Tuesday, November 6, 2012

ਵੱਡੀਆਂ ਟਰਾਂਸਪੋਰਟ ਜੋਕਾਂ ਨੂੰ ਗੱਫੇ— ਲੋਕਾਂ ਨੂੰ ਧੱਫੇ

ਬੱਸ ਕਿਰਾਇਆਂ ਵਿੱਚ 20 ਫੀਸਦੀ ਵਾਧਾ
ਵੱਡੀਆਂ ਟਰਾਂਸਪੋਰਟ ਜੋਕਾਂ ਨੂੰ ਗੱਫੇ— ਲੋਕਾਂ ਨੂੰ ਧੱਫੇ
ਵੱਡੀਆਂ ਜੋਕਾਂ ਨੂੰ ਪਾਲਣ ਦੀ ਨੀਤੀ 'ਤੇ ਚੱਲ ਰਹੀ ਪੰਜਾਬ ਸਰਕਾਰ ਨੇ ਲੋਕਾਂ ਦੀ ਛਿੱਲ ਪੱਟਣ ਦੇ ਰਾਹ 'ਤੇ ਇੱਕ ਹੋਰ ਕਦਮ ਲੈਂਦਿਆਂ ਬੱਸ ਕਿਰਾਇਆਂ ਵਿੱਚ 20 ਫੀਸਦੀ ਵਾਧਾ ਕਰ ਦਿੱਤਾ ਹੈ। ਸਿੱਟੇ ਵਜੋਂ ਜਲੰਧਰ ਤੋਂ ਚੰਡੀਗੜ੍ਹ ਦਾ ਰੋਜ਼ਾਨਾ ਸਫਰ ਕਰਨ ਵਾਲੇ ਵਿਅਕਤੀ ਦੇ ਸਫਰ ਖਰਚੇ ਵਿੱਚ 7500 ਤੋਂ ਵੱਧ ਸਾਲਾਨਾ ਵਾਧਾ ਹੋ ਗਿਆ ਹੈ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਰੋਜ਼ਾਨਾ ਸਫਰ ਕਰਨ ਵਾਲੇ ਵਿਅਕਤੀ ਦੇ ਖਰਚੇ ਵਿੱਚ 11000 ਰੁਪਏ ਤੋਂ ਵੱਧ ਸਾਲਾਨਾ ਵਾਧਾ ਹੋ ਗਿਆ ਹੈ। ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਤੋਂ ਇਲਾਵਾ ਸਰਕਾਰ ਨੇ ਘੱਟੋ ਘੱਟ ਕਿਰਾਇਆ ਪੰਜ ਰੁਪਏ ਤੋਂ ਵਧਾ ਕੇ 7 ਰੁਪਏ ਕਰ ਦਿੱਤਾ ਹੈ। 
ਸਰਕਾਰ ਪਹਿਲਾਂ ਹੀ ਲੋਕਾਂ 'ਤੇ ਹਜ਼ਾਰਾਂ ਕਰੋੜ ਰੁਪਏ ਦੇ ਟੈਕਸਾਂ ਦਾ ਵੱਡਾ ਭਾਰ ਪਾ ਕੇ ਹਟੀ ਹੈ। ਇਹ ਅਮਲ ਹੁਣ ਵੀ ਜਾਰੀ ਹੈ। ਤਾਜ਼ਾ ਕਦਮਾਂ ਵਿੱਚ ਸਿੰਚਾਈ ਵਿਭਾਗ ਵੱਲੋਂ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਦੇ ਰੇਟਾਂ ਵਿੱਚ ਢਾਈ ਗੁਣਾਂ ਤੋਂ ਵੀ ਜ਼ਿਆਦਾ ਵਾਧੇ ਦਾ ਫੈਸਲਾ ਹੈ। ਨਾਲ ਹੀ ਇਹ ਫੈਸਲਾ ਹੈ ਕਿ ਇਹ ਰੇਟ ਹਰ ਸਾਲ ਦੋ ਫੀਸਦੀ ਵਧਦੇ ਜਾਂਦੇ ਰਹਿਣਗੇ। ਇਸ ਤੋਂ ਇਲਾਵਾ ਭੂਮੀ ਮਾਲੀਆ ਐਕਟ 1887 ਵਿੱਚ ਸੋਧ ਕਰਕੇ ਜ਼ਮੀਨ ਦੀ ਨਿਸ਼ਾਨਦੇਹੀ ਲੈਣ 'ਤੇ ਤਹਿਸ਼ੁਦਾ ਫੀਸ ਮੜ ਦਿੱਤੀ ਗਈ ਹੈ। 
ਪੰਜਾਬ ਦਾ ਖਜ਼ਾਨਾ ਮੰਤਰੀ ਖੁਸ਼ੀ ਜ਼ਾਹਰ ਕਰ ਰਿਹਾ ਹੈ ਕਿ ਅਜਿਹੇ ਕਦਮਾਂ ਨਾਲ ਸਰਕਾਰ ਦੇ ਮਾਲੀਏ ਵਿੱਚ ਚੰਗਾ ਵਾਧਾ ਹੋਣ ਜਾ ਰਿਹਾ ਹੈ। ਉਹ ਹੁੱਬ ਕੇ ਦੱਸ ਰਿਹਾ ਹੈ ਕਿ ਸਿਰਫ ਝੋਨੇ ਦੀ ਖਰੀਦ 'ਤੇ ਟੈਕਸਾਂ ਤੋਂ ਅਸੀਂ ਨਵੰਬਰ ਮਹੀਨੇ ਵਿੱਚ ਹੀ 1200 ਕਰੋੜ ਰੁਪਏ ਕਮਾਉਣ ਜਾ ਰਹੇ ਹਾਂ। ਵੈਟ ਦੀ ਆਮਦਨ ਵਿੱਚ 17 ਫੀਸਦੀ ਵਾਧਾ ਹੋ ਚੁੱਕਿਆ ਹੈ। ਪੰਜਾਬ ਦੇ ਹੁਕਮਰਾਨ ਗੱਠਜੋੜ ਨੇ ਰਸਮੋਂ ਰਸਮੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਹੈ, ਪਰ ਅੰਦਰੋਂ ਇਹ ਖੁਸ਼ ਹੈ ਕਿ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਵਾਧੇ ਨਾਲ, ਇਸ ਤੋਂ ਹੋਣ ਵਾਲੀ ਟੈਕਸਾਂ ਦੀ ਕਮਾਈ ਵਧ ਰਹੀ ਹੈ। ਵੈਟ ਦੀ ਆਮਦਨ ਵਿੱਚ 17 ਫੀਸਦੀ ਵਾਧੇ ਵਿੱਚ ਇਸ ਆਮਦਨ ਵਾਧੇ ਦਾ ਤਕੜਾ ਰੋਲ ਹੈ। 
ਪਰ ਦੂਜੇ ਪਾਸੇ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਬੱਸ ਕਿਰਾਇਆਂ ਵਿੱਚ ਵਾਧੇ ਦਾ ਬਹਾਨਾ ਜ਼ਰੂਰ ਬਣਾ ਲਿਆ ਹੈ। ਸਰਕਾਰ ਦਲੀਲ ਦੇ ਰਹੀ ਹੈ ਕਿ ਘਾਟੇ ਵਿੱਚ ਜਾ ਰਹੀ ਪੰਜਾਬ ਰੋਡਵੇਜ਼ ਤਾਂ ਕਿਰਾਇਆ ਵਿੱਚ 22 ਫੀਸਦੀ ਵਾਧੇ ਦੀ ਮੰਗ ਕਰ ਰਹੀ ਸੀ, ਅਸੀਂ ਤਾਂ 20 ਫੀਸਦੀ ਹੀ ਵਧਾਇਆ ਹੈ। (ਕਿੱਡੀ ਰਿਆਇਤ ਹੈ!)
ਇਹ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਹੈ। ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਟਰਾਂਸਪੋਰਟ ਤਾਂ ਪਹਿਲਾਂ ਹੀ ਖੂੰਜੇ ਲਾਈ ਜਾ ਚੁੱਕੀ ਹੈ ਅਤੇ ਦਿਨੋਂ ਦਿਨ ਹੋਰ ਖੂੰਜੇ ਲਾਈ ਜਾ ਰਹੀ ਹੈ। ਵਧੇ ਕਿਰਾਇਆਂ ਦੀ ਆਮਦਨ ਮੁੱਖ ਤੌਰ 'ਤੇ ਨਿੱਜੀ ਟਰਾਂਸਪੋਰਟਰਾਂ ਦੀ ਝੋਲੀ ਵਿੱਚ ਪੈਣੀ ਹੈ। ਇਸ ਸਮੇਂ ਪੀ.ਆਰ.ਟੀ.ਸੀ. ਕੋਲ 1023 ਅਤੇ ਪੰਜਾਬ ਰੋਡਵੇਜ਼ ਕੋਲ 1800 ਬੱਸਾਂ ਦਾ ਫਲੀਟ ਹੈ। ਜਦੋਂ ਕਿ ਨਿੱਜੀ ਟਰਾਂਸਪੋਰਟਾਂ ਦੀਆਂ 4000 ਬੱਸਾਂ ਚੱਲਦੀਆਂ ਹਨ, ਜਿਹਨਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਵੱਡੀ ਆਮਦਨ ਵਾਲੇ ਮਹੱਤਵਪੂਰਨ ਰੂਟਾਂ 'ਤੇ ਵੱਡੀਆਂ ਨਿੱਜੀ ਟਰਾਂਸਪੋਰਟ ਜੋਕਾਂ ਦਾ ਕਬਜ਼ਾ ਹੈ। ਪੰਜਾਬ ਰੋਡਵੇਜ਼ ਦੇ ਘਾਟੇ ਵਿੱਚ ਇਸ ਨੂੰ ਰਗੜਾ ਲਾਉਣ ਦੀ ਨਿੱਜੀਕਰਨ ਦੀ ਸਰਕਾਰੀ ਨੀਤੀ ਦਾ ਵੱਡਾ ਹੱਥ ਹੈ। ਨਿੱਜੀਕਰਨ ਅਤੇ ਠੇਕੇਦਾਰਕਰਨ ਰਾਹੀਂ ਇਸ ਕੋਲੋਂ ਨਾ ਸਿਰਫ ਸਰਕਾਰੀ ਬਜਟ ਸਹਾਇਤਾ ਲਗਾਤਾਰ ਖੋਹੀ ਗਈ ਹੈ, ਨਾ ਸਿਰਫ ਰੁਟ ਅਤੇ ਹੋਰ ਸਹੂਲਤਾਂ ਖੋਹੀਆਂ ਗਈਆਂ ਹਨ, ਸਗੋਂ ਇਸਦੇ ਹੋਰ ਸੋਮੇ ਵੀ ਨਿੱਜੀ ਠੇਕੇਦਾਰ ਕੰਪਨੀਆਂ ਨੇ ਦਬੋਚ ਲਏ ਹਨ। ਬੱਸ ਅੱਡਿਆਂ ਦੀਆਂ ਦੁਕਾਨਾਂ, ਕਨਟੀਨਾਂ, ਹੋਟਲਾਂ, ਬਗੈਰਾ ਦੀ ਆਮਦਨ ਦਾ ਤਕੜਾ ਹਿੱਸਾ ਹੁਣ ਨਿੱਜੀ ਵੱਡੀਆਂ ਜੋਕਾਂ ਦੀ ਝੋਲੀ ਪੈਂਦਾ ਹੈ। 
2007 ਵਿੱਚ ਹਕੂਮਤ ਬਣਨ ਪਿੱਛੋਂ ਮੁੱਖ ਮੰਤਰੀ ਦੇ ਟੱਬਰ ਨੇ, ਪਹਿਲੀ ਸਰਕਾਰ ਦੇ ਚਾਲਿਆਂ ਨੂੰ ਅੱਗੇ ਲਿਜਾਂਦਿਆਂ, ਆਪਣੇ ਰੂਟਾਂ ਵਿੱਚ ਭਾਰੀ ਵਾਧਾ ਕੀਤਾ ਹੈ। ਮਾਲਵੇ ਤੋਂ ਬਾਅਦ ਹੁਣ ਇਸਨੇ ਪੂਰੇ ਪੰਜਾਬ ਵਿੱਚ ਆਪਣੀ ਅਜਾਰੇਦਾਰੀ ਬਣਾ ਲਈ ਹੈ। ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਨਾ ਸਿਰਫ ਸਰਕਾਰੀ ਟਰਾਂਸਪੋਰਟ ਨੂੰ ਸਗੋਂ ਛੋਟੇ ਨਿੱਜੀ ਟਰਾਂਸਪੋਰਟਰਾਂ ਨੂੰ ਵੀ ਮਾਂਜਿਆ ਜਾ ਰਿਹਾ ਹੈ। ਔਰਬਿਟ ਦੀਆਂ ਏ.ਸੀ. ਬੱਸਾਂ ਵਿੱਚ ਧੜਾਧੜ ਵਾਧਾ ਹੋਇਆ ਹੈ। ਹਰ ਜ਼ਿਲ੍ਹੇ ਦੇ ਅੱਡੇ ਤੋਂ ਹੁਣ ਚੰਡੀਗੜ੍ਹ ਲਈ ਔਰਬਿਟ ਦੇ 5-7 ਏ.ਸੀ. ਰੂਟ ਚੱਲਦੇ ਹਨ। ਆਮ ਕਸਬਿਆਂ ਤੋਂ ਰਾਜਧਾਨੀ ਲਈ ਚੱਲਣ ਵਾਲੇ ਰੂਟ ਇਸ ਤੋਂ ਵੱਖਰੇ ਹਨ। ਪੰਜਾਬ ਦੇ ਨੈਸ਼ਨਲ ਰੂਟਾਂ 'ਤੇ ਪ੍ਰਾਈਵੇਟ ਬੱਸਾਂ ਵਿੱਚ ਅਤੇ ਔਰਬਿਟ ਦੀਆਂ ਬੱਸਾਂ ਵਿੱਚ ਭਾਰੀ ਵਾਧਾ ਹੋਇਆ ਹੈ। ਲੋਕਾਂ 'ਤੇ ਕਿਰਾਇਆਂ ਦਾ ਭਾਰ ਲੱਦਣ ਵਾਲੀ ਸਰਾਕਰ ਨੇ ਲਗਜ਼ਰੀ ਬੱਸਾਂ 'ਤੇ ਟੈਕਸ ਵਿੱਚ ਭਾਰੀ ਛੋਟਾਂ ਦਿੱਤੀਆਂ ਹਨ। 
ਸਰਕਾਰੀ ਟਰਾਂਸਪੋਰਟ ਦੀ ਕੀਮਤ 'ਤੇ ਨਿੱਜੀ ਜੋਕਾਂ ਨੂੰ ਮਾਲਾਮਾਲ ਕਰਨ ਖਾਤਰ ਟਾਈਮ-ਟੇਬਲਾਂ ਵਿੱਚ ਆਪ-ਮਤੇ ਢੰਗ ਨਾਲ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਵਿਤਕਰੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਠਿੰਡਾ ਬੱਸ ਸਟੈਂਡ 'ਤੇ ਰੋਡਵੇਜ਼ ਦੀ ਬੱਸ ਨੂੰ ਕਾਊਂਟਰ 'ਤੇ ਤਿੰਨ ਤੋਂ ਪੰਜ ਮਿੰਟ ਮਿਲਦੇ ਹਨ, ਜਦੋਂ ਕਿ ਪ੍ਰਾਈਵੇਟ ਬੱਸ ਨੂੰ 10 ਤੋਂ 15 ਮਿੰਟ ਮਿਲ ਰਹੇ ਹਨ। ਪੰਜਾਬ ਰੋਡਵੇਜ਼ ਦੇ ਆਮਦਨ ਵਾਲੇ ਅਹਿਮ ਰੂਟ ਬੰਦ ਕਰਵਾਏ ਜਾ ਰਹੇ ਹਨ ਜਾਂ ਛਾਂਗੇ ਜਾ ਰਹੇ ਹਨ। ਮਿਸਾਲ ਵਜੋਂ ਜਲੰਧਰ ਦੇ ਇੱਕ ਨੰਬਰ ਡੀਪੂ ਤੋਂ ਦਿੱਲੀ ਏਅਰਪੋਰਟ ਤੱਕ ਪੰਜਾਬ ਰੋਡਵੇਜ਼ ਦੇ ਤਿੰਨ ਰੂਟ ਚੱਲਦੇ ਸਨ। ਇਹ ਦਿੱਲੀ ਬੱਸ ਅੱਡੇ ਤੱਕ ਸੀਮਤ ਕਰ ਦਿੱਤੇ ਗਏ ਹਨ। ਸਿੱਟੇਵਜੋਂ ਸਵਾਰੀਆਂ ਦੀ ਗਿਣਤੀ ਘਟ ਗਈ ਹੈ ਅਤੇ ਪ੍ਰਤੀ ਕਿਲੋਮੀਟਰ ਆਮਦਨ ਅੱਧੀ ਤੋਂ ਦੋ ਤਿਹਾਈ ਤੱਕ ਛਾਂਗੀ ਗਈ ਹੈ।
ਅਜਿਹਾ ਕਿਉਂ ਕੀਤਾ ਗਿਆ? ਕਿਉਂਕਿ ਬਾਦਲ ਨੇ ਏਅਰਪੋਰਟ 'ਤੇ ਆਪਣੀ ਤਾਜ ਟਰਾਂਸਪੋਰਟ ਚਲਾਉਣੀ ਸੀ। ਰੋਡਵੇਜ਼ ਕਾਮਿਆਂ ਨੇ ਦੱਸਿਆ ਹੈ ਕਿ ਸਿਆਸੀ ਦਬਾਅ ਅਤੇ ਨਿੱਜੀ ਟਰਾਂਸਪੋਰਟਰਾਂ ਨਾਲ ਮਿਲੀ ਭੁਗਤ ਦੀ ਵਜ੍ਹਾਹ ਕਰਕੇ 18 ਡੀਪੂਆਂ ਦੇ ਜਨਰਲ ਮੈਨੇਜਰਾਂ ਨੇ ਰੋਡਵੇਜ਼ ਦੇ ਮਿਥੇ ਹੋਏ ਟਾਈਮ ਮਨਸੂਖ ਕਰ ਦਿੱਤੇ ਹਨ। ਇਸਦਾ ਲਾਹਾ ਪ੍ਰਾਈਵੇਟ ਟਰਾਂਸਪੋਰਟਰ ਖੱਟ ਰਹੇ ਹਨ। ਜਿਹਨਾਂ ਵੱਲੋਂ ਬਿਨਾ ਰੂਟ, ਪਰਮਿਟ ਬੱਸਾਂ ਚਲਾਉਣ 'ਤੇ ਵੀ ਕੋਈ ਰੋਕ ਟੋਕ ਨਹੀਂ ਹੈ। ਨਿਯਮਾਂ ਅਨੁਸਾਰ ਆਰ.ਟੀ.ਏ.  ਨੂੰ ਰੂਟ ਪਰਮਿਟਾਂ ਵਿੱਚ 24 ਕਿਲੋਮੀਟਰ ਦਾ ਵਾਧਾ ਕਰਨ ਦਾ ਅਧਿਕਾਰ ਹੈ। ਪਰ ਇਸ ਨਿਯਮ ਦੀਆਂ ਧੱਜੀਆਂ ਉਡ ਰਹੀਆਂ ਹਨ ਅਤੇ ਵਾਰ ਵਾਰ ਨਿੱਜੀ ਟਰਾਂਸਪੋਰਟਾਂ ਦੇ ਰੂਟਾਂ ਦਾ ਆਕਾਰ ਹਨੂਮਾਨ ਦੀ ਪੂਛ ਵਾਂਗ ਵੱਡੇ ਤੋਂ ਵੱਡਾ ਹੋਈ ਜਾ ਰਿਹਾ ਹੈ। ਸਰਕਾਰ ਕਾਮਿਆਂ ਵੱਲੋਂ ਪੰਜਾਬ ਰੋਡਵੇਜ਼s  sਦੀਆਂ ਬੱਸਾਂ ਦਾ ਫਲੀਟ ਪੂਰਾ ਕਰਨ ਅਤੇ ਇਸਦੇ ਕਰਜ਼ਾ ਮੁਕਤ ਬੇੜੇ ਵਿੱਚ 346 ਬੱਸਾਂ ਦਾਖਲ ਕਰਨ ਦੀ ਮੰਗ 'ਤੇ ਕੰਨ ਨਹੀਂ ਧਰ ਰਹੀ। ਨਾ ਹੀ ਠੇਕੇਦਾਰਾਂ ਨੂੰ ਬਾਹਰ ਕੱਢਣ ਤੇ ਆਊਟ ਸੋਰਸਿੰਗ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਸੁਣੀ ਜਾ ਰਹੀ ਹੈ।  
ਇਹ ਸਥਿਤੀ ਭੋਰਾ ਭਰ ਵੀ ਸ਼ੱਕ ਨਹੀਂ ਰਹਿਣ ਦਿੰਦੀ ਕਿ ਬੱਸ ਕਿਰਾਇਆਂ ਵਿੱਚ ਵਾਧੇ ਰਾਹੀਂ ਲੋਕਾਂ 'ਤੇ ਬੋਝ ਪਾਉਣ ਦਾ ਫੈਸਲਾ ਕੀਹਦੇ ਹਿੱਤਾਂ ਖਾਤਰ ਲਿਆ ਗਿਆ ਹੈ। ਇਹ ਵੱਡੇ ਟਰਾਂਸਪੋਰਟਰਾਂ ਅਤੇ ਰਾਜ-ਭਾਗ ਦੀ ਵਿਸ਼ੇਸ਼ ਸਰਪ੍ਰਸਤੀ ਪ੍ਰਾਪਤ ਟਰਾਂਸਪੋਰਟਰਾਂ ਲਈ ਅੰਨ੍ਹੇ ਮੁਨਾਫਿਆਂ ਦੀ ਜਾਮਨੀ ਖਾਤਰ ਲਿਆ ਗਿਆ ਹੈ। ਇਹ ਵੱਡੀਆਂ ਜੋਕਾਂ ਜਾਗੀਰੂ ਧੱਕੜਸ਼ਾਹੀ ਰਾਹੀਂ ਟਰਾਂਸਪੋਰਟ 'ਤੇ ਕਬਜ਼ਾ ਸਥਾਪਤ ਕਰਦੀਆਂ ਹਨ। ਮੁਲਾਜ਼ਮਾਂ ਦੇ ਭੇਸ ਵਿੱਚ ਹਰ ਬੱਸ ਵਿੱਚ ਹੀ 5-7 ਗੁੰਡੇ ਰੱਖਦੀਆਂ ਹਨ। ਇਹ ਸਵਾਰੀਆਂ 'ਤੇ ਦਬਸ਼ ਪਾਉਂਦੇ ਹਨ, ਵਿਦਿਆਰਥੀਆਂ ਨੂੰ ਧਮਕਾਉਂਦੇ ਹਨ, ਛੋਟੇ ਟਰਾਂਸਪੋਰਟਰਾਂ ਨੂੰ ਘੁਰਕਦੇ ਹਨ ਅਤੇ ਰੋਡਵੇਜ਼ ਕਾਮਿਆਂ ਨੂੰ ਦਬਕਾਉਂਦੇ ਹਨ। 
ਕਿਰਾਇਆਂ ਵਿੱਚ ਵਾਧੇ ਦਾ ਫੈਸਲਾ ਇਹਨਾਂ ਲਈ ਜ਼ੋਰਾ ਜਰਬੀ ਕੀਤੀ ਜਾ ਰਹੀ ਲੁੱਟ ਵਿੱਚ ਵਾਧਾ ਕਰਨ ਅਤੇ ਹੋਰਨਾਂ ਦਾ ਰੁਜ਼ਗਾਰ ਉਜਾੜਨ ਦਾ ਲਸੰਸ ਹੈ। ਤੇਲ ਕੰਪਨੀਆਂ ਦੇ ਮੁਨਾਫੇ, ਬਾਡੀਆਂ, ਚੈਸੀਆਂ ਬਣਉਂਦੀਆਂ ਕੰਪਨੀਆਂ ਦੇ ਮੁਨਾਫੇ ਅਤੇ ਵੱਡੇ ਨਿੱਜੀ ਟਰਾਂਸਪੋਰਟਰਾਂ ਦੇ ਵਧਦੇ ਮੁਨਾਫੇ ਸੁਰੱਖਿਅਤ ਹਨ। ਛਿੱਲ ਪਟਾਉਣ ਲਈ ਲੋਕ ਹਨ ਅਤੇ ਰੁਜ਼ਗਾਰ ਗੁਆਉਣ ਲਈ ਮੁਲਾਜ਼ਮ ਹਨ। 
ਬੱਸ ਕਿਰਾਇਆਂ ਵਿੱਚ ਵਾਧਾ ਲੋਕਾਂ ਦੇ ਵੱਖ ਵੱਖ ਹਿੱਸਿਆਂ 'ਤੇ ਵੱਡੀਆਂ ਜੋਕਾਂ ਦੇ ਹਮਲੇ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਰੋਡਵੇਜ਼ ਮੁਲਾਜ਼ਮਾਂ ਵੱਲੋਂ ਸਰਕਾਰੀ ਟਰਾਂਸਪੋਰਟ ਦੇ ਪਸਾਰੇ ਦੀ ਮੰਗ ਲੋਕਾਂ ਲਈ ਸਫਰ ਸਹੂਲਤਾਂ ਖਾਸ ਕਰਕੇ ਵਿਦਿਆਰਥੀਆਂ ਅਤੇ ਹੋਰ ਲੋੜਵੰਦਾਂ ਲਈ ਰਿਆਇਤਾਂ ਦੇ ਮਸਲੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ। ਇਸ ਨੂੰ ਬੱਸ ਕਿਰਾਇਆਂ ਵਿੱਚ ਵਾਧੇ ਦੀ ਨੀਤੀ ਖਿਲਾਫ ਸੰਘਰਸ਼ ਨਾਲ ਵੀ ਜੋੜਿਆ ਜਾਣਾ ਚਾਹੀਦਾ ਹੈ। 
ਦੂਜੇ ਪਾਸੇ ਜਨਤਾ ਦੇ ਹੋਰਨਾਂ ਹਿੱਸਿਆਂ ਨੂੰ ਇਸ ਹਮਲੇ ਖਿਲਾਫ ਸੰਘਰਸ਼ ਵੱਡੀਆਂ ਟਰਾਂਸਪੋਰਟਰ ਜੋਕਾਂ ਖਿਲਾਫ ਸੇਧਤ ਕਰਨਾ ਚਾਹੀਦਾ ਹੈ ਅਤੇ ਨਿੱਜੀਕਰਨ ਦੇ ਹੱਲੇ ਖਿਲਾਫ ਸਰਕਾਰੀ ਟਰਾਂਸਪੋਰਟ ਕਾਮਿਆਂ ਦੇ ਸੰਘਰਸ਼ ਨਾਲ ਬੇਹਤਰ ਕਦਮ ਤਾਲ ਬਿਠਾਉਣਾ ਚਾਹੀਦਾ ਹੈ। 
-0-

No comments:

Post a Comment