ਸੈਂਕੜਿਆਂ ਵਿੱਚੋਂ ਇੱਕ ਕਸ਼ਮੀਰੀ ਪੱਤਰਕਾਰ ਦਾ ਬਿਆਨ
‘‘ ਕਸ਼ਮੀਰ ’ਚ ਪੱਤਰਕਾਰਤਾ ਤਲਵਾਰ ਦੀ ਧਾਰ ’ਤੇ ਤੁਰਨਾ ਹੈ’’
ਇੱਕ ਪੱਤਰਕਾਰ ਆਕਿਬ ਜਾਵੀਦ ਦੀ ਹੱਡਬੀਤੀ ਕਿ ਕਿਵੇਂ ਉਸਨੂੰ ਸਾਇਬਰ ਧੌਂਸਬਾਜੀ ਝੱਲਣੀ ਪਈ ਸੀ ਤੇ ਹਕੀਕੀ ਕਹਾਣੀ ਬਿਆਨਣ ਕਾਰਨ ਪੁਲਿਸ ਤੋਂ ਥੱਪੜ ਤੇ ਧਮਕੀਆਂ ਸਹਿਣੀਆਂ ਪਈਆਂ ਸਨ।
-ਸੰਪਾਦਕ
ਸ੍ਰੀਨਗਰ ਅਗਸਤ 2020 ਵਿਚ ਕਿਸੇ ਵੇਲੇ ‘ਆਰਟੀਕਲ 14’ ਦੇ ਸੰਪਾਦਕ ਵੱਲੋਂ ਮੈਨੂੰ ਇਕ ਰਿਪੋਰਟ ਲਿਖਣ ਦਾ ਕਾਰਜ ਸੌਂਪਿਆ ਗਿਆ। ਮੈਂ ਇਹ ਕੰਮ ਸਵੀਕਾਰ ਕਰ ਲਿਆ ਤੇ ਆਪਣੀ ਖੋਜਬੀਣ ਦੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਟਵਿੱਟਰ ਦੇ ਕੁੱਝ ਸਰਗਰਮ ਵਰਤੋਂਕਾਰ, ਜਿਹੜੇ ਕਸ਼ਮੀਰ ਅੰਦਰ ਵਿਵਾਦਤ ਮਸਲਿਆਂ ’ਤੇ ਟਵੀਟ ਪਾਉਦੇ ਰਹਿੰਦੇ ਸਨ, ਖਾਮੋਸ਼ ਹੋ ਗਏ ਹਨ।
ਇਹ ਤੱਥ ਨਵੇਂ ਨਹੀਂ ਸਨ। ਕਸ਼ਮੀਰ ਅਧਾਰਤ ਇੱਕ ਵੈਬਸਾਈਟ ‘ਦੀ ਕਸ਼ਮੀਰ ਵਾਲਾ’ ਵੀ ਇਸ ਵਿਸ਼ੇ ਉੱਤੇ ਕਾਫੀ ਰੀਪੋਰਟਿੰਗ ਕਰ ਚੁੱਕੀ ਸੀ। ਤੱਥ ਇਹ ਸਨ ਕਿ ਪੁਲਸ ਨੇ 300 ਸੋਸ਼ਲ ਮੀਡੀਆ ਅਕਾਉੂਂਟਾਂ ਦੀ ਪੜਤਾਲ ਕੀਤੀ ਤੇ ਉਹਨਾ ਨੂੰ ‘ਸਾਈਬਰ ਧੌਂਸਬਾਜ’ ਗਰੁੱਪ ਕਿਹਾ ਸੀ।
ਮੈਂ ਇਹਨਾਂ ’ਚੋਂ ਕੁਛ ਦਾ ਪਤਾ ਕੱਢ ਲਿਆ। ਇਹਨਾਂ ਨੇ ਆਪਣੀ ਪਛਾਣ ਨਾ ਨਸ਼ਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਪੁਲਸ ਵੱਲੋਂ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਸੀ, ਧਮਕਾਇਆ ਗਿਆ ਸੀ ਅਤੇ ਸਿਰਫ ਇਹ ਵਾਅਦਾ ਕਰਨ ਤੋਂ ਬਾਅਦ ਛੱਡਿਆ ਗਿਆ ਸੀ ਕਿ ਉਹ ਅੱਗੇ ਤੋਂ ਸਰਕਾਰ ਅਤੇ ਉਸ ਦੀਆਂ ਨੀਤੀਆਂ ਖਿਲਾਫ ਕੋਈ ਪੋਸਟਾਂ ਨਹੀਂ ਪਾਉਣਗੇ। ਜਿਹੜੇ ਟਵੀਟਾਂ ’ਤੇ ਪੁਲਸ ਨੇ ਖਾਸ ਤੌਰ ’ਤੇ ਇਤਰਾਜ਼ ਕੀਤਾ ਸੀ ਉਹ ਧਾਰਾ 370 ਦੇ ਖਾਤਮੇ, ਇਕ ਸਾਲ ਤੋਂ ਵੱਧ ਸਮੇਂ ਤੋਂ ਲਾਗੂ ਇੰਟਰਨੈਟ ਦੀ ਵਰਤੋਂ ’ਤੋ ਰੋਕਾਂ ਅਤੇ ਤਿੰਨ ਕਥਿਤ ‘ਦਹਿਸ਼ਤਗਰਦਾਂ’ ਦੀ ਹਾਲ ਹੀ ਵਿਚ ਕੀਤੀ ਗਈ ਹੱਤਿਆ ਦੇ ਬਾਰੇ ਸਨ ਜਿਹਨਾਂ ਦੇ ਕੁੱਲੀ ਹੋਣ ਬਾਰੇ ਹੁਣ ਫੌਜ ਮੰਨ ਗਈ ਹੈ।
ਪੁਲਸ ਦੇ ਮੱਤ ਨੂੰ ਵੀ ਰਿਕਾਰਡ ਉੱਤੇ ਲਿਆਉਣ ਵਾਸਤੇ ਮੈਂ ਸਾਈਬਰ ਵਿੰਗ ਦੇ ਐਸ.ਪੀ. ਤਾਹਿਰ ਅਸ਼ਰਫ ਭੱਟੀ ਨੂੰ ਫੋਨ ਕੀਤਾ ਅਤੇ 20 ਅਗਸਤ ਨੂੰ ਸ਼ਾਮ 3 ਵਜੇ 11 ਮਿੰਟ ਤੋਂ ਵੀ ਵੱਧ ਗੱਲਬਾਤ ਕੀਤੀ।
ਐਸ.ਪੀ. ਨੇ ਹਲੀਮੀ ਨਾਲ ਗੱਲ ਕੀਤੀ ਤੇ ਆਪਣੇ ਅਫਸਰਾਂ ਵੱਲੋਂ ‘ਸਿਆਸੀ ਟਵੀਟਾਂ’ ਕਰਕੇ ਸ੍ਰੀਨਗਰ ਦੇ ਸਾਈਬਰ ਪੁਲਿਸ ਸਟੇਸ਼ਨ ਵਿਚ ਤਲਬ ਕੀਤੇ ਟਵੀਟਰਾਂ ਦੇ ਸਾਰੇ ਦਾਅਵੇ ਰੱਦ ਕਰ ਦਿੱਤੇ।
ਉਹਨੇ ਕਿਹਾ, ‘‘ਆਪਾਂ ਇਕ ਲੋਕਤੰਤਰੀ ਦੇਸ਼ ਵਿਚ ਰਹਿ ਰਹੇ ਹਾਂ ਤੇ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਸਰਕਾਰ ਦੀ ਅਲੋਚਨਾ ਕਰਨ ਇਉ ਹੀ ਤਾਂ ਲੋਕਤੰਤਰ ਚਲਦਾ ਹੈ’’। ਮੈਂ ਪੂਰੀ ਗੱਲ ਨੂੰ ਰਿਪੋਰਟ ਵਿਚ ਲਿਖਿਆ।
ਮੈਂ ਸਿਆਸਤਦਾਨਾਂ ਨਾਲ ਵੀ ਗੱਲ ਕੀਤੀ। ਉਹਨਾਂ ’ਚੋਂ ਇੱਕ ਰਿਟਾਇਰਡ ਜੱਜ ਸੀ, ਕੁੱਝ ਵਕੀਲ ਸਨ। ਮੋਟੇ ਤੌਰ ’ਤੇ ਮੈਂ ਉਹ ਸਾਰਾ ਕੁੱਝ ਕੀਤਾ ਜੋ ਮੈਨੂੰ ਪੇਸ਼ੇਵਾਰਾਨਾ ਤੌਰ ’ਤੇ ਕਰਨਾ ਚਾਹੀਦਾ ਸੀ। ਮੈਂ ਪਾਰਦਰਸ਼ੀ ਤਰੀਕੇ ਨਾਲ ਰਿਪੋਰਟਿੰਗ ਕੀਤੀ ਤੇ ਹਰ ਸਬੰਧਤ ਵਿਅਕਤੀ ਦੇ ਵਿਚਾਰ ਲਏ। ਇਹ ਸਟੋਰੀ ‘‘ਅਸਲੀ ਸਾਈਬਰ ਧੌਂਸਬਾਜ- ਕਸ਼ਮੀਰ ਪੁਲਸ ਵੱਲੋਂ 2 ਟਵਿਟਰ ਵਰਤੋਂਕਾਰਾਂ ਦੀ ਪੁੱਛਗਿੱਛ’’ ਇੱਕ 2012 ਸਾਲ ਦੀ ਫੋਟੋ ਸਮੇਤ ਛਾਪੀ ਗਈ ਜਿਹੜੀ ਕਿ ਇੱਕ ‘ਕਾਰਗੋ’ ਸੈਂਟਰ ਦੀ ਸੀ ਜੋ ਪਹਿਲਾਂ ਪੁਲਸ ਇੰਟੈਰੋਗੇਸ਼ਨ ਕੇਂਦਰ ਹੁੰਦਾ ਸੀ ਤੇ ਇਸ ਵਿਚ ਸਾਈਬਰ ਪੁਲਸ ਵੀ ਮੌਜੂਦ ਰਹਿੰਦੀ ਰਹੀ ਸੀ।
ਗੂਗਲ ਉੱਤੇ ਸਾਈਬਰ ਪੁਲਸ ਥਾਣੇ ਦੀ ਸਿਰਫ ਇੱਕੋ ਤਸਵੀਰ ਹੈ। ਸੁਰੱਖਿਆ ਕਾਰਨਾਂ ਕਰਕੇ ਕਸ਼ਮੀਰ ਅੰਦਰ ਕਿਸੇ ਥਾਣੇ ਦੀ ਫੋਟੋ ਲੈਣਾ ਅਸੰਭਵ ਹੈ।
ਜਦੋਂ ਇਹ ਸਟੋਰੀ ਛਪੀ ਦਾ ਮੇਰੇ ਸਹਿਕਰਮੀਆਂ ਤੇ ਦੋਸਤਾਂ ਨੇ ਮੈਨੂੰ ਫੋਨ ਕੀਤੇ ਤੇ ਕਿਹਾ ਕਿ ਇਹ ਮਸਲਾ ਪੁਲਸ ਲਈ ਕਾਫੀ ਸੰਵੇਦਨਸ਼ੀਲ ਹੈ ਤੇ ਮੈਨੂੰ ਚੌਕਸ ਰਹਿਣਾ ਚਾਹੀਦਾ ਹੈ। ਮੈਂ ਇਹ ਯਕੀਨੀ ਬਣਾਇਆ ਕਿ ਸੰਪਾਦਕ ਸਾਈਬਰ ਬਰਾਂਚ ਦੇ ਐਸ.ਪੀ. ਦੇ ਕੁਮੈਂਟ ਬਿਨਾਂ ਕੱਟੇ ਅਤੇ ਪ੍ਰਮੁੱਖਤਾ ਨਾਲ ਛਾਪੇ। 18 ਸਤੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਮੈਨੂੰ ਸਾਈਬਰ ਪੁਲਸ ਥਾਣੇ ਵਿੱਚੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਮੇਰਾ ਨਾਂ ਪੁੱਛਿਆ ਅਤੇ ਮੈਨੂੰ ਅਗਲੇ ਦਿਨ ਥਾਣੇ ਪੇਸ਼ ਹੋਣ ਲਈ ਕਿਹਾ। ਜਦੋਂ ਮੈਂ ਕਾਰਨ ਪੁੱਿਛਆ ਤਾਂ ਉਸ ਨੇ ਕਿਹਾ ਕਿ ਇਹ ‘ਆਰਟੀਕਲ 14’ ਵਿਚ ਛਪੀ ਮੇਰੀ ਰਿਪੋਰਟ ਬਾਰੇ ਹੈ। ਕਿਉਕਿ ਮੈਨੂੰ ਇਸ ਗੱਲ ਦੀ ਪੂਰੀ ਤਸੱਲੀ ਸੀ ਕਿ ਮੇਰਾ ਕੰਮ ਪੂਰੀ ਤਰ੍ਹਾਂ ਸੰਤੁਲਤ ਅਤੇ ਸਹੀ ਹੈ, ਮੈਂ ਮੰਨ ਗਿਆ। ਮੈਂ ਇਸ ਬਾਰੇ ਕਸ਼ਮੀਰ ਪ੍ਰੈਸ ਕਲੱਬ ਵਿਚਲੇ ਆਪਣੇ ਸਾਥੀਆਂ ਅਤੇ ‘ਆਰਟੀਕਲ 14’ ਦੇ ਸੰਪਾਦਕ ਨੂੰ ਦੱਸ ਦਿੱਤਾ। ਸੰਮਨ ਜੁਬਾਨੀ ਸਨ। ਲਿਖਤੀ ਕੁੱਝ ਨਹੀਂ ਸੀ।
ਅਗਲੇ ਦਿਨ, ਬਿਨਾਂ ਕਿਸੇ ਡਰ ਦੇ ਮੈਂ ਆਪਣੇ ਘਰ ਬਾਂਦੀਪੋਰਾ ਤੋਂ 66 ਕਿਲੋਮੀਟਰ ਸਫਰ ਕਰਕੇ ਸ੍ਰੀਨਗਰ ਪਹੁੰਚਿਆ। ਕਸ਼ਮੀਰ ਪ੍ਰੈਸ ਕਲੱਬ ਤੋਂ ਮੇਰੇ ਦੋ ਸਾਥੀ ਸ੍ਰੀਨਗਰ ਦੇ ਕਾਰਗੋ ਸੈਂਟਰ ਕੋਲ ਮੈਨੂੰ ਉਡੀਕ ਰਹੇ ਸਨ। ਅਸੀਂ ਅੰਦਰ ਗਏ ਤਾਂ ਸਾਨੂੰ ਦੱਸਿਆ ਗਿਆ ਕਿ ਸਾਈਬਰ ਪੁਲਸ ਸਟੇਸ਼ਨ ਤਾਂ ਸ਼ੇਰਗਾਡੀ ਪੁਲਸ ਸਟੇਸ਼ਨ ਦੀ ਉਤਲੀ ਮੰਜ਼ਲ ’ਤੇ ਹੈ ਜੋ ਕਿ ਕਾਰਗੋ ਸੈਂਟਰ ਦੇ ਬਿਲਕੁਲ ਨਾਲ ਹੀ ਹੈ। ਪਰ ਸਾਈਬਰ ਪੁਲਸ ਦੇ ਐਸ.ਪੀ. ਦਾ ਦਫਤਰ ਕਾਰਗੋ ਸੈਂਟਰ ਵਿਚ ਹੀ ਸੀ।
ਸਵਾ ਗਿਆਰਾਂ ਵਜੇ ਅਸੀਂ ਸਾਈਬਰ ਪੁਲਸ ਥਾਣਾ ਸ਼ੇਰਗਾਡੀ ਗਏ ਅਤੇ ਉੱਥੇ ਮੈਂ ਉਸ ਅਧਿਕਾਰੀ ਨੂੰ ਮਿਲਿਆ ਜਿਸ ਨੇ ਮੈਨੂੰ ਜੁਬਾਨੀ ਬੁਲਾਇਆ ਸੀ। ਉਹ ਨਰਮਾਈ ਨਾਲ ਬੋਲਿਆ। ਉਸ ਨੇ ਕਿਹਾ,‘‘ਇਹ ਸਾਈਬਰ ਪੁਲਸ ਥਾਣਾ ਹੈ। ਤੁਸੀਂ ਕਾਰਗੋ ਸੈਂਟਰ ਦੇ ਪੁਲਸ ਥਾਣਾ ਹੋਣ ਬਾਰੇ ਗਲਤ ਰਿਪੋਰਟਿੰਗ ਕੀਤੀ ਹੈ।’’ ਮੈਂ ਉਹਨੂੰ ਦੱਸਿਆ ਕਿ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਈਬਰ ਥਾਣਾ ਸ਼ੇਰਗਾਡੀ ਤਬਦੀਲ ਹੋ ਗਿਆ ਹੈ। ਇੱਥੋਂ ਤੱਕ ਕਿ ਸ੍ਰੀਨਗਰ ਵਿਚਲੇ ਮੇਰੇ ਸਹਿਕਰਮੀਆਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੈ। ਉਹਨੇ ਮੈਨੂੰ ਕਾਰਗੋ ਸੈਂਟਰ ਜਾਣ ਲਈ ਕਿਹਾ ਤੇ ਉੱਥੇ ਐਸ.ਪੀ ਭੱਟੀ ਨੂੰ ਮਿਲਣ ਲਈ ਕਿਹਾ। ਐਸ.ਪੀ. ਭੱਟੀ ਸਾਈਬਰ ਪੁਲਸ ਦਾ ਮੁਖੀ ਹੈ ਅਤੇ ਵਾਦੀ ਅੰਦਰ ਬਗਾਵਤ ਵਿਰੋਧੀ ਅਪ੍ਰੇਸ਼ਨਾਂ ਦੀ ਕਮਾਂਡ ਉਹਦੇ ਹੱਥ ਹੈ।
ਜਦੋਂ ਅਸੀਂ ਕਾਰਗੋ ਸੈਂਟਰ ਵਿੱਚ ਦਾਖਲ ਹੋਏ ਤਾਂ ਸਾਡੇ ਫੋਨ ਲੈ ਲਏ ਗਏ। ਸਾਡੀ ਚੰਗੀ ਤਰ੍ਹਾਂ ਤਲਾਸ਼ੀ ਹੋਈ ਅਤੇ ਫਿਰ ਸਾਨੂੰ ਅੱਗੇ ਜਾਣ ਦਿੱਤਾ ਗਿਆ। ਸਾਨੂੰ ਇੱਕ ਕਮਰੇ ਵਿਚ ਉਡੀਕਣ ਲਈ ਕਿਹਾ ਗਿਆ। ਕੁੱਝ ਸਮੇਂ ਬਾਅਦ ਇਕ ਪੁਲਸ ਵਾਲੇ ਨੇ ਮੈਨੂੰ ਆਪਣੇ ਨਾਲ ਚੱਲਣ ਲਈ ਕਿਹਾ ਅਤੇ ਮੇਰੇ ਸਾਥੀਆਂ ਨੂੰ ਕਮਰੇ ਵਿਚ ਹੀ ਉਡੀਕਣ ਲਈ ਕਿਹਾ। ਹੁਣ ਮੈਨੂੰ ਘਬਰਾਹਟ ਹੋ ਰਹੀ ਸੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਕੁੱਝ ਗਲਤ ਹੈ। ਜਦੋਂ ਮੈਂ ਲਾਂਘੇ ’ਚੋਂ ਗੁਜ਼ਰ ਰਿਹਾ ਸੀ ਤਾਂ ਮੇਰਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ।
ਜਦੋਂ ਮੈਂ ਐਸ.ਪੀ. ਦੇ ਕਮਰੇ ਕੋਲ ਪਹੁੰਚਿਆ ਤਾਂ ਮੈਂ ਆਪਣੀ ਸੁਰੱਖਿਆ ਲਈ ਅਰਦਾਸ ਕੀਤੀ। ਮੇਰੇ ਨਾਲ ਵਾਲਾ ਪੁਲਸ ਵਾਲਾ ਅੰਦਰ ਚਲਾ ਗਿਆ।
ਮੈਂ ਆਪਣੇ ਵੱਲ ਆਉਦੇ ਕਦਮਾਂ ਦੀ ਆਵਾਜ਼ ਸੁਣੀ ਤੇ ਜਦੋਂ ਮੈ ਦੇਖਣ ਲਈ ਮੁੜਿਆ ਤਾਂ ਇਕ ਨਕਾਬਪੋਸ਼ ਪੁਲਸ ਵਾਲੇ ਨੇ ਮੇਰੀ ਖੱਬੀ ਗੱਲ੍ਹ ਉੱਤੇ ਕਸ ਕੇ ਥੱਪੜ ਮਾਰਿਆ। ਉਹਦੀ ਆਵਾਜ਼ ਤੋਂ ਉਹ ਸਥਾਨਕ ਬੰਦਾ ਲਗਦਾ ਸੀ। ਉਸ ਨੇ ਪੁੱਛਿਆ, ‘‘ਕਿਸ ਲੀਏ ਆਇਆ ਹੈ ਤੂ?’’ ਜਦੋਂ ਮੈਂ ਥੱਪੜ ਦੇ ਸਦਮੇ ’ਚੋਂ ਬਾਹਰ ਆਇਆ ਤਾਂ ਕਿਹਾ,‘‘ ਮੈਨੂੰ ਐਸ.ਪੀ. ਸਾਹਿਬ ਨੇ ਬੁਲਾਇਆ ਹੈ।’’ ਉਹਨੇ ਮੇਰੇ ਇੱਕ ਹੋਰ ਜ਼ੋਰਦਾਰ ਥੱਪੜ ਮਾਰਿਆ ਤੇ ਚਲਾ ਗਿਆ।
ਇਹ ਪਹਿਲੀ ਵਾਰ ਸੀ ਜਦੋਂ ਮੇਰੇ ਮਾਰਿਆ ਗਿਆ ਹੋਵੇ। ਜਦੋਂ ਮੈਂ ਉੱਥੇ ਸਦਮੇ ਵਿਚ ਗਲੇਫਿਆ ਖੜ੍ਹਾ ਸੀ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਮਾੜਾ ਮੋਟਾ ਆਪਣਾ ਮਨ ਸਮਝਾਇਆ ਕਿ ਇਹ ਮਾਰ ਕਸ਼ਮੀਰ ਵਿੱਚ ਪੱਤਰਕਾਰੀ ਦੀ ਕੀਮਤ ਹੈ। ਮੈਂ ਇਹ ਡਰਾਏ ਧਮਕਾਏ ਜਾਣ ਵਾਲਾ ਪਹਿਲਾ ਨਹੀਂ ਸਾਂ। ਹੋਰਾਂ ਉੱਪਰ ਤਾਂ ਕੇਸ ਵੀ ਦਰਜ ਸਨ।
ਇੱਕ ਹੋਰ ਪੁਲਸ ਵਾਲੇ ਨੇ ਮੈਨੂੰ ਐਸ.ਪੀ. ਦੇ ਦਫਤਰ ਵਿਚ ਦਾਖਲ ਹੋਣ ਲਈ ਕਿਹਾ। ਮੈਂ ਝੰਜੋੜਿਆ ਹੋਇਆ ਅੰਦਰ ਗਿਆ, ਮੇਰਾ ਹੱਥ ਹਾਲੇ ਵੀ ਮੇਰੀ ਮੱਚ ਰਹੀ ਖੱਬੀ ਗੱਲ੍ਹ ਉੱਤੇ ਸੀ ਤੇ ਮਨ ਵਿਚ ਵਾਰੀ ਵਾਰੀ ਇਹੋ ਗੱਲ ਆ ਰਹੀ ਸੀ, ‘‘ਉਹ ਮੇਰੇ ਨਾਲ ਇਉ ਕਿਵੇਂ ਕਰ ਸਕਿਆ?’’ ਮੈਂ ਅੰਦਰ ਵੜਿਆ ਤਾਂ ਐਸ.ਪੀ. ਭੱਟੀ ਨੇ ਪੁੱਛਿਆ, ‘‘ਕੌਣ ਹੈਂ ਤੂੰ?’’
ਮੈਂ ਉਹਨੂੰ ਹੌਲੀ ਹੌਲੀ ਦੱਸਿਆ, ‘‘ਮੈਂ ਆਕਿਬ ਹੂੰ, ਆਪ ਨੇ ਬੁਲਾਇਆ।’’ ਉਹ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ ਤੇ ਕਿਹਾ,‘‘ਤੂੰ ਆਏਂ ਕਿਵੇਂ ਲਿਖ ਦਿੱਤਾ ਕਿ ਸਾਈਬਰ ਪੁਲਸ ਲੋਕਾਂ ਨੂੰ ਦਬਕਾ ਰਹੀ ਹੈ? ਉਸ ਨੇ ਜਵਾਬ ਮੰਗਿਆ ਕਿ ਮੈਂ ਕਾਰਗੋ ਸੈਂਟਰ ਦੀ ਫੋਟੋ ਕਿਉ ਵਰਤੀ, ਜਦੋਂ ਕਿ ਸਾਈਬਰ ਪੁਲਸ ਥਾਣਾ ਨਹੀਂ ਹੈ ਅਤੇ ਕਿਉ ਮੈਂ ਮਨਘੜਤ ਕਹਾਣੀ ਲਿਖੀ।
ਉਹਨੇ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ’ਤੇ ਚੀਕਦਾ ਰਿਹਾ, ‘‘ਅਬ ਮੈਂ ਤੁਝੇ ਦਿਖਾਊਂਗਾ ਸਾਲੇ।’’
‘‘ਬੁਲਾਓ ਸਿਟੀ ਪੁਲਸ ਕੋ!’’ ਉਹਨੇ ਦਰਵਾਜੇ ’ਤੇ ਖੜ੍ਹੇ ਪੁਲਸ ਵਾਲੇ ਨੂੰ ਕਿਹਾ।
ਮੈਂ ਐਸ.ਪੀ. ਨੂੰ ਦੱਸਿਆ ਕਿ ਸਟੋਰੀ ਤੱਥਾਂ ’ਤੇ ਅਧਾਰਤ ਹੈ, ਪਰ ਫੋਟੋ ਅਤੇ ਹੈੱਡਲਾਈਨ ਮੇਰਾ ਨਹੀਂ ਸੰਪਾਦਕ ਦਾ ਕੰਮ ਹੈ।
‘‘ਨਹੀਂ ਇਹ ਜਾਅ੍ਹਲੀ ਅਤੇ ਆਧਾਰਹੀਣ ਸਟੋਰੀ ਹੈ। ਕਸ਼ਮੀਰ ਤੇਰੇ ਵਰਗੇ ਲੋਕਾਂ ਕਰਕੇ ਬਲ ਰਿਹੈ, ਜਿਹੜੇ ਝੂਠੀਆਂ ਗੱਲਾਂ ਫੈਲਾਉਦੇ ਨੇ।’’ ਉਹਨੇ ਕਿਹਾ ਮੈਂ ਸਾਈਬਰ ਪੁਲਸ ਦੀ ਦਿੱਖ ਖਰਾਬ ਕੀਤੀ ਹੈ ਅਤੇ ਉਹਨੇ ਮੈਨੂੰ ਕਈ ਧਾਰਾਵਾਂ ਪਾਉਣ ਦਾ ਡਰਾਵਾ ਦਿੱਤਾ।
ਮੈਂ ਡੂੰਘੇ ਸਦਮੇ ਵਿਚ ਸੀ ਤੇ ਹੈਰਾਨ ਹੋ ਰਿਹਾ ਸੀ ਕਿ ਇਹ ਕੀ ਵਾਪਰ ਰਿਹਾ ਹੈ। ਮੈਨੂੰ ਯਾਦ ਆਉਦਾ ਹੈ ਕਿ ਮੈਂ ਸੋਚ ਰਿਹਾ ਸੀ ਕਿ ਮੇਰੇ ਵੱਲੋਂ ਕਸ਼ਮੀਰੀ ਪੁਲਸ -ਜੋ ਕਿ ਕਸ਼ਮੀਰ ਦਾ ਬੇਹੱਦ ਤਾਕਤਵਰ ਅਦਾਰਾ ਹੈ-ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਵੀ ਕਿਹੋ ਜਿਹੀ ਬੇਹੂਦਾ ਗੱਲ ਹੋਣੀ ਸੀ।
ਮੈਂ ਮੱਧਵਰਗੀ ਪਰਿਵਾਰ ’ਚੋਂ ਹਾਂ। ਅਸੀਂ ਘਰੇ ਕਦੇ ਵੀ ਕਸ਼ਮੀਰ ਦੀ ਸਿਆਸਤ ’ਤੇ ਚਰਚਾ ਨਹੀਂ ਕਰਦੇ ਕਿਉਕਿ ਮੇਰਾ ਪਰਿਵਾਰ ਇਹ ਨਹੀਂ ਚਾਹੁੰਦਾ। ਮੈਨੂੰ ਯਕੀਨ ਸੀ ਕਿ ਮੈਂ ਬਸ ਪੱਤਰਕਾਰ ਵਜੋਂ ਆਪਣਾ ਕੰਮ ਕੀਤਾ ਹੈ ਅਤੇ ਸਭ ਤੋਂ ਸੰਤੁਲਤ ਤਰੀਕੇ ਨਾਲ ਤੇ ਉਸ ਸਭ ਕਾਸੇ ਦੀ ਪਾਲਣਾ ਕਰਦੇ ਹੋਏ ਜੋ ਮੈਂ ਚੰਗੀ ਤਰ੍ਹਾਂ ਅਤੇ ਸਾਫ ਸੁਥਰੀ ਪੱਤਰਕਾਰੀ ਬਾਰੇ ਸਿੱਖਿਆ ਸੀ, ਰਿਪੋਰਟ ਲਿਖੀ ਹੈ।
ਜਦੋਂ ਐਸ.ਪੀ. ਆਪਣੀ ਗਾਲ੍ਹਾਂ ਦੀ ਬੁਛਾੜ ਜਾਰੀ ਰੱਖ ਰਿਹਾ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਕੰਬਣ ਲੱਗਿਆ ਹਾਂ। ਮੈਂ ਉਹਨੂੰ ਫੇਰ ਕਿਹਾ ਕਿ ਰਿਪੋਰਟ ਸੱਚੀ ਸੀ ਤੇ ਤੱਥਾਂ ’ਤੇ ਅਧਾਰਤ ਸੀ ਅਤੇ ਸਿਰਲੇਖ ਅਤੇ ਫੋਟੋ ਬਾਰੇ ਫੈਸਲਾ ਸੰਪਾਦਕ ਨੇ ਲਿਆ ਸੀ।
‘‘ਹੁਣੇ ਬੁਲਾ ਸੰਪਾਦਕ ਨੂੰ।’’ ਮੇਰਾ ਫੋਨ ਮੈਨੂੰ ਦਿੰਦੇ ਹੋਏ ਭੱਟੀ ਨੇ ਕਿਹਾ। ਏਨੇ ਚਿਰ ਵਿਚ ਮੇਰੇ ਦੋਨਾਂ ਸਾਥੀਆਂ ਨੂੰ ਵੀ ਅੰਦਰ ਬੁਲਾ ਲਿਆ ਗਿਆ ਸੀ। ਐਸ.ਪੀ. ਨੇ ਉਹਨਾਂ ਨੂੰ ਦੱਸਿਆ ਕਿ ਉਹਨੂੰ ਰਿਪੋਰਟ ਨਾਲ ਕੀ ਸਮੱਸਿਆ ਸੀ। ਲੱਗਭੱਗ 20 ਮਿੰਟ ਗੱਲਬਾਤ ਚੱਲੀ। ਮੇਰੇ ਸਹਿਕਰਮੀਆਂ ਨੇ ਵੀ ਉਸ ਨੂੰ ਦੱਸਿਆ ਕਿ ਫੋਟੋ ਅਤੇ ਹੈਡਲਾਈਨਾਂ ਬਾਰੇ ਫੈਸਲਾ ਪੱਤਰਕਾਰਾਂ ਦਾ ਨਹੀਂ ਹੁੰਦਾ।
ਮੈਂ ‘ਆਰਟੀਕਲ 14’ ਦੇ ਸੰਪਾਦਕ ਅਤੇ ਸਹਿਬਾਨੀ ਸਮਰ ਹਲਰਨਕਰ ਨੂੰ ਫੋਨ ਕੀਤਾ। ਉਹਨੇ ਐਸ.ਪੀ. ਨਾਲ ਗੱਲ ਬਾਤ ਕੀਤੀ ਤੇ ਲਗਦਾ ਸੀ ਕਿ ਰਿਪੋਰਟ ਨੂੰ ਲੈ ਕੇ ਕੁੱਝ ਬਹਿਸ ਹੋ ਰਹੀ ਹੈ।
ਸੰਪਾਦਕ ਨਾਲ ਗੱਲਬਾਤ ਖਤਮ ਹੋਣ ਤੋਂ ਬਾਅਦ ਐਸ.ਪੀ. ਨੇ ਕਿਹਾ ਕਿ ਉਹ ਸਾਨੂੰ ਸਟੋਰੀ ਬਾਰੇ ਫੈਸਲਾ ਲੈਣ ਲਈ ਪੰਜ ਮਿੰਟ ਦਿੰਦਾ ਹੈ।
ਮੈਂ ਆਪਣੇ ਸਾਥੀਆਂ ਨੂੰ ਦੱਸਿਆ ਕਿ ਉਹਨੂੰ ਹੈਡਲਾਈਨ, ਫੋਟੋ ਅਤੇ ਕਾਰਗੋ ਪੁਲਸ ਸਟੇਸ਼ਨ ਨੂੰ ਸਾਈਬਰ ਪੁਲਿਸ ਸਟੇਸ਼ਨ ਕਹੇ ਜਾਣ ਉੱਤੇ ਇਤਰਾਜ਼ ਹੈ। ਮੈਂ ਦੁਹਰਾਇਆ ਕਿ ਸਟੋਰੀ ਸਬੰਧੀ ਕੋਈ ਸਮੱਸਿਆ ਨਹੀਂ। ਮੇਰੇ ਸਾਥੀਆਂ ਨੇ ਕਿਹਾ ਕਿ ਮੈਂ ਜੋ ਵੀ ਫੈਸਲਾ ਕਰਾਂ, ਉਹ ਸਾਥ ਦੇਣਗੇ।
ਮੈਂ ਭੱਟੀ ਨੂੰ ਦੱਸਿਆ ਕਿ ਅਸੀਂ ਸੰਪਾਦਕ ਨੂੰ ਬੇਨਤੀ ਕਰਾਂਗੇ ਕਿ ਉਹ ਸਿਰਲੇਖ ਬਦਲ ਦੇਵੇ ਅਤੇ ਕਾਰਗੋ ਸੈਂਟਰ ਦੀ ਫੋਟੋ ਹਟਾ ਦੇਵੇ। ਉਹਨੇ ਮੰਗ ਕੀਤੀ ਕਿ ਫੋਟੋ ਬਾਰੇ ਇਕ ਨੋਟ ਲਿਖਿਆ ਜਾਵੇ ਅਤੇ ‘ਆਰਟੀਕਲ 14’ ਦੇ ਅਕਾਊਂਟ ਤੋਂ ਟਵੀਟ ਕੀਤਾ ਜਾਵੇ। ‘‘ਹੁਣੇ ਕਰੋ ਇਹ।’’ ਉਸ ਨੇ ਹੁਕਮ ਚਾੜ੍ਹਿਆ।
ਮੈਂ ਸੰਪਾਦਕ ਨੂੰ ਫੋਨ ਕੀਤਾ ਤੇ ਉਹਨੇ ਫਟਾ-ਫੱਟ ਫੋਟੋ ਬਾਰੇ ਨੋਟ ਲਿਖ ਕੇ ਟਵਿੱਟਰ ’ਤੇ ਪਾ ਦਿੱਤਾ। ਉਹ ਸਿਰਲੇਖ ਦੀ ਬਦਲੀ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੀ ਹਾਲਤ ਦੇ ਮੱਦੇਨਜ਼ਰ ਉਹ ਸਹਿਮਤ ਹੋ ਗਿਆ। ਅਸੀਂ ਰਿਪੋਰਟ ਨੂੰ ਝੂਠੀ ਅਤੇ ਬੇਬੁਨਿਆਦ ਮੰਨਣੋਂ ਇਨਕਾਰ ਕਰ ਦਿੱਤਾ, ਜਿਸ ’ਤੇ ਕਿ ਐਸ.ਪੀ. ਜ਼ੋਰ ਪਾ ਰਿਹਾ ਸੀ।
ਮੇਰਾ ਫੋਨ ਬਿਨਾ ਕੋਈ ਕਾਰਨ ਦੱਸੇ ਇਕ ਪੁਲਸ ਵਾਲੇ ਨੇ ਲੈ ਲਿਆ। ਫੇਰ ਐਸ.ਪੀ. ਨੇ ਮੈਨੂੰ ਕਿਹਾ ਕਿ ਉਹਨੇ ਇਸ ਸੰਸਥਾ ਲਈ ਆਪਣਾ ਖੂਨ ਪਸੀਨਾ ਵਹਾਇਆ ਹੈ ਤੇ ਉਹ ਇਹਨੂੰ ਕਿਸੇ ਵੱਲੋਂ ਬਦਨਾਮ ਨਹੀਂ ਕਰਨ ਦੇਵੇਗਾ।
ਮੈਂ ਕਿਹਾ ਕਿ ਮੇਰੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਤੇ ਜੇਕਰ ਉਹਨੂੰ ਦੁੱਖ ਲੱਗਿਆ ਹੈ ਤਾਂ ਮੈਨੂੰ ਖੇਦ ਹੈ। ਮੈਂ ਗੱਲਬਾਤ ਦੇ ਦੌਰਾਨ ਅਨੇਕਾਂ ਵਾਰ ਉਸ ਨੂੰ ਠੰਢਾ ਕਰਨ ਲਈ ਮਾਫੀ ਮੰਗਦਾ ਰਿਹਾ। ਮੈਂ ਡਰਿਆ ਹੋਇਆ ਸੀ ਤੇ ਇੱਥੋਂ ਜਲਦੀ ਤੋਂ ਜਲਦੀ ਨਿੱਕਲਣ ਬਾਰੇ ਹੀ ਸੋਚ ਰਿਹਾ ਸੀ। ਮੇਰੇ ਸਾਥੀਆਂ ਨੇ ਮੈਨੂੰ ਤਕੜੇ ਰਹਿਣ ਦੀ ਬੇਨਤੀ ਕੀਤੀ।
ਪੰਜ ਘੰਟੇ ਦੇ ਮੁਸ਼ਕਲ ਸਮੇਂ ਤੋਂ ਬਾਅਦ ਮੈਨੂੰ ਇੱਕ ਪੱਤਰ ’ਤੇ ਸਾਈਨ ਕਰਨ ਨੂੰ ਕਿਹਾ ਗਿਆ ਤੇ ਮੈਨੂੰ ਮੇਰਾ ਫੋਨ ਮੋੜ ਦਿੱਤਾ ਗਿਆ। ਉਹਨਾਂ ਨੇ ਮੇਰਾ ਪ੍ਰੈੱਸ ਦਾ ਸ਼ਨਾਖਤੀ ਕਾਰਡ ਲਿਆ ਤੇ ਸ਼ਾਇਦ ਫੋਟੋ ਕਾਪੀ ਕਰਾ ਕੇ ਵਾਪਸ ਕਰ ਦਿੱਤਾ।
ਮੈਂ ਬਾਅਦ ਵਿਚ ਫੋਨ ਦੇ ਅਗਲੇ ਤੇ ਪਿਛਲੇ ਪਾਸੇ ਦੋ ਚਿੱਟੀਆਂ ਟੇਪਾਂ ਚਿਪਕੀਆਂ ਹੋਈਆਂ ਦੇਖੀਆਂ ਤੇ ਪਤਾ ਲੱਗਿਆ ਕਿ ਬਹੁਤ ਸਾਰੀਆਂ ਐਪਸ ਖੁੱਲ੍ਹ ਨਹੀਂ ਰਹੀਆਂ। ਹੁਣ ਫੋਨ ਤੇ ਵਟਸ ਅੱਪ ਦੋਨੋਂ ਹੀ ਪਾਸਵਰਡ ਤੋਂ ਬਿਨਾਂ ਖੁੱਲ੍ਹ ਰਹੇ ਸਨ। ਜਦੋਂ ਮੈਂ ਪੁਲਸ ਥਾਣੇ ਵਿਚ ਸੀ ਤਾਂ ਜਿਹੜੇ ਪੁਲਸ ਵਾਲੇ ਨੇ ਮੈਥੋਂ ਫੋਨ ਲਿਆ ਸੀ, ਉਹਨੇ ਮੈਨੂੰ ਐਡਰੈੱਸ ਬੁੱਕ ਵਿੱਚੋਂ ਐਸ.ਪੀ. ਦੀ ਕਨਟੈਕਟ ਡੀਟੇਲ ਖੋਲ੍ਹ ਕੇ ਦੇਣ ਲਈ ਕਿਹਾ ਸੀ, ਜੋ ਕਿ ਮੈਂ ਦੇ ਦਿੱਤੀ ਸੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ 20 ਅਗਸਤ ਨੂੰ ਐਸ.ਪੀ. ਭੱਟੀ ਨਾਲ ਹੋਈ ਗੱਲਬਾਤ ਦੀ ਕਾਲ ਰਿਕਾਰਡ ਡਿਲੀਟ ਹੋ ਚੁੱਕੀ ਹੈ।
ਸਾਨੂੰ ਦੁਬਾਰਾ ਸਾਈਬਰ ਪੁਲਸ ਥਾਣੇ ਜਾਣ ਲਈ ਕਿਹਾ ਗਿਆ ਅਤੇ ਅਸੀਂ ਫਿਰ ਉਸ ਅਧਿਕਾਰੀ ਨੂੰ ਮਿਲੇ ਜੀਹਨੇ ਸਾਨੂੰ ਬੁਲਾਇਆ ਸੀ।
‘‘ਤੁਹਾਡੀ ਸਟੋਰੀ ਸੱਚਮੁੱਚ ਨਿਰਾਸ਼ ਕਰਨ ਵਾਲੀ ਸੀ’’। ਉਹਨੇ ਨਰਮਾਈ ਨਾਲ ਕਿਹਾ। ‘‘ਤੁਸੀਂ ਕਿਸੇ ਦਿਨ ਆਓ ਤੇ ਦੇਖੋ ਅਸੀਂ ਲੋਕਾਂ ਲਈ ਕਿੰਨਾ ਕੰਮ ਕਰਦੇ ਹਾਂ। ਫੇਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕੀਤਾ ਹੈ।’’
ਮੈਂ ਕਿਹਾ ਮੈਂ ਕੁੱਝ ਵੀ ਗਲਤ ਨਹੀਂ ਕੀਤਾ। ਮੈਂ ਸਿਰਫ ਆਪਣਾ ਕੰਮ ਕੀਤਾ ਹੈ। ਸਾਨੂੰ ਜਾਣ ਦਿੱਤਾ ਗਿਆ। ਇਹ ਲਗਭਗ ਸ਼ਾਮ ਦੇ 4 ਵਜੇ ਦਾ ਸਮਾਂ ਸੀ।
ਇਸ ਤਜਰਬੇ ਨੇ ਮੈਨੂੰ ਭੈਭੀਤ, ਵਿਚਲਿਤ ਤੇ ਨਰਵਸ ਕਰ ਦਿੱਤਾ। ਮੈਂ ਉਹਨਾਂ ਦੀ ਸਰੀਰਕ ਕੁੱਟ-ਮਾਰ ਤੇ ਗਾਲੀ ਗਲੋਚ ਦਾ ਡਰਾਇਆ ਲਗਭਗ ਸਾਰੀ ਰਾਤ ਜਾਗਦਾ ਰਿਹਾ।
ਮੇਰੇ ਕਈ ਦੋਸਤਾਂ ਨੇ ਮੈਨੂੰ ਉਦੋਂ ਈ ਬੋਲਣ ਦੀ ਸਲਾਹ ਦਿੱਤੀ। ਪਰ ਮੈਂ ਨਹੀਂ ਬੋਲਿਆ। ਇੱਕ ਵਾਰ ਮੈਨੂੰ ਲੱਗਿਆ ਕਿ ਮੈਂ ਇਹਨੂੰ ਆਪਣੇ ਦਿਲ ਵਿੱਚ ਹੀ ਦੱਬ ਲਵਾਂ ਤੇ ਮੌਨ ਰਹਾਂ। ਪਰ ਫੇਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਚੁੱਪ ਨੇ ਇਕ ਮਿਸਾਲ ਬਣ ਜਾਣਾ ਹੈ ਅਤੇ ਪੁਲਸ ਨੂੰ ਹੋਰਨਾਂ ਪੱਤਰਕਾਰਾਂ ਨਾਲ ਵੀ ਇਉ ਵਰਤਾਅ ਕਰਨ ਲਈ ਦਲੇਰੀ ਦੇਣੀ ਹੈ। ਤਾਂ ਮੈਂ ਇਹ ਲਿਖ ਰਿਹਾ ਹਾਂ, ਆਪਣੇ ਲਈ ਤੇ ਆਪਣੇ ਸਹਿਕਰਮੀਆਂ ਲਈ, ਜਿਹੜੇ ਅਕਸਰ ਤਲਵਾਰ ਦੀ ਧਾਰ ’ਤੇ ਤੁਰਦੇ ਹਨ। ਕਸ਼ਮੀਰ ’ਚ ਪੱਤਰਕਾਰਤਾ ਇਹੀ ਹੈ।
ਮੈਨੂੰ ਪਤਾ ਹੈ ਕਿ ਏਸ ਗੱਲ ਨੇ ਐਸ.ਪੀ. ਨੂੰ ਫੇਰ ਰੋਹ ਵਿਚ ਲਿਆ ਦੇਣਾ ਹੈ ਪਰ ਮੈਂ ਸ਼ਰਮਿੰਦਗੀ ਨਾਲ ਤੇ ਇਸ ਸਚਾਈ ਨਾਲ ਕਿ ਮੈਨੂੰ ਬਿਨਾਂ ਕਾਰਨ ਅਤੇ ਗੈਰਕਾਨੂੰਨੀ ਤੌਰ ’ਤੇ ਮਾਰਿਆ ਗਿਆ, ਨਹੀਂ ਰਹਿ ਸਕਦਾ।
ਮੈਂ ਸਾਈਬਰ ਪੁਲਸ ਦੇ ਐਸ.ਪੀ. ਤੋਂ ਪੁੱਛਣਾ ਚਾਹੁੰਦਾ ਹਾਂ-ਮੈਨੂੰ ਕਿਸ ਕਾਨੂੰਨ ਤਹਿਤ ਜ਼ੁਬਾਨੀ ਕਲਾਮੀ ਬੁਲਾਇਆ ਗਿਆ, ਗਾਲ੍ਹਾਂ ਕੱਢੀਆਂ ਗਈਆਂ ਤੇ ਥੱਪੜ ਮਾਰੇ ਗਏ? ਇਸ ਸਭ ਕਾਸੇ ਦਾ ਮੇਰੀ ਮਾਂ ਅਤੇ ਭੈਣ ਨਾਲ ਕੀ ਲੈਣਾ ਦੇਣਾ ਸੀ? ਮੈਂ ਤੁਹਾਡੇ ਨਾਲ ਗੱਲ ਕੀਤੀ ਅਤੇ ਤੁਹਾਡੀ ਕਹੀ ਗੱਲ ਲਿਖੀ। ਜੇ ਤੁਹਾਡੀ ਕਿਸੇ ਚੀਜ਼ ਨਾਲ ਅਸਹਿਮਤੀ ਸੀ ਤਾਂ ਤੁਸੀਂ ਮੇਰੀ ਗੱਲ ਕੱਟ ਸਕਦੇ ਸੀ। ਕੀ ਮੀਡੀਆ ਨਾਲ ਤੁਹਾਡਾ ਰਿਸ਼ਤਾ ਇਉ ਹੀ ਨਹੀਂ ਹੋਣਾ ਚਾਹੀਦਾ? ’’
ਮੈਨੂੰ ਨਹੀਂ ਪਤਾ ਅੱਗੇ ਕੀ ਹੋਵੇਗਾ। ਮੈਂ ਇਹ ਬੇਹੱਦ ਡਰ ਵਿੱਚ ਲਿਖ ਰਿਹਾ ਹਾਂ। ਮੈਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ। ਕਸ਼ਮੀਰ ਵਿਚ ਕੁੱਝ ਵੀ ਹੋ ਸਕਦਾ ਹੈ ਪਰ ਮੈਨੂੰ ਇੱਕ ਗੱਲ ਦਾ ਪੱਕਾ ਪਤਾ ਹੈ-ਮੈਂ ਆਪਣੀ ਰਿਪੋਰਟ ’ਤੇ ਕਾਇਮ ਹਾਂ।
( ਅੰਗਰੇਜ਼ੀ ਤੋਂ ਅਨੁਵਾਦ)
No comments:
Post a Comment