ਮਾਲਾਬਾਰ ਫੌਜੀ ਮਸ਼ਕਾਂ ਦਾ ਵਿਰੋਧ ਕਰੀਏ
ਅੱਜਕੱਲ ਭਾਰਤੀ ਸਮੁੰਦਰੀ ਫੌਜ ਮਾਲਾਬਾਰ ਫੌਜੀ ਮਸ਼ਕਾਂ ਕਰ ਰਹੀ ਹੈ। ਇਹ ਮਸ਼ਕਾਂ ਚਾਰ ਮੁਲਕਾਂ ਵੱਲੋਂ ਬਣਾਏ ਗਏ ਫੌਜੀ ਗੱਠਜੋੜ ਕੁਆਡ ਵੱਲੋਂ ਕੀਤੀਆਂ ਜਾ ਰਹੀਆਂ ਹਨ ਜੀਹਦੇ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਸ਼ਾਮਲ ਹਨ। ਇਹ ਗੱਠਜੋੜ ਅਸਲ ਵਿੱਚ ਅਮਰੀਕਾ ਵੱਲੋਂ ਚੀਨੀ ਘੇਰਾਬੰਦੀ ਕਰਨ ਲਈ ਬਣਾਇਆ ਗਿਆ ਹੈ। ਚੀਨ ਨਾਲ ਵਪਾਰਕ ਲੜਾਈ ਵਿੱਚ ਚੀਨੀ ਸਮੁੰਦਰੀ ਰਾਹਾਂ ‘ਤੇ ਕਾਬਜ਼ ਹੋਣ ਲਈ ਅਮਰੀਕਾ ਵੱਲੋਂ ਲਗਾਤਾਰ ਦੱਖਣੀ ਚੀਨੀ ਸਾਗਰਾਂ ‘ਚ ਫੌਜਾਂ ਵਧਾਈਆਂ ਜਾ ਰਹੀਆਂ ਹਨ ਤੇ ਆਪਣੇ ਲੁਟੇਰੇ ਸਾਮਰਾਜੀ ਹਿੱਤਾਂ ਲਈ ਇਸ ਖੇਤਰ ਵਿੱਚ ਜੰਗੀ ਮਾਹੌਲ ਸਿਰਜਿਆ ਜਾ ਰਿਹਾ ਹੈ। ਭਾਰਤੀ ਹਾਕਮ ਇਨਾਂ ਅਮਰੀਕੀ ਲੁਟੇਰੇ ਜੰਗੀ ਮਿਸ਼ਨਾਂ ਨਾਲ ਆਏ ਦਿਨ ਹੋਰ ਵਧੇਰੇ ਡੂੰਘੀ ਤਰਾਂ ਟੋਚਨ ਹੁੰਦੇ ਆ ਰਹੇ ਹਨ। ਭਾਰਤੀ ਫੌਜਾਂ ਦੀ ਨਫਰੀ ਦਿਨੋਂ ਦਿਨ ਵਧਾਈ ਜਾ ਰਹੀ ਹੈ ਇਸਨੂੰ ਹੋਰ ਵਧੇਰੇ ਆਧੁਨਿਕ ਜੰਗੀ ਸਾਜ਼ੋ ਸਾਮਾਨ ਨਾਲ ਲੈਸ ਕੀਤਾ ਜਾ ਰਿਹਾ ਹੈ। ਵੱਡੇ ਰੱਖਿਆ ਬਜਟ ਜੁਟਾਏ ਜਾ ਰਹੇ ਹਨ ਤੇ ਲੋਕਾਂ ਦੀਆਂ ਸਹੂਲਤਾਂ ’ਤੇ ਕਟੌਤੀਆਂ ਲਾਈਆਂ ਜਾ ਰਹੀਆਂ ਹਨ। ਆਧੁਨਿਕ ਹਥਿਆਰਾਂ ਨਾਲ ਲੈਸ ਇਹ ਭਾਰਤੀ ਫੌਜਾਂ ਅਮਰੀਕੀ ਸਾਮਰਾਜੀ ਸੇਵਾ ’ਚ ਝੋਕੀਆਂ ਜਾ ਰਹੀਆਂ ਹਨ। ਅਮਰੀਕੀ ਸੇਵਾ ਲਈ ਹਥਿਆਰ ਵੀ ਅਮਰੀਕਾ ਤੋਂ ਹੀ ਖਰੀਦੇ ਜਾਂਦੇ ਹਨ।
ਇਉਂ ਅਮਰੀਕਾ ਨਾਲ ਜੁੜਕੇ ਚੱਲਣ ‘ਚ ਭਾਰਤੀ ਲੋਕਾਂ ਦੇ ਹਿੱਤ ਸ਼ਾਮਲ ਨਹੀਂ ਹਨ, ਸਗੋਂ ਇਹ ਭਾਰਤੀ ਕਿਰਤੀ ਲੋਕਾਂ ਦੇ ਹਿੱਤਾਂ ਦੀ ਕੀਮਤ ਦੇ ਕੇ ਕੀਤਾ ਜਾ ਰਿਹਾ ਹੈ। ਭਾਰਤੀ ਲੋਕਾਂ ਦੇ ਹਿੱਤ ਤਾਂ ਆਪਣੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧਾਂ ’ਚ ਹਨ , ਉਨ੍ਹਾਂ ਨਾਲ ਚੰਗੇ ਵਪਾਰਕ ਰਿਸ਼ਤਿਆਂ ‘ਚ ਹਨ ਪਰ ਅਮਰੀਕੀ ਸਾਮਰਾਜੀਆਂ ਦੀ ਚਾਕਰੀ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਸਬੰਧਾਂ ਨੂੰ ਵਿਗਾੜਨ ਦਾ ਕਾਰਨ ਬਣ ਰਹੀ ਹੈ।
ਚੀਨ ਨਾਲ ਰੱਟੇ ਵਧਾ ਰਹੇ ਅਮਰੀਕੀ ਸਾਮਰਾਜੀਆਂ ਨਾਲ ਇਉਂ ਜੁੜਕੇ ਚੱਲਣ ਦਾ ਅਰਥ ਚੀਨ ਨਾਲ ਸਬੰਧਾਂ ਦੇ ਵਿਗੜਨ ਦੇ ਰੂਪ ਵਿੱਚ ਨਿੱਕਲ ਰਿਹਾ ਹੈ। ਇਹ ਦਾ ਇੱਕ ਸਿੱਟਾ ਪਹਿਲਾਂ ਹੀ ਵਿਵਾਦਤ ਭਾਰਤ ਚੀਨ ਸਰਹੱਦੀ ਰੱਟੇ ਦੇ ਭਖਣ ਦੇ ਰੂਪ ’ਚ ਪ੍ਰਗਟ ਹੋ ਰਿਹਾ ਹੈ। ਜਦੋਂ ਸਰਹੱਦਾਂ ਤੋਂ ਲਾਸ਼ਾਂ ਆਉਂਦੀਆਂ ਹਨ ਤਾਂ ਉਦੋਂ ਸਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਇਹ ਕੀ ਵਾਪਰ ਰਿਹਾ ਹੈ।ਅੱਜ ਜਦੋਂ ਅਜਿਹੇ ਰੌਲੇ ਵਧਾਉਣ ਦਾ ਆਧਾਰ ਸਿਰਜਿਆ ਜਾ ਰਿਹਾ ਹੈ ਤਾਂ ਲੋਕਾਂ ਨੂੰ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਭਾਰਤੀ ਹਾਕਮਾਂ ਨੂੰ ਇਹ ਕਹਿਣ ਦੀ ਜ਼ਰੂਰਤ ਹੈ ਕਿ ਲੁਟੇਰੇ ਸਾਮਰਾਜੀ ਮੰਤਵਾਂ ਲਈ ਭਾਰਤੀ ਜਵਾਨਾਂ ਦੀ ਬਲੀ ਦੇਣ ਦੇ ਰਾਹ ਪੈਣੋਂ ਬਾਜ ਆਉ।
ਲੋਕਾਂ ਨੂੰ ਇਨ੍ਹਾਂ ਫੌਜੀ ਮਸ਼ਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਅਮਰੀਕੀ ਸਾਮਰਾਜੀ ਲੁਟੇਰੇ ਹਿੱਤਾਂ ਲਈ ਬਣੇ ਫੌਜੀ ਗੱਠਜੋੜਾਂ’ਚੋਂ ਬਾਹਰ ਆਉਣ ਦੀ ਮੰਗ ਕਰਨੀ ਚਾਹੀਦੀ ਹੈ। ਸਾਮਰਾਜੀ ਮੁਲਕਾਂ ਦੀ ਚਾਕਰੀ ਬੰਦ ਕਰਕੇ ਅਮਨ ਅਮਾਨ ਸਿਰਜਣ ਵਾਲੀ ਵਿਦੇਸ਼ ਨੀਤੀ ਅਖ਼ਤਿਆਰ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
No comments:
Post a Comment