Wednesday, December 1, 2021

ਅਮਰੀਕੀ ਸਾਮਰਾਜੀ ਦਹਿਸ਼ਤਗਰਦੀ ਦਾ ਤਾਂਡਵ-ਨਾਚ

 

ਅਮਰੀਕੀ ਸਾਮਰਾਜੀ ਦਹਿਸ਼ਤਗਰਦੀ ਦਾ ਤਾਂਡਵ-ਨਾਚ

ਅਣਮਨੁੱਖੀ ਸੂਖਮ ਡਰੋਨ ਹਮਲੇ

                ਦੁਨੀਆਂ ਭਰ ਵਿੱਚ ਅਮਰੀਕੀ ਸਾਮਰਾਜੀਆਂ ਅਤੇ ਉਹਨਾਂ ਦੀ ਸਰਦਾਰੀ ਹੇਠਲੀਆਂ ਨਾਟੋ ਫੌਜਾਂ ਵੱਲੋਂ ਕਿੰਨੇ ਹੀ ਮੁਲਕਾਂ ਵਿੱਚ ਕੀਤੇ ਜਾ ਰਹੇ ਖੂੰਖਾਰ ਡਰੋਨ ਹਮਲਿਆਂ ਦੀ ਚਰਚਾ ਹੋ ਰਹੀ ਹੈ। ਇਹ ਡਰੋਨ ਹਮਲੇ ਅਮਰੀਕਾ ਦੇ ਨਵੇਂ ਰਾਸਟਰਪਤੀ ਓਬਾਮਾ ਦੇ ਤਾਜਾ ਦੌਰ ਦੀ ਖਤਰਨਾਕ ਜੰਗੀ ਖੋਜ ਹਨ। ਇਸ ਕਰਕੇ ਇਸ ‘‘ਡਰੋਨ ਯੁੱਧ‘‘ ਨੂੰ ਓਬਾਮਾ ਯੁੱਧ ਵੀ ਕਿਹਾ ਜਾਂਦਾ ਹੈ।  ਡਰੋਨ, ਪਾਇਲਟ ਰਹਿਤ ਜੰਗੀ ਹਵਾਈ ਜਹਾਜ਼ ਹਨ, ਜਿਹੜੇ ਮਿਥੇ ਨਿਸਾਨਿਆਂ ਤੇ ਬੰਬਾਰੀ ਕਰਦੇ ਹਨ। ਅਮਰੀਕੀ ਸਾਮਰਾਜੀਏ ਕਹਿੰਦੇ ਹਨ ਕਿ ਇਹ ਲੜਾਈ ਜਿਹਨਾਂ ਦੇ ਖਾਤਮੇ ਲਈ ਲੜੀ ਜਾ ਰਹੀ ਹੈ, ਉਹ ਦਹਿਸਤਗਰਦ ਹਨ। ਜਿਹਨਾਂ ਤੋਂ ਅਮਰੀਕਾ ਨੂੰ ਅਤੇ ਸਾਰੀ ਦੁਨੀਆਂ ਨੂੰ ਖਤਰਾ ਹੈ। ਪਰ ਜਿਹਨਾਂ ਨੂੰ ਦਹਿਸਤਗਰਦ ਕਿਹਾ ਜਾਂਦਾ ਹੈ, ਉਹ ਤਾਂ ਆਪਣੇ ਮੁਲਕ ਵਿੱਚ ਨਿਹੱਕਾ ਕਬਜਾ ਜਮਾਈ ਬੈਠੀਆਂ ਅਮਰੀਕੀ ਅਤੇ ਨਾਟੋ ਫੌਜਾਂ ਤੇ ਹਮਲੇ ਕਰਦੇ ਹਨ। ਜਿਹੜੀਆਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਮਨੁੱਖੀ ਜਾਨਾਂ ਦਾ ਖਾਤਮਾ ਕਰਦੀਆਂ ਹੋਈਆਂ ਇਹਨਾਂ ਮੁਲਕਾਂ ਤੇ ਕਾਬਜ ਹੋਈਆਂ ਹਨ। ਕਹਿਣ ਨੂੰ ਇਹਨਾਂ ਮੁਲਕਾਂ ਦੀਆਂ ਆਪਣੀਆਂ ਸਰਕਾਰਾਂ ਹਨ, ਪਰ ਜਦੋਂ ਡਰੋਨ ਹਮਲੇ ਹੁੰਦੇ ਹਨ ਤਾਂ ਇਹਨਾਂ ਸਰਕਾਰਾਂ ਨੂੰ ਨਾ ਪੁੱਛਿਆ ਜਾਂਦਾ ਹੈ, ਨਾ ਦੱਸਿਆ ਜਾਂਦਾ ਹੈ। ਇਹਨਾਂ ਹਮਲਿਆਂ ਵਿੱਚ ਸਿਰਫ ਉਹਨਾਂ ਦਾ ਹੀ ਸ਼ਿਕਾਰ ਨਹੀਂ ਖੇਡਿਆ ਜਾਂਦਾ, ਜਿਹਨਾਂ ਨੂੰ ਅਮਰੀਕੀ ਸਾਮਰਾਜੀਏ ਦਹਿਸਤਗਰਦ ਕਹਿੰਦੇ ਹਨ। ਇਹਨਾਂ ਹਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮਰਦੀਆਂ ਹਨ, ਬੱਚੇ ਮਰਦੇ ਹਨ। ਵਿਆਹਾਂ, ਸ਼ਾਦੀਆਂ ਦੇ ਜਸ਼ਨ ਮਨਾਉਂਦੇ ਬਰਾਤੀ ਮਰਦੇ ਹਨ। ਜਨ-ਸਭਾਵਾਂ ਵਿੱਚ ਜੁੜੇ ਅਤੇ ਵਿਚਾਰਾਂ ਕਰਦੇ ਵੱਖ ਵੱਖ ਭਾਈਚਾਰਿਆਂ ਦੇ ਲੋਕ ਮਰਦੇ ਹਨ। ਇਹ ਡਰੋਨ ਹਮਲੇ ਹਜਾਰਾਂ ਕਿਲੋਮੀਟਰ ਦੀ ਦੂਰੀ ਤੋਂ ਬਟਨ ਦੱਬ ਕੇ ਕੀਤੇ ਜਾ ਸਕਦੇ ਹਨ। ਨਵਾਂ ਜ਼ਮਾਨਾ ਅਖਬਾਰ ਵਿੱਚ ਛਪੀ ਇੱਕ ਰਿਪੋਰਟ ਵਿੱਚ ਮਿਸਾਲ ਦਿੱਤੀ ਗਈ ਹੈ ਕਿ ਅਮਰੀਕਾ ਦੇ ਨੇਵਾਦਾ ਸ਼ਹਿਰ ਵਿੱਚ ਬੈਠੇ ਇੰਜਨੀਅਰ ਫੌਜੀ ਨੇ ਪਾਕਿਸਤਾਨ ਦੇ ਵਜੀਰਿਸਤਾਨ ਵਿੱਚ ਰਹਿੰਦੇ 16 ਸਾਲਾਂ ਦੇ ਤਾਰਿਕ ਅਜੀਜ਼ ਨੂੰ ਮਿਜਾਈਲ ਦਾਗ ਕੇ ਮਾਰ ਦਿੱਤਾ। ਇਹ ਤਾਰਿਕ ਅਜੀਜ਼ ਚੁਣ ਕੇ ਨਿਸਾਨਾ ਬਣਾਇਆ ਗਿਆ। ਇਸ ਵਜਾਹ ਕਰਕੇ ਨਹੀਂ ਕਿ ਉਹ ਕੋਈ ਗੁਰੀਲਾ ਸੀ, ਜਿਸ ਨੂੰ ਅਮਰੀਕੀ ਸਾਮਰਾਜੀਏ ਦਹਿਸ਼ਤਗਰਦ ਕਹਿੰਦੇ ਹਨ, ਉਸਦਾ ਕਸੂਰ ਤਾਂ ਇਹ ਸੀ ਕਿ ਉਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੋਏ ਕਬਾਇਲੀਆਂ ਦੇ ਇੱਕ ਇਕੱਠ ਵਿੱਚ ਸ਼ਾਮਲ ਹੋਇਆ ਸੀ, ਜਿਸ ਨੂੰ ਜਿਰਗਾ ਕਿਹਾ ਜਾਂਦਾ ਹੈ। ਇੱਥੇ ਲੋਕ ਦੂਰੋਂ ਦੂਰੋਂ ਆਪਣੇ ਦੁੱਖਾਂ ਦੀ ਚਰਚਾ ਕਰਨ ਆਏ ਸਨ। ਉਸਦੇ ਭਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਚਚੇਰੇ ਭਰਾ ਨੂੰ ਮਿਜਾਈਲ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ। ਇਸ ਕਸੂਰ ਬਦਲੇ ਉਹ ਅਮਰੀਕੀ ਸਾਮਰਾਜੀਆਂ ਦੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਆ ਗਿਆ। ਤਾਰਿਕ ਅਜੀਜ਼ ਤੇ ਮਿਜਾਈਲ ਹਮਲਾ ਉਦੋਂ ਹੋਇਆ, ਜਦੋਂ ਉਹ ਆਪਣੇ 12 ਸਾਲਾਂ ਦੇ ਮਸੇਰ ਭਰਾ ਨੂੰ ਆਪਣੀ ਮਾਸੀ ਦੇ ਘਰ ਛੱਡਣ ਜਾ ਰਿਹਾ ਸੀ। ਅਸਮਾਨ ਵਿੱਚੋਂ ਡਿਗੇ ਬੰਬਾਂ ਨੇ ਦੋਹਾਂ ਮਾਸੂਮਾਂ ਨੂੰ ਜਲਾ ਕੇ ਰਾਖ ਕਰ ਦਿੱਤਾ। ਇਸ ਤੋਂ ਦੋ-ਤਿੰਨ ਦਿਨ ਪਹਿਲਾਂ ਸੀ.ਆਈ.ਏ. ਨੇ ਛੇ ਦਹਿਸਤਗਰਦਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਇਹਨਾਂ ਵਿੱਚੋਂ ਚਾਰ ਖਾਣ ਮਜ਼ਦੂਰ ਸਨ, ਜੋ ਕੰਮ ਤੋਂ ਬਾਅਦ ਆਪਣੇ ਘਰ ਪਰਤ ਰਹੇ ਸਨ। ਓਬਾਮਾ ਦੇ ਰਾਜ ਦੇ ਪਹਿਲੇ ਦੋ ਸਾਲਾਂ ਵਿੱਚ ਹੀ ਡਰੋਨ ਹਮਲਿਆਂ ਵਿੱਚ ਤਿੰਨ ਗੁਣਾ ਵਾਧਾ ਹੋਇਆ। ...

                ... ਪਰ ਦੂਜੇ ਪਾਸੇ ਨਹੱਕੀਆਂ ਫੌਜੀ ਲੋੜਾਂ ਅਮਰੀਕੀ ਸਾਮਰਾਜੀਆਂ ਦੀ ਇਹ ਜ਼ਰੂਰਤ ਬਣਾ ਰਹੀਆਂ ਹਨ ਕਿ ਉਹ ਡਰੋਨ ਹਮਲਿਆਂ ਵਿੱਚ ਤੇਜੀ ਲਿਆਉਣ। ਮੁਲਕ ਦੇ ਲੋਕਾਂ ਨਾਲ ਉਹਨਾਂ ਨੇ 2014 ਵਿੱਚ ਅਫਗਾਨਿਸਤਾਨ ਵਿੱਚੋਂ ਵਾਪਸ ਆ ਜਾਣ ਦਾ ਵਾਅਦਾ ਕੀਤਾ ਹੋਇਆ ਹੈ। ਉਂਝ ਵੀ ਓਬਾਮਾ ਨੇ ਇਹ ਪ੍ਰਭਾਵ ਦੇ ਕੇ ਚੋਣਾਂ ਜਿੱਤੀਆਂ ਸਨ ਕਿ ਅਮਰੀਕਾ ਦੇ ਜੰਗੀ ਉਲਝੇਵੇਂ ਘਟਾਏ ਜਾਣਗੇ। ਅਰਥਚਾਰੇ ਦਾ ਧੂੰਆਂ ਕੱਢ ਰਿਹਾ ਫੌਜੀ ਬੋਝ ਕੁੱਝ ਹਲਕਾ ਕੀਤਾ ਜਾਵੇਗਾ ਅਤੇ ਵਿਦੇਸ਼ੀ ਧਰਤੀਆਂ ਤੋਂ ਵਾਪਸ ਆ ਰਹੀਆਂ ਅਮਰੀਕੀ ਫੌਜਾਂ ਦੀਆਂ ਲਾਸ਼ਾਂ ਦੀ ਗਿਣਤੀ ਘਟਾਈ ਜਾਵੇਗੀ। ਇਸ ਤੋਂ ਇਲਾਵਾ ਅਮਰੀਕੀ ਸਾਮਰਾਜੀਆਂ ਦਾ ਇੱਕ ਤੋਂ ਬਾਅਦ ਦੂਸਰਾ ਨਾਟੋ ਸੰਗੀ ਸਮੇਂ ਤੋਂ ਵੀ ਪਹਿਲਾਂ ਅਫਗਾਨਿਸਤਾਨ ਵਿੱਚੋਂ ਭੱਜ ਨਿਕਲਣ ਦੇ ਬਹਾਨੇ ਭਾਲਦਾ ਹੈ। ਇਸ ਹਾਲਤ ਵਿੱਚ ਓਬਾਮਾ ਪ੍ਰਸਾਸਨ ਅਫਗਾਨਿਸਤਾਨ ਵਿੱਚੋਂ ਬਗੈਰ ਕਿਸੇ ਪ੍ਰਾਪਤੀ ਤੋਂ ਨਿਰੀ ਨਿਮੋਸ਼ੀ ਪੱਲੇ ਲੈ ਕੇ ਵਾਪਸ ਪਰਤਣ ਤੋਂ ਬਚਣਾ ਚਾਹੁੰਦਾ ਹੈ। ਉਹ ਅਫਗਾਨ ਗੁਰੀਲਿਆਂ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦਾ ਹੈ। ਅਫਗਾਨ ਜਨਤਾ ਨੂੰ ਜਿਆਦਾ ਤੋਂ ਜਿਆਦਾ ਨਿੱਸਲ ਅਤੇ ਆਤੰਕਿਤ ਕਰਨਾ ਚਾਹੁੰਦਾ ਹੈ, ਇਸ ਕਰਕੇ ਅਮਰੀਕੀ ਸਾਮਰਾਜੀਆਂ ਦੀ ਫੌਜੀ ਨੀਤੀ ਡਰੋਨ ਹਮਲਿਆਂ ਵਿੱਚ ਹੋਰ ਤੇਜੀ ਲਿਆਉਣ ਦੀ ਹੈ। ਪਰ ਬਦਨਾਮੀ ਨੂੰ ਘਟਾਉਣ ਲਈ ਹੁਣ ਉਹ ਇਸਦੇ ਢੰਗ ਵਿੱਚ ਤਬਦੀਲੀ ਕਰ ਰਹੇ ਹਨ। ਉਹਨਾਂ ਨੇ ਹੁਣ ਨਿੱਕੇ ਨਿੱਕੇ ਡਰੋਨਾਂ ਦੀ ਕਾਢ ਕੱਢੀ ਹੈ। ਇਹ ਹਵਾਈ ਜਹਾਜ਼ ਵਰਗਾ ਵੱਡਾ ਡਰੋਨ ਨਹੀਂ ਹੈ। ਬਾਰੂਦੀ ਸਮੱਗਰੀ ਲੈ ਕੇ ਦੂਰ ਦੁਰਾਡੇ ਨਿਸ਼ਾਨਿਆਂ ਤੇ ਚੋਟ ਕਰਨ ਵਾਲਾ ਛੋਟਾ ਡਰੋਨ ਹੈ, ਜਿਸ ਨੂੰ ਫੌਜੀ ਆਪਣੇ ਪਿੱਠੂ ਵਿੱਚ ਵੀ ਲੱਦ ਸਕਦੇ ਹਨ। ਇਸ ਨੂੰ ਉੱਡਣੀ ਸ਼ਾਟ ਗਨ ਜਾਂ ਸਵਿੱਚ ਬਲੇਡ ਵੀ ਕਿਹਾ ਜਾਂਦਾ ਹੈ। ਅਮਰੀਕੀ ਪ੍ਰਸਾਸ਼ਨ ਨੇ ਮਨਜੂਰੀ ਦੇ ਦਿੱਤੀ ਹੈ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਫੌਜਾਂ ਨੂੰ ਇਹਨਾਂ ਨਵੀਂ ਕਿਸਮ ਦੇ ਮਾਰੂ ਡਰੋਨਾਂ ਨਾਲ ਲੈਸ ਕਰ ਦਿੱਤਾ ਜਾਵੇ। ਅਜਿਹੀ ਇੱਕ ਕਾਤਲ ਮਸ਼ੀਨ ਤਿਆਰ ਕਰਨ ਦਾ ਖਰਚਾ 10 ਕਰੋੜ ਰੁਪਏ ਪੈਂਦਾ ਹੈ। ਅਮਰੀਕੀ ਸਾਮਰਾਜੀਆਂ ਦਾ ਦਾਅਵਾ ਹੈ ਕਿ ਇਹ ਨਵੇਂ ਡਰੋਨ ਐਨ ਨਿਸ਼ਾਨੇ ਤੇ ਵਾਰ ਕਰਨਗੇ, ਇਮਾਰਤਾਂ ਨੂੰ ਨੁਕਸਾਨ ਨਹੀਂ ਹੋਵੇਗਾ ਅਤੇ ਸਿਵਲੀਅਨ ਮੌਤਾਂ ਦੀ ਗਿਣਤੀ ਘਟੇਗੀ। ਪਰ ਅਜਿਹੇ ਦਾਅਵੇ ਪਹਿਲੇ ਡਰੋਨਾਂ ਦੇ ਮਾਮਲੇ ਵਿੱਚ ਵੀ ਕੀਤੇ ਗਏ ਸਨ। ਹੁਣ ਖਤਰਾ ਇਸ ਕਰਕੇ ਹੋਰ ਵੀ ਵਧ ਗਿਆ ਹੈ ਕਿਉਂਕਿ ਕਿਸੇ ਵੀ ਹੇਠਲੇ ਰੈਂਕ ਦੇ ਫੌਜੀ ਨੇ ਇਹਨਾਂ ਡਰੋਨਾਂ ਦੀ ਵਰਤੋਂ ਕਰਨੀ ਹੋਵੇਗੀ ਅਤੇ ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਅਮਰੀਕੀ ਫੌਜਾਂ ਕਿਹੋ ਜਿਹੇ ਸੱਭਿਆਚਾਰ ਦੇ ਰੰਗ ਵਿੱਚ ਰੰਗੀਆਂ  ਹੋਈਆਂ ਹਨ। ਸਿਰੇ ਦੇ ਅਣਮਨੁੱਖੀ ਫੌਜੀ ਸੱਭਿਆਚਾਰ ਦਾ ਸਭ ਤੋਂ ਘਿਨਾਉਣਾ ਰੂਪ ਬਣੀਆਂ ਅਮਰੀਕੀ ਫੌਜਾਂ ਦੇ ਹੱਥਾਂ ਵਿੱਚ ਇਹ ਡਰੋਨ ਕਿਸੇ ਮਨੁੱਖੀ-ਕਰਨ ਦੇ ਲੇਖੇ ਨਹੀਂ ਲੱਗ ਸਕਦੇ।  

(ਸੁਰਖ ਰੇਖਾ, ਮਈ-ਜੂਨ 2011 ਦੇ ਅੰਕ ਚੋਂ)

No comments:

Post a Comment