ਗਿਆਸਪੁਰਾ ਗੈਸ ਲੀਕ ਘਟਨਾ
ਅਣਮਨੁੱਖੀ ਜੀਵਨ ਹਾਲਤਾਂ ’ਚ ਜਿਉਣ ਦਾ ਹਾਦਸਾ
ਲੁਧਿਆਣੇ ਦਾ ਗਿਆਸਪੁਰਾ ਖੇਤਰ ਸ਼ਹਿਰ ਦੀ ਗੰਦੀ ਬਸਤੀ ਵਜੋਂ ਹੀ ਨਮੂਨਾ ਨਹੀਂ ਹੈ ਸਗੋਂ ਇਹ ਪੰਜਾਬ ਅੰਦਰ ਦਿਨ ਕਟੀ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ਦਾ ਨਮੂਨਾ ਵੀ ਹੈ। ਇਹ ਕਿਰਤੀ ਕਾਮੇ ਪੰਜਾਬ ਅੰਦਰ ਕੁੰਭੀ ਨਰਕ ਵਰਗੀਆਂ ਥਾਵਾਂ ’ਤੇ ਪਸ਼ੂਆਂ ਤੋਂ ਬਦਤਰ ਜੂਨ ਗੁਜ਼ਾਰਨ ਲਈ ਮਜ਼ਬੂਰ ਹਨ। ਗਿਆਸਪੁਰੇ ਦੀਆਂ ਹਾਲਤਾਂ ਦੀ ਇਹ ਰਿਪਰੋਟ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਨੂੰ ‘ ਲੁੱਟ ਕੇ ਖਾ ਜਾਣ ’ ਦੇ ਭਰਮਾਂ ਲਈ ਵੀ ਸ਼ੀਸ਼ਾ ਹੈ ਤੇ ਭਰਮ-ਮੁਕਤ ਹੋ ਕੇ ਕਿਰਤੀ ਜੀਵਨ ਦੀਆਂ ਹਕੀਕਤਾਂ ਦੀ ਝਲਕ ਪਾਉਣ ਦਾ ਸਾਧਨ ਵੀ ਹੈ- ਸੰਪਾਦਕ
ਪਹਿਲੀ ਮਈ ਮਜ਼ਦੂਰ ਦਿਵਸ ਤੋਂ ਇੱਕ ਦਿਨ ਪਹਿਲਾਂ 30 ਅਪ੍ਰੈਲ ਨੂੰ ਲੁਧਿਆਣੇ ਦੇ ਗਿਆਸਪੁਰਾ ਖੇਤਰ ’ਚ, ਜੋ ਪ੍ਰਵਾਸੀ ਮਜ਼ਦੂਰਾਂ ਦੀ ਸੰਘਣੀ ਆਬਾਦੀ ਵਾਲਾ ਖੇਤਰ ਅਤੇ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਸੈਂਕੜੇ ਸਨਅਤੀ ਇਕਾਈਆਂ ਸਥਿਤ ਹਨ, ਸਬ੍ਹਾ-ਸਵੇਰੇ, ਦਿਨ ਚੜ੍ਹਦੇ ਹੀ ਇੱਕ ਹੌਲਨਾਕ ਘਟਨਾ ਵਾਪਰੀ ਇੱਕ ਜ਼ਹਿਰੀਲੀ ਗੈਸ ਦੀ ਗੰਧ ਨੇ ਹਵਾ ਨੂੰ ਦੂਸ਼ਿਤ ਕਰ ਦਿੱਤਾ, ਜੋ ਆਲੇ-ਦੁਆਲੇ ਦੇ ਘਰਾਂ ’ਚ ਫੈਲ ਗਈ। ਕਈ ਪ੍ਰਵਾਰਕ ਮੈਂਬਰ ਤੇ ਰਾਹਗੀਰ ਦੇਖਦੇ ਹੀ ਦੇਖਦੇ ਬੇਹੋਸ਼ ਹੋ ਹੋ ਡਿੱਗਣ ਲੱਗੇ। ਅਚਨਚੇਤ ਵਾਪਰੀ ਇਸ ਘਟਨਾ ਦਾ ਨਾ ਸ੍ਰੋਤ ਪਤਾ ਲੱਗੇ, ਨਾ ਹੀ ਤੇਜ਼ੀ ਨਾਲ ਫੈਲ ਰਹੀ ਬਦਬੂਦਾਰ ਗੈਸ ਇਹ ਪਤਾ ਲਾ ਸਕਣ ਦੀ ਗੁੰਜਾਇਸ਼ ਦੇ ਰਹੀ ਸੀ। ਬੇਹੋਸ਼ ਹੋ ਕੇ ਡਿੱਗੇ ਪਏ ਜਿਸ ਕਿਸੇ ਵਿਅਕਤੀ ਦੀ ਮੱਦਦ ਲਈ ਜਿਹੜਾ ਵੀ ਨਜ਼ਦੀਕ ਆਉਦਾ, ਬੇਹੋਸ਼ ਹੋ ਕੇ ਡਿੱਗਦਾ ਰਿਹਾ। ਸਿੱਟੇ ਵਜੋਂ ਗੋਇਲ ਕੋਲਡ ਡਰਿੰਕਸ, ਵੇਰਕਾ ਦੁੱਧ ਏਜੰਸੀ, ਅਤੇ ਸਥਾਨਕ ਮੈਡੀਕਲ ਕਲੀਨਿਕ ਦੇ ਪੂਰੇ ਪ੍ਰਵਾਰ ਸਮੇਤ ਕੁੱਲ 11ਵਿਅਕਤੀ (ਸਮੇਤ 3 ਬੱਚੇ) ਮੌਕੇ ’ਤੇ ਹੀ ਦਮ ਤੋੜ ਗਏ। ਕਈਆਂ ਨੂੰ ਫਟਾਫਟ ਹਸਪਤਾਲ ਪਹੁੰਚਾ ਕੇ ਉਹਨਾਂ ਦੀ ਜਾਨ ਬਚਾਈ ਗਈ। ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚੇ ਪੁਲਸ ਮੁਲਾਜ਼ਮ ਵੀ ਬੇਹੋਸ਼ ਹੋ ਕੇ ਡਿੱਗ ਪਏ। ਅੰਤ ਵੱਡੀ ਗਿਣਤੀ ਪੁਲਸ ਨਫਰੀ ਦੇ ਪਹੁੰਚਣ ’ਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਵੱਖ ਵੱਖ ਮਜ਼ਦੂਰ ਜਥੇਬੰਦੀਆਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.), ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਐਂਡ ਹੌਜ਼ਰੀ ਕਾਮਗਾਰ ਯੂਨੀਅਨ ਸਮੇਤ ਹੋਰਨਾਂ ਮਜ਼ਦੂਰ ਜਥੇਬੰਦੀਆਂ ਨੇ ਪੀੜਤਾਂ ਨਾਲ ਦੁਖ ਸਾਂਝਾ ਕਰਦੇ ਹੋਏ ਇਹੋ ਜਿਹੇ ਹਾਦਸਿਆਂ ਦੇ ਜਿੰਮੇਵਾਰ ਸਥਾਨਕ ਨਗਰ ਨਿਗਮ ਅਧਿਕਾਰੀਆਂ, ਭਿ੍ਰਸ਼ਟ ਸਰਕਾਰ ਅਫਸਰਸ਼ਾਹੀ ਤੇ ਸਮੁੱਚ ਲੁਟੇਰੇ ਪ੍ਰਬੰਧ ਨੂੰ ਦੋਸ਼ੀ ਠਹਿਰਾਇਆ।
ਇਹ ਹੌਲਨਾਕ ਘਟਨਾ ਉਹਨਾਂ ਅਣਮਨੁੱਖੀ ਸਮਾਜਕ ਹਾਲਤਾਂ ਦੀ ਬਾਤ ਪਾਉਦੀ ਹੈ, ਜਿੰਨ੍ਹਾਂ ਵਿੱਚ ਖਾਸ ਕਰਕੇ ਪ੍ਰਵਾਸੀ ਮਜ਼ਦੂਰ ਪ੍ਰਵਾਰ ਜੀਵਨ ਬਸਰ ਕਰਦੇ ਹਨ। ਲੁਧਿਆਣੇ ਦਾ ਗਿਆਸਪੁਰਾ ਖੇਤਰ ਸ਼ਹਿਰ ਦੇ ਸਭ ਤੋਂ ਗੰਦੇ ਖੇਤਰਾਂ ’ਚ ਸ਼ੁਮਾਰ ਹੈ। ਖੇਤਰ ’ਚ ਦਾਖਲ ਹੁੰਦਿਆਂ ਹੀ ਕੂੜੇ-ਕਰਕਟ ਤੇ ਹੋਰ ਗੰਦ-ਮੰਦ ਨਾਲ ਭਰੀਆਂ ਗਲੀਆਂ-ਨਾਲੀਆਂ, ਬੰਦ ਪਏ ਅਤੇ ਲੀਕ ਕਰ ਰਹੇ, ਉੱਛਲ ਰਹੇ ਸੀਵਰੇਜ ਦੇ ਮੈਨ ਹੋਲ, ਸਨਅਤਾਂ ਦਾ ਜ਼ਹਿਰੀਲਾ ਪਾਣੀ ਹਰੇਕ ਆਉਦੇ-ਜਾਂਦੇ ਰਾਹਗੀਰ ਦੇ ਨਜ਼ਰੀਂ ਪੈਂਦਾ ਹੈ। ਬਾਰਸ਼ ਪੈਣ ਨਾਲ ਇਹਨਾਂ ਹਾਲਤਾਂ ’ਚ ਹੋਰ ਵੀ ਕਈ ਗੁਣਾ ਵਾਧਾ ਹੋ ਜਾਂਦਾ ਹੈ। ਮੌਜੂਦਾ ਘਟਨਾ ਤੋਂ ਇੱਕ ਦਿਨ ਪਹਿਲਾਂ ਪਏ ਭਾਰੀ ਮੀਂਹ ਨੇ ਵੀ ਇਸ ਦਰਦਨਾਕ ਘਟਨਾ ਨੂੰ ਅੰਜਾਮ ਦੇਣ ’ਚ ਆਪਣਾ ਹਿੱਸਾ ਪਾਇਆ।
ਪ੍ਰਵਾਸੀ ਮਜ਼ਦੂਰ ਬਹੁਤ ਨੀਵੀਆਂ ਤਨਖਾਹਾਂ ’ਤੇ ਖਸਤਾ ਹਾਲ ਇਮਾਰਤਾਂ(ਵਿਹੜਿਆਂ) ਦੇ ਗੰਦੇ-ਮੰਦੇ ਕਮਰਿਆਂ ’ਚ ਅਤੇ ਪਖਾਨਿਆਂ ਦੇ ਨਾਕਸ ਪ੍ਰਬੰਧ ਹੇਠ ਰਹਿੰਦੇ ਹਨ। ਵਿਹੜਿਆਂ ਦੇ ਮਾਲਕ ਇੱਕ ਕਮਰੇ ਦਾ 1000-1500 ਪ੍ਰਤੀ ਮਹੀਨਾ ਕਿਰਾਇਆ ਵਸੂਲਦੇ ਹਨ। ਇੱਕ ਇੱਕ ਕਮਰੇ ’ਚ 10-10 ਤੱਕ ਮਜ਼ਦੂਰ ਗੁਜ਼ਾਰਾ ਕਰਦੇ ਹਨ। ਗਿਆਸਪੁਰੇ ਦੇ ਵਿਹੜੇ ਨੀਵੀਆਂ ਥਾਵਾਂ’ਤੇ ਹਨ ਜਿਹੜੀਆਂ ਮੀਂਹ ਪੈਣ ’ਤੇ ਸੀਵਰੇਜ ਦੇ ਪਾਣੀ ਤੇ ਚਿੱਕੜ ਨਾਲ ਭਰ ਜਾਂਦੀਆਂ ਹਨ। ਨਲਕਿਆਂ ਦੇ ਪਾਣੀ ’ਚੋਂ ਮੁਸ਼ਕ ਮਾਰਨ ਲੱਗਦਾ ਹੈ। ਇੱਕ ਵਿਹੜਾ ਮਾਲਕ ਦੇ ਕਹਿਣ ਅਨੁਸਾਰ, ਜੇ ਤੁਸੀਂ ਸਫਾਈ ਕਰਮਚਾਰੀਆਂ ਦੀ ਮੁੱਠੀ ਗਰਮ ਨਹੀਂ ਕਰਦੇ ਉਹ ਬਲਾਕ ਪਏ ਸੀਵਰੇਜ ਨੂੰ ਖੋਲ੍ਹਣ ਨਹੀਂ ਆਉਦੇ।
ਇਲਾਕੇ ਵਿੱਚ ਕੋਈ ਸਰਕਾਰੀ ਸਿਹਤ ਸੇਵਾਵਾਂ ਦਾ ਕੋਈ ਪ੍ਰਬੰਧ ਨਹੀਂ ਹੈ। ਆਬਾਦੀ ਦੇ ਹਿਸਾਬ ਈ ਐਸ ਆਈ ਡਿਸਪੈਂਸਰੀਆਂ ਦੀ ਵੱਡੀ ਘਾਟ ਹੈ। ਇੱਕ ਸਥਾਨਕ ਡਾਕਟਰ ਦੇ ਕਹਿਣ ਅਨੁਸਾਰ,‘‘ਇਹਨਾਂ ਹਾਲਤਾਂ ਵਿੱਚ ਕੋਈ ਵੀ ਤੰਦਰੁਸਤ ਨਹੀਂ ਰਹਿ ਸਕਦਾ।’’ ਉਸਨੇ ਕਿਹਾ ਕਿ ਕਿਸੇ ਵੇਲੇ ਵੀ ਕਿਸੇ ਮਹਾਂਮਾਰੀ ਦਾ ਖਤਰਾ ਸਿਰਾਂ’ਤੇ ਮੰਡਲਾਇਆ ਰਹਿੰਦਾ ਹੈ।
ਲੁਧਿਆਣੇ ਦੀ ਮਿਊਂਸਪਲ ਕਾਰਪੋਰੇਸ਼ਨ ਪੰਜਾਬ ਦੀਆਂ ਵੱਡੀਆਂ ਕਾਰਪੋਰੇਸ਼ਨਾਂ ’ਚੋਂ ਹੈ। ਪੰਜਾਬ ਲੁਧਿਆਣੇ ਨੂੰ ਇੱਕ ਵੱਡੇ ਸਨਅਤੀ ਕੇਂਦਰ ਵਜੋਂ ਵਿਕਸਤ ਕਰਨ ਦਾ ਇੱਛੁਕ ਹੈ। ਪਰ ਨੈਸ਼ਨਲ ਕਰਾਈਮ ਰਿਕਾਰਡ ਬਿੳੂਰੋ ਦੇ 2021 ਦੇ ਸਰਵੇ ਅਨੁਸਾਰ ਵਾਤਾਵਰਣਕ ਉਲੰਘਣਾਵਾਂ ਪੱਖੋਂ ਭਾਰਤ ਦੀਆਂ 34 ਮਿਊਂਸਪੈਲਟੀਆਂ ਵਿੱਚੋਂ ਪੰਜਾਬ ਦੂਜੇ ਸਭ ਤੋਂ ਉੱਚੇ ਨੰਬਰ ’ਤੇ ਖੜ੍ਹਾ ਹੈ। ਜੇ ਸਿਰਫ ਗਿਆਸਪੁਰੇ ਦੀ ਹੀ ਗੱਲ ਕਰੀਏ ਸਨਅਤੀ ਜ਼ਹਿਰੀਲੇ ਪਾਣੀ ਤੇ ਹੋਰ ਕੂੜ-ਕਬਾੜ ਨੂੰ ਸਮੇਟਣ ਲਈ ਇਲਾਕੇ ਦਾ 11 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਟਰੀਟਮੈਂਟ ਪਲਾਂਟ ਨਹੀਂ ਹੈ। ਬਾਕੀ ਸ਼ਹਿਰ ਦਾ ਹਾਲ ਵੀ ਇਸ ਤੋਂ ਕੋਈ ਵੱਖਰਾ ਨਹੀਂ ਹੈ। ਸਰਕਾਰ ਨੇ ਸਨਅਤਕਾਰਾਂ ਨਾਲ ਮਿਲੀ ਭੁਗਤ ਨਾਲ ਇਸ ਮਾਮਲੇ ਨੂੰ ਹਮੇਸ਼ਾ ਅਣਡਿੱਠ ਕਰੀ ਰੱਖਿਆ ਹੈ। ਘੜੀ ਦੀ ਘੜੀ ਲੁਧਿਆਣੇ ਸ਼ਹਿਰ ਵਿੱਚ ਦੀ ਲੰਘਦੇ ਬੁੱਢੇ ਨਾਲੇ ਦੀ ਗੱਲ ਕਰਨੀ ਕੁਥਾਂ ਨਹੀਂ ਹੋਵੇਗੀ। ਲੁਧਿਆਣੇ ਸ਼ਹਿਰ ਦੀਆਂ ਅਨੇਕਾਂ ਸਨਅਤਾਂ ਦਾ ਜ਼ਹਿਰੀਲਾ ਪਾਣੀ ਤੇ ਹੋਰ ਮਲਬਾ ਬੁੱਢੇ ਨਾਲੇ ’ਚ ਪੈਂਦਾ ਹੈ ਜੋ ਅੱਗੇ ਸਤਲੁਜ ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਦਾ ਹੈ। ਹਰੇਕ ਸਰਕਾਰ ਨੇ ਚੋਣਾਂ ਮੌਕੇ, ਹਮੇਸ਼ਾ ਲੋਕਾਂ ਦੀਆਂ ਅੱਖਾਂ ਪੂੰਝਣ ਦੀ ਹੀ ਕੋਸ਼ਿਸ਼ ਕੀਤੀ ਹੈ। ਪਰਨਲਾ ਉੱਥੇ ਦਾ ਉੱਥੇ ਹੀ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਦੀ ਕਾਇਆਕਲਪ ਬਦਲਣ ਲਈ 400 ਕਰੋੜ ਤੋਂ ਉੱਪ ਖਰਚ ਕੀਤੇ ਪਰ ਇਸਦੀ ਸਫਾਈ ਕਰਨ ’ਚ ਉਹ ਵੀ ਨਾਕਾਮ ਹੀ ਰਹੀ। ਹਰੇਕ ਪਾਰਲੀਮੈਂਟੀ ਪਾਰਟੀ ਲਈ ਲੁਧਿਆਣੇ ਦੇ ਸਨਅਤਕਾਰ ਚੋਣ ਫੰਡਾਂ ਦਾ ਵੱਡਾ ਜ਼ਖੀਰਾ ਹਨ, ਜਿਸਨੂੰ ਕੋਈ ਵੀ ਪਾਰਟੀ ਹੱਥੋਂ ਗੁਆਉਣਾ ਨਹੀਂ ਚਾਹੁੰਦੀ।
ਇਸੇ ਤਰ੍ਹਾਂ ਸਰਕਾਰ ਤੇ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਲੁਧਿਆਣੇ ਸ਼ਹਿਰ ਵਿੱਚ ਅਨੇਕਾਂ ਅਣਅਧਿਕਾਰਤ ਸਨਅਤੀ ਅਦਾਰੇ ਵਰ੍ਹਿਆਂ ਤੋਂ ਬੇਖੌਫ਼ ਚੱਲ ਰਹੇ ਹਨ ਅਤੇ ਹਵਾ ਤੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ। ਗਿਆਸਪੁਰੇ ਦੀ ਮੌਜੂਦਾ ਘਟਨਾ ਸਥਾਨ ਦੇ ਨਜ਼ਦੀਕ ਹੀ ਕਈ ਗੈਰ-ਕਾਨੂੰਨੀ ਇਲੈਕਟਰੋਪਲੇਟਿੰਗ ਇਕਾਈਆਂ ਚੱਲ ਰਹੀਆਂ ਹਨ। 5 ਮਈ ਦੇ ਦਿ ਟ੍ਰਿਬਿਊਨ ਨੇ ਆਪਣੀ ਇੱਕ ਰਿਪੋਰਟ ਵਿੱਚ ਇਸ ਨੂੰ ਨਸ਼ਰ ਕੀਤਾ ਸੀ ਅਤੇ ਬਿਆਨ ਕੀਤਾ ਸੀ ਕਿ ‘‘ਛੋਟੇ ਛੋਟੇ ਕਮਰਿਆਂ ’ਚ ਅਤੇ ਗੰਦੀਆਂ ਦੁਕਾਨਾਂ ’ਚ ਚੱਲ ਰਹੀਆਂ ਇਹ ਅਣਅਧਿਕਾਰਤ ਇਕਾਈਆਂ ਇਸ ਕੰਮ ਲਈ ਵਰਤੇ ਜਾਂਦੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਜ਼ਹਿਰੀਲੇ ਤਰਲ ਪਦਾਰਥਾਂ ਦਾ ਹਵਾ ’ਚ ਖੁੱਲ੍ਹੇਆਮ ਛਾਣਾ ਦੇ ਰਹੀਆਂ ਹਨ।’’
ਭਾਵੇਂ ਸਰਕਾਰ ਨੇ ਕੁੱਝ ਅਜਿਹੇ ਫੈਕਟਰੀ ਯੂਨਿਟਾਂ ਦੇ ਖਿਲਾਫ ਕਾਰਵਾਈ ਕੀਤੀ ਹੈ, ਪਰ ਇਹ ਮੁੱਖ ਤੌਰ ’ਤੇ ਸੰਕੇਤ ਮਾਤਰ ਹੀ ਹੈ। ਇਸ ਤੋਂ ਬੁਰੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਰਹਿੰਦ-ਖੂੰਹਦ ਤੇ ਗੰਦਮਾਲ ਨੂੰ ਸਮੇਟਣ ਲਈ ਬਦਲਵੇਂ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਹੜੇ ਹੋਰ ਵੀ ਖਤਰਨਾਕ ਹਨ। ਵਿਆਪਕ ਪੱਧਰ ’ਤੇ ਇਹ ਦੋਸ਼ ਲੱਗ ਰਹੇ ਹਨ ਕਿ ਬਹੁਤ ਸਾਰੀਆਂ ਸਨਅਤੀ ਇਕਾਈਆਂ ਨੇ ਇਹ ਜ਼ਹਿਰੀਲੇ ਰਸਾਇਣ ਧਰਤੀ ’ਚ ਗਰਕ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਹੜੇ ਧਰਤੀ ਦੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ।
ਜਿੱਥੋਂ ਤੱਕ ਫੈਕਟਰੀਆਂ ਦੇ ਅਹਾਤਿਆਂ ਦੇ ਅੰਦਰ ਮਜ਼ਦੂਰਾਂ ਦੀ ਸੁਰੱਖਿਆ ਦਾ ਸਬੰਧ ਹੈ, ਬਹੁਤੇ ਯੂਨਿਟ ਸਹੀ ਮਾਪਦੰਡਾਂ ਦੀ ਕਸਵੱਟੀ ’ਤੇ ਪੂਰੇ ਨਹੀਂ ਉੱਤਰਦੇ। ਬੁੱਢੇ ਨਾਲੇ ਦੀ ਕਾਇਆਕਲਪ ਲਈ ਬਣੀ ਸਟੇਟ ਟਾਸਕ ਫੋਰਸ ਦੇ ਸਾਬਕਾ ਮੈਂਬਰ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ, ‘‘ਉਹ ਕਦੇ ਵੀ ਮਾਹਰਾਂ ਤੇ ਇੰਜਨੀਅਰਾਂ ਦੀਆਂ ਸੇਵਾਵਾਂ ਨਹੀਂ ਲੈਂਦੇ। ਜਦ ਵੀ ਕੋਈ ਘਟਨਾ ਵਾਪਰਦੀ ਹੈ, ਪੁਲੀਸ ਤੇ ਪ੍ਰਸਾਸ਼ਨ ਵੱਲੋਂ ਇਸ ਨੂੰ ਘਟਾ ਕੇ ਪੇਸ਼ ਕੀਤਾ ਜਾਂਦਾ ਹੈ। ਰਾਤ ਵੇਲੇ ਫੈਕਟਰੀ ਦੇ ਅੰਦਰ ਕੰਮ ਕਰਦੇ ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਹਨ, ਜਦਕਿ ਫੈਕਟਰੀ ਦੇ ਗੇਟ ਬਾਹਰੋਂ ਬੰਦ ਕੀਤੇ ਹੋਏ ਸਨ।’’ ਗਿੱਲ ਨੇ ਦਰਸਾਇਆ,‘‘.. .. ..ਭਿ੍ਸ਼ਟ ਪ੍ਰਦੂਸ਼ਣ ਕੰਟਰੋਲ ਸਿਸਟਮ ਅਤੇ ਸਿਆਸੀ ਰਸੂਖ ਦੇ ਸਿਰ ’ਤੇ ਸਹੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਬਚ ਨਿੱਕਲਦੇ ਹਨ।’’
ਡਾਕਟਰ ਕਵੀਸ਼ ਕੁਮਾਰ ਜਿਹੜਾ ਆਪਣੇ ਪ੍ਰਵਾਰ ਸਮੇਤ 30 ਅਪ੍ਰੈਲ ਦੀ ਘਟਨਾ ਮਾਰਿਆ ਗਿਆ 28 ਸਾਲ ਪਹਿਲਾਂ ਬਿਹਾਰ ਤੋਂ ਲੁਧਿਆਣੇ ਆਇਆ ਸੀ। ਉਹ ਉਹਨਾਂ ਸੈਂਕੜੇ ਪਰਵਾਸੀਆਂ ਵਿੱਚੋਂ ਹੈ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਲੁਧਿਆਣੇ ਆ ਵਸੇ ਸਨ। ਪਰ ਉਨ੍ਹਾਂ ਨੂੰ ਅਜੇ ਵੀ ਪ੍ਰਵਾਸੀ ਮਜ਼ਦੂਰ ਹੀ ਸਮਝਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਤੋਂ ਇੱਕ ਪ੍ਰਵਾਸੀ ਮਜ਼ਦੂਰ ਉਪੇਂਦਰਾ ਸਿੰਘ ਨੇ ਕਿਹਾ,‘‘ਅਧਿਕਾਰੀ ਸਾਡੀਆਂ ਮੁਸੀਬਤਾਂ ’ਤੇ ਕੰਨ ਨਹੀਂ ਧਰਦੇ, ਕਿਉਕਿ ਸਾਨੂੰ ਬਾਹਰਲਿਆਂ ਵਜੋਂ ਘਿਰਣਾ ਨਾਲ ਦੇਖਿਆ ਜਾਂਦਾ ਹੈ। ਵਾਰਡ ਕੌਂਸਲਰ ਸਿਰਫ ਉਦੋਂ ਹੀ ਸਾਨੂੰ ਸੁਣਦੇ ਹਨ ਜਦ ਹਾਲਤ ਅਸਹਿ ਹੋ ਕੇ ਸਿਰ ਤੋਂ ਟੱਪ ਚੁੱਕੀ ਹੁੰਦੀ ਹੈ।
ਲੁਧਿਆਣੇ ਦੇ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਸਰਵੇ ਅਨੁਸਾਰ ਹਰੇਕ ਚੌਥਾ ਵਿਅਕਤੀ ਗੁਆਂਢੀ ਸੂਬਿਆਂ ਤੋਂ ਪ੍ਰਵਾਸ ਕਰਕੇ ਆਇਆ ਹੋਇਆ ਹੈ। ਬੇਸ਼ੱਕ ਇਹਨਾਂ ਨੂੰ ਭਈਆ ਆਖ ਕੇ ਬੁਲਾਇਆ ਜਾਂਦਾ ਹੈ, ਜਿਸ ਦਾ ਮਤਲਬ ਹੈ ਭਰਾ, ਪਰ ਉਨ੍ਹਾਂ ਨੂੰ ਬਰਾਬਰ ਦੇ ਨਹੀਂ ਸਮਝਿਆ ਜਾਂਦਾ। ਇਸਦੇ ਸੰਬੋਧਨੀ ਅਰਥ ਅਪਮਾਨਜਨਕ ਬਣੇ ਹੋਏ ਹਨ। ਕਿਉਕਿ ਪ੍ਰਵਾਸੀ ਮਜ਼ਦੂਰ ਆਮ ਤੌਰ ’ਤੇ ਆਪਣੇ ਪਿਤਰੀ ਸੂਬੇ ਵਿੱਚ ਵੋਟ ਪਾਉਦੇ ਹਨ, ਸਰਕਾਰ ਨੇ ਉਹਨਾਂ ਪ੍ਰਤੀ ਆਪਣੀ ਜਿੰਮੇਵਾਰੀ ਦਾ ਤਿਆਗ ਕੀਤਾ ਹੋਇਆ ਹੈ। ਇਥੋਂ ਤੱਕ ਕਿ ਮੱਛਰ ਮਾਰਨ ਲਈ ਕੀਟਨਾਸ਼ਕਾਂ ਦਾ ਛਿੜਕਾ, ਪਾਣੀ ਨੂੰ ਜਰਮ ਰਹਿਤ ਕਰਨ ਲਈ ਕਲੋਰੀਨ ਗੋਲੀਆਂ ਜਾਂ ਫਸਟ ਏਡ ਸਹੂਲਤਾਂ ਆਦਿ ਪੱਖੋਂ ਇਨਕਾਰੀ ਰਵੱਈਆ ਹੀ ਰਹਿੰਦਾ ਹੈ।
ਜੇ ਆਮ ਰੂਪ ’ਚ ਗੱਲ ਕਰੀਏ ਲੁਟੇਰੀਆਂ ਜਮਾਤਾਂ ਦੇ ਮੌਜੂਦਾ ਰਾਜ ਹੇਠ ਸਨਅਤੀ ਮਜ਼ਦੂਰਾਂ ਨੂੰ ਸਮਾਜਕ ਅਤੇ ਫੈਕਟਰੀ ਅੰਦਰਲੀ ਜ਼ਿੰਦਗੀ ’ਚ ਅਕਸਰ ਹੀ ਅਜਿਹੀਆਂ ਛੋਟੀਆਂ ਵੱਡੀਆਂ ਘਟਨਾਵਾਂ ਦਾ ਸਾਹਮਣਾ ਹੁੰਦਾ ਰਹਿੰਦਾ ਹੈ, ਜਿਹੜੀਆਂ ਬਹੁਤ ਵਾਰੀ ਜਾਨ-ਲੇਵਾ ਵੀ ਸਾਬਤ ਹੁੰਦੀਆਂ ਹਨ। ਕੋਰੋਨਾ ਮਹਾਂਮਾਰੀ ਦੌਰਾਨ ਹਜ਼ਾਰਾਂ ਮਜ਼ਦੂਰਾਂ ਦੇ ਆਪਣੇ ਪਿਤਰੀ ਸੂਬਿਆਂ ਵੱਲ ਹਜ਼ਾਰਾਂ ਮੀਲ ਲੰਮੇ ਕੂਚ ਅਤੇ ਇਹਨਾਂ ਦੌਰਾਨ ਹੋਈਆਂ ਅਣਗਿਣਤ ਮੌਤਾਂ ਸਮੇਤ ਉਨ੍ਹਾਂ ਵੱਲੋਂ ਝੱਲੀਆਂ ਦੁਸ਼ਵਾਰੀਆਂ, ਅਜੇ ਬੀਤੇ ਕੱਲ੍ਹ ਦੀ ਹੀ ਗੱਲ ਹੈ।
ਮਜ਼ਦੂਰਾਂ ਦੇ ਖੁਦ ਜਥੇਬੰਦ ਨਾ ਹੋਣ ਕਰਕੇ ਅਤੇ ਬਾਹਰੋਂ ਕੋਈ ਸਾਰਥਕ ਹੁੰਗਾਰਾ ਨਾ ਮਿਲਣ ਕਰਕੇ ਆਮ ਤੌਰ ’ਤੇ ਇਹ ਮਾਮਲੇ ਲੁਟੇਰੀਆਂ ਜਮਾਤਾਂ ਦੀਆਂ ਸਰਕਾਰਾਂ/ਪ੍ਰਸਾਸ਼ਨ ਦੀਆਂ ਇਛਾਵਾਂ ਅਨੁਸਾਰ ਹੱਲ ਹੁੰਦੇ ਰਹਿੰਦੇ ਹਨ। ਗਿਆਸਪੁਰੇ ਦੀ ਮੌਜੂਦਾ ਘਟਨਾ ਦੇ ਮਾਮਲੇ ’ਚ ਵੀ ਅਜਿਹਾ ਹੀ ਵਾਪਰਨ ਜਾ ਰਿਹਾ ਹੈ। ਮਿਰਤਕਾਂ ਦੇ ਵਾਰਸਾਂ ਨੂੰ 2-2 ਲੱਖ ਦੀ ਤੁੱਛ ਰਾਹਤ ਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੇ ਐਲਾਨ ਨਾਲ ਇੱਕ ਹਿੱਸੇ ਦਾ ਮੂੰਹ ਬੰਦ ਕਰਨ ਦੇ ਨਾਲ ਨਾਲ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਅਸੰਵੇਦਨਸ਼ੀਲ ਤੇ ਬੇਰੁਖ਼ੀ ਵਾਲਾ ਰਵੱਈਆ ਰੱਖਣ ਵਾਲੇ ਇੱਕ ਸਮਾਜਕ ਹਿੱਸੇ ਦੀ ਜ਼ੁਬਾਨ ’ਚ ਇਹ ਸ਼ਬਦ ਵੀ ਪਾ ਦਿੱਤੇ ਗਏ ਹਨ, ‘ਹੋਰ ਇਨ੍ਹਾਂ ਨੂੰ ਕੀ ਚਾਹੀਦਾ ਸੀ, ਬਥੇਰਾ ਦੇ ਦਿੱਤਾ’ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਸਥਾਨਕ ਫੈਕਟਰੀਆਂ ’ਤੇ ਨਿਕਾਸੀ ਨਾਲੀਆਂ ਵਿੱਚ ਸਨਅਤੀ ਰਸਾਇਣ ਤੇ ਰਹਿੰਦ-ਖੂੰਹਦ ਸੁੱਟਣ ਦਾ ਲਾਇਆ ਦੋਸ਼ ਉਨ੍ਹਾਂ ’ਤੇ ਕਿਸੇ ਕਾਰਵਾਈ ਕਰਨ ਨਾਲੋਂ ਵੱਧ ਭਖੇ ਹੋਏ ਇਸ ਮਾਮਲੇ ’ਤੇ ਠੰਢਾ ਛਿੜਕਣ ਦੀ ਕੋਸ਼ਿਸ਼ ਹੈ। ਤਾਂ ਵੀ ਸਨਅਤਕਾਰਾਂ ਵੱਲੋਂ ਇਸ ਦਾ ਤੁਰੰਤ ਨੋਟਿਸ ਲੈਂਦਿਆਂ ਮੋੜਵਾਂ ਬਿਆਨ ਦਾਗਿਆ ਗਿਆ ਹੈ ਕਿ ਜਿੰਨਾਂ ਚਿਰ ਉਨ੍ਹਾਂ ਦੀ ਸ਼ਮੂਲੀਅਤ ਸਥਾਪਤ ਨਹੀਂ ਹੋ ਜਾਂਦੀ, ਸਥਾਨਕ ਸਨਅਤਕਾਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਜਾਂਚ ਕਮੇਟੀ ਥਾਪ ਦਿੱਤੀ ਗਈ ਹੈ, ਜਿਸ ਦੀ ਰਿਪੋਰਟ ਨੇ ਲੰਮਾ ਸਮਾਂ ਲਮਕਦੇ ਰਹਿਣਾ ਹੈ ਤੇ ਜਦੋਂ ਆਉਣੀ ਹੈ, ਉਦੋਂ ਇਹ ਘਟਨਾ ਦਾ ਕੁੱਝ ਰਹਿਣਾ ਕਿ ਨਹੀਂ , ਕੌਣ ਜਾਣਦਾ ਹੈ! ਉਸ ਤੋਂ ਪਹਿਲਾਂ ਅਧਿਕਾਰੀਆਂ ਕੋਲ ਸਿਰਫ ਇਹੋ ਗੱਲ ਹੋਣੀ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ ਆ ਲੈਣ ਦਿਉ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਇਹ ਕਹਿਣਾ ਸ਼ੁਰੂ ਕਰ ਵੀ ਦਿੱਤਾ ਹੈ,‘‘ਅਸੀਂ ਮੈਜਿਸਟ੍ਰੀਅਲ ਰਿਪੋਰਟ ਅਜੇ ਪਾ੍ਪਤ ਕਰਨੀ ਹੈ।’’
ਸਨਅਤੀ ਮਜ਼ਦੂਰਾਂ ਦੀ ਕੁੱਲ ਜ਼ਿੰਦਗੀ ਤੇ ਵਾਰ ਵਾਰ ਵਾਪਰਦੀਆਂ ਅਜਿਹੀਆਂ ਘਟਨਾਵਾਂ ਉਨ੍ਹਾਂ ਨੂੰ ਜਥੇਬੰਦ ਹੋਣ ਦੀ ਤੱਦੀ ਉਭਾਰਦੀਆਂ ਹਨ। ਅਤੇ ਸੰਘਰਸ਼ਸ਼ੀਲ ਸਮਾਜਕ ਹਿੱਸਿਆਂ, ਖਾਸ ਕਰਕੇ ਆਪਣੇ ਪੱਕੇ ਜੋਟੀਦਾਰ ਕਿਸਾਨਾਂ ਨਾਲ ਸੰਘਰਸ਼ੀ ਸਾਂਝ ਪੈਦਾ ਕਰਨ ਤੇ ਵਧਾਉਣ ਲਈ ਜੋਰਦਾਰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੇ ਗੁਆਂਢੀ ਫਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦੇ ਪਿੰਡ ਮਨਸੂਰਵਾਲ ਵਿੱਚ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਹੀ ਸ਼ਰਾਬ ਫੈਕਟਰੀ ਦੇ ਖਿਲਾਫ ਕਿਸਾਨਾਂ ਦੇ 6 ਮਹੀਨੇ ਲੰਮੇ ਸੰਘਰਸ਼ ਨੂੰ ਯਾਦ ਕਰਨਾ ਅਤੇ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਵਰੀ ਮਹੀਨੇ ਫੈਕਟਰੀ ਬੰਦ ਕਰਨ ਦਾ ਐਲਾਨ ਕਰਨਾ ਪਿਆ ਸੀ।
--0--
No comments:
Post a Comment