ਲਿਨਫੈਕਸ ਕੰਪਨੀ ਖਿਲਾਫ ਮਜ਼ਦੂਰ ਸੰਘਰਸ਼
ਖੰਨਾ ਦੇ ਨਜ਼ਦੀਕ
ਸਥਿਤ ਲਿਨਫੌਕਸ ਕੰਪਨੀ ਆਸਟਰੇਲੀਆ ਦੇ ਇੱਕ
ਕਾਰਪੋਰੇਟ ਘਰਾਣੇ ਦੀ ਕੰਪਨੀ ਹੈ ਜੋ ਹਿੰਦੁਸਤਾਨ ਯੂਨੀਲੀਵਰ ਤੇ ਲੈਕਮੇ ਵਰਗੀਆਂ ਹੋਰਨਾਂ ਕੰਪਨੀਆਂ
ਦੇ ਪ੍ਰੋਡਕਟ ਜਿਵੇਂ ਖਾਣ-ਪੀਣ ਦਾ ਸਮਾਨ, ਬਿਸਕੁਟ,ਨਮਕੀਨ ਆਦਿ ਤੇ ਹੋਰ
ਨਿਤ ਵਰਤੋਂ ਦੇ ਘਰੇਲੂ ਸਮਾਨ ਤੋਂ ਇਲਾਵਾ ਹਾਰ ਸ਼ਿੰਗਾਰ ਦਾ ਸਮਾਨ ਸਟੋਰ ਕਰਦੀ ਤੇ ਪੰਜਾਬ,
ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਆਦਿ ਸੂਬਿਆ ਦੇ ਵੱਡੇ ਸਟੋਰਾਂ ਸਮੇਤ ਰਿਲਾਇੰਸ ਨੂੰ ਸਪਲਾਈ ਕਰਦੀ
ਹੈ। ਖੰਨਾਂ ਨੇੜੇ ਮਾਨੂੰਪੁਰ ਪਿੰਡ ਵਿੱਚ ਇਸਦੇ ਵੱਡੇ ਸਟੋਰ/ਗੋਦਾਮ ਹਨ,
ਜਿੰਨ੍ਹਾਂ ਦਾ ਮਾਲਕ ਇੱਕ ਵੱਡਾ ਟਰਾਂਸਪੋਰਟਰ ਹੈ। ਕੰਪਨੀ ਦੇ 500 ਦੇ ਕਰੀਬ ਕਿਰਤੀ ਹਨ,
ਜਿੰਨ੍ਹਾਂ ਵਿੱਚੋਂ 110 ਦੇ ਕਰੀਬ ਰੈਗੂਲਰ ਤੇ 35-40 ਕੁ ਠੇਕਾ ਕਾਮੇ ਹਨ। ਬਾਕੀ ਦੀ ਲੇਬਰ ਠੇਕੇਦਾਰ ਦੀ ਕੱਚੀ ਲੇਬਰ ਹੈ। ‘ਟਾਈਗਰ ਫੋਰਸ’ ਦੇ ਨਾਂ ਹੇਠ 50 ਦੇ ਕਰੀਬ ਸਿਕਿਉਰਟੀ ਕਰਮਚਾਰੀ ਹਨ। ਠੇਕੇ ਦੀ ਲੇਬਰ ਨੂੰ
8 ਘੰਟੇ ਦੇ ਕੰਮ ਲਈ 7200 ਰੁਪਏ ਤੇ 12 ਘੰਟੇ ਦੇ ਕੰਮ ਲਈ 9000 ਰੁਪਏ ਦਿੱਤੇ ਜਾਂਦੇ ਹਨ। ਕੰਪਨੀ
ਠੇਕੇਦਾਰ ਨੂੰ 80 ਰੁਪਏ ਪ੍ਰਤੀ ਟਨ ਦੇ ਹਿਸਾਬ ਦਿੰਦੀ ਹੈ, ਉਹ ਅੱਗੇ ਲੇਬਰ ਨੂੰ 50 ਰੁਪਏ ਦਿੰਦਾ
ਹੈ। ਕਾਮੇ ਕੰਪਨੀ ਤੇ ਠੇਕੇਦਾਰ ਦੀ ਦੂਹਰੀ ਲੁੱਟ ਦਾ ਸ਼ਿਕਾਰ ਹਨ।
ਕੰਪਨੀ
ਦੀ ਮੈਨੇਜਮੈਂਟ ਨੇ ਇਸ ਜੂਨ ਮਹੀਨੇ ਤੋਂ ਕਾਮਿਆਂ ਦੇ ਰੁਜ਼ਗਾਰ ਤੇ ਤਨਖਾਹਾਂ ਉੱਪਰ ਹਮਲਾ ਵਿੱਢਿਆ
ਹੋਇਆ ਹੈ, ਜਿਸ ਤਹਿਤ 8 ਕਰਮਚਾਰੀਆਂ ਨੂੰ ਸਸਪੈਂਡ ਕਰਕੇ ਛਾਂਟੀਆਂ ਲਈ ਰਾਹ ਪੱਧਰਾ ਕਰਕੇ ਠੇਕਾ
ਅਧਾਰਤ ਨਵੀਂ ਭਰਤੀ ਸ਼ੁਰੂ ਕਰ ਦਿੱਤੀ। ਪਿਛਲੇ ਲੰਮੇਂ ਸਾਲਾਂ ਤੋਂ ਕੰਮ ਕਰਦੇ ਆ ਰਹੇ ਡੇਢ ਸੌ ਦੇ
ਕਰੀਬ ਕਾਮਿਆਂ ਤੋਂ ਚੰਗੇ ਆਚਰਣ ਦੇ ਘੋਸ਼ਣਾ ਪੱਤਰ ’ਤੇ ਦਸਤਖਤ ਕਰਵਾ ਕੇ ਕਾਮਿਆਂ ਦੇ ਆਪਣੇ ਹੱਕਾਂ
ਲਈ ਜੱਥੇਬੰਦ ਹੋਣ ਤੇ ਆਵਾਜ਼ ਉਠਾਉਣ ਦੇ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ ਖੋਹ ਲਏ ਗਏ। ਇਸੇ ਤਹਿਤ
ਹੀ ਜੂਨ ਮਹੀਨੇ ਦੀ 10 ਦਿਨਾਂ ਦੀ ਤਨਖਾਹ ਕੱਟ ਦਿੱਤੀ। ਇਸ ਵਿਆਪਕ ਹਮਲੇ ਦੇ ਖਿਲਾਫ ਉੱਠਣ ਵਾਲੇ
ਵਿਰੋਧ ਨੂੰ ਅਗਾਊਂ ਕਾਬੂ ਕਰਨ ਲਈ ਸਿਵਲ ਅਦਾਲਤ ਖੰਨਾ ’ਚ ਸਟੇਅ ਆਰਡਰ ਲਈ ਕੇਸ ਦਰਜ ਕਰਵਾ ਦਿੱਤਾ।
ਸਕਿਊਰਟੀ ਸਟਾਫ ਦੇ ਕਰਮਚਾਰੀਆਂ ਤੋਂ ਜਬਰੀ ਅਸਤੀਫੇ ਲੈ ਕੇ ਕੰਮ ਤੋਂ ਹਟਾ ਦਿੱਤਾ।
ਕੰਪਨੀ
ਪ੍ਰਬੰਧਕਾਂ ਵੱਲੋਂ ਕਾਮਿਆਂ ਖਿਲਾਫ ਇਸ ਵਿਆਪਕ ਹਮਲੇ ਪਿੱਛੇ ਕਰੋਨਾ ਕਾਲ ਸਮੇਂ ਕਾਮਿਆਂ ਦੇ
ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਇਸੇ ਅਪ੍ਰੈਲ ਮਈ ਮਹੀਨੇ ਵਾਪਰੀਆਂ ਦੋ ਘਟਨਾਵਾਂ ਨੂੰ ਲੇ ਕੇ
ਬਦਲੇ ਦੀ ਭਾਵਨਾ ਦਾ ਰੋਲ ਸੀ। ਪਹਿਲੀ ਸੀ ਰੈਗੂਲਰ
ਤੇ ਠੇਕਾ ਕਾਮਿਆਂ ਦੀ ਜੱਦੋਜਹਿਦ ਜਿਸ ਰਾਹੀਂ
1500-1700 ਰੁਪਏ ਤਨਖਾਹ ਵਾਧੇ ਦੀ ਹੱਕੀ ਮੰਗ ਮਨਵਾਈ ਗਈ ਸੀ। ਦੂਸਰੀ ਘਟਨਾ 28-29 ਮਈ ਦੀ ਹੜਤਾਲ
ਸੀ, ਜਿਸ ਵਿੱਚ ਮੈਨੇਜਮੈਂਟ ਕਮੇਟੀ ਦੇ ਸਹਾਇਕ ਮੈਨੇਜਰ ਕੋਲੋਂ ਸਕਿਉਰਟੀ ਕਰਮਚਾਰੀਆਂ ਨੇ ਚੋਰੀ ਕੀਤਾ
ਸਮਾਨ ਬਰਾਮਦ ਕੀਤਾ ਸੀ ਅਤੇ ਕੰਪਨੀ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਸੀ। ਮਗਰੋਂ ਉਸਨੂੰ ਕਲੀਨ
ਚਿਟ ਦੇ ਕੇ ਉਲਟਾ ਸਮੂਹ ਸਕਿਊਰਟੀ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ ਸੀ। ਅਤੇ ਹੋਰਨਾਂ
ਮੁਲਾਜ਼ਮਾਂ ’ਤੇ ਹਮਲਾ ਤੇਜ਼ ਕਰ ਦਿੱਤਾ ਸੀ। ਦੂਜੇ ਪਾਸੇ ਆਪਣੇ ਇਹਨਾਂ ਕੁਕਰਮਾਂ ’ਤੇ ਪੋਚਾ ਫੇਰਨ
ਲਈ ਤੇ ਨਕਲੀ ਹਮਦਰਦੀ ਵਜੋਂ ਲੋਕ ਸੇਵਾ ਦੇ ਨਾਂ ’ਤੇ ਆਸ-ਪਾਸ ਦੇ ਪਿੰਡਾਂ ’ਚ ਕਰੋਨਾ ਤੋਂ ਬਚਾਅ
ਦੇ ਖੇਖਣ ਕਰਦੇ ਹੋਏ ਮਾਸਕ, ਸੈਨੇਟਾਈਜ਼ਰ, ਸਾਬਣ ਆਦਿ ਮੁਫਤ ਵੰਡਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਕੰਪਨੀ ਦੇ ਅਜਿਹੇ ਹੱਥਕੰਡਿਆਂ ਦੇ ਖਿਲਾਫ
ਕਾਮਿਆਂ ’ਚ ਤਿੱਖੇ ਰੋਹ ਦਾ ਮਹੌਲ ਸੀ।
ਕਾਮਿਆ
ਨੇ ਉਪਰੋਥਲੀ ਜਾਰੀ ਕੀਤੇ ਜਾ ਰਹੇ ਕਾਰਨ ਦੱਸੋ ਨੋਟਿਸਾਂ ਦਾ ਤਸੱਲੀਬਖਸ਼ ਜੁਆਬ ਦੇਣ ਤੋਂ ਇਲਾਵਾ
ਸੰਘਰਸ਼ ਦਾ ਰਾਹ ਅਖਤਿਆਰ ਕਰਨ ਬਾਰੇ ਆਪਣੇ ਆਪ ਨੂੰ ਤਿਆਰ ਕੀਤਾ ਅਤੇ ਇਲਾਕੇ ’ਚ ਕੰਮ ਕਰਦੀਆਂ
ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ- ਮਜ਼ਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਂਡ ਸਟੀਲ ਵਰਕਰਜ਼
ਯੂਨੀਅਨ(ਰਜਿ.)ਦੀ ਮਦਦ ਨਾਲ ਕੰਪਨੀ ਦੀਆਂ ਧੱਕੇਸਾਹੀਆਂ ਜਿਵੇਂ, ਪੁਰਾਣੇ ਕਾਮਿਆਂ ਨੂੰ ਕੱਢ ਕੇ
ਨਵੀਂ ਠੇਕਾ ਭਰਤੀ, ਜਬਰੀ ਬਾਂਡ ਪੱਤਰ, ਤਨਖਾਹ ਕਟੌਤੀ, ਨਾਜਾਇਜ਼ ਕੱਢੇ ਕਿਰਤੀਆਂ, 10 ਦਿਨਾਂ ਦੀ
ਤਨਖਾਹ ਕਟੌਤੀ ਆਦਿ ਮੰਗਾਂ ਦੀ ਪ੍ਰਾਪਤੀ ਲਈ ਸਥਾਨਕ ਕਿਰਤ ਵਿਭਾਗ, ਪ੍ਰਸਾਸ਼ਨਕ ਅਧਿਕਾਰੀਆਂ ਤੇ
ਹਲਕਾ ਖੰਨਾਂ ਦੇ ਕਾਂਗਰਸੀ ਵਿਧਾਇਕਾਂ ਨੂੰ ਲਿਖਤੀ ਸ਼ਿਕਾਇਤਾਂ ਤੇ ਮੰਗ ਪੱਤਰ ਦਿੱਤੇ ਗਏ। ਕਿਰਤ
ਵਿਭਾਗ ਦੇ ਅਧਿਕਾਰੀਆਂ ਨੇ ਪ੍ਰਬੰਧਕਾਂ ਖਿਲਾਫ ਲੋੜੀਂਦੀ ਕਾਰਵਾਈ ਕਰਨ ਦੀ ਬਜਾਏ ਰਸਮੀ
ਸੁਲਾਹ-ਸਫਾਈ ਲਈ ਬੈਠਕਾਂ ਕਰਵਾਈਆਂ। ਪਰੰਤੂ ਕਿਰਤੀਆਂ ਤੇ ਉਹਨਾਂ ਦੇ ਪ੍ਰਤੀਨਿਧਾਂ-ਮਜ਼ਦੂਰ ਆਗੂਆਂ
ਨੇ ਇਸ ਹਮਲੇ ਨੂੰ ਠੱਲ੍ਹਣ ਲਈ ਮਜ਼ਦੂਰਾਂ ਤੇ ਕੰਪਨੀ ਦੇ
ਆਸ-ਪਾਸ ਦੇ ਪਿੰਡਾਂ ਦੇ ਮਜ਼ਦੂਰਾਂ ਕਿਸਾਨਾਂ ਨੂੰ ਲਾਮਬੰਦ ਕਰਨ ਤੇ ਸੰਘਰਸ਼ਸ਼ੀਲ ਤਬਕਿਆਂ
ਨਾਲ ਸੰਗਰਾਮੀ ਜੋਟੀ ਪਾ ਕੇ ,ਸੰਘਰਸ਼ ਨੂੰ ਅੱਗੇ ਵਧਾਉਣ ਦਾ ਰਾਹ ਲੈਣ ਦੀ ਠਾਣੀ ਹੋਈ ਸੀ।
ਕੰਪਨੀ ਦੇ ਮਜ਼ਦੂਰ ਵਿਰੋਧੀ ਕਾਰਨਾਮਿਆਂ ਖਿਲਾਫ 4000
ਹਜਾਰ ਦੀ ਗਿਣਤੀ ਵਿੱਚ ਇੱਕ ਹੱਥ ਪਰਚਾ ਛਪਵਾ ਕੇ ਸਥਾਨਕ ਮਜ਼ਦੂਰਾਂ ਤੋਂ ਇਲਾਵਾ ਆਸਪਾਸ ਦੇ
ਦਰਜਨਾਂ ਪਿੰਡਾਂ ਤੱਕ ਵੰਡਿਆ ਗਿਆ। ਅਤੇ ਥਾਂ ਥਾਂ ਸੱਥਾਂ /ਚੌਕਾਂ ’ਚ, ਜਨਤਕ ਮੀਟਿੰਗਾਂ,ਰੈਲੀਆਂ
ਦਾ ਤਾਂਤਾ ਬੰਨ੍ਹਿਆ ਗਿਆ। ਸੋਸ਼ਲ ਮੀਡੀਆ ਤੇ ਅਖਬਾਰਾਂ ’ਚ ਹੱਕੀ ਆਵਾਜ਼ ਗੂੰਜਣ ਲੱਗੀ। ਇਸ ਤੋ
ਅੱਗੇ ਖੇਤੀ ਕਾਨੂੰਨਾਂ, ਕਿਰਤ ਕੋਡਾਂ ਆਦਿ ਦੇ ਖਿਲਾਫ ਸੰਘਰਸ਼ ਕਰਦੇ ਕਿਸਾਨਾਂ, ਮੁਲਾਜ਼ਮਾਂ ਠੇਕਾ
ਕਾਮਿਆਂ ਦੇ ਸੰਘਰਸ਼ ਮੋਰਚਿਆਂ ’ਚ ਸ਼ਮੂਲੀਅਤ ਕਰਕੇ ਸਾਂਝੇ ਦੁਸਮਣ ਖਿਲਾਫ ਸਾਂਝ ਪਕੇਰੀ ਕੀਤੀ। ਇਸ
ਨਾਲ ਸੰਘਰਸ਼ੀ ਕਾਮਿਆਂ ਨੂੰ ਹੋਰ ਉਤਸ਼ਾਹ ਤੇ ਬਲ ਮਿਲਿਆ ਜਿਸਦੀ ਬਦੌਲਤ ਅੰਦਰਲੇ ਕਾਮਿਆਂ ’ਤੇ ਦਹਿਸ਼ਤ
ਟੁੱਟਣ ਲੱਗੀ। ਉਹ ਮੀਟਿੰਗਾਂ’ਚ ਆਉਣ ਲੱਗੇ ਤੇ ਫੰਡ ਦੇਣ ਲੱਗੇ। ਪਰਿਵਾਰ ਡਟਕੇ ਖੜ੍ਹਨ ਲੱਗੇ।
ਪਿੰਡਾਂ ’ਚੋਂ ਕੰਪਨੀ ਦਾ ਲੋਕ-ਭਲਾਈ ਦਾ ਬੁਰਕਾ ਲੀਰੋ-ਲੀਰ ਹੋਇਆ ਤੇ ਹਮਾਇਤੀ ਆਵਾਜ਼ ਉੱਠਣ ਲੱਗੀ।
ਕੰਪਨੀ ਵੱਲੋਂ ਨਾਜਾਇਜ਼ ਕੱਢੇ ਸੰਘਰਸ਼ਸ਼ੀਲ ਕਮਿਆਂ ਖਿਲਾਫ ਗਵਾਹੀ ਲਈ ਡਰਾ-ਧਮਕਾ ਕੇ ਤਿਆਰ ਕੀਤੇ
ਵਰਕਰਾਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ। ਨਵੇਂ ਭਰਤੀ ਕੀਤੇ ਕਾਮੇ ਪ੍ਰਬੰਧਕਾਂ ਨੂੰ ਘੇਰ
ਕੇ ਰੁਜ਼ਗਾਰ ਤੇ ਤਨਖਾਹ ਦੀ ਮੰਗ ਕਰਨ ਲੱਗੇ। ਅਜਿਹੀ ਹਾਲਤ ’ਚ ਪ੍ਰਬੰਧਕਾਂ ਨੂੰ ਤਨਖਾਹ/ਖਰਚੇ ਦੇ
ਕੇ ਖਹਿੜਾ ਛੁਡਾਉਣਾ ਪਿਆ। ਜਿਸਦੀ ਬਦੌਲਤ ਹੋਰ ਛਾਂਟੀਆਂ ਦਾ ਸਿਲਸਿਲਾ ਇੱਕ ਵਾਰ ਰੁਕ ਗਿਆ।
ਮੈਨੇਜਮੈਂਟ ’ਤੇ ਹੋਰ ਦਬਾਅ ਲਾਮਬੰਦ ਕਰਨ ਲਈ ਕਾਮਿਆਂ ਨੇ ਪਰਿਵਾਰਾਂ ਸਮੇਤ ਮਜ਼ਦੂਰ ਜਥੇਬੰਦੀਆਂ,
ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ), ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ-ਖੰਨਾ ਦੇ ਸਹਿਯੋਗ
ਨਾਲ 28 ਅਗਸਤ ਨੂੰ ਫੈਕਟਰੀ ਗੇਟ ’ਤੇ ਰੋਹ ਭਰਪੂਰ ਧਰਨਾ ਤੇ ਰੈਲੀ ਕੀਤੀ ਅਤੇ ਐਲਾਨ ਕੀਤਾ ਕਿ ਜੇ
ਮੈਨੇਜਮੈਂਟ ਤੇ ਕਿਰਤ ਵਿਭਾਗ ਨੇ ਜਲਦੀ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ
ਜਾਵੇਗਾ। ਪਰ ਮੈਨੇਜਮੈਂ ਟ ਨੇ ਉਲਟੇ ਰੁਖ਼ ਚਲਦਿਆਂ ਕਾਮਿਆਂ ਤੇ ਉਹਨਾਂ ਦੀ ਪ੍ਰਤੀਨਿਧ ਜਥੇਬੰਦੀ
ਖਿਲਾਫ ਹੱਤਕ ਤੇ 10 ਲੱਖ ਮੁਆਵਜੇ ਲਈ ਉਸੇ ਅਦਾਲਤ ’ਚ ਹੋਰ ਕੇਸ ਠੋਕ ਦਿੱਤਾ ਹੈ।
ਢਾਈ
ਮਹੀਨਿਆਂ ਤੋਂ ਲਗਾਤਾਰ ਚੱਲੇ ਇਸ ਸੰਘਰਸ਼ ਰਾਹੀਂ ਮੁਢਲੇ ਪੱਧਰ ਦੀਆਂ ਕੁੱਝ ਅੰਸ਼ਕ ਪ੍ਰਾਪਤੀਆਂ ਕਰ ਲਈਆਂ
ਗਈਆਂ ਹਨ। ਜਿਵੇਂ ਨਵੀਂ ਠੇਕਾ ਭਰਤੀ ਨੂੰ ਰੋਕ ਲਾ ਕੇ ਹੋਰ ਛਾਂਟੀਆਂ ਨੂੰ ਰੋਕਣਾ, ਸਸਪੈਂਡ ਕੀਤੇ
ਕਾਮਿਆਂ ਨੂੰ ਅਲਾਊਂਸ ਤੇ ਲੁਧਿਆਣੇ ਇਨਕੁਆਰੀ ਮੌਕੇ ਆਉਣ ਜਾਣ ਦਾ ਕਿਰਾਇਆ,ਕੰਪਨੀ ਪਾਸੋਂ ਲੈਣਾ,
ਕਾਮਿਆਂ ’ਤੇ ਪ੍ਰਬੰਧਕਾਂ ਦੀ ਦਹਿਸ਼ਤ ਦਾ ਟੁੱਟਣਾ,ਆਦਿ ਇਸ ਘੋਲ ਨੇ ਕਾਮਿਆਂ ’ਚ ਜਥੇਬੰਦ ਹੋਣ ਦੀ
ਜਾਗ ਲਾਈ ਹੈ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਸਾਂਝ ਬਣੀ ਹੈ। ਕੇਂਦਰ ਤੇ ਸੂਬਾ
ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਕਾਮੇ ਕੁੱਝ ਹੱਦ ਤੱਕ ਸਮਝਣ ਲੱਗੇ ਹਨ। ਦੋਸਤਾਂ ਤੇ
ਦੁਸ਼ਮਣਾਂ ਦੀ ਪਛਾਣ ਕਰਨ ਲੱਗੇ ਹਨ। ਇਹ ਗੱਲਾਂ ਅਗਲੇ ਸੰਘਰਸ਼ਾਂ ਲਈ ਨੀਂਹ ਬਣਨਗੀਆਂ।
No comments:
Post a Comment