Wednesday, December 1, 2021

ਅਫਗਾਨਿਸਤਾਨ ’ਤੇ ਅਮਰੀਕੀ ਹਮਲੇ ਦੇ ਪਿਛੋਕੜ ਬਾਰੇ

 

   ਅਫਗਾਨਿਸਤਾਨ ਤੇ ਅਮਰੀਕੀ ਹਮਲੇ ਦੇ ਪਿਛੋਕੜ ਬਾਰੇ

                11 ਸਤੰਬਰ ਨੂੰ ਅਮਰੀਕਾ ਵਿਚਲੇ ਸੰਸਾਰ ਵਪਾਰ ਕੇਂਦਰਾਂ ਤੇ ਪੈਂਟਾਗਨ ਦੀ ਇਮਾਰਤ ਤੇ ਹਵਾਈ ਜਹਾਜਾਂ ਦੀ ਟੱਕਰ ਨਾਲ ਹੋਏ ਆਤਮਘਾਤੀ ਹਮਲਿਆਂ ਮਗਰੋਂ ਅਮਰੀਕੀ ਸਾਮਰਾਜੀਆਂ ਨੇ ਦਹਿਸਤਗਰਦੀ ਖਿਲਾਫ ਜੰਗ ਦੇ ਨਾਂ ਹੇਠ ਜੰਗੀ ਜਨੂੰਨ ਦੀ ਮੁਹਿੰਮ ਵਿੱਢ ਦਿੱਤੀ ਸੀ। ਇਹਨਾਂ ਹਮਲਿਆਂ ਲਈ ਓਬਾਮਾ ਬਿਨ ਲਾਦੇਨ ਨੂੰ ਜਿੰਮੇਵਾਰ ਕਰਾਰ ਦੇ ਕੇ ਅਤੇ ਉਸਦੇ ਅਫਗਾਨਿਸਤਾਨ ਚ ਛੁਪੇ ਹੋਣ  ਦਾ ਐਲਾਨ ਕਰਕੇ, ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਹਮਲਾ ਬੋਲ ਦਿੱਤਾ ਸੀ। ਇਸਨੂੰ ਆਪਣੀ ਕੌਮਾਂਤਰੀ ਦਹਿਸ਼ਤਗਰਦੀ ਖਿਲਾਫ ਜੰਗਦੇ ਨਾਂ ਹੇਠ ਸ਼ੁਰੂ ਕੀਤਾ ਗਿਆ ਸੀ ਅਤੇ ਸਾਮਰਾਜੀ ਤਾਕਤਾਂ ਤੇ ਹੋਰ ਪਿਛਾਖੜੀ ਤਾਕਤਾਂ ਨੂੰ ਨਾਲ ਲੈ ਕੇ ਸੰਸਾਰ ਵਿਆਪੀ ਗੱਠਜੋੜ ਦਾ ਪ੍ਰਭਾਵ ਦਿੱਤਾ ਸੀ। ਉਂਞ ਇਹ ਸੰਸਾਰ ਦਹਿਸ਼ਤਗਰਦੀ ਵਿਰੋਧੀ ਜੰਗ ਉਦੋਂ ਹੀ ਨਹੀਂ ਐਲਾਨੀ ਗਈ ਸੀ  ਸਗੋਂ ਉਸ ਤੋਂ ਪਹਿਲਾਂ ਵੀ ਏਸੇ ਨਾਂ ਹੇਠ ਅਮਰੀਕੀ ਸਾਮਰਾਜੀਏ ਸੰਸਾਰ ਭਰ ਅੰਦਰ ਵੱਖ ਵੱਖ ਮੁਲਕਾਂ ਨੂੰ ਧਮਕਾਉਂਦੇ, ਯਰਕਾਉਂਦੇ ਆ ਰਹੇ ਹਨ। ਕਿੰਨੇਂ ਹੀ ਮੁਲਕਾਂ ਚ ਬੰਬਾਰੀ ਕੀਤੀ ਗਈ ਸੀ ਤੇ ਕਿੰਨੀਆਂ ਹੀ ਹਕੂਮਤਾਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਫੌਜੀ ਹਮਲਿਆਂ ਨਾਲ ਉਲਟਾਇਆ ਗਿਆ ਸੀ। ਅਮਰੀਕੀ ਸਾਮਰਾਜੀ ਰਜਾ ਅਨੁਸਾਰ ਨਾ ਚੱਲਣ ਵਾਲੀ ਹਕੂਮਤ ਨੂੰ ਦਹਿਸ਼ਤਗਰਦ ਕਰਾਰ ਦੇ ਕੇ,ਹਮਲੇ ਹੇਠ ਲਿਆਉਣਾ, ਤੁਰੀ ਆ ਰਹੀ ਅਮਰੀਕੀ ਵਿਉਂਤ ਸੀ। ਇਸ ਵਿਉਂਤ ਤਹਿਤ ਹੀ ਅਮਰੀਕਾ ਓਸਾਮਾ ਬਿਨ ਲਾਦੇਨ ਮਗਰ ਪਿਆ ਹੋਇਆ ਸੀ ਤੇ ਉਸਨੂੰ ਮਾਰ ਮੁਕਾਉਣ ਦੇ ਨਾਂ ਹੇਠ ਸੂਡਾਨ ਤੇ ਅਫਗਾਨਿਸਤਾਨ ਤੇ ਬੰਬਾਰੀ ਕਰ ਚੁੱਕਿਆ ਸੀ।

                ਓਸਾਮਾ ਬਿਨ ਲਾਦੇਨ ਤੇ ਹੋਰ  ਇਸਲਾਮਿਕ ਮੂਲਵਾਦੀ ਤਾਕਤਾਂ ਨੂੰ ਕਿਸੇ ਦੌਰ ਚ ਅਮਰੀਕੀ ਸਾਮਰਾਜੀਆਂ ਨੇ ਹੀ ਪਾਲਿਆ-ਪੋਸਿਆ ਸੀ ਤੇ 1980 ਵਿਆਂ ਚ ਸੋਵੀਅਤ ਰੂਸ ਦੇ ਕਬਜੇ ਖਿਲਾਫ ਅਫਗਾਨਿਸਤਾਨ ਅੰਦਰ ਵਰਤਿਆ ਸੀ। ਮੱਧ-ਪੂਰਬ ਅੰਦਰ ਅਮਰੀਕਾ ਵੱਲੋਂ ਮਚਾਈ ਗਈ ਲੁੱਟ ਨੂੰ ਦੇਖ ਕੇ ਤੇ ਹੋਰਨਾਂ ਕਾਰਨਾਂ ਕਰਕੇ ਲਾਦੇਨ ਅਮਰੀਕਨ ਸਾਮਰਾਜ ਵਿਰੋਧੀ ਹੋ ਗਿਆ ਸੀ ਤੇ ਉਸਦੀ ਅਗਵਾਈ ਚ ਇਸਲਾਮਿਕ ਮੂਲਵਾਦੀ ਤਾਕਤਾਂ ਦਾ ਇੱਕ ਗਿਣਨਯੋਗ ਹਿੱਸਾ ਅਮਰੀਕੀ ਸਾਮਰਾਜ ਖਿਲਾਫ ਡਟ ਰਿਹਾ ਸੀ। ਆਪਣੇ ਇਸ ਪੈਂਤੜੇ ਕਾਰਨ ਹੀ ਉਹ ਅਮਰੀਕੀ ਸਾਮਰਾਜੀਆਂ ਦੇ ਨਿਸ਼ਾਨੇ ਤੇ ਤੁਰਿਆ ਆ ਰਿਹਾ ਸੀ। ਚਾਹੇ ਅਮਰੀਕੀ ਸਾਮਰਾਜੀਆਂ ਨੇ ਲਾਦੇਨ ਦੀ ਮੌਜੂਦਗੀ ਦਾ ਬਹਾਨਾ ਬਣਾ ਕੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਪਰ ਹਕੀਕਤ ਇਹ ਸੀ ਕਿ ਅਮਰੀਕੀ ਟਾਵਰਾਂ ਤੇ ਹੋਏ ਹਮਲੇ ਤਾਂ ਅਮਰੀਕੀ ਸਾਮਰਾਜੀਆਂ ਲਈ ਅਫਗਾਨਿਸਤਾਨ ਉੱਤੇ ਹਮਲੇ ਖਾਤਰ ਹੱਥ ਆਇਆ ਮੌਕਾ ਸਨ, ਜਦ ਕਿ ਉਸ ਤੋਂ ਪਹਿਲਾਂ ਹੀ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲੇ ਦੀਆਂ ਵਿਉਂਤਾਂ ਬਣ ਚੁੱਕੀਆਂ ਸਨ। ਇਹ ਮਨਸ਼ੇ ਏਨੇ ਜਾਹਰਾ ਸਨ ਕਿ ਅਮਰੀਕੀ ਆਗੂਆਂ ਦੇ ਬਿਆਨਾਂ ਚੋਂ ਡੁੱਲ ਡੁੱਲ ਪੈਂਦੇ ਰਹੇ ਸਨ।  ਏਸੇ ਲਈ ਕੁੱਝ ਲੋਕਾਂ ਨੇ ਇਹਨਾਂ ਹਮਲਿਆਂ ਨੂੰ ਅਮਰੀਕੀ ਸਾਜਿਸ਼ ਤੱਕ ਕਿਹਾ ਸੀ।

                ਉਸ ਵੇਲੇ ਅਫਗਾਨਿਸਤਾਨ ਅੰਦਰ ਤਾਲਿਬਾਨ ਦੀ ਹਕੂਮਤ ਸੀ। ਤਾਲਿਬਾਨ ਇੱਕ ਇਸਲਾਮੀ ਬੁਨਿਆਦਪ੍ਰਸਤ ਜੱਥੇਬੰਦੀ ਸੀ ਜੋ 1980 ’ਚ ਸੋਵੀਅਤ ਸਾਮਰਾਜ ਦੇ ਹਮਲੇ ਖਿਲਾਫ ਅਫਗਾਨੀ ਟਾਕਰੇ ਚ ਸ਼ਾਮਲ ਸੀ ਤੇ ਉਸ ਨੂੰ ਉਦੋਂ ਅਮਰੀਕੀ ਸਹਾਇਤਾ ਹਾਸਲ ਸੀ। ਸੋਵੀਅਤ ਸਾਮਰਾਜੀਆਂ ਦੇ ਮਾਤ ਖਾ ਕੇ ਚਲੇ ਜਾਣ ਮਗਰੋਂ ਅਫਗਾਨਿਸਤਾਨ ਚ ਸੱਤਾ ਲਈ ਹੋਏ ਭੇੜ ਚੋਂ ਤਾਲਿਬਾਨ ਇੱਕ ਵਾਰ ਮੁਲਕ ਦੇ ਰਾਜ ਦੇ ਵੱਡੇ ਹਿੱਸੇ ਉੱਤੇ ਕਾਬਜ ਹੋ ਗਈ ਸੀ। 1996 ’ਚ ਜਦੋਂ ਇਹ ਸੱਤਾ ਤੇ ਬੈਠੀ ਸੀ ਤਾਂ ਉਦੋਂ ਅਮਰੀਕਾ ਦਾ ਇਸ ਨਾਲ ਕੋਈ ਟਕਰਾਅ ਨਹੀਂ ਸੀ, ਸਗੋਂ ਹਮਾਇਤ ਤੇ ਹੱਲਾਸ਼ੇਰੀ ਹਾਸਲ ਰਹੀ ਹੈ। ਕਲਿੰਟਨ ਪ੍ਰਸਾਸ਼ਨ ਦੇ ਇਹਦੇ ਨਾਲ ਚੰਗੇ ਸਬੰਧ ਰਹੇ ਸਨ। ਪਰ ਨਵੀਆਂ ਅਮਰੀਕੀ ਜਰੂਰਤਾਂ ਦੇ ਪ੍ਰਸੰਗ ਚ ਤਾਲਿਬਾਨ ਹਕੂਮਤ ਅਮਰੀਕੀ ਸਾਮਰਾਜੀਆਂ ਦੇ ਸਮੁੱਚੇ ਮੰਤਵਾਂ ਦਾ ਮੁਕੰਮਲ ਸਾਧਨ ਨਹੀਂ ਬਣਦੀ ਸੀ ਖਾਸ ਕਰਕੇ ਅਫਗਾਨਿਸਾਤਨ ਤੇ ਮੁਕੰਮਲ ਕੰਟਰੋਲ ਲਈ ਅਮਰੀਕਾ ਨੂੰ ਪੂਰੀ ਤਰ੍ਹਾਂ ਕਠਪੁਤਲੀ ਹਕੂਮਤ ਦੀ ਜ਼ਰੂਰਤ ਸੀ। ਅਜਿਹੀ ਕਠਪੁਤਲੀ ਹਕੂਮਤ ਦੀ ਜਿਸਦਾ ਪੂਰੇ ਅਫਗਾਨਿਸਤਾਨ ਤੇ ਕੰਟਰੋਲ ਹੋਵੇ ਪਰ ਤਾਲਿਬਾਨ ਇਹਨਾਂ ਅਮਰੀਕੀ ਲੋੜਾਂ ਦਾ ਸਾਧਨ ਬਣਨ ਵਾਲੇ ਨਹੀਂ ਸਨ। ਨਾ ਤਾਂ ਉਹਨਾਂ ਦਾ ਸਮੁੱਚੇ ਮੁਲਕ ਤੇ ਪੂਰੀ ਤਰ੍ਹਾਂ ਕਬਜਾ ਸੀ ਤੇ ਨਾ ਹੀ ਉਹ ਪੂਰੀ ਤਰ੍ਹਾਂ ਅਮਰੀਕੀ ਰਜਾ ’ਚ ਸਨ। ਇਸ ਲਈ ਅਮਰੀਕਾ ਨੇ ਅਫਗਾਨਿਸਤਾਨ ਤੇ ਸਿੱਧੇ ਫੌਜੀ ਕਬਜੇ ਦਾ ਰਾਹ ਫੜ ਲਿਆ ਸੀ ਤੇ 9/11 ਦੇ ਹਮਲਿਆਂ ਨੂੰ ਮੌਕਾ ਸਮਝ ਕੇ ਇਸਨੇ ਸੰਸਾਰ ਸਾਹਮਣੇ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ ਅਫਗਾਨਿਸਤਾਨ ਤੇ ਹਮਲਾ ਬੋਲ ਦਿੱਤਾ।

                ਲਾਦੇਨ ਦੇ ਅਫਗਾਨਿਸਤਾਨ ਚ ਹੋਣ ਤੇ ਉਸ ਨੂੰ ਸੌਂਪਣ ਦੀ ਮੰਗ ਕਰਨ ਤੋਂ ਮਗਰੋਂ ਤਾਲਿਬਾਨ ਹਕੂਮਤ ਨੇ ਕਿਸੇ ਤੀਜੀ ਧਿਰ ਨੂੰ ਸੌਂਪਣ ਦੀ ਪੇਸ਼ਕਸ਼ ਕਰ ਦਿੱਤੀ ਸੀ, ਇਹ ਪੇਸ਼ਕਸ਼ ਵੀ ਸੀ ਕਿ ਅਮਰੀਕਾ ਵੱਲੋਂ ਜਾਣਕਾਰੀ ਮੁਹੱਈਆ ਕਰਵਾਉਣ ਤੇ ਲਾਦੇਨ ਉੱਪਰ ਮੁੱਕਦਮਾ ਚਲਾਇਆ ਜਾਵੇਗਾ। ਪਰ ਅਮਰੀਕੀ ਸਾਮਰਾਜੀਆਂ ਲਈ ਇਹ ਸਭ ਬਹਾਨੇ ਸਨ। ਸਿਰਫ ਲਾਦੇਨ ਦਾ ਹੀ ਮਸਲਾ ਨਹੀਂ ਸੀ ਉਹ ਤਾਂ ਅਫਗਾਨਿਸਤਾਨ ਦੇ ਹਰ ਚੱਪੇ ਚੱਪੇ ਤੱਕ ਆਪਣੀ ਸਿੱਧੀ ਪਹੁੰਚ ਚਾਹੰਦੇ ਸਨ ਤੇ ਅਮਰੀਕੀ ਵਿਰੋਧੀ ਸ਼ਕਤੀਆਂ ਦੇ ਹਰ ਤਰ੍ਹਾਂ ਦੇ ਨੈੱਟਵਰਕ ਤੱਕ ਰਸਾਈ ਚਾਹੁੰਦੇ ਸਨ। ਕਿਸੇ ਤਰ੍ਹਾਂ ਦੀ ਵੀ ਗੱਲਬਾਤ ਤੋਂ ਇਨਕਾਰੀ ਹੋ ਕੇ ਤੇ ਕਿਸੇ ਵੀ ਤਰ੍ਹਾਂ ਦੇ ਕੌਮਾਂਤਰੀ ਕਾਨੂੰਨਾਂ ਦੀ ਪ੍ਰਵਾਹ ਨਾ ਕਰਦਿਆਂ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਖੁੱਲ੍ਹ-ਮ ਖੁੱਲ੍ਹਾ ਹਮਲਾ ਬੋਲ ਦਿੱਤਾ। ਬੁਸ਼ ਨੇ ਐਲਾਨ ਕੀਤੇ ਕਿ ਜਿਹੜਾ ਅਮਰੀਕਾ ਨਾਲ ਨਹੀਂ, ਉਹ ਦਹਿਸਤਗਰਦਾਂ ਨਾਲ ਸਮਝਿਆ ਜਾਵੇਗਾ। ਇਹਦਾ ਅਰਥ ਸਾਫ ਸੀ ਕਿ ਜਿਹੜਾ ਮੁਲਕ ਜਾਂ ਸ਼ਕਤੀ ਅਮਰੀਕੀ ਸਾਮਰਾਜੀਆਂ ਦੇ ਇਸ ਜੰਗੀ ਮਿਸ਼ਨ ਖਿਲਾਫ ਖੜ੍ਹੇਗੀ ਤਾਂ ਉਸ ਤੇ ਵੀ ਦਹਿਸ਼ਤਗਰਦੀ ਦਾ ਲੇਬਲ ਚਿਪਕਾ ਕੇ ਉਸ ਨੂੰ ਹਮਲੇ ਦੀ ਮਾਰ ਹੇਠ ਲਿਆਂਦਾ  ਜਾਵੇਗਾ। ਉਸ ਤੋਂ ਪਹਿਲਾਂ ਅਫਗਾਨਿਸਤਾਨ ਤੇ ਸੂਡਾਨ ਤੇ ਬੰਬਾਰੀ ਕਰਨ ਵੇਲੇ ਸਿਰਫ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਹੀ ਕੀਤੇ ਗਏ ਸਨ, ਜਦ ਕਿ ਇਸ ਵਾਰ ਅਫਗਾਨਿਸਤਾਨ ਤੇ ਬਕਾਇਦਾ ਹਰ ਪਾਸੇ ਤੋਂ ਧਾਵਾ ਬੋਲਿਆ ਗਿਆ ਸੀ ਤੇ ਤਾਲਿਬਾਨ ਨੂੰ ਸੱਤਾ ਤੋਂ ਉਖਾੜ ਕੇ ਮੁਲਕ ਤੇ ਕਬਜਾ ਜਮਾਉਣ ਦੀ ਵਿਉਂਤ ਨਾਲ ਚੱਲਿਆ ਗਿਆ ਸੀ।

                ਅਫਗਾਨਿਸਤਾਨ ਤੇ ਹਮਲੇ ਰਾਹੀਂ ਅਮਰੀਕਾ ਕਈ ਮਕਸਦ ਹਾਸਲ ਕਰਨਾ ਚਾਹੁੰਦਾ ਸੀ। ਸਭ ਤੋਂ ਅਹਿਮ ਗੱਲ ਅਫਗਾਨਿਸਤਾਨ ਦੀ ਭੂਗੋਲਿਕ ਸਥਿਤੀ ਹੈ ਜੋ ਸਾਮਰਾਜੀ ਯੁੱਧਨੀਤਕ ਵਿਉਂਤਾਂ ਪੱਖੋਂ ਅਹਿਮ ਹੈ। ਲੰਮੇਂ ਸਮੇਂ ਤੋਂ ਅਫਗਾਨਿਸਤਾਨ ਇੱਕ ਲਾਂਘੇ ਦੇ ਤੌਰ ਤੇ ਬਹੁਤ ਮਹੱਤਵਪੂਰਨ ਮੁਲਕ ਹੈ। ਅਮਰੀਕਾ ਲਈ ਅਫਗਾਨਿਸਤਾਨ ਤੇ ਕਬਜਾ ਕੇਂਦਰੀ ਏਸ਼ੀਆਈ ਖਿੱਤੇ ਤੋਂ ਦੱਖਣੀ ਏਸ਼ੀਆ ਤੱਕ ਫੌਜੀ ਅੱਡਿਆਂ ਦਾ ਪਸਾਰਾ ਕਰਨ ਲਈ ਲੋੜੀਂਦਾ ਸੀ। ਇਹਨਾਂ ਫੌਜੀ ਅੱਡਿਆਂ ਦਾ ਮੁੱਖ ਮਕਸਦ ਇਸ ਖਿੱਤੇ ਚ ਗੈਸ ਤੇ ਤੇਲ ਦੇ ਸੋਮਿਆਂ ਤੇ ਮੁਕੰਮਲ ਕੰਟਰੋਲ ਕਰਨਾ ਸੀ ਤੇ ਨਾਲ ਹੀ ਇਸ ਖੇਤਰ ਚ ਰੂਸ ਤੇ ਹੋਰਨਾਂ ਸ਼ਕਤੀਆਂ ਦੇ ਪ੍ਰਭਾਵ ਨੂੰ ਕੰਟਰੋਲ ਹੇਠ ਰੱਖਣਾ ਸੀ। ਅਫਗਾਨਿਸਤਾਨ ਦੀ ਸਥਿਤੀ ਦਾ ਮਹੱਤਵ ਇਹਨਾਂ ਪਾਈਪ ਲਾਈਨਾਂ ਦੇ ਲਾਂਘਿਆਂ ਦੇ ਪੱਖ ਤੋਂ ਵਿਸ਼ੇਸ਼ ਕਰਕੇ ਸੀ। ਨਾਲ ਇਹ ਇਸਲਾਮਿਕ ਮੂਲਵਾਦੀ ਸ਼ਕਤੀਆਂ ਤੇ ਸੱਟ ਮਾਰਨਾ ਵੀ ਸੀ ਜਿਹੜੀਆਂ ਅਮਰੀਕੀ ਸਾਮਰਾਜੀ ਵਿਉਂਤਾਂ ਦੀ ਉਧੇੜ ਚ ਅੜਿੱਕਾ ਬਣ ਰਹੀਆਂ ਸਨ। ਇਹਦੇ ਲਈ ਅਫਗਾਨਿਸਤਾਨ ਸੌਖਾ ਨਿਸ਼ਾਨਾ ਬਣਦਾ ਸੀ ਕਿਉਂਕਿ ਇਹ ਪਹਿਲਾਂ ਹੀ ਜੰਗ ਦਾ ਭੰਨਿਆ ਹੋਇਆ ਸੀ ਤੇ ਤਾਲਿਬਾਨ ਹਕੂਮਤ ਕੌਮਾਂਤਰੀ ਪੱਧਰ ਤੇ ਨਿਖੇੜੇ ਦੀ ਹਾਲਤ ਚ ਸੀ। ਇਹਨਾਂ ਕਈ ਮਕਸਦਾਂ ਦੀ ਪੂਰਤੀ ਲਈ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਸਿੱਧੇ ਫੌਜੀ ਕਬਜੇ ਦਾ ਰਾਹ ਚੁਣਿਆ ਸੀ। ਇਹ ਹਮਲਾ ਚਾਹੇ ਫੌਰੀ ਤੇ ਸਿੱਧੇ ਤੌਰ ਤੇ ਅਫਗਾਨਿਸਤਾਨ ਤੇ ਬੋਲਿਆ ਗਿਆ ਸੀ ਪਰ ਇਹ ਸਮੁੱਚੇ ਤੌਰ ਤੇ ਤੀਜੀ ਦੁਨੀਆਂ ਦੇ ਮੁਲਕਾਂ ਦੇ ਲੋਕਾਂ ਖਿਲਾਫ ਸੇਧਤ ਸੀ ਤੇ ਅਮਰੀਕੀ ਸਾਮਰਾਜੀ ਲੁਟੇਰੇ ਮੰਤਵਾਂ ਦੀ ਪੂਰਤੀ ਲਈ ਯੁੱਧਨੀਤਕ ਮਹੱਤਤਾ ਵਾਲੇ ਖੇਤਰਾਂ ਚ ਫੌਜੀ ਅੱਡਿਆਂ ਦਾ ਤਾਣਾ-ਬਾਣਾ ਉਸਾਰਨ ਦੀ ਵੱਡ-ਆਕਾਰੀ ਵਿਉਂਤ ਦਾ ਹਿੱਸਾ ਸੀ। ਇਸ ਤੋਂ ਵੀ ਅੱਗੇ ਇਸਦਾ ਮਕਸਦ ਦੁਨੀਆਂ ਭਰ ਅੰਦਰ, ਖਾਸ ਕਰਕੇ ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ, ਉਹਨਾਂ ਹਕੂਮਤਾਂ ਨੂੰ ਉਲਟਾ ਕੇ ਕਠਪੁਤਲੀ ਹਕੂਮਤਾਂ ਕਾਇਮ ਕਰਨਾ ਸੀ ਜਿਹੜੀਆਂ ਵੀ ਹਕੂਮਤਾਂ ਅਮਰੀਕੀ ਲੋੜਾਂ ਦੇ ਫਿੱਟ ਨਹੀਂ ਬੈਠਦੀਆਂ ਸਨ।

                ਇਉਂ ਸਾਮਰਾਜੀ ਤਾਕਤਾਂ ਦਾ ਹੁੰਗਾਰਾ ਲੈ ਕੇ ਨਾਟੋ ਦੇ ਕਵਰ ਹੇਠ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਦੇ ਲੋਕਾਂ ਤੇ ਜੰਗੀ ਕਹਿਰ ਢਾਇਆ ਜੋ 20 ਵਰ੍ਹੇ ਜਾਰੀ ਰਿਹਾ। ਕੁੱਝ ਮਹੀਨਿਆਂ ਚ ਹੀ ਤਾਲਿਬਾਨ ਵਿਰੋਧੀ ਖੇਮੇ ਦੇ ਜੰਗੀ ਸਰਦਾਰਾਂ ਅਤੇ ਹੋਰਨਾਂ ਹਿੱਸਿਆਂ ਨੂੰ ਲੈ ਕੇ ਅਮਰੀਕੀ ਸਾਮਰਾਜੀਂਆਂ ਨੇ ਆਪਣੀ ਕਠਪੁਤਲੀ ਹਕੂਮਤ ਲੋਕਾਂ ਤੇ ਮੜ੍ਹ ਦਿੱਤੀ ਜਿਹੜੀ ਪੂਰੀ ਤਰ੍ਹਾਂ ਅਮਰੀਕੀ ਫੌਜੀ ਤੇ ਆਰਥਕ ਸਹਾਇਤਾ ਤੇ ਨਿਰਭਰ ਸੀ। ਪਰ ਅਫਗਾਨੀ ਲੋਕਾਂ ਨੇ ਅਮਰੀਕੀ ਹਮਲੇ ਮੂਹਰੇ ਝੁਕਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਫੌਜੀ ਧਾਵੇ ਖਿਲਾਫ ਹੱਕੀ ਟਾਕਰਾ ਜੰਗ ਸ਼ੁਰੂ ਕਰ ਦਿੱਤੀ। ਰਾਜ-ਭਾਗ ਤੋਂ ਲਾਂਭੇ ਕਰ ਦਿੱਤੇ ਗਏ ਤਾਲਿਬਾਨ ਵੀ ਇਸ ਟਾਕਰਾ ਜੰਗ ਵਿੱਚ ਮੋਹਰੀ ਸ਼ਕਤੀ ਬਣ ਗਏ ਤੇ ਸਾਮਰਾਜੀ ਕਬਜੇ ਤੇ ਜੰਗ ਖਿਲਾਫ ਜੂਝ ਰਹੋ ਲੋਕਾਂ ਦੇ ਕੈਂਪ ਦਾ ਹਿੱਸਾ ਬਣ ਗਏ। ਇੱਕ ਬੁਨਿਆਦ-ਪ੍ਰਸਤ ਪਿਛਾਖੜੀ  ਸ਼ਕਤੀ ਹੋ ਕੇ ਵੀ ਅਮਰੀਕੀ ਸਾਮਰਾਜੀ ਹਮਲੇ ਦੇ ਪ੍ਰਸੰਗ ਚ ਉਸਦਾ ਰੋਲ ਬਦਲ ਗਿਆ ਤੇ ਉਹ ਪੂਰੇ 20 ਸਾਲ ਅਮਰੀਕੀ ਕਬਜੇ ਖਿਲਾਫ ਲੋਕ ਟਾਕਰਾ ਜੰਗ ਚ ਜੂਝੇ। ਅਫਗਾਨਿਸਤਾਨ ਦੇ ਲੋਕਾਂ ਦਾ ਇਹ ਟਾਕਰਾ ਮਿਸਾਲੀ ਸੀ। ਅਮਰੀਕੀ ਫੌਜ ਵੱਲੋਂ ਕੀਤੇ ਅਥਾਹ ਜੁਲਮਾਂ ਦੇ ਬਾਵਜੂਦ,ਡਰੋਨ ਹਮਲਿਆਂ ਤੇ ਹੋਰ ਅਨੇਕਾਂ ਅਧੁਨਿਕ ਹਥਿਆਰਾਂ ਦੇ ਕਹਿਰ ਮੂਹਰੇ ਵੀ ਅਫਗਾਨ ਲੋਕ ਅਮਰੀਕੀ ਈਨ ਮੰਨਣੋਂ ਇਨਕਾਰੀ ਰਹੇ । ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ, ਲੋਕਾਂ ਨੂੰ ਉਜਾੜਿਆ, ਬੇਘਰ ਕੀਤਾ ਤੇ ਮਨੁੱਖਤਾ ਤੇ ਜੁਲਮਾਂ ਦੇ ਨਵੇਂ ਰਿਕਾਰਡ ਬਣਾਏ।

                ਅਫਗਾਨਿਸਤਾਨ ਤੇ ਹਮਲੇ ਮਗਰੋਂ ਅਮਰੀਕਾ ਦਾ ਤੀਜੀ ਦੁਨੀਆਂ ਤੇ ਇਉਂ ਹਮਲਿਆਂ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਿਹਾ। ਇਰਾਕ ਤੇ ਫਿਰ ਸੀਰੀਆ, ਲਿਬੀਆ ਤੇ ਹੋਰਨਾਂ ਥਾਵਾਂ ਤੇ ਅਮਰੀਕੀ ਸਾਮਰਾਜੀ ਜੰਗਬਾਜ ਹਮਲੇ ਕਰਦੇ ਰਹੇ । ਅਮਰੀਕੀ ਜੰਗੀ ਮਸ਼ੀਨਰੀ ਤਬਾਹੀ ਮਚਾਉਂਦੀ ਰਹੀ ਤੇ ਅਮਰੀਕੀ ਕੰਪਨੀਆਂ ਨਵੇਂ ਨਵੇਂ ਉਸਾਰੀ ਕੰਮਾਂ ਦੇ ਠੇਕੇ ਲੈਂਦੀਆਂ ਰਹੀਆਂ। ਇਹਨਾਂ ਜੰਗਾਂ ਚ ਅਮਰੀਕੀ ਜੰਗੀ ਕਾਰੋਬਾਰੀ ਕੰਪਨੀਆਂ ਨੇ ਮੋਟੇ ਮੁਨਾਫੇ ਕਮਾਏ, ਹਥਿਆਰਾਂ ਦੇ ਕਾਰੋਬਾਰ ਕਈ ਗੁਣਾ ਵਧੇ ਫੁੱਲੇ। ਪਰ ਅਫਗਾਨਿਸਤਾਨ ਤੇ ਇਹ ਕਬਜਾ ਅਮਰੀਕਾ ਲਈ ਆਖਰ ਨੂੰ ਗਲੇ ਦੀ ਹੱਡੀ ਬਣਦਾ ਗਿਆ ਤੇ ਹੁਣ 20 ਸਾਲਾਂ ਮਗਰੋਂ ਅਮਰੀਕੀ ਸਾਮਰਾਜ ਹਾਰ ਖਾ ਕੇ ਅਫਗਾਨਿਸਤਾਨ ਚੋਂ ਨਿੱਕਲਿਆ ਹੈ।

No comments:

Post a Comment