ਕਾਮਰੇਡ ਸਟਾਲਿਨ ਬਾਰੇ ਟਿੱਪਣੀਆਂ
ਜਨਤਾ ਦਾ ਸ਼ਗਿਰਦਇਹ ਸੱਚ ਹੈ ਕਿ ਸਟਾਲਿਨ ਨੇ ਜਨਤਾ ਤੋਂ ਸਿੱਖਿਆ ਗ੍ਿਰਹਣ ਕੀਤੀ ਸੀ। ਉਸ ਸਮੇਂ ਵੀ, ਜਦੋਂ ਉਹ ਜਨ ਸਮੂਹ ਨੂੰ ਸਿਖਾ ਰਹੇ ਹੁੰਦੇ ਸਨ, ਤਾਂ ਉਹਨਾਂ ਤੋਂ ਸਿੱਖ ਵੀ ਰਹੇ ਹੁੰਦੇ ਸਨ। ਇਸੇ ਤੋਂ ਉਨ੍ਹਾਂ ਦੀ ਸਮਝ ਅਤੇ ਗਿਆਨ ਦੇ ਵਿਸ਼ਾਲ ਘੇਰੇ ਦੀ ਉਸਾਰੀ ਹੋਈ ਸੀ ।
ਯੂਕਰੇਨ ਦੀ ਇੱਕ ਔਰਤ ਮਾਰੀਆ ਛੇਮਚੈਂਕੋ ਦੀ ਰੋਚਕ ਕਹਾਣੀ ਦਾ ਜਿਕਰ ਕੀਤਾ ਜਾ ਸਕਦਾ ਹੈ। ਉਸਨੇ ਚੁਕੰਦਰ ਦੀ ਪ੍ਰਤੀ ਏਕੜ ਪੈਦਾਵਾਰ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਉਸਨੂੰ ਇਕ ਫਾਰਮ ਤੋਂ ਦੂਸਰੇ ਫਾਰਮ ਤੱਕ ਇਸ ਗੱਲ ਦੇ ਪ੍ਰਚਾਰ ਲਈ ਬੁਲਾਇਆ ਜਾਂਦਾ ਸੀ ਕਿ ਉਸ ਨੇ ਏਨੀ ਪੈਦਾਵਾਰ ਕਿਵੇਂ ਸੰਭਵ ਬਣਾਈ। ਅੰਤ ਉਸ ਨੂੰ ਮਾਸਕੋ ਤੋਂ ਸਟਾਲਿਨ ਨਾਲ ਗੱਲਬਾਤ ਦਾ ਸੱਦਾ ਮਿਲਿਆ। ਇਹ ਦ੍ਰਿਸ਼ ਅਜੇ ਤੱਕ ਉਸ ਦੀਆਂ ਯਾਦਾਂ 'ਚ ਉੱਕਰਿਆ ਹੋਇਆ ਹੈ। ਉਸ ਦੇ ਆਪਣੇ ਭਾਵਪੂਰਨ ਸ਼ਬਦਾਂ 'ਚ, ''ਮੈਂ ਆਪਣੀਆਂ ਅੱਖਾਂ ਨਾਲ ਆਗੂਆਂ ਨੂੰ ਦੇਖਣ ਲਈ ਮਾਸਕੋ ਆਉਣਾ ਚਾਹੁੰਦੀ ਸੀ।'' ਇਸ 'ਤੇ ਸਟਾਲਿਨ ਨੇ ਜਵਾਬ ਦਿੱਤਾ, ''ਪਰ ਹੁਣ ਤੁਸੀਂ ਵੀ ਇੱਕ ਆਗੂ ਹੋ।'' ਇਸ 'ਤੇ ਸਾਰਿਆਂ ਦਾ ਗਲਾ ਭਰ ਆਇਆ। ਬੜੀ ਮੁਸ਼ਕਲ ਨਾਲ ਉਹ ਇੰਨਾ ਹੀ ਕਹਿ ਸਕੀ, ''ਇੰਝ ਹੀ ਸਹੀ।''
ਸੋਵੀਅਤ ਯੂਨੀਅਨ ਦੇ ਤੇਜ ਵਿਕਾਸ ਦੇ ਰਾਹ 'ਤੇ ਅਜਿਹੇ ਹਜਾਰਾਂ ਆਗੂ ਸਾਹਮਣੇ ਆਏ ਹਨ। ਜਿਸਨੇ ਜਿਹੜੇ ਵੀ ਵਿਸ਼ਾਲ ਕਾਰਜ -ਖੇਤਰ ਵਿਚ ਸਰਵÀੁੱਚ ਮੁਹਾਰਤ ਦਿਖਾਈ ਉਸ ਨੂੰ ਉਨੇ ਹੀ ਉਚੇ ਪੱਧਰ ਦਾ ਆਗੂ ਮੰਨਿਆਂ ਗਿਆ। ਉਨ੍ਹਾਂ ਸਭਨਾਂ ਤੋਂ ਸਟਾਲਿਨ ਅਤੇ ਸਟਾਲਿਨ ਦੇ ਕਿਰਦਾਰ ਨੇ ਮੂਰਤ ਰੂਪ ਗ੍ਿਰਹਣ ਕੀਤਾ। ਉਨ੍ਹਾਂ ਦੀ ਸੂਖਮ ਵਿਸ਼ਲੇਸ਼ਣ ਦੀ ਸਮਰੱਥਾ ਅਤੇ ਅਸੀਮਤ ਗਿਆਨ ਸਿੱਖਿਆ, ਪੁਲਾੜ ਵਗਿਆਨ ਅਤੇ ਯੁੱਧ ਖੇਤਰਾਂ ਵਰਗੇ ਸਭਨਾ ਖੇਤਰਾਂ 'ਚ ਪਰਗਟ ਹੋਈ। ਰਿਕਾਰਡ ਤੋੜਨ ਵਾਲੀ ਗੁਆਲਣ ਤੋਂ ਲੈ ਕੇ ਵਿਗਿਆਨੀਆਂ ਦੇ ਉਸ ਭਾਈਚਾਰੇ ਤੱਕ ਜਿਸ ਨੇ ਮੱਧ ਏਸ਼ੀਆ ਦੇ ਮਾਰੂਥਲ ਨੂੰ ਸਾਗਰ ਵਿੱਚ ਬਦਲ ਦਿੱਤਾ ਸੀ ਅਤੇ ਪ੍ਰਮਾਣੂ ਵਿਸਫੋਟ ਕੀਤਾ ਸੀ, ਜਾਂ ਉਨ੍ਹਾਂ ਖਾਣ ਮਜਦੂਰਾਂ ਨਾਲ ਜਿਨ੍ਹਾਂ ਨੇ ਧਰਤੀ 'ਚੋਂ ਕੋਲਾ ਕੱਢਣ ਦਾ ਨਵਾਂ ਢੰਗ ਖੋਜ ਵਿਖਾਇਆ ਸੀ, ਸਟਾਲਿਨ ਦਾ ਨਿਸਚਿਤ ਅਤੇ ਵਿਸ਼ਾਲ ਸੰਪਰਕ ਸੀ।
ਇੰਜ ਨਹੀਂ ਸੀ ਕਿ ਸਟਾਲਨ ਨੂੰ ਸਭ ਕੁੱਝ ਆਪਣੇ ਹੀ ਦਿਮਾਗ 'ਚੋਂ ਔੜਦਾ ਸੀ। ਉਹ ਮਾਹਿਰਾਂ ਦੀ ਸਭਾ, ਵਿਗਿਆਨ ਅਕੈਡਮੀ, ਟ੍ਰੇਡ ਯੂਨੀਅਨਾਂ ਦੀ ਕਾਂਗਰਸ ਅਤੇ ਸਨੱੱਅਤੀ ਖੇਤਰ ਦੇ ਪ੍ਰਮੁੱਖ ਕਾਰਕੁਨਾਂ ਦੇ ਦਿਮਾਗਾਂ ਨਾਲ ਵੀ ਸੋਚਦੇ ਸਨ।
ਏਮਲ ਲੁਡਵਿਗ ਨੇ ਸਟਾਲਿਨ ਤੋਂ ਪੁਛਿੱਆ ਸੀ-ਸੋਵੀਅਤ ਸੰਘ 'ਚ ਇੱਕ ਡਾਇਰੈਕਟਰ ਕਿਵੇਂ ਨਿਰਣਾ ਕਰਦਾ ਹੈ? ਸਟਾਲਿਨ ਨੇ ਇਸ ਦਾ ਜਵਾਬ ਦਿੱਤਾ ਸੀ, ''ਇਕ ਵਿਅਕਤੀ ਸਹੀ ਨਿਰਣਾ ਨਹੀਂ ਲੈ ਸਕਦਾ। ਅਨੁਭਵ ਕੇਵਲ ਵਿਅਕਤੀ ਨੂੰ ਸਹੀ ਫੈਸਲੇ ਲੈਣ ਲਈ ਸਿੱਖਿਅਤ ਕਰਦਾ ਹੈ ਪਰ ਇਸ 'ਚ ਕਈ ਤਰੁਟੀਆਂ ਰਹਿ ਜਾਂਦੀਆਂ ਹਨ। ਦੂਸਰਿਆਂ ਰਾਹੀਂ ਇਹ ਗਲਤੀਆਂ ਪਕੜ 'ਚ ਆਉਦੀਆਂ ਹਨ।'' ਵਿਗਿਆਨੀ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ।
(ਇੰਗਲੈਂਡ ਦੇ ਧਾਰਮਿਕ ਨੇਤਾ ਅਤੇ ਸੰਸਾਰ ਅਮਨ ਲਹਿਰ ਦੇ ਕਾਰਕੁਨ ਡੀਨ-ਆਫ-ਕੈਂਟਰਬਰੀ, ਆਰ. ਵੀ. ਜਾਨਸਨ ਵੱਲੋਂ ਬ੍ਰਿਟਿਸ਼-ਸੋਵੀਅਤ-ਫਰੈਂਡਸ਼ਿਪ ਸੋਸਾਇਟੀ ਦੇ 18 ਅਪ੍ਰੈਲ 1953 ਨੂੰ ਹੋਏ ਵਰਸ਼ਿਕ ਮਹਾਂ-ਸੰਮੇਲਨ 'ਚ ਦਿੱਤੇ ਭਾਸਣ ਦਾ ਇੱਕ ਹਿੱਸਾ।)
ਜੰਗ ਨੂੰ ਨਫਰਤ ਕਰਨ ਵਾਲਾ ਮਹਾਨ ਸੈਨਾਪਤੀ
ਸਾਡੇ ਦੁਸ਼ਮਣਾਂ ਨੇ ਸੋਚਿਆ ਸੀ ਕਿ ਇਸ ਮਹਾਨ ਸ਼ੋਕ 'ਚ ਸਾਡਾ ਕੋਈ ਸਾਥੀ ਨਹੀਂ ਰਹੇਗਾ। ਬਿਨਾ ਸ਼ੱਕ, ਸਾਡਾ ਸ਼ੋਕ ਅਜਿਹਾ ਹੈ ਜਿਸਨੂੰ ਸ਼ਬਦਾਂ ਵਿਚ ਨਹੀਂ ਦੱਸਿਆ ਜਾ ਸਕਦਾ। ਕਮੀਨੇ ਲੋਕ ਜੋ ਹਰ ਚੀਜ ਦਾ ਮੁੱਲ ਡਾਲਰਾਂ ਅਤੇ ਸੈਂਟਾਂ ਵਿੱਚ ਅੰਗਦੇ ਹਨ, ਕਦੇ ਨਹੀਂ ਸਮਝ ਸਕਦੇ ਕਿ ਅਜਿਹੇ ਆਦਮੀ ਨੂੰ ਖੋ ਦੇਣ ਦੇ ਕੀ ਅਰਥ ਹੁੰਦੇ ਹਨ। ਪਰ ਇਨ੍ਹਾਂ ਕਠਨ ਦਿਨਾਂ 'ਚ ਹੀ, ਸ਼ਾਇਦ ਪਹਿਲੀ ਵਾਰ ਅਸੀਂ ਦੇਖਿਆ ਕਿ ਸਾਡੇ ਮਿੱਤਰ ਕਿੰਨੇ ਹਨ ਅਤੇ ਸਾਡਾ ਸ਼ੋਕ ਮਨੁੱਖ ਜਾਤੀ ਦਾ ਸ਼ੋਕ ਬਣ ਗਿਆ ਹੈ।
ਬਰਾਜ਼ੀਲ ਦਾ ਖੇਤ ਮਜ਼ਦੂਰ ਜੋ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਮਾਸਕੋ ਦੇ ਬਾਜਾਰਾਂ ਦੀ ਸ਼ਕਲ ਕਿਹੋ ਜਿਹੀ ਹੈ ਜਾਂ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਜੀਵਨ ਬਿਤਾਉਂਦੇ ਹਨ। ਜੋ ਰੂਸੀਆਂ ਨੂੰ ਕਦੇ ਨਹੀਂ ਮਿਲਿਆ, ਜਿਸ ਨੇ ਕਦੇ ਬਰਫ ਨਹੀਂ ਦੇਖੀ, ਜੋ ਨਹੀਂ ਜਾਣਦਾ ਕਿ ਛੁੱਟੀਆਂ ਦਾ ਆਰਾਮ ਘਰ ਕਿਹੋ ਜਿਹਾ ਹੁੰਦਾ ਹੈ, ਜੋ ਹੁਣ ਵੀ ਸਵੇਰ ਤੋਂ ਸ਼ਾਮ ਤੱਕ ਹੱਡ ਤੋੜਦਾ ਹੈ। ਜਿਵੇਂ ਸਦੀਆਂ ਪਹਿਲਾਂ ਹੁੰਦਾ ਸੀ ਅਤੇ ਜਿਸ ਦੀ ਖੁਸ਼ੀ ਦੇ ਦੁਰਲੱਭ ਪਲ ਬਹੁਤ ਹੀ ਨਿਗੂਣੇ ਹੁੰਦੇ ਹਨ। ਪਰ ਹਰ ਮਿਹਨਤ ਕਰਨ ਵਾਲੇ ਵਾਂਗ ਉਸ ਦਾ ਦਿਲ ਬਹੁਤ ਵੱਡਾ ਹੈ। ਉਸ ਦੇ ਦਿਲ 'ਤੇ ਉਸ ਆਦਮੀ ਬਾਰੇ ਸ਼ਬਦ ਉੱਕਰੇ ਹੋਏ ਹਨ ਜੋ ਦੁਨੀਆਂ ਦੇ ਦੂਸਰੇ ਹਿੱਸੇ 'ਚ ਰਹਿੰਦਾ ਹੈ ਅਤੇ ਜੋ ਸਭ ਲੋਕਾਂ ਦੀ ਖੁਸ਼ਹਾਲੀ ਚਾਹੁੰਦਾ ਹੈ। ਦੁਬਲਾ ਪਤਲਾ ਕਾਲੇ ਰੰਗ ਦਾ ਇਹ ਖੇਤ ਮਜਦੂਰ ਜਾਣਦਾ ਹੈ ਕਿ ਮਾਸਕੋ ਨਾਂ ਦਾ ਇੱਕ ਸ਼ਹਿਰ ਹੈ ਜਿੱਥੇ ਸਟਾਲਿਨ ਨਾਂ ਦਾ ਇੱਕ ਮਨੁੱਖ ਰਹਿੰਦਾ ਹੈ, ਜਿਸ ਕੋਲੋਂ ਉਸ ਖੇਤ ਮਜਦੂਰ ਨੂੰ ਜਿਉਂਦਾ ਰਹਿਣ ਵਿੱਚ ਮਦਦ ਮਿਲੀ। ਜਿਸ ਤੋਂ ਉਸ ਨੂੰ ਆਪਣੇ ਮੋਢਿਆਂ ਨੂੰ ਸਿੱਧੇ ਕਰਨ 'ਚ ਸਹਾਰਾ ਮਿਲਿਆ।
ਅਜਿਹੀਆਂ ਕਿਤਾਬਾਂ ਹਨ ਜੋ ਦਿਲ ਹਿਲਾ ਕੇ ਰੱਖ ਦਿੰਦੀਆਂ ਹਨ। ਇਟਲੀ ਅਤੇ ਫਰਾਂਸ ਦੇ ਫਾਂਸੀ ਚੜ੍ਹਨ ਵਾਲੇ ਕਮਿਊਨਿਸਟਾਂ ਦੇ ਖਤ, ਫਾਸ਼ਿਜਮ ਦੇ ਖਿਲਾਫ ਸੰਘਰਸ਼ ਦੇ ਦਿਨਾਂ 'ਚ ਕਸਾਈਆਂ ਹੱਥ ਆਉਣ ਵਾਲੇ ਉਹ ਬਹਾਦਰ ਜਿੰਨ੍ਹਾਂ ਨੇ ਦਲੇਰੀ ਨਾਲ ਮੌਤ ਨੂੰ ਗਲੇ ਲਗਾਇਆ ਸੀ, ਉਨ੍ਹਾਂ ਚੋਂ ਕਈ ਆਪਣੇ ਜੀਵਨ ਦੀਆਂ ਆਖਰੀ ਘੜੀਆਂ 'ਚ ਆਪਣੀਆਂ ਪਤਨੀਆਂ, ਆਪਣੀਆਂ ਮਾਵਾਂ ਅਤੇ ਆਪਣੇ ਮਿੱਤਰਾਂ ਦੇ ਨਾਂਅ ਕੁੱਝ ਸ਼ਬਦ ਭੇਜਣ 'ਚ ਉਹ ਕਿਵੇਂ ਨਾ ਕਿਵੇ ਸਫਲ ਹੋ ਗਏ ਸਨ। ਉਹਨਾਂ ਨੇ ਕਾਹਦੇ ਬਾਰੇ ਲਿਖਿਆ? ਉਹਨਾਂ ਨੇ ਲਿਖਿਆ ਆਪਣੇ ਪਿਆਰਿਆਂ ਬਾਰੇ, ਆਪਣੇ ਬੱਚਿਆਂ ਬਾਰੇ, ਅਤੇ ਉਸ ਆਦਮੀ ਬਾਰੇ ਜਿਸ ਨੇ ਉਨ੍ਹਾਂ ਨੂੰ ਮੌਤ ਦੀਆਂ ਘੜੀਆਂ ਤੋਂ ਪਹਿਲਾਂ ਸਹਾਰਾ ਦਿੱਤਾ ਸੀ। ਹਾਂ, ਉਹਨਾਂ ਨੇ ਸਟਾਲਿਨ ਬਾਰੇ ਲਿਖਿਆ ਸੀ। ਫਾਂਸੀ ਚੜ੍ਹਾਏ ਜਾਣ ਤੋਂ ਇੱਕ ਘੰਟਾ ਪਹਿਲਾਂ ਰੇਬੇਰ ਨੇ, ਜੋ ਗੈਸਟਾਪੋ ਦੇ ਤਸੀਹਿਆਂ ਕਾਰਨ ਹਿੱਲ ਵੀ ਨਹੀਂ ਸਕਦਾ ਸੀ, ਉਸ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਸਟਾਲਿਨ ਦਾ ਨਾਂ ਲਿਖਿਆ ਸੀ। ਸਟਾਲਿਨ ਦਾ ਨਾਂ ਆਪਣੇ ਬੁਲ੍ਹਾਂ 'ਤੇ ਲੈ ਕੇ ਗੈਬਰਿਲ ਪੈਰੀ ਅਤੇ ਦਨਿਅਲ ਦੋਸਾਨੋਵਾ ਨੇ ਬਹਾਦਰੀ ਨਾਲ ਆਪਣੀ ਮੌਤ ਨੂੰ ਗਲੇ ਲਗਾਇਆ। ਸਟਾਲਿਨ ਦਾ ਨਾਂ ਚੀਨ ਦੇ ਉਹਨਾਂ ਬਹਾਦਰਾਂ ਦੀ ਜੁਬਾਨ 'ਤੇ ਸੀ, ਜਿਨ੍ਹਾਂ ਨੇ ਮਹਾਨ ਮੁਹਿੰਮ ਵਿੱਚ ਹਿੱਸਾ ਲਿਆ। ਕੈਂਟਨ ਦੇ ਉਹਨਾਂ ਸ਼ਹੀਦਾਂ ਦੀ ਜੁਬਾਨ 'ਤੇ ਸੀ, ਜਿਹਨਾਂ ਆਪਣੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ। ਸਟਾਲਿਨ ਦਾ ਨਾਂ ਲੈ ਕੇ ਹੀ ਸਪੇਨ ਦੇ ਲੋਕਾਂ ਨੇ ਫਾਸਿਜ਼ਮ ਦੇ ਖਿਲਾਫ ਸੰਘਰਸ਼ 'ਚ ਕੁੱਦਣ ਦੀ ਸਹੁੰ ਖਾਧੀ ਸੀ। ਥੇਲਮਾਨ ਨੂੰ ਜਦੋਂ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਸਟਾਲਿਨ ਦੇ ਨਾਂ ਨੇ ਹੀ ਉਨ੍ਹਾਂ ਨੂੰ ਤਾਕਤ ਦਿੱਤੀ ਅਤੇ ਸਟਾਲਿਨ ਹੀ ਸੀ ਜਿਸ ਨੇ ਵੀਤਨਾਮ ਦੇ ਦਿਲ 'ਚ ਆਸਾਂ ਜਗਾਈ ਰੱਖੀਆਂ।
ਉਨ੍ਹਾਂ ਦੀਆਂ ਗੱਲਾਂ ਨੂੰ ਸਿਰਫ ਸੁਣਿਆ ਹੀ ਨਹੀਂ ਜਾਂਦਾ ਸੀ, ਕੇਵਲ ਦੁਹਰਾਇਆ ਹੀ ਨਹੀਂ ਜਾਂਦਾ ਸੀ, ਉਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਸੀ। ਇਕ ਮਹਾਨ ਮਨੁੱਖੀ ਪਿਆਰ....... ਕਿਉਂਕਿ ਉਹ ਜਨਤਾ ਨੂੰ ਪਿਆਰ ਕਰਦੇ ਸਨ.. ਕਿਉਂਕਿ ਉਹ ਉਸ ਮਾਂ ਦੇ ਹੰਝੂਆਂ ਦਾ ਦਰਦ ਮਹਿਸੂਸ ਕਰਦੇ ਸਨ ਜੋ ਜੰਗ 'ਚ ਆਪਣੇ ਬੇਟੇ ਨੂੰ ਖੋ ਚੁੱਕੀ ਹੈ..ਉਹ ਮਹਾਨ ਸੈਨਾਪਤੀ ਸਨ ਜੋ ਜੰਗ ਨੂੰ ਨਫਰਤ ਕਰਦੇ ਸਨ। ਉਹ ਉਸ ਸ਼ੋਕ ਤੋਂ ਚੰਗੀ ਤਰਾਂ ਵਾਕਿਫ ਸਨ, ਜੋ ਯੁੱਧ ਦੌਰਾਨ ਆਮ ਲੋਕਾਂ ਦੇ ਸਿਰਾਂ 'ਤੇ ਵਰ੍ਹ ਪੈਂਦਾ ਹੈ। ਉਹ ਸੈਨਾਪਤੀ ਸਨ ਇੱਕ ਅਜਿਹੀ ਸੈਨਾ ਦੇ ਜਿਸ ਨੇ ਸਟਾਲਿਨਗਰਾਦ ਦੇ ਖੰਡਰਾਂ ਵਿੱਚ ਕਸਮ ਖਾਧੀ ਸੀ ਕਿ ਭਿਆਨਕ ਕਤਲੇਆਮ ਦੀ ਅੱਗ ਲਾਉਣ ਵਾਲਿਆਂ ਦਾ ਅੰਤ ਕਰਕੇ ਹੀ ਦਮ ਲਵੇਗੀ। .. ਚੀਨ ਦੇ ਪਿੰਡਾਂ ਵਿਚ ਮੈਂ ਸਟਾਲਿਨ ਦੀਆਂ ਤਸਵੀਰਾਂ ਦੇਖੀਆਂ ਅਤੇ ਇਹਨਾਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਚੀਨ ਦੇ ਪੁਰਸ਼ਾਂ ਅਤੇ ਇਸਤਰੀਆਂ ਨੇ ਕਿਹਾ, ''ਇਹ (ਤਸਵੀਰਾਂ) ਸਾਡੀ ਰੱਖਿਆ ਕਰ ਰਹੀਆਂ ਹਨ।'' ਪੈਰਿਸ ਦੇ ਘਰਾਂ ਦੀਆਂ ਦੀਵਾਰਾਂ 'ਤੇ ਦੋ ਸ਼ਬਦ ਉੱਕਰੇ ਹੋਏ ਸਨ, ਜੋ ਲੋਕਾਂ ਦੇ ਮੱਥਿਆਂ 'ਚ ਇੱਕ-ਦੂਜੇ ਨਾਲ ਮਿਲ ਕੇ ਇੱਕ ਹੋ ਗਏ ਹਨ. ''ਸਟਾਲਿਨ'' ਅਤੇ ''ਸ਼ਾਂਤੀ''।
(ਰੂਸੀ ਲੇਖਕ ਬਿਲੀਆ ਏਰੇਨਬੁਰਗ ਦੀ ਲਿਖਤ ਦਾ ਇੱਕ ਭਾਗ। ਅਕਤੂਬਰ ਇਨਕਲਾਬ ਤੋਂ ਪਹਿਲਾਂ ਅਤੇ ਦੌਰਾਨ ਏਰੇਨਬੁਰਗ ਬਾਲਸ਼ਵਿਕਾਂ ਦੇ ਵਿਰੋਧੀ ਸਨ। ਪਰ ਮਗਰੋਂ ਉਨ੍ਹਾਂ ਦੇ ਵਿਚਾਰ ਬਦਲ ਗਏ। ਉਨ੍ਹਾਂ ਨੇ ਕੌਮਾਂਤਰੀ ਅਮਨ ਲਹਿਰ 'ਚ ਹਿੱਸਾ ਲਿਆ ਅਤੇ ਕਈ ਪੁਰਸਕਾਰ ਪ੍ਰਾਪਤ ਕੀਤੇ।)——
ਸਟਾਲਨ ਨੇ ਦੁਨੀਆਂ ਨੂੰ
ਨਵੀਂ ਜਿੰਦਗੀ ਦਾ ਰਾਹ ਵਿਖਾਇਆ
……..ਸਟਾਲਿਨ ਦੇ ਅੰਦਰ ਜਗ ਰਹੀ ਕਰਾਂਤੀ ਦੀ ਲੋਅ ਏਨੀ ਪ੍ਰਚੰਡ ਸੀ ਕਿ ਉਸ ਲਈ ਜਿੰਦਗੀ ਦਾ ਬਸ ਇੱਕ ਹੀ ਕਾਨੂੰਨ ਸੀ, ਜਨਤਾ ਦੀ ਸੇਵਾ ਕਰਨਾ। ਇੰਨੇ ਸਾਲਾਂ ਤੱਕ ਕ੍ਰੈਮਲਿਨ 'ਚ ਆਪਣੇ ਕਮਰੇ 'ਚ ਉਨ੍ਹਾਂ ਨੇ ਨਾ ਸਿਰਫ ਉਸਾਰੀ ਕਰਨ ਅਤੇ ਸਾਰੀ ਮਨੁੱਖ ਜਾਤੀ ਦੇ ਭਵਿੱਖ ਦੀ ਗਰੰਟੀ ਕਰਨ 'ਚ ਸੋਵੀਅਤ ਜਨਤਾ ਦੀ ਅਗਵਾਈ ਕੀਤੀ, ਸਗੋਂ ਸਭਨਾਂ-ਦੱਬੇ ਕੁਚਲਿਆਂ ਲਈ ਵੀ ਉਹ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਵਸਦੇ ਹੋਣ-ਹਮਦਰਦੀ ਦਿਖਾਈ।
ਅਸੀਂ ਉਹ ਵਿਅਕਤੀ ਗੁਆ ਬੈਠੇ ਹਾਂ, ਜੋ ਸ਼ਾਂਤੀ ਦਾ ਸਭ ਤੋਂ ਵੱਡਾ ਝੰਡਾਬਰਦਾਰ ਸੀ। ਸਟਾਲਿਨ ਨੇ ਦੁਨੀਆਂ ਨੂੰ ਇਕ ਨਵੀਂ ਜਿੰਦਗੀ ਦਾ ਰਾਹ ਵਿਖਾਇਆ। ਸਚਾਈ ਅਤੇ ਇਮਾਨਦਾਰੀ ਦੀ ਜ਼ਿੰਦਗੀ ਦਾ, ਜੋ ਸਿੱਧੀ ਅਤੇ ਸਪਸ਼ਟ ਹੈ। ਆਦਮੀਆਂ ਅਤੇ ਔਰਤਾਂ ਲਈ, ਸਾਰੀ ਜਨਤਾ ਲਈ ਅਤੇ ਸਾਰੇ ਰਾਜਾਂ ਲਈ ਸਮਾਨ ਹੈ ਅਤੇ ਜੋ ਅਜਿਹੀ ਜਿੰਦਗੀ ਹੈ, ਜਿਸਨੇ ਮੁਲਕਾਂ ਦਰਮਿਆਨ ਸਬੰਧਾਂ ਨੂੰ ਅਜਿਹੀ ਮਿੱਤਰਤਾ ਦੇ ਆਧਾਰ 'ਤੇ ਕਾਇਮ ਕੀਤਾ ਹੈ, ਜਿਹੜੀ ਇਤਿਹਾਸ 'ਚ ਪਹਿਲਾਂ ਕਿਤੇ ਵੀ ਮੌਜੂਦ ਨਹੀਂ ਸੀ।
(ਚੀਨ ਦੇ ਮਹਾਨ ਦੇਸ਼ ਭਗਤ ਅਤੇ ਰਾਸ਼ਟਰਵਾਦੀ ਆਗੂ ਸਨ-ਯਤ-ਸੇਨ ਦੀ ਪਤਨੀ ਸ਼੍ਰੀਮਤੀ ਸਨ-ਯਤ-ਸੈਨ ਜੀ ਦੀ ਟਿੱਪਣੀ ਜਿਸ ਨੇ ਚੀਨੀ ਇਨਕਲਾਬ 'ਚ ਹਿੱਸਾ ਲਿਆ ਅਤੇ ਚੀਨੀ ਰਾਜ ਦੇ ਉਚ ਅਹੁਦਿਆਂ 'ਤੇ ਚੀਨੀ ਸਰਮਾਏਦਾਰੀ ਦੀ ਨੁਮਾਇੰਦਗੀ ਕੀਤੀ।)
ਉਸ ਨੇ ''ਭਾਰੀ ਹੱਦ ਤੱਕ ਆਪਣੇ ਯੁੱਗ ਦੀ ਤਰਜਮਾਨੀ ਕੀਤੀ''
(ਭਾਰਤੀ ਪਾਰਲੀਮੈਂਟ 'ਚ ਨਹਿਰੂ ਦੀ ਤਕਰੀਰ ਦੇ ਅੰਸ਼)
.....ਉਸਨੇ ਆਪਣੇ ਆਪ ਨੂੰ ਮਹਾਨ ਸਾਬਤ ਕੀਤਾ, ਅਮਨ ਸਮੇਂ ਵੀ ਅਤੇ ਜੰਗ ਵੇਲੇ ਵੀ। ਉਸਨੇ ਦ੍ਰਿੜ੍ਹ ਇਰਾਦੇ ਅਤੇ ਹੌਂਸਲੇ ਦਾ ਪ੍ਰਗਟਾਵਾ ਕੀਤਾ, ਜੋ ਕਿਸੇ ਕਿਸੇ ਕੋਲ ਹੀ ਹੁੰਦਾ ਹੈ।....
ਹਰ ਕੋਈ ਸਹਿਮਤ ਹੋਵੇਗਾ ਕਿ, ਇੱਕ ਦਿਓ-ਕੱਦ ਹਸਤੀ ਵਾਲਾ ਆਦਮੀ ਹੋਇਆ ਹੈ ਜਿਸ ਨੇ ਆਪਣੇ ਯੁੱਗ ਦੀ ਹੋਣੀ ਨੂੰ ਇਉਂ ਢਾਲਿਆ ਜਿਵੇਂ ਵਿਰਲੇ ਹੀ ਕਰ ਸਕਦੇ ਹਨ। ਭਾਵੇਂ ਉਸਨੇ ਜੰਗ ਵਿੱਚ ਮਹਾਨ ਫਤਿਹ ਹਾਸਲ ਕੀਤੀ ਪਰ ਅੰਤਮ ਤੌਰ 'ਤੇ ਉਸਨੂੰ ਉਸ ਅੰਦਾਜ ਕਰਕੇ ਯਾਦ ਕੀਤਾ ਜਾਵੇਗਾ ਜਿਸ ਨਾਲ ਉਸਨੇ ਆਪਣੇ ਮਹਾਨ ਦੇਸ਼ ਦੀ ਉਸਾਰੀ ਕੀਤੀ।....
ਇਸ ਤੋਂ ਇਲਾਵਾ, ਉਹ ਅੱਜ ਦੀ ਪੀੜ੍ਹੀ 'ਚ ਨਾ-ਸਿਰਫ ਮਸ਼ਹੂਰ ਸੀ, ਸਗੋਂ, ਮੈਨੂੰ ਕਹਿਣ ਦਿਓ ਕਿ, ਇੱਕ ਤਰ੍ਹਾਂ ਨਾਲ ਮਨੁੱਖਾਂ ਦੀ ਵਿਸ਼ਾਲ ਗਿਣਤੀ ਨਾਲ ਗਹਿਰਾ ਸਰੋਕਾਰ ਰੱਖਦਾ ਸੀ। ਇਹ ਇੱਕ ਵਿਲੱਖਣ ਤੱਥ ਸੀ ਜਿਹੜਾ ਥੋੜ੍ਹੇ, ਬਹੁਤ ਹੀ ਥੋੜ੍ਹੇ, ਲੋਕਾਂ ਬਾਰੇ ਕਿਹਾ ਜਾ ਸਕਦਾ ਹੈ। ਹਰ ਤਰ੍ਹਾਂ ਨਾਲ ਵਿਸ਼ਾਲ ਗਿਣਤੀ ਉਸ ਬਾਰੇ ਅਪਣੱਤ ਨਾਲ ਸੋਚਦੀ ਸੀ, ਦੋਸਤੀ ਦੇ ਅੰਦਾਜ ਵਿੱਚ, ਲੱਗਭੱਗ ਪ੍ਰਵਾਰ ਵਾਂਗ। ਯਕੀਨਨ ਨਾ ਸਿਰਫ ਸੋਵੀਅਤ ਯੂਨੀਅਨ ਵਿੱਚ, ਸਗੋਂ ਕਈ ਬਾਹਰਲੇ ਮੁਲਕਾਂ ਵਿੱਚ ਵੀ।.....
ਸੋ ਅਜਿਹਾ ਸੀ ਇਹ ਮਨੁੱਖ, ਜਿਸਨੇ ਆਪਣੀ ਜ਼ਿੰਦਗੀ ਦੌਰਾਨ ਮਨੁੱਖਾਂ ਦੀ ਵਿਸ਼ਾਲ ਗਿਣਤੀ ਨਾਲ ਮੋਹ ਅਤੇ ਪ੍ਰਸ਼ੰਸਾ ਭਰਿਆ ਰਿਸ਼ਤਾ ਸਿਰਜਿਆ, ਇੱਕ ਅਜਿਹਾ ਮਨੁੱਖ ਜੋ ਇਤਿਹਾਸ ਦੇ ਜ਼ੋਖਮ-ਭਰੇ ਦੌਰ 'ਚੋਂ ਗੁਜ਼ਰਿਆ।.....
ਇਸ ਕਰਕੇ ਇਸ ਮੌਕੇ ਸਾਨੂੰ ਉਸ ਨੂੰ ਸ਼ਰਧਾਂਜਲੀ ਦੇਣੀ ਹੀ ਬਣਦੀ ਹੈ, ਕਿਉਂਕਿ, ਇਹ ਮੌਕਾ ਇੱਕ ਮਹਾਨ ਹਸਤੀ ਦੇ ਗੁਜ਼ਰ ਜਾਣ ਦਾ ਮੌਕਾ ਹੀ ਨਹੀਂ ਹੈ, ਸਗੋਂ ਸ਼ਾਇਦ ਇੱਕ ਤਰ੍ਹਾਂ ਇਤਿਹਾਸ ਦੇ ਇੱਕ ਯੁੱਗ ਦੇ ਅੰਤ ਦਾ ਮੌਕਾ ਹੈ।
ਨਿਰਸੰਦੇਹ, ਇਤਿਹਾਸ ਅੱਗੇ ਤੁਰ ਰਿਹਾ ਹੈ। ਇਸ ਨੂੰ ਦੌਰਾਂ ਵਿੱਚ ਵੰਡਣਾ, ਜਿਵੇਂ ਕਿ, ਇਤਿਹਾਸਕਾਰ ਅਤੇ ਹੋਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਸ਼ਾਇਦ, ਬੇਤੁਕਾ ਹੈ। ਇਤਿਹਾਸ ਆਪਣੀ ਤੋਰ ਤੁਰਿਆ ਜਾਂਦਾ ਹੈ। ਤਾਂ ਵੀ ਅਜਿਹੇ ਦੌਰ ਹੁੰਦੇ ਹਨ, ਜਿਹੜੇ ਖਤਮ ਹੁੰਦੇ ਅਤੇ ਮੁੜ-ਸੁਰਜੀਤੀ ਲਈ ਅਹੁਲਦੇ ਦਿਖਾਈ ਦਿੰਦੇ ਹਨ। ਬਿਨਾ ਸ਼ੱਕ, ਜਦੋਂ ਕੋਈ ਬਹੁਤ ਮਹਾਨ ਆਦਮੀ ਚਲਿਆ ਜਾਂਦਾ ਹੈ, ਜਿਸ ਨੇ ਭਾਰੀ ਹੱਦ ਤੱਕ ਆਪਣੇ ਯੁੱਗ ਦੀ ਤਰਜਮਾਨੀ ਕੀਤੀ ਹੁੰਦੀ ਹੈ, ਤਾਂ ਇਹ ਇੱਕ ਨਿਸਚਤ ਮਾਪ ਅਨੁਸਾਰ ਉਸ ਵਿਸ਼ੇਸ਼ ਦੌਰ ਦਾ ਅੰਤ ਹੀ ਹੁੰਦਾ ਹੈ।
ਮੈਂ ਨਹੀਂ ਜਾਣਦਾ ਕਿ, ਭਵਿੱਖ ਦੀ ਝੋਲੀ ਵਿੱਚ ਕੀ ਹੈ। ਪਰ, ਬਿਨਾ ਸ਼ੱਕ, ਚਾਹੇ ਮਾਰਸ਼ਲ ਸਟਾਲਿਨ ਵਿੱਛੜ ਗਿਆ ਹੈ, ਪਰ ਲੋਕਾਂ ਦੇ ਦਿਲਾਂ-ਮਨਾਂ 'ਤੇ ਬਹੁਤ ਹੀ ਗੂੜ੍ਹੀ ਤਰ੍ਹਾਂ ਛਾਇਆ ਹੋਣ ਕਰਕੇ ਉਸਦਾ ਪ੍ਰਭਾਵ ਅਤੇ ਉਸਦੀ ਯਾਦ ਲੋਕਾਂ ਦੇ ਮਨਾਂ ਨੂੰ ਹਲੂਣਾ ਅਤੇ ਪ੍ਰੇਰਨਾ ਦਿੰਦੇ ਰਹਿਣਗੇ।....
.........ਮਾਰਸ਼ਲ ਸਟਾਲਿਨ ਕਿਸੇ ਰਾਜ ਦਾ ਮੁਖੀ ਹੋਣ ਨਾਲੋਂ ਕਿਤੇ ਵੱਡਾ ਸੀ। ਉਹਦੇ ਕੋਲ ਕੋਈ ਸਰਕਾਰੀ ਅਹੁਦਾ ਸੀ, ਜਾਂ ਨਹੀਂ, ਉਹ ਆਪਣੇ ਵਿੱਚ ਹੀ ਮਹਾਨ ਸੀ ਅਤੇ ਮੇਰਾ ਵਿਸ਼ਵਾਸ਼ ਹੈ ਕਿ, ਉਸਦਾ ਪ੍ਰਭਾਵ ਆਮ ਕਰਕੇ ਅਮਨ ਦੇ ਪੱਖ ਵਿੱਚ ਭੁਗਤਿਆ। ਜਦੋਂ ਜੰਗ ਆਈ, ਉਸਨੇ ਆਪਣੇ ਆਪ ਨੂੰ ਮਹਾਨ ਸੂਰਮਾ ਸਾਬਤ ਕੀਤਾ। ਪਰ ਸਾਡੇ ਕੋਲ ਮੌਜੂਦ ਕੁੱਲ ਜਾਣਕਾਰੀ ਇਹੋ ਦੱਸਦੀ ਹੈ ਕਿ, ਗੜਬੜ ਅਤੇ ਝਗੜਿਆਂ ਦੇ ਇਹਨਾਂ ਦਿਨਾਂ ਵਿੱਚ ਵੀ, ਉਸਦਾ ਪ੍ਰਭਾਵ ਅਮਨ ਦੇ ਪੱਖ ਵਿੱਚ ਭੁਗਤਿਆ ਹੈ।
ਮੈਂ ਤਹਿ ਦਿਲੋਂ ਆਸ ਕਰਦਾ ਹਾਂ ਕਿ, ਉਸਦੇ ਵਿੱਛੜ ਜਾਣ ਨਾਲ, ਅਮਨ ਦੇ ਪੱਖ 'ਚ ਭੁਗਤਦਾ ਰਿਹਾ ਉਸਦਾ ਪ੍ਰਭਾਵ ਗੈਰ-ਹਾਜ਼ਰ ਨਹੀਂ ਹੋਵੇਗਾ।......
ਇਹ ਘਟਨਾ ਸਾਨੂੰ ਸੰਸਾਰ ਅਮਨ ਦੀ ਰਾਖੀ ਲਈ ਅਤੇ ਹੋਰ ਤਬਾਹੀ ਅਤੇ ਆਫਤਾਂ ਨੂੰ ਡੱਕਣ ਲਈ ਪਹਿਲਾਂ ਨਾਲੋਂ ਵੱਧ ਉੱਦਮ ਖਾਤਰ ਪਰੇਰਨਾ ਦੇ ਸਕਦੀ ਹੈ।
ਕਾ. ਸਟਾਲਿਨ, ਲੈਨਿਨ ਦੀਆਂ ਨਜ਼ਰਾਂ 'ਚ
(ਕੁਝ ਅੰਸ਼)
'' ਅਜਿਹਾ ਕਰਨਾ (ਪਾਰਟੀ ਅਤੇ ਸਰਕਾਰੀ ਮਸ਼ੀਨਰੀ ਨੂੰ ਅਲੱਗ ਕਰਨਾ) ਬਹੁਤ ਮੁਸ਼ਕਿਲ ਹੈ। ਸਾਡੇ ਕੋਲ (ਸਮਰੱਥ) ਆਦਮੀਆਂ ਦੀ ਕਮੀਂ ਹੈ। ਪਰ ਪ੍ਰੋਬਰਜੈਨਸਕੀ ਅੱਗੇ ਆ ਕੇ ਗੁੱਸੇ 'ਚ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਸਟਾਲਿਨ ਦੇ ਅਧੀਨ ਦੋ ਕੌਮੀਸਾਰੀਅਤ ਹਨ। ਸਾਡੇ 'ਚੋਂ ਕੌਣ ਹੈ ਜੋ ਇਸ ਕਿਸਮ ਦੀ ਗਲਤੀ ਲਈ ਦੋਸ਼ੀ ਨਹੀਂ ਹੈ? .. ਅਸੀਂ ਕੌਮੀਅਤਾਂ ਦੀਆਂ ਜਨ ਕੌਮੀਸਾਰੀਅਤਾਂ ਦੇ ਅਧੀਨ ਤੁਰਕਿਸਤਾਨੀ, ਕਾਕੇ ਸ਼ਿਆਈ ਅਤੇ ਦੂਸਰੇ ਸਭ ਸਵਾਲਾਂ ਦਾ ਮੁਕਾਬਲਾ ਕਰਨ ਦੀ ਵਰਤਮਾਨ ਹਾਲਤ ਨੂੰ ਬਣਾਈ ਰੱਖਣ ਲਈ ਭਲਾ ਕੀ ਕਰ ਸਕਦੇ ਹਾਂ? ..ਅਸੀਂ ਇਨ੍ਹਾਂ (ਸਮੱਸਿਅਆਵਾਂ) ਦਾ ਹੱਲ ਕਰ ਰਹੇ ਹਾਂ ਅਤੇ ਸਾਨੂੰ ਅਜਿਹੇ ਆਦਮੀ ਦੀ ਜਰੂਰਤ ਹੈ ਜਿਸ ਕੋਲ ਇਨ੍ਹਾਂ ਕੌਮੀਅਤਾਂ ਦੇ ਨੁਮਾਇੰਦੇ ਆਸਾਨੀ ਨਾਲ ਪਹੁੰਚ ਕਰ ਸਕਣ ਅਤੇ ਆਪਣੀਆਂ ਪਰੇਸ਼ਾਨੀਆਂ ਬਾਰੇ ਵਿਸਥਾਰ ਵਿਚ ਗੱਲ-ਬਾਤ ਕਰ ਸਕਣ। ਅਜਿਹਾ ਆਦਮੀ ਸਾਨੂੰ ਕਿਥੇ ਮਿਲੇਗਾ? ਮੈਨੂੰ ਨਹੀਂ ਲਗਦਾ ਕਿ ਇਸ ਕੰਮ ਲਈ ਖੁਦ ਪ੍ਰੋਬਰਜੈਨਸਕੀ ਵੀ ਸਾਥੀ ਸਟਾਲਿਨ ਲਾਲੋਂ ਵੱਧ ਯੋਗਤਾ ਰੱਖਣ ਵਾਲੇ ਕਿਸੇ ਹੋਰ ਵਿਅਕਤੀ ਦਾ ਨਾਂ ਤਜਵੀਜ ਕਰ ਸਕਦੇ ਹਨ।''
''ਏਹੀ ਗੱਲ ਮਜਦੂਰ ਕਿਸਾਨ ਨਿਰੀਖਣ ਕੇਂਦਰ 'ਤੇ ਵੀ ਲਾਗੂ ਹੁੰਦੀ ਹੈ। ਇਹ ਇੱਕ ਬਹੁਤ ਵੱਡਾ ਕੰਮ ਹੈ। ਪਰ ਜਾਂਚ-ਪੜਤਾਲ ਦੇ ਕੰਮ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਕਰਨ ਲਈ ਇਸ ਦੀ ਜੁੰਮੇਵਾਰੀ ਅਜਿਹੇ ਆਦਮੀ ਨੂੰ ਸੌਂਪੀ ਜਾਣੀ ਚਾਹੀਦੀ ਹੈ ਜੋ ਮਜ਼ਦੂਰਾਂ ਕਿਸਾਨਾਂ ਦੀਆਂ ਨਜ਼ਰਾਂ 'ਚ Àੁੱਚੀ ਮਰਿਯਾਦਾ ਵਾਲਾ ਹੋਵੇ, ਨਹੀਂ ਤਾਂ ਅਸੀਂ ਛੋਟੀਆਂ ਛੋਟੀਆਂ ਤਿਕੜਮਾਂ 'ਚ ਡੁੱਬ ਕੇ ਰਹਿ ਜਾਵਾਂਗੇ।''
(ਸੰਗ੍ਰਹਿ ਕਿਰਤਾਂ ਭਾਗ ਤੇਤੀਵਾਂ)
''ਬਾਹਰੋਂ ਚੇਤਨਾਂ ਦਾ ਸੰਚਾਰ ਕਰਨ ਦੇ ਪ੍ਰਸਿੱਧ ਸਵਾਲ ਦਾ ਸਭ ਤੋਂ Àੁੱਤਮ ਸੂਤਰੀਕਰਣ ਹੈ।'' (ਪ੍ਰੋਲੇਤਾਰੀ ਦੇ ਬਾਈਵੇਂ ਅੰਕ 'ਚ ਸਟਾਲਿਨ ਦੇ ਲੇਖ ਬਾਰੇ ਲੈਨਿਨ ਦੀ ਟਿੱਪਣੀ)
''ਕੋਬੀ (ਸਟਾਲਿਨ ਦੇ ਗੁਪਤ ਨਾਵਾਂ 'ਚੋਂ ਇੱਕ) ਵੱਲੋਂ ਲਿਖੇ ਗਏ ਲੇਖ ਧਿਆਨ ਨਾਲ ਪੜ੍ਹੇ ਜਾਣੇ ਚਾਹੀਦੇ ਹਨ। ਸਾਨੂੰ ਸ਼ਾਂਤੀ ਬਣਾਈ ਰਖਣ ਦਾ ਸੁਝਾ ਦੇਣ ਵਾਲਿਆਂ ਦੀ ਰਾਏ, ਇੱਛਾਵਾਂ ਅਤੇ ਆਕਾਂਖਿਆਵਾਂ ਦਾ ਖੰਡਨ ਕਰਨ ਲਈ ਤਰਕ ਦੇ ਇਸ ਤੋਂ ਚੰਗੇ ਪ੍ਰਗਟਾਵੇ ਦੀ ਆਸ ਨਹੀਂ ਕੀਤੀ ਜਾ ਸਕਦੀ।''
(1911 ਵਿੱਚ ਲੈਨਿਨ ਦੀ ਟਿੱਪਣੀ)
''ਸੇਂਟ ਪੀਟਸਬਰਗ ਦੇ ਨੁਮਾਇੰਦਿਆਂ ਨੂੰ ਦਿੱਤੇ ਇਸ ਨਿਰਦੇਸ਼ ਨੂੰ ਬਿਨਾ ਕਿਸੇ ਉਕਾਈ ਦੇ ਪ੍ਰਮੁੱਖ ਸਥਾਨ ਦੇ ਕੇ ਅਤੇ ਵੱਡੇ ਅਖਰਾਂ ਵਿਚ ਪ੍ਰਕਾਸ਼ਤ ਕੀਤਾ ਜਾਵੇ'' (1912 'ਚ ਰੂਸੀ ਸੰਸਦ ਡੂਮਾਂ ਦੇ ਮਜ਼ਦੂਰ ਨੁਮਾਇੰਦਿਆਂ ਨੂੰ ਦਿੱਤੇ ਨਿਰਦੇਸ਼ਾਂ ਬਾਰੇ ''ਪ੍ਰਾਵਦਾ'' ਦੇ ਸੰਪਾਦਕਾਂ ਨੂੰ ਲੈਨਿਨ ਦਾ ਖਤ)
''ਕੌਮਵਾਦ ਬਾਰੇ ਮੈਂ ਤੁਹਾਡੇ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਇਸ ਵਿਸ਼ੇ 'ਤੇ ਹੋਰ ਗੰਭੀਰਤਾ ਨਾਲ ਵਿਚਾਰ ਅਤੇ ਵਿਸ਼ਲੇਸਣ ਕਰਨਾ ਜ਼ਰੂਰੀ ਹੈ। ਸਾਨੂੰ ਇੱਕ ਵਿਲੱਖਣ ਜਾਰਜੀਆਈ(ਸਟਾਲਿਨ) ਮਿਲਿਆ ਹੈ। ਉਸ ਨੇ ਇਨਲਾਈਟਮੈਂਟ ਅਖਬਾਰ ਲਈ ਇੱਕ ਵਿਸਥਾਰੀ ਲੇਖ ਲਿਖਣ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ ਹੈ। ਇਸ ਖਾਤਰ ਉਨ੍ਹਾਂ ਨੇ ਆਸਟਰੀਆ ਬਾਰੇ ਅਤੇ ਹੋਰ ਦਸਤਾਵੇਜ ਇਕੱਠੇ ਕੀਤੇ ਹਨ।''
(ਫਰਵਰੀ 1913 ਵਿੱਚ ਲੈਨਿਨ ਦਾ ਗੋਰਕੀ ਨੂੰ ਪੱਤਰ)
''ਹੁਣੇ-ਹੁਣੇ ਮਾਰਕਸਵਾਦੀ ਸਹਿਤ ਅੰਦਰ ਸਮਾਜਿਕ ਜਮਹੂਰੀ ਕੌਮੀ ਪ੍ਰੋਗਰਾਮ ਦੇ ਅਸੂਲਾਂ ਬਾਰੇ ਕਾਫੀ ਚਰਚਾ ਹੋਈ ਹੈ। ਇਸ ਮਾਮਲੇ 'ਚ ਸਟਾਲਿਨ ਦਾ ਲੇਖ ਸਭ ਤੋਂ Àੁੱਪਰ ਹੈ।''
(ਸੰਗ੍ਰਹਿ ਕਿਰਤਾਂ, ਭਾਗ-19)
''ਅੱਜ ਇਸ ਗੱਲ ਨੂੰ ਛੁਪਾਉਣ ਦੀ ਕੋਈ ਜਰੂਰਤ ਨਹੀਂ ਕਿ ਸਟਾਲਿਨ ਨੇ ਦੱਖਣੀ ਮੋਰਚੇ ਵੱਲ ਕੂਚ ਕਰਨ ਤੋਂ ਪਹਿਲਾਂ ਕੇਂਦਰੀ ਕਮੇਟੀ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ। ਪਹਿਲੀ -ਦੱਖਣੀ ਮੋਰਚੇ ਦੇ ਕੰਮ-ਕਾਰ 'ਚ ਟਰਾਟਸਕੀ ਦਾ ਕੋਈ ਦਖਲ ਨਹੀਂ ਹੋਵੇਗਾ। ਉਹ ਆਪਣੀ ਜਗ੍ਹਾ 'ਤੇ ਹੀ ਰਹੇਗਾ। ਦੂਸਰੀ-ਫੌਜ ਦੇ ਉਨ੍ਹਾਂ ਆਗੂ ਅਧਿਕਾਰੀਆਂ ਨੂੰ ਜਿੰਨ੍ਹਾਂ ਨੂੰ ਸਟਾਲਿਨ ਫੌਜ ਦੀ ਹਾਲਤ ਸੁਧਾਰਨ ਦੇ ਪੱਖ ਤੋਂ ਅਯੋਗ ਸਮਝਣ, ਉਨ੍ਹਾਂ ਦਾ ਨੋਟ ਮਿਲਦੇ ਸਾਰ ਹੀ ਅਧਿਕਾਰਾਂ ਤੋਂ ਮਹਿਰੂਮ ਕਰਕੇ ਤੁਰੰਤ ਵਾਪਸ ਬੁਲਾਉਣਾ ਹੋਵੇਗਾ, ਅਤੇ ਤੀਸਰੀ, ਇਹ ਕਿ , ਸਟਾਲਿਨ ਜਿਨ੍ਹਾਂ ਆਗੂ ਫੌਜੀ ਅਧਿਕਾਰੀਆਂ ਨੂੰ ਯੋਗ ਸਮਝਣਗੇ , ਉਨ੍ਹਾਂ ਦਾ ਨੋਟ ਮਿਲਦੇ ਸਾਰ ਹੀ ਤੁਰੰਤ ਦੱਖਣੀ ਮੋਰਚੇ 'ਤੇ ਭੇਜਣਾ ਹੋਵੇਗਾ।
ਕੇਂਦਰੀ ਕਮੇਟੀ ਦੀ ਬੈਠਕ ਵਿੱਚ ਟਰਾਟਸਕੀ ਦੀ ਹਾਜਰੀ ਅਤੇ ਵਿਰੋਧ ਦੇ ਬਾਵਜੂਦ ਕੇਂਦਰੀ ਕਮੇਟੀ ਨੇ ਇਨ੍ਹਾਂ ਤਿੰਨਾਂ ਸ਼ਰਤਾਂ ਨੂੰ ਮੰਨ ਲਿਆ ਸੀ।''
(ਅਕਤੂਬਰ ਇਨਕਲਾਬ ਤੋਂ ਬਾਅਦ ਗ੍ਰਹਿ-ਯੁੱਧ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਮਾਨੁਇਲਸਕੀ ਦੀ ਲਿਖਤ )
ਇਹ ਪ੍ਰਤੱਖ ਹੀ ਹੈ ਕਿ ਕੇਂਦਰੀ ਕਮੇਟੀ ਨੇ ਇਹ ਫੈਸਲਾ ਲੈਨਿਨ ਦੀ ਅਗਵਾਈ 'ਚ ਲਿਆ।
''ਸਨਮਾਨ ਗਾਰਦ''
(ਸੰਸਾਰ ਪ੍ਰੋਲੇਤਾਰੀ ਦੇ ਮਹਾਨ ਉਸਤਾਦ ਦੀ ਅੰਤਮ ਵਿਦਾਇਗੀ ਦੇ ਪਲ)
ਰਾਤ-ਦਿਨ ਬਿਨਾ ਕਿਸੇ ਠਹਿਰਾਅ ਦੇ, ਲਗਾਤਾਰ ਤਿੰਨ ਦਿਨ ਮਾਸਕੋ ਦੇ ਬਾਜ਼ਾਰਾਂ ਵਿੱਚ ਲੋਕਾਂ ਦੇ ਪਿਆਰ ਅਤੇ ਸ਼ੋਕ ਦਾ ਛਲਕਦਾ ਜਿਉਂਦਾ ਜਾਗਦਾ ਦਰਿਆ ਸਮਾਰਕ ਸਦਨ ਵੱਲ ਨਿਰੰਤਰ ਵਗਦਾ ਰਿਹਾ ਹੈ। ਜਿਸ ਕਿਸੇ ਦੇ ਸੀਨੇ 'ਚ ਵੀ ਸੋਵੀਅਤ ਦੇਸ਼ਭਗਤ ਵਾਲਾ ਦਿਲ ਧੜਕਦਾ ਹੈ, ਅਜਿਹਾ ਹਰ ਵਿਅਕਤੀ ਇਨ੍ਹਾਂ ਦਿਨਾਂ ਵਿੱਚ ਆਪਣੇ ਆਗੂ ਅਤੇ ਉਸਤਾਦ ਦੀ ਅਰਥੀ ਤੱਕ ਪਹੁੰਚਣ ਲਈ ਬੇਤਾਬ ਸੀ ਤਾਂ ਕਿ ਉਹ ਆਪਣੀ ਸ਼ਰਧਾਂਜਲੀ ਭੇਂਟ ਕਰ ਸਕੇ। ਸਟਾਲਿਨ ਪ੍ਰਤੀ ਆਪਣੀ ਮਾਈ-ਬਾਪ ਵਰਗੀ ਆਦਰ ਭਾਵਨਾ ਨੂੰ ਪ੍ਰਗਟ ਕਰ ਸਕੇ। ਉਨ੍ਹਾਂ ਦੇ ਆਦਰਸ਼ ਪ੍ਰਤੀ, ਉਨ੍ਹਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕ ਸਕੇ।
ਨੇਤਾ ਨੂੰ ਸ਼ਰਧਾਂਜਲੀ ਦੇਣ ਦਾ ਇਹ ਸਿਲਸਿਲਾ ਜੇਕਰ ਸਾਲ ਭਰ ਵੀ ਚਲਦਾ ਰਹਿੰਦਾ ਤਾਂ ਵੀ ਇਹ ਜੀਵਤ ਮਨੁੱਖੀ ਦਰਿਆ ਇਉਂ ਅੰਤਹੀਣ ਵਗਦਾ ਰਹਿੰਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਛਲੇ 29 ਸਾਲਾਂ ਤੋਂ ਅਜਿਹਾ ਅਨੰਤ ਸਜੀਵ ਸਮੁੰਦਰ ਗ੍ਰੇਨਾਈਟ ਦੇ ਪੱਥਰ ਤੋਂ ਬਣੀ ਲੈਨਿਨ ਦੀ ਸਮਾਧੀ 'ਤੇ ਉਮੜਦਾ ਰਿਹਾ ਹੈ।
ਹਰ ਕੋਨੇ ਤੋਂ ਸਮਾਰਕ ਸਦਨ ਵਿੱਚ ਲਿਆਂਦੇ ਗਏ ਫੁੱਲਾਂ ਅਤੇ ਹਾਰਾਂ ਦਾ ਢੇਰ ਲੋਕਾਂ ਦੇ ਪ੍ਰੇਮ ਪ੍ਰਗਟਾਵੇ ਦਾ ਕੇਵਲ ਇੱਕ ਹੀ ਰੂਪ ਹੈ। ਪਰੰਤੂ ਇਹਨਾਂ ਫੁੱਲਾਂ ਦੀ ਮੂਕ ਭਾਸ਼ਾ ਕਿੰਨੀ ਅਰਥ ਭਰਪੂਰ ਹੈ। ਹਾਰਾਂ ਨਾਲ ਲੱਗੇ ਹੋਏ ਕਾਲੇ ਹਾਸ਼ੀਏ ਵਾਲੇ ਲਾਲ ਫੀਤਿਆਂ Àੁੱਪਰ ਰੂਸੀ ਅਤੇ ਭਰਾਤਰੀ ਕੌਮੀਅਤਾਂ ਦੀਆਂ ਭਾਸ਼ਾਵਾਂ 'ਚ ਉੱਜਲ, ਅਤਿਅੰਤ ਸੁੱਚੇ, ਸਭ ਤੋਂ ਕੋਮਲ ਅਤੇ ਸਾਹਸ ਭਰੇ ਸ਼ਬਦ, ਸੁਨਹਿਰੀ ਅੱਖਰਾਂ 'ਚ ਉੱਕਰੇ ਹੋਏ ਹਨ।
ਸੋਵੀਅਤ ਜਨਤਾ ਦੇ ਪਿਆਰ ਅਤੇ ਦੁੱਖ ਨੂੰ ਬਿਆਨ ਕਰਨ ਵਾਲੇ ਹਾਰਾਂ ਦੇ ਨਾਲ-ਨਾਲ ਸ਼ਾਂਤੀ ਅਤੇ ਸਮਾਜਵਾਦ ਦੇ ਸੰਘਰਸ਼ 'ਚ ਹਿੱਸਾ ਪਾਉਣ ਵਾਲੇ ਸਾਡੇ ਮਿੱਤਰਾਂ ਦੇ ਹਾਰ ਵੀ ਸ਼ਾਮਲ ਹਨ। .. ..ਇਨ੍ਹੰਾਂ ਵਿੱਚੋਂ ਇੱਕ ਉਪਰ ਇਹ ਸ਼ਬਦ ਲਿਖੇ ਹਨ, ''ਅਥਾਹ ਸ਼ੁਕਰਾਨੇ ਅਤੇ ਪਰਮ-ਸਤਿਕਾਰ ਨਾਲ ਭਰਪੂਰ ਸ਼ਗਿਰਦ ਮੌਰਿਸ ਬੋਰੇਜ਼ ਵੱਲੋਂ''।
ਮੈਂ ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਦਿਨ-ਰਾਤ ਉਮੜ੍ਹਦੇ, ਵਧਦੇ ਮਾਨਵ ਸਮੁੰਦਰ ਦੇ ਤਟ 'ਤੇ ਕਈ-ਕਈ ਘੰਟਿਆਂ ਤੱਕ ਖੜ੍ਹਾ ਰਿਹਾ ਹਾਂ। ਲਗਦਾ ਸੀ, ਜਿਵੇਂ ਸਾਹਮਣਿਉਂ ਗੁਜਰਨ ਵਾਲੇ ਹਰ ਭੈਣ-ਭਰਾ ਦੇ ਦਿਲ ਨੇ, ਧੁਰ ਅੰਦਰੋਂ ਨਿੱਕਲੇ ਉਨ੍ਹਾਂ ਸ਼ਬਦਾਂ ਦੀ ਸਚਾਈ ਨੂੰ ਅਖਾਂ ਦੀ ਚਮਕ ਤੋਂ ਮਹਿਸੂਸ ਕੀਤਾ ਹੈ, ਜੋ ਸ਼ਬਦ ਮੇਰੇ ਦੇਸ਼ ਵਾਸੀਆਂ ਦੇ ਦਿਲਾਂ 'ਚੋਂ ਮਹਾਨ ਵਿਦਾਈ ਦੇ ਇਨ੍ਹਾਂ ਪਲਾਂ 'ਚ ਪਰਗਟ ਹੋਏ ਹਨ।
ਜ਼ਰਾ, ਮਾਸਕੋ ਦੇ ਉਸ ਅੱਲ੍ਹੜ ਬੱਚੇ ਵੱਲ ਤੱਕੋ, ਜਿਸਦੇ ਸਿਰ 'ਤੇ ਸੰਘਣੇ ਲਾਲ ਵਾਲਾਂ ਦੀ ਛਹਿਬਰ ਹੈ। ਆਪਣੇ ਆਪ ਹੀ ਉਸ ਦੇ ਕਦਮ ਹੌਲੀ ਹੋ ਗਏ ਹਨ ਅਤੇ ਉਹ ਇੱਕ ਲੰਬੀ ਗਹਿਰੀ ਤੱਕਣੀ ਨਾਲ ਸਟਾਲਿਨ ਦੇ ਰੂਪ ਨੂੰ ਵੇਖ ਰਿਹਾ ਹੈ-ਬਿਲਕੁਲ ਵੱਡਿਆਂ ਦੀ ਤਰਾਂ। ਉਚਾਈਆਂ ਵੱਲ ਜਾ ਰਹੇ ਆਪਣੇ ਉਜਲੇ ਸਮੁੱਚੇ ਭਾਵੀ ਜੀਵਨ ਲਈ ਉਹ ਮਹਾਨ ਸਟਾਲਿਨ ਦੇ ਅਕਸ ਨੂੰ, ਉਸ ਦੀ ਅਮਿੱਟ ਯਾਦ ਨੂੰ ਆਪਣੇ ਦਿਲ ਵਿੱਚ ਉਤਾਰ ਲੈਣਾ ਚਾਹੁੰਦਾ ਹੈ।
ਸੋਵੀਅਤ ਅਫਸਰਾਂ ਅਤੇ ਤੋਪਖਾਨਾ ਅਕਾਦਮੀ ਦੇ ਵਿਦਿਆਰਥੀਆਂ ਦੀਆਂ ਕਤਾਰਾਂ ਮਹਾਨ ਜਨਰਲਿਜ਼ਮੋ (ਜਰਨੈਲਾਂ ਦੇ ਜਰਨੈਲ) ਦੇ ਸਾਹਮਣਿਉਂ ਦੀ ਗੁਜਰਦੀਆਂ ਹਨ। ਚੌੜੇ ਮੋਢਿਆਂ ਵਾਲੇ ਇਹ ਪ੍ਰਤਾਪੀ ਨੌਜਵਾਨ, ਵਿਸ਼ੇਸ਼ ਤੌਰ ਤ'ੇ ਕਿਸੇ ਮਜਬੂਤ ਫੌਲਾਦੀਕਰਣ ਦੇ ਢਲਾਈ-ਅਮਲ 'ਚੋਂ ਗੁਜ਼ਰੇ ਹਨ। ਰੰਗ-ਰੂਪ ਦੀਆਂ ਕੁੱਝ ਮੱਧਮ ਨਿਸ਼ਾਨੀਆਂ 'ਤੇ ਘੋਖਵੀਂ ਝਾਤ ਪਾਇਆਂ, ਉਨ੍ਹਾਂ 'ਚ ਰੂਸੀਆਂ , ਯੂਕਰੇਨੀਆਂ, ਉਜ਼ਬੇਕਾਂ ਅਤੇ ਸਾਡੀ ਸ਼ਾਨਦਾਰ ਮਾਤ-ਭੂਮੀ 'ਚ ਵਸਦੀਆਂ ਹੋਰ ਨਸਲਾਂ ਨੂੰ ਪਹਿਚਾਣਿਆ ਜਾ ਸਕਦਾ ਹੈ। ਸਾਡੇ ਦੇਸ਼ ਦੀ ਜਨਤਾ ਦੀ ਸਟਾਲਿਨ -ਪੀੜ੍ਹੀ ਦੇ ਇਨ੍ਹਾਂ ਕਿਸ਼ੋਰ-ਨੁਮਾਇੰਦਿਆਂ ਦੀਆਂ ਪ੍ਰਤਿਭਾਸ਼ਾਲੀ ਅੱਖਾਂ 'ਚ ਕਿੰਨਾ ਅਮਿੱਟ ਪਿਤਾ-ਪਿਆਰ ਅਤੇ ਸੈਨਿਕਾਂ ਵਰਗੀ ਵਫਾਦਾਰੀ ਡਲ੍ਹਕਾਂ ਮਾਰ ਰਹੀ ਹੈ।
ਹੁਣੇ-ਹੁਣੇ ਸਮੂਹਕ ਕਿਸਾਨ ਫਾਰਮ ਦੀਆਂ ਦੋ ਔਰਤਾਂ ਨੇ ਸਨਮਾਨ-ਗਾਰਦ ਵਿੱਚ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਵਿੱਚ ਇੱਕ ਬਜੁਰਗ ਔਰਤ ਹੈ ਅਤੇ ਦੂਸਰੀ ਦਗਦੇ ਚਿਹਰੇ ਵਾਲੀ ਫੁਰਤੀਲੀ ਅਲ੍ਹੜ ਮੁਟਿਆਰ ਹੈ। ਦੋਹਾਂ ਦੇ ਸੀਨਿਆਂ 'ਤੇ ''ਸਮਾਜਵਾਦੀ ਕਿਰਤ ਵੀਰਾਂਗਣਾਂ'' ਦੇ ਸੁਨਹਿਰੀ ਤਾਰੇ ਦਿਖਾਈ ਦੇ ਰਹੇ ਹਨ। ਕਮਿਊਨਿਜ਼ਮ ਦੇ ਪ੍ਰਤਿਭਾਸ਼ਾਲੀ ਸ਼ਿਲਪਕਾਰ ਦੀ ਮਹਾਨ ਵਿਦਾਈ ਦੇ ਇਨ੍ਹਾਂ ਪਲਾਂ ਵਿੱਚ ਸੋਵੀਅਤ ਜਨਤਾ ਦੀਆਂ ਸਭਨਾਂ ਪੀੜ੍ਹੀਆਂ ਦੀ ਸਟਾਲਿਨੀ ਏਕਤਾ ਦੇ ਇਹ ਸਾਕਾਰ ਰੂਪ ਹਨ। ਤਿੰਨ ਦਿਨਾਂ ਤੱਕ ਮਹਾਨ ਅਤੇ ਬੁੱਧੀਮਾਨ ਸਟਾਲਿਨ ਦੀ ਅਰਥੀ ਦੇ ਸਾਹਮਣੇ ਜਨਤਾ ਦੇ ਪਿਆਰ ਅਤੇ ਦੁੱਖ ਦਾ ਅਥਾਹ ਅਤੇ ਅਨੰਤ ਜੀਵੰਤ-ਸਾਗਰ ਉਮੜਦਾ ਰਿਹਾ ਹੈ। ਤਿੰਨ ਦਿਨਾਂ ਤੱਕ ਸਭਨਾਂ ਸਮਿਆਂ ਅਤੇ ਸਭਨਾਂ ਲੋਕਾਂ ਦੇ ਸਭ ਤੋਂ ਮਹਾਨ ਸੈਨਿਕ ਦੀ ਅਰਥੀ ਦੇ ਕਦਮਾਂ ਕੋਲ ਸੈਨਿਕ-ਗਾਰਦਾਂ ਬਦਲਦੀਆਂ ਰਹੀਆਂ ਹਨ। ਸਟਾਲਿਨੀ ਸਿਪਾਹੀਆਂ ਦੇ ਵੀਰਤਾ ਭਰਪੂਰ ਖਿੜੇ ਹੋਏ ਅਲ੍ਹੜ ਚਿਹਰੇ, ਪ੍ਰੋਜੈਕਟਰਾਂ ਦੀ ਰੋਸ਼ਨੀ 'ਚ ਚਮਕਦੀਆਂ ਸੰਗੀਨਾਂ ਦੀਆਂ ਇਸਪਾਤੀ ਨੋਕਾਂ, ਦੁਨੀਆਂ ਦੀ ਪਰਮ ਜੇਤੂ ਫੌਜ, ਸ਼ਾਂਤੀ ਦੇ ਰਖਵਾਲਿਆਂ ਅਤੇ ਨਿਰਮਾਣ ਨੂੰ ਸਮਰਪਤ ਕਿਰਤ ਦੇ ਬੇਗਰਜ ਰਖਵਾਲਿਆਂ ਦੀ ਫੌਜ, ਆਪਣੀ ਸ਼ਕਤੀ ਅਤੇ ਅਮਰ ਗੌਰਵ ਦੇ ਰਚਣਹਾਰੇ ਦੀ ਅਰਥੀ ਦੇ ਸਾਹਮਣੇ ਸ਼ੋਕ ਭਰੇ ਸਨਮਾਨ 'ਚ ਭਿੱਜੀ ਖੜ੍ਹੀ ਸੀ।
ਤਿੰਨ ਦਿਨ ਤੱਕ ਅਰਥੀ ਦੀਆਂ ''ਸਨਮਾਨ ਗਾਰਦਾਂ'' ਬਦਲਦੀਆਂ ਰਹੀਆਂ.......।
(ਅਲਿਕਸੇ ਸਰਿਕੋਫ ਵੱਲੋਂ ਅੱਖੀਂ ਡਿੱਠੇ ਵਰਨਣ ਦਾ ਇਹ ਭਾਗ ਰਾਹੁਲ ਸੰਕਰਤਾਇਨ ਵੱਲੋਂ ਹਿੰਦੀ 'ਚ ਲਿਖੀ ਸਟਾਲਿਨ ਦੀ ਜੀਵਨੀ 'ਚੋਂ ਅਨੁਵਾਦ ਕੀਤਾ ਗਿਆ ਹੈ।)
No comments:
Post a Comment