Thursday, July 21, 2011

Surkh Rekha (July-August) 2011


ਹਰ ਪਾਸੇ ਚਮਕੌਰ ਗੜ੍ਹੀ ਹੈ
-
ਮੱਲ ਸਿੰਘ ਰਾਮਪੁਰੀ
ਹਰ ਪਾਸੇ ਚਮਕੌਰ ਗੜ੍ਹੀ ਹੈ 
ਹਰ ਪਾਸੇ ਚਮਕੌਰ ਗੜ੍ਹੀ ਹੈ।
ਜਿਹਨਾਂ ਦੁਆਲੇ ਘੇਰੇ ਪਾ ਕੇ
ਧਾੜਵੀਆਂ ਦੀ ਫੌਜ ਖੜ੍ਹੀ ਹੈ।
ਹਰ ਪਾਸੇ..................

ਸ਼ਾਹੀ ਤਖਤ ਦਿੱਲੀ ਦੇ ਅੰਦਰ
ਔਰੰਗਜੇਬ ਦੀ ਰੂਹ ਵੜੀ ਹੈ।
ਸਿਤਮਜਰੀਫੀ ਰੋਕਣ ਦੇ ਲਈ
ਗੋਬਿੰਦ ਦੀ ਤਨਜ਼ੀਮ ਖੜ੍ਹੀ ਹੈ
ਹਰ ਪਾਸੇ..................

ਦਿਲ ਦਿੱਲੀ ਦਾ ਅਗਵਾ ਹੋਇਆ
ਵਾਸ਼ਿੰਗਟਨ ਤੇ ਲੰਡਨ ਵਿੱਚ ਹੈ
ਦਿਲ ਤੋਂ ਸੱਖਣੀ, ਛਲ ਦੀ ਮੂਰਤ
ਖੰਡਨ ਵਿੱਚ ਹੈ, ਮੰਡਨ ਵਿੱਚ ਹੈ।
ਓਹੀ ਬੁੱਝਣ ਸਭ ਚਾਲਾਂ ਨੂੰ
ਜਿਨ੍ਹਾਂ ਨੇ ਤਾਰੀਖ ਪੜ੍ਹੀ ਹੈ।
ਹਰ ਪਾਸੇ....................

ਪੂੰਜੀਵਾਦੀ ਕਿਲ੍ਹਾ ਜਰਜਰਾ
ਓਟ ਆਸਰਾ ਥੰਮੀਆਂ ਭਾਲੇ।
ਹਰ ਬੂਹੇ 'ਤੇ ਝੱਖੜ ਝੁੱਲੇ
ਕਿਸ ਵਿਧ ਆਪਣੀ ਹੋਦ ਸੰਭਾਲੇ ?
ਹਰ ਹੀਲਾ ਹੀ ਉਲਟਾ ਪੈਂਦੈ
ਨੇੜੇ ਢੁੱਕਦੀ ਅੰਤ ਘੜੀ ਹੈ।
ਹਰ ਪਾਸੇ.....................


ਖਣਜ ਪਦਾਰਥ ਜੰਗਲ ਬੇਲੇ
ਪਰਬਤ, ਨਦੀਆਂ, ਰੁੱਖ ਵੀ ਗਿਰਵੀ
ਆਦੀਵਾਸੀ ਜੰਗਲ ਜਾਏ
ਬੇਦਖਲੀ ਦੀ ਆਰੀ ਫਿਰਦੀ
ਲਸ਼ਕਰ ਆਉਂਦੇ, ਕਹਿਰ ਕਮਾਉਂਦੇ
ਚਾਰੇ ਪਾਸੇ ਗਹਿਰ ਚੜ੍ਹੀ ਹੈ
ਹਰ ਪਾਸੇ...................

ਸ਼ਾਹੀ ਧਾੜਾਂ ਨਾਲ ਭਿੜਨ ਲਈ
ਕੱਚੀਆਂ ਗੜ੍ਹੀਆਂ ਮੱਲਣ ਜੁਝਾਰੂ।
ਗੜ੍ਹੀ-ਜੰਗਲੋਂ ਬਾਹਰ ਟੱਕਰੇ
'
ਕੱਲਾ 'ਕੱਲਾ, ਧਾੜ 'ਤੇ ਭਾਰੂ
ਜ਼ਾਰ, ਔਰੰਗੇ, ਚਿਆਂਗ ਮਿਟਾਉਣੇ
ਇਹ ਅਭਿਆਸ ਤਾਂ ਇੱਕ ਕੜੀ ਹੈ।
ਹਰ ਪਾਸੇ....................

ਮੁਕਤਸਰਾਂ ਦੀ ਕਿਸੇ ਢਾਬ 'ਤੇ 
ਮੁਕਤੀ ਦੀ ਛਿੰਝ ਹਾਲੇ ਪੈਣੀ।
ਹਰ ''ਮੁਕਤੇ'' ਨੇ ਬੇਦਾਵ੍ਹੇ ਦੀ
ਲਿਖੀ ਇਬਾਰਤ ਆਪ ਮਟੇਣੀ
ਜੀਹਨੇ ਸੂਰਜ ਵੱਲ ਪਿੱਠ ਕੀਤੀ
ਉਸ ਲਈ ਕਦੋਂ ਸਵੇਰ ਚੜ੍ਹੀ ਹੈ
ਹਰ ਪਾਸੇ ਚਮਕੌਰ ਗੜ੍ਹੀ ਹੈ। 


ਕੁੱਲੀ, ਗੁੱਲੀ, ਜੁੱਲੀਓਂ ਵਾਂਝੇ 
ਜਿਹੜੇ ਕਿਰਤੀ ਹੋ ਜਾਂਦੇ ਨੇ।
ਆਖਰ ਲਾਲ ਝੰਡੇ ਦੀ ਛਾਂ ਵਿੱਚ
ਸਿਰ ਧਰ ਤਲੀ ਖਲੋ ਜਾਂਦੇ ਨੇ।
ਹਰ ਜਾਬਰ ਨੇ ਉਹਨਾਂ ਮੱਥੇ
''
ਅੱਤਵਾਦ'' ਦੀ ਮੋਹਰ ਜੜੀ ਹੈ।
ਹਰ ਪਾਸੇ .....................

No comments:

Post a Comment