Tuesday, November 6, 2012

ਸ੍ਰੀਕਾਕੁਲਮ ਦਾ ਗਿਰੀਜਨ ਘੋਲ


ਬਹੁਮੁਲੇ ਸਬਕਾਂ ਨਾਲ ਭਰਪੂਰ :
ਸ੍ਰੀਕਾਕੁਲਮ ਦਾ ਗਿਰੀਜਨ ਘੋਲ
(ਵਰ੍ਹੇ-ਗੰਢ 'ਤੇ ਵਿਸ਼ੇਸ਼)
ਤਿਲੰਗਾਨਾ ਦੇ ਹਥਿਆਰਬੰਦ ਸੰਘਰਸ਼ ਤੋਂ ਬਾਅਦ, ਭਾਰਤ ਦੀ ਇਨਕਲਾਬੀ ਜਮਹੂਰੀ ਲਹਿਰ ਅੰਦਰ ਸ੍ਰੀਕਾਕੁਲਮ ਦੇ ਗਿਰੀਜਨਾਂ (ਯਾਨੀ ਕਬਾਇਲੀ ਜੰਗਲ ਵਾਸੀਆਂ) ਦਾ ਸੰਘਰਸ਼, ਸਭ ਤੋਂ ਵੱਧ ਜਨਤਕ ਆਧਾਰ ਅਤੇ ਉਭਾਰ ਵਾਲਾ ਸੰਘਰਸ਼ ਸੀ। 
ਸ੍ਰੀਕਾਕੁਲਮ ਇਕ ਆਦਿਵਾਸੀ ਖੇਤਰ ਹੈ। ਸਦੀਆਂ ਤੋਂ ਇਥੇ ਆਦਿਵਾਸੀ ਲੋਕ ਮੁੱਢ ਕਦੀਮੀ ਭਾਈਚਾਰੇ ਵਾਲੀ ਜਿੰਦਗੀ ਜਿਉਂ ਰਹੇ ਸਨ। ਜੰਗਲ ਤੇ ਧਰਤੀ ਸਭ ਸਾਂਝੇ ਸਨ। ਲੋੜਾਂ ਸੀਮਤ ਸਨ ਅਤੇ ਇਹ ਸਭ ਧਰਤੀ ਤੇ ਜੰਗਲਾਂ ਤੋਂ ਪੂਰੀਆਂ ਹੋ ਜਾਂਦੀਆਂ ਸਨ। ਖੇਤੀ ਦਾ ਪੇਂਡੂ ਤਰੀਕਾ ਪ੍ਰਚੱਲਤ ਸੀ। ਇਸ ਤਰੀਕੇ ਨਾਲ ਜੰਗਲ ਸਾੜ ਕੇ ਖੇਤੀ ਲਈ ਜ਼ਮੀਨ ਤਿਆਰ ਕੀਤੀ ਜਾਂਦੀ ਸੀ। ਦੋ-ਤਿੰਨ ਸਾਲ ਫਸਲ ਲੈਣ ਤੋਂ ਬਾਅਦ ਇਹ ਜ਼ਮੀਨ ਛੱਡ ਦਿੱਤੀ ਜਾਂਦੀ ਸੀ ਅਤੇ ਹੋਰ ਜ਼ਮੀਨ ਖੇਤੀ ਲਈ ਤਿਆਰ ਕਰ ਲਈ ਜਾਂਦੀ ਸੀ। ਇਸ ਛੱਡੀ ਹੋਈ ਜਮੀਨ ਤੇ ਫਿਰ ਆਪਣੇ ਆਪ ਜੰਗਲ ਉਗ ਆਉਂਦਾ ਸੀ। ਲੋਕਾਂ ਅੰਦਰ ਕੋਈ ਵੱਡੇ ਆਰਥਕ- ਸਮਾਜਕ ਵਖਰੇਵੇਂ ਨਹੀਂ ਸਨ।  ਸਿਰਫ ਏਨੀ ਕੁ ਊਚ ਨੀਚ ਸੀ ਕਿ ਜਾਤਾਪੂ ਆਦਿਵਾਸੀ ਆਪਣੇ ਆਪ ਨੂੰ ਸਾਵਾਗ ਆਦਿਵਾਸੀਆਂ ਨਾਲੋਂ ਉਚੇ ਗਿਣਦੇ ਸਨ। ਪਰ ਇਸ ਦੇ ਬਾਵਜੂਦ ਵੀ ਉਹ ਦਿਨ-ਦਿਹਾਰ ਇਕੱਠੇ ਹੀ ਮਨਾਉਂਦੇ ਸਨ। ਜੰਗਲੀ ਦਰਖਤਾਂ ਤੋਂ ਤਿਆਰ ਕੀਤੀ ਸ਼ਰਾਬ ਭੋਜਨ ਅਤੇ ਮਨੋਰੰਜਨ ਲਈ ਲੋੜੀਂਦੀ ਖੁਰਾਕ ਸਮਝੀ ਜਾਂਦੀ ਸੀ। ਸਭ ਨਰ ਨਾਰੀ ਇਸ ਦੀ ਵਰਤੋਂ ਕਰਦੇ ਸਨ। ਨਚਦੇ ਗਾਉਂਦੇ ਅਤੇ ਬੇਫਿਕਰੀ ਦਾ ਖੁਲ੍ਹਾ-ਡੁਲ੍ਹਾ ਜੀਵਨ ਜਿਉਂਦੇ ਸਨ।
ਇਹਨਾਂ ਦੇ ਇਸ ਜੀਵਨ ਵਿਚ ਪਹਿਲੀ ਖਲਲ ਅੰਗਰੇਜ ਸਾਮਰਾਜੀਆਂ ਨੇ ਪਾਈ। 18 ਵੀਂ ਸਦੀ ਵਿਚ ਅੰਗਰੇਜਾਂ ਨੇ ਇਸ ਇਲਾਕੇ 'ਤੇ ਕਬਜਾ ਕਰ ਲਿਆ। ਸ੍ਰੀਕਾਕੁਲਮ ਜਿਲ੍ਹੇ ਦੀਆਂ ਤਿੰਨ ਤਹਿਸੀਲਾਂ ਪਾਰਵਤੀ ਪੁਰਮ, ਪਾਲਕੋਂਡਾ ਅਤੇ ਸਾਲੂਰ ਜੋ ਪਹਾੜੀ ਤੇ ਜੰਗਲੀ ਇਲਾਕਾ ਸੀ, ਉਸ ਨੂੰ ਉੜੀਸਾ ਦੇ ਕੋਰਾਪੁਟ ਅਤੇ ਗੰਜਮ ਆਦਿ ਜ਼ਿਲ੍ਹਿਆਂ ਨਾਲ ਰਲਾ ਕੇ ਏਜੰਸੀ ਏਰੀਆ ਬਣਾ ਦਿੱਤਾ। ਦੋ ਤਹਿਸੀਲਾਂ ਪਥਪਟਲਮ ਟੇਕਲੀ ਅਤੇ ਸੋਮਪੇਟ ਗੈਰ ਏਜੰਸੀ ਮੈਦਾਨੀ ਜੰਗਲ ਵਾਲੇ ਇਲਾਕੇ ਸਨ। ਅੰਗਰੇਜਾਂ ਨੇ ਜੰਗਲਾਂ ਨੂੰ ਆਪਣੇ ਕਬਜੇ ਹੇਠ ਲੈ ਲਿਆ। ਖੇਤੀ ਲਈ ਜਿੰਮੀਦਾਰੀ ਪ੍ਰਬੰਧ ਸਥਾਪਤ ਕਰ ਦਿੱਤਾ। ਜਿਮੀਦਾਰਾਂ ਨੇ ਮਾਮਲਾ ਉਗਰਾਹੀ ਲਈ ਆਪਣੇ ਗੈਰ-ਆਦਿਵਾਸੀ ਕਰਿੰਦੇ ਤਾਇਨਾਤ ਕਰ ਦਿੱਤੇ ਜਿੰਨ੍ਹਾਂ ਨੂੰ ਮੁਕਤਾਧਾਰ ਕਿਹਾ ਜਾਂਦਾ ਸੀ। ਅੰਗਰੇਜ਼ ਸਰਕਾਰ ਨੇ ਪਟਵਾਰੀ-ਪਟੇਲ ਤਾਇਨਾਤ ਕਰ ਦਿੱਤੇ ਜਿਨ੍ਹਾਂ ਨੂੰ ਕਰਨਮ ਕਿਹਾ ਜਾਂਦਾ ਸੀ। ਹੁਣ ਜਿੰਮੀਦਾਰਾਂ, ਮੁਕਤਾ ਧਾਰਾਂ ਅਤੇ ਕਰਨਮਾਂ ਨੇ ਰਲ ਕੇ ਆਦਿਵਾਸੀਆਂ ਦਾ ਲਹੂ ਨਿਚੋੜਨਾ ਸ਼ੁਰੂ ਕਰ ਦਿੱਤਾ। ਭੋਲੇ ਭਾਲੇ ਆਦਿਵਾਸੀਆਂ 'ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾਏ ਗਏ। ਜੰਗਲ 'ਚੋਂ ਲੱਕੜ ਕੱੱੱੱੱਟਣ, ਫਲ-ਫਰੂਟ ਅਤੇ ਜੜੀਆਂ-ਬੂਟੀਆਂ ਇਕੱਠੀਆਂ ਕਰਨ, ਸ਼ਿਕਾਰ ਖੇਡਣ, ਟੋਭਿਆਂ 'ਚੋਂ ਮੱਛੀਆਂ ਫੜਨ ਆਦਿ ਤੇ ਵੀ ਟੈਕਸ ਲਾ ਦਿੱਤੇ ਗਏ। ਆਦਿਵਾਸੀ ਸਮਾਜ ਅੰਦਰ ਪਹਿਲੀ ਵਾਰ ਰੁਪਏ ਪੈਸੇ ਦੀ ਗੱਲ ਸ਼ੁਰੂ ਹੋਈ। ਉਨ੍ਹਾਂ ਵਿੱਚ ਜਿਆਦਾਤਰ ਵਸਤਾਂ ਦਾ ਆਦਾਨ-ਪ੍ਰਦਾਨ ਹੀ ਚਲਦਾ ਸੀ। ਆਦਿਵਾਸੀਆਂ ਦੀ ਪਿਛੜੀ ਹੋਈ ਚੇਤਨਾ ਦਾ ਫਾਇਦਾ ਉਠਾਉਣ ਲਈ ਮੈਦਾਨੀ ਇਲਾਕਿਆਂ 'ਚੋਂ ਅਜਿਹੇ ਵਪਾਰੀ ਵੀ ਆ ਗਏ ਜੋ ਬਹੁਮੁਲੀਆਂ ਜੰਗਲੀ ਵਸਤਾਂ ਨੂੰ ਲੂਣ-ਤੇਲ ਵੱਟੇ ਹੀ ਵਟਾ ਕੇ ਲੈ ਜਾਂਦੇ ਸਨ। ਟੈਕਸਾਂ ਦੇ ਭਾਰ ਨੇ ਆਦਿਵਾਸੀਆਂ ਨੂੰ ਉਧਾਰ ਅਤੇ ਵਿਆਜ ਵੱਲ ਧੱਕਿਆ। ਉਧਾਰ ਅਤੇ ਵਿਆਜ ਨੇ ਅਗਾਂਹ ਉਹਨਾਂ ਨੂੰ ਗੋਟੀ(ਬੰਧੂਆ ਮਜ਼ਦੂਰ) ਬਣਨ ਲਈ ਮਜ਼ਬੂਰ ਕਰ ਦਿੱਤਾ। ਹੌਲੀ ਹੌਲੀ ਸਾਰੀ ਜ਼ਮੀਨ ਤੇ ਜੰਗਲ ਇਹਨਾਂ ਗੈਰ-ਆਦਿਵਾਸੀਆਂ ਦੇ ਕਬਜੇ ਹੇਠ ਆ ਗਏ। ਆਦਿਵਾਸੀ ਮੁਜਾਰੇ ਜਾਂ ਬੰਧਕ ਮਜ਼ਦੂਰ ਬਣ ਕੇ ਰਹਿ ਗਏ। ਮੁਕਤਾਧਾਰ ਤੇ ਕਰਨਮ, ਸੂਦਖੋਰ ਤੇ ਜਾਗੀਰਦਾਰ ਬਣ ਗਏ।
ਆਦਿਵਾਸੀਆਂ ਦੀ ਖੁਲ੍ਹੀ ਅਤੇ ਭਰਪੂਰ ਜ਼ਿੰਦਗੀ ਅੰਦਰ ਪਏ ਇਸ ਭਾਰੀ ਵਿਘਨ ਅਤੇ ਖਲਲ ਨੇ ਉਨ੍ਹਾਂ ਅੰਦਰ ਬੇਚੈਨੀ ਅਤੇ ਬਗਾਵਤ ਦੇ ਬੀਜ ਬੀਜੇ। ਜਮਾਂਦਰੂ ਸ਼ਿਕਾਰੀ ਤੇ ਹਥਿਆਰਬੰਦ ਬਿਰਤੀ ਵਾਲੇ ਇਹ ਆਦਿਵਾਸੀ ਬਾਰ-ਬਾਰ ਇਸ ਲੁੱਟ ਅਤੇ ਦਾਬੇ ਖਿਲਾਫ ਸੰਘਰਸ਼ ਅਤੇ ਬਗਾਵਤਾਂ ਕਰਦੇ ਰਹੇ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਆਦਿਵਾਸੀਆਂ ਨੇ ਕਈ ਸੰਘਰਸ਼ ਕੀਤੇ। ਸਲੂਰ ਦਾ ਹਥਿਆਰਬੰਦ ਸੰਘਰਸ਼ ਅੱਜ ਵੀ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ। ਇਹਨਾਂ ਸੰਘਰਸ਼ਾਂ ਦੇ ਨਤੀਜੇ ਵਜੋਂ ਅੰਗਰੇਜ ਸਰਕਾਰ ਨੇ ਆਦਿਵਾਸੀਆਂ ਦੇ ਕਰੋਧ ਨੂੰ ਸ਼ਾਂਤ ਕਰਨ ਲਈ, 1917 ਵਿੱਚ ਏਜੰਸੀ ਏਰੀਆ ਕਾਨੂੰਨ ਪਾਸ ਕੀਤਾ ਜਿਸ ਦੀ ਮੁੱਖ ਮੱਦ ਇਹ ਸੀ ਕਿ ਆਦਿਵਾਸੀਆਂ ਦੀ ਜਮੀਨ ਕੋਈ ਗੈਰਆਦਿਵਾਸੀ ਨਹੀਂ ਖਰੀਦ ਸਕਦਾ। ਪਰ ਗੈਰ ਆਦਿਵਾਸੀਆਂ ਦੀ ਚਲਾਕੀ ਚਤੁਰਾਈ ਅਤੇ ਆਦਿਵਾਸੀਆਂ ਦੀ ਅਣਜਾਣਤਾ ਸਿੱਧੜਪਣ ਕਾਰਨ ਇਹ ਕਾਨੂੰਨ ਅਮਲੀ  ਰੂਪ ਵਿਚ ਕੋਈ ਫਰਕ ਨਾ ਪਾ ਸਕਿਆ ਨਤੀਜਨ ਵਿਸਾਖਾਪਟਮ ਦੇ ਏਜੰਸੀ ਏਰੀਏ ਵਿਚ ਅਲੂਹੀ ਸੀਤਾ ਰਾਮ ਰਾਜੂ ਦੀ ਅਗਵਾਈ ਵਿੱਚ ਫਿਰ ਇੱਕ ਵਿਸ਼ਾਲ ਜਨ ਵਿਧਰੋਹ ਉਠ ਖੜ੍ਹਾ ਹੋਇਆ। ਇਹ ਹਥਿਆਰਬੰਦ ਸੰਘਰਸ਼ ਮੁੱਖ ਤੌਰ ਤੇ ਗੈਰ ਆਦਵਾਸੀ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਮੁਕਤਾਧਾਰਾਂ ਦੇ ਖਿਲਾਫ ਸੀ। ਇਹ ਸੰਘਰਸ਼ ਲਗਾਤਾਰ 7 ਸਾਲ ਜਾਰੀ ਰਿਹਾ। ਕਈ ਜਾਗੀਰਦਾਰ ਅਤੇ ਮੁਕਤਾਧਾਰ ਸੋਧੇ ਗਏ । ਅਨੇਕਾਂ ਇਲਾਕਾ ਛੱਡ ਕੇ ਭੱਜ ਗਏ। ਰਹਿੰਦਿਆਂ ਨੂੰ ਆਪਣੀ ਲੁੱਟ ਅਤੇ ਦਾਬੇ ਨੂੰ ਘੱਟ ਕਰਨਾ ਪਿਆ। 
ਇਸ ਤੋਂ ਬਾਅਦ ਵੀ ਵਾਰ ਵਾਰ ਆਪ ਮੁਹਾਰੇ ਸੰਘਰਸ਼ ਉਠਦੇ ਰਹੇ। ਆਦਿਵਾਸੀ ਹਮੇਸ਼ਾਂ ਜੰਗਲ 'ਤੇ ਆਪਣੀ ਮਾਲਕੀ ਸਮਝਦੇ ਸਨ। ਮਾਲਕੀ ਦਾ ਇਹ ਸੁਆਲ ਹਮੇਸ਼ਾਂ ਹੀ ਰੱਟੇ ਅੱਤੇ ਸੰਘਰਸ਼ ਦਾ ਸੁਆਲ ਬਣਿਆ ਰਿਹਾ। ਦਰਅਸਲ ਇਸ ਦੀ ਤਹਿ ਹੇਠਾਂ ਹੀ ਸੱਤਾ ਅਤੇ ਆਜ਼ਾਦੀ ਦੀ ਸੁਆਲ ਹਮੇਸ਼ਾ ਆਦਿਵਾਸੀ ਸੰਘਰਸ਼ਾਂ ਦਾ ਕੇਂਦਰੀ ਨੁਕਤਾ ਬਣਦਾ ਰਿਹਾ ਹੈ। 
1947 ਵਿਚ, ਅੰਗਰੇਜਾਂ ਵੱਲੋਂ ਭਾਰਤੀ ਰਾਜ, ਆਪਣੇ ਵਫਾਦਾਰ ਕਾਂਗਰਸੀਆਂ ਦੀ ਝੋਲੀ ਵਿਚ ਪਾ ਕੇ ਖਿਸਕ ਜਾਣ ਉਪਰੰਤ ਵੀ ਇਹਨਾਂ ਆਦਿਵਾਸੀਆਂ ਦੀ ਜ਼ਿੰਦਗੀ ਵਿਚ ਕੋਈ ਸੁਧਾਰ ਨਹੀਂ ਆਇਆ। ਸਗੋਂ ਲੁੱਟ ਅਤੇ ਦਮਨ ਹੋਰ ਤੇਜ ਹੋ ਗਏ। ਅੰਨ੍ਹੀ ਲੁੱਟ ਵੇਖ ਕੇ ਹੋਰ ਅਨੇਕਾਂ ਸ਼ਹਿਰੀ ਵਪਾਰੀ ਅਤੇ ਸੂਦਖੋਰਾਂ ਨੇ ਸਿਰੀਕਾਕੁਲਮ ਵਿਚ ਡੇਰੇ ਲਾ ਲਏ। ਏਸੇ ਸਮੇਂ ਹੀ ਕਮਿਊਨਿਸਟਾਂ ਨੇ ਇਸ ਇਲਾਕੇ ਵਿਚ ਸਰਗਰਮੀ ਆਰੰਭੀ। ਪੱਲੀ ਰਾਮੁਲੂ ਅਤੇ ਵੈਂਪਟਾਪੂ ਸਤਿਆ ਨਰੈਣਨ ਉਹ ਪਹਿਲੇ ਸਮਰਪਤ ਕਮਿਊਨਿਸਟ ਸਨ ਜਿਨ੍ਹਾਂ ਨੇ ਆਦਿਵਾਸੀਆਂ ਅੰਦਰ ਕੰਮ ਕਰਨਾ ਸ਼ੁਰੂ ਕੀਤਾ। ਵੀ ਸੱਤਿਆ ਨਰੈਣਨ 1960 ਵਿਚ ਅਧਿਆਪਕ ਬਣ ਕੇ ਇਸ ਇਲਾਕੇ ਵਿਚ ਆਏ। ਉਹਨਾਂ ਆਦਿ ਵਾਸੀਆਂ ਦਾ ਰਹਿਣ ਸਹਿਣ, ਰਸਮੋ ਰਿਵਾਜ ਅਤੇ ਬੋਲੀ ਸਿੱਖੀ, ਅਪਣਾਈ, ਆਦਿਵਾਸੀਆਂ ਦੀ ਪਰੰਪਰਾ ਅਨੁਸਾਰ ਉਹਨਾਂ ਵਿਚ ਹੀ ਆਪਣੇ ਦੋ ਵਿਆਹ ਕਰਵਾਏ ਅਤੇ ਇਉਂ ਪੂਰੀ ਤਰਾਂ ਰਚ ਮਿਚ ਗਏ। ਉਹਨਾਂ ਆਦਿਵਾਸੀ ਕਿਸਾਨਾਂ ਨੂੰ ਗਿਰੀਜਨ ਸੰਗਮ ਦੇ ਝੰਡੇ ਹੇਠ ਇਕੱਤਰਤ ਕਰਨਾ ਸ਼ੁਰੂ ਕੀਤਾ। ਆਦਿਵਾਸੀਆਂ ਵਿਚ ਉਹ ਗੱਪਾ ਗੁਰੂ ਵਜੋਂਂ ਸਤਿਕਾਰੇ ਜਾਂਦੇ ਸਨ। ਅੱਜ ਵੀ ਆਦਿਵਾਸੀਆਂ ਅੰਦਰ ਇਕ ਨਾਇਕ ਵਜੋਂ ਉਹਨਾਂ ਦੇ ਨਾਂ ਨਾਲ ਅਨੇਕਾਂ ਮਿਥਾਂ ਅਤੇ ਗੀਤ ਪ੍ਰਚੱਲਤ ਹਨ। ਬਾਅਦ ਵਿਚ ਉੜੀਸਾ ਤੋਂ ਮਸ਼ਹੂਰ ਕਵੀ ਸੂਬਾ ਰਾਓ ਪਾਣੀ ਗਰਹੀ ਅਤੇ ਮੈਦਾਨੀ ਇਲਾਕਿਆਂ ਤੋਂ ਪੰਚਾਦੀ ਕ੍ਰਿਸ਼ਨਾ ਮੂਰਤੀ, ਆਦਿਬਾਟਲਾ ਕੈਲਾਸਮ ਵਰਗੇ ਨਿਹਚਾਵਾਨ ਕਮਿਊਨਿਸਟ ਆਏ। ਇਹਨਾਂ ਦੀ ਅਗਵਾਈ ਵਿਚ ਗਿਰੀਜਨ ਸੰਗਮ ਨੇ ਅਨੇਕਾਂ ਆਰਥਕ ਮੰਗਾਂ 'ਤੇ ਜਨਤਕ ਸੰਘਰਸ਼ ਕੀਤੇ। 1960 ਤੋਂ 1967 ਦੇ ਵਰ੍ਹਿਆਂ ਤੱਕ ਸਿਰੀਕਾਕੁਲਮ ਦੇ ਏਜੰਸੀ ਏਰੀਏ ਅੰਦਰ ਗਿਰੀਜਨ ਸੰਗਮ, ਆਦਿਵਾਸੀਆਂ ਦੀ ਇਕ ਸਮਾਜਕ-ਸਭਿਆਚਾਰਕ ਸੰਸਥਾ ਅਤੇ ਜਨਤਕ-ਸਿਆਸੀ ਸੰਘਰਸ਼ ਦੀ ਜਥੇਬੰਦੀ ਵਜੋਂ ਸਥਾਪਤ ਹੋ ਗਿਆ ਸੀ।  
ਗਿਰੀਜਨ ਸੰਗਮ ਨੂੰ ਜਥੇਬੰਦ ਕਰਨ, ਆਦਿਵਾਸੀ ਕਿਸਾਨਾਂ ਨੂੰ ਚੇਤੰਨ ਕਰਨ ਅਤੇ ਉਹਨਾਂ ਦਾ ਸਭਿਆਚਾਰਕ ਪੱਧਰ ਉਚਾ ਚੁਕਣ ਵਿਚ ਇਹਨਾਂ ਕਮਿਊਨਿਸਟ ਕਰਿੰਦਿਆਂ ਨੇ ਮਿਸਾਲੀ ਯਤਨ ਕੀਤੇ। ਉਹਨਾਂ ਆਦਿਵਾਸੀਆਂ ਨੂੰ ਵਹਿਮਾਂ ਭਰਮਾਂ 'ਚਂੋ ਕੱਢਣ ਲਈ ਸਭਿਆਚਾਰਕ ਮੁਹਿੰਮਾਂ ਚਲਾਈਆਂ। ਬਿਮਾਰੀਆਂ ਤੋਂ ਬਚਣ ਲਈ ਸਫਾਈ ਅਤੇ ਦਵਾਈਆਂ ਦੀ ਮਹੱਤਤਾ ਜਚਾਈ। ਸਰੀਰ ਦੀ ਸਫਾਈ ਲਈ ਨਹੁੰ ਅਤੇ ਵਾਲ ਕੱਟਣੇ, ਕਪੜਿਆਂ ਦੀ ਸਫਾਈ ਲਈ ਸਾਬਣ ਦੀ ਵਰਤੋਂ ਕਰਨੀ ਅਤੇ ਔਰਤਾਂ ਨੂੰ ਨਵੇਂ ਢੰਗ ਦੇ ਕਪੜੇ ਪਹਿਨਣੇ ਆਦਿ ਸਿਖਾਇਆ। ਇਸ ਤੋ ਪਹਿਲਾਂ ਗਿਰੀਜਨ ਔਰਤਾਂ ਲਗਭਗ ਨਗਨ ਅਵਸਥਾ ਵਿਚ ਹੀ ਵਿਚਰਦੀਆਂ ਸਨ। ਪੜ੍ਹਨਾ ਲਿਖਣਾ ਵੀ ਸਿਖਾਇਆ। ਆਪਣੇ ਹੱਕਾਂ ਲਈ ਚੇਤੰਨ ਕਰਨ ਲਈ ਪਿੰਡਾਂ ਅੰਦਰ ਵੱਡੀਆਂ ਜਮਾਤਾਂ ਲਾਉਣ ਦਾ ਤੋਰਾ ਤੋਰਿਆ। ਨਤੀਜੇ ਵਜੋਂ ਅਨੇਕਾਂ ਆਦਿਵਾਸੀ ਆਗੂ, ਬੁਲਾਰ,ੇ ਗੀਤਕਾਰ ਅਤੇ ਨਾਟਕ-ਕਲਾਕਾਰ ਬਣੇ ਇਹਨਾਂ ਦੀਆਂ ਸਭਿਆਚਾਰਕ ਟੋਲੀਆਂ ਨੇ ਅਗਾਂਹ ਚੇਤਨਾ ਅਤੇ ਸੰਗਮ ਦਾ ਵਿਸਥਾਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਇਹਨਾਂ 7 ਸਾਲਾਂ ਅੰਦਰ ਗਿਰੀਜਨ ਸੰਗਮ ਨੇ ਅਨੇਕਾਂ ਸ਼ਾਨਦਾਰ ਘੋਲ ਲੜੇ ਭਾਵੇਂ ਇਹ ਘੋਲ ਆਰਥਕ ਮੰਗਾਂ ਉਤੇ ਹੀ ਕੇਂਦਰਤ ਸਨ। ਅਤੇ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਹੀ ਲੜੇ ਗਏ ਸਨ ਪਰ ਫਿਰ ਵੀ ਇਹਨਾਂ ਘੋਲਾਂ ਦੇ ਨਤੀਜੇ ਵਜੋਂ ਉਹਨਾਂ ਸ਼ਾਹੂਕਾਰਾਂ ਦੇ ਕਬਜ਼ੇ ਵਿਚ ਗਈ 700 ਏਕੜ ਜਮੀਨ ਮੁੜ ਹਾਸਲ ਕੀਤੀ। ਡੇਢ ਹਜ਼ਾਰ ਏਕੜ ਜੰਗਲਾਤ ਦੀ ਜ਼ਮੀਨ ਦੀ ਜ਼ਮੀਨ ਤੇ ਮੁੜ ਕਬਜਾ ਕੀਤਾ 2 ਲੱਖ ਰੁਪਏ ਦੇ ਸ਼ਾਹੂਕਾਰੀ ਕਰਜੇ ਮਨਸੂਖ ਕਰਵਾਏ। ਇਮਾਰਤੀ ਲੱਕੜੀ ਮੁਫਤ ਮਿਲਣ ਲੱਗੀ। ਜੰਗਲ ਦੀਆਂ ਵਸਤਾਂ ਦੇ ਬਦਲੇ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਤੋਂ ਵਾਜਬ ਪੇਸੇ ਮਿਲਣ ਲੱਗੇ। ਸਥਾਨਕ ਲੋੜਾਂ ਦੀ ਪੂਰਤੀ ਲਈ ਇਲਾਕੇ ਤੋਂ ਬਾਹਰ ਅਨਾਜ ਲਿਜਾਣ 'ਤੇ ਪਾਬੰਦੀ ਲੱਗ ਗਈ ਵਗਾਰ ਪੂਰੀ ਤਰ੍ਹਾਂ ਬੰਦ ਹੋ ਗਈ ਰੋਜ਼ਾਨਾ ਮਜ਼ਦੂਰੀ ਦੀਆਂ ਦਰਾਂ 12 ਗੁਣਾ ਵਧ ਗਈਆਂ ਇਹਨਾਂ ਪ੍ਰਾਪਤੀਆਂ ਕਾਰਨ ਸੰਗਮ ਗਿਰੀਜਨਾਂ ਅੰਦਰ ਬੇਹੱਦ ਮਕਬੂਲ ਹੋ ਗਿਆ। ਹਰੇਕ ਪਿੰਡ ਵਿੱਚ ਹਰੇਕ ਪਰਿਵਾਰ ਦਾ ਇਕ ਬਾਲਗ ਇਸ ਦਾ ਮੈਂਬਰ ਬਣਿਆ। ਔਰਤਾਂ ਨੇ ਆਪਣੇ ਮਹਿਲਾ ਸੰਗਮ ਬਣਾਏ ਅਤੇ ਪਿਤਾ-ਪੁਰਖੀ ਰੂੜੀਵਾਦੀ ਦਾਬੇ ਅਤੇ ਰਸਮੋ ਰਿਵਾਜਾਂ ਖਿਲਾਫ ਝੰਡਾ ਚੁੱਕ ਲਿਆ। ਇਸ ਤਰ੍ਹਾਂ ਗਿਰੀਜਨ ਸਮਾਜ ਅੰਦਰ ਇਕ ਸਿਫਤੀ ਤਬਦੀਲੀ ਸ਼ੁਰੂ ਹੋ ਗਈ ਸੀ।
ਇਸ ਆ ਰਹੀ ਸਿਫਤੀ ਤਬਦੀਲੀ ਕਾਰਨ ਗਿਰੀਜਨ ਆਦਿਵਾਸੀ ਚੇਤਨ ਹੋਣ ਲੱਗ ਪਏ ਸਨ। ਉਹ ਆਪਣੀ ਹੋਂਦ, ਆਪਣੀ ਜਥੇਬੰਦਕ ਤਾਕਤ, ਆਪਣੇ ਹੱਕਾਂ ਦਾ ਦਾਅਵਾ ਅਤੇ ਆਪਣੀ ਅਥਾਰਟੀ ਜਤਲਾਉਣ ਲੱਗ ਪਏ ਸਨ। ਪਿੰਡਾਂ ਅੰਦਰ ਜਾਗੀਰਦਾਰਾਂ ਅਤੇ ਸੂਦਖੋਰਾਂ ਦੀ ਸੱਤਾ ਦੇ ਥੰਮ੍ਹ ਹਿਲਣੇ ਸ਼ੁਰੂ ਹੋ ਗਏ ਸਨ। ਪਰ ਇਹ ਪ੍ਰਾਪਤੀਆਂੰ ਵੀ ਗਿਰੀਜਨਾਂ ਨੂੰ ਅਨੇਕਾਂ ਕੁਰਬਾਨੀਆਂ 'ਤਾਰ ਕੇ ਹੀ ਹਾਸਲ ਹੋਈਆਂ ਸਨ। ਇਨ੍ਹਾਂ 7 ਵਰ੍ਹਿਆਂ ਵਿਚ ਹਜ਼ਾਰਾਂ ਗਿਰੀਜਨਾਂ ਉਪਰ ਝੂਠੇ ਕੇਸ ਮੜ੍ਹੇ ਗਏ ਕਈ ਕਈ ਮਹੀਨੇ ਜੇਲ੍ਹਾਂ ਵਿਚ ਰਹਿਣਾ ਪਿਆ। ਅਦਾਲਤਾਂ ਦੀਆਂ ਖਜਲ ਖੁਆਰੀਆਂ ਝਲਣੀਆਂ ਪਈਆਂ ਅਤੇ 70 ਦੇ ਕਰੀਬ ਗਿਰੀਜਨਾਂ ਨੂੰ ਅਹੂਤੀਆਂ ਪਾਉਣੀਆਂ ਪਈਆਂ। 
ਜਿਉਂ ਹੀ ਜਾਗੀਰਦਾਰਾਂ ੱਤੇ ਸੂਦਖੋਰਾਂ ਦੀ ਸੱਤਾ ਨੂੰ ਚੁਨੌਤੀ ਮਿਲਣੀ ਸ਼ੁਰੂ ਹੋਈ, ਉਹਨਾਂ ਨੇ ਖੁਦ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਰਿਐਤੂ ਸੰਗਮ ਬਣਾ ਲਿਆ ਇਹਨਾਂ ਦਾ ਆਗੂ ਮੈਡਿਡਾ ਸਤਿਆਮ ਨਾਮ ਦਾ ਧਨੀ ਅਤੇ ਪ੍ਰਭਾਵਸ਼ਾਲੀ ਜਿਮੀਦਾਰ—ਠੇਕੇਦਾਰ ਸੀ, ਜਿਹੜਾ ਕਾਂਗਰਸ ਦਾ ਇਕ ਮਹੱਤਵਪੂਰਨ ਆਗੂ ਵੀ ਸੀ। 31 ਅਕਤੂਬਰ 1967 ਨੂੰ ਪਿੰਡ ਵਿਚ ਆਦਿਵਾਸੀਆਂ ਦੀ ਇਕ ਸਭਾ 'ਤੇ ਜਾਗੀਰਦਾਰਾਂ ਨੇ ਹਮਲਾ ਕਰ ਦਿੱਤਾ। ਗੁੱਸੇ ਵਿਚ ਆਏ ਆਦਵਾਸੀਆਂ, ਸੰਗਮ ਦੀ ਅਗਵਾਈ ਵਿਚ ਇੱਕ ਜਲੂਸ ਦੀ ਸ਼ਕਲ ਵਿਚ ਲੇਵਿਛੀ ਪਿੰਡ ਦੇ ਜਾਗੀਰਦਾਰਾਂ ਤੋਂ ਜੁਆਬ-ਤਲਬੀ ਲਈ ਗਏ। ਜਗੀਰਦਾਰਾਂ ਨੇ ਇਸ ਜਲੂਸ 'ਤੇ ਗੋਲੀ ਚਲਾ ਦਿੱਤੀ ਜਿਸ ਵਿਚ ਅਰਿਕਾ ਕੋਰਨਾ ਅਤੇ ਕੋਡਜਾਗਿਰੀ ਮਾਂਗਨਾ ਨਾਮੀ ਦੋ ਸੰਗਮ ਦੇ ਕਰਿੰਦੇ ਮਾਰੇ ਗਏ। (ਇਹ  ਸ਼ਹੀਦ ਬਾਅਦ ਵਿਚ ਸਿਰੀਕਾਕੁਲਮ ਦੇ ਪਹਿਲੇ ਸ਼ਹੀਦਾਂ ਵਜੋਂ ਸਥਾਪਤ ਹੋਏ। ਇਹਨਾਂ ਉਪਰ ਅਨੇਕਾਂ ਗੀਤ ਅਤੇ ਨਾਟਕ ਲਿਖੇ ਗਏ।) ਵੱਡੀ ਗਿਣਤੀ ਵਿਚ ਪੁਲਸ ਆਈ। ਪੁਲਸ ਨੇ ਜਾਗੀਰਦਾਰਾਂ ਦਾ ਪੱਖ ਲਿਆ। ਉਸਨੇ ਦਫਾ 144 ਲਾ ਦਿੱਤੀ । 500 ਆਦਿਵਾਸੀ ਗ੍ਰਿਫਤਾਰ ਕਰ ਲਏ ਗਏ । ਇਸ ਘਟਨਾ ਨੇ ਜਾਗੀਰਦਾਰਾਂ ਅਤੇ ਪੁਲਸ ਦੇ ਦਮਨ ਦੇ ਹਥਿਆਰਬੰਦ ਟਾਕਰੇ ਦਾ ਸੁਆਲ ਏਜੰਡੇ ਉਪਰ ਲੈ ਆਂਦਾ। ਇਸੇ ਸਮਂੇ ਮਾਰਕਸੀ ਕਮਿਊਨਿਸਟ ਪਾਰਟੀ  ਅੰਦਰ ਨਕਸਲਬਾੜੀ ਦੇ ਸੁਆਲ 'ਤੇ ਤਿੱੱਖੀ ਵਿਚਾਰਧਾਰਕ- ਸਿਆਸੀ ਬਹਿਸ ਭੇੜ ਅਤੇ ਨਿਖੇੜੇ ਦਾ ਅਮਲ ਚਲ ਰਿਹਾ ਸੀ। 4 ਜਨਵਰੀ 1968 ਨੂੰ ਆਂਧਰਾ ਅੰਦਰ ਡੀ.ਵੀ. ਰਾਓ ਤੇ ਨਾਗੀ ਰੈਡੀ ਦੀ ਅਗਵਈ ਵਿਚ ਕਮਿਊਨਿਸਟ ਇਨਕਲਾਬੀਆਂੇ ਦੀ ਕੋ-ਆਰਡੀਨੇਸ਼ਨ  ਕਮੇਟੀ ਗਠਤ ਕੀਤੀ ਗਈ ਅਤੇ ਸਮੁੱਚੀ ਸਿਰੀਕਾਕੁਲਮ ਲੀਡਰਸ਼ਿਪ ਮਾਰਕਸੀ ਪਾਰਟੀ ਨਾਲੋ ਤੋੜ ਵਿਛੋੜਾ ਕਰਕੇ ਇਸ ਵਿਚ ਸ਼ਾਮਲ ਹੋ ਗਈ। ਇਸ ਤੋਂ ਬਾਅਦ ਲੱਗਭਗ ਇੱਕ ਸਾਲ ਦਾ ਅਰਸਾ ਸੰਗਮ ਨੂੰ ਹੋਰ ਮਜਬੂਤ ਕਰਨ ਅਤੇ ਵਿਚਾਰਧਾਰਕ ਸਿਆਸੀ ਉਸਾਰੀ ਕਰਨ ਦੇ ਨਾਲ ਨਾਲ ਹਥਿਆਰਬੰਦ ਘੋਲ ਦੀ ਠੋਸ ਰੂਪ ਵਿਚ ਤਿਆਰੀ ਕਰਨ ਵਿਚ ਲੱਗਿਆ। 20 ਨਵੰਬਰ 1968 ਨੂੰ ਸ੍ਰੀਕਾਕੁਲਮ ਜ਼ਿਲ੍ਹਾ ਕਮੇਟੀ ਨੇ ਹਥਿਆਰਬੰਦ ਸੰਘਰਸ਼ ਛੇੜਨ ਦਾ ਫੈਸਲਾ ਕੀਤਾ। 
ਜਨਤਕ ਹਥਿਆਰਬੰਦ ਸੰਘਰਸ਼ ਦੀ ਚੜ੍ਹਤ 
ਫੈਸਲੇ ਤੋਂ ਠੀਕ ਚਾਰ ਦਿਨ ਬਾਅਦ 24ਨਵੰਬਰ 1968 ਦੀ ਰਾਤ ਨੂੰ ਵੈਪਟਾਪੂ ਸਤਿਆਨਰੈਨ ਦੀ ਅਗਵਾਈ ਵਿਚ 400 ਆਦਿਵਾਸੀ ਕਿਸਾਨਾਂ ਨੇ ਤੀਰ ਕਮਾਨਾਂ ਨਾਲ ਸ਼ਸਤਰਬੱਧ ਹੋ ਕੇ ਪੇਡਾਗੋਠਿਲੀ ਪਿੰਡ ਦੇ ਜਾਗੀਰਦਾਰ ਥੀਘਲਾ ਨਰਸਿੰਘਲੂ ਉਪਰ ਹਮਲਾ ਬੋਲ ਦਿਤਾ। ਇਸ ਤੋਂ ਬਾਅਦ ਦੋਡੂ ਕਾਲੂ ਪਿੰਡ ਦੇ ਸ਼ਾਹੂਕਾਰ ਰਾਮ ਮੂਰਤੀ 'ਤੇ ਹਮਲਾ ਹੋਇਆ । ਫਿਰ ਤਾਂ ਸ੍ਰੀਕਾਕੁਲਮ ਵਿਚ ਜਿੰਮੀਦਾਰਾਂ ਦੀ ਨੀਂਦ ਹਰਾਮ ਹੋ ਗਈ। ਆਦਿਵਾਸੀ ਕਿਸਾਨ ਚਾਰ ਪੰਜ ਸੌ ਦੀ ਗਿਣਤੀ ਵਿਚ ਹਥਿਆਰਬੰਦ ਹੁੰਦੇ , ਮਾਓ-ਜ਼ਿੰਦਾਬਾਦ ਦੇ ਨਾਹਰੇ ਲਾÀੁਂਦ,ੇ ਜਾਗੀਰਦਾਰਾਂ ਅਤੇ ਸੂਦਖੋਰਾਂ ਤੇ ਹਮਲੇ ਬੋਲ ਦਿੰਦੇ । ਉਹਨਾਂ ਦੀ ਸਾਰੀ ਹਰਾਮ ਦੀ ਇਕੱਠੀ ਕੀਤੀ ਜਾਇਦਾਦ ਲੁੱਟ ਲੈਦੇ , ਹਜ਼ਾਰਾਂ ਲੱਖਾਂÎ ਰੁਪਈਆਂ ਦੇ ਪਰੋਨੋਟ ਅਤੇ ਵਹੀ ਖਾਤੇ ਸਾੜ ਦਿੰਦੇ, ਫਸਲਾਂ 'ਤੇ ਕਬਜਾ ਕਰ ਲੈਦੇ, ਜ਼ਮੀਨਾਂ ਹਥਿਆ ਲੈਂਦੇ ਅਤੇ ਇਹ ਸਭ ਕੁੱਝ ਗਰੀਬ ਆਦਿਵਾਸੀਆਂ ਵਿਚ ਵੰਡ ਲੈਂਦੇ। ਜਦ ਪੁਲਸ ਵੀ ਉਹਨਾਂ ਦੀ ਮਦਦ 'ਤੇ ਆਉਂਦੀ ਤਾਂ ਉਸ ਨੂੰ ਉਚਿਤ ਸਬਕ ਸਿਖਾਉਂਦੇ। ਪਰ ਇਸ ਅਰਸੇ ਦੌਰਾਨ ਕਿਸੇ ਜਾਗੀਰਦਾਰ ਦੀ ਹੱਤਿਆ ਨਹੀਂ ਸੀ ਕੀਤੀ ਗਈ। 
20 ਦਸੰਬਰ 1968 ਨੂੰ ਪੁਲਿਸ ਨੇ ਏਵਿਰੀ ਖੇਤਰ 'ਤੇ ਛਾਪਾ ਮਾਰਿਆ। ਲੋਕ ਪੁਲਸ ਨੂੰ ਦੇਖ ਕੇ ਪਹਾੜੀ 'ਤੇ ਚੜ੍ਹ ਗਏ ਅਤੇ ਬਿਗਲ ਵਜਾ ਕੇ ਨਾਲ ਦੇ ਪਿੰਡਾਂ ਦੇ ਗਿਰੀਜਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿਤਾ। ਕਿਸਾਨਾਂ ਨੇ ਪੁਲਸ 'ਤੇ ਤੀਰ ਚਲਾਏ, ਉਪਰੋਂ ਭਾਰੇ ਭਾਰੇ ਪੱਥਰ ਰੋੜ੍ਹ ਦਿੱਤੇ। ਛੋਟੇ ਪੱਥਰਾਂ ਦੀ ਬਰਖਾ ਕਰ ਦਿੱਤੀ ਇਸ ਦ੍ਰਿੜ ਜੁਝਾਰੂ ਟਾਕਰੇ ਨੂੰ ਦੇਖ ਪੁਲਸ ਹਾਰ ਮੰਨ ਕੇ ਪਿੱਛੇ ਮੁੜ ਗਈ।
ਪੁਲਸ ਨੇ ਫਿਰ ਸਪੈਸ਼ਲ ਆਰਮਡ ਪੁਲਿਸ ਦੀਆਂ ਕਈ ਪਲਟਨਾਂ, 25 ਟਰੈਕਟਰਾਂ, ਕਈ ਟਰੱਕਾਂ ਅਤੇ ਭਿਆਨਕ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਵਿਢਿਆ। ਪਰ ਲੋਕਾਂ ਨੇ ਰਸਤੇ ਕੱਟ ਦਿੱਤੇ। ਥਾਂ ਥਾਂ ਭਾਰੇ ਪੱਥਰ ਸਿੱਟ ਦਿੱਤੇ । ਪੁਲਸ ਦਾ ਇਕ ਕਾਫਲਾ ਦੋ ਦਿਨਾਂ ਵਿਚ 25 ਕਿਲੋਮੀਟਰ ਤੈਰ ਕੇ 23 ਦਸੰਬਰ ਨੂੰ ਪੁਲਸ ਦਲ ਆਪਣੀ ਮੰਜਲ 'ਤੇ ਪਹੁੰਚ ਸਕਿਆ। ਉਥੇ 800 ਹਥਿਆਰਬੰਦ ਆਦਿਵਾਸੀ ਕਿਸਾਨਾਂ ਨੇ ਤੀਰਾਂ ਨਾਲ ਉਸ ਦਾ ਸੁਆਗਤ ਕੀਤਾ। ਭਾਵੇਂ ਨਵੀਨਤਮ ਹਥਿਆਰਾਂ ਮੂਹਰੇ ਆਦਿਵਾਸੀ ਜਿਆਦਾ ਚਿਰ ਟਿਕ ਨਾ ਸਕੇ ਪਰ ਉੁਹਨਾਂ ਦਾ ਜ਼ੋਸ਼ ਅਤੇ ਉਤਸ਼ਾਹ ਮੱਧਮ ਨਾ ਪਿਆ। ਇਸ ਘਟਨਾ ਉਪਰੰਤ ਨਵੀਨਤਮ ਹਥਿਆਰਾਂ ਨਾਲ ਲੈਸ ਪੁਲਸ ਦਾ ਜਨਤਕ ਟਾਕਰਾ ਨਾਲ ਵਡੇਰੇ ਜਾਨੀ ਨੁਕਸਾਨ ਦਾ ਖਦਸ਼ਾ ਹੋਣ ਕਾਰਨ ਛਾਪਾਮਾਰ ਦਸਤਿਆਂ ਦਾ ਗਠਨ ਕਰਨਾ ਅਰੰਭਿਆ ਗਿਆ। 
ਸ੍ਰੀਕਾਕੁਲਮ ਦੇ ਮੈਦਾਨੀ ਇਲਾਕੇ ਸੋਮਪੇਟ ਅੰਦਰ ਵੀ ਕਿਸਾਨ ਅੰਦੋਲਨ ਠਾਠਾਂ ਮਾਰ ਰਿਹਾ ਸੀ। ਇਸ ਇਲਾਕੇ ਵਿਚ ਬੋਡਾ ਪਾਡੂ ਪਿੰਡ ਦਾ ਇਕ ਗਰੀਬ ਕਿਸਾਨ ਤਮਾਡਾ ਗਣਪਤੀ ਇੱਕ ਮਕਬੂਲ ਆਗੂ ਵਜੋਂ ਉਭਰਿਆ ਸੀ । ਇਲਾਕੇ ਦੇ ਹਾਈ  ਸਕੂਲ ਦਾ ਹੈਡਮਾਸਟਰ ਜਾਨਕੀਰਾਵ, ਉਸਦੀ ਸੱਜੀ ਬਾਂਹ ਸੀ। ਇਹਨਾਂ ਦੀ ਅਗਵਾਈ ਹੇਠ ਪਿਛਲੇਰੇ ਅਰਸੇ ਅੰਦਰ ਆਦਿਵਾਸੀ ਕਿਸਾਨਾਂ ਨੇ ਅਨੇਕਾਂ ਤਿਖੇ ਖਾੜਕੂ ਘੋਲ ਲੜੇ ਸਨ। ਇਹ ਇਲਾਕਾ ਅਸਲ ਵਿਚ ਨਵੇਂ ਕਮਿਊਨਿਸਟ ਕਰਿੰਦਿਆਂ ਲਈ ਨਰਸਰੀ ਵੀ ਬਣਿਆ ਹੋਇਆ ਸੀ। ਤੇਜੇਸ਼ਵਰ ਰਾਓ, ਆਪਾਲਾ ਸੂਰੀ ,ਓਮਾਪਤਿ ਅਤੇ ਅਪਲਾ ਸਵਾਮੀ ਵਰਗੇ ਨੌਜੁਆਨ ਆਗੂਆਂ ਨੇ ਇਥੇ ਹੀ ਇਨਕਲਾਬੀ ਤਾਲੀਮ ਪਾਈ ਸੀ। ਇਸ ਇਲਾਕੇ ਅੰਦਰ ਵੀ ਜਾਗੀਰਦਾਰਾਂ ਖਿਲਾਫ ਕਈ ਪ੍ਰਭਾਵਸ਼ਾਲੀ ਜਨਤਕ ਹਥਿਆਰਬੰਦ ਕਾਰਵਾਈਆਂ ਕੀਤੀਆਂ ਸਨ। ਅਜਿਹੀ ਹੀ ਇਕ ਜਨਤਕ ਕਾਰਵਾਈ ਦੌਰਾਨ ਜਨਵਰੀ 1969 ਵਿਚ ਸੋਮਪੇਟ ਇਲਾਕੇ ਅੰਦਰ ਅਣਕਿਆਸਿਆ ਪ੍ਰਭਾਵ ਪਿਆ। ਆਦਿਵਾਸੀਆਂ ਹੱਥੋਂ ਇਕ ਜਾਗੀਰਦਾਰ ਮਾਰਿਆ ਗਿਆ ਇਸ ਘਟਨਾ ਨਾਲ ਸਮੁੱਚੇ ਸੀ੍ਰਕਾਕੁਲਮ ਇਲਾਕੇ ਦੇ ਕਿਸਾਨਾਂ ਅੰਦਰ ਅਜੀਬ ਖੁਸ਼ੀ, ਉਤਸ਼ਾਹ ਅਤੇ ਜੋਸ਼-ਖਰੋਸ਼ ਦੀ ਲਹਿਰ ਫੈਲ ਗਈ। ਜਾਗੀਰਦਾਰਾਂ ਅਤੇ ਸੂਦਖੋਰਾਂ ਅੰਦਰ ਸਹਿਮ, ਭੈਅ ਅਤੇ ਦਹਿਸ਼ਤ ਫੈਲ ਗਈ। ਇਸ ਤੋਂ ਪਹਿਲਾਂ ਤਾਂ ਜਾਗੀਰਦਾਰ ਜ਼ਮੀਨ ਜਾਇਦਾਦ ਅਤੇ ਮਾਣ-ਇਜਤ ਨੂੰ ਹੀ ਖਤਰਾ ਮਹਿਸੂਸ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਜਦ ਜਾਨ ਦੇ ਲਾਲੇ ਪੈ ਗਏ ਤਾਂ ਉਹਨਾਂ ਨੇ ਇਲਾਕਾ ਛੱਡ ਕੇ ਭਜਣਾ ਸ਼ੂਰੂ ਕਰ ਦਿਤਾ। ਪਰ ਇਸ ਘਟਨਾ ਦਾ ਸਰਲੀਕਰਨ ਹੋਕੇ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਜਮਾਤੀ ਦੁਸ਼ਮਣਾਂ ਦੇ ''ਵਿਅਕਤੀਗਤ ਸਫਾਏ'' ਦੀ ਲੀਹ ਦੇ ਰੂਪ ਵਿਚ ਸਿਧਾਂਤੀ  ਕਰਨ ਵਿਚ ਨਿਕਲਿਆ। ਬੰਗਾਲ ਅੰਦਰ ਇਹ ''ਗਾਮੇ-ਗਰਾਮੇਰ ਸੋਮਪੇਟ'' ਯਾਨੀ ਕਿ ਪਿੰਡ ਪਿੰਡ ਸੋਮਪੇਟ ਬਨਾਉਣ ਦਾ ਨਾਹਰਾ ਬਣ ਕੇ ਗੂੰਜਿਆ ਪਰ ਸ੍ਰੀਕਾਕੁਲਮ ਅੰਦਰ ਅਜੇ ਵੀ ਜਨਤਕ ਲੀਹ 'ਤੇ ਟੇਕ ਰੱਖ ਕੇ ਜਨਤਕ ਟਾਕਰੇ ਦੀ ਲੀਹ ਅਪਣਾਈ ਜਾ ਰਹੀ ਸੀ । ਦਸਤਾ ਕਾਰਵਾਈਆਂ ਸਿਰਫ ਹਥਿਆਰਬੰਦ ਪੁਲਸ ਦਾ ਟਾਕਰਾ ਕਰਨ ਲਈ ਤਹਿ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਲੱਗਭਗ ਚਾਰ ਮਹੀਨੇ (ਜਨਵਰੀ 69 ਤੋਂ ਜੂਨ 69) ਤੱਕ ਪਿੰਡਾਂ ਅੰਦਰ ਲੋਕ ਅਦਾਲਤਾਂ ਲਾਉਣ, ਜਾਗੀਰਦਾਰਾਂ, ਸੂਦਖੋਰਾਂ, ਮੁਕਤਾਧਾਰਾਂ, ਕਰਨਮਾਂ ਅਤੇ ਜੰਗਲ ਦੇ ਅਧਿਕਾਰੀਆਂ ਦੀਆਂ ਲੋਕ ਵਿਰੋਧੀ ਕਰਤੂਤਾਂ ਦੇ ਆਧਾਰ 'ਤੇ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਅਮਲ ਚੱਲਿਆ। ਇਸ ਦੇ ਨਤੀਜੇ ਵਜੋਂ ਜਮਾਤੀ ਦੁਸ਼ਮਣ ਅਤੇ ਬੁਰੇ ਅਨਸਰ ਇਲਾਕਾ ਛਡ ਕੇ ਭੱਜ ਗਏ । ਪੁਲਸ ਨਾਲ ਛਾਪਾਮਾਰ ਦਸਤਿਆਂ ਅਤੇ ਆਦਿਵਾਸੀਆਂ ਦੀਆਂ ਵੀ ਕਈ ਮੁੱਠਭੇੜਾਂ ਹੋਈਆਂ । ਇਸ ਦੌਰ ਵਿਚ ਪੁਲਸੀਆਂ ਸਮੇਤ ਲਗ ਭਗ 150 ਜਾਗੀਰਦਾਰ ਅਤੇ ਹੋਰ ਲੋਕ ਦੁਸ਼ਮਣ ਅਨਸਰ ਸੋਧੇ ਗਏ। ਮਾਰਚ 1969 ਵਿਚ ਹਾਲਤ ਇਹ ਸੀ ਕਿ ਲੱਗਭਗ 700 ਮਰੱਬਾ ਮੀਲ ਇਲਾਕੇ ਵਿਚਲੇ 300 ਪਿੰਡਾਂ ਅੰਦਰ ਸਰਕਾਰੀ ਪ੍ਰਬੰਧ ਬਿਲਕੁਲ ਹੀ ਠੱਪ ਹੋ ਕੇ ਰਹਿ ਗਿਆ ਸੀ । ਸਭ ਅਧਿਕਾਰੀ ਅਤੇ ਕਰਮਚਾਰੀ ਇਲਾਕਾ ਛੱਡ ਕੇ ਭੱਜ ਨਿਕਲੇ ਸਨ। ਪੁਲਸ ਵੀ ਕੈਂਪਾਂ ਅਤੇ ਥਾਣਿਆਂ ਅੰਦਰ ਦੜ ਕੇ ਬੈਠੀ ਰਹਿੰਦੀ ਸੀ। ਜਾਗੀਰਦਾਰ ਤੇ ਸੂਦਖੋਰਾਂ ਦੀਆਂ ਹਵੇਲੀਆਂ ਵਿਚ ਸੁੰਨ-ਮਸਾਣ ਹੋ ਗਈ ਸੀ । ਸਭ ਪਾਸੇ ਗਿਰੀਜਨ ਸੰਗਮ ਦੀ ਹੀ ਸਰਦਾਰੀ ਸੀ।  
ਗਲਤ ਲੀਹ ਦੇ ਗਲਤ ਨਤੀਜੇ 
ਇਸ ਪੜਾਅ 'ਤੇ ਸਿਆਸੀ ਘਟਨਾਵਾਂ ਨੇ ਇਕ ਹੋਰ ਮੋੜ ਲਿਆ। ਕਮਿਊਨਿਸਟ ਇਨਕਲਾਬੀਆਂ ਦੀ ਕੁਲ ਹਿੰਦ ਤਾਲਮੇਲ ਕਮੇਟੀ ਅੰਦਰ ਲਾਈਨ ਅਤੇ ਪਾਰਟੀ ਗਠਨ ਦੇ ਸੁਆਲਾਂ 'ਤੇ ਤਿੱਖੇ ਮੱਤ ਭੇਦ ਖੜ੍ਹੇ ਹੋ ਗਏ । ਇਹ ਮੱਤ-ਭੇਦ ਸਹੀ ਜਮਹੂਰੀ ਢੰਗ ਨਾਲ ਨਾ ਨਜਿਠੇ ਜਾ ਸਕੇ ਅਤੇ ਆਂਧਰਾ ਪ੍ਰਦੇਸ਼ ਤਾਲਮੇਲ ਕਮੇਟੀ ਨੂੰ ਗਲਤ ਇਲਜਾਮ ਲਾ ਕੇ ਕੁਲ ਹਿੰਦ ਤਾਲਮੇਲ ਕਮੇਟੀ ਵਿਚੋਂ ਕੱਢ ਦਿੱਤਾ ਗਿਆ। ਇਸ ਅਫਸੋਸਨਾਕ ਘਟਨਾ ਵਿਕਾਸ ਨੇ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਕਾਸ ਅਮਲ 'ਤੇ ਡੂੰਘਾ ਨਾਂਹ ਪੱਖੀ ਅਸਰ ਛੱਡਿਆ। ਫੌਰੀ ਤੌਰ 'ਤੇ ਇਸ ਨੇ ਸ੍ਰੀਕਾਕੁਲਮ ਦੇ ਹਥਿਆਰਬੰਦ ਸੰਘਰਸ਼ 'ਤੇ ਵੀ ਮਾੜਾ ਅਸਰ ਪਾਇਆ। ਸ੍ਰੀਕਾਕੁਲਮ ਦੀ ਜ਼ਿਲ੍ਹਾ ਕਮੇਟੀ ਨੇ 6 ਫਰਵਰੀ 1969 ਨੂੰ ਆਂਧਰਾ ਪ੍ਰਦੇਸ ਤਾਲਮੇਲ ਕਮੇਟੀ ਨਾਲੋਂ ਤੋੜ ਵਿਛੋੜਾ ਕਰ ਲਿਆ ਅਤੇ 19 ਮਈ 1969 ਨੂੰ ਵਿਅਕਤੀ ਗਤ ਸਫਾਏ ਦੀ ਲਾਈਨ ਨੂੰ ਪਰਵਾਨਗੀ ਦੇ ਦਿੱਤੀ। ਇਸ ਉਪਰੰਤ ਪਹਿਲੀ ''ਨਮੂਨੇ'' ਦੀ ਕਾਰਵਾਈ ਸੋਮਪੇਟ ਇਲਾਕੇ ਵਿਚ ਬੋਰੀਬੰਕਾ ਵਿਖੇ ਬੈਲੀਡਾ ਕ੍ਰਿਸ਼ਨਾ ਮੂਰਤੀ ਨਾਮਕ ਜਾਗੀਰਦਾਰ ਨੂੰ ਸੋਧਣ ਦੇ ਰੂਪ ਵਿਚ ਕੀਤੀ ਗਈ। ਨਾਲ ਹੀ ਉਸ ਦਾ ਇਕ ਭਰਾ ਵੀ ਮਾਰ ਦਿਤਾ ਗਿਆ। ਤਿੰਨ ਲੱਖ ਦੇ ਪ੍ਰੋਨੋਟ ਜਲਾ ਦਿੱੱਤੇ ਗਏ। ਇਸ ਤੋਂ ਪੰਜ ਦਿਨ ਬਾਅਦ ਹੀ ਕਾਮਰੇਡ ਪੰਚਾਦੀ ਕ੍ਰਿਸ਼ਨਾ ਮੂਰਤੀ , ਸੋਮਪੇਟ ਰੇਲਵੇ ਸਟੇਸ਼ਨ ਦੇ ਨੇੜਿਓਂ ਪੁਲਸ ਦੇ ਹੱਥ ਆ ਗਿਆ ਪੁਲਸ ਨੇ ਉਸ ਨੂੰ ਤਸੀਹੇ ਦੇ ਕੇ ਬਾਅਦ ਵਿਚ ਪੁਲਸ ਮੁਕਾਬਲਾ ਬਣਾ ਦਿੱਤਾ। ਇਹ ਸਮੁੱਚੀ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਪਹਿਲਾ ਪੁਲਸ ਮੁਕਾਬਲਾ ਸੀ ਜਿਸ ਨੂੰ ਬਾਅਦ ਵਿਚ ਸਮੁੱਚੇ ਮੁਲਕ ਦੀ ਪੁਲਸ ਨੇ ਵਿਆਪਕ ਪੱਧਰ 'ਤੇ ਅਪਣਾਇਆ। ਇਸ ਇਲਾਕੇ ਵਿਚ ਦਸਤਾਵਾਦੀ ਸਫਾਇਆ ਮੁਹਿੰਮ ਅੰਦਰ ਬਾਅਦ ਵਿਚ ਅਕੂਪਲੀ ਦਾ ਜਾਗੀਰਦਾਰ ਕੋਰਾਡਾ ਚੰਦਰ ਰਾਓ, ਮੋਰੀਪੁਰਮ ਦਾ ਪਾਰਤਰੋ ਅਤੇ ਕੋਨਾਕਾ ਦੇ ਕ੍ਰਿਪਾ ਸਿੰਧੀ ਦੀਆਂ ਹਤਿਆਵਾਂ ਵੀ ਕੀਤੀਆਂ ਗਈਆਂ ਟੇਕਲੀ ਅਤੇ ਪੱਥਾਪਟਨਮ ਵਿਚ ਜਿੱਥੇ ਅਜੇ ਆਦਿਵਾਸੀ ਲਹਿਰ ਪਰ ਤੋਲ ਰਹੀ ਸੀ ਕੁੱਝ ਸਫਾਇਆ ਕਾਰਵਾਈਆਂ ਕੀਤੀਆਂ ਗਈਆਂ। ਭਾਵੇਂ ਏਜੰਸੀ ਅੰਦਰ ਵੈਪਟਾਪੂ ਦੀ ਅਗਵਾਈ ਵਿਚ ਕੁੱਝ ਚਿਰ ਹੋਰ ਜਨਤਕ ਹਥਿਆਰਬੰਦ ਕਾਰਵਾਈਆਂ ਜਾਰੀ ਰਹੀਆਂ, ਪਰ ਉਥੇ ਵੀ ਅਖੀਰ ਦਸਤਾ ਕਾਰਵਾਈਆਂ ਦਾ ਰੁਝਾਨ ਉਤੋਂ ਦੀ ਪੈ ਗਿਆ। ਇਸ ਦੇ ਨਤੀਜੇ ਵਜੋਂ ਸਾਰੇ ਉਭਰਵੇਂ ਆਗੂ ਅਤੇ ਘੁਲਾਟੀਏ ਸੁਤੇ ਸਿੱਧ ਹੀ ਅਜਿਹੀਆਂ ਕਾਰਵਾਈਆਂ ਵਿਚ ਰੁੱਝ ਗਏ ਵਿਅਕਤੀਗਤ ਸਫਾਏ ਦੀਆਂ ਕਾਰਵਾਈਆਂ, ਸਰਗਰਮੀ ਦੀ ਇੱਕੋ ਇੱਕ ਸ਼ਕਲ ਬਣ ਗਈਆਂ। ਜਨਤਕ ਸਰਗਰਮੀ ਅਤੇ ਸੰਘਰਸ਼ ਠੱਪ ਹੋ ਕੇ ਰਹਿ ਗਏ ਗਿਰੀਜਨ ਸੰਗਮ ਆਗੂ ਰਹਿਤ ਹੋ ਗਿਆ। ਖੜੋਤ ਵਿਚ ਚਲਾ ਗਿਆ. ਪੇਂਡੂ ਰਾਖਾ ਟੁਕੜੀਆਂ ਗੈਰਸਰਗਰਮ ਹੋ ਗਈਆਂ। ਇਸ ਅਵਸਥਾ ਵਿੱਚ ਲੋਕ ਸੰਘਰਸ਼ ਅਖਾੜਿਆਂ ਦੇ ਘੁਲਾਟੀਏ ਬਣਨ ਅਤੇ ਸਮੂਹਕ ਤਾਕਤ ਤੇ ਟੇਕ ਰੱਖ ਕੇ ਲੜਨ ਡਟਣ ਅਤੇ ਅੱਗੇ ਵਧਣ ਦੀ ਥਾਂ ਦਰਸ਼ਕ ਬਣ ਕੇ ਰਹਿ ਗਏ । ਨਤੀਜੇ ਵਜੋਂ ਸਹਿਜੇ ਸਹਿਜੇ ਉਹਨਾਂ ਅੰਦਰੋਂ ਆਪਣੀ ਇਕਜੁੱਟ ਤਾਕਤ ਵਿਚ ਵਿਸ਼ਵਾਸ਼ ਤਿੜਕ ਗਿਆ ਅਤੇ ਦੁਸ਼ਮਣ ਦੇ ਹੱਲਿਆਂ ਨੂੰ ਸਮੂਹਕ ਟਾਕਰੇ ਦੀ ਭਾਵਨਾ ਵੀ ਸਲਾਭੀ ਗਈ, ਮੱਧਮ ਪੈ ਗਈ। 
ਜੂਨ 1969 ਵਿਚ ਸਰਕਾਰ ਨੇ ਸ੍ਰੀਕਾਕੁਲਮ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਦਿਤਾ। ਪੁਲਸ ਦੀਆਂ ਲਗਾਮਾਂ ਖੁਲ੍ਹੀਆਂ ਛੱਡ ਦਿੱਤੀਆਂ ਗਈਆਂ। ਭਾਰੀ ਤਾਦਾਦ ਵਿਚ ਸੀ. ਆਰ.ਪੀ. ਤਾਇਨਾਤ ਕਰ ਦਿੱਤੀ ਗਈ। ਪਹਾੜੀ ਅਤੇ ਮੈਦਾਨੀ ਇਲਾਕਿਆਂ ਦੀ ਸੰਚਾਰ ਲਾਈਨ ਕੱਟ ਦਿਤੀ ਗਈ। ਪਹਿਲਾ ਹੱਲਾ ਮੈਦਾਨੀ ਇਲਾਕੇ ਵਿਚ ਬੋਲਿਆ ਗਿਆ.ਸਭ ਉਭਰਵੇਂ ਆਗੂ ਗੁਪਤ ਵਾਸ ਹੋ ਕੇ ਗੁਰੀਲਾ ਦਸਤਿਆਂ ਵਿਚ ਚਲੇ ਗਏ। ਹੋਰ ਉਭਰਵੇ ਸਥਾਨਕ ਆਗੂ ਲੋਕਾਂ ਦੇ ਵਿਰੋਧ ਅਤੇ ਟਾਕਰੇ ਦੇ ਬਾਵਜੂਦ ਗ੍ਰਿਫਤਾਰ ਕਰ ਲਏ ਗਏ । ਗੁਰੀਲਾ ਦਸਤਿਆਂ ਅਤੇ ਸੀ. ਆਰ. ਪੀ ਵਿਚਕਾਰ ਵੀ ਕਈ ਆਹਮੋ-ਸਾਹਮਣੇ ਟਾਕਰੇ ਹੋਏ। ਕਈ ਦਸਤੇ ਤਰਬੀਅਤ ਜਬਤ ਦੀ ਘਾਟ ਕਾਰਨ ਪੁਲਸ ਫੌਜ ਦੇ ਸਕੰਜੇ ਵਿਚ ਆ ਗਏ ਅਤੇ ਉਹਨਾਂ ਦੇ ਪੁਲਸ ਮੁਕਾਬਲੇ ਬਣਾ ਦਿੱਤੇ ਗਏ । ਜੂਨ ਤੋਂ ਸਤੰਬਰ ਤੱਕ ਚਹੁੰ ਮਹੀਨਿਆਂ ਅੰਦਰ ਮੈਦਾਨੀ ਇਲਾਕੇ ਦੀ ਲੀਡਰਸ਼ਿਪ ਜਾਂ ਤਾਂ ਸ਼ਹੀਦ ਹੋ ਚੁੱਕੀ ਸੀ ਜਾਂ ਫੜੀ ਜਾ ਚੁੱਕੀ ਸੀ । ਸ਼ਹੀਦ ਹੋਣ ਵਾਲਿਆਂ ਵਿਚ ਨਿਰਮਲਾ ਕ੍ਰਿਸ਼ਨਾ ਮੂਰਤੀ(ਪੰਚਾਦੀ ਦੀ ਪਤਨੀ) ਸੂਬਾ ਰਾਓ ਪਾਨੀਗਰਹੀ, ਰਮੇਸ਼ ਚੰਦਰ ਸਾਹੂ ਆਦਿ ਪ੍ਰਮੁੱਖ ਸਨ।
ਪੁਲਿਸ ਨੇ ਫਿਰ ਜੰਗਲੀ ਅਤੇ ਪਹਾੜੀ ਇਲਾਕੇ 'ਤੇ ਜੋਰਦਾਰ ਹੱਲਾ ਬੋਲਿਆ। ਲੋਕਾਂ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਵੀ ਉਹ ਵੈਪਟਾਪੂ, ਆਂਦੀਬਾਟਲਾ ਅਤੇ ਅਪਲਾ ਸੁਆਮੀ ਵਰਗੇ ਯੋਧਿਆਂ ਨੂੰ ਫੜਨ ਅਤੇ ਫਰਜੀ ਮੁਠਭੇੜਾਂ ਵਿਚ ਸ਼ਹੀਦ ਕਰਨ ਵਿਚ ਸਫਲ ਰਹੇ। ਅਗਲੇ ਗੇੜ ਅੰਦਰ ਦੂਜੇ ਦਰਜੇ ਦੀ ਪਰਤ ਵੀ ਪੁਲਸ ਫੌਜ ਦੇ ਹੱਥ ਆ ਗਈ। ਇਉਂ ਦਸੰਬਰ 1969 ਤੱਕ ਸਰਕਾਰ ਦੀ ਇਸ ਕਾਮਯਾਬੀ ਵਿਚ ਦਸਤਾਵਾਦੀ ਕਾਰਵਾਈਆਂ 'ਤੇ ਵਧਵੀ ਟੇਕ ਰੱਖਣ, ਲੋਕਾਂ ਨੂੰ ਟਾਕਰੇ ਲਈ ਨਾ ਉਭਾਰਨ, ਸਮੁਚੀ ਲੀਡਰਸ਼ਿਪ ਦੇ (ਵੈਪਟਾਪੂ ਸਤਿਆ ਨਰੈਣ ਅਤੇ ਕੁੱਝ ਹੋਰ ਸਾਥੀਆਂ ਨੂੰ ਛੱਡ ਕੇ) ਗੁਪਤਵਾਸ ਹੋ ਜਾਣ ਅਤੇ ਵਹਿਸ਼ੀ ਤਸ਼ੱਦਦ ਦੇ ਸਮਿਆਂ ਵਿਚ ਲੋਕਾਂ ਦੀ ਅਗਵਾਈ ਵਿਹੂਣੇ ਹੋ ਜਾਣ ਨੇ ਕਾਫੀ ਰੋਲ ਅਦਾ ਕੀਤਾ। 
ਇਸ ਉਪਰੰਤ ਲੋਕਾਂ ਦਾ ਜਥੇਬੰਦ ਵਿਰੋਧ ਭੰਨਣ ਖਾਤਰ ਪੁਲਸ ਫੌਜ ਨੇ ਇਲਾਕੇ ਅੰਦਰ ਅੰਨ੍ਹਾ ਫਾਸ਼ੀ ਤਸ਼ੱਦਦ ਢਾਹਿਆ। ਪੁਲਸ ਫੌਜ ਵੱਲੋਂ ਤਰੀਕਾਕਾਰ ਇਹ ਅਪਣਾਇਆ ਗਿਆ ਕਿ ਭਾਰੀ ਫੋਰਸ ਨਾਲ ਸਮੁਚੇ ਪਿੰਡ ਨੂੰ ਘੇਰ ਲਿਆ ਜਾਂਦਾ। ਪਿੰਡ ਨੂੰ ਅੱਗ ਲਾ ਦਿੱਤੀ ਜਾਂਦੀ ਫਿਰ ਪਿੰਡ ਵਾਸੀਆਂ ਨੂੰ ਅੱਡ ਅੱਡ ਟੋਲੀਆਂ ਵਿਚ ਵੰਡ ਕੇ ਅੱਡ ਅੱਡ ਥਾਵਾਂ 'ਤੇ ਵਸਣ ਦੀ ਹਦਾਇਤ ਕੀਤੀ ਜਾਂਦੀ। ਪਹਿਲਾਂ ਤਸ਼ੱਦਦ ਰਾਹੀਂ ਭਾਈਚਾਰਕ ਏਕਤਾ ਨੂੰ ਚੀਰਾ ਦਿੱਤਾ ਜਾਂਦਾ ਫਿਰ ਜਖਮਾਂ 'ਤੇ ਮਲ੍ਹਮ ਲਾਈ ਜਾਂਦੀ । ਇਉਂ 1972 ਤੱਕ ਸਰਕਾਰੀ ਮਸ਼ੀਨਰੀ ਸਮੁੱਚੇ ਸ੍ਰੀਕਾਕੁਲਮ ਜਿਲ੍ਹੇ ਨੂੰ ਸ਼ਾਂਤ ਕਰਨ ਵਿਚ ਸਫਲ ਹੋ ਗਈ। ਕਮਿਊਨਿਸਟ ਇਨਕਲਾਬੀ ਲਹਿਰ ਦੀ ਏਡੀ ਚੜ੍ਹਤ ਤੋਂ ਬਾਅਦ ਹਾਰ ਦਾ ਮੁੱਖ ਕਾਰਨ ਧੀਰਜ ਅਤੇ ਸਬਰ ਨਾਲ ਜਿਤਾਂ ਹਾਰਾਂ ਦੇ ਸਿਲਸਿਲੇ ਵਿਚ ਲੋਕਾਂ ਨੂੰ ਜਨਤਕ ਟਾਕਰੇ ਲਈ ਤਿਆਰ-ਬਰ-ਤਿਆਰ ਕਰਦਿਆ ਇਸ ਟਾਕਰੇ ਰਾਹੀਂ ਹੀ ਅਤੇ ਇਸ ਦਾ ਇਕ ਅੰਗ ਬਣਾ ਕੇ ਰਾਖਾ ਟੁਕੜਿਆਂ ਅਤੇ ਫਿਰ ਗੁਰੀਲਾ ਦਸਤੇ ਤਿਆਰ ਕਰਨ ਦਾ ਕਦਮ-ਬਾ-ਕਦਮ ਅੱਗੇ ਵਧਣ ਦਾ ਕਾਰਜ ਤਿਆਗ ਕੇ, ਲਮਕਵੇਂ ਲੋਕ ਯੁੱਧ ਦੇ ਸਿਧਾਂਤ ਨੂੰ ਠੋਸ ਹਾਲਤਾਂ ਅਨੁਸਾਰ ਲਾਗੂ ਨਾ ਕਰਨਾ ਬਣਿਆ ਹੈ। ਦੁਸ਼ਮਣ ਦੀ ਤਾਕਤ ਨੂੰ ਘਟਾ ਕੇ ਵੇਖਣ ਅਤੇ ਛੇਤੀ ਜਿੱਤ ਦੀ ਲਾਲਸਾ ਵਿੱਚ ਉਪਜੀ ਖੱਬੀ ਮਾਅਰਕੇਬਾਜ਼ ਭਟਕਣ ਬਣਿਆ ਹੈ। ਪਰ ਇਸ ਦੇ ਬਾਵਜੂਦ ਵੀ ਸਿਰੀਕਾਕੁਲਮ ਦੇ ਹਥਿਆਰਬੰਦ ਸੰਘਰਸ਼ ਦੀ, ਭਾਰਤ ਦੇ ਲੋਕਾਂ ਅੰਦਰ ਪਈਆਂ ਅਥਾਹ ਇਨਕਲਾਬੀ ਸੰਭਾਵਨਾਵਾਂ ਨੂੰ ਉਜਾਗਰ ਕਰਨ ਅਤੇ ਲਮਕਵੇਂ ਲੋਕ ਯੁੱਧ ਦੇ ਸਿਧਾਂਤ ਦੀ ਪੁਸ਼ਟੀ ਕਰਨ ਵਿਚ ਅਹਿਮ ਭੂਮਿਕਾ ਸਦਾ ਬਣੀ  ਰਹੇਗੀ। 

ਹੈਰਾਨ ਨਾ ਹੋਵੋ!
—ਭਾਰਤ ਦੀ ਕੁੱਲ ਕੌਮੀ ਆਮਦਨ ਦਾ ਤੀਜਾ ਹਿੱਸਾ ਆਬਾਦੀ ਦੇ ਹਜ਼ਾਰਵੇਂ ਹਿੱਸੇ ਕੋਲ ਹੈ। 2008 ਦੇ ਅੰਕੜਿਆਂ ਮੁਤਾਬਕ ਇਹਨਾਂ ਵਿਅਕਤੀਆਂ ਦੀ ਗਿਣਤੀ ਇੱਕ ਲੱਖ ਵੀਹ ਹਜ਼ਾਰ ਸੀ। 
—ਬੀਤੇ ਸਾਲ ਦੇ ਅਖੀਰ ਵਿੱਚ ਭਾਰਤ ਵਿੱਚ ਅਜਿਹੇ ਆਦਮੀਆਂ ਦੀ ਗਿਣਤੀ 52 ਸੀ, ਜਿਹਨਾਂ ਦੀ ਨਿੱਜੀ ਜਾਇਦਾਦ ਅਰਬਾਂ ਅਮਰੀਕੀ ਡਾਲਰਾਂ ਜਾਂ ਖਰਬਾਂ ਰੁਪਈਆਂ ਵਿੱਚ ਹੈ। ਇਹਨਾਂ ਦੀ ਕੁੱਲ ਜਾਇਦਾਦ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਦੇ ਚੌਥੇ ਹਿੱਸੇ ਦੇ ਬਰਾਬਰ ਹੈ।
—ਭਾਰਤ ਦਾ ਪਲੈਨਿੰਗ ਕਮਿਸ਼ਨ ਕਹਿੰਦਾ ਹੈ ਕਿ ਬੰਦੇ ਨੂੰ ਰੋਜ਼ਾਨਾ ਘੱਟ ਤੋਂ ਘੱਟ 2400 ਕੈਲੋਰੀਆਂ ਖੁਰਾਕ ਚਾਹੀਦੀ ਹੈ। ਇਸ ਤੋਂ ਘੱਟ ਖੁਰਾਕ ਹਾਸਲ ਕਰਨ ਵਾਲੇ ਗਰੀਬ ਸਮਝੇ ਜਾਣੇ ਚਾਹੀਦੇ ਹਨ। ਸਰਕਾਰੀ ਅੰਕੜਾਸਾਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਿੱਚ 2200 ਕਲੋਰੀਆਂ ਖੁਰਾਕ ਹਾਸਲ ਕਰਨ ਵਾਲੇ ਨੂੰ ਅਤੇ ਸ਼ਹਿਰ ਵਿੱਚ 2100 ਕਲੋਰੀਆਂ ਖੁਰਾਕ ਹਾਸਲ ਕਰਨ ਵਾਲੇ ਨੂੰ ਗਰੀਬ ਨਾ ਸਮਝਿਆ ਜਾਵੇ। ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਵਿਕਾਸ ਬਾਰੇ ਵਿਕਾਸ ਦੇ ਮਿਲੇਨੀਅਮ ਟੀਚਿਆਂ (ਐਮ.ਡੀ.ਜੀਜ਼) ਬਾਰੇ ਰਿਪੋਰਟ ਦੱਸਦੀ ਹੈ ਕਿ ਸੰਨ 2004-2005 ਵਿੱਚ ਪੇਂਡੂ ਖੇਤਰ ਵਿੱਚ 69 ਫੀਸਦੀ ਲੋਕਾਂ ਨੂੰ ਅਤੇ ਸ਼ਹਿਰੀ ਖੇਤਰ ਵਿੱਚ 64.5 ਫੀਸਦੀ ਲੋਕਾਂ ਨੂੰ ਇਸ ਤੋਂ ਘੱਟ ਖੁਰਾਕ ਮਿਲਦੀ ਸੀ। 2009-10 ਵਿੱਚ ਅਜਿਹੇ ਗਰੀਬ ਅਤੇ ਭੁੱਖੇ ਲੋਕਾਂ ਦੀ ਗਿਣਤੀ ਵਧ ਕੇ ਸ਼ਹਿਰੀ ਖੇਤਰ ਵਿੱਚ 68 ਫੀਸਦੀ ਅਤੇ ਪੇਂਡੂ ਖੇਤਰ ਵਿੱਚ 76 ਫੀਸਦੀ ਹੋ ਗਈ। ਯੂ.ਐਨ. ਦੀ ਰਿਪੋਰਟ ਮੁਤਾਬਕ ਭੁੱਖੇ ਲੋਕਾਂ ਦੀ ਗਿਣਤੀ ਅੱਧੀ ਕਰਨ ਦਾ ਭਾਰਤ ਸਰਕਾਰ ਦੇ ਟੀਚੇ ਵੱਲ ਕਦਮ ''ਧੀਮੇ ਹਨ ਅਤੇ ਲੀਹੋਂ ਲਹੇ ਹੋਏ ਹਨ।''
—ਕੌਮੀ ਸੈਂਪਲ ਸਰਵੇ ਜਥੇਬੰਦੀ ਦੇ ਅੰਕੜਿਆਂ ਮੁਤਾਬਕ 2004-05 ਤੋਂ 2009-10 ਤੱਕ ਦੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਰੁਜ਼ਗਾਰ ਲਗਭਗ ਖੜੋਤ ਵਿੱਚ ਰਿਹਾ ਹੈ। ਇਸ ਵਿੱਚ ਸਿਰਫ .82 ਫੀਸਦੀ ਵਾਧਾ ਹੋਇਆ ਹੈ। ਇਹ ਅੰਕੜਾ ਇਸ ਤੋਂ ਪਹਿਲੇ ਪੰਜ ਸਾਲਾਂ ਦੇ ਸਰਵੇ ਦੇ ਅੰਕੜੇ (2.7 ਫੀਸਦੀ) ਤੋਂ ਬਹੁਤ ਨੀਵਾਂ ਹੈ। 15 ਸਾਲ ਤੋਂ ਉੱਪਰ ਉਮਰ ਦੇ ਉਹ ਸਭ ਲੋਕ ਰੁਜ਼ਗਾਰ-ਸ਼ੁਦਾ ਲੋਕ ਗਿਣੇ ਗਏ ਹਨ, ਜਿਹੜੇ ਕਿਸੇ ਨਾ ਕਿਸੇ ਕੰਮ 'ਤੇ ਲੱਗੇ ਹੋਏ ਹਨ, ਭਾਵੇਂ ਉਹ ਟੁੱਟਿਆ ਫੁੱਟਿਆ ਸਵੈ-ਰੁਜ਼ਗਾਰ ਹੀ ਕਿਉਂ ਨਾ ਹੋਵੇ। ਆਬਾਦੀ ਦੇ ਲਿਹਾਜ਼ ਨਾਲ ਵੇਖਿਆਂ ਰੁਜ਼ਗਾਰ ਦਾ ਅਨੁਪਾਤ (ਪ੍ਰਤੀਸ਼ਤ) ਥੱਲੇ ਨੂੰ ਗਿਆ ਹੈ।

No comments:

Post a Comment