੌਂਅ ਦਾ ਪ੍ਰਗਟਾਵਾ, ਹੋਰਨਾਂ ਤਬਕਿਆਂ ਦਾ ਹਮਾਇਤੀ ਕੰਨ੍ਹਾਂ ਤੇ ਹਕੂਮਤੀ ਵੋਟ ਗਿਣਤੀਆਂ ਦੇ ਕਾਰਨਾਂ ਨੇ ਹਕੂਮਤ ਨੂੰ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਹੈ। ਕਈ ਮੁੱਦਿਆਂ ’ਤੇ ਸਰਕਾਰ ਨੂੰ ਜੁਬਾਨ ਖੋਲ੍ਹਣੀ ਪਈ ਹੈ ਤੇ ਕੁੱਝ ਦੇ ਹੱਲ ਲਈ ਭਰੋਸੇ ਦਿਵਾਉਣੇ ਪਏ ਹਨ ਪਰ ਮਜ਼ਦੂਰ ਜਥੇਬੰਦੀਆਂ ਨੇ ਅਹਿਮ ਮੁੱਦਿਆਂ ਦੇ ਹੱਲ ਲਈ ਸੰਘਰਸ਼ ਦਾ ਝੰਡਾ ਉੱਚਾ ਚੁੱਕੀ ਰੱਖਣ ਦਾ ਫੈਸਲਾ ਕਰਦਿਆਂ 13 ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਅਗਲਾ ਐਕਸ਼ਨ ਐਲਾਨ ਦਿੱਤਾ ਹੈ। ਇਹਨਾਂ ਮੁੱਦਿਆਂ ਦੇ ਹੱਲ ਲਈ ਸਫਰ ਅਜੇ ਲੰਮਾਂ ਹੈ ਤੇ ਹੋਰ ਵਧੇਰੇ ਵਿਸ਼ਾਲ ਲਾਮਬੰਦੀ ਤੇ ਤਿੱਖੇ ਖਾੜਕੂ ਐਕਸ਼ਨਾਂ ਤੱਕ ਪੁੱਜਣ ਦਾ ਸਫਰ ਅਜੇ ਬਾਕੀ ਹੈ। ਖਾਸ ਕਰਕੇ ਵਿਸ਼ਾਲ ਖੇਤ ਮਜ਼ਦੂਰ ਜਨਤਾ ਦੇ ਉਭਾਰ ਤੋਂ ਬਿਨਾਂ ਅਜੇ ਵੱਡੀਆਂ ਪ੍ਰਾਪਤੀਆਂ ਸੰਭਵ ਨਹੀਂ ਹਨ ਪਰ ਤਾਂ ਵੀ ਕਮਜੋਰੀ ਦੀ ਹਾਲਤ ’ਚ ਵਿਚਰ ਰਹੀ ਖੇਤ ਮਜ਼ਦੂਰ ਲਹਿਰ ਦੇ ਸਾਂਝੇ ਹੰਭਲੇ ਨਾਲ ਸਰਕਾਰ ਨੂੰ ਗੱਲਬਾਤ ਦੀ ਮੇਜ਼ ’ਤੇ ਬਿਠਾਉਣਾ ਤੇ ਅੰਸ਼ਕ ਪ੍ਰਾਪਤੀਆਂ ਦਾ ਤੋਰਾ ਤੋਰਨਾ ਕਿਸੇ ਪਦਾਰਥਕ ਪ੍ਰਾਪਤੀ ਨਾਲੋਂ ਜਿਆਦਾ ਖੇਤ ਮਜ਼ਦੂਰ ਜਨਤਾ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਲਈ ਹੌਂਸਲਾ ਵਧਾਊ ਪ੍ਰਾਪਤੀ ਵਜੋਂ ਜਿਆਦਾ ਮਹੱਤਵ ਰਖਦਾ ਹੈ ਜੋ ਅਗਲੇਰੇ ਸੰਘਰਸ਼ ਅਰਸੇ ਦੌਰਾਨ ਜੋਸ਼ ਨੂੰ ਹੋਰ ਜਰ੍ਹਬਾਂ ਦੇਣ ਤੇ ਵਧੇਰੇ ਤਨਦੇਹੀ ਨਾਲ ਲਾਮਬੰਦੀ ’ਚ ਜੁੱਟਣ ਲਈ ਪ੍ਰੇਰਦਾ ਹੈ।

          ਪਟਿਆਲੇ ਧਰਨੇ ਦੌਰਾਨ ਕੁੱਝ ਕਿਸਾਨ ਜਥੇਬੰਦੀਆਂ ਵੱਲੋੰ ਵੱਖ ਵੱਖ ਪੱਧਰਾਂ ’ਤੇ ਹਮਾਇਤ ਕੀਤੀ ਗਈ ਜਿਸਨੇ ਕਿਸਾਨ ਤੇ ਖੇਤ ਮਜ਼ਦੂਰ ਸਾਂਝ ਨੂੰ ਉਗਾਸਾ ਦੇਣ ਦੀ ਦਿਸ਼ਾ ਵਿੱਚ ਚੰਗਾ ਰੋਲ ਨਿਭਾਇਆ। ਬੀ. ਕੇ. ਯੂ,-ਏਕਤਾ (ਉਗਰਾਹਾਂ)ਵੱਲੋਂ ਇਸ ਸਮੁੱਚੀ ਸੰਘਰਸ਼ ਸਰਗਰਮੀ ਅੰਦਰ ਨਿਭਾਇਆ ਗਿਆ ਰੋਲ ਮਿਸਾਲੀ ਹੈ ਤੇ ਕਿਸਾਨੀ-ਖੇਤ ਮਜ਼ਦੂਰ ਸਾਂਝ ਉਸਾਰੀ ਦੇ ਯਤਨਾਂ ਦੀ ਲੰਮੀਂ ਲੜੀ ਅੰਦਰ ਇੱਕ ਹੋਰ ਅਸਰਦਾਰ ਉੱਦਮ ਹੈ। ਪਹਿਲਾਂ ਖੇਤ ਮਜ਼ਦੂਰ ਮੁੱਦਿਆਂ ਉੱਪਰ ਇਸ ਜਥੇਬੰਦੀ ਦੇ ਕਾਰਕੁੰਨਾਂ ਦੀਆਂ ਟੋਲੀਆਂ ਨੇ ਵਿਹੜਿਆਂ ਅੰਦਰ ਲਾਮਬੰਦੀ ’ਚ ਵੀ ਅਹਿਮ ਹਿੱਸਾ ਪਾਇਆ ਹੈ ਤੇ ਮਗਰੋਂ ਤਿੰਨ ਰੋਜਾ ਧਰਨੇ ਦੌਰਾਨ ਲੰਗਰ ਰਾਹੀਂ ਕਿਸਾਨ-ਮਜ਼ਦੂਰ ਏਕਤਾ ਦਾ ਸਬੂਤ ਦਿੱਤਾ ਹੈ।ਧਰਨੇ ਦੇ ਪੰਡਾਲ ਦੀ ਸਫਾਈ ਕਰਕੇ ਤੇ  ਲੰਗਰ ਅੰਦਰ ਭਾਂਡੇ ਮਾਂਜ ਕੇ ਕਿਸਾਨ ਆਗੂਆਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਕਿਸਾਨ ਮਜ਼ਦੂਰ ਏਕੇ ਤੇ ਜਮਾਤੀ ਸਾਂਝ ਦੇ ਜੋਰਦਾਰ ਸੰਦੇਸ਼ ਦਾ ਵਾਹਕ ਹੋ ਨਿੱਬੜੀਆਂ ਹਨਖੇਤ ਮਜ਼ਦੂਰਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਲਈ ਪ੍ਰਗਟ ਹੋਏ ਕਿਸਾਨੀ ਦੇ ਇਸ ਗਹਿਰੇ ਸਰੋਕਾਰ ਨੇ ਖੇਤ ਮਜ਼ਦੂਰਾਂ ’ਤੇ ਸਥਾਈ ਅਮਿੱਟ ਪ੍ਰਭਾਵ ਛੱਡਿਆ ਹੈ। ਇਹਨਾਂ ਯਤਨਾਂ ਦੀਆਂ ਸਮੁੱਚੀ ਕਿਸਾਨ ਲਹਿਰ ਲਈ (ਖੇਤ ਮਜ਼ਦੂਰ ਜਿਸਦਾ ਅੰਗ ਬਣਦੇ ਹਨ) ਡੂੰਘੀਆਂ ਹਾਂ-ਪੱਖੀ ਅਰਥ ਸੰਭਾਵਨਾਵਾਂ ਹਨ ਤੇ ਅਜਿਹੇ ਯਤਨ ਪੇਂਡੂ ਸਮਾਜ ਅੰਦਰ ਜਾਤ-ਪਾਤੀ ਵੰਡਾਂ ਦੇ ਉੱਪਰ ਦੀ ਹਕੀਕੀ ਜਮਾਤੀ ਸਾਂਝ ਉਸਾਰੀ ਦੀ ਲੋੜ ਨੂੰ ਚੰਗਾ ਹੁੰਗਾਰਾ ਹਨ। ਇਹਨਾਂ ਯਤਨਾਂ ਨੂੰ ਜਾਰੀ ਰੱਖਣ ਤੇ ਹੋਰ ਜਿਆਦਾ ਵਿਸ਼ਾਲ ਪੈਮਾਨੇ ’ਤੇ ਫੈਲਾਉਣ ਦੀ ਜ਼ਰੂਰਤ ਹੈਖੇਤ ਮਜ਼ਦੂਰ ਲੀਡਰਸ਼ਿਪ ਲਈ ਵੀ ਆਪਣੀ ਪਹਿਲਕਦਮੀ ਵਾਲੀ ਆਜਾਦਾਨਾ ਸੰਘਰਸ਼ ਸਰਗਰਮੀ ਨੂੰ ਵੱਧ ਤੋੰ ਵੱਧ ਕਿਸਾਨ ਸੰਘਰਸ਼ ਨਾਲ ਸੁਮੇਲਣ ਦੀ ਪਹੁੰਚ ਨਾਲ ਚੱਲਣ ਦੀ ਜ਼ਹੂਰਤ ਹੈ ਤਾਂ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਨੂੰ ਤਕੜਾਈ ਮਿਲ ਸਕੇ ਤੇ ਨਾਲ ਹੀ ਕਿਸਾਨ ਸੰਘਰਸ਼ ਅੰਦਰ ਖਾੜਕੂ ਪਰਤਾਂ ਦੀ ਮੌਜੂਦਗੀ ਵਧ ਸਕੇ।  

          ਇਸ ਸਮੁੱਚੀ ਸਰਗਰਮੀ ਅੰਦਰ ਖੇਤ ਮਜ਼ਦੂਰ ਜਥੇਬੰਦੀਆਂ ਦੀ ਆਪਸੀ ਸਾਂਝ ਦਾ ਪਹਿਲੂ ਵਿਸ਼ੇਸ਼ ਕਰਕੇ ਮਹੱਤਵਪੂਰਨ ਹੈ ਜਿਸਨੇ ਖੇਤ ਮਜ਼ਦੂਰਾਂ ਦੀ ਸੰਘਰਸ਼ ਤੇ ਏਕੇ ਦੀ ਤਾਂਘ ਨੂੰ ਉਗਾਸਾ ਦਿੱਤਾ ਹੈ। ਇਸ ਸਾਂਝੀ ਸਰਗਰਮੀ ਅਧੀਨ ਆਉਂਦੇ ਵਖਰੇਵਿਆਂ ਨੂੰ ਖੇਤ ਮਜ਼ਦੂਰ ਹੱਕਾਂ ਹਿੱਤਾਂ ਲਈ ਸੰਘਰਸ਼ ਦੀ ਅਣਸਰਦੀ ਜ਼ਰੂਰਤ ਨੂੰ ਹੁੰਗਾਰਾ ਦੇਣ ਦੇ ਵੱਡੇ ਮਨੋਰਥ ਅਧੀਨ ਰੱਖ ਕੇ ਨਜਿੱਠਿਆ ਜਾਣਾ ਚਾਹੀਦਾ ਹੈ। ਆਉਂਦੇ ਮਹੀਨੇ ਸੂਬਾ ਹਕੂਮਤ ਤੇ ਕਾਂਗਰਸ ਪਾਰਟੀ ਲਈ ਵੋਟ ਗਿਣਤੀਆਂ ਦੇ ਮਹੀਨੇ ਹੋਣ ਕਰਕੇ ਡਟਵੇਂ ਸੰਘਰਸ਼ ਰਾਹੀਂ ਮੁੱਢਲੀਆਂ ਪ੍ਰਾਪਤੀਆਂ ਦੀਆਂ ਗੁੰਜਾਇਸ਼ਾਂ ਵੀ ਹਨ ਪਰ ਇਹਦੇ ਲਈ ਸੰਘਰਸ਼ ਅੰਦਰ ਵਿਸ਼ਾਲ ਸਾਂਝ ਬਹੁਤ ਅਹਿਮ ਪੱਖ ਬਣਦਾ ਹੈ। ਇਸ ਲਈ ਸਾਂਝ ਨੂੰ ਬਣਾਈ ਰੱਖਣ ਲਈ ਜੋਰਦਾਰ ਯਤਨ ਜੁਟਾਉਣ ਦੀ ਜ਼ਰੂਰਤ ਹੈ। ਹਰ ਤਰ੍ਹਾਂ ਦੇ ਛੋਟੇ ਵਖਰੇਵਿਆਂ ਨੂੰ ਪਾਸੇ ਰੱਖਣ, ਸੌੜੀਆਂ ਗਿਣਤੀਆਂ ਨੂੰ ਮਾਤ ਦੇਣ ਤੇ ਸਾਂਝ ਦੇ ਆੜੇ ਨਾ ਆਉਣ ਦੇਣ ਦੀ ਪਹੁੰਚ ਨਾਲ ਚੱਲਣ ਦੀ ਜ਼ਰੂਰਤ ਹੈ। ਜਿਸ ਵਿੱਚ ਸਾਂਝ ਨਿਭਾਉਣ ਦੀ ਭਾਵਨਾ ਮੋਹਰੀ ਮਹੱਤਵ ਬਣ ਜਾਂਦਾ ਹੈ। ਆਉਂਦੇ ਮਹੀਨੇ ਜੋਰਦਾਰ ਸੰਘਰਸ਼ ਸਰਗਰਮੀ ਨਾਲ ਖੇਤ ਮਜ਼ਦੂਰਾਂ ਦੀ ਜਥੇਬੰਦ ਤਾਕਤ ਦੇ ਸੂਬੇ ਦੇ ਸਿਆਸੀ ਦ੍ਰਿਸ਼ ’ਤੇ ਉੱਭਰਨ ਤੇ ਹਾਕਮ ਜਮਾਤੀ ਪਾਰਟੀਆਂ ਦੇ ਚੋਣ ਏਜੰਡੇ ਨੂੰ ਅਸਰਅੰਦਾਜ਼ ਕਰਨ ਲਈ ਗੰਜਾਇਸ਼ਾਂ ਭਰਪੂਰ ਮਹੀਨੇ ਬਣਦੇ ਹਨ। ਖੇਤ ਮਜਦੂਰ ਜਥੇਬੰਦੀਆਂ ਦੀਆਂ ਲੀਡਰਸ਼ਿਪਾਂ ਨੂੰ ਇਹ ਗੁੰਜਾਇਸ਼ਾਂ ਸਾਕਾਰ ਕਰਨ ਲਈ ਡਟੇ ਰਹਿਣ ਦੀ ਲੋੜ ਹੈ।              

No comments:

Post a Comment