ਰੂਸੀ ਸਾਮਰਾਜੀਆਂ ਦੀ ਚਾਕਰੀ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣਾ ਇੱਕ ਨਵੰਬਰ ਦਾ ਭਾਰਤ ਦੌਰਾ 24 ਦਸੰਬਰ ਤੱਕ ਅੱਗੇ ਪਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅਹਿਮ ਦੌਰਾ ਕੁਝ ''ਅਣਸਰਦੇ ਘਰੇਲੂ ਕਾਰਨਾਂ'' ਕਰਕੇ ਅੱਗੇ ਪਾਇਆ ਗਿਆ ਹੈ। ਪਰ ਭਾਰਤ-ਰੂਸ ਸਬੰਧਾਂ ਨੂੰ ਨੇੜਿਉਂ ਨਿਰਖ ਰਹੇ ਕੁਝ ਹਲਕਿਆਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਕਦਮ ਰੂਸ ਵੱਲੋਂ ਭਾਰਤੀ ਹਾਕਮਾਂ ਨੂੰ ਕੰਮ ਕਰਨ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਪਿਛਲੇ ਕੁਝ ਅਰਸੇ ਤੋਂ ਭਾਰਤੀ ਅਤੇ ਰੂਸੀ ਹਾਕਮਾਂ ਦਰਮਿਆਨ 'ਆਪਸੀ ਸਬੰਧਾਂ ਨੂੰ ਅੱਗੇ ਵਧਾਉਣ' ਲਈ ਸਰਗਰਮੀ ਵਿੱਚ ਤੇਜ਼ੀ ਆਈ ਹੋਈ ਹੈ। ਇਸੇ ਤਹਿਤ ਰੂਸੀ ਰੱਖਿਆ ਮੰਤਰੀ ਅਨਾਤੋਲੀ ਸਰਦਕੋਵ ਅਤੇ ਰੂਸੀ ਉਪ ਪ੍ਰਧਾਨ ਮੰਤਰੀ ਰੋਗੋਜ਼ਿਨ ਦੇ ਭਾਰਤ ਦੌਰਿਆਂ ਦੇ ਪ੍ਰੋਗਰਾਮ ਬਣੇ ਹਨ। ਅਕਤੂਬਰ ਵਿੱਚ ਇਹਨਾਂ ਦੇ ਦੌਰਿਆਂ ਪਿੱਛੋਂ ਪਹਿਲੀ ਨਵੰਬਰ ਨੂੰ ਰੂਸੀ ਰਾਸ਼ਟਰਪਤੀ ਪੂਤਿਨ ਨੇ ਭਾਰਤ ਆਉਣਾ ਸੀ।
ਇਸ ਸਮੇਂ ਦੌਰਾਨ ਜੋ ਹੋਇਆ ਹੈ, ਉਸ ਰਾਹੀਂ ਭਾਰਤ ਰੂਸ ਸਬੰਧਾਂ ਦੀ ਅਸਲੀਅਤ ਉੱਘੜੀ ਹੈ। ਇੱਕ ਪਾਸੇ ਇਹ ਜ਼ਾਹਰ ਹੋਇਆ ਹੈ ਕਿ ਭਾਰਤੀ ਹਾਕਮ ਮੁਲਕ ਦੇ ਲੋਕਾਂ ਦੇ ਹਿੱਤਾਂ ਦੀ ਕੀਮਤ 'ਤੇ ਰੂਸੀ ਸਾਮਰਾਜੀਆਂ ਦੀ ਸੇਵਾ ਕਮਾਉਣ 'ਤੇ ਤੁਲੇ ਹੋਏ ਹਨ, ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਰਗੇ ਹੋਰਨਾਂ ਸਾਮਰਾਜੀ ਮੁਲਕਾਂ ਵਾਂਗ ਭਾਰਤ 'ਚੋਂ ਅੰਨ੍ਹੇ ਮੁਨਾਫੇ ਕਮਾ ਕੇ ਰੂਸੀ ਸਾਮਰਾਜੀਆਂ ਦਾ ਢਿੱਡ ਨਹੀਂ ਭਰਿਆ ਅਤੇ ਉਹ ਹੋਰ ਗੱਫੇ ਚਾਹੁੰਦੇ ਹਨ।
ਦੋ ਮੁੱਦੇ ਭਾਰਤੀ ਅਤੇ ਰੂਸੀ ਹਾਕਮਾਂ ਦਰਮਿਆਨ ਮੱਠੀ-ਮੱਠੀ ਕਸ਼ਮਕਸ਼ ਦੀ ਵਜ੍ਹਾ ਬਣਦੇ ਦਿਖਾਈ ਦਿੱਤੇ ਹਨ। ਇੱਕ ਮੁੱਦਾ ਕੂਡਾਕੁਲਮ ਪ੍ਰਮਾਣੂ ਪਲਾਂਟ ਨਾਲ ਸਬੰਧਿਤ ਹੈ। ਭਾਰਤ ਦੇ ਲੋਕ ਇਸ ਪਲਾਂਟ ਨੂੰ ਬੰਦ ਕਰਨ ਦੀ ਜ਼ੋਰਦਾਰ ਮੰਗ ਕਰ ਰਹੇ ਹਨ, ਖਾਸ ਕਰਕੇ ਜਪਾਨ ਵਿੱਚ ਹੋਏ ਫੂਕੂਸ਼ੀਮਾ ਹਾਦਸੇ ਪਿੱਛੋਂ ਪ੍ਰਮਾਣੂ ਊਰਜਾ ਦੇ ਮੁੱਦੇ ਨੂੰ ਲੈ ਕੇ ਦੁਨੀਆਂ ਭਰ ਵਿੱਚ ਸੁਰੱਖਿਆ ਫਿਕਰ ਵਧੇ ਹੋਏ ਹਨ। ਭਾਰਤੀ ਹਾਕਮ ਇਸ ਪਲਾਂਟ ਨੂੰ ਰੱਦ ਕਰਨ ਦੀ ਲੋਕਾਂ ਦੀ ਮੰਗ ਖਿਲਾਫ ਰੂਸੀ ਸਾਮਰਾਜੀ ਲੁਟੇਰਿਆਂ ਦੇ ਪੱਖ ਵਿੱਚ ਅੜੇ ਹੋਏ ਹਨ। ਉਹਨਾਂ ਨੇ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲਈ ਲਾਠੀ-ਗੋਲੀ ਦੀ ਵਰਤੋਂ ਕਰਕੇ ਆਪਣਾ ਕੌਮ ਦੁਸ਼ਮਣ ਚਿਹਰਾ ਨੰਗਾ ਕੀਤਾ ਹੈ। ਉਹ ਨਾ ਸਿਰਫ ਇਸ ਪ੍ਰਮਾਣੂ ਪਲਾਂਟ ਦੇ ਪਹਿਲੇ ਅਤੇ ਦੂਸਰੇ ਸਥਾਪਿਤ ਹੋ ਚੁੱਕੇ ਯੂਨਿਟਾਂ ਨੂੰ ਬੰਦ ਕਰਨ ਤੋਂ ਇਨਕਾਰੀ ਹਨ, ਸਗੋਂ ਤੀਸਰਾ ਅਤੇ ਚੌਥਾ ਯੂਨਿਟ ਲਾਉਣ ਲਈ ਸੌਦਾ ਮੁਕੰਮਲ ਕਰਨ ਖਾਤਰ ਤਹੂ ਹੋਏ ਫਿਰਦੇ ਹਨ। ਤਾਂ ਵੀ ਇੱਕ ਗੱਲ ਰੇੜ੍ਹਕੇ ਦਾ ਮਾਮਲਾ ਬਣ ਗਈ ਹੈ। ਭਾਰਤੀ ਹਾਕਮਾਂ ਨੇ ਮੁਲਕ ਦੇ ਲੋਕਾਂ ਦੇ ਰੋਸ ਦੇ ਨਤੀਜੇ ਵਜੋਂ ਪ੍ਰਮਾਣੂ ਪਲਾਂਟਾਂ ਨੂੰ ਕਾਇਮ ਰੱਖਣ ਅਤੇ ਨਵੇਂ ਪਲਾਂਟ ਲਾਉਣ ਦੀ ਨੀਤੀ ਤਾਂ ਚਾਹੇ ਰੱਦ ਨਹੀਂ ਕੀਤੀ ਪਰ ਉਹਨਾਂ ਨੇ ਪਾਰਲੀਮੈਂਟ ਵਿੱਚ ਇੱਕ ਕਾਨੂੰਨੀ ਮਦ ਲਿਆਂਦੀ, ਜਿਸ ਮੁਤਾਬਕ ਪਲਾਂਟ ਵਿੱਚ ਵਾਪਰੇ ਹਾਦਸਿਆਂ ਲਈ ਪ੍ਰਮਾਣੂ ਰਿਐਕਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਜੁੰਮੇਵਾਰ ਹੋਣਗੀਆਂ। ਭਾਰਤ ਨੂੰ ਪ੍ਰਮਾਣੂ ਰਿਐਕਟਰ ਵੇਚਣ ਲਈ ਲਲਚਾਏ ਸਾਰੇ ਮੁਲਕ ਇਸ ਮਦ ਖਿਲਾਫ ਲੋਹੇ-ਲਾਖੇ ਹੋ ਗਏ। ਸਿੱਟੇ ਵਜੋਂ ਭਾਰਤੀ ਹਾਕਮਾਂ ਨੇ ਵਫਾਦਾਰੀ ਦਾ ਇਜ਼ਹਾਰ ਕਰਦਿਆਂ ਸਿਰੀ ਜ਼ਰਾ ਪਿੱਛੇ ਨੂੰ ਖਿੱਚ ਲਈ। ਰਿਐਕਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਪਾਏ ਜਾਣ ਵਾਲੇ ਹਰਜਾਨੇ ਦੀ ਰਕਮ ਕਾਫੀ ਨੀਵੀਂ ਕਰ ਦਿੱਤੀ ਗਈ। ਆਮ ਕਰਕੇ ਸਾਮਰਾਜੀ ਮੁਲਕਾਂ ਅਤੇ ਕੰਪਨੀਆਂ ਦੀ ਤਸੱਲੀ ਹੋ ਗਈ। ਪਰ ਰੂਸੀ ਸਾਮਰਾਜੀਏ ਇਹ ਵਿਸ਼ੇਸ਼ ਛੋਟ ਚਾਹੁੰਦੇ ਹਨ ਕਿ ਕੁੱਦਾਕੁਲਮ ਪਲਾਂਟ 'ਤੇ ਜੁੰਮੇਵਾਰੀ ਓਟਣ (ਲਾਇਬਿਲਟੀ) ਅਤੇ ਹਰਜਾਨੇ ਦੀ ਧਾਰਾ ਲਾਗੂ ਨਾ ਕੀਤੀ ਜਾਵੇ ਨਾ ਸਿਰਫ ਸਥਾਪਿਤ ਹੋ ਚੁੱਕੇ ਪਹਿਲੇ ਅਤੇ ਦੂਜੇ ਯੂਨਿਟ 'ਤੇ ਸਗੋਂ ਲਾਏ ਜਾਣ ਵਾਲੇ ਤੀਜੇ ਅਤੇ ਚੌਥੇ ਯੂਨਿਟ 'ਤੇ ਵੀ ਲਾਗੂ ਨਾ ਕੀਤੀ ਜਾਵੇ। ਉਹਨਾਂ ਦੀ ਦਲੀਲ ਹੈ ਕਿ ਇਹ ਯੂਨਿਟ ਭਾਵੇਂ ਹਾਲੇ ਲੱਗਣੇ ਹਨ, ਪਰ ਇਹਨਾਂ ਬਾਰੇ ਗੱਲਬਾਤ ਤਾਂ ਪਹਿਲਾਂ ਦੀ ਹੋਈ ਹੋਈ ਹੈ। ਭਾਰਤੀ ਹਾਕਮ ਇਹ ਮਜਬੂਰੀ ਤਾਂ ਜ਼ਾਹਰ ਕਰਦੇ ਰਹੇ ਹਨ ਕਿ ਜੇ ਰੂਸੀਆਂ ਨੂੰ ਛੋਟ ਦੇ ਦਿੱਤੀ ਗਈ ਤਾਂ ਸਾਰੇ ਦੇਸ਼ਾਂ ਦੀਆਂ ਸਾਮਰਾਜੀ ਕੰਪਨੀਆਂ ਹੀ ਛੋਟ ਮੰਗਣਗੀਆਂ ਅਤੇ ਘੂਰੀਆਂ ਵੱਟਣਗੀਆਂ, ਦੂਜੇ ਪਾਸੇ ਮੁਲਕ ਦੇ ਲੋਕ ਰੌਲਾ ਪਾਉਣਗੇ, ਇਸਦੇ ਬਾਵਜੂਦ ਭਾਰਤੀ ਹਾਕਮਾਂ ਨੇ ਮੁਲਕ ਦੇ ਲੋਕਾਂ ਨੂੰ ਅਜੇ ਤੱਕ ਕੋਈ ਯਕੀਨਦਹਾਨੀ ਨਹੀਂ ਕੀਤੀ ਕਿ ਰੂਸੀਆਂ ਦੀ ਸ਼ਰਤ ਨਹੀਂ ਮੰਨੀ ਜਾਵੇਗੀ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਦੜ ਵੱਟ ਲੈਂਦਾ ਰਿਹਾ ਹੈ ਜਾਂ ਗੱਲ ਟਾਲ ਦਿੰਦਾ ਰਿਹਾ ਹੈ। ਤਾਂ ਵੀ ਅਜੇ ਤੱਕ ਰੂਸੀਆਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਵੱਖਰੇ ਵਿਸ਼ੇਸ਼ ਵਿਹਾਰ ਦਾ ਭਰੋਸਾ ਨਹੀਂ ਮਿਲਿਆ। ਅਮਰੀਕੀ ਸਾਮਰਾਜੀਆਂ ਦਾ ਭਾਰਤੀ ਹਾਕਮਾਂ 'ਤੇ ਦਬਾਅ ਬਣਿਆ ਦਿਖਾਈ ਦਿੱਤਾ ਹੈ। ਇਸ ਕਰਕੇ ਰੂਸੀ ਸਾਮਰਾਜੀਏ ਕੁਝ ਗੁੱਸੇ ਵਿੱਚ ਹਨ।
ਰੇੜ੍ਹਕੇ ਦਾ ਦੂਸਰਾ ਮੁੱਦਾ ਕੋਲਗੇਟ ਸਕੈਂਡਲ ਦਾ ਪਰਦਾਫਾਸ਼ ਹੋਣ ਪਿੱਛੋਂ ਭਾਰੀ ਰੂਸੀ ਟੈਲੀਕਾਮ ਕੰਪਨੀ ਦਾ ਲਾਈਸੈਂਸ ਕੈਂਸਲ ਕਰਨ ਦਾ ਮੁੱਦਾ ਹੈ। ਕੋਲ ਖਾਣਾਂ ਨਾਲ ਸਬੰਧਿਤ ਤਿੰਨ ਅਰਬ ਡਾਲਰ ਦੇ ਸਾਂਝੇ ਪੂੰਜੀ ਨਿਵੇਸ਼ ਵਾਲਾ ਇਹ ਪ੍ਰੋਜੈਕਟ ਉਹਨਾਂ 122 ਸੌਦਿਆਂ ਵਿੱਚ ਸ਼ਾਮਲ ਹੈ, ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਜਿਹਨਾਂ ਦੇ ਲਾਇਸੈਂਸ ਕੈਂਸਲ ਕਰਨ ਦਾ ਹੁਕਮ ਜਾਰੀ ਕੀਤਾ ਹੋਇਆ ਹੈ, ਪੂਤਿਨ ਦੇ ਦੌਰੇ ਦਾ ਇੱਕ ਅਹਿਮ ਮਕਸਦ ਰੂਸੀ ਕੰਪਨੀ ਦੇ ਲਾਇਸੰਸ ਨੂੰ ਬਹਾਲ ਕਰਵਾਉਣਾ ਹੈ।
ਇਉਂ ਇਹ ਰੱਟਾ ਸਾਮਰਾਜੀਆਂ ਅਤੇ ਉਹਨਾਂ ਦੇ ਸੇਵਾਦਾਰਾਂ ਦਰਮਿਆਨ ਦੋਮ ਦਰਜੇ ਦਾ ਮਾਮਲਾ ਹੈ। ਇਹ ਬੁਨਿਆਦੀ ਰੱਟਾ ਨਹੀਂ ਹੈ। ਪੂਤਿਨ ਦੇ ਦੌਰੇ ਦੇ ਅੱਗੇ ਪੈਣ ਦੀਆਂ ਖਬਰਾਂ ਦਰਮਿਆਨ ਹੀ ਕੇਂਦਰ ਸਰਕਾਰ ਦੀ ਸੁਰੱਖਿਆ ਕੈਬਨਿਟ ਕਮੇਟੀ ਨੇ ਰੂਸ ਕੋਲੋਂ ਬਾਰਾਂ ਸੌ ਕਰੋੜ ਰੁਪਏ ਵਿੱਚ 10 ਹਜ਼ਾਰ ਐਂਟੀ ਟੈਂਕ ਮਿਜ਼ਾਈਲਾਂ ਖਰੀਦਣ ਦੀ ਤਜਵੀਜ਼ ਨੂੰ ਮਨਜੂਰੀ ਦਿੱਤੀ ਹੈ। ਇਸ ਤੋਂ ਇਲਾਵਾ ਬਹੁ-ਮੰਤਵੀ ਜਹਾਜ਼ ਬਣਾਉਣ ਲਈ ਸਾਂਝੀ ਸਨਅੱਤੀ ਕੰਪਨੀ ਬਣਾਉਣ ਦੇ ਇੱਕ ਸਮਝੌਤੇ 'ਤੇ ਪਹਿਲਾਂ ਹੀ ਦਸਤਖਤ ਹੋ ਚੁੱਕੇ ਹਨ। ਇਸ ਕੰਪਨੀ ਨੂੰ ਮਲਟੀ ਰੋਲ ਟ੍ਰਾਂਸਪੋਰਟ ਏਅਰਕਰਾਫਟ ਲਿਮਟਿਡ (ਐਮ.ਟੀ.ਏ.ਐਲ.) ਨਾਂ ਦਿੱਤਾ ਗਿਆ ਹੈ। ਇਥੇ ਬਣਨ ਵਾਲੇ ਜਹਾਜ਼ਾਂ ਵਿੱਚੋਂ 100 ਰੂਸ ਨੂੰ ਸਪਲਾਈ ਹੋਣੇ ਹਨ। 45 ਭਾਰਤੀ ਏਅਰ ਫੋਰਸ ਨੇ ਖਰੀਦਣੇ ਹਨ ਅਤੇ 60 ਹੋਰਨਾਂ ਮੁਲਕਾਂ ਨੂੰ ਵੇਚੇ ਜਾਣੇ ਹਨ। ਪਰਤੱਖ ਤੌਰ 'ਤੇ ਇਸ ਪ੍ਰੋਜੈਕਟ ਨੇ ਮੁੱਖ ਤੌਰ 'ਤੇ ਰੂਸੀ ਸਾਮਰਾਜੀਆਂ ਦੇ ਫੌਜੀ ਅਤੇ ਵਪਾਰਕ ਹਿੱਤ ਪੂਰਨੇ ਹਨ। ਇਹ ਜੰਗੀ ਲੋੜਾਂ ਦੇ ਨਾਲ ਨਾਲ ਵਪਾਰਕ ਹਿੱਤਾਂ ਲਈ ਪੂੰਜੀ ਦੀ ਬਰਾਮਦ ਅਤੇ ਭਾਰਤੀ ਸੋਮਿਆਂ ਦੀ ਲੁੱਟ ਕਰਨ ਦਾ ਮਾਮਲਾ ਹੈ। ਇਸੇ ਦੌਰਾਨ ਰੂਸ ਵੱਲੋਂ ਭਾਰਤ ਨੂੰ ਸਪਲਾਈ ਕੀਤੇ ਜਾਣ ਵਾਲੇ ਐਡਮਿਰਲ ਗੋਰਸ਼ਕੋਵ ਸਮੁੰਦਰੀ ਬੇੜੇ ਦੀ ਸਪਲਾਈ 2013 ਤੱਕ ''ਤਕਨੀਕੀ ਨੁਕਸਾਂ'' ਕਰਕੇ ਅੱਗੇ ਪੈ ਗਈ ਹੈ। ਹੁਣ ਇਸ ਨੂੰ 2.3 ਅਰਬ ਡਾਲਰ ਦੀ ਲਾਗਤ ਨਾਲ ਭਾਰਤੀ ਨੇਵੀ ਲਈ ਮੁੜ ਜੋੜਿਆ ਜਾ ਰਿਹਾ ਹੈ। ਇਹ ਭਾਰੇ ਖਰਚੇ ਭਾਰਤੀ ਨੇਵੀ ਅਤੇ ਅਖੀਰ ਨੂੰ ਟੈਕਸਾਂ ਦੇ ਰੂਪ ਵਿੱਚ ਭਾਰਤੀ ਲੋਕਾਂ ਸਿਰ ਪੈਣੇ ਹਨ।
ਕੁੱਲ ਮਿਲਾ ਕੇ ਰੂਸੀ ਸਾਮਰਾਜੀਆਂ ਨਾਲ ਭਾਰਤੀ ਹਾਕਮਾਂ ਦੇ ਸਬੰਧ ਵੀ ਕੌਮ-ਧਰੋਹੀ ਦਲਾਲਾਂ ਦੇ ਇੱਕ ਸਾਮਰਾਜੀ ਤਾਕਤ ਨਾਲ ਸਬੰਧ ਹੀ ਹਨ। ਸੰਸਾਰੀਕਰਨ ਦੇ ਇਸ ਦੌਰ ਵਿੱਚ ਭਾਰਤ ਦੀ ਧਰਤੀ ਨੂੰ ਚੂੰਡਣ ਦੀ ਤੇਜ ਹੋਈ ਸਾਮਰਾਜੀ ਦੌੜ ਵਿੱਚ ਰੂਸੀ ਸਾਮਰਾਜੀਏ ਵੀ ਸ਼ਾਮਲ ਹਨ। ਅਮਰੀਕੀ ਸਾਮਰਾਜੀਆਂ ਦੀ ਪਤਲੀ ਹਾਲਤ ਦਾ ਲਾਹਾ ਲੈ ਕੇ ਕਈ ਸਾਮਰਾਜੀ ਮੁਲਕ ਭਾਰਤ ਵਿੱਚ ਆਪਣੀ ਘੁਸਪੈਠ ਵਧਾਉਣ ਨੂੰ ਫਿਰਦੇ ਹਨ। ਭਾਰਤੀ ਹਾਕਮਾਂ ਨੂੰ ਇਹਨਾਂ ਵਿੱਚੋਂ ਕਿਸੇ ਦੀ ਸੇਵਾ ਕਮਾਉਣ ਵਿੱਚ ਵੀ ਉਜ਼ਰ ਨਹੀਂ ਹੈ। ਅਮਰੀਕੀ ਸਾਮਰਾਜੀਆਂ ਦੇ ਹਿੱਤਾਂ ਦੀ ਰਾਖੀ ਲਈ ਤਾਂ ਉਹ ਭਾਰਤੀ ਲੋਕਾਂ 'ਤੇ ਜਬਰ ਢਾਹੁੰਦੇ ਹੀ ਹਨ, ਜਪਾਨੀ ਸਾਮਰਾਜੀਆਂ ਅਤੇ ਰੂਸੀ ਸਾਮਰਾਜੀਆਂ ਦੇ ਹਿੱਤਾਂ ਲਈ ਵੀ ਲੋਕਾਂ 'ਤੇ ਲਾਠੀਆਂ ਗੋਲੀਆਂ ਵਰ੍ਹਾਉਂਦੇ ਹਨ, ਜਿਵੇਂ ਗੁੜਗਾਵਾਂ, ਮਾਨੇਸਰ ਅਤੇ ਕੂਡਾਕੁਲਮ ਦੀਆਂ ਘਟਨਾਵਾਂ ਨੇ ਜ਼ਾਹਰ ਕੀਤਾ ਹੈ।
ਭਾਰਤੀ ਲੋਕਾਂ ਨੂੰ ਕਿਸੇ ਵੀ ਸਾਮਰਾਜੀ ਤਾਕਤ ਦੇ ਹਿੱਤਾਂ ਦੀ ਸੇਵਾ ਕਮਾਉਣ ਦੇ ਭਾਰਤੀ ਹਾਕਮਾਂ ਦੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਭਾਰਤ ਨੂੰ ਹਰ ਕਿਸਮ ਦੀ ਸਾਮਰਾਜੀ ਲੁੱਟ ਅਤੇ ਦਾਬੇ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਦਾ ਝੰਡਾ ਉੱਚਾ ਕਰਨਾ ਚਾਹੀਦਾ ਹੈ।
-੦-
No comments:
Post a Comment