ਆਈ.ਐਮ.ਐਫ. ਦੇ ਮੱਥੇ ਤਿਊੜੀਆਂ
ਨੇੜਲੇ ਬੀਤੇ ਅਰਸੇ ਵਿੱਚ ਭਾਰਤ ਅਤੇ ਚੀਨ ਦੀਆਂ ਸੰਸਾਰ ਦੇ ਉੱਭਰਦੇ ਅਰਥਚਾਰਿਆਂ ਵਜੋਂ ਸਿਫਤਾਂ ਹੁੰਦੀਆਂ ਰਹੀਆਂ ਹਨ। ਇਹਨਾਂ ਦੀ ਉੱਚੀ ਕੁੱਲ ਘਰੇਲੂ ਪੈਦਾਵਾਰ ਦੇ ਚਰਚੇ ਹੁੰਦੇ ਰਹੇ ਹਨ। ਇਸ ''ਵਿਕਾਸ'' ਦਾ ਸਿਹਰਾ ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਦੇ ਸਿਰ 'ਤੇ ਸਜਾਇਆ ਜਾਂਦਾ ਰਿਹਾ ਹੈ। ਸਾਮਰਾਜੀ ਮੁਲਕਾਂ ਅੰਦਰ ਮੰਦੇ ਦੀ ਹਾਲਤ ਵਿੱਚ ਇਹਨਾਂ ਮੁਲਕਾਂ ਦੀ ਕੁੱਲ ਘਰੇਲੂ ਪੈਦਾਵਾਰ ਮੁਕਾਬਲਤਨ ਉੱਚੀ ਹੋਣ ਕਰਕੇ ਦੋਹਾਂ ਮੁਲਕਾਂ ਦੇ ਹਾਕਮ ਖੂਬ ਸ਼ੇਖੀਆਂ ਮਾਰਦੇ ਰਹੇ ਹਨ। ਚੀਨ ਦੇ ਹਾਕਮ ਕਹਿੰਦੇ ਸਨ ਕਿ ਵੇਖੋ ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਅਪਣਾਇਆ ਆਤਮ-ਨਿਰਭਰ ਸਮਾਜਵਾਦੀ ਵਿਕਾਸ ਦਾ ਰਾਹ ਤਿਆਗ ਦੇਣ ਪਿੱਛੋਂ ਕਿਵੇਂ ਵਿਕਾਸ ਹੋ ਰਿਹਾ ਹੈ। ਦੇਖੋ ਸੰਸਾਰ ਮੰਡੀ ਨਾਲ ਜੁੜਨ ਦੇ ਕਿੰਨੇ ਫਾਇਦੇ ਹਨ। ਖੁਦ ਸਾਮਰਾਜੀ ਮੁਲਕਾਂ ਵੱਲੋਂ ਚੀਨ ਅਤੇ ਭਾਰਤ ਦੀਆਂ ਸਿਫਤਾਂ ਦੀ ਮੁੱਖ ਵਜ੍ਹਾ ਇਹ ਹੈ ਕਿ ਉਹ ਇਹਨਾਂ ਨੂੰ ਸਰਮਾਏ ਦੀ ਬਰਾਮਦ ਲਈ ਦਿਲਕਸ਼ ਭਾਰੀ ਮੰਡੀਆਂ ਵਜੋਂ ਦੇਖ ਰਹੇ ਸਨ। ਖਾਸ ਕਰਕੇ ਸੰਕਟ ਦੀ ਹਾਲਤ ਵਿੱਚ ਇਹਨਾਂ ਮੁਲਕਾਂ ਦੀ ਸਸਤੀ ਮਜ਼ੂਦਰੀ (ਵੱਡੀ ਆਬਾਦੀ ਹੋਣ ਕਰਕੇ) ਅਤੇ ਕੁਦਰਤੀ ਮਾਲ ਖਜ਼ਾਨੇ ਉਹਨਾਂ ਲਈ ਨਿਆਮਤ ਬਣ ਗਏ ਸਨ। ਵਿਕਾਸ ਦੀ ਮੁਹਾਰਨੀ ਦੀ ਓਟ ਵਿੱਚ ਉਹ ਇਹਨਾਂ ਅਰਥਚਾਰਿਆਂ 'ਤੇ ਆਪਣੀ ਜਕੜ ਵਧਾਉਣ ਲਈ ਕਾਹਲੇ ਸਨ। ਦੂਜੇ ਪਾਸੇ ਇਹਨਾਂ ਮੁਲਕਾਂ ਦੇ ਹਾਕਮਾਂ ਦੀਆਂ ਡੋਰੀਆਂ ਬਰਾਮਦਮੁਖੀ ਅਰਥਚਾਰੇ ਦੀ ਉਸਾਰੀ 'ਤੇ ਸਨ। ਗੱਲਾਂ ਦਾ ਤੱਤ ਇਹ ਸੀ ਕਿ ਬਦੇਸ਼ੀ ਸਾਮਰਾਜੀਆਂ ਨਾਲ ਰਲ ਕੇ ਦੇਸੀ ਪੂੰਜੀਪਤੀ ਬਰਾਮਦਮੁਖੀ ਸਨਅੱਤਾਂ ਲਾਉਣਗੇ ਅਤੇ ਅਮੀਰ ਧਰਤੀਆਂ ਦੀ ਗਾਹਕੀ ਦੇ ਸਿਰ 'ਤੇ ਹੋਈ ਆਮਦਨ ਵਿੱਚੋਂ ਹਿੱਸਾ ਹਾਸਲ ਕਰਕੇ ਗੋਗੜਾਂ ਭਰਨਗੇ।
''ਉੱਭਰਦੇ ਅਰਥਚਾਰਿਆਂ ਦੀ ਇਸ ਮੁਹਾਰਨੀ ਦੌਰਾਨ ਵਧਦੀ ਮਹਿੰਗਾਈ, ਵਧਦੀ ਬੇਰੁਜ਼ਗਾਰੀ, ਸਮਾਜਿਕ ਬੈਚੈਨੀ ਅਤੇ ਵਧਦੇ ਸਮਾਜਿਕ ਪਾੜਿਆਂ ਵਰਗੇ ਪੱਖ ਨਜ਼ਰਅੰਦਾਜ਼ ਕੀਤੇ ਜਾਂਦੇ ਰਹੇ ਹਨ। ਇਸ ਗੱਲ ਦੀ ਕੋਈ ਚਰਚਾ ਨਹੀਂ ਸੀ ਕਰਦਾ ਕਿ ਸਭਿਆਚਾਰਕ ਇਨਕਲਾਬ ਦੌਰਾਨ ਚੀਨ ਦੀ ਘਰੇਲੂ ਪੈਦਾਵਾਰ ਵਿੱਚ ਵਾਧੇ ਦੀ ਦਰ ਦਹਾਈ ਦੇ ਅੰਕੜੇ ਤੋਂ ਉੱਚੀ ਸੀ ਅਤੇ ਮਹਿੰਗਾਈ ਬੇਰੁਜ਼ਗਾਰੀ ਵਰਗੀਆਂ ਕੋਈ ਸਮੱਸਿਆਵਾਂ ਨਹੀਂ ਸਨ। ਕਿਸੇ ਸਮੇਂ ਇਹ ਗੱਲ ਸੰਸਾਰ ਬੈਂਕ ਦੀਆਂ ਰਿਪੋਰਟਾਂ ਕਹਿੰਦੀਆਂ ਰਹੀਆਂ ਸਨ, ਪਰ ਹੁਣ ਇਹਨਾਂ 'ਤੇ ਮਿੱਟੀ ਪਾ ਦਿੱਤੀ ਗਈ ਸੀ।
ਪਰ ਹਕੀਕਤ ਤਾਂ ਹਕੀਕਤ ਹੀ ਹੁੰਦੀ ਹੈ। ਇਹਨਾਂ ਮੁਲਕਾਂ ਦੇ ''ਸੰਸਾਰ ਮੰਡੀ'' ਨਾਲ ਸਿਰ ਨਰੜ ਦੇ ਨਤੀਜੇ ਹੁਣ ਪ੍ਰਤੱਖ ਹੋ ਚੁੱਕੇ ਹਨ ਅਤੇ ਸਮੁੱਚੇ ਸਰਮਾਏਦਾਰੀ ਜਗਤ ਨੂੰ ਤਰੇਲੀਆਂ ਆ ਰਹੀਆਂ ਹਨ।
ਅਮਰੀਕਾ ਅਤੇ ਯੂਰਪ ਦੇ ਆਰਥਿਕ ਮੰਦੇ ਦਾ ਪ੍ਰਛਾਵਾਂ ਹੁਣ ਇਹਨਾਂ ਮੁਲਕਾਂ ਦੇ ਅਰਥਚਾਰਿਆਂ ਦੀ ਸੱਤਿਆ ਚੂਸ ਰਿਹਾ ਹੈ।
ਪੱਛਮੀ ਮੁਲਕਾਂ ਖਾਸ ਕਰਕੇ ਅਮਰੀਕਾ ਅਤੇ ਯੂਰਪ ਵਿੱਚ ਬਰਾਮਦ ਨੂੰ ਪਏ ਸੋਕੇ ਨੇ ਚੀਨ ਅਤੇ ਭਾਰਤ ਦੇ ਬਰਾਮਦਮੁਖੀ ਕਾਰੋਬਾਰਾਂ ਦਾ ਮਾਵਾ ਲਾਹ ਦਿੱਤਾ ਹੈ। ਘਰੇਲੂ ਲੋੜਾਂ ਤੋਂ ਬੇਮੁਖ ਹੋ ਕੇ ਕੀਤੀ ਪੈਦਾਵਾਰ ਨੇ ਜ਼ਰੂਰੀ ਚੀਜ਼ਾਂ ਦੀ ਤੋਟ ਅਤੇ ਮਹਿੰਗਾਈ ਨੂੰ ਅੱਡੀ ਲਾਈ ਹੈ। ਮਹਿੰਗਾਈ ਨੂੰ ਨੱਥ ਪਾਉਣ ਦੀਆਂ ਲੋੜਾਂ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦੀਆਂ ਲੋੜਾਂ ਦੇ ਟਕਰਾਅ ਨੇ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੂੰ ਪਸੀਨੇ ਲਿਆ ਦਿੱਤੇ ਹਨ।
ਹੁਣ ਕੌਮਾਂਤਰੀ ਮੁਦਰਾ ਫੰਡ ਯਾਨੀ ਆਈ.ਐਮ.ਐਫ. ਚਿੰਤਾ ਨਾਲ ਮੱਥੇ ਤਿਊੜੀਆਂ ਪਾ ਕੇ ਬੋਲਦਾ ਹੈ। ਇਸਦਾ ਕਹਿਣਾ ਹੈ ਕਿ ਜੇ ਯੂਰਪੀਨ ਸੰਕਟ ਵਧਦਾ ਹੈ ਅਤੇ ਅਮਰੀਕਾ ਵਿੱਤੀ ਟਿੱਲੇ'' ਤੋਂ ਥੱਲੇ ਨਹੀਂ ਉੱਤਰਦਾ, ਯਾਨੀ ਜੇ ਇਥੇ ਅਸਲ ਪੈਦਾਵਾਰੀ ਸਰਗਰਮੀ ਰਫਤਾਰ ਨਹੀਂ ਫੜਦੀ ਤਾਂ ''ਉੱਭਰਦਾ ਏਸ਼ੀਆ ਖਤਰੇ ਵਿੱਚ ਹੈ''। ਆਪਣੀ ਦਸਤਾਵੇਜ਼ ਅਰਧ-ਸਾਲਾਨਾ ਸੰਸਾਰ ਆਰਥਿਕ ਦ੍ਰਿਸ਼ਟੀ ਵਿੱਚ ਇਸਨੇ ਕਿਹਾ ਹੈ, ''ਖਪਤ ਅਤੇ ਵਾਧੇ ਦਾ ਅਨੁਪਾਤ (ਖਤਰੇ ਵੱਲ) ਥੱਲੇ ਨੂੰ ਝੁਕਿਆ ਹੋਇਆ ਹੈ।
ਇਸਦਾ ਅੰਦਾਜ਼ਾ ਹੈ ਕਿ ਚੀਨ ਦਾ ਆਰਥਿਕ ਵਾਧਾ 7.8 ਫੀਸਦੀ ਤੱਕ ਡਿਗ ਜਾਵੇਗਾ। ਭਾਰਤ ਬਾਰੇ ਤਾਂ ਜਾਇਜ਼ਾ ਬਹੁਤ ਹੀ ਨਿਰਾਸ਼ਾਜਨਕ ਹੈ, ''ਏਸ਼ੀਆ ਦੇ (ਇਸ) ਤੀਜੇ ਵੱਡੇ ਅਰਥਚਾਰੇ ਦਾ ਇਸ ਸਾਲ ਵਿੱਚ ਵਾਧਾ 4.9 ਫੀਸਦੀ ਹੋਵੇਗਾ।
ਚੀਨ ਦੇ ਮੰਦੇ ਹਾਲ ਦੇ ਕਾਰਨ ਬਿਆਨਦਿਆਂ ਆਈ.ਐਮ.ਐਫ. ਦੱਸਦਾ ਹੈ ਕਿ ਅਮਰੀਕਾ ਅਤੇ ਯੂਰਪ ਚੀਨ ਦੇ ਸਭ ਤੋਂ ਵੱਡੇ ਗਾਹਕ ਹਨ। ਇਸ ਤਿੰਨਾਂ ਸਾਲਾਂ ਦੀ ਸਭ ਤੋਂ ਕਮਜ਼ੋਰ ਵਾਧਾ ਦਰ ਦਾ ਸਾਹਮਣਾ ਕਰ ਰਹੇ ਹਨ। ਪੱਛਮੀ ਖਰੀਦਦਾਰ ਢਿੱਡਾਂ ਨੂੰ ਗੰਢਾਂ ਦੇ ਰਹੇ ਹਨ।
ਭਾਰਤ ਅਤੇ ਚੀਨ ਦੀ ਹਾਲਤ ਨੇ ਸੰਸਾਰ ਬੈਂਕ ਨੂੰ ਏਸ਼ੀਆ ਦੇ ਵਾਧੇ ਦੀ ਰਫਤਾਰ ਸਬੰਧੀ ਆਪਣੇ ਅੰਦਾਜ਼ੇ ਨੂੰ 7.1 ਫੀਸਦੀ ਤੋਂ 6.1 ਫੀਸਦੀ 'ਤੇ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ।
ਗੱਲਾਂ ਦੀ ਗੱਲ ਇਹ ਹੈ ਕਿ ਭਾਰਤ ਹੋਵੇ ਜਾਂ ਚੀਨ ਏਸ਼ੀਆ ਹੋਵੇ ਜਾਂ ਯੂਰਪ- ਮੁਨਾਫਾਮੁਖੀ ਸੰਸਾਰ ਪੂੰਜੀਵਾਦੀ ਪ੍ਰਬੰਧ ਸੰਕਟਾਂ ਤੋਂ ਮੁਕਤ ਨਹੀਂ ਹੋ ਸਕਦਾ ਅਤੇ ਲੋਕਾਂ ਦਾ ਕਸ਼ਟਾਂ-ਮੁਸੀਬਤਾਂ ਤੋਂ ਖਹਿੜਾ ਨਹੀਂ ਛੁੱਟ ਸਕਦਾ। ਸੰਸਾਰ ਨੂੰ ਸਾਮਰਾਜੀ ਪ੍ਰਬੰਧ ਤੋਂ ਮੁਕਤ ਕਰਵਾਉਣ ਰਾਹੀਂ ਹੀ ਮਨੁੱਖਤਾ ਅਸਲ ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ ਪੈ ਸਕਦੀ ਹੈ।
-0-
No comments:
Post a Comment