ਜੰਗਬਾਜ ਅਮਰੀਕੀ ਸਾਮਰਾਜੀਏ
ਦੂਜੀ ਸੰਸਾਰ ਜੰਗ ਮਗਰੋਂ ਸੰਸਾਰ ਸਾਮਰਾਜੀ ਮਹਾਂਸ਼ਕਤੀ ਵਜੋਂ ਉੱਭਰਕੇ ਸਾਹਮਣੇ ਆਇਆ ਅਮਰੀਕੀ ਸਾਮਰਾਜ ਲਗਾਤਾਰ ਜੰਗਾਂ ’ਚ ਰੁੱਝਿਆ ਆ ਰਿਹਾ ਹੈ। ਚਾਹੇ ਉੱਪਰੋਂ ਅਮਰੀਕੀ ਸਾਮਰਾਜ ਬਹੁਤ ਵੱਡੀ ਸ਼ਕਤੀ ਜਾਪਦਾ ਹੈ ਕਿਉਂਕਿ ਇਸਦਾ ਆਰਥਿਕ ਤੇ ਫੌਜੀ ਤਾਣਾ-ਬਾਣਾ ਦੂਸਰੀਆਂ ਸਾਮਰਾਜੀ ਤਾਕਤਾਂ ਨਾਲੋਂ ਕਾਫੀ ਵੱਡਾ ਹੈ, ਪਰ ਇਸ ਨੂੰ ਥਾਂ ਥਾਂ ’ਤੇ ਜੰਗਾਂ ਮੜ੍ਹਨ ਦੀਆਂ ਫੌਜੀ ਮੁਹਿੰਮਾਂ ’ਚੋਂ ਮੂੰਹ ਦੀ ਖਾਣੀ ਪੈ ਰਹੀ ਹੈ ਕਿਉਂਕਿ ਇਹ ਨਿਹੱਕੀਆਂ ਜੰਗਾਂ ਥੋਪਦਾ ਰਿਹਾ ਹੈ ਤੇ ਕਿੰਨੇਂ ਹੀ ਗਰੀਬ ਤੇ ਪਛੜੇ ਮੁਲਕਾਂ ਦੇ ਲੋਕ ਇਹਨਾਂ ਹਮਲਿਆਂ ਖਿਲਾਫ ਹੱਕੀ ਟਾਕਰਾ ਜੰਗਾਂ ਨਾਲ ਅਮਰੀਕੀ ਸਾਮਰਾਜ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ ਹਨ। ਪਿਛਲੇ 7 ਦਹਾਕਿਆਂ ਤੋਂ ਅਮਰੀਕੀ ਸਾਮਰਾਜੀ ਥਾਂ ਥਾਂ ’ਤੇ ਦਖਲਅੰਦਾਜੀ ਕਰਦੇ ਆ ਰਹੇ ਹਨ। ਕਿੰਨੇ ਹੀ ਮੁਲਕਾਂ ’ਚ ਰਾਜ ਪਲਟੇ ਕਰਵਾਉਣ, ਹਕੂਮਤਾਂ ਸੁੱਟਣ, ਮੁਲਕਾਂ ਦੇ ਆਗੂਆਂ ਦੇ ਕਤਲ ਕਰਵਾਉਣ ’ਚ ਲੱਗੇ ਰਹੇ ਹਨ। ਕਈ ਜੰਗਾਂ ਅਜਿਹੀਆਂ ਹਨ ਜਿੰਨ੍ਹਾਂ ’ਚ ਅਮਰੀਕੀ ਸਾਮਰਾਜੀਆਂ ਨੇ ਬਹੁਤ ਛੋਟੀ ਤਾਕਤ ਸਮਝ ਕੇ ਝੱਟ-ਪੱਟ ਮੁਲਕ ਨੂੰ ਰੋਲ ਦੇਣ ਦਾ ਭਰਮ ਪਾਲਿਆ ਸੀ ਪਰ ਮਗਰੋਂ ਉੱਥੋਂ ਖਹਿੜਾ ਛੁਡਾ ਕੇ ਨਿੱਕਲਣਾ ਮੁਸ਼ਕਲ ਹੋ ਗਿਆ ਸੀ ਤੇ ਜਦੋਂ ਨਿੱਕਲਿਆ ਤਾਂ ਸੰਸਾਰ ਭਰ ਅੰਦਰ ਸਾਮਰਾਜੀ ਮਹਾਂ-ਸ਼ਕਤੀ ਵਜੋਂ ਘਬਰਾਇਆ ਤੇ ਬੌਂਦਲਿਆ ਹੋਇਆ ਦਿਖਿਆ ਹੈ।
- ਦੂਜੀ ਵਿਸ਼ਵ ਜੰਗ ਵੇਲੇ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਕਹਿਰ ਵਰਸਾਉਣ ਵਾਲਾ ਉਸ ਤੋਂ ਬਾਅਦ ਲਗਾਤਾਰ ਹੀ ਜੰਗਾਂ ’ਚ ਰੁੱਝਿਆ ਆ ਰਿਹਾ ਹੈ।
-1950-53 ਦੌਰਾਨ ਕੋਰੀਅਨ ਜੰਗ ਵਿੱਚ ਅਮਰੀਕੀ ਸਾਮਰਾਜੀਆਂ ਦਾ ਅਜਿਹਾ ਹੀ ਹਸ਼ਰ ਹੋਇਆ। ਕੋਰੀਆ ਦੀ ਜੰਗ ’ਚ ਤਿੰਨ ਸਾਲਾਂ ਦੌਰਾਨ ਲੱਖਾਂ ਕੋਰੀਅਨ ਲੋਕਾਂ ਦੇ ਨਾਲ 54 ਹਜਾਰ ਅਮਰੀਕੀ ਸੈਨਿਕ ਵੀ ਮਾਰੇ ਗਏ ਸਨ ਤੇ ਤਿੰਨ ਸਾਲ ਤੋਂ ਉੱਪਰ ਚੱਲੀ ਇਸ ਜੰਗ ’ਚ ਅਮਰੀਕਾ ਸਿਕਸ਼ਤ ਖਾਣ ਮਗਰੋਂ ਨਿੱਕਲਿਆ ਸੀ।
-ਲੱਗਭੱਗ ਦਹਾਕਾ ਭਰ ਚੱਲੀ ਵੀਅਤਨਾਮ ਜੰਗ ’ਚ ਵੀ ਅਮਰੀਕੀ ਸਾਮਰਾਜ ਦਾ ਅਜਿਹਾ ਹੀ ਹਸ਼ਰ ਹੋਇਆ ਸੀ। ਇਹ ਬਹੁਤ ਹੀ ਨਿਮੋਸ਼ੀ-ਜਨਕ ਹਾਰ ਸੀ ਜਦੋਂ 1975 ’ਚ ਜੰਗ ਦੇ ਅੰਤ ਵੇਲੇ ਅਮਰੀਕੀ ਐਂਬੈਸੇਡਰ ਨੂੰ ਆਪਣੀ ਸਰਕਾਰੀ ਇਮਾਰਤ ਦੀ ਛੱਤ ਤੋਂ ਹੈਲੀਕਾਪਟਰ ਰਾਹੀਂ ਅਮਰੀਕੀ ਝੰਡਾ ਲੈ ਕੇ ਭੱਜਦਾ ਸੰਸਾਰ ਭਰ ਦੇ ਲੋਕਾਂ ਨੇ ਦੇਖਿਆ ਸੀ। ਵੀਅਤਨਾਮ ਬਹੁਤ ਗਰੀਬ ਮੁਲਕ ਸੀ ਪਰ ਅਮਰੀਕੀ ਸਾਮਰਾਜ ਵੱਲੋਂ ਮੜ੍ਹੀ ਨਿਹੱਕੀ ਜੰਗ ਦਾ ਵੀਅਤਨਾਮੀ ਲੋਕਾਂ ਨੇ ਬਹੁਤ ਦਲੇਰੀ ਨਾਲ ਟਾਕਰਾ ਕੀਤਾ ਸੀ।
-2003 ’ਚ ਅਮਰੀਕਾ ਨੇ ਇਰਾਕ ’ਤੇ ਇਹ ਇਲਜਾਮ ਲਗਾ ਕੇ ਹਮਲਾ ਕੀਤਾ ਸੀ ਕਿ ਇਸ ਕੋਲ ਮਾਰੂ ਪ੍ਰਮਾਣੂੰ ਤੇ ਜੈਵਿਕ ਹਥਿਆਰ ਹਨ ਤੇ ਇਹਨਾਂ ਤੋਂ ਮਨੁੱਖਤਾ ਨੂੰ ਖਤਰਾ ਹੈ। ਜਦ ਕਿ ਹਮਲੇ ਮਗਰੋਂ ਉੱਥੋਂ ਅਜਿਹਾ ਕੁੱਝ ਵੀ ਦਿਖਾ ਨਾ ਸਕਣ ਕਾਰਨ ਅਮਰੀਕਾ ਨੂੰ ਭਾਰੀ ਨਿਮੋਸ਼ੀ ਹੋਈ ਸੀ। ਅਸਲ ਮਕਸਦ ਇਰਾਕ ’ਤੇ ਕਬਜਾ ਕਰਕੇ ਆਪਣੀ ਕਠਪੁਤਲੀ ਸਰਕਾਰ ਕਾਇਮ ਕਰਨਾ ਸੀ ਪਰ 10 ਸਾਲਾਂ ਮਗਰੋਂ ਜਦੋਂ ਹੀ ਅਮਰੀਕਾ ਉੱਥੋਂ ਨਿੱਕਲਿਆ ਤਾਂ ਮਗਰੋਂ ਹੀ ਅਮਰੀਕਾ ਵਿਰੋਧੀ ਗੁੱਟ ਉਸੇ ਸੱਤਾ ’ਤੇ ਕਾਬਜ ਹੋ ਗਿਆ ਸੀ। ਫਿਰ ਦੁਬਾਰਾ ਅਮਰੀਕਾ ਨੂੰ ਉਥੇ ਫੌਜਾਂ ਭੇਜਣੀਆਂ ਪਈਆਂ ਸਨ ਪਰ ਤਾਂ ਵੀ ਅਮਰੀਕੀ ਪੁੱਗਤ ਦੁਬਾਰਾ ਨਹੀਂ ਸੀ ਬਣ ਸਕੀ।
-ਯੂਗੋਸਲਾਵੀਆ, ਪਨਾਮਾ, ਲਾਓਸ, ਕੰਬੋਡੀਆ ਤੇ ਸੂਡਾਨ ਵਰਗੇ ਅਜਿਹੇ ਮੁਲਕਾਂ ਦੀ ਸੂਚੀ ਬਹੁਤ ਲੰਮੀ ਹੈ ਜਿੱਥੇ ਅਮਰੀਕੀ ਸਾਮਰਾਜੀਆਂ ਨੇ ਬੰਬਾਂ ਦੀ ਵਰਖਾ ਕੀਤੀ ਹੈ। ਘਰਾਂ ਤੋਂ ਲੈ ਕੇ ਫੈਕਟਰੀਆਂ ਤੱਕ ਤਬਾਹ ਕੀਤੀਆਂ ਹਨ।
-ਇਸ ਤੋਂ ਇਲਾਵਾ ਇਸਨੇ ਲਿਬੀਆ, ਸੀਰੀਆ ਵਰਗੇ ਮੁਲਕਾਂ ਸਮੇਤ ਦੁਨੀਆਂ ਦੇ ਕੋਨੇ ਕੋਨੇ ’ਚ ਹਥਿਆਰਬੰਦ ਫੌਜਾਂ ਭੇਜੀਆਂ ਹਨ, ਲੱਖਾਂ ਲੋਕ ਕਤਲ ਕੀਤੇ ਹਨ ਤੇ ਘਰੋਂ ਬੇਘਰ ਕੀਤੇ ਹਨ। ਇਸ ਦੇ ਡਰੋਨਾਂ, ਮਿਜਾਈਲਾਂ ਤੇ ਕਲੱਸਟਰ ਬੰਬਾਂ ਨੇ ਪਿੰਡਾਂ ਦੇ ਪਿੰਡਾਂ ’ਚ ਸੱਥਰ ਵਿਛਾਏ ਹਨ ਪਰ ਇਹ ਸਭ ਕੁੱਝ ਵੀ ਸੰਸਾਰ ਦੇ ਦੱਬੇ-ਕੁਚਲੇ ਲੋਕਾਂ ਦੇ ਮਨਾਂ ’ਚ ਅਮਰੀਕੀ ਸਾਮਰਾਜੀ ਤਾਕਤ ਦਾ ਖੌਫ ਨਹੀਂ ਬਿਠਾ ਸਕਿਆ ਸਗੋਂ ਵਾਰ ਵਾਰ ਇਸਦੇ ਪੱਲੇ ਪੈਂਦੀ ਹਾਰ ਦੀ ਨਮੋਸ਼ੀ ਇਸਨੂੰ ਦੁਨੀਆਂ ਦੇ ਲੋਕਾਂ ਸਾਹਮਣੇ ਹਰਾਈ ਜਾ ਸਕਣ ਵਾਲੀ ਸ਼ਕਤੀ ਵਜੋਂ ਪੇਸ਼ ਕਰਦੀ ਹੈ। ਹਰ ਨਿਹੱਕੀ ਜੰਗ ਸੰਸਾਰ ਸਾਮਰਾਜੀ ਮਹਾਂ-ਸ਼ਕਤੀ ਵਜੋਂ ਇਸਦੇ ਕੱਫਨ ’ਚ ਨਵਾਂ ਕਿੱਲ ਬਣ ਜਾਂਦੀ ਹੈ। ਪਰ ਸਾਮਰਾਜ ਦਾ ਤਰਕ ਹੀ ਜੰਗਾਂ ਦਾ ਹੈ, ਇਹਨਾਂ ਜੰਗਾਂ ਤੋਂ ਬਿਨਾਂ ਤੇ ਕਬਜਿਆਂ ਤੋਂ ਬਿਨਾਂ ਇਸਦੇ ਸਾਮਰਾਜੀ ਹਿੱਤਾਂ ਦਾ ਵਧਾਰਾ ਨਹੀਂ ਹੁੰਦਾ ਤੇ ਇਹੀ ਜੰਗਾਂ ਇਸਦਾ ਦਮ ਕੱਢ ਰਹੀਆਂ ਹਨ।
ਕਲੱਸਟਰ ਬੰਬਾਂ ਦਾ ਕਹਿਰ
ਅਫਗਾਨਿਸਤਾਨ ਅੰਦਰ ਅਮਰੀਕੀ ਸਾਮਰਾਜੀਆਂ ਨੇ ਕਲੱਸਟਰ ਬੰਬਾਂ ਨਾਲ ਬਹੁਤ ਕਹਿਰ ਵਰਸਾਇਆ ਸੀ। ਸੀਬੀ ਯੂ-87 ਦੇ ਨਾਂ ਨਾਲ ਜਾਣੇ ਜਾਂਦੇ ਇਸ ਬੰਬ ਵਿੱਚੌਂ ਸੋਡੇ ਦੀ ਇੱਕ ਬੋਤਲ ਦੇ ਆਕਾਰ ਜਿੱਡੇ ਚਮਕਦੇ ਪੀਲੇ ਰੰਗ ਦੇ 202 ਛੋਟੇ ਬੰਬ ਨਿਕਲਦੇ ਹਨ। ਇਹ ਮੁੱਖ ਬੰਬ ਧਰਤੀ ਤੋਂ 300-400 ਮੀਟਰ ਉੱਪਰ ਹੀ ਫਟ ਜਾਂਦਾ ਹੈ ਤੇ 202 ਛੋਟੇ ਬੰਬ ਆਲੇ ਦੁਆਲੇ ਫੈਲ ਜਾਂਦੇ ਹਨ। ਇਹ ਲਗਪਗ ਫੁੱਟਬਾਲ ਦੇ ਤਿੰਨ ਖੇਡ ਮੈਦਾਨਾਂ ਜਿੰਨੀਂ ਥਾਂ ‘ਚ ਫੈਲਦੇ ਹਨ।ਅਫਗਾਨਿਸਤਾਨ ‘ਤੇ ਹਮਲੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਹੀ ਅਮਰੀਕਾ ਨੇ ਲਗਪਗ ਛੇ ਸੌ ਅਜਿਹੇ ਬੰਬ ਅਫਗਾਨਿਸਤਾਨ ਉੱਪਰ ਸਿੱਟੇ ਸਨ।
ਅਮਰੀਕੀ ਸਾਮਰਾਜੀਆਂ ਨੇ ਇਸ ਤੋਂ ਪਹਿਲਾਂ ਵੀ ਕੰਬੋਡੀਆ ਲਾਓਸ ’ਤੇ ਹਮਲੇ ਵੇਲੇ ਤੇ ਫਿਰ ਮਗਰੋਂ ਯੂਗੋਸਲਾਵੀਆ ਵਿੱਚ ਵੀ ਅਜਿਹੇ ਬੰਬਾਂ ਦੀ ਬੇਸ਼ੁਮਾਰ ਵਰਤੋਂ ਕੀਤੀ ਸੀ। ਉਦੋਂ ਕੌਮਾਂਤਰੀ ਰੈੱਡ ਕਰਾਸ ਤੇ ਮਨੁੱਖੀ ਅਧਿਕਾਰ ਨਿਗਰਾਨ ਨੇ ਅਜਿਹੇ ਬੰਬਾਂ ‘ਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਸੀ। ਇਨਾਂ’ ਚੋਂ ਕਈ ਅਣਚੱਲੇ ਪਏ ਰਹੇ ਤੇ ਮਗਰੋਂ ਖੇਡਦੇ ਹੋਏ ਛੋਟੇ ਬੱਚੇ ਇਨ੍ਹਾਂ ਰੰਗ-ਬਰੰਗੇ ਬੰਬਾਂ ਵੱਲ ਆਕਰਸ਼ਿਤ ਹੁੰਦੇ ਸਨ ਤੇ ਜਾਨਾਂ ਗਵਾਉਂਦੇ ਸਨ। ਕੋਸੋਵੋ ’ਚ ਲੜਾਈ ਖਤਮ ਹੋਣ ਮਗਰੋਂ ਲਗਪਗ 30,000 ਛੋਟੇ ਬੰਬ ਅਣਚੱਲੇ ਪਏ ਰਹੇ ਸਨ ਤੇ ਜਿਨ੍ਹਾਂ ਕਾਰਨ ਮਗਰੋਂ ਇੱਕ ਸੌ ਪੰਜਾਹ ਮੌਤਾਂ ਹੋਈਆਂ ਜਿਨਾਂ ਚੋਂ ਜਿਆਦਾਤਰ ਬੱਚੇ ਸਨ। ਇੰਗਲੈਂਡ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ ਉਸ ਦੀ ਫੌਜ ਵੱਲੋਂ ਸੁੱਟੇ 531 ਕਲੱਸਟਰ ਬੰਬਾਂ ਚੋਂ ਲਗਪਗ 65% ਮਿੱਥੇ ਨਿਸ਼ਾਨਿਆਂ ਤੋਂ ਪਾਸੇ ਡਿੱਗੇ ਸਨ।
ਅਜਿਹਾ ਕੁੱਝ ਹੀ ਅਮਰੀਕੀ ਸਾਮਰਾਜੀਆਂ ਤੇ ਉਸਦੇ ਨਾਟੋ ਸੰਗੀਆਂ ਨੇ ਅਫ਼ਗਾਨਿਸਤਾਨ ਅੰਦਰ ਇਨ੍ਹਾਂ ਵੀਹ ਸਾਲਾਂ ਦੌਰਾਨ ਕੀਤਾ। ਚਾਹੇ ਅਮਰੀਕੀ ਸਾਮਰਾਜੀਆਂ ਨੇ ਦਾਅਵੇ ਤਾਂ ਸਿਰਫ਼ ਤਾਲਿਬਾਨਾਂ ਦੇ ਫੌਜੀ ਟਿਕਾਣਿਆਂ ਨੂੰ ਬਣਾਉਣ ਦੇ ਹੀ ਕੀਤੇ ਸਨ ਪਰ ਹਕੀਕਤ ਵਿੱਚ ਉਨ੍ਹਾਂ ਲਈ ਹਰ ਅਫ਼ਗਾਨ ਪਿੰਡ ਤੇ ਉਸਦੇ ਬਸ਼ਿੰਦੇ ਤਾਲਿਬਾਨ ਤੇ ਉਨ੍ਹਾਂ ਦੇ ਅੱਡੇ ਹੀ ਸਨ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਵਿੱਚ ਜਿੱਤ ਐਲਾਨ ਦੇਣ ਤੋਂ ਮਗਰੋਂ ਵੀ ਇਹ ਬੰਬ ਉਵੇਂ ਹੀ ਸਿੱਟੇ ਜਾਂਦੇ ਰਹੇ ਸਨ।
ਬੋਸਟਨਗਲੋਬ 20 ਜਨਵਰੀ 2002 ਦੀ ਆਪਣੀ ਇੱਕ ਰਿਪੋਰਟ ਵਿੱਚ ਦੱਸਦਾ ਹੈ , ‘‘ਆਪਣੇ ਘਰ ਛੱਡ ਕੇ ਭੱਜ ਗਏ ਅਫ਼ਗਾਨਿਸਤਾਨ ਦੇ ਹਜਾਰਾਂ ਲੋਕ ਅਧਿਕਾਰਤ ਤੌਰ ’ਤੇ ਸ਼ਾਂਤੀ ਦੇ ਐਲਾਨ ਹੋ ਜਾਣ ਮਗਰੋਂ ਵੀ ਆਪਣੇ ਘਰਾਂ, ਖੇਤਾਂ ਤੇ ਪਿੰਡਾਂ ’ਚ ਨਹੀਂ ਆ ਸਕਦੇ ਕਿਉਂਕਿ ਉੱਥੇ ਅਣ-ਫਟੇ ਕਲੱਸਟਰ ਬੰਬਾਂ ਦੇ ਹਿੱਸੇ ਖਿੰਡੇ ਪਏ ਹਨ। ਬਰੂਦੀ ਸੁਰੰਗਾਂ ਨਾਕਾਮ ਬਣਾਉਣ ਵਾਲੇ ਮਾਹਰਾਂ ਨੇ ਕਿਹਾ ਕਿ ਪਿਛਲੇ ਹਫਤੇ ਛੋਟੇ ਬੰਬਾਂ ਦੇ ਲੱਗਭਗ 20% ਹਿੱਸੇ ਅਣਚੱਲੇ ਪਏ ਦੇਖੇ ਹਨ। ਸੋਡੇ ਦੀਆਂ ਬੋਤਲਾਂ ਵਰਗੇ ਚਮਕਦੇ ਪੀਲੇ ਰੰਗ ਦੇ ਇਹ ਬੰਬ ਜਿਨ੍ਹਾਂ ‘ਤੇ ਚਿੱਟੇ ਪੈਰਾਸ਼ੂਟ ਲੱਗੇ ਹੁੰਦੇ ਹਨ, ਚੁੱਪ ਚੁਪੀਤੇ ਕਾਤਲ ਹਨ। ਬੱਚੇ ਇਨ੍ਹਾਂ ਵੱਲ ਖਿੱਚੇ ਜਾਂਦੇ ਹਨ ਤੇ ਖੇਡਦੇ ਹਨ..... ਪਿਛਲੇ ਤਿੰਨ ਹਫਤਿਆਂ ਦੌਰਾਨ ਸੱਤ ਬੱਚੇ ਮਜਾਰ ਏ ਸ਼ਰੀਫ ਦੇ ਨੇਡਲੇ ਇੱਕ ਪਿੰਡ ਵਿੱਚ ਇਨ੍ਹਾਂ ਨਾਲ ਖੇਡ ਦੇ ਮਾਰੇ ਜਾ ਚੁੱਕੇ ਹਨ। ਇਉਂ ਹੀ ਇੱਕ ਪਿੰਡ ਦੇ ਨਾਰ ਖਲੀਲ ਵਿੱਚ ਦਸ ਕਲੱਸਟਰ ਬੰਬਾਂ ਨੇ ਲਗਪਗ 2020 ਛੋਟੇ ਬੰਬ ਸੁੱਟੇ ਜਿਨ੍ਹਾਂ ਚੋਂ ਬਹੁਤ ਸਾਰੇ ਅਜੇ ਵੀ ਐਕਟਿਵ ਹਨ। ਜਿਹੜੇ ਤਾਪਮਾਨ ਵਿਚ ਤਬਦੀਲੀ ਆਉਣ ਨਾਲ ਫਟਦੇ ਹਨ।’’
ਨਵੰਬਰ ਅਖੀਰ ਤੱਕ ਸੁੱਟੇ ਗਏ 600 ਕਲੱਸਟਰ ਬੰਬਾਂ ਦੀ 20% ਫੇਲ੍ਹ ਹੋਣ ਦੀ ਦਰ ਦੇ ਹਿਸਾਬ ਨਾਲ ਅਫਗਾਨ ਬੱਚਿਆਂ ਨੂੰ ਮਾਰਨ ਲਈ ਚਮਕਦੇ ਰੰਗ ਦੀਆਂ 24000 ਹੋਰ ਬਰੂਦੀ ਸੁਰੰਗਾਂ ਵਿਛਾ ਦਿੱਤੀਆਂ ਗਈਆਂ ਹਨ। ਤੋਰਾ ਬੋਰਾ ਖੇਤਰ ਵਿਚ ਇਨ੍ਹਾਂ ਬੰਬਾਂ ਨੂੰ ਬੇਹਿਸਾਬੇ ਸੁੱਟਿਆ ਗਿਆ ਹੈ। ਬੀਐਲ ਯੂ-82 ਨਾਂ ਦਾ ਬੰਬ ਇਕ ਤਰ੍ਹਾਂ ਛੋਟਾ ਪ੍ਰਮਾਣੂੰ ਹਥਿਆਰ ਹੈ ਜਿਸਨੂੰ ਅਮਰੀਕਾ ਵੱਲੋਂ ਵੀਅਤਨਾਮ ਜੰਗ ਅੰਦਰ ਜੰਗਲਾਂ ਵਿੱਚ ਯਕਦਮ ਹੈਲੀਕਾਪਟਰ ਉਤਾਰਨ ਲਈ ਖੜ੍ਹੇ ਪੈਰ ਹੈਲੀਪੈਡ ਬਣਾਉਣ ਵਾਸਤੇ ਤਿਆਰ ਕੀਤਾ ਗਿਆ ਸੀ। ਇਸਦਾ ਬਲਾਸਟ ਖੇਤਰ ਹੀ 6.5 ਕਿਲੋਮੀਟਰ ਦੇ ਅਰਧ ਵਿਆਸ ਦਾ ਸੀ।
No comments:
Post a Comment