ਇਨਕਲਾਬੀ ਅੰਦੋਲਨ ਦਾ ਸਿਧਾਂਤਕ ਵਿਕਾਸ
(ਗਦਰ ਪਾਰਟੀ ਦਾ ਦੌਰ)
(ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਦੀ ਇਸ ਲਿਖਤ ਦਾ ਸਿਰਲੇਖ ਬਦਲਿਆ ਗਿਆ ਹੈ। ਗਦਰ ਲਹਿਰ ਤੋਂ ਪਹਿਲਾਂ ਅਤੇ ਪਿੱਛੋਂ ਦੇ ਦੌਰ ਨਾਲ ਸੰਬੰਧਤ ਮੂਲ ਲਿਖਤ ਦਾ ਭਾਗ ਹਥਲੀ ਲਿਖਤ ਵਿਚ ਸ਼ਾਮਲ ਨਹੀਂ ਹੈ। -ਸੰਪਾਦਕ)ਇਨਕਲਾਬੀ ਅੰਦੋਲਨ ਦੇ ਪਹਿਲੇ ਦੌਰ ਵਿਚ ਬਹੁਤ ਸਾਰੇ ਇਨਕਲਾਬੀ ਦੇਸ਼ ਛੱਡ ਕੇ ਯੂਰਪ ਅਤੇ ਅਮਰੀਕਾ ਚਲੇ ਗਏ ਸਨ। ਉਹਨਾਂ ਦਾ ਉਦੇਸ਼ ਸੀ ਭਾਰਤ ਵਿਚ ਇਨਕਲਾਬੀ ਸਰਗਰਮੀਆਂ ਦੇ ਸੰਚਾਲਨ ਵਾਸਤੇ ਧਨ ਇਕੱਤਰ ਕਰਨਾ, ਪ੍ਰਚਾਰ ਕਰਨਾ ਅਤੇ ਸਾਹਸੀ, ਦਲੇਰ, ਆਤਮ-ਤਿਆਗ ਅਤੇ ਸਮਰਪਿਤ ਨੌਜਵਾਨਾਂ ਦੀ ਇੱਕ ਟੀਮ ਖੜ੍ਹੀ ਕਰਨਾ। ਇਸ ਕੰਮ ਵਿਚ ਉਹਨਾਂ ਨੂੰ ਕੋਈ ਘੱਟ ਸਫਲਤਾ ਨਹੀਂ ਮਿਲੀ। ਪ੍ਰੰਤੂ ਜਿੱਥੋਂ ਤੱਕ ਅੰਤਿਮ ਉਦੇਸ਼ ਦਾ ਪ੍ਰਸ਼ਨ ਹੈ, ਉਹਨਾਂ ਦੇ ਵਿਚਾਰ ਅਜੇ ਤੱਕ ਭਾਰਤ ਦੀ ਆਜ਼ਾਦੀ ਦੀ ਇੱਕ ਭਾਵਨਾਤਮਕ ਧਾਰਣਾ ਤੱਕ ਹੀ ਸੀਮਤ ਸਨ। ਇਨਕਲਾਬ ਦੇ ਬਾਅਦ ਸਥਾਪਤ ਹੋਣ ਵਾਲੀ ਸਰਕਾਰ ਦੀ ਰੂਪ ਰੇਖਾ ਕੀ ਹੋਵੇਗੀ, ਦੂਜੇ ਦੇਸ਼ਾਂ ਦੀਆਂ ਇਨਕਲਾਬੀ ਸ਼ਕਤੀਆਂ ਦੇ ਨਾਲ ਉਸਦੇ ਸੰੰਬਧਤ ਕੀ ਹੋਣਗੇ, ਨਵੀਂ ਵਿਵਸਥਾ ਵਿਚ ਧਰਮ ਦਾ ਕੀ ਸਥਾਨ ਹੋਵੇਗਾ ਆਦਿ ਪ੍ਰਸ਼ਨਾਂ ਬਾਰੇ ਉਸ ਸਮੇਂ ਦੇ ਜ਼ਿਆਦਾਤਰ ਇਨਕਲਾਬੀ ਸਪੱਸ਼ਟ ਨਹੀਂ ਸਨ। ਇਹ ਸੂਰਤ ਲੱਗਭੱਗ 1913 ਤੱਕ ਚੱਲਦੀ ਰਹੀ। ਇਹਨਾਂ ਸਾਰੇ ਮੁੱਦਿਆਂ ਬਾਰੇ ਸਪੱਸ਼ਟ ਰਵੱਈਆ ਅਪਣਾਉਣ ਦਾ ਸਿਹਰਾ ਗਦਰ ਪਾਰਟੀ ਦੇ ਨੇਤਾਵਾਂ ਨੂੰ ਜਾਂਦਾ ਹੈ।
ਇਸ ਸਦੀ ਦੇ ਪਹਿਲੇ ਦਹਾਕੇ ਵਿਚ ਭਾਰਤ ਛੱਡ ਕੇ ਜਾਣ ਵਾਲੇ ਇਨਕਲਾਬੀਆਂ ਨੂੰ ਅੰਗਰੇਜ਼ ਸਰਕਾਰ ਦੇ ਹੱਥ ਨਾ ਲੱਗਣ ਤੋਂ ਬਚਣ ਦੇ ਵਾਸਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਭਟਕਣਾ ਪੈਂਦਾ ਸੀ। ਅੰਤ ਵਿਚ ਉਹਨਾਂ ਵਿਚੋਂ ਕਈਆਂ ਨੇ ਅਮਰੀਕਾ ਵਿਚ ਵਸਣ ਅਤੇ ਉਸ ਦੇਸ਼ ਨੂੰ ਆਪਣੇ ਕਾਰਜ ਦਾ ਆਧਾਰ ਖੇਤਰ ਬਣਾਉਣ ਦਾ ਫੈਸਲਾ ਕੀਤਾ। ਇਹਨਾਂ ਵਿਚੋਂ ਪ੍ਰਮੁੱਖ ਸਨ- ਤਾਰਕਾਨਾਥ ਦਾਸ, ਸ਼ੈਲੇਂਦਰ ਘੋਸ਼, ਚੰਦਰ ਚੱਕਰਵਰਤੀ, ਨੰਦ ਲਾਲ ਕਾਰ, ਬਸੰਤ ਕੁਮਾਰ ਰਾਏ, ਸਾਰੰਗਧਰ ਦਾਸ, ਸੁਧੀਂਦਰ ਨਾਥ ਬੋਸ ਅਤੇ ਜੀ.ਡੀ. ਕੁਮਾਰ। ਪਹਿਲੇ ਦਹਾਕੇ ਦੇ ਅੰਤ ਤੱਕ ਲਾਲਾ ਹਰਦਿਆਲ ਵੀ ਉਹਨਾਂ ਨੂੰ ਉੱਧਰ ਮਿਲਿਆ ਸੀ। ਇਹਨਾਂ ਲੋਕਾਂ ਨੇ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਭਾਰਤੀ ਪ੍ਰਵਾਸੀਆਂ ਨਾਲ ਸੰਪਰਕ ਕੀਤਾ, ਧਨ ਇਕੱਠਾ ਕੀਤਾ, ਅਖਬਾਰ ਕੱਢੇ ਅਤੇ ਕਈ ਥਾਈਂ ਗੁਪਤ ਸੰਸਥਾਵਾਂ ਕਾਇਮ ਕੀਤੀਆਂ।
ਤਾਰਕਨਾਥ ਦਾਸ ਨੇ ਫਰੀ ਹਿੰਦੁਸਤਾਨ ਨਾਂ ਦਾ ਅਖਬਾਰ ਕੱਢਿਆ ਅਤੇ ਅਮਰੀਕਾ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਪ੍ਰਵਾਸੀਆਂ ਦੇ ਵਾਸਤੇ ਭਾਸ਼ਣ ਕਰਦੇ ਰਹੇ। ਉਹ ਸਮਿਤੀ ਨਾਂ ਦੀ ਗੁਪਤ ਸੰਸਥਾ ਦੇ ਪ੍ਰਧਾਨ ਵੀ ਸਨ। ਇਸ ਸੰਸਥਾ ਦੇ ਹੋਰ ਮੈਂਬਰ ਸਨ- ਸ਼ੈਲੇਂਦਰ ਨਾਥ ਬੋਸ, ਸਾਰੰਗਧਰ ਦਾਸ, ਜੀ.ਡੀ.ਕੁਮਾਰ, ਲਸ਼ਕਰ ਅਤੇ ਗ੍ਰੀਨ ਨਾਂ ਦਾ ਇੱਕ ਅਮਰੀਕੀ।
ਰਾਮ ਨਾਥ ਪੁਰੀ ਨੇ 1908 ਵਿਚ ਔਕਲੈਂਡ ਵਿਚ ਹਿੰਦੁਸਤਾਨ ਐਸੋਸੀਏਸ਼ਨ ਨਾਂ ਦੀ ਇੱਕ ਸੰਸਥਾ ਕਾਇਮ ਕੀਤੀ, ਅਤੇ ਸਰਕੂਲਰ ਆਫ ਫਰੀਡਮ ਨਾਂ ਦਾ ਅਖਬਾਰ ਵੀ ਕੱਢਿਆ। ਇਸ ਅਖਬਾਰ ਦੇ ਮਾਧਿਅਮ ਰਾਹੀਂ ਅੰਗਰੇਜ਼ਾਂ ਨੂੰ ਭਾਰਤ ਤੋਂ ਖਦੇੜੇ ਜਾਣ ਦੀ ਵਕਾਲਤ ਕਰਦੇ ਰਹੇ। ਜੀ.ਡੀ. ਕੁਮਾਰ ਨੇ ਵੈਨਕੂਵਰ ਤੋਂ ਸਵਦੇਸ਼ੀ ਸੇਵਕ ਨਾਂ ਦਾ ਅਖਬਾਰ ਕੱਢਿਆ। ਉਹ ਉਥੋਂ ਦੀ ਇੱਕ ਗੁਪਤ ਸੰਸਥਾ ਦੇ ਮੈਂਬਰ ਵੀ ਸਨ। ਇਸ ਸੰਸਥਾ ਦੇ ਮੈਂਬਰ ਰਹੀਮ ਅਤੇ ਸੁੰਦਰ ਸਿੰਘ ਵੀ ਸਨ। ਸੁੰਦਰ ਸਿੰਘ ਆਇਰਨ ਨਾਂ ਦੇ ਇੱਕ ਅਖਬਾਰ ਦਾ ਸੰਪਾਦਨ ਵੀ ਕਰਦੇ ਸਨ ਅਤੇ ਉਸਦੇ ਜ਼ਰੀਏ ਲਗਾਤਾਰ ਬ੍ਰਿਟਿਸ਼ ਵਿਰੋਧੀ ਪ੍ਰਚਾਰ ਚਲਾਉਂਦੇ ਸਨ। ਰਹੀਮ ਅਤੇ ਆਤਮਾ ਰਾਮ ਨੇ ਵੈਨਕੋਵਰ ਵਿਚ ਯੂਨਾਈਟਡ ਇੰਡੀਆ ਲੀਗ ਦਾ ਗਠਨ ਕੀਤਾ।
ਲਾਲਾ ਹਰਦਿਆਲ 1911 ਵਿਚ ਅਮਰੀਕਾ ਪਹੁੰਚੇ ਅਤੇ ਉਥੇ ਸਟੈਨਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗ ਗਏ। ਸਨਫਰਾਂਸਿਸਕੋ ਵਿਚ ''ਹਿੰਦੁਸਤਾਨੀ ਸਟੂਡੈਂਟਸ ਐਸੋਸੀਏਸ਼ਨ'' ਨਾਂ ਦੀ ਇੱਕ ਸੰਸਥਾ ਉਹਨਾਂ ਨੇ ਬਣਾਈ। 1913 ਵਿਚ ਏਸਟੋਰੀਆ ਦੀ ''ਹਿੰਦੁਸਤਾਨੀ ਐਸੋਸੀਏਸ਼ਨ'' ਦਾ ਗਠਨ ਹੋਇਆ, ਕਰੀਬ ਬਖਸ਼, ਨਵਾਬ ਖਾਨ, ਬਲਵੰਤ ਸਿੰਘ, ਮੁਨਸ਼ੀ ਰਾਮ, ਕੇਸਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਇਸਦੇ ਮੈਂਬਰ ਸਨ। ਠਾਕੁਰ ਦਾਸ ਅਤੇ ਉਹਨਾਂ ਦੇ ਮਿੱਤਰਾਂ ਨੇ ਸੇਂਟ ਜਾਹਨ ਵਿਖੇ ਰਹਿਣ ਵਾਲੇ ਭਾਰਤੀਆਂ ਦੀ ਇੱਕ ਸੰਸਥਾ ਬਣਾਈ। 1913 ਵਿਚ ਸ਼ਿਕਾਗੋ ਵਿਚ 'ਹਿੰਦੁਸਤਾਨ ਐਸੋਸੀਏਸ਼ਨ ਆਫ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ' ਦਾ ਗਠਨ ਹੋਇਆ।
ਲਾਲਾ ਹਰਦਿਆਲ ਨੇ ਮਹਿਸੂਸ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਦੇ ਵਿਭਿੰਨ ਭਾਗਾਂ ਵਿਚ ਕਾਰਜਸ਼ੀਲ ਇਹਨਾਂ ਸੰਗਠਨਾਂ ਦੀਆਂ ਗਤੀਵਿਧੀਆਂ ਦਾ ਤਾਲਮੇਲ ਅਵੱਸ਼ ਹੈ। ਇਸ ਲਈ ਉਹਨਾਂ ਨੇ ਕੈਨੇਡਾ ਅਤੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਇਨਕਲਾਬੀਆਂ ਦੀ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿਚ 'ਹਿੰਦੁਸਤਾਨੀ ਐਸੋਸੀਏਸ਼ਨ ਆਫ ਦਾ ਪੈਸੀਫਿਕ ਕੋਸਟ' ਨਾਂ ਦੀ ਇੱਕ ਸੰਸਥਾ ਦੇ ਗਠਨ ਦਾ ਫੈਸਲਾ ਲਿਆ ਗਿਆ। ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਕ੍ਰਮਵਾਰ ਇਸਦੇ ਪ੍ਰਧਾਨ ਅਤੇ ਸਕੱਤਰ ਚੁਣੇ ਗਏ। ਲਾਲਾ ਹਰਦਿਆਲ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਪੂਰਾ ਸਮਾਂ ਐਸੋਸੀਏਸ਼ਨ ਦੇ ਕੰਮ ਵਿਚ ਲਾਉਣ ਲੱਗੇ।
²ਮਾਰਚ 1913 ਵਿਚ ਐਸੋਸੀਏਸ਼ਨ ਨੇ ਸਨਫਰਾਂਸਿਸਕੋ ਤੋਂ ਗਦਰ ਨਾਂ ਦਾ ਇੱਕ ਅਖਬਾਰ ਕੱਢਣ ਦਾ ਫੈਸਲਾ ਕੀਤਾ। ਉਸਦੇ ਬਾਅਦ ਐਸੋਸੀਏਸ਼ਨ ਦਾ ਨਾਂ ਵੀ ਬਦਲ ਕੇ 'ਗਦਰ ਪਾਰਟੀ' ਕਰ ਦਿੱਤਾ ਗਿਆ।
ਅੱਗੇ ਵੱਲ ਨੂੰ ਇੱਕ ਵੱਡੀ ਪਲਾਂਘ
1913 ਵਿਚ ਗਦਰ ਪਾਰਟੀ ਦਾ ਗਠਨ ਇਨਕਲਾਬੀ ਅੰਦੋਲਨ ਦੀ ਦਿਸ਼ਾ ਵਿਚ ਪੁੱਟੀ ਗਈ ਇੱਕ ਬਹੁਤ ਵੱਡੀ ਅਤੇ ਮਹੱਤਵਪੂਰਨ ਡਿੰਘ (ਪੁਲਾਂਘ-ਕਦਮ) ਸੀ। ਇਸ ਨੇ ਰਾਜਨੀਤੀ ਨੂੰ ਧਰਮ ਨਾਲੋਂ ਸੁਤੰਤਰ ਕੀਤਾ ਅਤੇ ਧਰਮ ਨਿਰਪੱਖਤਾ ਨੂੰ ਅਪਣਾਇਆ। ਧਰਮ ਨੂੰ ਨਿੱਜੀ ਮਾਮਲਾ ਐਲਾਨ ਕਰ ਦਿੱਤਾ ਗਿਆ।
ਅਖਬਾਰ ਗ਼ਦਰ ਨੇ ਹਿੰਦੂ-ਮੁਸਲਮਾਨ ਦੋਨਾਂ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਮਾਮਲਿਆਂ ਉਪਰ ਵੱਧ ਧਿਆਨ ਦੇਣ ਕਿਉਂਕਿ ਉਹਨਾਂ ਦਾ ਦੋਵਾਂ ਦੀ ਜ਼ਿੰਦਗੀ ਉੱਤੇ ਇੱਕੋ-ਜਿਹਾ ਪ੍ਰਭਾਵ ਪੈਂਦਾ ਹੈ। ਪਲੇਗ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਮਰ ਰਹੇ ਹਨ। ਅਕਾਲ ਪੈ ਜਾਣ 'ਤੇ ਦੋਵੇਂ ਹੀ ਅੰਨ ਤੋਂ ਸੱਖਣੇ ਰਹਿੰਦੇ ਹਨ। ਵਗਾਰ ਦੇ ਵਾਸਤੇ ਜ਼ੋਰ ਜਬਰਦਸਤੀ ਦੋਵਾਂ ਨਾਲ ਕੀਤੀ ਜਾਂਦੀ ਹੈ ਅਤੇ ਦੋਵਾਂ ਨੂੰ ਹੀ ਵੱਧ ਉੱਚੀਆਂ ਦਰਾਂ ਦਾ ਭੂਮੀ ਲਗਾਨ (ਮਾਮਲਾ) ਅਤੇ ਪਾਣੀ ਟੈਕਸ 'ਤਾਰਨਾ ਪੈਂਦਾ ਹੈ। ਸਮੱਸਿਆ ਹਿੰਦੂ ਬਨਾਮ ਮੁਸਲਮਾਨ ਦੀ ਨਹੀਂ ਬਲਕਿ ਭਾਰਤੀ ਬਨਾਮ ਅੰਗਰੇਜ਼ ਲੋਟੂਆਂ ਦੀ ਹੈ। ਹਿੰਦੂ-ਮੁਸਲਿਮ ਏਕਤਾ ਨੂੰ ਐਨਾ ਮਜਬੂਤ ਬਣਾਉਣਾ ਚਾਹੀਦਾ ਹੈ ਕਿ ਕੋਈ ਉਸ ਨੂੰ ਤੋੜ ਨਾ ਸਕੇ।
ਗ਼ਦਰ ਪਾਰਟੀ ਧਰਮ-ਨਿਰੱਖਤਾ ਵਿਚ ਵਿਸ਼ਵਾਸ਼ ਕਰਦੀ ਸੀ ਅਤੇ ਠੋਸ ਹਿੰਦੂ-ਮੁਸਲਿਮ ਏਕਤਾ ਦੀ ਤਰਫਦਾਰ ਸੀ, ਉਹ ਛੂਤ ਅਤੇ ਅਛੂਤ ਦੇ ਭੇਦ-ਭਾਵ ਨੂੰ ਵੀ ਨਹੀਂ ਮੰਨਦੀ ਸੀ। ਭਾਰਤ ਦੀ ਏਕਤਾ ਅਤੇ ਭਾਰਤ ਦੇ ਸੁਤੰਤਰਤਾ ਸੰਘਰਸ਼ ਦੇ ਵਾਸਤੇ ਏਕਤਾ, ਇਹ ਹੀ ਉਸਨੂੰ ਪ੍ਰੇਰਿਤ ਕਰਨ ਵਾਲੇ ਪ੍ਰਮੁੱਖ ਸਿਧਾਂਤ ਸਨ। ਇਸ ਮਾਮਲੇ ਵਿਚ ਗ਼ਦਰ ਪਾਰਟੀ ਉਸ ਸਮੇਂ ਦੇ ਭਾਰਤੀ ਨੇਤਾਵਾਂ ਨਾਲੋਂ ਕੋਹਾਂ ਮੀਲ ਅੱਗੇ ਸੀ। ਸੋਹਣ ਸਿੰਘ ਜੋਸ਼ ਦੇ ਅਨੁਸਾਰ, ''ਗਦਰ ਦੇ ਇਨਕਲਾਬੀ, ਰਾਜਨੀਤਕ-ਸਮਾਜਿਕ ਸੁਧਾਰਾਂ ਦੇ ਸਵਾਲਾਂ ਉੱਤੇ ਆਪਣੇ ਸਮਕਾਲੀਆਂ ਨਾਲੋਂ ਅੱਗੇ ਸਨ।''
14 ਮਈ 1914 ਨੂੰ ਗ਼ਦਰ ਵਿਚ ਪ੍ਰਕਾਸ਼ਿਤ ਇੱਕ ਲੇਖ ਵਿਚ ਲਾਲਾ ਹਰਦਿਆਲ ਨੇ ਲਿਖਿਆ, ''ਬੇਨਤੀਆਂ ਕਰਨ ਦਾ ਸਮਾਂ ਲੰਘ ਗਿਆ, ਹੁਣ ਤਲਵਾਰ ਚੁੱਕਣ ਦਾ ਵਕਤ ਆ ਗਿਆ ਹੈ। ਸਾਨੂੰ ਪੰਡਤਾਂ (ਹਿੰਦੂ ਪੁਜਾਰੀ ਵਰਗ- ਅਨੁ.) ਅਤੇ ਕਾਜ਼ੀਆਂ (ਮੁਸਲਿਮ ਪੁਜਾਰੀ ਵਰਗ- ਅਨੁ.) ਦੀ ਕੋਈ ਲੋੜ ਨਹੀਂ ਹੈ।'' 1913 ਵਿਚ ਪੋਰਟਲੈਂਡ ਵਿਖੇ ਭਾਸ਼ਣ ਦਿੰਦੇ ਹੋਏ ਉਹਨਾਂ ਆਖਿਆ ਸੀ ਕਿ ਗ਼ਦਰ ਦੇ ਇਨਕਲਾਬੀਆਂ ਨੂੰ ਆਗਾਮੀ ਇਨਕਲਾਬ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਭਾਰਤ ਜਾ ਕੇ ਅਤੇ ਉਥੋਂ ਅੰਗਰੇਜ਼ਾਂ ਨੂੰ ਭਜਾ ਕੇ ਅਮਰੀਕਾ ਵਰਗੀ ਇੱਕ ਲੋਕਤੰਤਰਿਕ ਸਰਕਾਰ ਕਾਇਮ ਕਰਨੀ ਚਾਹੀਦੀ ਹੈ। ਜਿਸ ਵਿਚ ਧਰਮ, ਜਾਤ ਅਤੇ ਰੰਗ ਦੇ ਵਖਰੇਵੇਂ ਤੋਂ ਪਰ੍ਹੇ ਸਾਰੇ ਭਾਰਤੀ ਬਰਾਬਰ ਅਤੇ ਸੁਤੰਤਰ ਹੋਣ।
ਲਾਲਾ ਹਰਦਿਆਲ ਨੇ, ਜੋ ਆਪਣੇ ਆਪ ਨੂੰ ਅਰਾਜਕਤਾਵਾਦੀ ਆਖਿਆ ਕਰਦੇ ਸਨ, ਇੱਕ ਵਾਰੀ ਕਿਹਾ ਸੀ ਕਿ ਮਾਲਕ ਅਤੇ ਸੇਵਕ (ਨੌਕਰ) ਦੇ ਵਿਚ ਕੋਈ ਸਮਾਨਤਾ (ਬਰਾਬਰੀ) ਨਹੀਂ ਹੋ ਸਕਦੀ। ਭਲੇ ਹੀ ਦੋਵੇਂ ਮੁਸਲਮਾਨ ਹੋਣ, ਸਿੱਖ ਹੋਣ ਜਾਂ ਵੈਸ਼ਨਵ ਹੋਣ। ਅਮੀਰ ਹਮੇਸ਼ਾਂ ਗਰੀਬ ਉੱਤੇ ਹਕੂਮਤ ਕਰੇਗਾ। ਆਰਥਿਕ ਬਰਾਬਰੀ ਦੀ ਅਣਹੋਂਦ ਵਿਚ ਭਾਈਚਾਰੇ ਦੀ ਗੱਲ ਸਿਰਫ ਇੱਕ ਸੁਫਨਾ ਹੈ।''
ਹਿੰਦੁਸਤਾਨੀਆਂ ਦੇ ਵਿਚ ਸੰਪਰਦਾਇਕ ਸਦਭਾਵਨਾ ਵਧਾਉਣ ਨੂੰ ਗ਼ਦਰ ਪਾਰਟੀ ਨੇ ਆਪਣਾ ਇੱਕ ਉਦੇਸ਼ ਬਣਾਇਆ। ਯੁਗਾਂਤਰ ਆਸ਼ਰਮ ਨਾਂ ਦੇ ਗ਼ਦਰ ਪਾਰਟੀ ਦੇ ਦਫਤਰ ਵਿਚ ਸਵਰਨ ਹਿੰਦੂ, ਅਛੂਤ, ਮੁਸਲਮਾਨ ਅਤੇ ਸਿੱਖ, ਸਾਰੇ ਇਕੱਠੇ ਹੁੰਦੇ ਅਤੇ ਇਕੱਠੇ ਮਿਲ ਕੇ ਭੋਜਨ ਖਾਂਦੇ ਸਨ।
²ਧਰਮ ਜਦੋਂ ਰਾਜਨੀਤੀ ਨਾਲ ਘੁਲ ਮਿਲ ਜਾਂਦਾ ਹੈ ਤਾਂ ਉਹ ਇੱਕ ਘਾਤਕ ਮਾਰੂ ਜ਼ਹਿਰ ਬਣ ਜਾਂਦਾ ਹੈ। ਜੋ ਰਾਸ਼ਟਰ ਦੇ ਜੀਵਤ ਅੰਗਾਂ ਨੂੰ ਹੌਲੀ ਹੌਲੀ ਘੁਣ ਵਾਂਗ ਨਸ਼ਟ ਕਰਦਾ ਰਹਿੰਦਾ ਹੈ, ਭਾਈ ਨੂੰ ਭਾਈ ਨਾਲ ਲੜਾਉਂਦਾ ਹੈ, ਲੋਕਾਂ ਦੋ ਹੌਸਲੇ ਪਸਤ ਕਰਦਾ ਹੈ, ਉਹਨਾਂ ਦੀ ਦ੍ਰਿਸ਼ਟੀ ਨੂੰ ਧੁੰਦਲੀ ਬਣਾਉਂਦਾ ਹੈ, ਅਸਲੀ ਦੁਸ਼ਮਣ ਦੀ ਪਛਾਣ ਕਰਨੀ ਮੁਸ਼ਕਲ ਬਣਾ ਦਿੰਦਾ ਹੈ, ਲੋਕਾਂ ਦੀ ਜੁਝਾਰੂ ਮਨੋਸਥਿਤੀ ਨੂੰ ਕਮਜ਼ੋਰ ਕਰਦਾ ਹੈ ਅਤੇ ਇਸ ਤਰ੍ਹਾਂ ਰਾਸ਼ਟਰ ਨੂੰ ਸਾਮਰਾਜਵਾਦੀ ਸਾਜਿਸ਼ਾਂ ਦੀਆਂ ਹਮਲਾਵਰ ਯੋਜਨਾਵਾਂ ਦਾ ਲਾਚਾਰ ਬੇਵਸ ਸ਼ਿਕਾਰ ਬਣਾ ਦਿੰਦਾ ਹੈ। ਭਾਰਤ ਵਿਚ ਇਸ ਗੱਲ ਨੂੰ ਸਭ ਤੋਂ ਪਹਿਲਾਂ ਗ਼ਦਰ ਦੇ ਇਨਕਲਾਬੀਆਂ ਨੇ ਮਹਿਸੂਸ ਕੀਤਾ। ਉਨ੍ਹਾਂ ਨੇ ਦਲੇਰੀ ਦੇ ਨਾਲ ਐਲਾਨ ਕੀਤਾ ਕਿ ਉਹ ਇਸ ਮਾਰੂ ਜ਼ਹਿਰ (ਧਰਮ) ਨੂੰ ਆਪਣੀ ਰਾਜਨੀਤੀ ਨਾਲੋਂ ਦੂਰ ਹੀ ਰੱਖਣਗੇ ਅਤੇ ਜੋ ਉਹਨਾਂ ਨੇ ਆਖਿਆ ਵੈਸਾ ਹੀ ਕੀਤਾ ਵੀ। ਭਾਰਤੀ ਰਾਜਨੀਤੀ ਵਿਚ ਇਹ ਪਹਿਲੀ ਮਹਾਨ ਪ੍ਰਾਪਤੀ ਸੀ।
ਗ਼ਦਰ ਦੇ ਇਨਕਲਾਬੀਆਂ ਦੀ ਦੂਜੀ ਮਹਾਨ ਪ੍ਰਾਪਤੀ ਸੀ, ਉਹਨਾਂ ਦਾ ''ਅੰਤਰਰਾਸ਼ਟਰੀ ਦ੍ਰਿਸ਼ਟੀਕੋਣ''। ਗ਼ਦਰ ਦਾ ਅੰਦੋਲਨ ਇੱਕ ਅੰਤਰਰਾਸ਼ਟਰੀ ਅੰਦੋਲਨ ਸੀ। ਉਸਦੀਆਂ ਸ਼ਾਖਾਵਾਂ ਮਲਾਇਆ, ਸ਼ੰਘਾਈ, ਇੰਡੋਨੇਸ਼ੀਆ, ਈਸਟ ਇੰਡੀਜ਼, ਫਿਲਪਾਈਨ, ਜਪਾਨ, ਮਨੀਲਾ, ਨਿਊਜ਼ੀਲੈਂਡ, ਹਾਂਗਕਾਂਗ, ਸਿੰਗਾਪੁਰ, ਫਿਜ਼ੀ, ਬਰਮਾ ਅਤੇ ਹੋਰਨਾਂ ਦੇਸ਼ਾਂ ਵਿਚ ਕਾਰਜਸ਼ੀਲ ਸਨ। ਗ਼ਦਰ ਪਾਰਟੀ ਦੇ ਉਦੇਸ਼ਾਂ ਦੇ ਪ੍ਰਤੀ ਇੰਡਸਟਰੀਅਲ ਵਰਕਰਜ਼ ਆਫ ਦਾ ਵਰਲਡ (ਆਈ.ਡਬਲਿਊ.ਡਬਲਿਊ.) ਦੀ ਬਹੁਤ ਹਮਦਰਦੀ ਸੀ। ਉਹ (ਗ਼ਦਰ ਦੇ ਇਨਕਲਾਬੀ) ਸਾਰੇ ਦੇਸ਼ਾਂ ਦੀ ਆਜ਼ਾਦੀ ਦੇ ਤਰਫਦਾਰ ਸਨ।''
ਕਈ ਕਵੀਆਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੇ ਸੰਗ੍ਰਹਿ ਗ਼ਦਰ ਦੀ ਗੁੰਜ ਵਿਚ ਇੱਕ ਕਵੀ ਕਹਿੰਦਾ ਹੈ, ''ਭਾਈਓ ਚੀਨ ਦੇ ਖਿਲਾਫ ਯੁੱਧ ਵਿਚ ਨਾ ਲੜੋ, ਭਾਰਤ ਚੀਨ ਅਤੇ ਤੁਰਕੀ ਦੇ ਲੋਕੀਂ ਆਪਸ ਵਿਚ ਭਾਈ ਹਨ। ਦੁਸ਼ਮਣ ਨੂੰ ਇਸਦੀ ਇਜ਼ਾਜਤ ਨਹੀਂ ਦੇਣੀ ਚਾਹੀਦੀ ਕਿ ਉਹ ਇਸ ਭਾਈਚਾਰੇ ਨੂੰ ਤਹਿਸ਼-ਨਹਿਸ ਕਰ ਸਕੇ।''
ਵੈਨਕੋਵਰ ਵਿਚ 1911 ਵਿਚ ਇੱਕ ਸੰਸਥਾ ਕਾਇਮ ਹੋਈ ਸੀ, ਜਿਸਦਾ ਉਦੇਸ਼ ਸੀ ਬਾਕੀ ਦੁਨੀਆਂ ਦੇ ਨਾਲ ਭਾਰਤੀ ਰਾਸ਼ਟਰ ਦੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਸੰਬੰਧ ਕਾਇਮ ਕਰਨਾ। ਲਾਲਾ ਹਰਦਿਆਲ ਨੇ ਵੀ ਕਈ ਵਾਰ ਆਪਣੇ ਭਾਸ਼ਣਾਂ ਵਿਚ ਇਹ ਘੋਸ਼ਣਾ ਕੀਤੀ ਸੀ ਕਿ ''ਉਹ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਉਸ ਹਰ ਦੇਸ਼ ਵਿਚ ਇਨਕਲਾਬ ਚਾਹੁੰਦੇ ਹਨ, ਜਿਥੇ ਗੁਲਾਮੀ ਅਤੇ ਲੁੱਟ ਮੌਜੂਦ ਹਨ।''
ਗ਼ਦਰ ਦੇ ਇਨਕਲਾਬੀਆਂ ਦੇ ਪ੍ਰਚਾਰ ਦਾ ਇੱਕ ਪ੍ਰਮੁੱਖ ਅੰਗ ਸੀ ਦੁਨੀਆਂ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਨਾਂ ਅਪੀਲ ਜਾਰੀ ਕਰਨਾ। ਉਹਨਾਂ ਪੂਰੀ ਦੁਨੀਆਂ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ''ਸਾਮਰਾਜੀ ਹਕੂਮਤ ਨੂੰ ਉਖਾੜ ਸੁੱਟਣ ਦੇ ਵਾਸਤੇ ਇੱਕਜੁੱਟ ਹੋਣ।''
ਵਿਚਾਰਧਾਰਾ ਅਤੇ ਪ੍ਰੋਗਰਾਮ²
ਗ਼ਦਰ ਪਾਰਟੀ ਬ੍ਰਿਟਿਸ਼ ਹਕੂਮਤ ਦੀ ਵਿਰੋਧੀ ਸੀ, ਉਸਦਾ ਉਦੇਸ਼ ਸੀ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾ ਕੇ ਇਥੇ ਅਮਰੀਕੀ ਤਰਜ ਦਾ ਲੋਕਤੰਤਰ ਸਥਾਪਤ ਕਰਨਾ। ਉਸਦਾ ਵਿਸ਼ਵਾਸ਼ ਸੀ ਕਿ ਮਤਿਆਂ, ਪ੍ਰਤੀਨਿਧੀ ਮੰਡਲਾਂ ਅਤੇ ਪ੍ਰਾਰਥਨਾ-ਪੱਤਰਾਂ ਨਾਲ ਸਾਨੂੰ ਕੁੱਝ ਮਿਲਣ ਵਾਲਾ ਨਹੀਂ ਹੈ। ਅੰਗਰੇਜ਼ ਹੁਕਮਰਾਨਾਂ ਦੇ ਸਾਹਮਣੇ ਨਰਮ-ਦਲੀ ਨੇਤਾਵਾਂ ਦਾ ਨੱਚਣਾ (ਲਿਲਕੜੀਆਂ ਕੱਢਣਾ) ਵੀ ਪਸੰਦ ਨਹੀਂ ਕਰਦੇ ਸਨ। ਜਿਸ ਗਣਤੰਤਰ ਦੀ ਗੱਲ ਉਹ ਕਰਦੇ ਸਨ ਉਸ ਵਿਚ ਕਿਸੇ ਕਿਸਮ ਦਾ ਰਾਜਾ ਵੀ ਨਹੀਂ, ਬਲਕਿ ਇੱਕ ਚੁਣੇ ਹੋਏ ਰਾਸ਼ਟਰਪਤੀ ਦੀ ਗੁੰਜਾਇਸ਼ ਸੀ।
ਭਾਰਤ ਦੀ ਆਜ਼ਾਦੀ ਹਾਸਲ ਕਰਨ ਦੇ ਵਾਸਤੇ ਗ਼ਦਰ ਪਾਰਟੀ ਵਿਅਕਤੀਗਤ ਕਾਰਵਾਈਆਂ ਉੱਤੇ ਇੰਨਾ ਨਿਰਭਰ ਨਹੀਂ ਕਰਦੀ ਸੀ, ਜਿੰਨਾ ਇਸ ਗੱਲ ਉਪਰ ਕਿ ਫੌਜਾਂ ਵਿਚ ਪ੍ਰਚਾਰ ਕਰਕੇ ਫੌਜੀਆਂ ਨੂੰ ਬਗਾਵਤ ਦੇ ਵਾਸਤੇ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਨੇ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਬਗਾਵਤ ਦੇ ਵਾਸਤੇ ਉੱਠ ਖੜ੍ਹੇ ਹੋਣ।
ਗ਼ਦਰ ਦੇ ਇਨਕਲਾਬੀਆਂ ਦਾ ਜਮਾਤੀ-ਚਰਿੱਤਰ ਵੀ ਪਹਿਲਾਂ ਦੇ ਇਨਕਲਾਬੀਆਂ ਨਾਲੋਂ ਵੱਖਰਾ ਸੀ, ਪੁਰਾਣੇ ਇਨਕਲਾਬੀ ਮੁੱਖ ਤੌਰ 'ਤੇ ਨਿਮਨ ਮੱਧ ਵਰਗ ਦੇ ਕੁੱਝ ਪੜ੍ਹੇ ਲਿਖੇ ਲੋਕ ਸਨ, ਜਦੋਂ ਕਿ ਗ਼ਦਰ ਪਾਰਟੀ ਦੇ ਜ਼ਿਆਦਾਤਰ ਮੈਂਬਰ ਕਿਸਾਨਾਂ ਤੋਂ ਮਜ਼ਦੂਰ ਬਣੇ ਲੋਕੀਂ ਸਨ ਅਤੇ ਇਸ ਲਈ ਉਹਨਾਂ ਨੇ ਬਗਾਵਤ ਦੇ ਵਾਸਤੇ ਕਿਸਾਨਾਂ ਨੂੰ ਉੱਠ ਖੜ੍ਹੇ ਹੋਣ ਦੀ ਅਪੀਲ ਕੀਤੀ।
ਦੋ ਕਮਜ਼ੋਰੀਆਂ
ਗ਼ਦਰ ਪਾਰਟੀ ਦੀ ਸਥਾਪਨਾ ਅਮਰੀਕਾ ਵਿਚ ਹੋਈ ਸੀ ਜਿਥੇ ਲੋਕਾਂ ਨੂੰ ਕੁੱਝ ਨਾਗਰਿਕ ਆਜ਼ਾਦੀਆਂ ਅਤੇ ਸਵੈ-ਪ੍ਰਗਟਾਵੇ ਦੀ ਆਜ਼ਾਦੀ ਹਾਸਿਲ ਸੀ ਜਦੋਂ ਕਿ ਉਸ ਸਮੇਂ ਭਾਰਤ ਵਿਚ ਇਹ ਚੀਜ਼ਾਂ ਨਹੀਂ ਸਨ। ਉਥੇ ਗ਼ਦਰ ਦੇ ਨੇਤਾ ਖੁੱਲ੍ਹ ਕੇ ਆਪਣੀਆਂ ਯੋਜਨਾਵਾਂ, ਇਰਾਦਿਆਂ ਅਤੇ ਪ੍ਰੋਗਰਾਮਾਂ ਉਪਰ ਬਹਿਸ ਕਰਦੇ ਅਤੇ ਉਹਨਾਂ ਬਾਰੇ ਲੇਖ ਲਿਖਦੇ ਸਨ। ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜਵਾਦੀਆਂ ਨੂੰ ਉਹਨਾਂ ਦੀਆਂ ਵਿਉਂਤਾਂ ਦੀ ਪੂਰੀ-ਪੂਰੀ ਜਾਣਕਾਰੀ ਰਹਿੰਦੀ ਸੀ ਅਤੇ ਉਹ ਗ਼ਦਰ ਦੇ ਇਨਕਲਾਬੀਆਂ ਦੀਆਂ ਸਰਗਰਮੀਆਂ ਤੋਂ ਪੈਦਾ ਹੋ ਸਕਣ ਵਾਲੀ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਸਨ। ਗ਼ਦਰ ਦੇ ਨੇਤਾਵਾਂ ਅਤੇ ਕਾਰਕੁੰਨਾਂ ਦੇ ਇਸ ਖੁੱਲ੍ਹੇਪਣ ਦੀ ਬਹੁਤ ਵੱਡੀ ਕੀਮਤ ਪਾਰਟੀ ਨੂੰ ਚੁਕਾਉਣੀ ਪਈ।
ਦੂਜੀ ਪ੍ਰਮੁੱਖ ਕਮਜ਼ੋਰੀ ਉਹਨਾਂ ਦਾ ਇਹ ਭਰਮੀ ਵਿਸ਼ਵਾਸ਼ ਸੀ ਕਿ ਇੱਕ ਸਾਮਰਾਜਵਾਦੀ ਸ਼ਕਤੀ ਉਹਨਾਂ ਨੂੰ ਦੂਜੀ ਸਾਮਰਾਜਵਾਦੀ ਸ਼ਕਤੀ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਵਿਚ ਇਮਾਨਦਾਰੀ ਦੇ ਨਾਲ ਸਹਾਇਤਾ ਕਰੂਗੀ। ਉਹਨਾਂ ਦੇ ਦਿਮਾਗ ਵਿਚ ਇਹ ਗੱਲ ਸਾਫ ਨਹੀਂ ਸੀ ਕਿ ਜਰਮਨੀ ਹੋਵੇ ਜਾਂ ਬ੍ਰਿਟਿਸ਼ ਜਾਂ ਕੋਈ ਹੋਰ ਸਾਰੀਆਂ ਸਾਮਰਾਜਵਾਦੀ ਸ਼ਕਤੀਆਂ ਦੀ ਪ੍ਰਵਿਰਤੀ ਇੱਕੋ ਜਿਹੀ ਹੁੰਦੀ ਹੈ। ਜਦੋਂ ਪਹਿਲਾਂ ਸੰਸਾਰ ਯੁੱਧ ਆਰੰਭ ਹੋਇਆ ਤਾਂ ਗ਼ਦਰ ਪਾਰਟੀ ਅਤੇ ਦੂਜੇ ਇਨਕਲਾਬੀਆਂ ਨੇ ਨਾਹਰਾ ਦਿਤਾ ਕਿ ''ਬ੍ਰਿਟੇਨ ਦੀ ਮੁਸੀਬਤ ਸਾਡੇ ਵਾਸਤੇ ਸੁਨਹਿਰੀ ਅਵਸਰ ਹੈ।'' ਅਤੇ ਕਿ ''ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ।'' ਇਸ ਵਿਸ਼ਵਾਸ਼ ਦੇ ਨਾਲ ਉਹਨਾਂ ਨੇ ਜਰਮਨੀ ਦੇ ਕੈਸਰ ਨਾਲ ਸਹਾਇਤਾ ਦੇ ਵਾਸਤੇ ਸੰਪਰਕ ਕੀਤਾ। ਕੈਸਰ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਦੌਰਾਨ ਸੁਤੰਤਰ ਭਾਰਤ ਦੀ ਭਵਿੱਖੀ ਪ੍ਰਬੰਧ ਨਾਲ ਸੰਬੰਧਤ ਕੁੱਝ ਸ਼ਰਤਾਂ ਵੀ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਇਸ ਨੁਕਤੇ ਤੇ ਕੈਸਰ ਦਾ ਜਵਾਬ ਹਮੇਸ਼ਾਂ ਅਸਪੱਸ਼ਟ ਰਿਹਾ। ਉਸਦੀ ਦਿਲਚਸਪੀ ਜੰਗ ਦੇ ਦੌਰਾਨ ਬ੍ਰਿਟੇਨ ਦੇ ਖਿਲਾਫ ਗ਼ਦਰ ਪਾਰਟੀ ਦੇ ਇਨਕਲਾਬੀਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਸਕਣ ਤੱਕ ਹੀ ਸੀਮਤ ਸੀ। ਉਸਦੇ ਆਪਣੇ ਜੰਗੀ ਟੀਚੇ ਸਨ- ਬ੍ਰਿਟੇਨ ਅਤੇ ਫਰਾਂਸ ਤੋਂ ਵੱਧ ਤੋਂ ਵੱਧ ਬਸਤੀਆਂ ਖੋਹਣਾ। ਇਸ ਤਰ੍ਹਾਂ ਗ਼ਦਰ ਦੇ ਇਨਕਲਾਬੀ ਸਾਮਰਾਜਵਾਦ ਦੀ ਅਸਲ ਖਸਲਤ ਤੋਂ ਇੱਕ ਦਮ ਅਣਜਾਣ ਸਨ। ਅਸਲ ਅਤੇ ਸਥਾਈ ਆਜ਼ਾਦੀ ਦੇ ਵਾਸਤੇ ਗੁਲਾਮ ਦੇਸ਼ਾਂ ਨੂੰ ਪੂਰੀ ਸਾਮਰਾਜਵਾਦੀ ਪ੍ਰਬੰਧ ਨਾਲ ਲੜਾਈ ਲੜਨੀ ਹੋਵੇਗੀ- ਇਹ ਗੱਲ ਰੂਸ ਵਿਚ ਅਕਤੂਬਰ (ਨਵੇਂ ਕਲੰਡਰ ਵਿਚ 1917 ਨਵੰਬਰ ਦੇ ਇਨਕਲਾਬ ਦੇ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਹੋਈ।
.....................................................
'ਸਲਾਮ' ਦਾ ਪੰਜਵਾਂ ਗੁਰਸ਼ਰਨ ਸਿੰਘ ਅੰਕ
ਸਲਾਮ ਪ੍ਰਕਾਸ਼ਨ ਵੱਲੋਂ ਸਾਥੀ ਗੁਰਸ਼ਰਨ ਸਿੰਘ ਨੂੰ ਸਮਰਪਤ 'ਸਲਾਮ' ਦਾ ਪੰਜਵਾਂ ਅੰਕ ਜਾਰੀ ਹੋ ਚੁੱਕਿਆ ਹੈ। ਇਸ ਵਿੱਚ ਗੁਰਸ਼ਰਨ ਸਿੰਘ ਦੀ ਕਲਮ ਤੋਂ ਲਿਖੇ ਨਾਟਕ, 'ਗ਼ਦਰ ਦੀ ਗੂੰਜ' ਤੋਂ ਇਲਾਵਾ ਹੇਠ ਲਿਖੀਆਂ ਰਚਨਾਵਾਂ ਸ਼ਾਮਲ ਹਨ। J ਇਨਕਲਾਬੀ ਰੰਗ-ਮੰਚ ਇਤਿਹਾਸ ਦੀ ਨਿਵੇਕਲੀ ਘਟਨਾ
J ਗੁਰਸ਼ਰਨ ਸਿੰਘ ਦਾ ਰੰਗਮੰਚ ਇੱਕ ਧੀ ਦੀਆਂ ਨਜ਼ਰਾਂ 'ਚ
J ''ਉਹ ਜਮਹੂਰੀ ਹੱਕਾਂ ਦਾ ਪੰਜਾਬ ਸਿਰਜਣਾ ਚਾਹੁੰਦੇ ਸਨ''
J ਪਲਸ ਮੰਚ ਦੀ ਮੁਹਿੰਮ ਦੇ ਕੁਝ ਅਨੁਭਵ ਤੇ ਅਹਿਸਾਸ
J ਲੋਕ-ਪੱਖੀ ਕਰਮੀਆਂ ਦਾ ਉਤਸਵ
J ਉਹ ਸਦੀਆਂ ਤੱਕ ਜ਼ਿੰਦਾ ਰਹੇਗਾ
J ਬਠਿੰਡਾ ਨਾਟ-ਸਮਾਰੋਹ ਅਤੇ ਇਨਕਲਾਬੀ ਰੰਗਮੰਚ ਦਿਵਸ ਮੁਹਿੰਮ
J ਲੋਕ ਮਨਾਂ 'ਚੋਂ ਦਿਸਦਾ ਅਜਬ-ਨਜ਼ਾਰਾ
J ਪੰਜਾਬ ਦੀ ਧਰਤੀ 'ਤੇ ਇਨਕਲਾਬੀ ਰੰਗਮੰਚ ਦਿਹਾੜੇ ਦੀ ਗੂੰਜ
J ਗੁਰਸ਼ਰਨ ਸਿੰਘ ਨਾਟ-ਉਤਸਵ ਤੋਂ
ਓਪਨ ਏਅਰ ਥੀਏਟਰ ਦੇ ਨਾਮਕਰਨ ਤੱਕ
J ਸਾਹਿਤ, ਕਲਾ ਤੇ ਗੁਰਸ਼ਰਨ ਸਿੰਘ: ਦ੍ਰਿਸ਼ਟੀ ਦੀਆਂ ਕੁਝ ਝਲਕਾਂ
J ਰਵਾਇਤੀ ਇਲਮ ਨਾਲ ਦਸਤਪੰਜਾ ('ਧਮਕ ਨਗਾਰੇ ਦੀ' 'ਚੋਂ)
J ਗੁਰਸ਼ਰਨ ਸਿੰਘ— ਸਮਕਾਲੀ ਨਾਟਕਕਾਰ ਸਵਰਾਜਬੀਰ ਦੀਆਂ ਨਜ਼ਰਾਂ 'ਚ
J ਗੁਰਸ਼ਰਨ ਸਿੰਘ ਦਾ ਰੰਗਮੰਚ
J ਸਿੱਖਣ ਵਾਲੀ ਮੁੱਖ ਗੱਲ ਸਭਿਆਚਾਰਕ ਜਮਾਤ ਬਦਲੀ
J ਕੋਈ ਐਦਾਂ ਵੀ ਦੁਨੀਆਂ ਤੋਂ ਜਾਂਦਾ ਹੁੰਦੈ!
J -ਅਸੀਂ ਗੋਰਕੀ ਦੇ ਵਾਰਸਾਂ ਦਾ ਥੀਏਟਰ ਉਸਾਰਨਾ ਹੈ, -ਚੈਲਿੰਜ ਬਰਕਰਾਰ ਹੈ, -ਉਹ ਕੇਵਲ ਇੱਕ ਨਾਟਕਕਾਰ ਨਹੀਂ ਸੀ -ਸੱਚੀ ਸ਼ਰਧਾਂਜਲੀ ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਹੈ, -ਅਨੇਕਾਂ ਗੁਰਸ਼ਰਨ ਸਿੰਘ ਪੈਦਾ ਹੋ ਜਾਣਗੇ,
J ਗ਼ਦਰ ਦੀ ਗੂੰਜ
J ਪਹਿਲੇ ਇਨਕਲਾਬੀ ਰੰਗ-ਮੰਚ ਦਿਹਾੜੇ 'ਤੇ ਰੰਗ-ਕਰਮੀਆਂ ਦਾ ਅਹਿਦ
J ਜਸਪਾਲ ਭੱਟੀ ਦੇ ਸਦੀਵੀ ਵਿਛੋੜੇ 'ਤੇ ਸ਼ੋਕ ਬਿਆਨ
No comments:
Post a Comment