ਅਫਗਾਨਿਸਤਾਨ ਘਟਨਾ-ਵਿਕਾਸ
ਅਮਰੀਕਾ ਦੀ ਆਲਮੀ ਦਹਿਸ਼ਤਗਰਦ ਜੰਗ ਨੂੰ ਵੱਡਾ ਝਟਕਾ
ਪਿਛਲੇ 20 ਸਾਲਾਂ ਤੋਂ ਅਫਗਾਨਿਸਤਾਨ ’ਤੇ ਫੌਜੀ ਕਬਜਾ ਕਰਕੇ ਬੈਠੇ ਅਮਰੀਕੀ ਸਾਮਰਾਜੀਆਂ ਨੂੰ ਆਖਿਰਕਾਰ ਅਫਗਾਨੀ ਕੌਮੀ ਟਾਕਰੇ ਮੂਹਰੇ ਗੋਡੇ ਟੇਕਣੇ ਪੈ ਗਏ ਹਨ ਤੇ ਲੰਘੀ 31 ਅਗਸਤ ਨੂੰ ਜੰਗਬਾਜ ਸਾਮਰਾਜੀਏ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਨਿੱਕਲ ਗਏ ਹਨ। ਇਕ ਵਾਰ ਅਫਗਾਨਿਸਤਾਨ ’ਚੋਂ ਸਿੱਧੀ ਅਮਰੀਕੀ ਬਸਤੀਵਾਦੀ ਚੌਧਰ ਦਾ ਖਾਤਮਾ ਹੋ ਗਿਆ ਹੈ। ਨਿਹੱਕੀਆਂ ਸਾਮਰਾਜੀ ਜੰਗਾਂ ਦੇ ਇਤਿਹਾਸ ’ਚ ਅਮਰੀਕੀ ਸਾਮਰਾਜ ਦੀ ਇੱਕ ਹੋਰ ਨਮੋਸ਼ੀਜਨਕ ਹਾਰ ਬਣ ਗਈ ਹੈ। ਸੰਸਾਰ ਅੰਦਰ ਅਮਰੀਕਾ ਦੇ ਇਉਂ ਭੱਜਣ ਨੂੰ ਉਸ ਦੇ ਵੀਅਤਨਾਮੀ ਜੰਗ ’ਚੋਂ ਬੁਰੀ ਤਰ੍ਹਾਂ ਹਾਰ ਕੇ ਭੱਜਣ ਦੇ ਘਟਨਾਕ੍ਰਮ ਨਾਲ ਤੁਲਨਾਇਆ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ’ਚ ਤਾਲਿਬਾਨ ਵੱਲੋਂ ਬਚੇ-ਖੁਚੇ ਸਟਾਫ ਨੂੰ ਕੱਢਣ ਦੀ ਮੋਹਲਤ ਦਿੱਤੇ ਜਾਣ ਮਗਰੋਂ ਅਮਰੀਕੀ ਸਾਮਰਾਜੀਆਂ ਨੂੰ ਆਪਣਾ ਸਾਜੋ-ਸਮਾਨ ਸਮੇਟਣ ਲਈ ਸਮਾਂ ਮਿਲ ਗਿਆ, ਜਿਸ ’ਤੇ ਸਾਮਰਾਜੀ ਮੀਡੀਆ ਦੇ ਕੁੱਝ ਹਿੱਸਿਆਂ ਅੰਦਰ ਤਸੱਲੀ ਜਾਹਰ ਕੀਤੀ ਗਈ ਹੈ ਕਿ ਚਲੋ ! ਵੀਅਤਨਾਮ ਵਾਂਗ ਆਖਰੀ ਸਟਾਫ ਵੱਲੋਂ ਹੈਲੀਕਾਪਟਰ ’ਤੇ ਭੱਜਣ ਦੀ ਨੌਬਤ ਨਹੀਂ ਆਈ।
ਪਰ ਕਾਬਲ ਦੇ ਹਵਾਈ ਅੱਡੇ ਤੋਂ ਦੇਸ਼ ਛੱਡ ਕੇ ਜਾਣਾ ਚਾਹੁੰਦੇ ਲੋਕਾਂ ’ਚ ਫੈਲੀ ਅਫਰਾ-ਤਫਰੀ ਸੰਸਾਰ ਭਰ ’ਚ ਚਰਚਾ ਦਾ ਵਿਸ਼ਾ ਬਣੀ। ਜਹਾਜਾਂ ਨਾਲ ਲਟਕਣ ਮਗਰੋਂ ਡਿੱਗ ਕੇ ਮੌਤਾਂ ਵੀ ਹੋਈਆਂ। 20 ਸਾਲਾਂ ਦੇ ਅਮਰੀਕੀ ਫੌਜੀ ਕਬਜੇ ਦੌਰਾਨ ਅਮਰੀਕੀ ਸਾਮਰਾਜੀਆਂ ਦੀ ਸੇਵਾ ’ਚ ਲੱਗੇ ਰਹੇ ਅਫਗਾਨਿਸਤਾਨ ਅੰਦਰਲੇ ਹਿੱਸੇ ਤੇ ਹੋਰਨਾਂ ਮੁਲਕਾਂ ’ਚੋਂ ਅਮਰੀਕੀ ਸੇਵਾਦਾਰਾਂ ਵਜੋਂ ਲਿਆਂਦੇ ਲੋਕਾਂ ’ਚ ਅਮਰੀਕੀ ਫੌਜਾਂ ਦੇ ਜਾਣ ਨਾਲ ਡੁੰਘੀ ਦਹਿਸ਼ਤ ਫੈਲ ਗਈ ਤੇ ਉਹ ਇੱਕ ਦੂਜੇ ਤੋਂ ਅਗੇ ਹੋ ਕੇ ਅਫਗਾਨਿਸਤਾਨ ’ਚੋਂ ਉੱਡ ਜਾਣ ਲਈ ਕਾਹਲੇ ਪੈ ਗਏ। ਸਾਮਰਾਜੀ ਮੀਡੀਏ ਨੇ ਇਹਨਾਂ ਦਿ੍ਸ਼ਾਂ ਨੂੰ ਇਉਂ ਪੇਸ਼ ਕੀਤਾ ਜਿਵੇਂ ਅਫਗਾਨਿਸਤਾਨ ’ਚ ਤਾਲਿਬਾਨ ਹਕੂਮਤ ਆ ਜਾਣ ਨਾਲ ਹੀ ਲੋਕਾਂ ’ਚ ਵੱਡਾ ਖੌਫ ਪੈਦਾ ਹੋ ਗਿਆ ਹੈ। ਜਦ ਕਿ ਇਸ ਹਕੀਕਤ ਨੂੰ ਛੁਪਾ ਲਿਆ ਗਿਆ ਕਿ ਅਮਰੀਕੀ ਸਾਮਰਾਜੀਆਂ ਦੇ ਸੇਵਾਦਾਰ ਹਿੱਸਿਆਂ ਅੰਦਰ ਉਨ੍ਹਾਂ ਦੇ ਚਲੇ ਜਾਣ ਮਗਰੋਂ ਡਰ ਦੀ ਭਾਵਨਾ ਆਉਣੀ ਹੀ ਸੀ ਕਿਉਂਕਿ ਜਿਹੜੇ ਹਲਕੇ ਅਫਗਾਨ ਲੋਕਾਂ ’ਤੇ ਜੁਲਮ ਢਾਹੁਣ ’ਚ ਅਮਰੀਕੀ ਫੌਜਾਂ ਦੇ ਹਿੱਸੇਦਾਰ ਬਣੇ ਸਨ, ਅਫਗਾਨ ਲੋਕਾਂ ਦੇ ਮੋੜਵੇਂ ਰੋਹ ਦਾ ਖਤਰਾ ਹੁਣ ਉਹਨਾਂ ਨੂੰ ਡਰਾ ਰਿਹਾ ਸੀ। ਕਾਬੁਲ ਹਵਾਈ ਅੱਡੇ ’ਤੇ ਜੁੜੇ ਇਹ ਸਾਰੇ ਦੇ ਸਾਰੇ ਆਮ ਅਫਗਾਨ ਲੋਕ ਨਹੀਂ ਸਨ ਸਗੋਂ ਇਹਨਾਂ ’ਚੋਂ ਬਹੁਤੇ ਕਿਸੇ ਨਾ ਕਿਸੇ ਪੱਧਰ ’ਤੇ ਅਮਰੀਕੀ ਕਠਪੁਤਲੀ ਹਕੂਮਤ ਨਾਲ ਜੁੜੇ ਰਹੇ ਹਿੱਸੇ ਹੀ ਸਨ। ਇਹਨਾਂ ’ਚ ਅਜਿਹੇ ਵੀ ਸਨ ਜਿੰਨ੍ਹਾਂ ਨੂੰ ਅਮਰੀਕਾ ਜਾਂ ਹੋਰਨਾਂ ਸਾਮਰਾਜੀ ਮੁਲਕਾਂ ਅੰਦਰ ਨਾਗਰਿਕਤਾ ਵੀ ਦਿੱਤੀ ਹੋਈ ਸੀ। ਕਾਬੁਲ ਹਵਾਈ ਅੱਡੇ ਦੇ ਇਹ ਦਿ੍ਸ਼ ਕਬਜਾਧਾਰੀ ਵਿਦੇਸ਼ੀ ਫੌਜੀ ਤਾਕਤ ਵੱਲੋਂ ਹਾਰ ਖਾ ਕੇ ਦੇਸ਼ ’ਚੋਂ ਨਿੱਕਲਣ ਵੇਲੇ ਫੌਜਾਂ ਦੇ ਸਹਾਇਕ ਹਿੱਸਿਆਂ ਤੇ ਕਠਪੁਤਲੀ ਸਰਕਾਰ ਦੇ ਹਲਕਿਆਂ ’ਚ ਫੈਲੀ ਹਫੜਾ-ਤਫੜੀ ਦੇ ਦਿ੍ਸ਼ ਹੀ ਸਨ।
ਉਂਞ ਤਾਂ ਪਿਛਲੇ ਕੁੱਝ ਸਾਲਾਂ ਤੋਂ ਹੀ ਇਹ ਦਿਖਣਾ ਸ਼ੁਰੂ ਹੋ ਗਿਆ ਸੀ ਕਿ ਅਫਗਾਨਿਸਤਾਨ ਅੰਦਰ ਜੂਝ ਰਹੀਆਂ ਟਾਕਰਾ ਸ਼ਕਤੀਆਂ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਸੀ ਤੇ ਤਾਲਿਬਾਨ ਲੜਾਕੇ ਮੁਲਕ ਦੇ ਕਾਫੀ ਵੱਡੇ ਹਿੱਸੇ ’ਤੇ ਕਾਬਜ ਹੋ ਚੁੱਕੇ ਸਨ। ਇਹ ਤੈਅ ਹੋ ਚੁੱਕਿਆ ਸੀ ਕਿ ਅਮਰੀਕਾ ਲਈ ਹੁਣ ਹੋਰ ਲੰਮਾ ਸਮਾਂ ਕਬਜਾ ਜਮਾ ਕੇ ਰੱਖਣਾ ਸੰਭਵ ਨਹੀਂ ਰਹੇਗਾ ਤੇ ਇਹ ਸਮੇਂ ਦਾ ਮਾਮਲਾ ਹੀ ਰਹਿ ਗਿਆ ਸੀ ਕਿ ਅਮਰੀਕਾ ਕਦੋਂ ਵਾਪਸ ਜਾਂਦਾ ਹੈ। ਪਿਛਲੇ ਸਾਲ ਟਰੰਪ ਵੱਲੋਂ ਤਾਲਿਬਾਨ ਨਾਲ ਸ਼ੁਰੂ ਕੀਤੀ ਗਈ ਗੱਲਬਾਤ ਏਸੇ ਨਿਕਾਲੇ ਨੂੰ ਸਿਰੇ ਚਾੜ੍ਹਨ ਲਈ ਹੀ ਕੀਤੀ ਗਈ ਸੀ। ਪਰ ਹੁਣ ਜਿਸ ਤੇਜੀ ਨਾਲ ਤਾਲਿਬਾਨ ਲੜਾਕੇ ਕਾਬਲ ਵੱਲ ਵਧੇ ਤੇ ਕਾਬਜ ਹੋਏ ਉਹਨੇ ਅਮਰੀਕੀ ਹਕੂਮਤ ਦੀਆਂ ਗਿਣਤੀਆਂ ਵੀ ਪੁੱਠੀਆਂ ਪਾ ਦਿੱਤੀਆਂ। ਅਮਰੀਕੀ ਫੌਜਾਂ ਦੇ ਨਿੱਕਲਣ ਮਗਰੋਂ ਗਨੀ ਦੀ ਕਠਪੁਤਲੀ ਹਕੂਮਤ ਹਫਤਾ ਵੀ ਨਹੀਂ ਕੱਟ ਸਕੀ। ਕੁੱਝ ਦਿਨਾਂ ’ਚ ਹੀ ਅਮਰੀਕੀ ਹੱਥ-ਠੋਕਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਿਆ ਤੇ ਅਮਰੀਕੀ ਫੌਜੀ ਜੋਰ ’ਤੇ ਖੜ੍ਹਾਈ ਗਈ ਅਫਗਾਨੀ ਕਠਪੁਤਲੀ ਹਕੂਮਤ ਦੀ ਫੌਜ ਨੇ ਬਿਨਾ ਕਿਸੇ ਟਾਕਰੇ ਦੇ ਹੀ ਸਮਰਪਣ ਕਰ ਦਿੱਤਾ। ਅਮਰੀਕੀ ਫੌਜਾਂ ਦੇ ਨਿੱਕਲਦਿਆਂ ਜਿਸ ਤੇਜੀ ਨਾਲ ਅਮਰੀਕੀ ਕਠਪੁਤਲੀ ਹਕੂਮਤ ਲੁੜਕੀ ਇਸ ਨੇ ਸਾਬਤ ਕਰ ਦਿੱਤਾ ਕਿ ਅਮਰੀਕੀ ਮੌਜੂਦਗੀ ਨਾਲ ਹੀ ਬਣਾਇਆ ਗਿਆ ਇਹ ਅਫਗਾਨੀ ਰਾਜ ਕਿਸ ਹੱਦ ਤੱਕ ਖੋਖਲਾ ਸੀ ਤੇ ਅਮਰੀਕੀ ਫੌਜੀ ਕਬਜੇ ਦਾ ਹੀ ਹਿੱਸਾ ਸੀ। ਅਮਰੀਕੀ ਸਾਮਰਾਜੀਆਂ ਦੇ ਆਪਣੇ ਹਲਕਿਆਂ ਦੇ ਅੰਦਾਜੇ ਅਜਿਹੇ ਸਨ ਕਿ ਅਮਰੀਕੀ ਫੌਜਾਂ ਦੇ ਨਿੱਕਲਣ ਮਗਰੋਂ ਅਫਗਾਨੀ ਹਕੂਮਤ ਦੀਆਂ ਫੌਜਾਂ ਡੇਢ ਕੁ ਸਾਲ ਤੱਕ ਟਿਕ ਸਕਣਗੀਆਂ ਪਰ ਉਹ ਸਭ ਅੰਦਾਜੇ ਪੁੱਠੇ ਪੈ ਗਏ। ਸਿਰਫ 4-5 ਦਿਨਾਂ ’ਚ ਹੀ ਤਾਲਿਬਾਨ ਨੇ 15 ਅਗਸਤ ਨੂੰ ਕਾਬਲ ’ਤੇ ਕਬਜਾ ਕਰ ਲਿਆ ਅਤੇ 7 ਸਿਤੰਬਰ ਨੂੰ ਨਵੀਂ ਹਕੂਮਤ ਦੇ ਗਠਨ ਦਾ ਐਲਾਨ ਕਰ ਦਿੱਤਾ।
ਅਫਗਾਨਿਸਤਾਨ ਦੀ ਨਿਹੱਕੀ ਜੰਗ ਅਮਰੀਕੀ ਸਾਮਰਾਜੀਆਂ ਲਈ ਗਲੇ ਦੀ ਹੱਡੀ ਬਣ ਚੁੱਕੀ ਸੀ। 20 ਸਾਲਾਂ ਦੀ ਇਸ ਜੰਗ ਨੇ ਅਮਰੀਕੀ ਆਰਥਿਕਤਾ ਦਾ ਧੂੰਆਂ ਕੱਢ ਦਿੱਤਾ ਸੀ। ਸੰਕਟਾਂ ’ਚ ਘਿਰੀ ਅਮਰੀਕੀ ਆਰਥਿਕਤਾ ਲਈ ਇਹਨਾਂ ਜੰਗੀ ਖਰਚਿਆਂ ਨੂੰ ਹੋਰ ਜਾਰੀ ਰੱਖਣਾ ਪੁੱਗਦਾ ਨਹੀਂ ਸੀ ਤੇ ਅਮਰੀਕਾ ਦੇ ਅੰਦਰੋਂ ਹੀ ਇਸ ਜੰਗ ਖਿਲਾਫ ਤੇ ਅਮਰੀਕੀ ਲੋਕਾਂ ’ਤੇ ਟੈਕਸਾਂ ਦੇ ਬੋਝ ਖਿਲਾਫ ਆਵਾਜਾਂ ਉਠਦੀਆਂ ਆ ਰਹੀਆਂ ਸਨ। ਅਮਰੀਕੀ ਫੌਜੀਆਂ ਦੀਆਂ ਅਫਗਾਨਿਸਤਾਨ ਅੰਦਰ ਮੌਤਾਂ ਵੀ ਲੋਕਾਂ ’ਚ ਰੋਹ ਪੈਦਾ ਕਰਦੀਆਂ ਆ ਰਹੀਆਂ ਸਨ।ਅਫਗਨਿਸਤਾਨ ’ਚੋਂ ਫੌਜਾਂ ਦੀ ਵਾਪਸੀ ਦਾ ਮੁੱਦਾ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਮੁੱਦਾ ਬਣਦਾ ਆ ਰਿਹਾ ਸੀ। ਪਹਿਲਾਂ ਟਰੰਪ ਨੇ ਵੀ ਚੋਣਾਂ ’ਚ ਇਹ ਵਾਅਦਾ ਕੀਤਾ ਸੀ ਕਿ ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਵਾਪਸ ਬੁਲਾਈਆਂ ਜਾਣਗੀਆਂ ਤੇ ਹੁਣ ਜੋਅ ਬਾਇਡਨ ਵੀ ਅਜਿਹਾ ਵਾਅਦਾ ਕਰਕੇ ਕੁਰਸੀ ’ਤੇ ਆਇਆ ਸੀ। ਟਰੰਪ ਨੇ ਪਿਛਲੇ ਸਾਲ ਤਾਲਿਬਾਨ ਨਾਲ ਗੱਲਬਾਤ ਮਗਰੋਂ ਇੱਕ ਸਮਝੌਤਾ ਕੀਤਾ ਸੀ। ਉਂਞ ਇਸ ਸਮਝੌਤੇ ਦਾ ਬਹੁਤਾ ਅਰਥ ਨਹੀਂ ਸੀ, ਕਿਉਂਕਿ ਅਮਰੀਕਾ ਵੱਲੋਂ ਅਫਗਨਿਸਤਾਨ ’ਚੋਂ ਨਿੱਕਲਣ ਦੀ ਮਜ਼ਬੂਰੀ ਬਹੁਤ ਜਾਹਰਾ ਹਕੀਕਤ ਬਣ ਚੁੱਕੀ ਸੀ ਤੇ ਤਾਲਿਬਾਨ ਨੇ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤਾਲਿਬਾਨ ਨੇ ਕੋਈ ਜੰਗ-ਬੰਦੀ ਦੀ ਸ਼ਰਤ ਨਹੀਂ ਮੰਨੀ ਸੀ ਤੇ ਅਮਰੀਕੀ ਫੌਜਾਂ ’ਤੇ ਹਮਲੇ ਜਾਰੀ ਰੱਖੇ ਸਨ। ਅਸ਼ਰਫ ਗਨੀ ਹਕੂਮਤ ਨੂੰ ਇਸ ਗੱਲਬਾਤ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ ਤੇ ਨਾ ਹੀ ਉਸ ਨਾਲ ਕਿਸੇ ਤਰ੍ਹਾਂ ਦੀ ਸੱਤਾ ਦੀ ਹਿੱਸੇਦਾਰੀ ਨੂੰ ਤਾਲਿਬਾਨ ਨੇ ਤਸਲੀਮ ਕੀਤਾ ਸੀ। ਇਹ ਹਾਲਤ ਦੱਸ ਰਹੀ ਸੀ ਕਿ ਅਫਗਾਨ ਵਾਰਤਾ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਬੇਅਰਥ ਸਨ ਤੇ ਟਰੰਪ ਪ੍ਰਸਾਸ਼ਨ ਨਾਲ ਕੁੱਝ ਸਹਿਮਤੀਆਂ ਬਣਾਉਣ ਮਗਰੋਂ ਅਮਲੀ ਤੌਰ ’ਤੇ ਅਸ਼ਰਫ ਗਨੀ ਸਰਕਾਰ ਤੇ ਤਾਲਿਬਾਨ ਵਿੱਚ ਕੋਈ ਅਸਰਦਾਰ ਗੱਲਬਾਤ ਦਾ ਅਮਲ ਨਹੀਂ ਚੱਲਿਆ ਸੀ। ਇਹਨਾਂ ਹਾਲਤਾਂ ਦਰਮਿਆਨ ਹੀ 8 ਜੁਲਾਈ 2021 ਨੂੰ ਬਾਇਡਨ ਪ੍ਰਸਾਸ਼ਨ ਨੇ 30 ਅਗਸਤ ਤੱਕ ਅਫਗਾਨਿਸਤਾਨ ’ਚੋਂ ਵਾਪਸੀ ਦਾ ਐਲਾਨ ਕਰ ਦਿੱਤਾ ਸੀ। ਅਮਰੀਕੀ ਸਾਮਰਾਜੀਆਂ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਸੀ। ਉਹ ਅਫਗਾਨਿਸਤਾਨ ’ਚੋਂ ਨਿਕਲਣ ਲਈ ਮਜ਼ਬੂਰ ਹੋ ਚੁੱਕੇ ਸਨ।
ਅਮਰੀਕਾ ਦਾ ਜੋ ਹਸ਼ਰ ਇੰਨੀਂ ਦਿਨੀਂ ਸੰਸਾਰ ਨੇ ਵੇਖਿਆ, ਇਸ ਲਈ ਅਮਰੀਕੀ ਸਾਮਰਾਜੀ ਹਲਕਿਆਂ ’ਚੋਂ ਅਮਰੀਕੀ ਰਾਸ਼ਟਰਪਤੀ ਬਾਇਡਨ ਦੀ ਅਲੋਚਨਾ ਹੋਈ ਕਿ ਅਮਰੀਕੀ ਨਿਕਾਲਾ ਹੋਣ ਵੇਲੇ ਅਮਰੀਕੀ ਸ਼ਾਖ ਦੀ ਪ੍ਰਵਾਹ ਨਹੀਂ ਕੀਤੀ ਗਈ। ਇਸ ਅਲੋਚਨਾ ਦਰਮਿਆਨ ਬਾਇਡਨ ਨੇ ਆਪਣੇ ਵਾਪਸੀ ਦੇ ਫੈਸਲੇ ਨੂੰ ਠੀਕ ਦਰਸਾਉਣ ਲਈ ਦਲੀਲਾਂ ਦਿੱਤੀਆਂ ਕਿ ਅਮਰੀਕਾ ਅਫਗਾਨਿਸਤਾਨ ’ਚ ਕੌਮ ਉਸਾਰੀ ਲਈ ਨਹੀਂ ਸੀ ਗਿਆ, ਸਾਡਾ ਸੀਮਤ ਮਿਸ਼ਨ ਸੀ ਤੇ ਉਹ ਪੂਰਾ ਕਰ ਲਿਆ ਗਿਆ ਸੀ। ਇਹ ਥੁੱਕ ਕੇ ਚੱਟਦੇ ਉਹੀ ਅਮਰੀਕੀ ਸਾਮਰਾਜੀਏ ਹਨ ਜਿਹੜੇ ਹਮਲਾ ਕਰਨ ਵੇਲੇ ਕਹਿੰਦੇ ਰਹੇ ਸਨ ਕਿ ਉਹ ਅਫਗਨਿਸਤਾਨ ’ਚ ਲੋਕਤੰਤਰ ਉਸਾਰਨ ਲਈ ਆਏ ਹਨ ਤੇ ਅਫਗਾਨੀ ਲੋਕਾਂ ਨੂੰ ਸੱਭਿਅਤਾ ਦਾ ਪਾਠ ਪੜ੍ਹਾਉਣਗੇ ਤੇ ਨਵਾਂ ਜਮਹੂਰੀ ਮੁਲਕ ਉਸਾਰਨਗੇ। ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਅਫਗਾਨਿਸਤਾਨ ’ਤੇ ਹਮਲਾ ਕਰਨ ਵੇਲੇ ਅਜਿਹੀਆਂ ਹੀ ਦਲੀਲਾਂ ਦਿੱਤੀਆਂ ਸਨ। ਪਰ ਹੁਣ ਉਹ ਸਭਨਾਂ ਦਲੀਲਾਂ ਨੂੰ ਤੱਜ ਕੇ ਵਾਪਸ ਮੁੜੇ ਹਨ ਤੇ 20 ਸਾਲਾਂ ਬਾਅਦ ਉਹੀ ਤਾਲਿਬਾਨ ਮੁੜ ਸੱਤਾ ਸਾਂਭ ਰਹੇ ਹਨ ਜਿੰਨ੍ਹਾਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਤਬਾਹ ਕਰਨ ਲਈ ਅਮਰੀਕਾ ਨੇ ਫੌਜੀ ਹਮਲਾ ਕੀਤਾ ਸੀ। ਪਰ ਹੁਣ 20 ਸਾਲਾਂ ਮਗਰੋਂ ਉਸੇ ਤਾਲਿਬਾਨ ਤੋਂ ਇਹ ਭਰੋਸੇ ਲਏ ਜਾ ਰਹੇ ਹਨ ਕਿ ਉਹ ਅਫਗਾਨਿਸਤਾਨ ਦੀ ਧਰਤੀ ਨੂੰ ਦਹਿਸ਼ਤਗਰਦ ਕਾਰਵਾਈਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਅਮਰੀਕੀ ਹਿੱਤਾਂ ਖਿਲਾਫ ਨਹੀਂ ਵਰਤੇਗਾ। ਅੱਜ ਸੰਸਾਰ ਸਾਮਰਾਜੀ ਤੇ ਬੁਰਜੂਆ ਪ੍ਰੈੱਸ ਹਲਕਿਆਂ ਵੱਲੋਂ ਹੀ ਅਮਰੀਕੀ ਸਾਮਰਾਜੀਆਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਜਿਸ ਮਕਸਦ ਲਈ ਆਏ ਸਨ, ਉਹਦੀ ਪੂਰਤੀ ਦਾ ਕੀ ਬਣਿਆ। ਜਿਸ ਤਾਲਿਬਾਨ ਨੂੰ ਤਬਾਹ ਕੀਤਾ ਜਾਣਾ ਸੀ ਅੱਜ ਉਹੀ ਫਿਰ ਦੁਬਾਰਾ ਸੱਤਾ’ਤੇ ਕਾਬਜ ਹੋ ਗਿਆ ਹੈ ਤੇ ਅਮਰੀਕਾ ਵੱਲੋਂ ਖੜ੍ਹੀ ਕੀਤੀ ਗਈ ਹਕੂਮਤ ਚਾਰ ਦਿਨ ਵੀ ਨਹੀਂ ਕੱਟ ਸਕੀ ਤਾਂ ਫਿਰ ਇਸ 20 ਸਾਲਾਂ ਦੀ ਜੰਗ ਤੇ 2 ਟਿ੍ਲੀਅਨ ਡਾਲਰ ਖਰਚ ਕੇ, ਹਜਾਰਾਂ ਫੌਜੀ ਮਰਵਾ ਕੇ ਤੇ ਲੱਖਾਂ ਅਫਗਾਨਿਸਤਾਨੀਆਂ ਨੂੰ ਕਤਲ ਕਰਕੇ ਅਮਰੀਕੀ ਸਾਮਰਾਜੀਏ ਕੀ ਕਾਮਯਾਬੀ ਹਾਸਲ ਕਰ ਸਕੇ ਹਨ।
ਅਫਗਾਨਿਸਤਾਨ ’ਚੋਂ ਅਮਰੀਕਾ ਦੇ ਇਉਂ ਹਾਰ ਕੇ ਨਿੱਕਲ ਜਾਣ ਨੇ ਉਸ ਦੇ ਦੱਖਣੀ ਏਸ਼ੀਆ ਤੋਂ ਲੈ ਕੇ ਮੱਧ-ਪੂਰਬ ਤੱਕ ਦੇ ਸਮੁੱਚੇ ਖੇਤਰ ਦੀਆਂ ਵਿਉਂਤਾਂ ’ਚ ਵੱਡਾ ਅੜਿੱਕਾ ਪਾ ਦਿੱਤਾ ਹੈ। ਜਿਹਨਾਂ ਵਿਉਂਤਾਂ ਨੂੰ ਦਹਿਸ਼ਤਗਰਦੀ ਖਿਲਾਫ ਜੰਗ ਦੇ ਨਾਂ ਹੇਠ ਸਿਰੇ ਚੜ੍ਹਾਇਆ ਜਾ ਰਿਹਾ ਸੀ। ਹੁਣ ਉਸ ਜੰਗ ਨੂੰ ਵੱਡਾ ਝਟਕਾ ਲੱਗ ਗਿਆ ਹੈ। ਜਿਸ ਯੁੱਧਨੀਤਕ ਮਹੱਤਤਾ ਕਾਰਨ ਇੱਕ ਲਾਂਘੇ ਦੇ ਤੌਰ ’ਤੇ ਅਫਗਾਨਿਸਤਾਨ ਨੂੰ ਸਿੱਧੇ ਫੌਜੀ ਕਬਜੇ ਹੇਠ ਰੱਖਿਆ ਗਿਆ ਸੀ, ਉਹ ਲਾਹਾ ਹੁਣ ਅਮਰੀਕਾ ਨੂੰ ਹਾਸਲ ਨਹੀਂ ਰਿਹਾ। ਤੇਲ-ਗੈਸ ਰੂਟਾਂ ’ਤੇ ਕਬਜਾ ਤੇ ਅਹਿਮ ਫੌਜੀ ਅੱਡੇ ਵਜੋਂ ਅਫਗਾਨਿਸਤਾਨ ਦੀ ਮਨਚਾਹੀ ਵਰਤੋਂ ਤੋਂ ਉਹ ਇੱਕ ਵਾਰ ਸੱਖਣਾ ਹੋ ਗਿਆ ਹੈ। ਰੂਸੀ ਸਾਮਰਾਜੀਆਂ ਦਾ ਸਮੁੱਚੇ ਘਟਨਾਕ੍ਰਮ ਅੰਦਰ ਅਹਿਮ ਦਖਲ ਬਣਿਆ ਹੈ ਤੇ ਮਾਸਕੋ ’ਚ ਤਾਲਿਬਾਨ ਨਾਲ ਹੋਈਆਂ ਮੀਟਿੰਗਾਂ ਰਾਹੀਂ ਦਿਖਿਆ ਹੈ ਕਿ ਅਫਗਾਨਿਸਤਾਨ ਮਾਮਲੇ ’ਚ ਰੂਸੀ ਸਾਮਰਾਜ ਇੱਕ ਅਹਿਮ ਖਿਡਾਰੀ ਹੈ। ਚੀਨ ਨਾਲ ਜੁੜ ਕੇ ਇਹ ਅਮਰੀਕੀ ਸਾਮਰਾਜ ਵਿਰੋਧੀ ਖੇਮੇ ਦੀ ਇਸ ਮਾਮਲੇ ’ਚ ਵਧੀ ਹੋਈ ਪੁੱਗਤ ਹੈ ਜੋ ਅਮਰੀਕੀ ਵਿਉਂਤਾਂ ’ਚ ਵੱਡਾ ਵਿਘਨ ਸਾਬਤ ਹੋਵੇਗੀ। ਚਾਹੇ ਅਮਰੀਕੀ ਸਾਮਰਾਜੀਏ ਅਫਗਾਨਿਸਤਾਨ ’ਚੋਂ ਨਿੱਕਲਣ ਨੂੰ ਚੀਨ ਨੂੰ ਘੇਰਨ ’ਤੇ ਧਿਆਨ ਕੇਂਦਰਤ ਕਰਨ ਨਾਲ ਜੋੜ ਕੇ ਪੇਸ਼ ਕਰਦੇ ਹਨ ਪਰ ਜੇਕਰ ਤਾਲਿਬਾਨ ਰੂਸ-ਚੀਨ ਖੇਮੇ ਨਾਲ ਨੇੜਿਉਂ ਜੁੜਦੇ ਹਨ ਤਾਂ ਉਹ ਅੰਤਰ-ਸਾਮਰਾਜੀ ਵਿਰੋਧਤਾਈ ਦੇ ਪ੍ਰਸੰਗ ’ਚ ਅਮਰੀਕੀ ਸਾਮਰਾਜੀਆਂ ਲਈ ਹੋਰ ਵੀ ਘਾਟੇਵੰਦੀ ਹਾਲਤ ਬਣੇਗੀ। ਅਜੇ ਤਾਲਿਬਾਨ ਹਕੂਮਤ ਵੱਲੋਂ ਸਾਮਰਾਜੀ ਮੁਲਕਾਂ ਨਾਲ ਆਪਣੇ ਸਬੰਧਾਂ ਦੀ ਸਥਾਪਤੀ ਦਾ ਅਮਲ ਚੱਲਣਾ ਹੈ ਤੇ ਸਾਰੀਆਂ ਸਾਮਰਾਜੀ ਤਾਕਤਾਂ ਆਪਣੇ ਆਪਣੇ ਹਿੱਤਾਂ ਦੇ ਵਧਾਰੇ ਲਈ ਨਵੇਂ ਰਿਸ਼ਤੇ ਘੜਨ ਖਾਤਰ ਪਰ ਤੋਲ ਰਹੀਆਂ ਹਨ ਪਰ ਇੱਕ ਹਾਲਤ ਸਾਫ ਹੈ ਕਿ ਇਸ ਵਾਰ ਤਾਲਿਬਾਨ ਹਕੂਮਤ ਪਹਿਲਾਂ ਵਾਂਗ ਨਿਖੇੜੇ ਦੀ ਹਾਲਤ ’ਚ ਨਹੀਂ ਹੈ ਸਗੋਂ ਕਈ ਵੱਡੇ ਮੁਲਕਾਂ ਵੱਲੋਂ ਉਸਨੂੰ ਮਾਨਤਾ ਦੇਣ ਤੇ ਉਸ ਨਾਲ ਰਿਸ਼ਤੇ ਸਥਾਪਿਤ ਕਰਨ ਦਾ ਅਮਲ ਤੁਰ ਵੀ ਪਿਆ ਹੈ। ਇਉਂ ਇਹ ਸਮੁੱਚਾ ਅਫਗਾਨਿਸਤਾਨ ਘਟਨਾਕ੍ਰਮ ਅਮਰੀਕੀ-ਸਾਮਰਾਜੀ ਲੋੜਾਂ ਤੇ ਵਿਉਂਤਾਂ ਲਈ ਵੱਡਾ ਨਾਂਹ-ਪੱਖੀ ਘਟਨਾਕ੍ਰਮ ਬਣਦਾ ਹੈ ਜੋ ਸਾਮਰਾਜੀ ਮਹਾਂਸ਼ਕਤੀ ਵਜੋਂ ਨਾ ਸਿਰਫ ਇਹਦੇ ਵੱਕਾਰ ’ਤੇ ਵੱਡੀ ਸੱਟ ਸਾਬਤ ਹੋਇਆ ਹੈ, ਸਗੋਂ ਸੰਸਾਰ ਘਟਨਾਵਾਂ ਨੂੰ ਪ੍ਰਭਾਵਤ ਕਰਨ ਦੀ ਇਸਦੀ ਖੁਰ ਰਹੀ ਤਾਕਤ ਦਾ ਪ੍ਰਤੀਕ ਵੀ ਬਣਿਆ ਹੈ। ਗਰੀਬ ਮੁਲਕਾਂ ’ਤੇ ਜੰਗਾਂ ਥੋਪ ਕੇ, ਹਕੂਮਤਾਂ ਉਲਟਾ ਕੇ ਵੀ ਉਸਨੂੰ ਮਨਚਾਹੇ ਨਤੀਜੇ ਹਾਸਲ ਨਹੀਂ ਹੋ ਰਹੇ, ਸਗੋਂ ਬਾਜੀਆਂ ਉਲਟੀਆਂ ਪੈਂਦੀਆਂ ਹਨ। ਕਈ ਵਿਉਂਤਾਂ ਅਧਵਾਟੇ ਛੱਡਣੀਆਂ ਪੈ ਜਾਂਦੀਆਂ ਹਨ।
ਉਪਰੋਕਤ ਚਰਚਾ ਦਾ ਸਾਰ ਤੱਤ ਹੈ ਕਿ ਇਹ ਅਮਰੀਕੀ ਸਾਮਰਾਜੀ ਜੰਗੀ ਮਿਸ਼ਨ ਦੀ ਬੁਰੀ ਤਰ੍ਹਾਂ ਨਾਕਾਮੀ ਹੈ ਤੇ ਉਸ ਦੀ ਨਮੋਸ਼ੀਜਨਕ ਹਾਰ ਹੈ। ਇਹ ਸੰਸਾਰ ਭਰ ਦੇ ਦੱਬੇ ਕੁਚਲੇ ਲੋਕਾਂ ਲਈ ਅਹਿਮ ਘਟਨਾ-ਵਿਕਾਸ ਹੈ। ਸਾਮਰਾਜੀ ਮਹਾਂਸ਼ਕਤੀ ਦੀ ਇਹ ਹਾਰ ਸਾਮਰਾਜ ਖਿਲਾਫ ਜੂਝ ਰਹੇ ਸੰਸਾਰ ਭਰ ਦੇ ਲੋਕਾਂ ਨੂੰ ਹੌਂਸਲਾ ਤੇ ਉਤਸ਼ਾਹ ਦੇਣ ਵਾਲੀ ਹੈ। ਸੰਸਾਰ ਦੇ ਲੋਕਾਂ ਨੇ ਇੱਕ ਵਾਰ ਫਿਰ ਦੇਖ ਲਿਆ ਹੈ ਕਿ ਅਮਰੀਕੀ ਸਾਮਰਾਜ ਕੱਚੀ ਮਿੱਟੀ ਦੇ ਪੈਰਾਂ ਵਾਲਾ ਦਿਓ ਹੈ, ਕਿ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਅਜਿੱਤ ਨਹੀਂ ਹੈ, ਸਗੋਂ ਦੁਨੀਆਂ ਦੇ ਅੱਤ-ਅਧੁਨਿਕ ਹਥਿਆਰਾਂ ਨਾਲ ਲੈਸ ਇਸ ਅਮਰੀਕੀ ਸਾਮਰਾਜ ਨੂੰ ਬਹੁਤ ਨਿਗੂਣੀ ਤੇ ਛੋਟੀ ਫੌਜੀ ਤਾਕਤ ਵਾਲਾ ਲੋਕ ਟਾਕਰਾ ਵੀ ਹੰਭਾ-ਥਕਾ ਸਕਦਾ ਹੈ ਤੇ ਦਮੋਂ ਕੱਢ ਸਕਦਾ ਹੈ ਤੇ ਆਪਣੀ ਧਰਤੀ ਤੋਂ ਦਬੱਲ ਸਕਦਾ ਹੈ। ਅਫਗਾਨਿਸਤਾਨ ਦੇ ਲੋਕਾਂ ਨੇ ਮਿਸਾਲੀ ਟਾਕਰਾ ਕੀਤਾ ਹੈ। ਅਫਗਾਨਿਸਤਾਨ ਅੰਦਰ ਲੋਕ ਟਾਕਰੇ ’ਚ ਵੱਖ ਵੱਖ ਵੰਨਗੀ ਦੀਆਂ ਸ਼ਕਤੀਆਂ ਸ਼ਾਮਲ ਸਨ ਤੇ ਆਮ ਕਰਕੇ ਇਹ ਟਾਕਰਾ ਧਾਰਮਿਕ ਪੈਂਤੜੇ ਤੋਂ ਸੀ। ਇਸ ਦੀ ਅਗਵਾਈ ਇਨਕਲਾਬੀ ਸ਼ਕਤੀਆਂ ਹੱਥ ਨਹੀਂ ਸੀ ਤੇ ਜੂਝ ਰਹੇ ਲੋਕਾਂ ਸਾਹਮਣੇ ਕੋਈ ਸਾਮਰਾਜ-ਵਿਰੋਧੀ ਜਾਗੀਰਦਾਰੀ-ਵਿਰੋਧੀ ਕੌਮੀ ਮੁਕਤੀ ਦਾ ਪ੍ਰੋਗਰਾਮ ਨਹੀਂ ਸੀ ਭਾਵ ਕਿ ਇਹ ਪੈਂਤੜਾ ਆਪਣੇ ਆਪ ’ਚ ਅਫਗਾਨ ਲੋਕਾਂ ਦੇ ਸਮੁੱਚੇ ਲੜਾਕੂ ਤੰਤ ਨੂੰ ਉਭਾਰਨ ਪੱਖੋਂ ਕਮਜੋਰ ਸੀ ਪਰ ਬੁਨਿਆਦੀ ਨੁਕਤਾ ਇਹ ਸੀ ਕਿ ਅਮਰੀਕੀ ਸਾਮਰਾਜੀ ਹਮਲੇ ਤੇ ਕਬਜੇ ਨੂੰ ਅਫਗਾਨ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ।ਅਪਣੇ ਮੁਲਕ ਅੰਦਰ ਬਾਹਰੀ ਸਾਮਰਾਜੀ ਦਖਲ ਨੂੰ ਰੱਦ ਕੀਤਾ ਤੇ ਇਸ ਖਿਲਾਫ ਦੋ ਦਹਾਕੇ ਲੜੇ। ਇਹ ਅਫਗਾਨਿਸਤਾਨ ਦੀ ਧਰਤੀ ’ਤੇ ਤੀਜੀ ਸਾਮਰਾਜੀ ਸ਼ਕਤੀ ਦੀ ਹਾਰ ਸੀ। ਇਸ ਤੋਂ ਪਹਿਲੀਆਂ ਦੋ ਸਦੀਆਂ ’ਚ ਅੰਗਰੇਜ ਤੇ ਰੂਸੀ ਸਾਮਰਾਜ ਇਉਂ ਹੀ ਹਾਰ ਕੇ ਅਫਗਨਿਸਤਾਨ ਦੀ ਧਰਤੀ ’ਚੋਂ ਨਿੱਕਲੇ ਸਨ। ਹੁਣ ਅਫਗਾਨ ਲੋਕਾਂ ਵੱਲੋਂ ਕੀਤਾ ਗਿਆ ਟਾਕਰਾ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਉਸ ਨੂੰ ਅਮਰੀਕੀ ਸਾਮਰਾਜ ਵਿਰੋਧੀ ਸਾਮਰਾਜੀ ਖੇਮੇ ਵੱਲੋਂ ਕੋਈ ਹਿਮਾਇਤ ਜਾਂ ਸਹਾਇਤਾ ਦੀ ਕੋਈ ਗੁੰਜਾਇਸ਼ ਨਹੀਂ ਸੀ। ਸਗੋਂ ਇਕ ਵਾਰ ਤਾਂ ਇਸ ਹਮਲੇ ਪਿੱਛੇ ਅਮਰੀਕਾ ਵੱਲੋਂ ਸਮੁੱਚਾ ਸਾਮਰਾਜੀ ਕੈਂਪ ਖੜ੍ਹਾ ਕਰ ਲਿਆ ਗਿਆ ਸੀ। ਨਾ ਸਿਰਫ ਨਾਟੋ ਮੁਲਕਾਂ ਵੱਲੋਂ ਹੀ, ਸਗੋਂ ਰੂਸ ਵੱਲੋਂ ਵੀ ਸਹਿਮਤੀ ਦਿੱਤੀ ਗਈ ਸੀ। ਇਹ ਉਹ ਦੌਰ ਸੀ ਜਦੋਂ ਅੰਤਰ-ਸਾਮਰਾਜੀ ਵਿਰੋਧਤਾਈ ਮੁਕਾਬਲਤਨ ਮੱਧਮ ਦੌਰ ’ਚ ਸੀ ਅਤੇ ਲੋਕਾਂ ਦੀਆਂ ਲਹਿਰਾਂ ਵਾਸਤੇ ਇਸ ਨੂੰ ਵਰਤ ਸਕਣ ਲਈ ਹਾਲਤ ਮਾਫਕ ਨਹੀਂ ਸੀ। ਇਸ ਪ੍ਰਸੰਗ ’ਚ ਹੀ ਅਫਗਾਨੀ ਲੋਕਾਂ ਨੂੰ ਕਿਸੇ ਸਾਮਰਾਜੀ ਖੇਮੇ ਵੱਲੋਂ ਸਿੱਧੀ ਜਾਂ ਗੁੱਝੀ ਹਮਾਇਤ ਵੀ ਹਾਸਲ ਨਹੀਂ ਸੀ। ਨਾ ਹੀ ਅਜੋਕੇ ਦੌਰ ’ਚ ਸੰਸਾਰ ਅੰਦਰ ਕੋਈ ਸਮਾਜਵਾਦੀ ਮੁਲਕ ਮੌਜੂਦ ਹੈ ਜਿਵੇਂ ਕਿਸੇ ਵੇਲੇ ਰੂਸ ਤੇ ਚੀਨ ਹੋਇਆ ਕਰਦੇ ਸਨ। ਇਹ ਟਾਕਰਾ ਅਜਿਹੇ ਦੌਰ ’ਚ ਹੋਇਆ ਹੈ ਜਿਸ ਨੂੰ ਅਮਰੀਕੀ ਸਾਮਰਾਜੀ ਸਰਦਾਰੀ ਵਾਲਾ ਇੱਕ-ਧਰੁਵੀ ਦੌਰ ਕਿਹਾ ਗਿਆ ਸੀ, ਭਾਵ ਸੰਸਾਰ ਅਮਰੀਕੀ ਸਾਮਰਾਜੀ ਚੌਧਰ ਹੇਠ ਵਿਚਰ ਰਿਹਾ ਸੀ ਤੇ ਇਸ ਨੂੰ ਕਿਸੇ ਸ਼ਰੀਕ ਸਾਮਰਾਜੀ ਤਾਕਤ ਵੱਲੋਂ ਫੌਰੀ ਤੌਰ ’ਤੇ ਕੋਈ ਚਣੌਤੀ ਨਹੀਂ ਸੀ। ਸਾਮਰਾਜੀ ਮੀਡੀਆ ਉਸ ਨੂੰ ਚੁਣੌਤੀ-ਰਹਿਤ ਮਹਾਂਸ਼ਕਤੀ ਵਜੋਂ ਪੇਸ਼ ਕਰਦਾ ਆ ਰਿਹਾ ਸੀ। ਅਫਗਾਨ ਕੌਮੀ ਟਾਕਰਾ ਉਹਨਾਂ ਹਾਲਤਾਂ ’ਚ ਹੋਇਆ ਹੈ ਜਦੋਂ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਖਿਲਾਫ ਹਰਕਤਸ਼ੀਲ ਹੋ ਸਕਣ ਵਾਲੇ ਕਈ ਵਿਸ਼ੇਸ਼ ਹਾਲਾਤ ਗੈਰ-ਹਾਜ਼ਰ ਸਨ ਜਿਨ੍ਹਾਂ ਦਾ ਲਾਹਾ ਕਿਸੇ ਦੇਸ਼ਭਗਤ ਟਾਕਰਾ ਜੰਗ ਦੌਰਾਨ ਹੋ ਸਕਦਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਹੋਈ ਅਮਰੀਕਾ ਦੀ ਨਮੋਸ਼ੀਜਨਕ ਹਾਰ ਤੇ ਅਫਗਾਨੀ ਕੌਮੀ ਟਾਕਰਾ ਜਿੱਤ ਇਹ ਦੱਸਦੀ ਹੈ ਕਿ ਸੰਸਾਰ ਸਾਮਰਾਜ ਵੱਲੋਂ ਦੁਨੀਆਂ ਭਰ ’ਚ ਮਚਾਈ ਜਾ ਰਹੀ ਲੁੱਟ ਤੇ ਤਬਾਹੀ ਤੀਜੀ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਅੰਦਰ ਅਜਿਹੇ ਰੋਹ ਦੇ ਭਾਂਬੜ ਬਾਲ ਰਹੀ ਹੈ ਜਿਹੜੇ ਲੋਕਾਂ ਦੀਆਂ ਟਾਕਰਾ ਲਹਿਰਾਂ ਦਾ ਜਾਨਦਾਰ ਤੰਤ ਹੋ ਨਿੱਬੜਦੇ ਹਨ। ਘਾਟੇਵੰਦੀਆਂ ਹਾਲਤਾਂ ’ਚ ਵੀ ਲੋਕ ਟਾਕਰਾ ਜਾਰੀ ਰੱਖ ਸਕਦੇ ਹਨ ਤੇ ਕਮਜੋਰ ਤੇ ਊਣੀ ਫੌਜੀ ਤਾਕਤ ਨਾਲ ਵੀ ਵੱਡੀ ਸਾਮਰਾਜੀ ਫੌਜੀ ਤਾਕਤ ਨੂੰ ਮਾਤ ਦੇ ਸਕਦੇ ਹਨ। ਇਹ ਜਿੱਤ ਦੱਸਦੀ ਹੈ ਕਿ ਉੱਪਰੋਂ ਖੂੰਖਾਰ ਤੇ ਅਜਿੱਤ ਦਿਖਦੀ ਇਹ ਸੰਸਾਰ ਮਹਾਂਸ਼ਕਤੀ ਅੰਦਰੋਂ ਦਿਨੋਂ ਦਿਨ ਖੋਖਲੀ ਹੋ ਰਹੀ ਹੈ, ਇਸਦੇ ਆਰਥਿਕ ਸੰਕਟ ਏਨੇ ਗਹਿਰੇ ਹੋ ਚੁੱਕੇ ਹਨ ਕਿ ਵੱਡੇ ਜੰਗੀ ਉਲਝਾ ਇਹਨੂੰ ਨਿਭਾਉਣੇ ਔਖੇ ਹੋ ਰਹੇ ਹਨ। ਅਫਗਾਨਿਸਤਾਨ ਦੇ ਇਸ ਕੌਮੀ ਟਾਕਰੇ ਨੂੰ ਸੰਸਾਰ ਭਰ ਦੇ ਦੱਬੇ ਕੁਚਲੇ ਲੋਕਾਂ ਦੀ ਨੈਤਿਕ ਹਮਾਇਤ ਹਾਸਲ ਸੀ ਤੇ ਸੰਸਾਰ ਦੇ ਕਿਰਤੀ ਲੋਕ ਅਫਗਾਨਿਸਤਾਨ ਉੱਪਰ ਅਮਰੀਕੀ ਹਮਲੇ ਦੇ ਵੇਲੇ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਇਉਂ ਅਫਗਾਨਿਸਤਾਨ ’ਚੋਂ ਅਮਰੀਕੀ ਨਿਕਾਲੇ ਅੰਦਰ ਸੰਸਾਰ ਭਰ ਦੇ ਅਗਾਂਹਵਧੂ, ਜਮਹੂਰੀ ਤੇ ਇਨਕਲਾਬੀ ਲੋਕ ਲਹਿਰਾਂ ਦਾ ਵਜ਼ਨ ਵੀ ਸ਼ਾਮਲ ਹੈ, ਜਿਹਨਾਂ ਨੇ ਇਹਨਾਂ 20 ਸਾਲਾਂ ਦੌਰਾਨ ਵਾਰ ਵਾਰ ਅਮਰੀਕੀ ਦਹਿਸ਼ਤਗਰਦ ਮਨਸੂਬਿਆਂ ਖਿਲਾਫ ਆਵਾਜ਼ ਉਠਾਈ ਹੈ। ਇਸ ਨਿਹੱਕੇ ਫੌਜੀ ਹਮਲੇ ਤੇ ਕਬਜੇ ਨੂੰ ਵੰਗਾਰਿਆ ਹੈ ਤੇ ਅਮਰੀਕੀ ਜੰਗੀ ਕੁਕਰਮਾਂ ਨੂੰ ਵਾਰ ਵਾਰ ਨਸ਼ਰ ਕੀਤਾ ਹੈ।
ਅਮਰੀਕੀ ਹਾਰ ਨਾਲ ਅਫਗਾਨਿਸਤਾਨ ਦੇ ਲੋਕਾਂ ਨੂੰ ਸਿੱਧੇ ਸਾਮਰਾਜੀ ਬਸਤੀਵਾਦੀ ਕਬਜੇ ਤੋਂ ਛੁਟਕਾਰਾ ਮਿਲਿਆ ਹੈ ਜਦ ਕਿ ਇਹ ਅਗਲਾ ਸਵਾਲ ਹੈ ਕਿ ਅਮਰੀਕਾ ਤੇ ਹੋਰ ਸਾਮਰਾਜੀ ਤਾਕਤਾਂ ਆਪਣੀ ਨਵ-ਬਸਤੀਆਨਾ ਨੀਤੀ ਰਾਹੀਂ ਅਫਗਾਨਿਸਤਾਨ ਦੀ ਲੁੱਟ ਕਰਨ ਦੇ ਮਨਸੂਬਿਆਂ ਨੂੰ ਕਿਵੇਂ ਅੱਗੇ ਵਧਾਉਂਦੀਆਂ ਹਨ। ਨਵੇਂ ਬਣਨ ਵਾਲੇ ਰਾਜ ਨਾਲ ਸਾਮਰਾਜੀ ਤਾਕਤਾਂ ਕਿਸ ਪੱਧਰ ਦੇ ਰਿਸ਼ਤੇ ਸਥਾਪਿਤ ਕਰਦੀਆਂ ਹਨ। ਇਸ ਲਈ ਸਾਮਰਾਜੀ ਲੁੱਟ ਤੇ ਦਾਬੇ ਤੋਂ ਮੁਕੰਮਲ ਮੁਕਤੀ ਲਈ ਅਫਗਾਨਿਸਤਾਨ ਦੇ ਕਿਰਤੀ ਲੋਕਾਂ ਸਾਹਮਣੇ ਨਵ-ਜਮਹੂਰੀ ਇਨਕਲਾਬ ਦਾ ਕਾਰਜ ਖੜ੍ਹਾ ਹੈ। ਹੁਣ ਵੀ ਇਸ ਟਾਕਰਾ ਜੰਗ ਦੇ ਫਲ ਤਾਂ ਹੀ ਅਫਗਾਨੀ ਲੋਕਾਂ ਨੂੰ ਮਿਲ ਸਕਦੇ ਹਨ ਜੇਕਰ ਉਹ ਸਾਮਰਾਜੀ ਤੇ ਜਗੀਰੂ ਲੁੱਟ-ਖਸੁੱਟ ਤੋਂ ਮੁਕਤ ਅਫਗਾਨਿਸਤਾਨ ਸਿਰਜਣ ਲਈ ਨਵ-ਜਮਹੂਰੀ ਇਨਕਲਾਬ ਦੇ ਰਾਹ ’ਤੇ ਅੱਗੇ ਵਧਣ। ਅਜਿਹਾ ਨਾ ਕਰਨ ਦੀ ਹਾਲਤ ’ਚ ਇਸ ਟਾਕਰਾ ਜੰਗ ਦੇ ਫਲ ਸਥਾਨਕ ਜਗੀਰੂ ਤਾਕਤਾਂ ਤੇ ਜੰਗੀ ਸਰਦਾਰਾਂ ਦੀ ਝੋਲੀ ਪੈ ਜਾਣਗੇ ਜਿਵੇਂ ਪਹਿਲਾਂ ਵੀ ਸੋਵੀਅਤ ਸਮਾਜਕ ਸਾਮਰਾਜ ਖਿਲਾਫ ਅਫਗਾਨੀ ਲੋਕਾਂ ਦੀ ਟਾਕਰਾ ਜੰਗ ਵੇਲੇ ਹੋਇਆ ਸੀ। ਸੋਵੀਅਤ ਸਾਮਰਾਜੀਆਂ ਨੂੰ ਮੁਲਕ ’ਚੋਂ ਕੱਢਣ ਮਗਰੋਂ ਚੱਲੀ ਖਾਨਾਜੰਗੀ ’ਚ ਆਖਰ ਨੂੰ ਅਮਰੀਕੀ ਹਮਾਇਤ ਹਾਸਲ ਤਾਲਿਬਾਨ ਸੱਤਾ‘ਚ ਆ ਗਏ ਸਨ ਤੇ ਜਿਹਨਾਂ ਨੇ ਅੱਤ-ਪਿਛਾਖੜੀ ਰਾਜ ਲੋਕਾਂ ’ਤੇ ਮੜ੍ਹ ਦਿੱਤਾ ਸੀ। ਇਸ ਰਾਜ ਅਧੀਨ ਹਰ ਤਰ੍ਹਾਂ ਦੀਆਂ ਅਗਾਂਹਵਧੂ ਤੇ ਜਮਹੂਰੀ ਰਵਾਇਤਾਂ ਦਾ ਗਲਾ ਘੁੱਟ ਕੇ ਪਿਛਾਖੜੀ ਬੁਨਿਆਦ-ਪ੍ਰਸਤ ਨੀਤੀਆਂ ਲਾਗੂ ਕੀਤੀਆਂ ਗਈਆਂ ਸਨ। ਹੁਣ ਦੁਬਾਰਾ ਫਿਰ ਅਜਿਹਾ ਰਾਜ ਬਣਨ ਜਾ ਰਿਹਾ ਜਾਪਦਾ ਹੈ। ਚਾਹੇ ਪਿਛਲੇ ਤਜਰਬੇ ਦੇ ਆਧਾਰ ’ਤੇ ਅਤੇ ਟਾਕਰਾ ਜੰਗ ’ਚ ਲੋਕਾਂ ਦੀ ਮੋਹਰੀ ਸ਼ਕਤੀ ਹੋ ਕੇ ਜੂਝਣ ਮਗਰੋਂ ਤਾਲਿਬਾਨ ਵੱਲੋਂ ਕੁੱਝ ਪੱਖਾਂ ’ਚ ਨਰਮੀ ਦੇ ਸੰਕੇਤ ਦਿੱਤੇ ਜਾ ਰਹੇ ਹਨ, ਪਰ ਤਾਂ ਵੀ ਇਹ ਇੱਕ ਐਲਾਨੀਆ ਧਰਮ ਅਧਾਰਿਤ ਰਾਜ ਹੋਵੇਗਾ ਜਿਸ ਦੇ ਅਧੀਨ ਅਫਗਾਨੀ ਲੋਕ ਨਪੀੜੇ ਜਾਣਗੇ। ਅਫਗਾਨੀ ਲੋਕਾਂ ਨੂੰ ਸਾਮਰਾਜੀ ਤੇ ਜਗੀਰੂ ਲੁੱਟ ਤੋਂ ਮੁਕਤ ਦੇਸ਼ ਸਿਰਜਣ ਲਈ ਲੰਮੀ ਜਦੋਜਹਿਦ ਕਰਨੀ ਪੈਣੀ ਹੈ।
No comments:
Post a Comment