ਫਰਸ਼ ਤੋਂ ਅਰਸ਼ ਤੱਕ :
ਸਟਾਲਿਨ ਦਾ ਜੀਵਨ-ਕ੍ਰਿਸ਼ਮਾ
ਕਾਲੇ ਸਾਗਰ ਦੇ ਨਜ਼ਦੀਕ ਕਾਕੇਸ਼ੀਆ ਦੇ ਪੱਛਮੀ ਹਿੱਸੇ ਵਿੱਚ ਗੁਰਜੀ ਲੋਕਾਂ ਦਾ ਪ੍ਰਾਚੀਨ ਸ਼ਹਿਰ ਤਿਫਲਿਸ ਹੈ, ਜਿਸ ਦੇ ਨੇੜੇ ਗੋਰੀ ਕਸਬਾ ਹੈ। ਇਸ ਕਸਬੇ ਕੋਲ ਦਿਦਲੀਓ ਦਾ ਛੋਟਾ ਜਿਹਾ ਪਿੰਡ ਹੈ, ਜਿਥੇ ਪਿਛਲੀ ਸਦੀ ਦੇ ਅੱਧ ਵਿੱਚ ਬਿਸਾਰਿਓਨ ਨਾਂ ਦਾ ਇੱਕ ਗਰੀਬ ਚਮਾਰ ਰਹਿੰਦਾ ਸੀ। ਉਸ ਦੇ ਵੰਸ਼ ਨੂੰ ਜੁਗਸ਼ਵਿਲੀ ਕਰਕੇ ਜਾਣਿਆਂ ਜਾਂਦਾ ਸੀ। ਬਿਸਾਰਿਓਨ ਜੁੱਤੀਆਂ ਬਣਾਉਣ ਦੇ ਨਾਲ ਨਾਲ ਕੁਝ ਖੇਤੀ ਵੀ ਕਰ ਲੈਂਦਾ ਸੀ, ਪਰ ਦੋਹਾਂ ਤੋਂ ਹੀ ਉਸਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਹੁੰਦਾ ਸੀ। ਬਿਸਾਰਿਓਨ ਨੇ ਗੰਬਰਿਓਲੀ ਪਿੰਡ ਦੇ ਅਰਧ-ਗੁਲਾਮ ਗੁਰਜੀ ਗੇਲਾਦੂਜੇ ਦੀ ਲੜਕੀ ਏਕਾਤੇਰਨਾ (ਕੇਥਰਿਨ) ਨਾਲ ਵਿਆਹ ਕੀਤਾ। ਕਿਹਾ ਜਾਂਦਾ ਹੈ ਕਿ ਉਹ ਬਹੁਤ ਸੋਹਣੀ ਕਾਲੀਆਂ ਮੋਟੀਆਂ ਅੱਖਾਂ ਵਾਲੀ ਅਤੇ ਗੰਭੀਰ ਚੇਹਰੇ ਵਾਲੀ ਔਰਤ ਸੀ। ਬਿਸਾਰਿਓਨ ਨੂੰ ਦਿਦਲਿਓ ਪਿੰਡ ਵਿੱਚ ਆਪਣਾ ਕੰਮ ਠੀਕ ਤਰ੍ਹਾਂ ਚੱਲਦਾ ਦਿਖਾਈ ਨਾ ਦਿੱਤਾ, ਕਿਉਂਕਿ ਹੁਣ ਘਰੇਲੂ ਸਨਅੱਤ ਵਾਂਗ ਹੀ ਜੁੱਤੀਆਂ ਬਣਾਉਣ ਵਾਲਿਆਂ ਦਾ ਮੁਕਾਬਲਾ ਵੀ ਜੁੱਤੀਆਂ ਦੇ ਕਾਰਖਾਨਿਆਂ ਨਾਲ ਸੀ। ਹੁਣ ਬਿਸਾਰਿਓਨ ਨੇ ਵੀ ਹੋਰਨਾਂ ਮੁਲਕਾਂ ਦੇ ਆਪਣੇ ਹਮ-ਪੇਸ਼ਾ ਲੋਕਾਂ ਵਾਂਗ ਹਾਰ ਮੰਨ ਲਈ ਅਤੇ ਪਿੰਡ ਛੱਡ ਦਿੱਤਾ। ਉਸਨੇ ਪਹਿਲਾਂ ਗੋਰੀ ਵਿੱਚ ਅਤੇ ਫਿਰ ਤਿਫਲਿਸ ਦੀ ਅਦਿਲ-ਖਾਨੋਫ ਫੈਕਟਰੀ ਵਿੱਚ ਜਾ ਕੇ ਕੰਮ ਸ਼ੁਰੂ ਕਰ ਦਿੱਤਾ। ਏਸ਼ੀਆ ਦੀ ਏਨੀ ਦੱਬੀ-ਕੁਚਲੀ ਜਮਾਤ ਵਿੱਚ ਪੈਦਾ ਹੋਏ ਬਾਲਕ ਬਾਰੇ ਕੀ ਕੋਈ ਜੋਤਸ਼ੀ ਵੀ ਅਜਿਹੇ ਰੁਤਬੇ ਦੀ ਭਵਿੱਖਬਾਣੀ ਕਰ ਸਕਦਾ ਸੀ, ਜਿਸ ਮਰਤਬੇ ਨੂੰ ਇਸ ਬਾਲਕ ਨੇ ਪਹੁੰਚਣਾ ਸੀ? ਇੱਕ ਏਸ਼ੀਆਈ ਚਮਾਰ ਦਾ ਲੜਕਾ ਕਿਸੇ ਦਿਨ ਦੁਨੀਆਂ ਦਾ ਬੇਜੋੜ ਆਗੂ ਅਤੇ ਰੱਬ ਵਰਗਾ ਉਸਤਾਦ ਹੋ ਗੁਜ਼ਰੇਗਾ, ਇਸ ਦੀ ਆਸ ਏਕਾਤੇਰਨਾ ਅਤੇ ਬਿਸਾਰਿਓਨ ਵੀ ਕਦੋਂ ਕਰ ਸਕਦੇ ਸਨ? ਬਿਸਾਰਿਓਨ ਜਾਰਜੀਆ ਦੀ ਉਸ ਵੇਲੇ ਦੀ ਰਾਜਧਾਨੀ ਤਿਫਲਿਸ ਦੀ ਬੂਟ ਫੈਕਟਰੀ ਵਿੱਚ ਕੰਮ ਕਰਦਾ ਸੀ। ਗੋਰੀ ਕਸਬੇ ਦੀ ਇੱਕ ਬਸਤੀ ਵਿੱਚ ਹੀ ਉਹ ਛੋਟਾ ਜਿਹਾ ਪਿਤਰੀ ਘਰ ਸੀ, ਜਿਸ ਦੇ ਬਾਰੇ ਸਟਾਲਿਨ ਦੇ ਸਹਿਪਾਠੀ ਦ. ਗਾਗੋਕੀਆ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ: ''ਜਿਸ ਘਰ ਵਿੱਚ ਪਰਿਵਾਰ ਰਹਿੰਦਾ ਸੀ, ਉਹ ਪੰਜ ਵਰਗ ਗਜ਼ ਤੋਂ ਜ਼ਿਆਦਾ ਵੱਡਾ ਨਹੀਂ ਸੀ। ਘਰ ਦੇ ਨਾਲ ਰਸੋਈ ਦੀ ਕੋਠੜੀ ਵੀ ਸੀ। ਵਿਹੜਾ ਸਿੱਧਾ ਦਰਵਾਜ਼ੇ ਤੋਂ ਸ਼ੁਰੂ ਹੁੰਦਾ ਸੀ, ਕੋਈ ਦੇਹਲੀ ਨਹੀਂ ਸੀ। ਫਰਸ਼ ਇੱਟਾਂ ਦਾ ਸੀ। ਇੱਕ ਛੋਟਾ ਜਿਹਾ ਝਰੋਖਾ, ਜਿਸ 'ਚੋਂ ਛਣ ਕੇ ਰੌਸ਼ਨੀ ਆਉਂਦੀ ਸੀ। ਘਰ 'ਚ ਕੁੱਲ ਫਰਨੀਚਰ ਇਹ ਸੀ: ਇੱਕ ਨਿੱਕਾ ਜਿਹਾ ਮੇਜ਼, ਇੱਕ ਸਟੂਲ, ਇੱਕ ਲੰਬਾ ਸੋਫਾ, ਜੋ ਨਿੱਕ-ਸੁੱਕ ਭਰ ਕੇ ਮਾਮੂਲੀ ਕੱਪੜੇ ਨਾਲ ਬਣਾਇਆ ਹੋਇਆ ਸੀ।'' ਬਿਸਾਰਿਓਨ ਜੁਗਸ਼ਵਿਲੀ ਦੇ ਕੰਮ ਦੇ ਔਜ਼ਾਰ ਸਨ- ਇੱਕ ਪੁਰਾਣਾ ਸੜਿਆ ਜਿਹਾ ਮੂਹੜਾ, ਹਥੌੜਾ ਅਤੇ ਚਮੜਾ ਸਿਓਣ ਦੀ ਸੂਈ, ਜੋ ਅਜਾਇਬ ਘਰ ਵਿੱਚ ਅੱਜ ਵੀ ਮੌਜੂਦ ਹਨ। ਇਸੇ ਘਰ ਵਿੱਚ 18 ਦਸੰਬਰ 1879 ਨੂੰ ਬਿਸਾਰਿਓਨ ਅਤੇ ਏਕਾਤੇਰਨਾ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਰਾਤ ਦਿਨ ਘਰ ਦਾ ਕੰਮ ਕਰਕੇ ਵੀ ਗੁਜ਼ਾਰਾ ਨਾ ਹੁੰਦਾ ਦੇਖ ਕੇ ਏਕਾਤੇਰਨਾ ਹੋਰਨਾਂ ਘਰਾਂ ਵਿੱਚ ਕੱਪੜੇ ਧੋਣ ਦਾ ਕੰਮ ਕਰਦੀ ਸੀ। ਇਉਂ ਸਟਾਲਿਨ ਨੂੰ ਆਪਣੇ ਬਚਪਨ ਤੋਂ ਹੀ ਅਨੁਭਵ ਸੀ ਕਿ ਗਰੀਬੀ ਕਿਹੋ ਜਿਹੀ ਹੁੰਦੀ ਹੈ।...ਪਿਤਾ ਬਹੁਤੇ ਦਿਨਾਂ ਤੱਕ ਜਿਉਂਦਾ ਨਾ ਰਹਿ ਸਕਿਆ।
(ਰਾਹੁਲ ਸੰਕਰਤਾਇਨ ਵੱਲੋਂ ਲਿਖੀ ਜੀਵਨ-ਗਾਥਾ 'ਚੋਂ)
ਅਜਿਹੀ ਸੀ ਉਸ ਮਹਾਨ ਵਿਅਕਤੀ ਦੇ ਜੀਵਨ ਦੀ ਸ਼ੁਰੂਆਤ ਜਿਸ ਬਾਰੇ 20 ਦਸੰਬਰ 1939 ਨੂੰ ਇੱਕ ਹੋਰ ਮਹਾਨ ਇਨਕਲਾਬੀ ਹਸਤੀ ਮਾਓ-ਜ਼ੇ-ਤੁੰਗ ਨੇ ਇਹ ਟਿੱਪਣੀ ਕੀਤੀ: ''ਸਟਾਲਿਨ ਨੂੰ ਵਧਾਈ ਦੇਣਾ ਕੋਈ ਰਸਮੀ ਗੱਲ ਨਹੀਂ ਹੈ। ਸਟਾਲਿਨ ਨੂੰ ਵਧਾਈ ਦੇਣ ਦਾ ਮਤਲਬ ਹੈ, ਉਹਨਾਂ ਦਾ ਅਤੇ ਉਹਨਾਂ ਦੇ ਕਾਰਜ ਦਾ ਸਮਰਥਨ ਕਰਨਾ, ਸਮਾਜਵਾਦ ਦੀ ਜਿੱਤ ਦਾ ਸਮਰਥਨ ਕਰਨਾ ਅਤੇ ਉਹਨਾਂ ਦੁਆਰਾ ਮਨੁੱਖ ਜਾਤੀ ਨੂੰ ਦਿਖਾਏ ਗਏ ਰਸਤੇ ਦਾ ਸਮਰਥਨ ਕਰਨਾ, ਇਸਦਾ ਅਰਥ ਹੈ, ਇੱਕ ਪਰਮ-ਪਿਆਰੇ ਮਿੱਤਰ ਦਾ ਸਮਰਥਨ ਕਰਨਾ। ਕਾਰਨ, ਮਾਨਵ ਜਾਤੀ ਭਾਰੀ ਬਹੁਗਿਣਤੀ ਅੱਜ ਦੱਬੀ-ਕੁਚਲੀ ਹੈ ਅਤੇ ਮਨੁੱਖ ਜਾਤੀ ਸਿਰਫ ਸਟਾਲਿਨ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਅਤੇ ਉਹਨਾਂ ਦੀ ਸਹਾਇਤਾ ਨਾਲ ਹੀ ਦਾਬੇ ਤੋਂ ਮੁਕਤੀ ਪ੍ਰਾਪਤ ਕਰ ਸਕਦੀ ਹੈ।''
No comments:
Post a Comment