Tuesday, November 6, 2012

ਸ਼ਰੂਤੀ ਅਗਵਾ ਕਾਂਡ ਖਿਲਾਫ ਰੋਹਲੀ ਸੰਘਰਸ਼ ਲਲਕਾਰ ਲੋਕ ਸਵੈ-ਮਾਣ ਦਾ ਝੰਡਾ ਬੁਲੰਦ


ਸ਼ਰੂਤੀ ਅਗਵਾ ਕਾਂਡ ਖਿਲਾਫ ਰੋਹਲੀ ਸੰਘਰਸ਼ ਲਲਕਾਰ
ਲੋਕ ਸਵੈ-ਮਾਣ ਦਾ ਝੰਡਾ ਬੁਲੰਦ
24 ਸਤੰਬਰ ਨੂੰ ਫਰੀਦਕੋਟ ਸ਼ਹਿਰ ਦੀ ਸੰਘਣੀ ਆਬਾਦੀ 'ਚ ਰਹਿੰਦੇ ਇਕ ਪੜ੍ਹੇ-ਲਿਖੇ ਮੁਲਾਜ਼ਮ ਪ੍ਰਵਾਰ ਦੀ 10 ਵੀਂ ਜਮਾਤ 'ਚ ਪੜ੍ਹਦੀ 15 ਸਾਲਾ ਨਾ-ਬਾਲਗ ਲੜਕੀ ਨੂੰ ਸ਼ਹਿਰ ਦੇ ਇਕ ਬਦਨਾਮ ਨਿਸ਼ਾਨ ਸਿੰਘ ਦੀ 8 ਮੈਂਬਰੀ ਗੁੰਡਾ ਢਾਣੀ ਅਗਵਾ ਕਰਕੇ ਲੈ ਗਈ। ਪਸਤੌਲਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਗੁੰਡਿਆਂ ਨਾਲ ਖਾਲੀ ਹੱਥੀਂ ਦੋ ਹੱਥ ਹੁੰੰਦਿਆਂ ਚਿੰਬੜੇ ਮਾਪਿਆਂ ਦੀਆਂ ਉਹ ਬਾਹਾਂ ਭੰਨਣ ਅਤੇ ਸਿਰ 'ਚ ਰਾਡ ਮਾਰ ਕੇ ਜਾਨਲੇਵਾ ਹਮਲਾ ਕਰਨ ਤੱਕ ਗਏ। ਇਸ ਅਤਿ ਘਿਨਾਉਣੀ ਘਟਨਾ ਨੇ ਲੋਕਾਂ ਨੂੰ ਪੁਰਾਣੇ ਸਮਿਆਂ 'ਚ ਹਥਿਆਰਬੰਦ ਡਾਕੂਆਂ ਵੱਲੋਂ ਘਰਾਂ ਤੋਂ ਨੌਜਵਾਨ ਕੁੜੀਆਂ ਨੂੰ ਚੁੱਕ ਲੈ ਜਾਣ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। 
ਘਟਨਾ ਦੀ ਫੌਰੀ ਸੂਚਨਾ ਮਿਲਣ ਦੇ ਬਾਵਜੂਦ, ਘੱਟੋ ਘੱਟ ਇੱਕ ਘੰਟੇ ਬਾਅਦ ਪਹੁੰਚੇ ਡੀ. ਐਸ. ਪੀ ਦਾ ਪੁਲਸੀ ਧਮਕੀਆਂ ਦਾ ਸੇਕ ਮਾਰਦਾ ਰਵੱਈਆ ਸਿਰੇ ਦਾ ਰੁੱਖਾ ਸੀ। ਨਿਸ਼ਾਨ ਸਿੰਘ ਤੇ ਉਸ ਦੀ ਗੁੰਡਾ ਢਾਣੀ ਦੀ ਪਿੱਠ 'ਤੇ ਖੜ੍ਹੀ ਪੁਲੀਸ ਬਾਰੇ ਤਾਂ ਸ਼ਰੂਤੀ ਦੇ ਮਾਪਿਆਂ ਅਤੇ ਫਰੀਦਕੋਟ ਦੇ ਲੋਕਾਂ ਨੂੰ ਉਂਜ ਉਦੋਂ ਹੀ ਸਪਸ਼ਟ ਹੋ ਗਿਆ ਸੀ ਜਦ ਇਸੇ ਨਿਸ਼ਾਨ ਸਿੰਘ ਦੇ ਗੁੰਡਾ ਗਰੋਹ ਵੱਲੋਂ ਜੂਨ ਮਹੀਨੇ ਅਗਵਾ ਕੀਤੀ ਸ਼ਰੂਤੀ ਨੂੰ ਪੁਲਸ ਨਾਲ ਹੋਈ ਕਿਸੇ ਗਿੱਟਮਿੱਟ ਮਗਰੋਂ  ਇਕ ਮਹੀਨੇ ਬਾਅਦ ਭਾਵੇਂ ਵਾਪਸ ਲਿਆਉਣ ਲਈ ਮਜਬੂਰ ਹੋਣਾ ਪੈ ਗਿਆ ਸੀ, ਪਰ ਉਸ ਵਕਤ ਸ਼ਰੂਤੀ ਵੱਲੋਂ ਅਗਵਾ ਤੇ ਬਲਾਤਕਾਰ ਦੀ ਲਿਖਾਈ ਰਿਪੋਰਟ 'ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਅਤੇ ਨਿਸ਼ਾਨ ਸਿੰਘ ਨੂੰ ਥਾਣੇ ਬੁਲਾਉਣ ਤੱਕ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ, ਗ੍ਰਿਫਤਾਰ ਕਰਨ ਦੀ ਗੱਲ ਤਾਂ ਕਿਤੇ ਰਹੀ। 
ਫਰੀਦਕੋਟ ਦੇ ਲੋਕਾਂ ਦੇ ਮਨਾਂ ਅੰਦਰ ਪੁਲਸ ਗੁੰਡਾ ਗੱਠਜੋੜ ਦੇ ਖਿਲਾਫ ਭਰੀ ਪਈ ਔਖ ਤੇ ਗੁੱਸਾ ਦੂਜੀ ਵਾਰ ਦੀ ਇਸ ਘਟਨਾ ਨੇ ਹੋਰ ਵਧਾ ਦਿੱਤਾ। ਉਨ੍ਹਾਂ ਤੁਰੰਤ ਇੱਕ ਐਕਸ਼ਨ ਕਮੇਟੀ ਬਣਾ ਕੇ ਕੋਤਵਾਲੀ ਅੱਗੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਇਸ ਦਰਦਨਾਕ ਘਟਨਾ ਦੀ ਖਬਰ ਫੈਲਦੀ ਗਈ, ਧਰਨੇ 'ਚ ਲੋਕਾਂ ਦੀ ਸ਼ਮੂਲੀਅਤ ਵਧਦੀ ਗਈ। 28 ਸਤੰਬਰ ਨੂੰ ਸਮੁੱਚਾ ਫਰੀਦਕੋਟ ਸ਼ਹਿਰ ਬੰਦ ਕੀਤਾ। 30 ਸਤੰਬਰ ਨੂੰ ਦੁਬਾਰਾ ਫਿਰ ਸ਼ਹਿਰ ਬੰਦ ਕਰਕੇ ਡੀ. ਸੀ. ਦਫਤਰ ਅੱਗੇ   ਧਰਨੇ ਤੋਂ ਇਲਾਵਾ ਸਾਦਿਕ, ਗੋਲੇਵਾਲ, ਦੀਪ ਸਿੰਘ ਵਾਲਾ ਆਦਿ ਆਸ ਪਾਸ ਦੇ ਕਈ ਬੱਸ ਅੱਡਿਆਂ 'ਤੇ ਜਾਮ ਲਾਉਣ ਦੇ ਭਰਵੇਂ ਜਨਤਕ ਸਮੂਲੀਅਤ ਵਾਲੇ ਐਕਸ਼ਨਾਂ ਨੇ ਇਸ ਸਥਾਨਕ ਧਰਨੇ ਨੂੰ ਇਲਾਕੇ ਪੱਧਰੇ ਤਿੱਖੇ ਸੰਘਰਸ਼ 'ਚ ਬਦਲ ਦਿੱਤਾ। ਵੱਖ ਵੱਖ ਕਿਸਾਨ, ਖੇਤ ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਇਸ ਸੰਘਰਸ਼ 'ਚ ਸ਼ਾਮਲ ਹੋ ਗਈਆਂ।
ਤਿੱਖਾ ਹੋ ਰਿਹਾ ਸੰਘਰਸ਼ ਅਤੇ ਬਾਦਲ ਸਰਕਾਰ ਦੀਆਂ ਕਲਾਬਾਜ਼ੀਆਂ
ਫਰੀਦਕੋਟ ਦੇ ਲੋਕਾਂ 'ਚ ਚਰਚਾ ਹੈ ਕਿ ਨਿਸ਼ਾਨ ਸਿੰਘ ਨੂੰ ਹਾਕਮ ਪਾਰਟੀ ਅਕਾਲੀ ਦਲ ਦੇ ਆਗੂਆਂ ਦੀ ਸਰਪਰਸਤੀ ਹਾਸਲ ਹੈ। 24 ਸਤੰਬਰ ਨੂੰ ਸ਼ਰੂਤੀ ਨੂੰ ਅਗਵਾ ਕਰਨ ਤੋਂ ਇਕ ਦਿਨ ਪਹਿਲਾਂ ਲੋਕਾਂ ਨੇ ਨਿਸ਼ਾਨ ਸਿੰਘ ਨੂੰ ਬਾਬਾ ਫਰੀਦ ਮੇਲੇ ਮੌਕੇ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਵੀ. ਆਈ. ਪੀ. ਕੁਰਸੀਆਂ 'ਤੇ ਬਿਰਾਜਮਾਨ ਦੇਖਿਆ ਹੈ। ਇਸੇ ਦਿਨ ਮਜੀਠੀਏ ਦੇ ਜਮਾਤੀ ਅਤੇ ਯੂਥ ਅਕਾਲੀ ਦਲ ਦੇ ਇੱਕ ਲੀਡਰ ਦੇ ਘਰ ਜਦ ਸੁਖਬੀਰ ਬਾਦਲ ਗਿਆ ਤਾਂ ਨਿਸ਼ਾਨ ਸਿੰਘ ਵੀ ਨਾਲ ਸੀ। ਹਾਕਮ ਪਾਰਟੀ ਅਕਾਲੀ ਦਲ ਦੇ ਆਗੂਆਂ ਵੱਲ ਜਾਂਦੀ ਇਸ ਪੈੜ ਅਤੇ ਜਿਲ੍ਹੇ ਦੇ ਐਸ. ਐਸ. ਪੀ. ਅਤੇ ਡੀ. ਐਸ. ਪੀ. ਵੱਲੋਂ ਸ਼ਰੂਤੀ ਦੇ ਆਪਣੀ ਮਰਜੀ ਨਾਲ ਜਾਣ ਤੇ ਨਿਸ਼ਾਨ ਨਾਲ ਵਿਆਹ ਕਰਾਉਣ ਬਾਰੇ ਇਕ ਚਿੱਠੀ ਅਤੇ ਫੋਟੋਆਂ ਅਖਬਾਰਾਂ ਛਪਵਾਉਣ ਨੇ ਲੋਕਾਂ ਅੰਦਰ ਪਹਿਲਾਂ ਹੀ ਦਿਨੋਂ ਦਿਨ ਤਿੱਖੇ ਹੋ ਰਹੇ ਰੋਹ ਨੂੰ ਲਾਂਬੂ ਲਾ ਦਿੱਤੇ। ਸੰਘਰਸ਼ ਦਾ ਘੇਰਾ ਹੋਰ ਵਧੇਰੇ ਤੇਜੀ ਨਾਲ ਫੈਲਣ ਲੱਗਿਆ। 12 ਅਕਤੂਬਰ ਨੂੰ ਫਰੀਦਕੋਟ ਕੋਟਕਪੂਰਾ, ਬਰਗਾੜੀ, ਬਾਜਾਖਾਨਾ, ਸਾਦਿਕ ਅਤੇ ਗੋਲੇ ਵਾਲਾ ਸਮੇਤ ਸਮੁੱਚਾ ਜਿਲ੍ਹਾ ਬੰਦ ਕਰਕੇ ਹਜਾਰਾਂ ਲੋਕਾਂ ਨੇ ਡੀ.ਸੀ.ਦਫਤਰ ਅੱਗੇ ਰੈਲੀ ਕੀਤੀ ਅਤੇ ਘੰਟਾ ਭਰ ਜਾਮ ਲਾਇਆ। ਇੱਥੋਂ ਤੱਕ ਕਿ ਕੋਟਕਪੂਰਾ ਸ਼ਹਿਰ 'ਚ ਵੀ ਚਾਹ ਤੇ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹੀਆਂ। ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ, ਵਪਾਰਕ ਅਤੇ ਸਿਆਸੀ ਜੱਥੇਬੰਦੀਆਂ ਨੇ ਪੁਲੀਸ ਪ੍ਰਸਾਸ਼ਨ ਖਿਲਾਫ ਧਰਨਾ ਲਗਾ ਕੇ ਨਾਹਰੇਬਾਜੀ ਕੀਤੀ। 
ਇਸ ਵਧ ਰਹੇ ਦਬਾਅ ਹੇਠ ਪੁਲਸ ਨੂੰ ਤਿੰਨ ਅਕਾਲੀ ਆਗੂਆਂ ਨੂੰ ਸੀ. ਆਈ. ਏ. ਥਾਣੇ ਬੁਲਾ ਕੇ ਪੁੱਛ ਗਿਛ ਕਰਨ ਦਾ ਡਰਾਮਾ ਰਚਣਾ ਪਿਆ ਅਤੇ ਗੁੰਡਾ ਗਰੋਹ ਦੇ ਕੁੱਝ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਪਿਆ। ਇਨ੍ਹਾਂ ਹੀ ਦਿਨਾਂ 'ਚ ਪੁਲਸ ਨੂੰ ਇਸ ਅਗਵਾ ਕਾਂਡ ਨਾਲ ਜੁੜੇ ਅਕਾਲੀ ਆਗੂ ਡਿੰਪੀ ਅਤੇ ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ ਦੀਆਂ ਪੇਸ਼ਗੀ ਜਮਾਨਤਾਂ ਰੱਦ ਕਰਨੀਆਂ ਪਈਆਂ। ਦੋਵਾਂ ਬਾਦਲ ਪਿਉ ਪੁੱਤਾਂ ਨੂੰ ਅਤੇ ਪੰਜਾਬ ਦੇ ਰਾਜਪਾਲ ਨੂੰ ਆਪੋ ਆਪਣੇ ਫਰੀਦਕੋਟ ਦੌਰੇ ਰੱਦ ਕਰਨੇ ਪਏ ਅਤੇ ਡਿੰਪੀ ਪਰਿਵਾਰ ਨੂੰ ਉਸ ਦੇ ਬਾਪ ਦੇ ਅੰਤਮ ਸੰਸਕਾਰ ਮੌਕੇ ਤਿੱਖੇ ਸਮਾਜਕ ਬਾਈਕਾਟ ਦਾ ਸਾਹਮਣਾ ਕਰਨਾ ਪਿਆ। ਸੁਖਬੀਰ ਬਾਦਲ ਨੂੰ, ਨਿਸ਼ਾਨ ਨਾਲ ਜੁੜਦੀ ਕੜੀ 'ਤੇ ਪੋਚਾ ਫੇਰਨ ਲਈ ਉਸਦੀ ਗ੍ਰਿਫਤਾਰੀ ਲਈ 5 ਲੱਖ ਦੇ ਇਨਾਮ ਦਾ ਐਲਾਨ ਕਰਨਾ ਪਿਆ। ਮੁੱਖ ਮੰਤਰੀ ਬਾਦਲ ਵੱਲੋਂ 21 ਅਕਤੂਬਰ ਨੂੰ ਬਰਾਮਦ ਹੋਈ ਸ਼ਰੂਤੀ ਨੂੰ ਆਪ ਲੈ ਕੇ ਮਾਪਿਆਂ ਕੋਲ ਆਉਣ ਦੀ ਪੇਸ਼ਕਸ਼ ਨੂੰ ਉਨ੍ਹਾਂ ਦੇ ਨਾਂਹ-ਪੱਖੀ ਹੁੰਗਾਰੇ ਦਾ ਸਾਹਮਣਾ ਕਰਨਾ ਪਿਆ। ਛੋਟੇ ਤੇ ਵੱਡੇ ਦੋਹਾਂ ਮੁੱਖ ਮੰਤਰੀਆਂ ਨੇ ਅਜਿਹੀਆਂ ਕਲਾ ਬਾਜੀਆਂ ਤਾਂ ਲਾਈਆਂ ਪਰ ਇਕ ਵਾਰ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਨਹੀਂ ਕੀਤਾ, ਸ਼ਰੂਤੀ ਦੇ ਮਾਪਿਆਂ ਨਾਲ ਹਮਦਰਦੀ ਦੇ ਦੋ ਸ਼ਬਦ ਵੀ ਸਾਂਝੇ ਨਾ ਕੀਤੇ ਅਤੇ ਗੁੰਡਾ ਗਰੋਹ ਦੇ ਸਰਗਣੇ ਨਿਸ਼ਾਨ ਦੇ ਖਿਲਾਫ ਜੁਬਾਨ ਤੱਕ ਨਹੀਂ ਖੋਲ੍ਹੀ। 
ਨਿਸ਼ਾਨ ਸਿੰਘ ਦੀ ਗੁੰਡਾ ਢਾਣੀ ਦੀ ਇਸ ਜੰਗਲੀ ਕਰਤੂਤ ਨੇ ਸਕੂਲਾਂ ਕਾਲਜਾਂ 'ਚ ਪੜ੍ਹਦੀਆਂ ਅਲੜ੍ਹ ਉਮਰ ਦੀਆਂ ਨੌਜਵਾਨ ਲੜਕੀਆਂ ਦੇ ਮਨਾਂ ਅੰਦਰ  ਰੋਹ ਦੀ ਅੱਗ ਭੜਕਾਈ ਹੈ। 23 ਅਕਤੂਬਰ ਨੂੰ ਬਠਿੰਡੇ ਸ਼ਹਿਰ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਰਾਜਿੰਦਰਾ ਕਾਲਜ, ਪੰਜਾਬੀ ਯਨੀਵਰਸਿਟੀ ਰੀਜ਼ਨਲ ਸੈਂਟਰ ਅਤੇ ਸਰਕਾਰੀ ਆਈ. ਟੀ. ਆਈ. ਦੀਆਂ ਸੈਂਕੜੇ ਵਿਦਿਆਰਥਣਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਇਹ ਰੋਸ ਮੁਜਾਹਰਾ ਸ਼ਰੂਤੀ ਅਗਵਾ ਕਾਂਡ ਸਬੰਧੀ ਸਾਹਮਣੇ ਆ ਰਹੀ ਪੁਲਸ ਅਤੇ ਸਿਆਸੀ ਆਗੂਆਂ ਦੀ ਭੂਮਿਕਾ ਵਿਰੁੱਧ ਕੀਤਾ ਗਿਆ ਹੈ। ਵਿਦਿਆਰਥਣਾਂ ਨੇ ਪੁਲਿਸ ਗੁੰਡਾ ਸਿਆਸੀ ਗੱਠਜੋੜ ਖਿਲਾਫ ਨਾਹਰੇ ਲਗਾਏ ਅਤੇ ਅੰਤ 'ਤੇ ਜਿਲ੍ਹਾ ਕਚਹਿਰੀਆਂ ਕੋਲ ਪੁਲਸ ਪ੍ਰਸਾਸ਼ਨ, ਗੁੰਡਾ ਗਰੋਹ ਅਤੇ ਸਿਆਸੀ ਲੀਡਰਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ। 
ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਦੇ ਸੱਦੇ 'ਤੇ 24 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ 'ਚ ਰਾਵਣ ਦੀ ਬਜਾਇ ਪੁਲਸ, ਗੁੰਡਾ ਗਰੋਹ ਅਤੇ ਸਿਆਸੀ ਗੱਠਜੋੜ ਦੀਆਂ ਅਰਥੀਆਂ ਸਾੜੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਨ੍ਹਾਂ ਦੇ ਪੁਤਲੇ ਬਣਾ ਕੇ ਫਰੀਦਕੋਟ ਤੋਂ ਇਲਾਵਾ ਲੰਬੀ (ਮੁਕਤਸਰ), ਅਬੋਹਰ (ਫਾਜਿਲਕਾ) ਬਠਿੰਡਾ, ਦਿੜ੍ਹਬਾ (ਸੰਗਰੂਰ) ਮਾਨਸਾ, ਬਰਨਾਲਾ ਅਜਿੱਤਵਾਲ (ਮੋਗਾ) ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਲੋਪੋ ਕੇ ਤੇ ਰਮਦਾਸ (ਅੰਮ੍ਰਿਤਸਰ) ਗਿਆਰਾਂ ਥਾਵਾਂ 'ਤੇ ਪਰਿਵਾਰਾਂ ਸਮੇਤ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਇਨ੍ਹਾਂ ਬਦੀ ਦੀਆਂ ਤਾਕਤਾਂ ਦੇ ਪੁਤਲੇ ਫੂਕੇ। ਲੋਕ ਮੋਰਚਾ ਪੰਜਾਬ, ਅਤੇ ਟੀ. ਐਸ ਯੂ ਵੱਲੋਂ ਲੱਗ ਭੱਗ ਸਾਰੇ ਥਾਵਾਂ 'ਤੇ ਅਤੇ ਪੀ.ਐਸ. ਯੂ (ਸ਼ਹੀਦ ਰੰਧਾਵਾ) ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕਈ ਥਾਈਂ ਭਰਵੀਂ ਸ਼ਮੂਲੀਅਤ ਕੀਤੀ ਗਈ। 
ਫਰੀਦਕੋਟ ਸ਼ਹਿਰ 'ਚ ਭਾਰਤੀ ਕਿਸਾਨ ਯੂਨੀਅਨ, (ਉਗਰਾਹਾਂ) ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿਨ ਵੇਲੇ ਸ਼ਹਿਰ ਵਿਚ ਰੋਹ ਭਰਪੂਰ ਮੁਜਾਹਰਾ ਕੀਤਾ ਅਤੇ ਪੁਲਸ ਪ੍ਰਸਾਸ਼ਨ ਨੂੰ ਪੁਤਲਿਆਂ ਨਾਲ ਕਿਸੇ ਕਿਸਮ ਦੀ ਛੇੜਛਾੜ ਕਰਨ ਤੋਂ ਸਖਤੀ ਨਾਲ ਵਰਜਦਿਆਂ ਸ਼ਾਮ ਨੂੰ ਹੋਣ ਵਾਲੇ ਇਕੱਠ ਦਾ ਮਹੌਲ ਤਿਆਰ ਕਰਨ ਵਿਚ ਮਹੱਤਵਪੂਰਨ ਰੋਲ ਨਿਭਾਇਆ। ਵੱਖ ਵੱਖ ਜੱਥੇਬੰਦੀਆਂ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਹਜਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਸ਼ਰੂਤੀ ਦੇ ਪਿਤਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉ ਨੂੰ ਪੰਜਾਬ ਸਰਕਾਰ ਜਾਂ ਪੁਲਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਉਸ ਨੇ ਘਟਨਾ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ। 
ਜ਼ਿਲ੍ਹਾ ਬਠਿੰਡਾ ਵਿਚ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਟੀਚਰਜ਼ ਹੋਮ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਾਜਾਰਾਂ ਵਿਚ ਰੋਸ ਮਾਰਚ ਕੀਤਾ ਅਤੇ ਮਿੰਨੀ ਸਕੱਤਰੇਤ ਅੱਗੇ ਜਾ ਕੇ ਪੁਲਸ ਸਿਆਸੀ ਗੁੰਡਾ ਗੱਠਜੋੜ ਦੇ ਪੁਤਲੇ ਫੂਕੇ। ਸੈਂਕੜੇ ਲੋਕਾਂ ਦੇ ਇਕੱਠ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਡੈਮੋਕਰੇਟਿਕ ਟੀਚਰਜ਼ ਫਰੰਟ,  ਪੀ.ਐਸ ਯੂ (ਸ਼ਹੀਦ ਰੰਧਾਵਾ) ਅਤੇ ਹੋਰ ਵੱਖ ਵੱਖ ਜਥੇਬੰਦੀਆਂ ਸਮੇਤ ਲੋਕ ਮੋਰਚਾ ਪੰਜਾਬ ਵੀ ਸ਼ਾਮਲ ਹੋਏ। 
ਮਹਿਲ ਕਲਾਂ ਅਤੇ ਜੈਤੋ ਵਿਚ ਵੀ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਮਾਨਸਾ ਵਿਚ ਦੋ ਲੜਕੀਆਂ ਨੇ ਆਪ ਪੁਤਲਿਆਂ ਨੂੰ ਅੱਗ ਲਗਾਈ। ਬਰਨਾਲਾ ਵਿੱਚ ਦੋ ਵੱਖ ਵੱਖ ਥਾਵਾਂ 'ਤੇ ਪੁਤਲੇ ਸਾੜੇ ਗਏ। ਲੰਬੀ ਵਿਚ ਭਾਰੀ ਗਿਣਤੀ ਵਿਚ ਸੈਂਕੜੇ ਕਿਸਾਨਾਂ, ਮਜਦੂਰਾਂ, ਆਰ ਐਮ ਪੀ ਡਾਕਟਰਾਂ ਅਤੇ ਨੌਜਵਾਨਾਂ ਨੇ ਰੋਸ ਰੈਲੀ ਕਰਨ ਮਗਰੋਂ ਭਾਰੀ ਗਿਣਤੀ ਵਿੱਚ ਤਾਇਨਤ ਕੀਤੀ ਪੁਲਸ ਦੀ ਹਾਜ਼ਰੀ 'ਚ ਪੁਲਸ ਸਿਆਸੀ ਗੁੰਡਾ ਗਰੋਹ ਦੇ ਪੁਤਲੇ ਸਾੜੇ।
ਹੁਣ ਸਰਕਾਰੀ ਗ੍ਰਿਫਤ ਵਿੱਚ ਵਿਲਕ ਰਹੀ ਸ਼ਰੂਤੀ
ਸ਼ਰੂਤੀ ਨੂੰ ਬਰਾਮਦ ਕਰਨ ਤੋਂ ਬਾਅਦ ਚੀਫ ਜੁਡੀਸ਼ਲ ਮੈਜਿਸਟਰੇਟ ਦੇ ਸਾਹਮਣੇ ਸਭਨਾਂ ਦੀ ਹਾਜਰੀ ਵਿਚ ਦਿੱਤੇ ਉਸ ਦੇ ਬਿਆਨ ਨੂੰ ਪੁਲਸੀ ਦਬਾਅ ਹੇਠ ਬਦਲਿਆ ਗਿਆ। ਮੈਡੀਕਲ ਜਾਂਚ ਕਰਾਉਣ ਸਬੰਧੀ ਸ਼ਾਰੂਤੀ ਦੀ ਕਦੇ ਹਾਂ, ਤੇ ਕਦੇ ਨਾਂਹ, ਪੁਲਸੀ ਦਬਾਅ ਦਾ ਸਪਸ਼ਟ ਸੰਕੇਤ ਹੈ। ਸ਼ਰੂਤੀ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰਨ ਦੇ ਪੁਲਸ ਅਧਿਕਾਰੀਆਂ ਵੱਲੋਂ ਕੀਤੇ ਵਾਅਦੇ ਭੁੱਲ ਭੁਲਾ ਦਿਤੇ ਗਏ ਹਨ। ਸ਼ਰੂਤੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰਨਾ ਤਾਂ ਦੂਰ ਉਸ ਨੂੰ ਮਾਪਿਆਂ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ ਅਤੇ ਪੁਲਸੀ ਗ੍ਰਿਫਤ ਹੇਠ ਜਲੰਧਰ ਨਾਰੀ ਨਿਕੇਤਨ ਭੇਜ ਦਿਤਾ ਗਿਆ। ਨਾਰੀ ਨਿਕੇਤਨ ਦੇ ਸਟਾਫ ਵੱਲੋਂ ਅਜਿਹੇ ਸੰਗੀਨ ਮਸਲੇ 'ਚ ਆਈ ਹੋਈ ਲੜਕੀ ਨੂੰ ਰੱਖਣ ਤੋਂ ਇਨਕਾਰ ਕਰਨ 'ਤੇ ਉਥੇ ਪੁਲਸੀ ਪਹਿਰਾ ਲਗਾ ਦਿਤਾ ਗਿਆ। ਯਾਨੀ ਗੁੰਡਾ ਗਰੋਹ ਦੇ ਕਬਜੇ 'ਚੋ ਕੱਢ ਕੇ ਹੁਣ ਸ਼ਰੂਤੀ ਨੂੰ ਸਰਕਾਰ ਨੇ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਉਸ ਨੂੰ ਮਿਲਣ ਗਏ ਮਾਪਿਆਂ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਗਈ। ਪੁਲਸੀ ਮੌਜੂਦਗੀ ਵਿਚ ਉਸ ਦੀ ਮਾਤਾ ਨੂੰ ਸਿਰਫ ਦੋ ਮਿੰਟ ਮਿਲਣ ਦਿੱਤਾ ਗਿਆ, ਜਿਸ ਦੌਰਾਨ ਮਾਂ ਧੀ ਗਲੇ ਲੱਗ ਕੇ ਰੋਂਦੀਆਂ ਰਹੀਆਂ। ਏਨੇ ਨੂੰ ਮਿਲਣ ਦਾ ਸਮਾਂ ਸਮਾਪਤ ਹੋ ਗਿਆ। 
ਸਰਕਾਰ ਅਤੇ ਉਸਦੀ ਪੁਲਸ ਨੇ ਜੋ ਸਖਤੀ ਸ਼ਰੂਤੀ ਦੇ ਆਪਣੇ ਮਾਪਿਆਂ ਨਾਲ ਮਿਲਣ-ਮਿਲਾਣ 'ਤੇ ਲਗਾਈ ਹੋਈ ਹੈ, ਅਜਿਹੀ ਸਖਤੀ ਤਾਂ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਕਤਲਾਂ ਵਰਗੇ ਸੰਗੀਨ ਦੋਸ਼ਾਂ ਦੇ ਕਿਸੇ ਅਪਰਾਧੀ 'ਤੇ ਵੀ ਨਹੀਂ ਲਗਾਈ ਜਾਂਦੀ। ਇਸ ਘੋਰ ਹਨੇਰਗਰਦੀ ਖਿਲਾਫ ਸੰਘਰਸ਼ ਕਮੇਟੀ ਨੇ ਇੱਕ ਵੱਡਾ ਜੱਥਾ ਲੈ ਕੇ ਨਾਰੀ ਨਿਕੇਤਨ ਸ਼ਰੂਤੀ ਨੂੰ ਮਿਲਣ ਜਾਣ ਦੇ ਐਲਾਨ ਦੇ ਨਾਲ ਪੁਲਸ ਵੱਲੋਂ ਨਾ ਮਿਲਣ ਦੇਣ ਦੀ ਹਾਲਤ 'ਚ ਉਥੇ ਧਰਨਾ ਮਾਰਨ ਦਾ ਐਲਾਨ ਕਰ ਦਿੱਤਾ। 
ਅਗਲੇ ਦਿਨ ਸ਼ਰੂਤੀ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਪੁਲਸੀ ਪਹਿਰੇ ਹੇਠ ਚੋਰੀ ਛਿਪੇ ਰਾਤ ਦੇ ਹਨੇਰੇ 'ਚ ਫਰੀਦਕੋਟ ਲਿਆ ਕੇ, ਜੱਜ ਦੇ ਪੇਸ਼ ਕਰਕੇ, ਮੈਡੀਕਲ ਬੋਰਡ ਵੱਲੋਂ ਜਾਂਚ ਦੇ ਹੁਕਮ ਪ੍ਰਾਪਤ ਕੀਤੇ ਗਏ। ਪਤਾ ਲਗਣ 'ਤੇ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਅੱਗੇ ਧਰਨਾ ਮਾਰ ਲਿਆ। ਪੁਲਸ ਹਸਪਤਾਲ ਦੇ ਪਿਛਲੇ ਦਰਵਾਜੇ ਰਾਹੀਂ ਸ਼ਰੂਤੀ ਨੂੰ ਲੈ ਕੇ ਫਰਾਰ ਹੋ ਗਈ। 
ਸੰਘਰਸ਼ ਕਮੇਟੀ ਵੱਲੋਂ ਨਾਰੀ ਨਿਕੇਤਨ ਅੱਗੇ ਧਰਨ ਮਾਰਨ ਦੇ ਕੀਤੇ ਐਲਾਨ ਤੋਂ ਘਬਰਾਹਟ ਮੰਨਦਿਆਂ ਸਰਕਾਰ ਨੂੰ ਸ਼ਰੂਤੀ ਦੇ ਮਾਪਿਆਂ ਨੂੰ ਜਲੰਧਰ ਬੁਲਾ ਕੇ ਸ਼ਰੂਤੀ ਨੂੰ ਮਿਲਾਉਣ ਦਾ ਇੱਕ ਹੋਰ ਡਰਾਮਾ ਕਰਨਾ ਪਿਆ ਹੈ। ਸ਼ਰੂਤੀ ਦੀ ਮਾਂ ਵੱਲੋਂ ਮੰਗ ਕਰਨ 'ਤੇ ਉਸਨੂੰ ਅਲੱਗ ਮਿਲਣ ਦੀ ਇਜਾਜ਼ਤ ਵੀ ਦੇਣੀ ਪਈ ਹੈ। ਸ਼ਰੂਤੀ ਦੀ ਮਾਂ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਰੂਤੀ ਬਹੁਤ ਡਰੀ ਹੋਈ ਸੀ ਅਤੇ ਉਹ ਘਰ ਆਉਣਾ ਚਾਹੁੰਦੀ ਸੀ। ਇਹ ਸਾਰਾ ਘਟਨਾਕਰਮ ਇਸ ਗੱਲ ਦੀ ਸਪਸ਼ਟ ਗਵਾਹੀ ਭਰਦਾ ਹੈ ਕਿ ਸ਼ਰੂਤੀ ਨੂੰ ਹੁਣ ਗੁੰਡਿਆਂ ਦੀ ਥਾਂ ਸਰਕਾਰ ਨੇ ਅਗਵਾ ਕੀਤਾ ਹੋਇਆ ਹੈ। 
ਕੁੜਿੱਕੀ 'ਚ ਫਸੀ ਬਾਦਲ ਸਰਕਾਰ
ਪਹਿਲਾਂ ਹੀ ਬਾਦਲ ਸਰਕਾਰ ਨੂੰ, ਦਿਨੋ ਦਿਨ ਚੇਤੰਨ ਹੋ ਰਹੇ ਮਿਹਨਤਕਸ਼ ਅਤੇ ਇਨਸਾਫ ਪਸੰਦ ਲੋਕਾਂ ਦਾ ਵਾਰ ਵਾਰ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਲੋਕ ਵਿਰੋਧੀ ਅਤੇ ਕੌਮ-ਵਿਰੋਧੀ ਕਾਲੇ ਕਾਰਨਾਮਿਆਂ ਕਰਕੇ ਉਸ ਨੂੰ ਥਾਂ ਥਾਂ ਕਿਸਾਨਾਂ ਮਜਦੂਰਾਂ ਅਤੇ ਹੋਰ ਅਨੇਕਾਂ ਵਰਗਾਂ ਦੇ ਲੋਕਾਂ ਦੇ ਦਿਨੋ ਦਿਨ ਤਿੱਖੇ ਹੋ ਰਹੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਲੋਕ-ਵਿਰੋਧੀ ਸਰਕਾਰ ਹੁੰਦਿਆਂ ਵੀ ਇਹ ਆਪਣੀਆਂ ਸਿਆਸੀ ਕਦਰਾਂ ਕੀਮਤਾਂ ਤੋਂ ਬੁਰੀ ਤਰ੍ਹਾਂ ਗਿਰ ਚੁੱਕੀ ਹੈ ਅਤੇ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਸਮਾਜਿਕ ਹਿੱਸਿਆਂ 'ਚੋਂ ਆਪਣੀ ਰਹਿੰਦੀ-ਖੂੰਹਦੀ ਪੜਤ ਵੀ ਗੁਆ ਚੁੱਕੀ ਹੈ। ਸ਼ਰੂਤੀ ਅਗਵਾ ਕਾਂਡ ਨੇ ਇਸ ਦੀ ਅਜਿਹੀ ਹਾਲਤ ਨੂੰ ਸਿਰੇ ਲਾ ਦਿੱਤਾ ਹੈ। ਦੋਵਾਂ ਬਾਦਲਾਂ ਵੱਲੋਂ ਫਰੀਦਕੋਟ ਆਉਣ ਦੀ ਹਿੰਮਤ ਨਾ ਕਰ ਸਕਣਾ ਇਸ ਦੀ ਸਪਸ਼ਟ ਉਘੜਵੀਂ ਮਿਸਾਲ ਹੈ। 
ਦਰਅਸਲ, ਅਕਾਲੀ ਭਾਜਪਾ ਸਰਕਾਰ ਅਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰ ਵੱਖ ਵੱਖ ਸੰਗੀਨ ਅਪਰਾਧਾਂ ਦੇ ਧੱਬਿਆਂ ਨਾਲ ਭਰੇ ਹੋਏ ਨਿਸ਼ਾਨ ਸਿੰਘ ਨੂੰ ਸੁਰੱਖਿਆ ਛਤਰੀ ਮਹੱਈਆ ਕਰਨ ਲਈ ਅਤੇ ਅਜਿਹੇ ਸਿਰੇ ਤੱਕ ਦੀ ਹਾਕਮ ਜਮਾਤੀ ਵਫਾਦਾਰੀ ਦਾ ਸਨੇਹਾ ਦੇਣ ਲਈ ਸਿਰ ਪਰਨੇ ਹੋ ਰਹੀ ਹੈ। ਪਰ ਅਜਿਹਾ ਕਰਦੀ ਹੋਈ ਆਪਣੇ ਆਵਦੇ 'ਤੇ ਇਸ ਤੋਂ ਵੀ ਵਧੇਰੇ ਡੂੰਘੇ ਧੱਬੇ ਲੁਆਉਣ ਦੇ ਰਾਹ ਪਈ ਹੋਈ ਹੈ ਅਤੇ ਲੋਕ-ਰੋਹ ਦੀਆਂ ਹੋਰ ਤਿੱਖੀਆਂ ਉਠਾਣਾਂ ਨੂੰ ਸੱਦਾ ਦੇ ਰਹੀ ਹੈ। ਪਰ ਤਾਕਤ ਦੇ ਨਸ਼ੇ  ਦੇ ਨਸ਼ੇ ਅੰਨ੍ਹੇ ਬਾਦਲ ਪ੍ਰਵਾਰ ਨੂੰ ਆਪਣੇ ਰਾਜ ਭਾਗ ਦੀ ਸਲਾਮਤੀ ਲਈ ਏਹੀ ਰਾਹ ਠੀਕ ਲਗਦਾ ਹੈ। ਉਹਨਾਂ ਦੀ ਜਾਚੇ ਉਹ ਇਸ ਰਾਹ ਤੇ ਚੱਲ ਕੇ ਹੀ ਪੰਜਾਬ 'ਤੇ ''25 ਸਾਲ'' ਰਾਜ ਕਰ ਲੈਣਗੇ।
ਸ਼ਰੂਤੀ ਅਗਵਾ ਕਾਂਡ ਵਿਰੋਧੀ ਸੰਘਰਸ਼, ਇਕ ਪੰਜਾਬ ਪੱਧਰੇ ਸੰਘਰਸ਼ 'ਚ ਵਟ ਜਾਣ ਦੀਆਂ ਸੰਭਾਵਨਾਵਾਂ ਸਮੋਈ ਬੈਠਾ ਹੈ। ਵਿਸ਼ਾਲ ਜਨਤਕ ਰੋਹ ਦੀ ਕੁੜਿੱਕੀ 'ਚ ਫਸੀ ਅਕਾਲੀ ਭਾਜਪਾ ਸਰਕਾਰ ਸਾਲ ਸਵਾ ਸਾਲ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜਰ ਅਜਿਹੀ ਸਥਿਤੀ ਤੋਂ ਬਚਣਾ ਚਾਹੁੰਦੀ ਹੈ। ਪਰ ਗੁੰਡਾ ਗਰੋਹ ਨਾਲ ਵਫਾਦਾਰੀ ਪੁਗਾਉਣ ਦੇ ਆਪਣੇ ਕਰਮਾਂ-ਧਰਮਾਂ 'ਚ ਉਹ ਜਿਥੋਂ ਤੱਕ ਅੱਗੇ ਵਧ ਚੁੱਕੀ ਹੈ, ਉਸ ਦੇ ਨਿਕਲਣ ਲਈ ਕੋਈ ਰਾਹ ਨਹੀਂ ਹੈ। ਜੇ ਸ਼ਰੂਤੀ ਮਾਪਿਆਂ ਦੇ ਸਪੁਰਦ ਨਹੀਂ ਕੀਤੀ ਜਾਂਦੀ ਤਾਂ ਲੋਕ ਰੋਹ ਠੰਢਾ ਨਹੀਂ ਹੁੰਦਾ। ਜੇ ਸਪੁਰਦ ਕਰ ਦਿੱਤੀ ਜਾਂਦੀ ਹੈ ਤਾਂ ਪਤਾ ਨਹੀਂ ਉਹ ਕਿਹੜੇ ਕਿਹੜੇ ਅਕਾਲੀ ਆਗੂਆਂ ਦੇ ਕਿਥੋਂ ਤੱਕ ਪੋਤੜੇ ਫਰੋਲ ਮਾਰੇ।  ਭਾਵੇਂ ਬਜ਼ੁਰਗ ਬਾਦਲ ਦਾ ਸ਼ਰੂਤੀ ਨੂੰ ਆਪਣੇ ਹੱਥੀਂ ਮਾਪਿਆਂ ਦੇ ਸਪੁਰਦ ਕਰਨ ਦਾ ਪੈਂਤੜਾ ਕੁੱਟਿਆ ਗਿਆ ਹੈ। ਤਾਂ ਵੀ ਸਿਆਸਤ ਦੇ ਆਪਣੇ ਉਮਰ ਭਰ ਦੇ ਤਜਰਬੇ 'ਚੋਂ ਸੰਘਰਸ਼ ਨੂੰ ਢਾਹ ਲਾਉਣ ਲਈ ਅਤੇ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਸ਼ਹਿਰਾਂ ਤੱਕ ਰੋਜ਼ ਦਿਹਾੜੀ ਹੋ ਰਹੀ ਆਪਣੀ ਤੋਏ ਤੋਏ ਨੂੰ ਬੰਦ ਕਰਨ ਲਈ ਉਹ ਕੋਈ ਪੱਤਾ ਖੇਡ ਸਕਦਾ ਹੈ। 
ਇਸ ਹਾਲਤ ਵਿੱਚ ਵੱਧ ਤੋ ਵੱਧ ਚੌਕਸੀ ਬਰਕਰਾਰ ਰੱਖਦਿਆਂ ਸੰਘਰਸ਼ ਕਮੇਟੀ ਲਈ ਵੀ ਆਪਣਾ ਸੰਘਰਸ਼ ਜਾਰੀ ਰੱਖਣ ਤੇ ਅੱਗੇ ਵਧਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਤਾਜਾ ਖਬਰਾਂ ਅਨੁਸਾਰ ਸੰਘਰਸ਼ ਕਮੇਟੀ ਅਤੇ ਸ਼ਰੂਤੀ ਦੇ ਮਾਪੇ ਸੰਘਰਸ਼ 'ਚ ਡਟੇ ਹੋਏ ਹਨ। ਵੱਖ ਵੱਖ ਕਿਸਾਨ ਮਜ਼ਦੁਰ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਸੰਘਰਸ਼ ਦੀ ਡਟਵੀਂ ਹਮਾਇਤ ਵਿੱਚ ਉੱਤਰੀਆਂ ਹੋਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 55000 ਦੀ ਗਿਣਤੀ ਵਿਚ ਇੱਕ ਹੱਥ ਪਰਚਾ ਛਪਾ ਕੇ ਸੂਬੇ ਦੇ ਵੱਖ ਵਖ ਸ਼ਹਿਰਾਂ 'ਚ ਵੰਡਿਆ ਜਾ ਰਿਹਾ ਹੈ। ਨੌਜਵਾਨਾਂ ਦੀਆਂ ਵੱਡੀਆਂ ਟੀਮਾਂ ਇਸ ਨੂੰ ਵੰਡਣ ਲਈ ਉਹਸ਼ਾਹ ਨਾਲ ਅੱਗੇ ਆ ਰਹੀਆਂ ਹਨ। 5 ਨਵੰਬਰ ਨੂੰ ਜਿਲਾ ਪੱਧਰਾਂ 'ਤੇ ਰੈਲੀਆਂ ਮੁਜਾਹਰੇ ਅਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਸਲਾਹਕਾਰ-ਬੈਂਸ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਹੋਇਆ ਹੈ। 9 ਨਵੰਬਰ ਨੂੰ ਵੱਖ ਵੱਖ ਜਨਤਕ ਜੱਥੇਬੰਦੀਆਂ ਵੱਲੋਂ ਬਠਿੰਡੇ ਸ਼ਹਿਰ 'ਚ ਇੱਕ ਵਿਸ਼ਾਲ ਮੁਜਾਹਰਾ ਕੀਤਾ ਜਾਣਾ ਹੈ।   -੦-

No comments:

Post a Comment