ਅਫਗਾਨਿਸਤਾਨ ਘਟਨਾਕ੍ਰਮ ਤੇ ਭਾਰਤੀ ਹਾਕਮ
ਅਮਰੀਕੀ ਸਾਮਰਾਜੀਆਂ ਦੇ ਅਫਗਾਨਿਸਤਾਨ ’ਚੋਂ ਨਿੱਕਲ ਜਾਣ ਮਗਰੋਂ ਜੇਕਰ ਕਿਸੇ ਮੁਲਕ ਦੇ ਹਾਕਮ ਸਭ ਤੋਂ ਜਿਆਦਾ ਠੱਗੇ ਹੋਏ ਤੇ ਬੌਂਦਲੇ ਹੋਏ ਦਿਖ ਰਹੇ ਹਨ ਤਾਂ ਉਹ ਭਾਰਤੀ ਹਾਕਮ ਹਨ ਜਿੰਨ੍ਹਾਂ ਨੂੰ ਜਾਣ ਵੇਲੇ ਅਮਰੀਕੀ ਹਾਕਮਾਂ ਨੇ ਦੱਸਣਾ ਵੀ ਜਰੂਰੀ ਨਹੀਂ ਸਮਝਿਆ, ਜਦ ਕਿ ਇਹ ਅਮਰੀਕਾ ਦੇ ਸਭ ਤੋਂ ਨੇੜਲੇ ਸੰਗੀ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ। ਦੋ ਦਹਾਕੇ ਪਹਿਲਾਂ ਅਫਗਾਨਿਸਤਾਨ ਉੱਪਰ ਅਮਰੀਕੀ ਹਮਲੇ ਵੇਲੇ ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਨਾਲ ਐਲਾਨੀਆ ਖੜ੍ਹੇ ਸਨ ਤੇ ਇਸ ਹਮਲੇ ਦੀ ਹਮਾਇਤ ਕੀਤੀ ਸੀ। ਅਮਰੀਕੀ ਸਾਮਰਾਜੀਆਂ ਨੂੰ ਅਫਗਾਨਿਸਤਾਨ ’ਤੇ ਚੜ੍ਹਾਈ ਕਰਨ ਵੇਲੇ ਹਰ ਤਰ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਉਦੋਂ ਅਮਰੀਕੀ ਹਾਕਮਾਂ ਨੇ ਭਾਰਤ ਨਾਲੋਂ ਹੋਰਨਾਂ ਮੁਲਕਾਂ ਨੂੰ ਵਰਤਣ ’ਚ ਜਿਆਦਾ ਦਿਲਚਸਪੀ ਦਿਖਾਈ ਸੀ। ਉਦੋਂ ਭਾਰਤ ’ਚ ਭਾਜਪਾ ਦੀ ਵਾਜਪਾਈ ਹਕੂਮਤ ਸੀ ਤੇ ਇਹ ਹਕੂਮਤ ਪਹਿਲਾਂ ਹੀ ਅਫਗਾਨਿਸਤਾਨ ਹਕੂਮਤ ਨੂੰ ਭਾਰਤ ਦੀਆਂ ਦੁਸ਼ਮਣ ਤਾਕਤਾਂ ’ਚ ਰੱਖਦੀ ਸੀ , ਜਿਹੜੀਆਂ ਭਾਰਤ ਅੰਦਰ ਅੱਤਵਾਦ ਨੂੰ ਸ਼ਹਿ ਦੇ ਰਹੀਆਂ ਸਨ। ਭਾਰਤੀ ਹਾਕਮਾਂ ਦੇ ਅੱਤਵਾਦ ਬਾਰੇ ਇਹ “ਫਿਕਰ” ਉਸੇ ਅਮਰੀਕੀ ਸੁਰ ਨਾਲ ਸੁਰ ਮਿਲਾਉਂਦੇ ਸਨ ਜਿਹੜੇ ਅਮਰੀਕੀ ਸਾਮਰਾਜੀਆਂ ਵੱਲੋਂ ਸੰਸਾਰ ਦਹਿਸ਼ਤਗਰਦੀ ਦੇ ਖਤਰੇ ਬਾਰੇ ਚੁੱਕੀ ਹੋਈ ਸੀ। ਭਾਰਤੀ ਹਾਕਮ ਏਸ ਸੰਸਾਰ ਦਹਿਸ਼ਤਗਰਦੀ ਦੇ ਅੰਗ ਵਜੋਂ ਪਾਕਿਸਤਾਨੀ ਸਰਕਾਰ ਤੇ ਅਫਗਾਨਿਸਤਾਨ ਸਰਕਾਰ ਵੱਲੋਂ ਭਾਰਤ ਅੰਦਰ ਅੱਤਵਾਦੀ ਗਤੀਵਿਧੀਆਂ ਨੂੰ ਸ਼ਹਿ ਦੇਣਾ ਪੇਸ਼ ਕਰਦੇ ਸਨ ਤੇ ਇਉਂ ਦਹਿਸ਼ਤਗਰਦੀ ਬਾਰੇ ਭਾਰਤ ਤੇ ਅਮਰੀਕਾ ਦੇ ਸਾਂਝੇ ਸਰੋਕਾਰਾਂ ਦੇ ਹਵਾਲੇ ਨਾਲ ਭਾਰਤ ਨੂੰ ਦਹਿਸ਼ਤਗਰਦੀ ਵਿਰੋਧੀ ਅਮਰੀਕੀ ਮਿਸ਼ਨ ਦਾ ਸਭ ਤੋਂ ਨੇੜਲਾ ਸੰਗੀ ਦੱਸਦੇ ਸਨ ਤੇ ਅਮਰੀਕਾ ਨੂੰ ਇਸ ਮਿਸ਼ਨ ਲਈ ਪਾਕਿਸਤਾਨ ’ਤੇ ਭਰੋਸਾ ਨਾ ਕਰਨ ਦੀਆਂ ਅਰਜੋਈਆਂ ਕਰਦੇ ਸਨ ਅਤੇ ਨਾਲ ਹੀ ਇਹਨਾਂ ਮਿਸ਼ਨਾਂ ’ਚ ਖਾਸ ਕਰਕੇ ਅਫਗਾਨਿਸਤਾਨ ਦੇ ਮਾਮਲੇ ’ਚ ਪਾਕਿਸਤਾਨ ਨੂੰ ਪਹਿਲ ਦੇਣ ਦੇ ਉਲਾਂਭੇ ਵੀ ਅਮਰੀਕੀ ਸਾਮਰਾਜੀਆਂ ਨੂੰ ਦਿੰਦੇ ਸਨ।
ਭਾਰਤੀ ਹਾਕਮਾਂ ਵੱਲੋਂ ਐਨ ਸ਼ੁਰੂ ਤੋਂ ਹੀ ਅਮਰੀਕਾ ਦੀ ਅਖੌਤੀ ਸੰਸਾਰ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਦੇ ਨੇੜਲੇ ਸੰਗੀ ਬਣ ਕੇ ਚੱਲਣ ਦਾ ਕਾਰਨ ਅਮਰੀਕੀ ਸਾਮਰਾਜੀ ਯੱਧਨੀਤਕ ਵਿਉਂਤਾਂ ਦਾ ਸਾਥ ਦੇ ਕੇ ਚੱਲਣ ਦਾ ਫੜਿਆ ਗਿਆ ਰਸਤਾ ਸੀ ਜਿਹੜਾ ਭਾਰਤੀ ਹਾਕਮ ਜਮਾਤਾਂ ਨੇ ਲੰਘੀ ਸਦੀ ਦੇ ਅਖੀਰਲੇ ਦਹਾਕੇ ’ਚ ਫੜ ਲਿਆ ਸੀ ਤੇ ਹੁਣ ਤੱਕ ਉਹ ਇਸੇ ਰਾਹ ’ਤੇ ਅੱਗੇ ਵਧਦੇ ਆ ਰਹੇ ਹਨ। ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਨ ਦੀ ਇਹ ਨੀਤੀ ਮੁਲਕ ਅੰਦਰ ਵੀ ਲੋਕਾਂ ਦਾ ਧਿਆਨ ਭਟਕਾਉਣ ਲਈ ਲੋੜੀਂਦੀ ਸੀ। ਅਮਰੀਕੀ ਸਹਿਯੋਗ ਦੀ ਇਹ ਨੀਤੀ ਦੱਖਣੀ ਏਸ਼ੀਆਈ ਖਿੱਤੇ ’ਚ ਅਮਰੀਕੀ ਸ਼ਹਿ ਪ੍ਰਾਪਤ ਥਾਣੇਦਾਰ ਵਾਲਾ ਰੋਲ ਸਾਂਭਣ ਦੀ ਨੀਤੀ ਹੈ। ਅਫਗਾਨਿਸਤਾਨ ’ਤੇ ਅਮਰੀਕੀ ਹਮਲੇ ਵੇਲੇ ਭਾਰਤੀ ਹਾਕਮ ਇਹ ਰੋਲ ਨਿਭਾਉਣ ਲਈ ਬਹੁਤ ਤਹੂ ਰਹੇ ਸਨ ਤੇ ਅਮਰੀਕੀ ਫੌਜਾਂ ਲਈ ਭਾਰਤੀ ਧਰਤੀ ਵਰਤਣ ਦੀਆਂ ਪੇਸ਼ਕਸ਼ਾਂ ਕਰਦੇ ਰਹੇ ਸਨ। ਉਦੋਂ ਅਮਰੀਕੀ ਸਾਮਰਾਜੀਆਂ ਨੇ ਭਾਰਤੀ ਹਾਕਮਾਂਨੂੰ ਇਸ ਜੰਗੀ ਮਿਸ਼ਨ ਅੰਦਰ ਬਹੁਤਾ ਅਹਿਮ ਰੋਲ ਨਹੀਂ ਸੀ ਦਿੱਤਾ ਪਰ ਭਾਰਤੀ ਹਕੂਮਤ ਪੂਰੇ ਚੱਕਵੇਂ ਪੈਰੀਂ ਅਮਰੀਕਾ ਨਾਲ ਹੋਣ ਦਾ ਦਾਅਵਾ ਕਰਦੀ ਰਹੀ ਹੈ। ਉਸ ਤੋਂ ਮਗਰੋਂ ਅਮਰੀਕੀ ਸਾਮਰਾਜੀਆਂ ਨੇ ਭਾਰਤੀ ਹਾਕਮਾਂ ਨੂੰ ਇਸ ਖਿੱਤੇ ਅੰਦਰ ਆਪਣੀਆਂ ਯੁੱਧਨੀਤਕ ਵਿਉਂਤਾਂ ਤਹਿਤ ਕਾਫੀ ਥਾਂ ਦੇਣੀ ਸ਼ੁਰੂ ਕੀਤੀ ਤੇ ਭਾਰਤੀ ਹਾਕਮਾਂ ਨਾਲ ਕਈ ਫੌਜੀ ਸੰਧੀਆਂ ਕੀਤੀਆਂ। ਪ੍ਰਮਾਣੂੰ ਸਮਝੌਤਾ ਵੀ ਕੀਤਾ ਗਿਆ। ਇਸ ਦੌਰਾਨ ਹੀ ਭਾਰਤੀ ਹਾਕਮਾਂ ਨੂੰ ਅਫਗਾਨਿਸਤਾਨ ਅੰਦਰ ਫੌਜੀ ਅਪਰੇਸ਼ਨਾਂ ਦੇ ਕਈ ਸਹਾਇਕ ਕੰਮਾਂ ’ਚ ਥਾਂ ਦਿੱਤੀ ਗਈ। ਅਫਗਾਨਿਸਤਾਨ ਅੰਦਰ ਅਮਰੀਕੀ ਕਠਪੁਤਲੀ ਹਕੂਮਤ ਨੂੰ ਸਭ ਤੋਂ ਪਹਿਲਿਆਂ ’ਚ ਮਾਨਤਾ ਦੇਣ ਵਾਲਿਆਂ ’ਚ ਭਾਰਤੀ ਹਾਕਮ ਸ਼ਾਮਲ ਸਨ। ਕਠਪੁਤਲੀ ਅਫਗਾਨ ਹਕੂਮਤ ਦੀਆਂ ਫੌਜਾਂ ਨੂੰ ਟ੍ਰੇਨਿੰਗ ਦੇਣ ਤੇ ਹੋਰ ਕਈ ਤਰ੍ਹਾਂ ਦੀ ਸਹਾਇਤਾ ਦੇਣ ’ਚ ਵੀ ਭਾਰਤੀ ਹਾਕਮ ਸ਼ਾਮਲ ਸਨ। ਕਈ ਭਾਰਤੀ ਕੰਪਨੀਆਂ ਨੂੰ ਤਬਾਹ ਹੋਏ ਅਫਗਾਨਿਸਤਾਨ ’ਚ ਮੁੜ ਉਸਾਰੀ ਦੇ ਕੰਮਾਂ ਦੇ ਠੇਕਿਆਂ ’ਚ ਵੀ ਰੱਖਿਆ ਗਿਆ। ਅਫਗਾਨਿਸਤਾਨ ਅੰਦਰ ਭਾਰਤੀ ਕੰਪਨੀਆਂ ਨੇ ਕਈ ਪ੍ਰੋਜੈਕਟਾਂ ’ਚ ਪੈਸਾ ਲਾਇਆ ਹੋਇਆ ਸੀ ਤੇ ਭਾਰਤੀ ਕਾਮੇ ਵੀ ਕਈ ਥਾਵਾਂ ’ਤੇ ਕੰਮਾਂ ’ਚ ਲੱਗੇ ਹੋਏ ਸਨ। ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ’ਚੋਂ ਉਥੇ ਲਗਭਗ 3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੋਇਆ ਸੀ। ਜਦ ਅਮਰੀਕਾ ਦੇ ਨਿੱਕਲ ਜਾਣ ਮਗਰੋਂ, ਭਾਰਤੀ ਕੰਪਨੀਆਂ ਦੇ ਇਹ ਨਿਵੇਸ਼ ਡੁੱਬ ਰਹੇ ਜਾਪਦੇ ਹਨ ਤੇ ਭਾਰਤੀ ਹਾਕਮ ਲਾਚਾਰ ਮਹਿਸੂਸ ਕਰ ਰਹੇ ਹਨ।
ਭਾਰਤੀ ਹਾਕਮਾਂ ਨੇ ਨਿਹੱਕੀ ਸਾਮਰਾਜੀ ਜੰਗ ’ਚ ਅਮਰੀਕਾ ਦੀ ਸੇਵਾ ’ਚ ਭੁਗਤ ਕੇ ਅਫਗਾਨਿਸਤਾਨ ਦੇ ਲੋਕਾਂ ਨਾਲ ਤੇ ਉਨ੍ਹਾਂ ਸਭਨਾਂ ਸ਼ਕਤੀਆਂ ਨਾਲ ਜਿਹੜੀਆਂ ਅਮਰੀਕੀ ਫੌਜੀ ਕਬਜੇ ਖਿਲਾਫ ਟਾਕਰੇ ਦੀ ਜੰਗ ’ਚ ਸ਼ਾਮਲ ਸਨ, ਦੁਸ਼ਮਣੀ ਕਮਾਈ ਹੈ। ਇਸਦਾ ਸਿੱਟਾ ਭਾਰਤੀ ਫੌਜੀ ਤਾਕਤ ਖਿਲਾਫ ਇਹਨਾਂ ਸ਼ਕਤੀਆਂ ਦਾ ਰੋਸ ਸੇਧਤ ਹੋਣ ਦੇ ਰੂਪ ’ਚ ਦਿਖਦਾ ਆ ਰਿਹਾ ਹੈ। ਪਠਾਨਕੋਟ ਏਅਰ ਬੇਸ ’ਤੇ ਹਮਲੇ ਵਰਗੇ ਕਦਮਾਂ ਰਾਹੀਂ ਇਹ ਸ਼ਕਤੀਆਂ ਭਾਰਤੀ ਤਾਕਤ ਦੇ ਚਿੰਨ੍ਹਾਂ ਨੂੰ ਆਪਣਾ ਚੋਟ ਨਿਸ਼ਾਨਾ ਬਣਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਹੁਣ ਤੱਕ ਜੋ ਹਿੱਸੇਦਾਰੀ ਭਾਰਤੀ ਹਾਕਮਾਂ ਨੇ ਅਮਰੀਕੀ ਜੰਗੀ ਕੁਕਰਮਾਂ ’ਚ ਪਾਈ ਹੈ, ਉਹ ਭਾਰਤੀ ਹਾਕਮਾ ਨੂੰ ਅਫਗਾਨੀ ਲੋਕਾਂ ਦੇ ਦੁਸ਼ਮਣਾਂ ’ਚ ਖੜ੍ਹੇ ਕਰਦੀ ਆ ਰਹੀ ਹੈ। ਇਹਨਾਂ ਅਫਗਾਨੀ ਟਾਕਰਾ ਸ਼ਕਤੀਆਂ ਜਾਂ ਸੰਸਾਰ ਭਰ ਅੰਦਰ ਅਮਰੀਕੀ ਦੁਸ਼ਮਣ ਸ਼ਕਤੀਆਂ ਦੇ ਰੋਹ ਦਾ ਸੇਕ ਭਾਰਤੀ ਲੋਕਾਂ ਨੂੰ ਵੀ ਝੱਲਣਾ ਪੈ ਜਾਂਦਾ ਰਿਹਾ ਹੈ।
ਹੁਣ ਅਫਗਾਨਿਸਤਾਨ ਅੰਦਰ ਵਾਪਰੇ ਘਟਨਾਕ੍ਰਮ ’ਚ ਭਾਰਤੀ ਹਾਕਮਾਂ ਦੀ ਹਾਲਤ ਕਾਫੀ ਖਰਾਬ ਬਣੀ ਹੈ। ਜਿਵੇਂ ਅਫਗਾਨਿਸਤਾਨ ’ਤੇ ਹਮਲਾ ਕਰਨ ਵੇਲੇ ਵੀ ਅਮਰੀਕੀ ਹਾਕਮਾਂ ਨੇ ਭਾਰਤੀ ਹਾਕਮਾਂ ਨੂੰ ਬਹੁਤੀ ਤਵੱਜੋ ਨਹੀਂ ਸੀ ਦਿੱਤੀ, ਹੁਣ ਵੀ ਅਫਗਾਨਿਸਤਾਨ ’ਚੋਂ ਜਾਣ ਵੇਲੇ ਵੀ ਭਾਰਤੀ ਹਾਕਮਾਂ ਨੂੰ ਕਿਸੇ ਤਰ੍ਹਾਂ ਦੱਸਣਾ ਵੀ ਜਰੂਰੀ ਨਹੀਂ ਸਮਝਿਆ। ਪਿਛਲੇ ਵਰ੍ਹੇ ਤੋਂ ਟਰੰਪ ਪ੍ਰਸਾਸ਼ਨ ਵੱਲੋਂ ਤਾਲਿਬਾਨ ਨਾਲ ਗੱਲਬਾਤ ਦਾ ਅਮਲ ਚਲਾਇਆ ਗਿਆ ਸੀ। ਇਸ ਅਮਲ ਦੌਰਾਨ ਅਮਰੀਕੀ ਹਕੂਮਤ ਨੇ ਪਾਕਿਸਤਾਨ, ਰੂਸ,ਚੀਨ ਸਮੇਤ ਹੋਰਨਾਂ ਕਈ ਮੁਲਕਾਂ ਨਾਲ ਸਲਾਹ-ਮਸਵਰਾ ਕੀਤਾ ਤੇ ਅਫਗਾਨਿਸਤਾਨ ’ਚੋਂ ਜਾਣ ਮਗਰੋਂ ਬਣਨ ਵਾਲੇ ਹਾਲਤਾਂ ’ਚ ਆਪਣੀ ਪੁਜੀਸ਼ਨ ਦੀ ਬਿਹਤਰੀ ਲਈ ਗੱਲਬਾਤ ਕੀਤੀ ਪਰ ਇਸ ਸਾਰੇ ਅਮਲ ’ਚ ਭਾਰਤੀ ਹਾਕਮਾਂ ਨੂੰ ਕਿਤੇ ਵੀ ਸ਼ਾਮਲ ਨਹੀਂ ਕੀਤਾ ਗਿਆ। ਹੁਣ ਵੀ ਅਮਰੀਕੀ ਹਾਕਮਾਂ ਦੀ ਟੇਕ ਪਾਕਿਸਤਾਨ ’ਤੇ ਹੀ ਸੀ ਜਦ ਕਿ ਭਾਰਤ ਉਨ੍ਹਾਂ ਲਈ ਕੋਈ ਵਿਸ਼ੇਸ਼ ਮਸਲਾ ਨਹੀਂ ਸੀ। ਭਾਰਤੀ ਹਾਕਮਾਂ ਨੂੰ ਤਾਂ ਆਪਣਾ ਸਟਾਫ ਉੱਥੋਂ ਕੱਢਣ ਜਾਂ ਭਾਰਤੀ ਕਾਮਿਆਂ ਨੂੰ ਵਾਪਸ ਬੁਲਾਉਣ ਲਈ ਵੀ ਅਮਰੀਕਾ ਨੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਦਿੱਤੀ। ਭਾਰਤੀ ਹਾਕਮਾਂ ਨਾਲ ਅਮਰੀਕੀ ਹਾਕਮਾਂ ਦਾ ਅਜਿਹਾ ਸਲੂਕ ਦੱਸਦਾ ਹੈ ਕਿ ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਲਈ ਮਨਚਾਹੇ ਢੰਗ ਨਾਲ ਵਰਤੀ ਜਾਣ ਅਧੀਨ ਸ਼ਕਤੀ ਹਨ। ਹੁਣ ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਦਾ ਰੁਖ ਦੇਖ ਰਹੇ ਹਨ ਤੇ ਇਸ਼ਾਰਾ ਉਡੀਕ ਰਹੇ ਹਨ ਕਿ ਨਵੀਂ ਬਣੀ ਤਾਲਿਬਾਨ ਹਕੂਮਤ ਪ੍ਰਤੀ ਕਿਹੋ ਜਿਹਾ ਰੁਖ ਲੈਣਾ ਹੈ। ਭਾਰਤੀ ਹਾਕਮ ਅਮਰੀਕੀ ਪੈਂਤੜੇ ਦੀਆਂ ਜ਼ਰੂਰਤਾਂ ਅਨੁਸਾਰ ਹੀ ਆਪਣੀ ਸੁਰ ਕੱਢਣਗੇ। ਅਜੇ ਤਾਂ ਉਹ ਆਪਣੀ ਦਹਿਸ਼ਤਗਰਦੀ ਵਾਲੀ ਪੁਰਾਣੀ ਸੁਰ ਹੀ ਜਾਰੀ ਰੱਖ ਰਹੇ ਹਨਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਾ ਦੇਣ ਦੀਆਂ ਗੱਲਾਂ ਕਰ ਰਹੇ ਹਨ।
ਭਾਰਤੀ ਹਾਕਮਾਂ ਦੇ ਨਜਰੀਏ ਤੋਂ ਇਹ ਇੱਕ ਨਾਂਹ-ਪੱਖੀ ਘਟਨਾ-ਵਿਕਾਸ ਹੈ ਜਿਸ ਨਾਲ ਉਹਨਾਂ ਦੀ ਇਲਾਕਾਈ ਥਾਣੇਦਾਰੀ ਦੀ ਵੁੱਕਤ ਨੂੰ ਆਂਚ ਆਈ ਹੈ। ਅਮਰੀਕੀ ਸਾਮਰਾਜੀਆਂ ਦੀ ਇਸ ਖਿੱਤੇ ’ਚ ਕਮਜੋਰ ਹੋਈ ਸਥਿਤੀ ਨਾਲ ਭਾਰਤੀ ਹਾਕਮਾਂ ਲਈ ਮੁਸ਼ਕਲਾਂ ਵਧਣ ਦੇ ਹਾਲਾਤ ਬਣ ਗਏ ਹਨ ਪਰ ਉਹ ਇਸ ਨਾਂਹ-ਪੱਖੀ ਘਟਨਾ-ਵਿਕਾਸ ’ਚ ਵੀ ਲਾਹਾ ਲੈਣ ਦੇ ਯਤਨ ਜਾਰੀ ਰੱਖ ਰਹੇ ਹਨ। ਹੁਣ ਉਹ ਫਿਰ ਪਹਿਲਾਂ ਵਾਂਗ ਹੀ ਅਫਗਾਨਿਸਤਾਨ ਤੋਂ ਦੇਸ਼ ਅੰਦਰ ਦਹਿਸ਼ਤਗਰਦੀ ਦੇ ਖਤਰੇ ਦੀ ਸੁਰ ਚੱਕਣੀ ਸ਼ੁਰੂ ਕਰਨਗੇ। ਭਾਜਪਾ ਦੀ ਫਿਰਕੂ-ਫਾਸ਼ੀ ਹਕੂਮਤ ਪਹਿਲਾਂ ਹੀ ਦੇਸ਼ ਅੰਦਰ ਮੁਸਲਮਾਨ ਭਾਈਚਾਰੇ ਨੂੰ ਫਿਰਕੂ ਪਾਲਾਬੰਦੀਆਂ ਦਾ ਨਿਸ਼ਾਨਾ ਬਣਾ ਕੇ ਚੱਲ ਰਹੀ ਹੈ ਤੇ ਇਸ ਘੱਟ-ਗਿਣਤੀ ਫਿਰਕੇ ਨੂੰ ਦੇਸ਼ ਅੰਦਰ ਦਹਿਸ਼ਤਗਰਦ ਗਰਦਾਨ ਕੇ ਲੋਕਾਂ ਮੂਹਰੇ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਰੱਖਦੀ ਹੈ। ਕਸ਼ਮੀਰ ਕੌਮੀ ਲਹਿਰ ਨੂੰ ਵੀ ਇਸਲਾਮਿਕ ਦਹਿਸ਼ਤਗਰਦੀ ਬਣਾ ਕੇ ਪੇਸ਼ ਕਰਦੀ ਹੈ ਤੇ ਉਸ ਨੂੰ ਪਾਕਿਸਤਾਨ ਨਾਲ ਜੋੜ ਕੇ ਹਮਲੇ ਹੇਠ ਲਿਆਉਣ ਦਾ ਯਤਨ ਕਰਦੀ ਹੈ। ਇਹ ਹਕੂਮਤ ਕੌਮੀ ਤੇ ਫਿਰਕੂ ਸ਼ਾਵਨਵਾਦ ਦਾ ਲਾਹਾ ਲੈ ਕੇ ਇੱਕ ਪਾਸੇ ਕੁਰਸੀ ਦੇ ਥੰਮ੍ਹ ਮਜਬੂਤ ਕਰਦੀ ਹੈ ਤੇ ਦੂਜੇ ਪਾਸੇ ਇਸ ਸ਼ਾਵਨਵਾਦ ਦੀ ਆੜ ਹੇਠ ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਮਾਰ ਹੇਠ ਲਿਆਉਂਦੀ ਹੈ। ਅਜਿਹਾ ਪ੍ਰਚਾਰ ਤੇਜ਼ ਕਰਨ ਲਈ ਮੋਦੀ ਹਕੂਮਤ ਨੂੰ ਗੁਆਂਢੀ ਮੁਲਕ ਦੀ ਇਹ ਤਬਦੀਲੀ ਹੋਰ ਸਮੱਗਰੀ ਦੇ ਸਕਦੀ ਹੈ ਤੇ ਇਸਦੇ ਬਹਾਨੇ ਹੇਠ ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਹਮਲੇ ਹੇਠ ਲਿਆਉਣ ਲਈ ਹੋਰ ਮਨਸੂਬੇ ਘੜੇ ਜਾਣਗੇ। ਭਾਜਪਾਈ ਲੀਡਰਾਂ ਨੇ ਅਫਗਾਨਿਸਤਾਨ ਘਟਨਾਕ੍ਰਮ ਦੇ ਹਵਾਲੇ ਨਾਲ ਨਾਗਰਿਕਤਾ ਸੋਧ ਕਨੂੰਨ ਦੀ ਵਾਜਬੀਅਤ ਮੁੜ ਉਭਰਾਨੀ ਸ਼ੁਰੂ ਕਰ ਦਿੱਤੀ ਹੈ। ਅਫਗਾਨਿਸਤਾਨ ’ਚੋ ਹਿੰਦੂ ਸਿੱਖ ਧਰਮਾਂ ਨਾਲ ਸੰਬਿਧਤ ਲੋਕਾਂ ਨੂੰ ਭਾਰਤ ’ਚ ਲਿਆਉਣ ਦੇ ਯਤਨਾਂ ਨੂੰ ਉਭਾਰ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹਨਾਂ ਨੂੰ ਪਹਿਲ ਦੇ ਆਧਾਰ ’ਤੇ ਈ ਵੀਜੇ ਦੇਣ ਦਾ ਐਲਾਨ ਵੀ ਕੀਤਾ ਹੈ। ਜਦ ਕਿ ਇੱਥੋਂ ਆਉਣ ਵਾਲੇ ਮੁਸਲਿਮ ਅਫਗਾਨ ਰਫਿਊਜੀਆਂ ਲਈ ਇਹਤੋਂ ਉਲਟ ਨੀਤੀ ਅਖਤਿਆਰ ਕੀਤੀ ਗਈ ਹੈ। ਅਫਗਾਨਿਸਤਾਨ ਦੀ ਇੱਕ ਪਾਰਲੀਮੈਂਟ ਮੈਂਬਰ ਨੂੰ ਲੋੜੀਦੇ ਕਾਗਜ਼ ਹੋਣ ਦੇ ਬਾਵਜੂਦ ਵਾਪਸ ਭੇਜ ਦਿੱਤਾ ਗਿਆ ਹੈ ਕਿਉਂਕਿ ਉਹ ਮੁਸਲਿਮ ਧਰਮ ’ਚੋਂ ਸੀ। ਉਹ ਇੱਥੇ ਕਿਸੇ ਬਿਮਾਰੀ ਦੇ ਇਲਾਜ ਲਈ ਐਮਰਜੈਂਸੀ ’ਚ ਆਈ ਸੀ। ਇਹ ਨੀਤੀ ਅਫਗਾਨਿਸਤਾਨ ਦੀ ਹਕੂਮਤ ਨਾਲ ਸੰਬੰਧਾਂ ਨੂੰ ਖਰਾਬ ਕਰਨ ਦਾ ਜ਼ਰੀਆ ਹੀ ਬਣੇਗੀ। ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਅਮਰੀਕਾ ਅਫਗਾਨਿਸਤਾਨ ਅੰਦਰਲੇ ਆਪਣੇ ਅਪਰੇਸ਼ਨਾਂ ਲਈ ਭਾਰਤੀ ਧਰਤੀ ਨੂੰ ਵਰਤਣ ਦੀਆਂ ਵਿਉਂਤਾਂ ’ਚ ਹੈ। ਇਕ ਹਿੰਦੀ ਵੈੱਬ ਪੋਰਟਲ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਅਮਰੀਕੀ ਸਾਮਰਾਜੀਏ ਭਾਰਤ ਅੰਦਰ ਆਪਣਾ ਹਵਾਈ ਅੱਡਾ ਸਥਾਪਿਤ ਕਰਨ ਜਾ ਰਹੇ ਹਨ। ਇਸ ਲਈ ਚੱਲ ਰਹੀ ਗੱਲਬਾਤ ਆਖਰੀ ਦੌਰ ’ਚ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਖਬਰ ਕਹਿੰਦੀ ਹੈ ਕਿ ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਅਮਰੀਕੀ ਕਾਂਗਰਸ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਇਸ ਸਿਲਸਿਲੇ ਵਿੱਚ ਦੋ ਅਮਰੀਕੀ ਕਮਾਂਡਰ ਭਾਰਤ ਦੀ ਯਾਤਰਾ ਵੀ ਕਰ ਚੁੱਕੇ ਹਨ ਤੇ ਭਾਰਤੀ ਫੌਜ ਮੁਖੀ ਅਤੇ ਚੀਫ ਆਫ ਡਿਫੈਂਸ ਸਟਾਫ ਨੂੰ ਵੀ ਮਿਲ ਕੇ ਗਏ ਹਨ। ਖਬਰ ਤਾਂ ਇਹ ਚਰਚਾ ਵੀ ਕਰਦੀ ਹੈ ਕਿ ਪਾਕਿਸਤਾਨ ਦੀ ਤਾਲਿਬਾਨੀ ਹਕੂਮਤ ਨਾਲ ਜਾਹਰ ਹੋ ਰਹੀ ਨੇੜਤਾ ਅਤੇ ਉਸਤੋਂ ਅੱਗੇ ਚੀਨ ਤੇ ਰੂਸ ਵਰਗੇ ਮੁਲਕਾਂ ਨਾਲ ਵਧ ਰਹੇ ਰਿਸ਼ਤੇ ਇਸ ਖਿੱਤੇ ਅੰਦਰ ਭਾਰਤੀ ਹਾਕਮਾਂ ’ਤੇ ਅਮਰੀਕੀ ਸਾਮਰਾਜੀਆਂ ਦੀ ਟੇਕ ਵਧਾ ਸਕਦੇ ਹਨ। ਅਜਿਹੇ ਕਦਮ ਭਾਰਤੀ ਲੋਕਾਂ ਲਈ ਹੋਰ ਵੀ ਘਾਤਕ ਹੋਣਗੇ।
ਇਸ ਲਈ ਭਾਰਤੀ ਲੋਕਾਂ ਨੂੰ ਭਾਰਤੀ ਹਾਕਮਾਂ ਦੀਆਂ ਅਜਿਹੀਆਂ ਚਾਲਾਂ ਤੇ ਭਰਮਾਊ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ। ਭਾਰਤੀ ਕਿਰਤੀ ਲੋਕਾਂ ਨੂੰ ਮੋਦੀ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਦੇ ਅਮਨ ਭਰੇ ਰਿਸ਼ਤੇ ਸਥਾਪਤ ਕਰਨ ਦੀ ਨੀਤੀ ਅਖਤਿਆਰ ਕੀਤੀ ਜਾਵੇ ਹੈ ਤੇ ਗੁਆਂਢੀ ਮੁਲਕਾਂ ਦੇ ਅੰਦਰ ਦਖਲ ਬਣਾਉਣ ਦੀ ਨੀਤੀ ਰੱਦ ਕੀਤੀ ਜਾਵੇ। ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਯੁੱਧਨੀਤਕ ਹਿੱਤਾਂ ਨਾਲ ਬੱਝੀ ਵਿਦੇਸ਼ ਨੀਤੀ ਦੀ ਥਾਂ ਕੌਮੀ ਹਿੱਤਂ ਨੂੰ ਪ੍ਰਮੁੱਖਤਾ ਦੇਣ ਵਾਲੀ ਵਿਦੇਸ਼ ਨੀਤੀ ਅਖਤਿਆਰ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਅਮਰੀਕੀ ਜੰਗੀ ਮਿਸ਼ਨਾਂ ਦਾ ਹਿੱਸਾ ਬਣਨ ਤੋਂ ਬਾਜ ਆਉਣ ਦੀ ਸੁਣਵਾਈ ਕਰਨੀ ਚਾਹੀਦੀ ਹੈ। ਤੇ ਅਮਰੀਕੀ ਸਾਮਰਾਜੀਆਂ ਨਾਲ ਕੀਤੀਆਂ ਫੌਜੀ ਸੰਧੀਆਂ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਤੇ ਸਾਮਰਾਜੀ ਦਾਬੇ ਤੇ ਲੁੱਟ ਖਿਲਾਫ ਜੂਝਦੇ ਦੁਨੀਆਂ ਭਰ ਦੇ ਲੋਕਾਂ ਦੀਆਂ ਹੱਕੀ ਲਹਿਰਾਂ ਦੀ ਹਮਾਇਤ ਕਰਨ ਵਾਲੀ ਨੀਤੀ ਅਖਤਿਆਰ ਕਰਨ ਵਾਲੀ ਆਵਾਜ ਉਠਾਉਣੀ ਚਾਹੀਦੀ ਹੈ।
No comments:
Post a Comment