ਭਾਜਪਾ ਵਿਰੋਧੀ ਪਾਰਟੀਆਂ ਦੀ ਗੱਠਜੋੜ ਕਸਰਤ
ਕੇਂਦਰੀ ਹਕੂਮਤੀ ਕੁਰਸੀ ਤੋਂ ਪਾਸੇ ਦੀਆਂ 15 ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ 2024 ਦੀਆਂ ਚੋਣਾਂ ’ਚ ਸੱਤਾ ਤੋਂ ਲਾਂਭੇ ਕਰਨ ਲਈ ਰਲਕੇ ਚੋਣਾਂ ਲੜਨ ਦੀ ਵਿਉਂਤਬੰਦੀ ਲਈ ਮੀਟਿੰਗਾਂ ਦਾ ਸਿਲਸਿਲਾ ਆਖਰ ਸ਼ੁਰੂ ਕਰ ਲਿਆ ਹੈ। ਕੇਂਦਰੀ ਹਕੂਮਤੀ ਕੁਰਸੀ ’ਤੇ ਬਿਰਾਜਮਾਨ ਹੋਣਾ ਚਾਹੁੰਦੀਆਂ ਇਹਨਾਂ ਹਾਕਮ ਜਮਾਤੀ ਵੋਟ ਪਾਰਟੀਆਂ ਦੀ ਇਹ ਮੌਕਾਪ੍ਰਸਤ ਸਾਂਝ ਸਿਰਫ ਤੇ ਸਿਰਫ ਇਸ ਅਧਾਰ ’ਤੇ ਹੈ ਕਿ ਇਹ ਸਭ ਭਾਜਪਾ ਤੋਂ ਕੁਰਸੀ ਖੋਹਣ ਦੀ ਕੁੱਕੜ ਖੋਹੀ ’ਚ ਸ਼ਾਮਲ ਹਨ ਤੇ ਭਾਜਪਾ ਦੇ ਹਿੰਦੂਤਵੀ ਫਾਸ਼ੀਵਾਦੀ ਵੋਟ ਰਥ ਦੇ ਸਾਹਮਣੇ ਇੱਕਲੀਆਂ-ਇੱਕਲੀਆਂ ਬੇਵਸ ਤੇ ਲਾਚਾਰ ਮਹਿਸੂਸ ਕਰਦੀਆਂ ਹਨ ਤੇ ਹੁਣ ਬੇਵਸੀ ’ਚ ਰਲਕੇ ਹੰਭਲਾ ਮਾਰਨ ਦੀ ਵਿਉਂਤ ਬਣਾਉਣ ’ਚ ਜੁਟੀਆਂ ਹੋਈਆਂ ਹਨ। ਭਾਜਪਾ ਨਾਲੋਂ ਸੱਜਰੀ ਜੁਦਾਈ ਪਾ ਕੇ ਆਏ ਨਿਤਿਸ਼ ਕੁਮਾਰ ਦੀ ਭੱਜ ਦੌੜ ਨੇ ਇੱਕ ਵਾਰ ਪਟਨੇ ’ਚ ਸਾਂਝੀ ਮੀਟਿੰਗ ਤਾਂ ਕਰਵਾ ਦਿੱਤੀ ਹੈ ਪਰ ਇਹਨਾਂ ਸਭਨਾਂ ਦਾ ਸਾਂਝੀ ਸਹਿਮਤੀ ’ਤੇ ਪੁੱਜ ਜਾਣ ਦਾ ਮਾਰਗ ਏਨਾ ਸਿੱਧਾ ਪੱਧਰਾ ਨਹੀਂ ਹੈ। ਮੌਕਾਪ੍ਰਸਤੀ ਦੀ ਦਲਦਲ ’ਚ ਖੁੱਭੀਆਂ ਇਹਨਾਂ ਪਾਰਟੀਆਂ ਦੇ ਆਗੂਆਂ ’ਚੋਂ ਕਿੰਨੇ ਹੀ ਪ੍ਰਧਾਨ ਮੰਤਰੀ ਬਣਨ ਦੇ ਚਾਹਵਾਨ ਹਨ ਤੇ ਇਹ ਲਾਲਸਾ ਇਹਨਾਂ ਆਗੂਆਂ ਦੇ ਵਿਹਾਰ ’ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਰਹੀ ਹੈ। ਏਸੇ ਲਾਲਸਾ ਨੇ ਹੀ ਇਹਨਾਂ ਨੂੰ 2019 ਦੀਆਂ ਚੋਣਾਂ ’ਚ ਭਾਜਪਾ ਖ਼ਿਲਾਫ਼ ਗੱਠਜੋੜ ਬਣਾਉਣ ਨਹੀਂ ਸੀ ਦਿੱਤਾ। ਕਾਂਗਰਸ ਪਾਰਟੀ ਦਾ ਕੌਮੀ ਪਾਰਟੀ ਵਜੋਂ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਵੀ ਆੜੇ ਆਉਂਦਾ ਰਿਹਾ ਹੈ ਤੇ ਇਹ ਅੜਿੱਕਾ ਅਜੇ ਵੀ ਮੁੱਕਿਆ ਨਹੀਂ ਹੈ। ਅਜਿਹੇ ਕਈ ਅੜਿੱਕੇ ਹਨ ਜਿੰਨਾਂ ਨੇ ਇਹਨਾਂ ਪਾਰਟੀਆਂ ਨੂੰ ਸਾਂਝੇ ਤੌਰ ’ਤੇ ਚੋਣ ਦੰਗਲ ’ਚ ਉੱਤਰਨ ਦੀ ਰਣਨੀਤੀ ਬਣਾਉਣ ’ਚ ਵਿਘਨ ਪਾਉਣਾ ਹੈ ਤੇ ਭਾਜਪਾ ਦੀਆਂ ਮੋੜਵੀਆਂ ਸ਼ਤਰੰਜੀ ਚਾਲਾਂ ਨੇ ਇਸ ਬਣਨ ਵਾਲੇ ਸੰਭਾਵੀ ਗੱਠਜੋੜ ’ਚ ਪਹਿਲਾਂ ਹੀ ਤਰੇੜਾਂ ਪਾਉਣ ਦਾ ਕੰਮ ਵੀ ਕਰਨਾ ਹੈ। ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਵਰਗੇ ਵੱਡ ਖਾਹਸ਼ੀ ਲੀਡਰਾਂ ਦੀ ਹੈਸੀਅਤ ਦਾ ਮਸਲਾ ਕਾਂਗਰਸ ਦੀ ਵੱਡੀ ਦਾਅਵੇਦਾਰੀ ਦੇ ਆੜੇ ਆਉਂਦਾ ਹੈ ਤੇ ਇਉਂ ਅਜੇ ਇਸ ਸੰਭਾਵੀ ਗੱਠਜੋੜ ਨੇ ਹਾਕਮ ਜਮਾਤੀ ਮੌਕਾਪ੍ਰਸਤ ਸਿਆਸਤ ਦੇ ਸਾਰੇ ਦਬਾਵਾਂ, ਤਣਾਵਾਂ ’ਚੋਂ ਗੁਜ਼ਰਨਾ ਹੈ ਤੇ ਇਸਦੀ ਹੋਣੀ ਨੇ ਇਸ ਸਫਰ ’ਚੋਂ ਤੈਅ ਹੋਣਾ ਹੈ।
ਲੋਕਾਂ ਦੇ ਨਜ਼ਰੀਏ ਤੋਂ ਦੇਖਿਆਂ ਇਹ ਗੱਠਜੋੜ ਭਾਜਪਾ ਦੇ ਮੁਕਾਬਲੇ ’ਤੇ ਲੋਕਾਂ ਲਈ ਕੋਈ ਪਸੰਦੀਦਾ ਚੋਣ ਬਣਨ ਦਾ ਹੱਕ ਨਹੀਂ ਰੱਖਦਾ। ਸਾਂਝ ਦੇ ਅਧਾਰ ਵਜੋਂ ਪੇਸ਼ ਕੀਤਾ ਜਾ ਰਿਹਾ ਇਸਦਾ ਧਰਮ ਨਿਰਪੱਖਤਾ ਦਾ ਦਾਅਵਾ ਝੂਠਾ ਹੈ। ਕਾਂਗਰਸ ਤੋਂ ਲੈ ਕੇ ਸਾਰੀਆਂ ਹੀ ਖੇਤਰੀ ਪਾਰਟੀਆਂ ਹੁਣ ਤੱਕ ਧਰਮਾਂ, ਜਾਤਾਂ, ਦੀ ਫ਼ਿਰਕੂ ਤੇ ਪਾਟਕਪਾਊ ਸਿਆਸਤ ’ਚ ਡੂੰਘੀ ਤਰ੍ਹਾਂ ਖੁੱਭੀਆਂ ਹੋਈਆਂ ਹਨ। ਅਖੌਤੀ ਖੱਬਿਆਂ ਨੂੰ ਛੱਡ ਕੇ ਬਾਕੀ ਸਭ ਹੀ ਫ਼ਿਰਕੂ ਵੋਟ ਸਿਆਸਤ ਦੇ ਛਕੜਿਆਂ ਦੇ ਯਾਤਰੀ ਰਹੇ ਹਨ। ਕਾਂਗਰਸ ਦੀ ਧਰਮ ਨਿਰਪੱਖਤਾ ਦਾ ਬੁਰਕਾ ਨਕਲੀ ਹੈ ਤੇ ਇਸਨੂੰ ਕਿਸੇ ਵੀ ਧਰਮ ਦੀ ਵੋਟਾਂ ਲਈ ਵਰਤੋਂ ਕਰ ਸਕਣ ਦੀ ਸਹੂਲਤ ਵਜੋਂ ਵਰਤਿਆ ਜਾਂਦਾ ਰਿਹਾ ਹੈ। ਹੋਰਨਾਂ ਪਾਰਟੀਆਂ ਦੀ ਹਾਲਤ ਵੀ ਅਜਿਹੀ ਹੈ। ਇਹਨਾਂ ’ਚੋਂ ਕਿੰਨੇ ਹੀ ਅਜਿਹੇ ਹਨ ਜਿਹੜੇ ਭਾਜਪਾ ਨਾਲ ਗੱਠਜੋੜਾਂ ’ਚ ਸ਼ਾਮਲ ਰਹੇ ਹਨ। ਸ਼ਿਵ ਸੈਨਾ ਦਾ ਖਰੂਦੀ ਫ਼ਿਰਕੂ ਵਿਹਾਰ ਭਲਾ ਕੀਹਨੂੰ ਭੁੱਲਿਆ ਹੈ? ਹੁਣ ਵੀ ਭਾਜਪਾ ਦੀ ਚੱਕਵੀਂ ਹਿੰਦੂ ਫ਼ਿਰਕੂ ਸੁਰ ਮੂਹਰੇ ਖੜ੍ਹ ਸਕਣਾ ਇਹਨਾਂ ਦੇ ਵੱਸ ’ਚ ਨਹੀਂ ਹੈ, ਸਗੋਂ ਇਹ ਕਿਸੇ ਨਾ ਕਿਸੇ ਤਰ੍ਹਾਂ ਹਿੰਦੂਤਵ ਦੀ ਪਿੱਚ ’ਤੇ ਹੀ ਖੇਡਣਾ ਚਾਹੁੰਦੇ ਹਨ। ਕੇਜਰੀਵਾਲ ਤਾਂ ਖੁੱਲ੍ਹਮ ਖੁੱਲ੍ਹਾ ਹੀ ਹਿੰਦੂਤਵ ਦੇ ਪੱਤੇ ਵੱਲ ਝੁਕਾਅ ਦਿਖਾ ਰਿਹਾ ਹੈ ਤੇ ਰਾਹੁਲ ਗਾਂਧੀ ਵੀ ਜਨੇਊਧਾਰੀ ਹੋਣ ਦੇ ਸਬੂਤ ਦਿੰਦਾ ਫਿਰਦਾ ਰਿਹਾ ਹੈ। ਮੁਸਲਿਮ ਫ਼ਿਰਕੇ ਦੀਆਂ ਵੋਟਾਂ ਹਾਸਲ ਕਰਨ ਵਾਲੇ ਅਖਿਲੇਸ਼ ਤੇ ਮਮਤਾ ਵੀ, ਸਿੱਧ ਤੌਰ ’ਤੇ ਮੁਸਲਿਮ ਆਗੂਆਂ ਨਾਲ ਪਛਾਣ ਦਰਸਾਏ ਜਾਣ ਤੋਂ ਟਾਲਾ ਵੱਟਦੇ ਰਹੇ ਹਨ। ਭਾਜਪਾ ਦੀ ਹਿੰਦੂਤਵੀ ਸਿਆਸੀ ਖੇਡ ਨੇ ਹਾਕਮ ਜਮਾਤੀ ਸਿਆਸਤ ਅੰਦਰ ਹਿੰਦੂਤਵੀ ਪੱਤੇ ਦੀ ਸਰਦਾਰੀ ਸਥਾਪਿਤ ਕਰ ਦਿੱਤੀ ਹੈ ਤੇ ਇਹ ਪਾਰਟੀਆਂ ਇਹਨੂੰ ‘ਮੁਹੱਬਤ ਦੀ ਦੁਕਾਨ’ ਵਰਗੇ ਫੱਟੇ ਲਾ ਕੇ ਕੱਟਣ ਜੋਗੀਆਂ ਨਹੀਂ ਹਨ। ਇੱਕ ਪਾਸੇ ਇਹਨਾਂ ਦੀ ਧਰਮ ਨਿਰਪੱਖਤਾ ਦੰਭੀ ਹੈ ਤੇ ਇਹ ‘‘ਧਰਮ ਨਿਰਪੱਖਤਾ’’ ਭਾਜਪਾ ਦੇ ਹਿੰਦੂਤਵੀ ਫ਼ਿਰਕੂ ਪੱਤੇ ਦਾ ਸਾਹਮਣਾ ਕਰਨ ਜੋਗਾ ਤੰਤ ਤੇ ਨਿਹਚਾ ਨਹੀਂ ਰੱਖਦੀ। ਇਹ ਹਿੰਦੂਤਵੀ ਰਾਸ਼ਟਰਵਾਦੀ ਨਾਅਰਿਆਂ ਦਾ ਮੁਕਾਬਲਾ ਕਰਨ ਵੇਲੇ ਹੋਰ ਵਧੇਰੇ ਹਿੰਦੂ ਧਰਮੀ ਤੇ ਰਾਸ਼ਟਰਵਾਦੀ ਹੋਣ ਦਾ ਦਾਅਵਾ ਕਰਦੀ ਹੈ।
ਇਹਨਾਂ ਵੱਲੋ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀਆਂ ਨੀਤੀਆਂ ਦੇ ਵਿਰੋਧ ਦਾ ਦਾਅਵਾ ਵੀ ਨਕਲੀ ਹੈ। ਇਹਨਾਂ ਦੀ ਸੁਰ ਸਿਰਫ ਅੰਬਾਨੀ, ਅਡਾਨੀ ਤੱਕ ਸੀਮਤ ਰਹੀ ਹੈ ਤੇ ਉਹ ਵੀ ਸਿਰੇ ਦੀ ਦੰਭੀ ਹੈ ਜਦਕਿ ਇਹਨਾਂ ਸਭਨਾਂ ਦੇ ਸਾਸ਼ਨ ਅਧੀਨ ਰਾਜਾਂ ’ਚ ਇਹਨਾਂ ਦੋਹਾਂ ਧਨਵਾਨਾਂ ਨੂੰ ਪੂੰਜੀ ਦੀ ਖੁੱਲ੍ਹ ਮਾਨਣ ਦੇ ਸੱਦੇ ਮੋਦੀਕਿਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਰਹੇ ਹਨ। ਇਹਨਾਂ ਦੀ ਆਮਦ ਲਈ ਸਭ ਨੇ ਕਲੀਨ ਵਿਛਾ ਕੇ ਰੱਖੇ ਹੋਏ ਹਨ। ਉਸ ਤੋਂ ਵੀ ਅੱਗੇ ਜਿੰਨ੍ਹਾਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਆਰਥਿਕ ਸੁਧਾਰਾਂ ਨੂੰ ਲਾਗੂ ਕਰਨ ਲਈ ਭਾਜਪਾ ਹਕੂਮਤ ਫ਼ਿਰਕਾਪ੍ਰਸਤੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ ਉਹਨਾਂ ਸੁਧਾਰਾਂ ’ਤੇ ਇਹਨਾਂ ਸਭਨਾਂ ਪਾਰਟੀਆਂ ਦੀ ਬੁਨਿਆਦੀ ਸਹਿਮਤੀ ਹੈ। ਆਪੋ ਆਪਣੇ ਸੂਬਿਆਂ ’ਚ ਇਹੀ ਸੁਧਾਰ ਮੋਦੀ ਵਾਲੀ ਰਫਤਾਰ ਨਾਲ ਲਾਗੂ ਕੀਤੇ ਜਾ ਰਹੇ ਹਨ ਤੇ ਇਹ ਨੇਤਾ ਕੇਂਦਰੀ ਹਕੂਮਤਾਂ ’ਚ ਭਾਈਵਾਲ ਹੁੰਦਿਆਂ ਵੀ ਇਹਨਾਂ ਸੁਧਾਰਾਂ ਦੇ ਰੋਲਰ ਦੇ ਡਰਾਈਵਰ ਹੋ ਕੇ ਰਹੇ ਹਨ। ਉਸੇ ਸਾਮਰਾਜੀ ਪੂੰਜੀ ਅਧਾਰਿਤ ਵਿਕਾਸ ਮਾਡਲ ਦੇ ਧਾਰਨੀ ਹਨ ਤੇ ਉਹੀ ਲਾਗੂ ਕਰ ਰਹੇ ਹਨ। ਇਸਨੂੰ ਲਾਗੂ ਕਰਨ ਲਈ ਇਹਨਾਂ ’ਚੋਂ ਕਈਆਂ ਨੇ ਆਪਣੇ ਰਾਜਾਂ ’ਚੋਂ ਹਕੂਮਤੀ ਜਬਰਾਂ ਦੇ ਝੱਖੜ ਝਲਾਏ ਹੋਏ ਹਨ ਤੇ ਉਹਨਾਂ ਹੀ ਜਾਬਰ ਕਾਲੇ ਕਾਨੂੰਨਾਂ ਦੀ ਓਟ ਲੈ ਰਹੇ ਹਨ ਜਿੰਨ੍ਹਾਂ ਦੀ ਬੇ-ਦਰੇਗ ਵਰਤੋਂ ਮੋਦੀ ਸਰਕਾਰ ਕਰ ਰਹੀ ਹੈ। ਇਹ ਸਭ ਕੁੱਝ ਕਰਦਿਆਂ ਇਹ ਪਾਰਟੀਆਂ ਤੇ ਲੀਡਰ ਲੋਕਾਂ ’ਚ ਆਪਣੀ ਪੜਤ ਗੁਆਈ ਬੈਠੇ ਹਨ ਤੇ ਇਹਦਾ ਲਾਹਾ ਲੈ ਕੇ ਮੋਦੀ ਜੁੰਡਲੀ 2019 ’ਚ ਕੇਂਦਰੀ ਸੱਤਾ ’ਤੇ ਆ ਬਿਰਾਜਮਾਨ ਹੋਈ ਸੀ। ਲੋਕਾਂ ਦੇ ਰੱਦ ਹੋਏ ਪਏ ਅਜਿਹੇ ਲੀਡਰਾਂ ਤੇ ਪਾਰਟੀਆਂ ਦੀ ਹਾਲਤ ਕਾਰਨ ਹੀ ਤਾਂ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਨੇ ਮੋਦੀ ਜੁੰਡਲੀ ’ਤੇ ਆਪਣਾ ਦਾਅ ਖੇਡਿਆ ਸੀ ਤੇ ਇਸ ’ਚ ਕਾਮਯਾਬੀ ਵੀ ਹਾਸਲ ਕੀਤੀ ਹੈ। ਉਹਨਾਂ ਦਾ ਭਰੋਸਾ ਅਜੇ ਵੀ ਮੋਦੀ ’ਚ ਪ੍ਰਗਟ ਹੋ ਰਿਹਾ ਜਾਪਦਾ ਹੈ ਤੇ ਉਹਨਾਂ ਦੀ ਸਵੱਲੀ ਨਜ਼ਰ ਤੋਂ ਬਿਨਾਂ ਮਹਿਜ਼ ‘ਵਿਰੋਧੀ ਧਿਰ’ ਦੇ ਏਕੇ ਨਾਲ ਵੋਟਾਂ ਦੀ ਫਸਲ ਕੱਟਣੀ ਮੁਸ਼ਕਿਲ ਹੀ ਰਹਿਣੀ ਹੈ।
ਜੇਕਰ ਇਹ ਫ਼ਿਰਕੂ ਸਿਆਸਤ ਤੋਂ ਦੂਰ ਨਹੀਂ ਹਨ ਤੇ ਉਹਨਾਂ ਹੀ ਲੋਕ ਧ੍ਰੋਹੀ ਸਾਮਰਾਜੀ ਨਿਰਦੇਸ਼ਤ ਆਰਥਿਕ ਸੁਧਾਰਾਂ ਦੇ ਮੁੱਦਈ ਹਨ ਤਾਂ ਫਿਰ ਲੋਕਾਂ ਕੋਲ ਇਹਨਾਂ ਤੋਂ ਭਲੇ ਦੀ ਆਸ ਰੱਖਣ ਦਾ ਕੋਈ ਅਧਾਰ ਨਹੀਂ ਬਣਦਾ ਤੇ ਭਾਜਪਾ ਮੁਕਾਬਲੇ ਘੱਟ ਜ਼ਾਲਮ ਹੋਣ ਜਾਂ ਘੱਟ ਫ਼ਿਰਕੂ ਹੋਣ ਵਰਗੀਆਂ ਗੱਲਾਂ ਅਰਥਹੀਣ ਹਨ। ਇਹ ਸੰਕਟਾਂ ਮੂੰਹ ਆਇਆ ਰਾਜ ਚਲਾਉਣ ਲਈ ਘੱਟ ਜਾਬਰ ਤੇ ਘੱਟ ਫ਼ਿਰਕੂ ਹੋਣ ਨਾਲ ਸਰਦਾ ਨਹੀਂ ਹੈ। ਸੱਤਾ ’ਚ ਆਉਣ ਨਾਲ ਮੁਹਬੱਤ ਦੀਆਂ ਦੁਕਾਨਾਂ ਦੇ ਬੋਰਡ ਉੱਤਰ ਜਾਂਦੇ ਹਨ। ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਵੋਟ ਛਕੜੇ ਮਗਰ ਲੱਗ ਕੇ, ਭਾਜਪਾ ਦੇ ਫ਼ਿਰਕੂ ਫਾਸ਼ੀ ਹਮਲੇ ਦਾ ਟਾਕਰਾ ਕਰਨ ਦੇ ਭਰਮ ’ਚ ਆਉਣ ਦੀ ਥਾਂ ਜਥੇਬੰਦ ਲੋਕ ਤਾਕਤ ਦੀ ਉਸਾਰੀ ਕਰਨ ਰਾਹੀਂ ਇਸ ਹੱਲੇ ਦਾ ਟਾਕਰਾ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹਨਾਂ ਦੇ ਮੌਕਾਪ੍ਰਸਤ ਗੱਠਜੋੜਾਂ ਤੋਂ ਝਾਕ ਰੱਖਣ ਦੀ ਥਾਂ ਆਪਣੇ ਜਮਾਤੀ ਘੋਲਾਂ ਨੂੰ ਤੇਜ਼ ਕਰਨ ਦੇ ਰਾਹ ਪੈਣਾ ਚਾਹੀਦਾ ਹੈ ਤੇ ਇਹਨਾਂ ਘੋਲਾਂ ਰਾਹੀਂ ਵਿਸ਼ਾਲ ਲੋਕ ਏਕਤਾ ਦੀ ਉਸਾਰੀ ਕਰਦਿਆਂ ਫ਼ਿਰਕਾਪ੍ਰਸਤੀ ਦੇ ਹੱਲੇ ਦੀ ਅਮਲੀ ਕਾਟ ਕਰਨੀ ਚਾਹੀਦੀ ਹੈ। ਲੋਕਾਂ ਦੀ ਇਨਕਲਾਬੀ ਲਹਿਰ ਨੂੰ ਆਪਣੀ ਊਰਜਾ ਅਜਿਹੀਆਂ ਮੌਕਾਪ੍ਰਸਤ ਕਸਰਤਾਂ ਦੇ ਪਿੱਛਲੱਗ ਬਣਕੇ ਵਿਅਰਥ ਗੁਆਉਣ ਦੀ ਥਾਂ, ਲੋਕ ਸੰਘਰਸ਼ ਉਸਾਰਨ ’ਤੇ ਕੇਂਦਰਿਤ ਕਰਨੀ ਚਾਹੀਦੀ ਹੈ। ਫਾਸ਼ੀ ਹਮਲੇ ਦੇ ਜਵਾਬ ਵਜੋਂ ਲੋਕ ਇਨਕਲਾਬ ਦਾ ਸੱਦਾ ਉਭਾਰਨਾ ਚਾਹੀਦਾ ਹੈ।
ਭਾਜਪਾ ਦਾ ਵਿਰੋਧ ਕਰ ਰਹੀਆਂ ਇਹਨਾਂ ਪਾਰਟੀਆਂ ਦੇ ਇਸ ਵਿਰੋਧ ਦੇ ਪੈਂਤੜੇ ਨੂੰ ਲੋਕ ਸੰਘਰਸ਼ਾਂ ਦੇ ਵਧਾਰੇ ਲਈ ਵਰਤਣਾ ਇੱਕ ਵੱਖਰਾ ਨੁਕਤਾ ਹੈ। ਹਾਕਮ ਜਮਾਤਾਂ ਦੇ ਆਪਸੀ ਟਕਰਾਅ ਦਾ ਲਾਹਾ ਲੋਕ ਸੰਘਰਸ਼ਾਂ ਦੀ ਜ਼ਮੀਨ ਦੇ ਵਧਾਰੇ ਪਸਾਰੇ ਲਈ ਲਿਆ ਜਾਂਦਾ ਹੈ ਪਰ ਸੰਘਰਸ਼ਾਂ ਨੂੰ ਇਹਨਾਂ ਦੀ ਵੋਟ ਮਸ਼ੀਨ ਨਾਲ ਟੋਚਨ ਨਹੀਂ ਕੀਤਾ ਜਾਂਦਾ। ਵੋਟ ਸਿਆਸਤ ’ਚ ਟੋਚਨ ਹੋ ਜਾਣ ਨਾਲ ਤਾਂ ਇਹ ਪਾਰਟੀਆਂ ਲੋਕਾਂ ਦੀ ਧਿਰ ਦਾ ਲਾਹਾ ਲੈਂਦੀਆਂ ਹਨ। ਇਹਨਾਂ ਦੇ ਆਪਸੀ ਵਿਰੋਧਾਂ ਨੂੰ ਵਰਤਣ ਦੀ ਇੱਕੋ-ਇੱਕ ਸ਼ਕਲ ਚੋਣਾਂ ’ਚ ਇਹਨਾਂ ਨਾਲ ਜੁੜਨਾ ਨਹੀਂ, ਸਗੋਂ ਇਹਦੇ ਢੁੱਕਵੇਂ ਦਾਅਪੇਚ ਘੜਨਾ ਹੈ ਕਿ ਇਹਨਾਂ ਵਿਰੋਧਾਂ ਦਾ ਲੋਕਾਂ ਦੀ ਧਿਰ ਲਈ ਲਾਹਾ ਲਿਆ ਜਾ ਸਕੇ। ਖਾਸ ਕਰਕੇ ਜਦੋਂ ਲੋਕਾਂ ਦੀ ਲਹਿਰ ਹੇਠਲੇ ਪੱਧਰਾਂ ’ਤੇ ਹੋਵੇ ਤੇ ਲੋਕਾਂ ’ਚ ਬਦਲਵੀਂ ਸਿਆਸਤ ਤੇ ਇਨਕਲਾਬੀ ਲੀਡਰਸ਼ਿਪ ਉੱਭਰ ਕੇ ਸਥਾਪਿਤ ਨਾ ਹੋਈ ਹੋਵੇ ਤਾਂ ਹਾਕਮ ਜਮਾਤਾਂ ਦੇ ਆਪਸੀ ਟਕਰਾਵਾਂ ਦਾ ਲਾਹਾ ਲੈਣਾ ਬਹੁਤ ਹੀ ਜੋਖ਼ਮ ਭਰਿਆ ਕਾਰਜ ਬਣਦਾ ਹੈ ਤੇ ਇਹ ਲਾਹਾ ਲੈਣ ਦੀਆਂ ਸੰਭਾਵਨਾਵਾਂ ਵੀ ਲੋਕਾਂ ਦੀ ਆਪਣੀ ਇਨਕਲਾਬੀ ਪਾਰਟੀ, ਲੀਡਰਸ਼ਿਪ ਤੇ ਜਮਾਤੀ ਘੋਲਾਂ ਦੇ ਪੱਧਰ ਅਨੁਸਾਰ ਹੀ ਕਿਆਸੀਆਂ ਜਾ ਸਕਦੀਆਂ ਹਨ ਤੇ ਸਾਕਾਰ ਕੀਤੀਆਂ ਜਾ ਸਕਦੀਆਂ ਹਨ।
ਇਸ ਲਈ ਲੋਕਾਂ ਦੀ ਇਨਕਲਾਬੀ ਧਿਰ ਸਾਹਮਣੇ ਮੌਜੂਦਾ ਅਰਸੇ ’ਚ ਇਹੀ ਕਾਰਜ ਹੈ ਕਿ ਭਾਜਪਾਈ ਫ਼ਿਰਕੂ ਫਾਸ਼ੀ ਹੱਲੇ ਦਾ ਡਟਵਾਂ ਵਿਰੋਧ ਕਰਦਿਆਂ ਜਮਾਤੀ ਮੁੱਦਿਆਂ ’ਤੇ ਘੋਲ ਤੇਜ਼ ਕੀਤੇ ਜਾਣ ਤੇ ਜਮਾਤੀ ਏਕਤਾ ਦੀ ਉਸਾਰੀ ਰਾਹੀਂ ਫ਼ਿਰਕੂ ਪਾਟਕਾਂ ਨੂੰ ਕੱਟਿਆ ਜਾਵੇ ਤੇ ਫ਼ਿਰਕੂ ਹੱਲੇ ਨੂੰ ਆਰਥਿਕ ਸੁਧਾਰਾਂ ਦੇ ਸੇਵਾਦਾਰ ਵਜੋਂ ਨਸ਼ਰ ਕੀਤਾ ਜਾਵੇ। ਫਿਰਕਾਪ੍ਰਸਤੀ ਦਾ ਵਿਰੋਧ ਕਰਨ ਵਾਲੇ ਹਕੀਕੀ ਤੌਰ ’ਤੇ ਧਰਮ ਨਿਰਪੱਖ ਤੇ ਜਮਹੂਰੀ ਹਿੱਸਿਆਂ ਦੀ ਵਿਸ਼ਾਲ ਏਕਤਾ ਉਸਾਰੀ ਜਾਵੇ ਅਤੇ ਇਸ ਏਕਤਾ ’ਚ ਆਰਥਿਕ ਸੁਧਾਰਾਂ ਦੇ ਵਿਰੋਧ ਨੂੰ ਅਹਿਮ ਹਵਾਲਾ ਨੁਕਤਾ ਬਣਾਇਆ ਜਾਵੇ। ਮੌਜੂਦਾ ਕਾਨੂੰਨਾਂ, ਨਿਯਮਾਂ ’ਚ ਕੀਤੀਆਂ ਜਾ ਰਹੀਆਂ ਹਰ ਤਰ੍ਹਾਂ ਦੀਆਂ ਪਿਛਾਖੜੀ ਤਬਦੀਲੀਆਂ ਦਾ ਵਿਰੋਧ ਕੀਤਾ ਜਾਵੇ। ਇਨਕਲਾਬੀ ਲੋਕ ਰਾਜ ਦਾ ਬਦਲ ਅਤੇ ਇਸਦਾ ਮਾਰਗ ਨਕਸ਼ਾ ਪੇਸ਼ ਕੀਤਾ ਜਾਵੇ। ਹਾਕਮ ਜਮਾਤੀ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਮੌਕਾਪ੍ਰਸਤ ਗੱਠਜੋੜਾਂ ਦੀ ਕਸਰਤ ਦਰਮਿਆਨ ਲੋਕਾਂ ਦੀਆਂ ਇਨਕਲਾਬੀ ਧਿਰਾਂ ਨੂੰ ਇਸ ਪੁਹੰਚ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਕਿ ਭਾਜਪਾ ਦੇ ਫਾਸ਼ੀ ਹਮਲੇ ਦਾ ਟਾਕਰਾ ਜਮਾਤੀ ਘੋਲਾਂ ਦੇ ਅਖਾੜਿਆਂ ’ਚ ਕੀਤਾ ਜਾ ਸਕਦਾ ਹੈ ਨਾ ਕਿ ਮੌਕਾਪ੍ਰਸਤ ਪਾਰਲੀਮਾਨੀ ਸਿਆਸਤ ਦੇ ਅਖਾੜੇ ’ਚ ।
---0---