ਪੂੰਜੀਵਾਦੀ ਪਰਬੰਧ ਦਾ ਅਣ-ਮਨੁੱਖੀ ਚਿਹਰਾ-
ਉਹ ਮੁਨਾਫੇ ਲਈ ਖਤਰਨਾਕ ਬੈਕਟੀਰੀਆ ਪਾਲ਼ਦੇ ਹਨ
ਕਿਸੇ ਸਮੇਂ ਚੀਨੀ ਕਮਿਊਨਿਸਟ ਪਾਰਟੀ ਦੇ ਆਗੂ ਚਾਓ-ਇਨ-ਲਾਈ ਨੇ ਟਿੱਪਣੀ ਕੀਤੀ ਸੀ ਕਿ ਆਪਣੇ ਸਭ ਤੋਂ ਉੱਚੇ ਪੜਾਅ 'ਤੇ ਪਹੁੰਚ ਕੇ ਸਰਮਾਏਦਾਰੀ ਅਣ-ਮਨੁੱਖੀ ਹੋ ਜਾਂਦੀ ਹੈ। ਮਨੁੱਖੀ ਜਾਨਾਂ ਨਾਲ ਖਿਲਵਾੜ ਕਰਨ ਲੱਗ ਪੈਂਦੀ ਹੈ। ਬਲੀ ਲੈਣ ਲੱਗ ਜਾਂਦੀ ਹੈ। ਪੂਰੇ ਸਮਾਜ ਲਈ ਨਾਸੂਰ ਬਣ ਜਾਂਦੀ ਹੈ। ਅੱਜ ਦੁਨੀਆਂ ਦਾ ਇਸ ਸਚਾਈ ਨਾਲ ਪੈਰ ਪੈਰ 'ਤੇ ਵਾਹ ਪੈ ਰਿਹਾ ਹੈ।
ਅੱਜ ਕੱਲ੍ਹ ਯੂਰਪੀ ਮੁਲਕਾਂ 'ਚ ਇੱਕ ਰੋਗਾਣੂੰ (ਬੈਕਟੀਰੀਆ) ਸਦਕਾ ਦਹਿਸ਼ਤ ਪਈ ਹੋਈ ਹੈ। ਇਸ ਰੋਗਾਣੂੰ ਸਦਕਾ ਜਰਮਨੀ ਵਿੱਚ 40 ਬੰਦੇ ਮੌਤ ਦੇ ਮੂੰਹ ਜਾ ਪਏ ਹਨ। ਯੂਰਪੀਨ ਮੁਲਕਾਂ ਦਾ 3000 ਬੰਦਾ ਇਸ ਰੋਗਾਣੂੰ ਦੇ ਹਮਲੇ ਦੀ ਲਪੇਟ ਵਿੱਚ ਹੈ। ਇਹਨਾਂ ਵਿੱਚੋਂ ਇੱਕ ਹਜ਼ਾਰ ਦੇ ਨੇੜੇ ਜਾਨ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। 100 ਵਿਅਕਤੀ ਅਜਿਹੇ ਹਨ, ਜਿਹਨਾਂ ਦੇ ਜਾਂ ਗੁਰਦੇ ਬਦਲਣੇ ਪੈਣੇ ਹਨ, ਜਾਂ ਉਹਨਾਂ ਨੂੰ ਉਮਰ ਭਰ ਲਈ ਡਾਇਲੇਸਿਸ 'ਤੇ ਰੱਖਣਾ ਪੈਣਾ ਹੈ।
ਦਹਿਸ਼ਤ ਇਸ ਕਰਕੇ ਫੈਲੀ ਹੋਈ ਹੈ ਕਿਉਂਕਿ ਈ-ਕੋਲਾਈ ਦੀ ਇੱਕ ਖਤਰਨਾਕ ਕਿਸਮ ਵਿਕਸਤ ਹੋ ਗਈ ਹੈ, ਜਿਸ ਵਿੱਚ 'ਚ ਰੋਗਾਣੂੰ-ਨਾਸ਼ਕ ਦਵਾਈਆਂ (ਜਿਹਨਾਂ ਨੂੰ ਐਂਟੀ-ਬਾਇਓਟਿਕਸ ਕਿਹਾ ਜਾਂਦਾ ਹੈ) ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੋ ਗਈ ਹੈ। ਹੁਣ ਦਵਾਈਆਂ ਇਸ 'ਤੇ ਅਸਰ ਨਹੀਂ ਕਰਦੀਆਂ। ਇਸ ਰੋਗਾਣੂੰ ਖਿਲਾਫ ਦਵਾਈਆਂ ਦੀ ਵਰਤੋਂ ਖਤਰਨਾਕ ਸਾਬਤ ਹੋ ਰਹੀ ਹੈ, ਕਿਉਂਕਿ ਦਵਾਈਆਂ ਦੀ ਵਰਤੋਂ ਦੇ ਸਿੱਟੇ ਵਜੋਂ ਇਹ ਰੋਗਾਣੂੰ ਖੁੰਦਕ ਨਾਲ ਮੋੜਵਾਂ ਹੱਲਾ ਬੋਲਦਾ ਹੈ, ਜਿਹੜਾ ਕਈ ਮਾਮਲਿਆਂ ਵਿੱਚ ਜਾਨ-ਲੇਵਾ ਸਾਬਤ ਹੁੰਦਾ ਹੈ। ਇਸ ਗੱਲ ਬਾਰੇ ਚਰਚਾ ਚੱਲ ਰਹੀ ਹੈ ਕਿ ਐਂਟੀਬਾਇਓਟਿਕਸ ਇਸ ਰੋਗਾਣੂੰ 'ਤੇ ਇਹ ਬੇਅਸਰ ਕਿਉਂ ਹੋ ਗਏ ਹਨ। ਸ਼ੁਰੂ ਵਿੱਚ ਇਹ ਚਰਚਾ ਹੋਈ ਕਿ ਐੈਂਟੀਬਾਇਓਟਿਕ ਦਵਾਈਆਂ ਦੀ ਬੇਦਰੇਗ ਅਤੇ ਕੁਚੱਜੀ ਵਰਤੋਂ ਅਕਸਰ ਹੀ ਰੋਗਾਣੂੰਆਂ 'ਚ ਮੁਕਾਬਲੇ ਦੀ ਸ਼ਕਤੀ ਪੈਦਾ ਕਰ ਦਿੰਦੀ ਹੈ। ਐਂਟੀਬਾਇਓਟਿਕਸ ਦਵਾ-ਕੰਪਨੀਆਂ ਮੁਨਾਫਿਆਂ ਦੀ ਹਵਸ ਕਰਕੇ ਅਜਿਹੀ ਵਰਤੋਂ ਨੂੰ ਜਾਣ-ਬੁੱਝ ਕੇ ਉਤਸ਼ਾਹਤ ਕਰਦੀਆਂ ਹਨ। ਇਹ ਗੱਲ ਵੀ ਚਰਚਾ ਵਿੱਚ ਆਈ ਕਿ ਜਰਮਨੀ ਦੇ ਖੇਤੀ ਫਾਰਮਾਂ ਵਿੱਚ ਪਸ਼ੂਆਂ ਅਤੇ ਭੇਡਾਂ ਆਦਿਕ 'ਤੇ ਐਂਟੀਬਾਇਓਟਿਕ ਦਵਾਈਆਂ ਦੀ ਬਹੁਤ ਹੀ ਵਧਵੀਂ ਥੋਕ ਵਰਤੋਂ ਹੋਈ ਹੈ। ਇਹਨਾਂ ਪਸ਼ੂਆਂ ਦੇ ਜਿਸਮਾਂ ਵਿੱਚ ਈ-ਕੋਲਾਈ ਬੈਕਟੀਰੀਆ ਘੁਰਨੇ ਬਣਾ ਕੇ ਰਹਿੰਦਾ ਹੈ। ਸੰਸਾਰ ਸਿਹਤ ਜਥੇਬੰਦੀ ਅਤੇ ਹੋਰ ਸਿਹਤ ਸੰਸਥਾਵਾਂ ਵਾਰ ਵਾਰ ਐਂਟੀਬਾਇਓਟਿਕਸ ਦੁਆਈਆਂ ਦੀ ਬੋਚਵੀਂ ਵਰਤੋਂ ਦੇ ਸੁਝਆ ਦਿੰਦੀ ਰਹੀ ਹੈ, ਪਰ ਇਹ ਨਜ਼ਰਅੰਦਾਜ਼ ਕੀਤੇ ਗਏ।
ਦਹਿਸ਼ਤ ਦੀ ਵਜਾਹ ਬਣੀ ਈ-ਕੋਲਾਈ ਰੋਗਾਣੂੰ ਦੀ ਇਹ ਖਤਰਨਾਕ ਕਿਸਮ ਇਸ ਬੈਕਟੀਰੀਆ ਦੀ ਵਿਸ਼ੇਸ਼ ਨਸਲ ਨਾਲ ਸਬੰਧ ਰੱਖਦੀ ਹੈ, ਜਿਸ ਨੂੰ ਓ-104 ਕਿਹਾ ਜਾਂਦਾ ਹੈ। ਜਰਮਨੀ ਦੀ ਰੌਬਿਟ ਕੋਚ ਸੰਸਥਾ ਵੱਲੋਂ ਇਸ ਖਤਰਨਾਕ ਈ-ਕੋਲਾਈ ਬੈਕਟੀਰੀਆ ਉੱਤੇ ਐਂਟੀਬਾਇਓਟਿਕਸ ਦੁਆਈਆਂ ਦੇ ਅਸਰਾਂ ਸਬੰਧੀ ਕੀਤੇ ਤਾਜ਼ਾ ਅਧਿਐਨ ਨੇ ਸਮੱਸਿਆ ਦੇ ਕਿਤੇ ਵੱਧ ਗੰਭੀਰ ਪੱਖ ਨੂੰ ਸਾਹਮਣੇ ਲਿਆਂਦਾ ਹੈ। ਇਸ ਅਧਿਐਨ ਦੌਰਾਨ ਇਹ ਸਿੱਟਾ ਸਾਹਮਣੇ ਆਇਆ ਕਿ ਇਹ ਬੈਕਟੀਰੀਆ 8 ਸ਼ਰੇਣੀਆਂ ਨਾਲ ਸਬੰਧਤ 12 ਐਂਟੀਬਾਇਓਟਿਕ ਦਵਾਈਆਂ ਦੇ ਮੁਕਾਬਲੇ ਦੀ ਸ਼ਕਤੀ ਪੈਦਾ ਕਰ ਚੁੱਕਿਆ ਹੈ। ਇਹ ਵੀ ਨੋਟ ਹੋਇਆ ਹੈ ਕਿ ਈ-ਕੋਲਾਈ ਦੀ ਇਸ ਵੰਨਗੀ ਨੇ ਆਪਣੇ ਅੰਦਰ ਵਿਸ਼ੇਸ਼ ਰਸਾਇਣ ਪੈਦਾ ਕਰ ਲਏ ਹਨ, ਜਿਹਨਾਂ ਕਰਕੇ ਐਂਟੀਬਾਇਓਟਿਕ ਦਵਾਈਆਂ ਬੇਅਸਰ ਹੋ ਗਈਆਂ ਹਨ। ਇਸ ਤਰ੍ਹਾਂ ਇਹ ਬੈਕਟੀਰੀਆ, ''ਬੈਕਟੀਰੀਆ ਮਹਾਂਸ਼ਕਤੀ'' ਬਣ ਗਿਆ ਹੈ। ਇਹ ਵੀ ਨੋਟ ਹੋਇਆ ਕਿ ਇਸ ਬੈਕਟੀਰੀਆ 'ਚ ਦੋ ਅਜਿਹੇ ਜੀਨ ਮੌਜੂਦ ਹਨ, ਜਿਹੜੇ ਅਹਿਮ ਮਨੁੱਖੀ ਅੰਗਾਂ ਨੂੰ ਨਕਾਰਾ ਕਰ ਸਕਦੇ ਹਨ। ਮਸਲਨ, ਗੁਰਦੇ ਫੇਲ੍ਹ ਕਰ ਸਕਦੇ ਹਨ ਅਤੇ ਅਧਰੰਗ ਦੇ ਦੌਰੇ ਦੀ ਵਜਾਹ ਬਣ ਸਕਦੇ ਹਨ।
ਇਸ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਕਿ ਐਂਟੀਬਾਇਓਟਿਕ ਦੁਆਈਆਂ ਦੇ ਟਾਕਰੇ ਦੀ ਈ-ਕੋਲਾਈ ਦੀ ਸਮਰੱਥਾ ਪਹਿਲੇ ਅੰਦਾਜ਼ਿਆਂ ਨਾਲੋਂ ਕਿਤੇ ਵਧੇਰੇ ਹੈ। ਸੁਆਲ ਖੜ੍ਹਾ ਹੋ ਗਿਆ ਕਿ ਐਨੀ ਵੱਡੀ ਪੱਧਰ 'ਤੇ ਐਂਟੀਬਾਇਓਟਿਕ ਦਵਾਈਆਂ ਦੇ ਟਾਕਰੇ ਦੀ ਸਮਰੱਥਾ ਵਾਲੀ ਬੈਕਟੀਰੀਆ ਦੀ ਨਸਲ ਕਿਵੇਂ ਪੈਦਾ ਹੋ ਸਕਦੀ ਹੈ? ਖੋਜੀਆਂ ਦੇ ਇੱਕ ਹਿੱਸੇ ਨੇ ਵਿਚਾਰ ਪਰਗਟ ਕੀਤਾ ਹੈ ਕਿ ਅਜਿਹੀ ਸ਼ਕਤੀ ਤਾਂ ਹੀ ਵਿਕਸਤ ਹੋ ਸਕਦੀ ਹੈ, ਜੇ ਇਸ ਬੈਕਟੀਰੀਆ ਦਾ ਐਂਟੀਬਾਇਓਟਿਕ ਦਵਾਈਆਂ ਨਾਲ ਵਾਰ ਵਾਰ ਅਤੇ ਲਗਾਤਾਰ ਵਾਹ ਪਿਆ ਹੋਵੇ। ਅਗੜ-ਦੁੱਘੜੇ ਤਰੀਕੇ ਨਾਲ ਨਹੀਂ, ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਵਾਹ ਪਿਆ ਹੋਵੇ। ਇਹ ਕੁਝ ਇਸ ਤਰ੍ਹਾਂ ਵਾਪਰਦਾ ਹੈ: ਮੰਨ ਲਓ ਪਹਿਲਾਂ ਬੈਕਟੀਰੀਆ ਖਿਲਾਫ ਵਾਰ ਵਾਰ ਪੈਨਸਲੀਨ ਦੀ ਵਰਤੋਂ ਕੀਤੀ ਜਾਂਦੀ ਹੈ, ਸਿੱਟੇ ਵਜੋਂ ਅਜਿਹੀ ਨਸਲ ਸਾਹਮਣੇ ਆ ਜਾਂਦੀ ਹੈ, ਜਿਸ ਉੱਤੇ ਪੈਨਸਲੀਨ ਦਾ ਅਸਰ ਨਹੀਂ ਹੁੰਦਾ। ਇਸ ਤੋਂ ਬਾਅਦ ਟੈਟਰਾਸਾਈਕਲੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਫੇਰ ਇੱਕ ਨਸਲ ਸਾਹਮਣੇ ਆ ਜਾਂਦੀ ਹੈ, ਜਿਸ ਉੱਤੇ ਟੈਟਰਾਸਾਈਕਲੀਨ ਦਾ ਅਸਰ ਨਹੀਂ ਹੁੰਦਾ। ਫੇਰ ਅਮੌਕਸੀਸਲੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਹ ਨਸਲ ਸਾਹਮਣੇ ਆ ਜਾਂਦੀ ਹੈ, ਜਿਸ ਉੱਤੇ ਪੈਨਸਲੀਨ, ਟੈਟਰਾਸਾਈਕਲੀਨ ਅਤੇ ਅਮੌਕਸੀਸਲੀਨ ਦਾ ਅਸਰ ਨਹੀਂ ਹੁੰਦਾ। ਇਸ ਤਰੀਕੇ ਨਾਲ ਵੱਖ ਵੱਖ ਐਂਟੀਬਾਇਓਟਿਕ ਦਵਾਈਆਂ ਦੀ ਵਾਰੀ ਵਾਰੀ ਲਗਾਤਾਰ ਵਰਤੋਂ ਦੇ ਅਮਲ ਰਾਹੀਂ ਦਵਾਈਆਂ ਦਾ ਅਸਰ ਸਮਾਪਤ ਹੁੰਦਾ ਜਾਂਦਾ ਹੈ।
ਈ-ਕੋਲਾਈ ਬੈਕਟੀਰੀਆ ਖਿਲਾਫ ਐਂਟੀਬਾਇਓਟਿਕ ਦਵਾਈਆਂ ਦੀ ਜਿੰਨੀ ਵੱਡੀ ਗਿਣਤੀ ਬੇਅਸਰ ਹੋ ਚੁੱਕੀ ਹੈ, ਇਹ ਦੱਸਦੀ ਹੈ ਕਿ ਇਹ ਲੰਮੀ ਵਿਉਂਤਬੱਧ ਵਰਤੋਂ ਦੇ ਸਿੱਟੇ ਵਜੋਂ ਹੀ ਹੋ ਸਕਦਾ ਹੈ। ਖੇਤਾਂ ਵਿੱਚ ਫਾਰਮਾਂ ਵਿੱਚ ਪਸ਼ੂਆਂ 'ਤੇ ਐਂਟੀਬਾਇਓਟਿਕਸ ਦੀ ਵਧਵੀਂ ਵਰਤੋਂ ਵੀ ਕਿਸੇ ਹੱਦ ਤੱਕ ਐਂਟੀਬਾਇਓਟਿਕਸ ਦੇ ਬੇਅਸਰ ਹੋਣ ਲਈ ਜੁੰਮੇਵਾਰ ਹੈ। ਪਰ ਜਿਸ ਪੱਧਰ 'ਤੇ ਸਮੱਸਿਆ ਸਾਹਮਣੇ ਆਈ ਹੈ, ਨਿਰਖਵਾਨਾਂ ਦੇ ਵਿਚਾਰ ਅਨੁਸਾਰ ਇਹ ਬਾਇਓ-ਇੰਜਨੀਰਿੰਗ ਤਕਨੀਕ ਦੀ ਵਰਤੋਂ ਦਾ ਨਤੀਜਾ ਹੋ ਸਕਦੀ ਹੈ, ਯਾਨੀ ਕੰਪਨੀਆਂ ਵੱਲੋਂ ਵਿਸ਼ੇਸ਼ ਦਿਲਚਸਪੀ ਲੈ ਕੇ ਲੈਬਾਰਟਰੀਆਂ ਵਿੱਚ ਈ-ਕੋਲਾਈ ਦਾ ਸੁਭਾਅ ਬਦਲਣ ਦੀ ਵਿਉਂਤਬੱਧ ਕੋਸ਼ਿਸ਼ ਦਾ ਨਤੀਜਾ ਹੋ ਸਕਦੀ ਹੈ। ਸੋ ਇਹ ਸ਼ੰਕਾ ਜ਼ੋਰ ਫੜ ਗਿਆ ਹੈ ਕਿ ਇਹ ਖਤਰਨਾਕ ਬੈਕਟੀਰੀਆ ਕੰਪਨੀਆਂ ਵੱਲੋਂ ਲੈਬਾਰਟਰੀਆਂ ਵਿੱਚ ਪਾਲਿਆ-ਪੋਸਿਆ ਗਿਆ ਹੈ ਅਤੇ ਫੇਰ ਭੋਜਨ ਪਦਾਰਥਾਂ (ਸਬਜ਼ੀਆਂ-ਦਾਲਾਂ) ਆਦਿਕ ਤੱਕ ਪਹੁੰਚਾਇਆ ਗਿਆ ਹੈ। ਇਹ ਚਰਚਾ ਵੀ ਚੱਲ ਰਹੀ ਹੈ ਕਿ ਡੱਬਾ-ਬੰਦ ਭੋਜਨ-ਪਦਾਰਥਾਂ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਦਾ ਈ-ਕੋਲਾਈ ਦੀ ਦਹਿਸ਼ਤ ਨੂੰ ਹਵਾ ਦੇਣ ਵਿੱਚ ਹਿੱਤ ਹੈ, ਤਾਂ ਜੋ ਛੋਟੇ ਫਾਰਮਾਂ ਤੋਂ ਹੋਣ ਵਾਲੀ ਤਾਜ਼ੀਆਂ ਸਬਜ਼ੀਆਂ-ਫਲਾਂ ਅਤੇ ਦੁੱਧ ਦੀ ਸਪਲਾਈ ਬਾਰੇ ਲੋਕਾਂ ਨੂੰ ਵੱਡੇ ਪੱਧਰ 'ਤੇ ਭੈਅ-ਭੀਤ ਕੀਤਾ ਜਾ ਸਕੇ। ਇਹ ਸ਼ੱਕ ਇਸ ਵਜਾਹ ਕਰਕੇ ਡੂੰਘਾ ਹੋ ਗਿਆ ਹੈ ਕਿ ਲਵੀਆਂ ਸਬਜ਼ੀਆਂ ਵਿੱਚ ਈ-ਕੋਲਾਈ ਦੀ ਮੌਜੂਦਗੀ ਬਾਰੇ ਧੜਾਧੜ ਪਰਚਾਰ ਹੋਇਆ ਜਿਸ ਨੂੰ ਮਗਰੋਂ ਸੈਂਪਲ ਟੈਸਟਾਂ ਦੇ ਨਤੀਜਿਆਂ ਨੇ ਪੂਰੀ ਤਰ੍ਹਾਂ ਸਹੀ ਸਾਬਤ ਨਹੀਂ ਕੀਤਾ। ਪਰ ਇਸ ਨਾਲ ਇੱਕ ਵਾਰ ਤਾਂ ਕੱਚੇ ਫਲ ਸਬਜ਼ੀਆਂ ਦੀ ਵਿੱਕਰੀ ਜਾਮ ਹੋ ਕੇ ਰਹਿ ਗਈ। ਹੁਣ ਜਦੋਂ ਲਵੀਆਂ ਸਬਜ਼ੀਆਂ ਦੇ ਵਪਾਰ ਤੋਂ ਤੇਜੀ ਨਾਲ ਬੰਦਸ਼ਾਂ ਹਟਾਈਆਂ ਜਾ ਰਹੀਆਂ ਹਨ ਤਾਂ ਬਦਲਵੇਂ ਅਤੇ ਡੱਬਾ-ਬੰਦ ਭੋਜਨ ਪਦਾਰਥਾਂ ਦੇ ਵਪਾਰੀ ਪਹਿਲਾਂ ਹੀ ਭਾਰੀ ਮੁਨਾਫੇ ਕਮਾ ਚੁੱਕੇ ਹੋਣਗੇ।
ਮਨੁੱਖੀ ਜ਼ਿੰਦਗੀਆਂ ਦੀ ਕੀਮਤ 'ਤੇ ਮੁਨਾਫਾ ਕਮਾਉਣ ਦੀ ਇਹ ਹਵਸ ਪੂੰਜੀਵਾਦੀ ਪਰਬੰਧ ਦੇ ਅਣ-ਮਨੁੱਖੀ ਚਿਹਰੇ ਨੂੰ ਸਾਹਮਣੇ ਲਿਆਉਂਦੀ ਹੈ।
੦-੦-੦
ਐਂਡੋਸਲਫਾਨ ਦਾ ਕਹਿਰ
ਮੁਨਾਫਿਆਂ ਦੀ ਹਵਸ ਸਦਕਾ ਮਨੁੱਖੀ ਜ਼ਿੰਦਗੀਆਂ ਦੀ ਬਲੀ ਲੈਣ ਦੀ ਇੱਕ ਹੋਰ ਘਿਨਾਉਣੀ ਮਿਸਾਲ ਐਂਡੋਸਲਫਾਨ ਕੀਟ-ਨਾਸ਼ਕ ਦੀ ਹੈ। ਕੇਰਲ 'ਚ ਕਾਜੂਆਂ ਉੱਤੇ ਇਸ ਦਾ ਹਵਾਈ ਛਿੜਕਾਅ ਕੀਤਾ ਜਾਂਦਾ ਹੈ। ਮਨੁੱਖੀ ਸਿਹਤ ਲਈ ਅਤਿ-ਖਤਰਨਾਕ ਇਸ ਕੀਟ-ਨਾਸ਼ਕ ਦੀ ਅਸਲੀਅਤ ਲੋਕਾਂ ਤੋਂ ਲੁਕੋ ਕੇ ਰੱਖੀ ਗਈ ਹੈ। ਕੇਰਲ ਦੇ ਕੇਸਰਗੜ੍ਹ ਜ਼ਿਲ੍ਹੇ ਦੇ 50 ਹਜ਼ਾਰ ਲੋਕ 1976 ਤੋਂ 2000 ਦਰਮਿਆਨ ਇਸ ਕੀਟ-ਨਾਸ਼ਕ ਦੇ ਸਿੱਧੇ ਸੰਪਰਕ ਵਿੱਚ ਆਏ ਹਨ। ਇਹ ਕੀਟ-ਨਾਸ਼ਕ 1000 ਜਾਨਾਂ ਦੀ ਬਲੀ ਲੈ ਚੁੱਕਿਆ ਹੈ। 9 ਹਜ਼ਾਰ ਵਿਅਕਤੀ ਇਸਦੇ ਸਿੱਟੇ ਵਜੋਂ ਬਿਮਾਰ ਹਨ ਅਤੇ 4800 ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ। ਇਸ ਕੀਟ-ਨਾਸ਼ਕ 'ਤੇ ਪਾਬੰਦੀ ਲਾਉਣ ਦੀ ਮੰਗ ਦੁਨੀਆਂ ਭਰ ਵਿੱਚ ਜ਼ੋਰ ਨਾਲ ਉੱਠੀ ਹੈ। ਅਖੀਰ ਯੂ.ਐਨ.ਓ. ਵੱਲੋਂ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਭਾਰਤ ਦੀ ਸੁਪਰੀਮ ਕੋਰਟ ਅਤੇ ਕੇਰਲ ਸਰਕਾਰ ਨੇ ਵੀ ਪਾਬੰਦੀ ਲਾ ਦਿੱਤੀ ਹੈ। ਪਰ ਇਹ ਸਭ ਕੁੱਝ ਭਾਰੀ ਨੁਕਸਾਨ ਹੋ ਜਾਣ ਤੋਂ ਮਗਰੋਂ ਹੋਇਆ ਹੈ।
ਨਦੀਨ-ਨਾਸ਼ਕਾਂ ਅਤੇ ਕੀਟ-ਨਾਸ਼ਕਾਂ ਦੀ ਵਰਤੋਂ ਦੇ ਸਿੱਟੇ ਵਜੋਂ ਖਤਰਨਾਕ ਰਸਾਇਣ ਮਨੁੱਖੀ ਲਹੂ, ਦੁੱਧ ਅਤੇ ਚਰਬੀ ਵਿੱਚ ਘਰ ਕਰਦੇ ਜਾ ਰਹੇ ਹਨ। ਭਾਰਤ ਅੰਦਰ ਪਰਖੇ ਗਏ ਸੈਂਪਲਾਂ ਨੇ ਇਹਨਾਂ ਦੀ ਖਤਰੇ ਤੋਂ ਉੱਚੀ ਮਾਤਰਾ ਵਿੱਚ ਮੌਜੂਦਗੀ ਨੂੰ ਸਾਹਮਣੇ ਲਿਆਂਦਾ ਹੈ। ਪਰਖੇ ਗਏ ਭੋਜਨ ਪਦਾਰਥਾਂ 'ਚੋਂ 51 ਫੀਸਦੀ ਵਿੱਚ ਕੀਟ-ਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੇ ਅੰਸ਼ ਮਿਲੇ ਹਨ। 20 ਫੀਸਦੀ ਭੋਜਨ ਪਦਾਰਥਾਂ ਵਿੱਚ ਇਹਨਾਂ ਦੀ ਮਾਤਰਾ ਖਤਰੇ ਦੀ ਹੱਦ ਤੋਂ ਉੱਚੀ ਹੈ। ਇਹ ਜਾਣਕਾਰੀ ਨਵਦਾਨਿਆ ਨੈੱਟਵਰਕ ਦੀ ਸੰਚਾਲਕ ਵੰਦਨਾ ਸ਼ਿਵਾ ਵੱਲੋਂ ਜਾਰੀ ਕੀਤੀ ਗਈ ਹੈ।
ਚੇਤੇ ਰਹੇ ਕਿ ਭਾਰਤ ਵਿੱਚ ਬਹੁਤ ਲੰਮੇ ਅਰਸੇ ਤੋਂ ਅਜਿਹੇ ਕੀਟ-ਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਥੋਕ ਵਰਤੋਂ ਹੋ ਰਹੀ ਹੈ, ਜਿਹਨਾਂ ਨੂੰ ਸੰਸਾਰ ਵਪਾਰ ਜਥੇਬੰਦੀ ਵੱਲੋਂ ਖਤਰਨਾਕ ਐਲਾਨਿਆ ਗਿਆ ਹੈ। ਬਹੁਤੀਆਂ ਦਵਾਈਆਂ ਦੀ ਵਰਤੋਂ ਯੂਰਪੀਨ ਮੁਲਕਾਂ ਅੰਦਰ ਵਰਜਿਤ ਹੈ, ਪਰ ਭਾਰਤ ਨੂੰ ਇਹਨਾਂ ਦੀ ਧੜਾਧੜ ਬਰਾਮਦ ਹੁੰਦੀ ਰਹੀ ਹੈ ਅਤੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਕੰਪਨੀਆਂ ਦੇ ਇਸ ਜ਼ਹਿਰ-ਵਪਾਰ 'ਚ ਪੂਰੀ ਤਰ੍ਹਾਂ ਹੱਥ ਵਟਾਇਆ ਜਾਂਦਾ ਰਿਹਾ ਹੈ। ਕਈ ਜਾਨ-ਲੇਵਾ ਬਿਮਾਰੀਆਂ ਦੇ ਫੈਲਦੇ ਜਾਣ ਵਿੱਚ ਇਸ ਜ਼ਹਿਰ-ਵਪਾਰ ਦਾ ਵੱਡਾ ਹੱਥ ਹੈ।
No comments:
Post a Comment