Wednesday, September 29, 2021

ਮੁਜ਼ੱਫਰਨਗਰ ਕਿਸਾਨ ਮਹਾਂ-ਪੰਚਾਇਤ ਕਿਸਾਨ ਅੰਦੋਲਨ ਨੂੰ ਇੱਕ ਉਤਸ਼ਾਹੀ ਹੁੰਗਾਰਾ

 

ਮੁਜ਼ੱਫਰਨਗਰ ਕਿਸਾਨ ਮਹਾਂ-ਪੰਚਾਇਤ
ਕਿਸਾਨ ਅੰਦੋਲਨ ਨੂੰ ਇੱਕ ਉਤਸ਼ਾਹੀ ਹੁੰਗਾਰਾ

          5 ਸਤੰਬਰ ਨੂੰ ਪੱਛਮੀ ਯੂ. ਪੀ. ਦੇ ਮੁਜ਼ੱਫਰਨਗਰ ’ਚ ਅੰਦੋਲਨਕਾਰੀ ਕਿਸਾਨਾਂ ਦੀ ਹੋਈ ਪਲੋਠੀ ਮਹਾਂ-ਪੰਚਾਇਤ ਲਾ-ਮਿਸਾਲ ਤੇ ਇਤਿਹਾਸਕ ਹੋ ਨਿੱਬੜੀ ਹੈ। ਇਸ ਦਾ ਸੱਦਾ ਲੱਗਭੱਗ ਪਿਛਲੇ 9-10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਕਾਲੇ ਖੇਤੀ ਕਾਨੂੰਨਾੰ ਨੂੰ ਵਾਪਸ ਕਰਾਉਣ ਅਤੇ ਫਸਲਾਂ ਦੀ ਐਮ. ਐਸ. ਪੀ ’ਤੇ ਖਰੀਦ ਦਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਜੱਥੇਬੰਦੀ ਵੱਲੋਂ ਦਿੱਤਾ ਗਿਆ ਸੀ। ਮਗਰੋਂ 26-27 ਅਗਸਤ ਨੂੰ ਦਿੱਲੀ ’ਚ ਹੋਈ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਆਲ ਇੰਡੀਆ ਕਾਨਫਰੰਸ ਨੇ ਵੀ ਇਸ ਸੱਦੇ ’ਤੇ ਆਪਣੀ ਮੋਹਰ ਲਾ ਦਿੱਤੀ ਸੀ। ਇਸ ਮਹਾਂ-ਪੰਚਾਇਤ ’ਚ ਯੂ. ਪੀ. ਦੇ ਸਾਰੇ ਭਾਗਾਂ ਤੋਂ ਆਏ ਕਿਸਾਨਾਂ ਸਮੇਤ ਗਵਾਂਢੀ ਰਾਜਾਂ ਹਰਿਆਣਾ, ਪੰਜਾਬ. ਉੱਤਰਾਖੰਡ, ਮੱਧ-ਪ੍ਰਦੇਸ਼  ਆਦਿਕ ਤੋਂ ਕਿਸਾਨਾਂ ਦੀ ਭਾਰੀ ਸ਼ਮੂਲੀਅਤ ਤੋਂ ਇਲਾਵਾ ਦੇਸ਼ ਦੇ ਕੁੱਲ 22 ਸੂਬਿਆਂ ਤੋਂ ਕਿਸਾਨ ਜੱਥਿਆਂ ਅਤੇ ਨੁਮਾਇਂਦਿਆਂ ਨੇ ਹਿੱਸਾ ਲਿਆ। ਹਾਜ਼ਰੀ ਪੱਖੋਂ ਇਸ ਵਿਰਾਟ ਮਹਾਂ-ਪੰਚਾਇਤ ਨੇ ਸਾਰੇ ਰਿਕਾਰਡ      ਤੋੜ ਦਿੱਤੇ। ਵਹੀਰਾਂ ਘੱਤ ਧਾਹ ਕੇ ਪਹੁੰਚੇ ਜੱਥੇਬੰਦ ਅਤੇ ਆਪਮੁਹਾਰੇ ਕਿਸਾਨਾਂ ਦੀ ਸੁਨਾਮੀ ਨੂੰ ਗੌਰਮਿੰਟ ਇੰਦਰਾ ਕਾਲਜ ਦੀਆਂ ਵਿਸ਼ਾਲ ਗਰਾਊਂਡਾਂ ਨੇ ਤਾਂ ਕੀ ਝੱਲ ਸਕਣਾ ਸੀ ਮੁਜ਼ੱਫਰਨਗਰ ਸ਼ਹਿਰ ’ਚ ਵੀ ਇਹ ਕਿਸਾਨੀ ਹੜ੍ਹ ਮਿਉਂ ਨਹੀਂ ਸਕਿਆ। ਯੂ.ਪੀ. ਪੁਲਸ ਨੇ ਭਾਵੇਂ ਕਿਸਾਨ ਇਕੱਠ ਦੀ ਗਿਣਤੀ 5 ਲੱਖ ਦੇ ਆਸ-ਪਾਸ ਦੱਸੀ ਹੈ ਪਰ ਇਹ ਸਭਨਾਂ ਗਿਣਤੀਆਂ-ਮਿਣਤੀਆਂ ਤੋਂ ਬਾਹਰਾ ਤੇ ਇਤਿਹਾਸਕ ਇਕੱਠ ਸੀ। ਮੋਦੀ ਸਰਕਾਰ ਵਿਰੁੱਧ ਕਿਸਾਨੀ ਦੇ ਮਨਾਂ ’ਚ ਜਮ੍ਹਾਂ ਹੋਇਆ ਮਣਾਂ-ਮੂੰਹੀਂ ਗੁੱਸਾ ਖੌਲਦਾ ਲਾਵਾ ਬਣਕੇ ਸੜਕਾਂ ’ਤੇ ਵਹਿ ਤੁਰਿਆ ਸੀ। ਬੰਬਈ ਦੇ ਇੱਕ ਪ੍ਰਸਿੱਧ ਤੇ ਮਕਬੂਲ ਅੰਗਰੇਜੀ ਅਖਬਾਰ ਨੇ ਤਾਂ ਇਹ ਲਿਖਿਆ ਹੈ ਕਿ ਇਹ ਸ਼ਾਇਦ ਦੁਨੀਆਂ ਦੀ ਸਭ ਤੋਂ ਵੱਡੀ ਰੋਸ ਰੈਲੀ ਸੀ।

          ਮੁਜ਼ਫਰਨਗਰ  ਦੇ ਲੋਕਾਂ ਨੇ ਹਾਕਮਾਂ ਵੱਲੋਂ ਖੜ੍ਹੇ ਕੀਤੇ ਸਭ ਵੰਡ-ਵਖਰੇਵਿਆਂ ਨੂੰ ਛੰਡ ਕੇ ਖੁਲ੍ਹੀਆਂ ਬਾਹਾਂ ਨਾਲ ਬਾਹਰੋਂ ਆਏ ਕਿਸਾਨਾਂ ਦਾ ਪੂਰੇ ਨਿੱਘ, ਅਦਬ ਅਤੇ ਉਤਸ਼ਾਹ ਨਾਲ ਰੱਜਵਾਂ ਸੁਆਗਤ ਕੀਤਾ। ਸਾਰਾ ਮੁਜ਼ਫਰਨਗਰ ਸ਼ਹਿਰ ਹੀ ਨਹੀਂ,ਪੂਰਾ ਖੇਤਰ ਹੀ ਜਿਵੇਂ ਅਥਾਹ ਮਾਣ ਨਾਲ ਸੜਕਾਂ ’ਤੇ ਨਿੱਕਲ ਆਇਆ। ਲੋਕਾਂ ਨੇ ਆਪਣੀ ਦਸਾਂ ਨਹੁੰਆਂ ਦੀ ਕਮਾਈ ’ਚੋਂ ਚੰਦੇ ਇਕੱਠੇ ਕਰ ਭਾਂਤ-ਸੁਭਾਂਤੀ ਖਾਧ ਪਦਾਰਥਾਂ ਦੇ ਬੇਸ਼ੁਮਾਰ ਲੰਗਰ ਲਗਾਏ ਅਤੇ ਪੂਰੇ ਨਿੱਘ ਤੇ ਖਲੂਸ ਨਾਲ ਵਰਤਾਏ। ਪ੍ਰਹੁਣਾਚਾਰੀ ਤੇ ਸਾਂਝੀਵਾਲਤਾ ਦਾ ਅਜੇਹਾ ਨਜਾਰਾ ਵੇਖ ਕੇ ਇਹ ਮੰਨਣਾਂ ਚਿੱਤ ਲਈ ਮੁਸ਼ਕਲ ਲੱਗਦਾ ਸੀ ਕਿ ਅਤੁੱਟ ਪਿਆਰ ਤੇ ਹੁਲਾਸ ਵੰਡਦੀ ਇਹ ਨਗਰੀ ਕਦੇ ਭਿਆਨਕ ਫਿਰਕੂ ਦੰਗਿਆਂ ਦੀ ਅੱਗ ’ਚ ਵੀ ਭੁੱਜੀ ਹੋਵੇਗੀ। ਉਹਨਾਂ ਚੰਦਰੇ ਦਿਨਾਂ ਦੇ ਪਰਛਾਇਆਂ ਨੂੰ ਪਿੱਛੇ ਛੱਡ ਹੁਣ ਹਰ ਪਾਸੇ ਫਿਰਕੂ ਸੱਦਭਾਵਨਾ, ਸਾਂਝ ਤੇ ਆਪਸੀ ਏਕਤਾ ਦੀਆਂ ਠੰਢੀਆਂ ਹਵਾਵਾਂ ਸਭ ਨੂੰ ਤਸੱਲੀ ਦੇ ਰਹੀਆਂ ਹਨ। ਮੁਜੱਫਰਨਗਰ ਦੀ ਇਹ ਰੈਲੀ ਕਈ ਪੱਖਾਂ ਤੋਂ ਇਤਿਹਾਸਕ ਹੋ ਨਿੱਬੜੀ ਹੈ।

          ਪਹਿਲੇ, ਯੂ. ਪੀ.ਦੀ ਫਿਰਕੂ-ਫਾਸ਼ੀ ਯੋਗੀ ਸਰਕਾਰ ਦੰਗਿਆਂ ਤੇ ਫਿਰਕੂ ਪਾਟਕ ਦੇ ਰਥ ’ਤੇ ਸਵਾਰ ਹੋ ਕੇ ਹੀ ਹੋਂਦ ’ਚ ਆਈ ਸੀ ਤੇ ਆਪਣੇ ਕਾਰਜਕਾਲ ਦੌਰਾਨ ਇਸਨੇ ਮਿਹਨਤਕਸ਼ ਲੋਕਾਂ,ਖਾਸ ਕਰਕੇ ਦਲਿਤ ਤੇ ਮੁਸਲਿਮ ਧਾਰਮਿਕ ਘੱਟ-ਗਿਣਤੀ ਲੋਕਾਂ ਵਿਰੁੱਧ ਜਿਵੇਂ ਲੁੱਟ ਅਤੇ ਵਹਿਸ਼ੀ ਜਬਰ ਦਾ ਕੁਹਾੜਾ ਵਾਹਿਆ ਹੈ ਉਸਨੇ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਸੀ ਕਿ ਯੋਗੀ ਰਾਜ ’ਚ ਕੋਈ ਚੀਂ ਤੱਕ ਨਹੀਂ ਕਰ ਸਕਦਾ। ਭਾਜਪਾ ਦੇ ਮੋਦੀ-ਯੋਗੀ ਅੰਧ-ਭਗਤਾਂ ਨੇ ਕਿਸਾਨ ਅੰਦੋਲਨਕਾਰੀਆਂ ਨੂੰ ਵੀ ਇਹ ਮਿਹਣੇ ਤੇ ਚਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਯੂ. ਪੀ. ’ਚ ਵੜ ਕੇ ਦਿਖਾਉਣ ਤੇ ਫਿਰ ਦੇਖਣ ਕਿ ਉਹਨਾਂ ਨੂੰ ਉੱਥੇ ਕਿਵੇਂ ਪੁੱਠੇ ਟੰਗਿਆ ਜਾਂਦਾ ਹੈ। 5 ਸਤੰਬਰ ਦੀ ਰੈਲੀ ਬਾਰੇ ਵੀ ਕਈ ਲੋਕਾਂ ਨੂੰ ਯੂ. ਪੀ. ਸਰਕਾਰ ਦੇ ਹੈਂਕੜਬਾਜ ਤੇ ਧੌਂਸਬਾਜ ਰਵੱਈਏ ਦੇ ਸਨਮੁੱਖ ਰੈਲੀ ਦੀ ਸਫਲਤਾ ਬਾਰੇ ਜਾਂ ਫਿਰ ਟਕਰਾਅ ਹੋਣ ਦੇ ਖਦਸ਼ੇ ਸਨ। ਕਿਸਾਨਾਂ ਦੇ ਵਿਆਪਕ ਹੁੰਗਾਰੇ ਦੀ ਅਣਹੋਂਦ ਦੀਆਂ ਹਾਲਤਾਂ ’ਚ ਅਜਿਹੇ ਖਦਸ਼ੇ ਨਿਰਮੂਲ ਨਹੀਂ ਸਨ। ਪਰ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ ਯੂ. ਪੀ. ਸਰਕਾਰ ਨੂੰ ਖਬਰਦਾਰ ਕਰ ਦਿੱਤਾ ਸੀ ਕਿ ਰੈਲੀ ਲਈ ਕਿਸਾਨਾਂ ਦੇ ਮਨਾਂ ’ਚ ਭਾਰੀ ਉਤਸ਼ਾਹ ਤੇ ਦ੍ਰਿੜਤਾ ਦੇ ਸਨਮੁੱਖ  ਯੂ. ਪੀ. ਸਰਕਾਰ ਵੱਲੋਂ ਕੀਤਾ ਕੋਈ ਵੀ ਦੁਸਾਹਸ ਉਸਨੂੰ ਆਉਂਦੀਆਂ ਚੋਣਾਂ ’ਚ ਕਾਫੀ ਭਾਰੀ ਪੈ ਸਕਦਾ ਹੈ। ਰੈਲੀ ’ਚ ਕਿਸਾਨਾਂ ਦੇ ਸ਼ੂਕਦੇ ਹੜ੍ਹ ਨੇ ਯੋਗੀ ਸਰਕਾਰ ਦੀ ਸਾਰੀ ਹੈਂਕੜ ਤੇ ਚਣੌਤੀ ਨੂੰ ਆਪਂਣੇ ਪੈਰਾਂ ਹੇਠ ਬੁਰੀ ਤਰ੍ਹਾਂ ਮਿੱਧ ਦਿੱਤਾ ਹੈ ਅਤੇ ਧੌਂਸ ਤੇ ਦਹਿਸ਼ਤ ਦੇ ਵਾਤਾਵਰਣ ਨੂੰ ਲੰਗਾਰ ਕੇ ਰੱਖ ਦਿੱਤਾ ਹੈ।

          ਦੂਜੇ, ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਹੈ, ਭਾਜਪਾਈ ਢੰਡੋਰਚੀਆਂ ਤੇ ਕੇਂਦਰ ਸਰਕਾਰ ਲਗਾਤਾਰ ਇਹੋ ਰੱਟ ਲਾਉਂਦੀ ਆ ਰਹੀ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਨ ਵਾਲੇ ਕਿਸਾਨ ਤਾਂ ਮੁੱਠੀਭਰ ਹਨ। ਸਾਰੇ ਦੇਸ਼ ਦੇ ਕਿਸਾਨ ਤਾਂ ਭਾਜਪਾ ਸਰਕਾਰ ਨਾਲ ਹਨ। ਅੰਦੋਲਨਕਾਰੀ ਕਿਸਾਨ ਤਾਂ ਸਿਰਫ ਪੰਜਾਬ ਦੇ ਕਿਸਾਨ ਹਨ ਜੋ ਉੱਥੋਂ ਦੀ ਕਾਂਗਰਸ ਸਰਕਾਰ ਦੀ ਸ਼ਹਿ ਨਾਲ ਅੰਦੋਲਨ ਕਰ ਰਹੇ ਹਨ। ਇਹ ਕਿਸਾਨ ਅਤੰਕਵਾਦੀ ਹਨ, ਮਾਓਵਾਦੀ ਹਨ, ਮਵਾਲੀ ਹਨ ਜਾਂ ਕਿਸਾਨ ਹੀ ਨਹੀਂ ਹਨ। ਦੇਸ਼ ਦੁਨੀਆਂ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਦਿੱਤੀ ਵਿਆਪਕ ਹਮਾਇਤ ਤੇ ਹਮਦਰਦੀ ਨੇ ਭਾਜਪਾਈ ਹਾਕਮਾਂ ਦੇ ਇਸ ਕੁਫਰ ਦਾ ਭਾਂਡਾ ਕਾਫੀ ਹੱਦ ਤੱਕ ਭੰਨ ਦਿੱਤਾ ਸੀ। ਹੁਣ ਮੁਜ਼ੱਫਰਨਗਰ ਕਿਸਾਨ ਮਹਾਂ-ਪੰਚਾਇਤ ’ਚ ਕਿਸਾਨਾਂ ਦਾ ਵਿਰਾਟ ਇਕੱਠ, ਅਣਮਿਉਂਦੇ ਜੋਸ਼ ਅਤੇ ਦ੍ਰਿੜ ਇਰਾਦਿਆਂ ਅਤੇ ਮੁਲਕ ਭਰ ’ਚੋਂ ਕਿਸਾਨੀ ਜੱਥਿਆਂ ਦੀ ਸ਼ਮੂਲੀਅਤ ਤੇ ਉਨ੍ਹਾਂ ਦੇ ਖੜਕਵੇਂ ਸੰਘਰਸ਼ੀ ਬੋਲਾਂ ਨੇ ਸਿਰਫ ਇੱਕ ਜਾਂ ਦੋ ਸੂਬਿਆਂ ਦੇ ਕਿਸਾਨਾਂ ਜਾਂ ਮੁੱਠੀ-ਭਰ ਕਿਸਾਨਾਂ ਦੇ ਅੰਦੋਲਨ ਹੋਣ ਦੇ ਰਹਿੰਦੇ-ਖੂੰਹਦੇ ਬਖੀਏ ਵੀ ਉਧੇੜਕੇ ਰੱਖ ਦਿੱਤੇ ਹਨ।

          ਤੀਜੇ, ਸਾਲ 2013 ’ਚ ਭਾਜਪਾ ਦੀ ਘੋਰ ਫਿਰਕੂ ਤੇ ਵੰਡ-ਪਾਊ ਦੰਗੇਬਾਜ ਸਿਆਸਤ ਦੇ ਟੇਟੇ ਚੜ੍ਹ ਕੇ, ਮੁਜ਼ੱਫਰਨਗਰ ’ਚ ਜਾਟਾਂ ਅਤੇ ਮੁਸਲਮਾਨਾਂ ’ਚ ਫਿਰਕੂ ਪਾਟਕ ਦੀ ਗਹਿਰੀ ਲੀਕ ਵਾਹ ਕੇ ਭਿਆਨਕ ਫਿਰਕੂ ਦੰਗੇ ਰਚਾਏ ਗਏ ਸਨ ਜਿੰਨ੍ਹਾਂ ਅੰਦਰ ਲੱਗਭੱਗ 45 ਦੇ ਕਰੀਬ ਮੁਸਲਮਾਨ ਤੇ 20 ਹਿੰਦੂ ਇਹਨਾਂ ਦੰਗਿਆਂ ਦੀ ਭੇਟ ਚੜ੍ਹ ਗਏ ਸਨ। ਇਹਨਾਂ ਫਿਰਕੂ ਦੰਗਿਆਂ ਨੇ ਦੇਸ਼ ਭਰ ਅਂਦਰ ਫਿਰਕੂ ਪਾਲਾਬੰਦੀ ਕਰਨ ਅਤੇ ਪਹਿਲਾਂ 2014 ’ਚ ਮੋਦੀ ਸਰਕਾਰ ਤੇ ਫਿਰ 2017 ’ਚ ਯੋਗੀ ਸਰਕਾਰ ਦੀ ਕਾਇਮੀ ’ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਜ਼ਹਿਰੀਲੇ ਫਿਰਕੂ ਪਾਟਕ ਦੇ ਕੁਲਹਿਣੇ ਪ੍ਰਛਾਵੇਂ ਸਦਕਾ ਕਿਸਾਨ ਏਕਤਾ ਨੂੰ ਵੀ ਫਿਰਕੂ ਚੀਰਾ ਆ ਗਿਆ ਸੀ। 26 ਜਨਵਰੀ 2021 ਦੀਆਂ ਲਾਲ ਕਿਲ੍ਹੇ ਦੀਆਂ ਘਟਨਾਵਾਂ ਤੋਂ ਬਾਅਦ ਭਾਜਪਾ ਫਿਰਕੂ ਗੁੰਡਾ ਟੋਲਿਆਂ ਵੱਲੋਂ ਗਾਜੀਪੁਰ ਬਾਰਡਰ ’ਤੇ ਜਾ ਕੇ ਖਰੂਦ ਮਚਾਉਣ ਤੇ ਟਿਕੈਤ ਦੀ ਹੰਝੂਆਂ ਭਰੀ ਅਪੀਲ ਤੋਂ ਬਾਅਦ ਮਹਿੰਦਰ ਸਿੰਘ ਟਿਕੈਤ ਦੇ ਸਾਥੀ ਰਹੇ ਮੁਸਲਿਮ ਕਿਸਾਨ ਆਗੂ ਗੁਲਾਮ ਝੋਲਾ ਵੀ ਉਸਦੀ ਹਮਾਇਤ ’ਤੇ ਉੱਥੇ ਪਹੁੰਚ ਗਏ ਸਨ। ਮੁਸਲਮਾਨਾਂ ਤੇ ਜਾਟਾਂ ’ਚ ਟੁੱਟੀ ਗੰਢਣ ਦਾ ਇਹ ਅਮਲ ਉਦੋਂ ਟਿਕੈਤ ਦੇ ਪਿੰਡ ਸਿਸੌਲੀ ’ਚ ਕੀਤੀ ਮਹਾਂ-ਪੰਚਾਇਤ ’ਚ ਸਿਰੇ ਲੱਗ ਗਿਆ ਸੀ ਜਿੱਥੇ ਟਿਕੈਤ ਭਰਾਵਾਂ ਨੇ ਇਹਨਾਂ ਦੰਗਿਆਂ ਲਈ ਮਹਾਂ-ਪੰਚਾਇਤ ’ਚ ਜਨਤਕ ਮੁਆਫੀ ਮੰਗ ਕੇ ਪਛਤਾਵਾ ਜਾਹਰ ਕਰਕੇ ਇਸ ਅਮਲ ਨੂੰ ਅੱਗੇ ਵਧਾਇਆ ਸੀ। ਇਹ ਮਹਾਂ-ਪੰਚਾਇਤ ਬੀਤੇ ਦੇ ਕੁਲਹਿਣੇ ਅਮਲ ’ਤੇ ਪੋਚਾ ਫੇਰ ਕੇ ਫਿਰਕੂ ਸਦਭਾਵਨਾ ਦੇ ਕਾਇਮ ਹੋਏ ਖੁਸ਼ਗਵਾਰ ਮਹੌਲ ਦੀ ਨੁਮਾਇਸ਼ ਸੀ. ਮਸਲਿਮ ਭਾਈਚਾਰੇ ਨੇ ਇਸ ਮਹਾਂ-ਪੰਚਾਇਤ ਦੀ ਸਫਲਤਾ ਲਈ ਤਨ ਮਨ ਤੇ ਧਨ ਝੋਕ ਦਿੱਤਾ ਸੀ। ਇਸ ਮਹਾਂ-ਪੰਚਾਇਤ ’ਚ ਫਿਰਕੂ ਸਦਭਾਵਨਾ ਦੀ ਸੁਰ ਪੂਰੀ ਬੁਲੰਦ ਆਵਾਜ਼ ’ਚ ਗੂੰਜਦੀ ਰਹੀ ਤੇ ਵੋਹ ਤੋੜੇਂਗੇ, ਹਮ ਜੋੜੇਂਗੇ ਦੇ ਆਕਾਸ਼ ਗੂੰਜਾਊ ਨਾਹਰੇ ਵੱਜਦੇ ਰਹੇ। ਰਾਕੇਸ਼ ਟਿਕੈਤ ਨੇ ਆਪਣੇ ਪਿਤਾ ਦੇ ਜ਼ਮਾਨੇ ’ਚ ਫਿਰਕੂ ਸਦਭਾਵਨਾ ਦੀ ਬਾਤ ਪਾਉਂਦਿਆਂ ਸਟੇਜ ਤੋਂ ਅੱਲਾ ਹੂ ਅਕਬਰ ਦੇ ਨਾਹਰੇ ਲਾਏ ਜਿਸਦੇ ਜੁਆਬ ’ਚ ਹੇਠਾਂ ਸਰੋਤਿਆਂ ਵਲੋਂ ਹਰ ਹਰ ਮਹਾਂਦੇਵ ਨਾਲ ਜੁਆਬ ਦਿੱਤਾ ਗਿਆ। ਫਿਰਕੂ ਇਕਸੁਰਤਾ ਤੇ ਸਦਭਾਵਨਾ ਦੇ ਜੋਰ ਕਿਸਾਨ ਲੀਡਰਾਂ ਨੂੰ ਧਾਰਮਕ ਨਾਅਰਿਆਂ ਨੂੰ ਸਰਬ-ਧਰਮੀ ਕਿਸਾਨ ਸਟੇਜਾਂ ’ਤੇ ਲਿਆਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਕਿਸਾਨ ਪਲੈਟਫਾਰਮ ਨੂੰ ਸਹੀ ਮਾਅਨਿਆਂ ’ਚ ਧਰਮ-ਨਿਰਲੇਪ ਰੱਖਣਾ ਚਾਹੀਦਾ ਹੈ। ਭਾਜਪਾ ਦੇ ਆਈ ਟੀ ਸੈੱਲ ਨੇ ਝੱਟ ਇਹ ਮੌਕਾ ਵਰਤਦਿਆਂ, ਇਸਨੂੰ ਤੋੜ-ਮਰੋੜ ਕੇ ਕਿਸਾਨ ਆਗੂਆਂ ਵਿਰੁੱਧ ਜ਼ਹਿਰੀਲੀ ਮੁਹਿੰਮ ਵਿੱਢ ਦਿੱਤੀ ਹੈ ਤੇ ਧਮਕੀਆਂ ਤੇ ਗਾਲੀ-ਗਲੋਚ ਦੀ ਵਾਛੜ ਕੀਤੀ ਜਾ ਰਹੀ ਹੈ। ਤਾਂ ਵੀ ਕਿਸਾਨੀ ਹਿੱਤਾਂ ਦੀ ਜਮਾਤੀ ਧੱਕ ਨੇ, ਸਾਂਝੀਆਂ ਜਮਾਤੀ ਲੋੜਾਂ ਨੇ, ਫਿਰਕੂ ਵੰਡ ਦੇ ਪਾੜਿਆਂ ਨੂੰ ਮੇਟਣ ਅਤੇ ਫਿਰਕੂ ਜ਼ਹਿਰ-ਪਸਾਰੇ ਦੇ ਢੰਡੋਰਚੀਆਂ ਦੇ ਸੌੜੇ ਮਨਸੂਬਿਆਂ ਨੂੰ ਦੋਹਾਂ ਧਰਮਾਂ ਦੇ ਜਨ-ਸਮੂਹਾਂ ਨੂੰ ਪਛਾਨਣ ’ਚ ਅਹਿਮ ਰੋਲ ਨਿਭਾਇਆ ਹੈ। ਜਿਵੇਂ ਜਿਵੇਂ ਕਿਸਾਨਾਂ ਦੀ ਇਹ ਜਮਾਤੀ ਲੜਾਈ ਪ੍ਰਚੰਡ ਹੁੰਦੀ  ਜਾਵੇਗੀ, ਫਿਰਕੂ ਧੁੰਦ ਛਟਦੀ ਜਾਵੇਗੀ ਅਤੇ ਆਪਸੀ ਸਦਭਾਵ ਤੇ ਇਕਸੁਰਤਾ ਦੀਆਂ ਤੰਦਾਂ ਹੋਰ ਪੀਡੀਆਂ ਹੁੰਦੀਆਂ ਜਾਣਗੀਆਂ। ਮੁਜ਼ੱਫਰਨਗਰ ਮਹਾਂ-ਪੰਚਾਇਤ ਫਿਰਕੂ ਵੰਡੀਆਂ ਨੂੰ ਮੇਸਣ ਤੇ ਫਿਰਕੂ ਇਕਸੁਰਤਾ ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ  ਹੋਕਾ ਹੋ ਨਿੱਬੜੀ ਹੈ। ਇਹ ਭਾਜਪਾ ਦੀ ਵੰਡ-ਪਾਊ ਸਿਆਸਤ ਲਈ ਵੱਡੀ ਪਛਾੜ ਸਾਬਤ ਹੋ ਸਕਦੀ ਹੈ।

          ਚੌਥੇ, ਕਿਸਾਨ ਅੰਦੋਲਨ ਤੇ ਕੇਂਦਰ ਸਰਕਾਰ ਇੱਕ ਅੜਫਸ ਤੇ ਠਹਿਰਾਅ ਵਾਲੀ ਹਾਲਤ ’ਚ ਫਸੇ ਹੋਏ                                 ਸਨ ਜਿੱਥੇ ਹਾਸਲ ਹਾਲਤ ’ਚ ਇਹਨਾਂ ’ਚੋਂ ਕੋਈ ਵੀ ਦੂਜੇ ਨੂੰ ਮਾਤ ਦੇਣ ਦੀ ਹਾਲਤ ’ਚ ਨਹੀਂ ਸੀ। ਮੁਜ਼ੱਫਰਨਗਰ ਰੈਲੀ ਨੂੰ ਲੋਕਾਂ ਦੇ ਮਿਲੇ ਲਾ-ਮਿਸਾਲ ਹੰਗਾਰੇ ਨੇ ਇੱਕ ਵਾਰ ਇਸ ਜਮੂਦ ਨੂੰ ਤੋੜ ਦਿੱਤਾ ਹੈ। ਅੰਦੋਲਨਕਾਰੀ ਕਿਸਾਨ ਜਨਤਾ ’ਚ ਇੱਕ ਨਵੀਂ ਰੂਹ,ਨਵਾਂ ਉਤਸ਼ਾਹ ਫੂਕ ਦਿੱਤਾ ਹੈ। ਬੇਪਨਾਹ ਊਰਜਾ ਨਾਲ ਸਰਸ਼ਾਰ ਕਰ ਦਿੱਤਾ ਹੈ। 7 ਸਤੰਬਰ ਨੂੰ ਕਰਨਾਲ ਮਹਾਂ-ਪੰਚਾਇਤ ’ਚ ਸਭ ਸਰਕਾਰੀ ਰੋਕਾਂ-ਟੋਕਾਂ ਨੂੰ ਖੇਹ ਕਰਕੇ ਹਜਾਰਾਂ-ਹਜਾਰ ਲੋਕਾਂ ਵੱਲੋਂ ਉੱਥੇ ਪਹੁੰਚਣਾ ਤੇ ਦ੍ਰਿੜਤਾ ਤੇ ਸੰਜਮ ਨਾਲ ਡਟਣਾ ਇਸਦਾ ਸੂਚਕ ਹੈ। ਇਸ ਨਾਲ ਕਿਸਾਨ ਅੰਦੋਲਨ ਨੂੰ ਇੱਕ ਵੱਡਾ ਵੇਗ ਮਿਲਿਆ ਹੈ ਜੋ ਕਿਸਾਨ ਅੰਦੋਲਨ ਦੇ ਮੁਲਕ ਦੇ ਹੋਰਨਾਂ ਹਿੱਸਿਆਂ ’ਚ ਪਸਾਰੇ ਤੇ ਤਕੜਾਈ ਦਾ ਸਬੱਬ ਬਣੇਗਾ ਤੇ ਕਿਸਾਨ ਅੰਦੋਲਨ ਨੂੰ ਸਰਕਾਰ ਦੀ ਛਾਤੀ ’ਤੇ ਅਸਿਹ ਬੋਝ ’ਚ ਪਲਟੇਗਾ।

          ਕਿਸਾਨ ਮਹਾਂ-ਪੰਚਾਇਤ ਦੀ ਸਟੇਜ ਤੋਂ ਲੱਗਭਗ ਸਭਨਾਂ ਬੁਲਾਰਿਆਂ ਨੇ ਭਾਜਪਾ ਦੀ ਮੋਦੀ ਤੇ ਯੋਗੀ ਦੀਆਂ ਸਰਕਾਰਾਂ ’ਤੇ ਤਿੱਖੀ ਦੰਦੀ ਧਰੀ ਰੱਖੀ ਤੇ ਉਨ੍ਹਾਂ ਦੀ ਦੰਗੇਬਾਜ, ਦੇਸ਼ ਵੇਚੂ ਤੇ ਕਾਰਪੋਰੇਟ ਪੱਖੀ ਸਿਆਸਤ ’ਤੇ ਭਰਵੇਂ ਵਾਰ ਕੀਤੇ। ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਹਰ ਸਰਕਾਰੀ ਅਦਾਰੇ ਨੂੰ ਕਾਰਪੋਰੇਟਾਂ ਨੂੰ ਵੇਚ ਦਿੱਤਾ ਹੈ ਜਾਂ ਵੇਚਣੇ ਲਾਇਆ ਹੋਇਆ ਹੈ। ਲੋਕਾਂ ਦਾ ਫਤਵਾ ਲੈਣ ਵੇਲੇ ਉਹਨਾਂ ਨੇ ਇਹ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੇ ਮਸਲੇ ’ਤੇ ਫਤਵਾ ਨਹੀਂ ਲਿਆ ਸੀ। ਉਹਨਾਂ ਨੇ ਇਸਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਬਾਰੇ ਲੜਨ ਰਾਹੀਂ ਦੇਸ਼ ਦੇ ਲੋਕਾਂ ਦੀ ਲੜਾਈ ਵੀ ਲੜ ਰਹੇ ਹਨ। ਪੰਡਾਲ ’ਚ ਫਸਲ ਹਮਾਰੀ, ਦਾਮ ਤੁਮਾਰਾ-ਨਹੀਂ ਚਲੇਗਾ, ਨਹੀਂ ਚਲੇਗਾ, ਵੋਹ ਤੋੜੇਂਗੇ, ਹਮ ਜੋੜੇਂਗੇ ਦੇ ਨਾਹਰੇ ਵਾਰ ਵਾਰ ਬੁਲੰਦ ਹੁੰਦੇ ਰਹੇ। ਯੋਗਿੰਦਰ ਯਾਦਵ ਨੇ ਯੂ. ਪੀ. ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਫਸਲਾਂ ਦੀ ਐਮ. ਸੀ. ਪੀ. ਨਾ ਦੇ ਕੇ ਫਸਲ ਬੀਮੇ ਰਾਹੀਂ ਕਿਸਾਨਾਂ ਦੀ ਹਜਾਰਾਂ ਕਰੋੜਾਂ ਰੁਪਏ ਦੀ ਲੁੱਟ ਕਰਕੇ, ਗੰਨੇ ਦੇ ਪਿਛਲੇ 4 ਸਾਲਾਂ ਤੋਂ ਭਾਅ ਨਾ ਵਧਾਕੇ ਤੇ 20 ਹਜਾਰ ਕਰੋੜ ਰੁਪਏ ਦੇ ਬਕਾਏ ਨਾ ਦੇ ਕੇ ਤੇ ਰੁਜ਼ਗਾਰ, ਮਹਿੰਗਾਈ ਆਦਿਕ ਹੋਰ ਮਸਲਿਆਂ ਉੱਪਰ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਤੇ ਦੰਗੇਬਾਜ ਸਿਆਸਤ ਕਰਨ ਦੇ ਦੋਸ਼ ਲਾਏ। ਆਉਂਦੀਆਂ ਚੋਣਾਂ ’ਚ ਭਾਜਪਾ ਨੂੰ ਹਰਾਉਣ ਤੇ ਵੋਟ ਦੀ ਚੋਟ ਰਾਹੀਂ ਉਸਨੂੰ ਸਬਕ ਸਿਖਾਉਣ ਦੀ ਸੁਰ ਵੀ ਕਾਫੀ ਭਾਰੀ ਰਹੀ। ਉਸਨੇ ਦੱਸਿਆ ਕਿ ਆਉਂਦੇ ਸਮੇਂ ’ਚ ਚੋਣਾਂ ਤੋਂ ਪੂਰਬਲੇ ਸਮੇਂ ਦੌਰਾਨ ਵਾਰਾਨਸੀ, ਗੋਰਖਪੁਰ ਤੇ ਲਖਨਊ ਸਮੇਤ ਯੂ. ਪੀ. ਦੇ ਅੱਡ ਅੱਡ ਭਾਗਾਂ ’ਚ 17 ਮਹਾਂ-ਪੰਚਾਇਤਾਂ ਕੀਤੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂ. ਪੀ. ਦੇ ਸਭਨਾਂ ਜਿਲ੍ਹਿਆਂ ’ਚ ਛੇਤੀ ਹੀ ਮੋਰਚੇ ਦੀਆਂ ਇਕਾਈਆਂ ਗਠਿਤ ਕਰਨ ਅਤੇ ਗੰਨੇ ਦੇ ਭਾਅ ’ਚ ਵਾਧਾ ਕਰਾਉਣ ਤੇ ਬਕਾਏ ਲੈਣ ਲਈ ਸੰਘਰਸ਼ ਛੇੜਨ ਦਾ ਐਲਾਨ ਕੀਤਾ ਗਿਆ।

          ਉੱਪਰੋਂ ਉੱਪਰੋਂ ਯੋਗੀ ਸਰਕਾਰ ਤੇ ਭਾਜਪਾ ਕਿਸਾਨ ਅੰਦੋਲਨ ਵੱਲੋਂ ਉੱਭਰੀ ਤੇ ਜੋਰ ਫੜਨ ਦੀਆਂ ਸੰਭਾਵਨਾਵਾਂ ਰੱਖਦੀ ਚਣੌਤੀ ਨੂੰ ਨਕਾਰਨ ਜਾਂ ਹਲਕੇ ’ਚ ਖਿੱਲੀ ਉਡਾਉਣ ਦੀਆਂ ਫੜ੍ਹਾਂ ਮਾਰੀ ਜਾਵੇ, ਅੰਦਰੋਂ ਉਸਨੂੰ ਕੰਬਣੀਆਂ ਛਿੜਨੀਆਂ ਲਾਜ਼ਮੀ ਹਨ। ਖਾਸ ਕਰਕੇ ਜੇ ਫਿਰਕੂ ਪਾੜੇ ਦੇ ਮਹੌਲ ਨੂੰ ਖੋਰੇ ਦਾ ਅਮਲ ਜਾਰੀ ਰਹਿੰਦਾ ਹੈ ਤਾਂ ਇਹ ਭਾਜਪਾ ਲਈ ਡਾਢੀ ਫਿਕਰਮੰਦੀ ਦੀ ਗੱਲ ਹੈ। ਇਸ ਨਾਲ ਇੱਕ ਪਾਸੇ ਉਸ ਉੱਤੇ ਕਿਸਾਨੀ ਤੇ ਹੋਰ ਵਰਗਾਂ ਦੇ ਵਧ ਰਹੇ ਗੁੱਸੇ ’ਤੇ ਠੰਢਾ ਛਿੜਕਣ ਲਈ ਆਰਥਕ ਰਾਹਤਾਂ ਤੇ ਲਾਲਚ ਦੇਣ ਲਈ ਦਬਾਅ ਵਧੇਗਾ ਤੇ ਦੂਜੇ ਪਾਸੇ ਉਹ ਆਪਣੇ ਫਿਰਕੂ ਤੇ ਜਾਤ-ਪਾਤੀ ਬਾਣੇ  ਦੇ ਭੁੱਥੇ  ’ਚੋਂ ਨਵੇਂ ਨਵੇਂ ਅਸਤਰ ਦਾਗ ਕੇ ਲੋਕਾਂ ਅੰਦਰਲੇ ਪਾਟਕ ਵਧਾਉਣ ਜਾਂ ਭਟਕਾਊ ਹੱਥਕੰਡੇ ਵਰਤਣ ’ਚ ਹੋਰ ਤੇਜੀ ਲਿਆਵੇਗੀ। ਕਿਸਾਨ ਲੀਡਰਾਂ ਨੂੰ ਇਸ ਪੱਖੋਂ ਚੌਕਸੀ ਰੱਖਣ ਤੇ ਉਸਦੇ ਵਾਰਾਂ ਦਾ ਵੇਲੇ ਸਿਰ ਟਾਕਰਾ ਕਰਨ ਲਈ ਹਰਦਮ ਤਿਆਰ ਰਹਿਣਾ ਚਾਹੀਦਾ ਹੈ।

8 ਸਤੰਬਰ, 2021

No comments:

Post a Comment