ਪੇਰੂ ਦੇ ਉੱਘੇ ਆਗੂ ਕਾ. ਗੋਜ਼ਾਲੋ ਸ਼ਹੀਦ ਹੋ ਗਏ
ਦੁਨੀਆਂ ਭਰ ਦੇ ਕਮਿਊਨਿਸਟ
ਇਨਕਲਾਬੀ ਅਤੇ ਅਗਾਂਹ-ਵਧੂ ਹਲਕਿਆਂ ਲਈ ਇਹ ਬੜੀ ਹੀ ਦੁਖਦਾਈ ਖਬਰ ਹੈ ਕਿ ਪੇਰੂ ਦੇ ਬਹੁ-ਚਰਚਿਤ ਇਨਕਲਾਬੀ ਤੇ ਮਾਓਵਾਦੀ ਆਗੂ ਕਾਮਰੇਡ ਗੋਜਾਲੋ
ਹੁਣ ਦੁਨੀਆਂ ’ਚ ਨਹੀਂ ਰਹੇ। ਉਹ 11 ਸਤੰਬਰ 2021 ਨੂੰ 86 ਸਾਲ ਦੀ ਉਮਰ ’ਚ ਪੇਰੂ ’ਚ ਇੱਕ ਉੱਚ ਸੁਰੱਖਿਆ ਜੇਲ੍ਹ ’ਚ ਜਿੱਥੇ ਉਹ 1992 ਤੋਂ
ਹੀ ਬੰਦੀ ਜੀਵਨ ਗੁਜਾਰ ਰਹੇ ਸਨ, ਆਪਣੀ ਜਾਨ ਦੀ ਆਹੂਤੀ ਦੇ ਗਏ। ਉਹ ਪੇਰੂ ਦੀ “ਸ਼ਾਈਨਿੰਗ
ਪਾਥ” ਨਾਂ ਦੀ ਉਸ ਕਮਿਊਨਿਸਟ
ਇਨਕਲਾਬੀ ਪਾਰਟੀ ਦੇ ਬਾਨੀ ਤੇ ਸਿਰਮੌਰ ਆਗੂ ਸਨ, ਜਿਸਨੇ 1980 ਵਿਆਂ ਦੇ ਦਹਾਕੇ ਦੌਰਾਨ ਇਨਕਲਾਬੀ
ਤਰਥੱਲੀਆਂ ਭਰਪੂਰ ਹਥਿਆਰਬੰਦ ਲੋਕ-ਯੁੱਧ ਨਾਲ ਨਾ ਸਿਰਫ ਪੇਰੂ ਦੀ ਪਿਛਾਖੜੀ ਫੂਜੀਮੋਰੀ ਸਰਕਾਰ ਨੂੰ ਤਰੇਲੀਆਂ ਲਿਆਂਦੀਆਂ
ਹੋਈਆਂ ਸੀ, ਸਗੋਂ ਅਮਰੀਕਨ ਸਾਮਰਾਜੀਆਂ ਨੂੰ ਵੀ ਕੰਬਣੀਆਂ ਛੇੜ ਰੱਖੀਆਂ ਸਨ।
ਕਾਮਰੇਡ ਗੋਜਾਲੋ,
ਜਿਹਨਾਂ ਦਾ ਸੰਖੇਪ ਪਰਿਵਾਰਕ ਨਾਂ ਅਬੀਮਾਇਲ ਗੁਜ਼ਮੈਨ ਸੀ, ਇਨਕਲਾਬੀ ਜੰਗ ’ਚ ਕੁੱਦਣ ਤੋਂ ਪਹਿਲਾਂ
ਇੱਕ ਯੂਨੀਵਰਸਿਟੀ ਅਧਿਆਪਕ ਸਨ। ਉਹ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ, ਚੀਨੀ ਇਨਕਲਾਬ ਤੇ
ਕਾਮਰੇਡ ਮਾਓ ਤੋਂ ਬੇਹੱਦ ਪ੍ਰਭਾਵਤ ਸਨ।। ਰਵਾਇਤੀ ਕਮਿਊਨਿਸਟ ਪਾਰਟੀਆਂ ਦੇ ਨਿਘਾਰ ਤੋਂ ਨਿਰਾਸ਼
ਹੋਏ ਗੁਜ਼ਮੈਨ ਨੇ 1969 ’ਚ ਪੇਰੂ ਦੀ ਮੁਕਤੀ ਲਈ
ਸੰਘਰਸ਼ ਕਰਨ ਖਾਤਰ ਸ਼ਾਈਨਿੰਗ ਪਾਥ ਨਾਂ ਦੀ ਮਾਓਵਾਦੀ ਪਾਰਟੀ ਦਾ ਗਠਨ ਕੀਤਾ। ਇਸ ਪਾਰਟੀ ਨੇ ਮੁੱਢਲੀ
ਤਿਆਰੀ ਤੋਂ ਬਾਅਦ ਮਈ 1980 ’ਚ ਪੇਰੂ ’ਚ ਲੋਕ
ਯੁੱਧ ਚਲਾਉਣ ਲਈ ਹਥਿਆਰਬੰਦ ਗੁਰੀਲਾ ਜੰਗ ਦਾ ਬਿਗਲ ਵਜਾ ਦਿੱਤਾ। ਪੇਂਡੂ ਖੇਤਰਾਂ ਦੀ ਕਿਸਾਨ ਜਨਤਾ
ਉਹਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣੀ ਤੇ ਇਹ ਜੰਗ ਬਹੁਤ ਹੀ ਤੇਜੀ ਨਾਲ ਫੈਲਕੇ ਪੇਰੂ ਦੀਆਂ ਹਥਿਆਰਬੰਦ ਸ਼ਕਤੀਆਂ ਨਾਲ ਖੂੰਨੀ ਟੱਕਰਾਂ ’ਚ ਵਟ
ਗਈ। ਇਸ ਦਹਾਕੇ ਦੇ ਅੰਤ ਤੱਕ ਸ਼ਾਈਨਿੰਗ ਪਾਥ ਕੋਲ ਹਜਾਰਾਂ ਸਿੱਖਿਅਤ ਤੇ ਹਥਿਆਰਬੰਦ ਜੁਝਾਰੂਆਂ ਦੀ
ਫੌਜ ਸੀ ਤੇ ਕੇਂਦਰੀ ਤੇ ਦੱਖਣੀ ਪੇਰੂ ਦੇ ਪੇਂਡੂ
ਖੇਤਰਾਂ ’ਚ ਇਸ ਦਾ ਦਬਦਬਾ ਸੀ। ਇਸ ਜੰਗ ਦਾ ਸੇਕ ਰਾਜਧਾਨੀ ਲੀਮਾ ਨੂੰ ਲੂਹਣ ਤੱਕ ਵੀ ਪਹੁੰਚ ਗਿਆ
ਸੀ। ਪ੍ਰਚਾਰ ਮਾਧਿਅਮਾਂ ਅੰਦਰ ਸ਼ਾਈਨਿੰਗ ਪਾਥ ਵੱਲੋਂ ਛੇਤੀ ਹੀ ਨੇੜ ਭਵਿੱਖ ’ਚ ਫੂਜੀਮੋਰੀ ਸਰਕਾਰ
ਨੂੰ ਚਿੱਤ ਕਰਕੇ ਹਕੂਮਤੀ ਤਾਕਤ ਹਥਿਆ ਲੈਣ ਦੀਆਂ ਕਿਆਸ-ਅਰਾਈਆਂ ਜੋਰਾਂ ਨਾਲ ਚੱਲ ਰਹੀਆਂ ਸਨ।
ਨਿਸਸੰਦੇਹ ਹੀ, ਪੇਰੂ ’ਚ ਇਨਕਲਾਬੀ ਲਹਿਰ ਦੀ ਇਸ
ਚੜ੍ਹਤ ’ਚ ਇਸ ਲਹਿਰ ਦੇ ਸੁਲਝੇ, ਧੜੱਲੇਦਾਰ ਤੇ ਸਿਰਮੌਰ ਆਗੂ ਕਾਮਰੇਡ ਗੋਜਾਲੋ ਦਾ ਅਹਿਮ ਯੋਗਦਾਨ
ਸੀ। ਸਤੰਬਰ 1992 ’ਚ ਕਾਮਰੇਡ ਗੋਜਾਲੋ ਤੇ ਉਸਦੇ
ਕਈ ਸਾਥੀਆਂ ਦੀ ਅਚਾਨਕ ਹੋਈ ਗ੍ਰਿਫਤਾਰੀ ਨਾਲ ਇਸ ਵਧ-ਫੈਲ ਰਹੀ ਇਨਕਲਾਬੀ ਜੰਗ ਨੂੰ ਵੱਡਾ ਧੱਕਾ
ਲੱਗਾ।
ਗ੍ਰਿਫਤਾਰੀ
ਤੋਂ ਬਾਅਦ ਕਾਮਰੇਡ ਗੋਜਾਲੋ ਨੂੰ ਇੱਕ ਸੈਨਿਕ ਅਦਾਲਤ ’ਚ ਮਕੱਦਮੇ ਲਈ ਪੇਸ਼ ਕੀਤਾ ਗਿਆ, ਜਿੱਥੇ ਬੰਦ
ਕਮਰੇ ’ਚ, ਬਿਨਾਂ ਪਰੈੱਸ ਦੀ ਹਾਜ਼ਰੀ ਦੇ, ਮੂੰਹ-ਸਿਰ ਢਕੇ ਜੱਜਾਂ ਸਾਹਮਣੇ ਮਕੱਦਮਾ ਸੁਣਵਾਈ ਦੇ
ਤਿੰਨ ਦਿਨਾਂ ਡਰਾਮੇ ਬਾਅਦ ਉਮਰ ਭਰ ਦੀ ਸਜਾ ਸੁਣਾ ਕੇ ਉਹਨਾਂ ਨੂੰ ਕੈਰੀਲੋ ਟਾਪੂ ਦੀ ਸੈਨਿਕ ਜੇਲ੍ਹ ’ਚ ਇਕਾਂਤਵਾਸ ’ਚ ਬੰਦ ਕਰ ਦਿੱਤਾ ਗਿਆ। ਇਹੋ
ਜਿਹਾ ਡਰਾਮਾ ਹੀ ਦੁਬਾਰਾ ਇੱਕ ਸਿਵਲ ਅਦਾਲਤ ’ਚ ਵੀ ਦੁਹਰਾਇਆ ਗਿਆ। ਪਿਛਲੇ ਲੱਗਭੱਗ ਤਿੰਨ
ਦਹਾਕਿਆਂ ਤੋਂ ਉਹ ਇਸੇ ਜੇਲ੍ਹ ’ਚ ਬੰਦ ਚੱਲੇ ਆ ਰਹੇ ਸਨ।
ਅਕਤੂਬਰ
1983 ’ਚ ਹਕੂਮਤ ਨੇ ਇੱਕ ਸਾਜਸ਼ੀ ਚਾਲ ਚੱਲਦਿਆਂ ਕਾਮਰੇਡ ਗੋਜਾਲੋ ਵੱਲੋਂ ਆਪਣੇ ਜੁਝਾਰੂਆਂ ਨੂੰ
ਹਥਿਆਰ ਛੱਡ ਕੇ ਅਮਨ ਲਈ ਕੰਮ ਕਰਨ ਦੀ ਅਪੀਲ ਕਰਦੇ ਦ੍ਰਿਸ਼ ਟੈਲੀਵਿਜ਼ਨ ’ਤੇ ਦਿਖਾਏ ਗਏ ਜਿੰਨ੍ਹਾਂ
ਨਾਲ ਘਚੋਲਾ ਤੇ ਘਮਸਾਨ ਮੱਚ ਗਿਆ। ਪਾਰਟੀ ਦੇ ਕਾਫੀ ਹਿੱਸੇ ਵੀ ਇਸ ਝੂਠ ਪ੍ਰਚਾਰ ਦੇ ਸ਼ਿਕਾਰ ਬਣ
ਗਏ। ਸਚਾਈ ਕੁੱਝ ਵੀ ਹੋਵੇ, ਇਸ ਨਾਲ ਵੱਡਾ ਨੁਕਸਾਨ ਹੋ ਗਿਆ ਸੀ। ਸਰਕਾਰ ਵੱਲੋਂ ਐਲਾਨੀ ਮੁਆਫੀ
ਸਕੀਮ ਅਧੀਨ 6000 ਤੋਂ ਉੱਪਰ ਲੜਾਕੂਆਂ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਸਰਕਾਰ ਵੱਲੋਂ ਲਹਿਰ ਅੰਦਰ
ਲਾਈ ਸੰਨ੍ਹ ਤੋਂ ਬਾਅਦ ਕਾਫੀ ਲੜਾਕੂ ਫੜੇ ਜਾਂ ਮਾਰੇ ਗਏ ਸਨ। ਪੇਰੂ ਦੇ ਦਨਦਨਾਉਂਦੇ ਅੱਗੇ ਵਧ ਰਹੇ ਲੋਕ ਯੁੱਧ ਨੂੰ ਘਾਤਕ ਸੱਟ
ਲੱਗ ਗਈ ਸੀ। ਹੁਣ ਤੱਕ ਵੀ ਉੱਥੋਂ ਦੀ ਇਨਕਲਾਬੀ ਲਹਿਰ ਇਸ ਬੱਜਰ ਮਾਰ ਤੋਂ ਉੱਭਰ ਨਹੀਂ ਸਕੀ। ਹੁਣ
ਕਾਮਰੇਡ ਗੋਜਾਲੋ ਦੀ ਹੋਈ ਸਹਾਦਤ ਇਨਕਲਾਬੀ ਲਹਿਰ ਲਈ ਇੱਕ ਹੋਰ ਘਾਟਾ ਹੈ।
ਕਾ. ਗੋਜਾਲੋ
ਦੀ ਸ਼ਹਾਦਤ ਦੇ ਇਸ ਦੁਖਦਾਈ ਮੌਕੇ ’ਤੇ ਅਦਾਰਾ ਸੁਰਖ ਲੀਹ ਕਾ. ਗੋਜਾਲੋ ਤੇ ਉਸਦੀ ਅਗਵਾਈ ’ਚ ਪੇਰੂ ਦੇ ਇਨਕਲਾਬ ਲਈ ਜਾਨਾਂ ਕੁਰਬਾਨ ਕਰ ਗਏ ਹਜਾਰਾਂ
ਜੁਝਾਰੂਆਂ ਨੂੰ ਲਾਲ ਸਲਾਮ ਤੇ ਸੂਹੀ ਸ਼ਰਧਾਂਜਲੀ ਅਰਪਿਤ ਕਰਦਾ ਹੈ।
No comments:
Post a Comment