ਸ਼ਰਾਬ ਮਾਫੀਏ ਖਿਲਾਫ਼ ਸ਼ੰਘਰਸ਼ ਦਾ ਮਹੱਤਵ
—ਵਿਸ਼ੇਸ਼ ਪੱਤਰਪ੍ਰੇਰਕ
ਪਿਛਲੇ ਮਹੀਨਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ, ਆਬਾਦੀ ਤੋਂ ਦੂਰ ਕਰਨ ਆਦਿ ਬਾਰੇ ਵਿਆਪਕ ਆਪ-ਮੁਹਾਰੀ ਸਰਗਰਮੀ ਉੱਭਰਕੇ ਸਾਹਮਣੇ ਆਈ ਹੈ। ਇਸਨੇ ਪੰਜਾਬ ਪੱਧਰੇ ਵਰਤਾਰੇ ਵਜੋਂ ਆਕਾਰ ਹਾਸਲ ਕੀਤਾ ਹੈ। ਇਸ ਸਰਗਰਮੀ ਦੀਆਂ ਮੂਹਰਲੀਆਂ ਸਫਾਂ ਵਿੱਚ ਹਰ ਭਾਂਤ ਦੀਆਂ ਸਿਆਸੀ-ਸਮਾਜਿਕ ਸ਼ਕਤੀਆਂ ਅਤੇ ਜਨਤਕ ਜਥੇਬੰਦੀਆਂ ਦੀ ਸ਼ਮਲੀਅਤ ਸਾਹਮਣੇ ਆਈ ਹੈ। ਨਸ਼ਿਆਂ ਦੀ ਗਰਕਣ ਵਿੱਚ ਧਸ ਰਹੇ ਪੰਜਾਬ ਦੀ ਲੋਕਾਈ ਨੇ ਸੁਲੱਖਣੀ ਅੰਗੜਾਈ ਭਰੀ ਹੈ। ਇਹ ਬੜਾ ਸ਼ੁਭ ਸੰਕੇਤ ਹੈ। ਪੰਜਾਬ ਅੰਦਰ ਜਮਾਤੀ ਘੋਲ ਦੇ ਭਖੇ ਆ ਰਹੇ ਮੋਰਚੇ ਦਾ ਮਹੱਤਵਪੂਰਨ ਸਹਾਈ ਖੇਤਰ, ਸਮਾਜਿਕ ਕੁਰੀਤੀਆਂ ਅਤੇ ਬੁਰਾਈਆਂ ਖਿਲਾਫ ਸੰਘਰਸ਼ ਦਾ ਇਹ ਮੋਰਚਾ ਭਖਵੀਂ ਲੜਾਈ ਖੁਣੋਂ ਖਾਲੀ ਪਿਆ ਸੀ। ਇਸ ਮੋਰਚੇ 'ਤੇ ਹੋਈ ਮੁਢਲੀ ਹਿੱਲ-ਜੁੱਲ ਨੇ ਨਸ਼ਿਆਂ ਦੀ ਜਕੜ ਨੂੰ ਪੀਡੀ ਕਰਨ ਵਾਲੀ ਜ਼ੰਜ਼ੀਰ ਦੀਆਂ ਮਹੱਤਵਪੂਰਨ ਕੜੀਆਂ ਨੂੰ, ਲੋਕਾਂ ਸਾਹਮਣੇ ਉਘਾੜ ਕੇ ਰੱਖ ਦਿੱਤਾ ਹੈ। ''ਨਸ਼ੇ ਛੱਡੋ, ਕੋਹੜ ਵੱਢੋ'', ''ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ'' ਆਦਿ ਨਾਅਰਿਆਂ ਰਾਹੀਂ ਸਾਡੇ ਹਾਕਮਾਂ ਵੱਲੋਂ ਨਸ਼ਾ ਰਹਿਤ ਪੰਜਾਬ ਦੇ ਆਲੰਬਰਦਾਰਾਂ ਵਾਲਾ ਧਾਰਿਆ ਭੇਖ, ਲੀਰੋ-ਲੀਰ ਕਰ ਦਿੱਤਾ ਹੈ। ਮਹਿਕਮਾਨਾ ਅਰਜੀ ਪਰਚੇ 'ਤੇ ਗੌਰ ਕਰਨ, ਪਿੰਡਾਂ ਦੇ ਮੋਹਤਬਰਾਂ, ਪੰਚਾਇਤਾਂ, ਕਲੱਬਾਂ ਆਦਿ ਸੰਸਥਾਵਾਂ ਦੀ ਆਵਾਜ਼ ਨੂੰ ਸੁਣਨ, ਸਮਝਣ ਅਤੇ ਸੰਤੁਸ਼ਟ ਕਰਨ ਦੀ ਬਜਾਏ, ਹਕੂਮਤ ਨੇ ਟਿੱਚ ਕਰਕੇ ਜਾਣਿਆ ਹੈ। ਮਹੀਨਿਆਂ ਬੱਧੀ ਚਿੱਠੀ-ਪੱਤਰ ਦੇ ਗਧੀ-ਗੇੜ ਵਿੱਚ ਪਾਈ ਰੱਖਿਆ ਹੈ। ਕਿਹਾ ਜਾਂਦਾ ਹੈ ਕਿ ਇਹ ਸੰਸਥਾਵਾਂ ਜਮਹੂਰੀਅਤ ਦੀਆਂ ਮੁੱਢਲੀਆਂ ਇਕਾਈਆਂ ਹਨ, ਇਸ ਦੀ ਬੁਨਿਆਦ ਹਨ। ਇਹਨਾਂ ਰਾਹੀਂ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਉਪਰਲੇ ਜਮਹੂਰੀ ਅਦਾਰਿਆਂ ਤੱਕ ਪਹੁੰਚੇ ਲੋਕ-ਰਜ਼ਾ ਦਾ ਪੁੱਗ ਜਾਣਾ ਯਕੀਨੀ ਹੈ। ਜਮਹੂਰੀਅਤ ਦਾ ਢੌਂਗ ਕਰਦੇ ਇਸਦੀਆਂ ਪਾਡੀਆਂ ਮਾਰਦੇ ਅਜਿਹੇ ਦਾਅਵੇ, ਇਸ ਅਮਲ 'ਚ, ਫੂਸ ਦੇ ਧੂੰਏ ਵਾਂਗ ਉਡੰਤਰ ਹੋ ਗਏ ਹਨ।
ਜਦੋਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਹਨਾਂ ਸ਼ਕਤੀਆਂ ਨੂੰ ਨਾਲ ਲੈ ਕੇ ਜੁਝਾਰ ਰਾਹ 'ਤੇ ਕਦਮ ਪੁੱਟੇ ਹਨ ਤਾਂ ਸਰਕਾਰੀ ਅਤੇ ਸਰਕਾਰੀ ਸ਼ਹਿ-ਪ੍ਰਾਪਤ ਗੈਰ-ਸਰਕਾਰੀ ਹਿੰਸਾ ਦੀ ਨੰਗੀ-ਚਿੱਟੀ ਵਰਤੋਂ ਹੋਈ ਹੈ। ਧੁਰ ਉਪਰਲੀ ਸਿਆਸੀ ਪ੍ਰਵਾਨਗੀ ਨਾਲ ਹੋਈ ਹੈ। ਸਰਕਾਰ ਨੇ ਚੋਣਾਂ ਦੇ ਨੇੜੇ ਢੁੱਕ ਰਹੇ ਦਿਨਾਂ ਵਿੱਚ ਵੀ, ਕਾਫੀ ਸਿਆਸੀ ਕੀਮਤ 'ਤਾਰ ਕੇ ਤਕੜਾ ਜਨਤਕ ਵਿਰੋਧ ਝੱਲ ਕੇ, ਸ਼ਰਾਬ ਦੇ ਠੇਕੇਦਾਰਾਂ ਦੇ ਮੁਨਾਫਿਆਂ ਨੂੰ ਫੁੱਲ ਦੀ ਨਾ ਲੱਗਣ ਦੇਣ ਵਾਲਾ ਹੱਠ ਪੁਗਾਇਆ ਹੈ। ਇਸ ਹੱਠੀ ਅਤੇ ਜ਼ਾਲਮ ਰਵੱਈਏ ਨੇ ਸੰਘਰਸ਼ਸ਼ੀਲ ਜਨਤਾ ਦੇ ਪੱਲੇ ਇਹ ਸਬਕ ਬੰਨ੍ਹਿਆ ਹੈ ਕਿ ਮੌਜੂਦਾ ਰਾਜ ਦੀ ਖਸਲਤ ਲੋਕ ਰਜ਼ਾ ਅਤੇ ਲੋਕ ਰੜਕ ਨੂੰ ਭੰਨ ਕੇ, ਹਕੂਮਤੀ ਤਪ-ਤੇਜ ਦੇ ਤਹਿਕੇ ਹੇਠ ਰੱਖਣ ਵਾਲੀ ਹੈ। ਹਰ ਵੰਨਗੀ ਦੀ ਦੇਸੀ-ਬਦੇਸੀ ਲੁੱਟ-ਖਸੁੱਟ ਨੂੰ ਯਕੀਨੀ ਬਣਾਈ ਰੱਖਣ ਵਾਲੀ ਹੈ।
ਅਫ਼ੀਮ, ਸ਼ਰਾਬ, ਭੁੱਕੀ, ਸਮੈਕ, ਗੋਲੀਆਂ ਤੇ ਟੀਕੇ ਆਦਿ ਨਸ਼ਿਆਂ ਦਾ ਲਸੰਸੀ ਅਤੇ ਗੈਰ-ਲਸੰਸੀ ਵਪਾਰ, ਬਹੁਤ ਵੱਡਾ ਕਾਰੋਬਾਰ ਹੈ। ਕਿਸੇ ਪਾਰਟੀ ਦਾ ਰਾਜ ਆਵੇ, ਕਿਸੇ ਦਾ ਜਾਵੇ, ਇਸ ਕਾਰੋਬਾਰ ਲਈ ਪੈਦਾਵਾਰ, ਵੰਡ-ਵੰਡਾਈ (ਤਸਕਰੀ) ਅਤੇ ਵਰਤੋਂ, ਬਿਨਾ ਰੋਕ-ਟੋਕ ਚੱਲਦੀ ਰਹਿੰਦੀ ਹੈ। ਕਾਰਪੋਰੇਟ ਜਗਤ ਦੇ ਹੋਰਨਾਂ ਕਾਰੋਬਾਰਾਂ ਵਾਂਗ, ਇਹ ਫ਼ਰਕ ਜ਼ਰੂਰ ਪੈਂਦਾ ਹੈ ਕਿ ਮੌਕੇ ਦੀ ਹਕੂਮਤ ਦੇ ਨੇੜਲੇ ਜਾਂ ਦੂਰ ਵਾਲੇ ਵੱਡੇ ਕਾਰੋਬਾਰੀਆਂ, ਉੱਚ ਸਿਆਸਤਦਾਨਾਂ ਅਤੇ ਉੱਚ ਅਫਸਰਾਂ ਦੇ ਮੁਨਾਫਿਆਂ ਦੀ ਤਰੌਤੀ ਜਾਂ ਖੁਸ਼ਕੀ 'ਚ ਵਾਧਾ ਜਾਂ ਘਾਟਾ ਹੋ ਜਾਂਦਾ ਹੈ। ਪਰ ਨਸ਼ਿਆਂ ਦੀ ਪੈਦਾਵਾਰ, ਵੰਡ-ਵੰਡਾਈ ਅਤੇ ਖਪਤ ਦੀ ਸਮੁੱਚੀ ਲੜੀ ਨਿਰਵਿਘਨ ਰਹਿ ਕੇ, ਬੇ-ਪਰਵਾਹ ਹੋ ਕੇ ਅਖੰਡ ਰੂਪ ਵਿੱਚ ਚੱਲਦੀ ਰਹਿੰਦੀ ਹੈ। ਇਹਦੇ ਵਿੱਚ ਕਦੇ ਮੰਦਾ ਨਹੀਂ ਆਉਂਦਾ। ਕਦੇ ਵਿਘਨ ਨਹੀਂ ਪੈਂਦਾ। ਸਗੋਂ ਇਹ ਵਪਾਰ-ਕਾਰੋਬਾਰ ਲਗਾਤਾਰ ਵਿਕਾਸ ਕਰ ਰਿਹਾ ਹੈ। ਇਸਦੀ ਵਿਕਾਸ ਦਰ, ਮੁਨਾਫਾ ਦਰ, ਲਗਾਤਾਰ ਉੱਚੀ ਹੋਈ ਜਾ ਰਹੀ ਹੈ। ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਬੋਲੀ ਉੱਚੀ, ਹੋਰ ਉੱਚੀ ਜਾਣ ਤੋਂ ਇਸ ਨਿਰਨੇ ਦੀ ਪੁਸ਼ਟੀ ਹੋ ਜਾਂਦੀ ਹੈ। ਸਾਲ 2005-06 ਵਿੱਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਤੋਂ ਹੋਈ ਆਮਦਨ ਤਕਰੀਬਨ ਪੌਣੇ ਸੋਲਾਂ ਅਰਬ ਰੁਪਏ ਬਣੀ ਸੀ। ਸਾਲ 2011-12 ਤੱਕ ਇਸਦੇ 32 ਅਰਬ ਦੇ ਨੇੜੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਅਜਿਹਾ ਸਰਕਾਰ ਦਾ ਟੀਚਾ ਹੈ। ਯਾਨੀ, 6 ਸਾਲਾਂ ਦੇ ਇਸ ਅਰਸੇ ਵਿੱਚ ਦੁੱਗਣੀ ਤੋਂ ਵੱਧ ਆਮਦਨ ਹੋ ਜਾਣੀ ਹੈ। ਸਾਲ 2005-06 ਵਿੱਚ ਸਰਕਾਰ ਨੂੰ ਸ਼ਰਾਬ ਤੋਂ ਰੋਜ਼ਾਨਾ ਆਮਦਨ 4 ਕਰੋੜ 30 ਲੱਖ ਰੁਪਏ ਸੀ। ਸਾਲ 2011-12 ਵਿੱਚ ਇਸ ਨੂੰ 8 ਕਰੋੜ 74 ਲੱਖ ਰੁਪਏ ਤੱਕ ਲਿਜਾਣ ਦਾ ਟੀਚਾ ਹੈ। ਅਜਿਹਾ ਟੀਚਾ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ 60 ਹਜ਼ਾਰ ਪੇਟੀਆਂ ਦੀ ਰੋਜ਼ਾਨਾ ਦੀ ਖਪਤ ਹੋਣ ਨਾਲ ਪੁਰਾ ਹੁੰਦਾ ਹੈ। ਸਰਕਾਰ ਦੇ ਹੌਸਲੇ ਬੁਲੰਦ ਹਨ ਅਤੇ ਉਹ ਇਹ ਟੀਚਾ ਪੂਰਾ ਕਰਨ ਵਿੱਚ ਕੋਈ ਸ਼ੰਕਾ ਨਹੀਂ ਪਾਲ ਰਹੀ। ਕੋਈ ਕਸਰ ਬਾਕੀ ਨਹੀਂ ਰਹਿਣਾ ਦੇਣਾ ਚਾਹੁੰਦੀ। ਉਪਰੋਕਤ ਆਮਦਨ ਦੀ ਰਾਸ਼ੀ ਤਾਂ ਸਰਕਾਰੀ ਬੋਲੀ ਦੀ ਹੈ। ਸ਼ਰਾਬ ਦੇ ਠੇਕੇਦਾਰਾਂ ਤੇ ਡਿਸਟਿਲਰੀਆਂ ਦੀ ਵਧ ਰਹੀ ਆਮਦਨ ਦਾ ਖਾਤਾ ਇਸ ਤੋਂ ਵੱਖਰਾ ਹੈ। ਗੈਰ-ਲਸੰਸੀ ਵਪਾਰ ਦੀ ਮੁਨਾਫਾ ਦਰ ਅਤੇ ਵਿਕਾਸ ਦਰ ਇਸ ਤੋਂ ਵੱਖਰੀ ਹੈ। 'ਸਾਡਾ ਰਾਜ ਆਉਣ ਦਿਓ, ਭੂਰੀ ਕੀੜੀ ਵਰਗੀ ਮਿਲਿਆ ਕਰੂਗੀ।'' ਦਾ ਚੋਣ ਨਾਅਰਾ ਲਾਉਣ ਵਾਲੀ ਸਿਆਸੀ ਜਮਾਤ ਦੀ ਮੋਟੀ ਹਿੱਸਾ-ਪੱਤੀ ਏਦੂੰ ਵੱਖਰੀ ਹੈ। ਸੋ ਸਾਡੀ ਸਰਕਾਰ ਇਸ ਵੱਡੇ ਕਾਰੋਬਾਰ ਦੇ ਕਿਸੇ ਵੀ ਭਾਗੀਦਾਰ ਦੀ ਤਰੱਕੀ ਲਈ ਵਚਨਬੱਧ ਹੈ। ''ਜੋ ਜੀ ਆਵੇ, ਭਰਿਆ ਜਾਵੇ, ਭਰਿਆ ਜਾਵੇ, ਜਪਦਾ ਜਾਵੇ।'' ਇਹ ਸਰਕਾਰੀ ਮਾਟੋ ਹੈ!!
ਪੰਜਾਬ ਦਾ ਸ਼ਰਾਬ ਕਾਰੋਬਾਰ ਦਿੱਲੀ ਅਤੇ ਯੂ.ਪੀ. ਵਰਗੀਆਂ ਥਾਵਾਂ ਨੂੰ ਕੰਟਰੋਲ ਕਰਨ ਵਾਲੇ, ਪੌਂਟੀ ਚੱਢਾ ਵਰਗੇ ਵੱਡੇ ਠੇਕੇਦਾਰ ਦੇ ਹੱਥਾਂ ਵਿੱਚ ਚਲਾ ਗਿਆ ਹੈ। ਸ਼ਰਾਬ ਦੀਆਂ ਬਦੇਸ਼ੀ ਕਿਸਮਾਂ ਅਤੇ ਮਸ਼ਹੂਰ ਵੱਡੀਆਂ ਬਦੇਸ਼ੀ ਬਹੁ-ਮੁਲਕੀ ਕੰਪਨੀਆਂ ਦੇ ਭਾਰਤੀ ਬਰਾਂਡ ਧੜਾਧੜ ਸ਼ਰਾਬ ਬਾਜ਼ਾਰ ਵਿੱਚ ਪੈਰ ਲਾ ਰਹੇ ਹਨ। ਸੂਬਾਈ ਪੱਧਰ 'ਤੇ, ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ 'ਤਰੱਕੀ' ਨੂੰ, ਇਸ 'ਜਿਨਸ' ਨੂੰ ਹਰ ਬਲਦੇ ਚੁੱਲ੍ਹੇ ਤੱਕ ਪਹੁੰਚਦੀ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਸਰਕਾਰ ਇਸ ਖਾਤਰ ਕੋਈ ਵੀ ਕੁਰਬਾਨੀ ਦੇਣ ਲਈ ਤਤਪਰ ਹੈ। ਇਸ ਖਾਤਰ ਕਲਿਆਣਕਾਰੀ ਰਾਜ ਦਾ ਨਾਅਰਾ ਕੁਰਬਾਨ ਕਰਨਾ ਪੈ ਜਾਵੇ, ਇਸਦੀ ਕੋਈ ਕਿਰਕ ਨਹੀਂ! ਸਿਆਸੀ ਪੜਤ ਕੁਰਬਾਨ ਕਰਨੀ ਪੈ ਜਾਵੇ ਤਾਂ ਕੋਈ ਪਰਵਾਹ ਨਹੀਂ।
ਇਹੀ ਵਜਾਹ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਦੋ ਪਿੰਡਾਂ ਸੇਲਵਰ੍ਹਾ ਅਤੇ ਕੋਟੜਾ ਕੌੜਿਆਂ ਵਾਲਿਆਂ ਵਿੱਚ ਵਗਦੇ ਛੇਵੇਂ ਦਰਿਆ ਦੇ ਤੇਜ ਵਹਾਅ ਨੂੰ, ਥੋੜ੍ਹਾ ਆਬਾਦੀ ਤੋਂ ਹਟਾ ਕੇ ਵਗਾਉਣ ਦੀ ਨਿਗੂਣੀ ਮੰਗ ਉੱਤੇ, ਅੜੀ ਪੈ ਜਾਂਦੀ ਹੈ। ਇਸ ਖਾਤਰ ਉੱਠਦੀ ਸਮੂਹਿਕ ਆਵਾਜ਼ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਹਿੰਸਕ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਪਿੰਡਾਂ ਦੇ ਮਜ਼ਦੂਰਾਂ-ਕਿਸਾਨਾਂ ਦੇ ਘਰਾਂ ਵਿੱਚ, ਗਲੀਆਂ-ਵਿਹੜਿਆਂ 'ਚ ਤੇ ਸਿਰਾਂ-ਸਰੀਰਾਂ ਉੱਤੇ, ਪੁਲਸ ਦੀ ਦਗੜ-ਦਗੜ ਅਤੇ ਦੈਂਗੜ-ਦੈਂਗੜ ਹੁੰਦੀ ਹੋ। ਲੋਕਾਂ ਨੂੰ ਇਨਸਾਫ ਦੁਆਉਣ ਲਈ, ਦਾਦ-ਫਰਿਆਦ ਕਰਨ ਲਈ, ਭਾਰਤੀ ਜਮਹੂਰੀਅਤ ਵੱਲੋਂ ਨਿਸ਼ਾਨਦੇਹੀ ਕਰਕੇ ਦੱਸੀਆਂ ਗਈਆਂ ਸਾਰੀਆਂ ਦੀਆਂ ਸਾਰੀਆਂ ਉੱਚ-ਹਕੂਮਤੀ ਠੋਹੀਆਂ, ਲੋਕਾਂ ਨੂੰ ਢੋਈ ਨਹੀਂ ਦਿੱਦੀਆਂ। ਸਗੋਂ ਹੱਲਾ ਬੋਲਣ ਵਾਲਿਆਂ ਨੂੰ 'ਹਲਾ-ਕੁੱਤੀਏ', 'ਹਲਾ-ਕੁੱਤੀਏ' ਦਾ ਲਲਕਰਾ ਮਾਰਦੀਆਂ ਹਨ! ਅਜਿਹੀ ਸੂਰਤ ਵਿੱਚ ਇੱਕੋ ਇੱਕ ਸਬਕ ਹੈ, ਜੋ ਲੋਕਾਂ ਦੇ ਪੱਲੇ ਪੈਂਦਾ ਹੈ! ਸਬਕ, ਜੋ ਲੋਕਾਂ ਦੇ ਜਿਹਨ 'ਚ ਡੂੰਘਾ ਉੱਤਰਦਾ ਹੈ! ਜੈ-ਸੰਘਰਸ਼! ਜੈ-ਸੰਘਰਸ਼!! ਏਹੀ ਹੈ, ਉਹ ਮੂਲ-ਮੰਤਰ, ਜੋ ਪੂਰੀ ਤਰ੍ਹਾਂ ਫੁਰਨ-ਯੋਗ ਹੈ। ਇਸ ਤੋਂ ਬਿਨਾ ਸਭ ਠੁੱਸ ਹੋਣ ਵਾਲਾ ਸਮਾਨ ਹੈ। ਏਥੇ ਇੱਕ ਹੋਰ ਗੱਲ ਪੱਲੇ ਬੰਨ੍ਹਣ ਵਾਲੀ ਹੈ। ਇਸ ਲੋਕ-ਕਰੋਧ ਨੂੰ, ਸ਼ੈਤਾਨ ਦੀਆਂ ਟੂਟੀਆਂ ਵਰਗੇ ਉਹਨਾਂ ਗਰੋਹਾਂ ਖਿਲਾਫ ਸੇਧਤ ਕਰਨਾ ਚਾਹੀਦਾ ਹੈ, ਜਿਹਨਾਂ ਦੇ ਹੱਥਾਂ ਵਿੱਚ, ਇਸ ਦੁਰ-ਦਰਿਆ ਦੇ ਫਲੱਡ ਗੇਟਾਂ ਦੀਆਂ ਚਾਬੀਆਂ, ਹਮੇਸ਼ਾਂ ਬਿਰਾਜਮਾਨ ਰਹਿੰਦੀਆਂ ਹਨ। ਜਿਹਨਾਂ ਦੀ ਸ਼ਕਲ ਮੋਮਨਾ ਹੀ ਮੋਮਨਾ ਹੈ! ਜਿਹਨਾਂ ਦੀ ਕਰਤੂਤ ਕਾਫ਼ਰਾਂ ਹੀ ਕਾਫ਼ਰਾਂ ਹੈ!!
ਨਸ਼ਿਆਂ ਦਾ ਵਿਆਪਕ ਪਰਵਾਹ, ਮਿਹਨਤਕਸ਼ ਆਬਾਦੀ ਦੇ, ਮੁਲਕ ਦੀ ਜੁਆਨੀ ਦੇ, ਤਕੜੇ ਹਿੱਸਿਆਂ ਨੂੰ ਆਵਦੀ ਰੋੜ੍ਹ ਵਿੱਚ ਲਪੇਟ ਕੇ ਲਿਜਾ ਰਿਹਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਛਾਂਗੇ, ਨਚੋੜੇ, ਕੰਨੀ ਵਲ ਧੱਕੇ, ਬਦਜ਼ਨੀ ਅਤੇ ਹਨੇਰੇ ਭਵਿੱਖ ਦੇ ਮੂੰਹ ਦਿੱਤੇ ਗਏ ਲੋਕ, ਇਸ ਵਬ੍ਹਾ ਦਾ ਲੁਭਾਉਣਾ ਸ਼ਿਕਾਰ ਬਣਦੇ ਹਨ। ਨਸ਼ਿਆਂ ਦੇ ਇਸ ਵੱਡੇ ਧਾਵੇ ਵੱਲੋਂ ਆਪਣੇ ਸ਼ਿਕਾਰ ਦੀਆਂ ਜੇਬਾਂ ਨੂੰ ਛਲਣੀ ਕਰਨਾ ਮੁੱਢਲਾ ਤੇ ਪਹਿਲਾ ਘਾਓ ਹੈ। ਕਰਾਰਾ ਚੰਡ ਹੈ। ਇਹ ਬੇਤਰਸ ਆਰਥਿਕ ਲੁੱਟ ਦਾ ਘਿਨਾਉਣਾ ਰੂਪ ਹੈ। ਉਹਨਾਂ ਦੀਆਂ ਸਿਹਤਾਂ, ਪਰਿਵਾਰਕ ਅਮਨ-ਚੈਨ ਤੇ ਸਮਾਜਕ ਸੁੱਖ-ਸ਼ਾਂਤੀ ਨੂੰ ਛਲਣੀ ਕਰਨਾ, ਅਗਲੇਰਾ ਤੇ ਡੂੰਘਾ ਸਮਾਜਿਕ ਘਾਓ ਹੈ। ਇਹ ਹੈ, ਜਿਉਣ ਨੂੰ ਮੁਰਦੇ-ਹਾਣੀ ਵਰਗਾ ਬਣਾ ਕੇ ਰੱਖ ਦੇਣਾ। ਇਹ ਹੈ, ਮੌਤ ਨੂੰ ਘੜੀਸ ਕੇ ਨੇੜੇ ਕਰ ਦੇਣਾ। ਇਹ ਹੈ, ਹੋਣਹਾਰ ਜਵਾਨੀ ਨੂੰ ਊਲ-ਜਲੂਲ ਬਣਾ ਕੇ, ਉਸਦੀ ਚਕਰੀ ਘੁਮਾ ਦੇਣਾ। ਨਸ਼ੇ ਦੇ ਸੌਦਾਗਰਾਂ ਦਾ ਇਹ ਪੱਖ, ਸਮਾਜਿਕ ਅਫਰਾਤਫਰੀ ਫੈਲਾਉਣ ਵਾਲਾ ਜੁਰਮ ਹੈ। ਮੌਤ ਦੀ ਸੌਦਾਗਰੀ ਕਰਨ ਵਾਲਾ ਕੁਕਰਮ ਹੈ। ਨਸ਼ਿਆਂ ਦੇ ਇਸ ਵਿਆਪਕ ਧਾਵੇ ਦਾ, ਤੀਜਾ, ਇਸ ਤੋਂ ਵੀ ਗਹਿਰਾ ਘਾਓ ਹੈ। ਇਹ ਘਾਓ, ਸੋਚਿਆ-ਸਮਝਿਆ, ਸੰਸਾਰ ਸਾਮਰਾਜ ਦਾ, ਸਾਰੀਆਂ ਲੁਟੇਰੀਆਂ ਹਾਕਮਾਂ ਜਾਮਤਾਂ ਦਾ ਪਰਖਿਆ ਪਰਤਿਆਇਆ ਵਾਰ ਹੈ। ਇਹ ਹੈ, ਲੁੱਟੇ ਪੁੱਟੇ ਲੋਕਾਂ ਦੇ ਲੜਨ ਕਣ ਨੂੰ ਖੋਰਨਾ, ਮਾਰਨਾ। ਉਹਨਾਂ ਦੀ ਸਮਾਜਿਕ ਚੇਤਨਾ ਹਾਸਲ ਕਰਨ ਵਾਲੀ ਤੀਸਰੀ ਅੱਖ ਉਪਰ ਜਾਲਾ ਚਾੜ੍ਹ ਦੇਣਾ। ਅਜਿਹੀ ਅੱਖ ਵਿੱਚ ਗੰਧਕ ਦਾ ਤੇਜਾਬ ਚੋਅ ਦੇਣਾ। ਲੋਕਾਂ ਨੂੰ ਮਾਨਸਿਕ-ਗਿਠਮੁੱਠੀਏ ਅਤੇ ਬੌਧਕ ਬੌਣੇ ਬਣਾ ਧਰਨਾ। ਆਪਣੇ ਪਰਾਏ ਦੀ, ਦੋਸਤ-ਦੁਸ਼ਮਣ ਦੀ ਪਛਾਣ ਨੂੰ ਮੂਧੇ ਮੂੰਹ ਕਰ ਦੇਣਾ। ਸੁਰਤ ਭੰਵਾ ਦੇਣਾ। ਅਜਿਹਾ ਸਭ ਕੁੱਝ ਨਸ਼ਿਆਂ ਦੀ ਲੱਤ ਵਿੱਚ ਫਸਾਅ ਕੇ ਕਰਨਾ। ਇਹ ਹਾਕਮ ਜਮਾਤਾਂ ਦਾ ਸੱਭਿਆਚਾਰਕ-ਵਿਚਾਰਧਾਰਕ ਧਾਵਾ ਹੈ। ਇਹ ਸਾਮਰਾਜੀ ਜਗੀਰੂ ਸ਼ਕਤੀਆਂ ਵੱਲੋਂ ਲੋਕਾਂ ਦੀ ਸੋਝੀ ਉੱਤੇ, ਸਭਿਆਚਾਰਕ-ਵਿਚਾਰਧਾਰਕ ਗਲਬਾ ਜਮਾਉਣ ਵਾਲੀ ਹਮਲਾਵਰ ਕਾਰਵਾਈ ਹੈ। ਇਸ ਗਲਬੇ ਦੇ ਆਸਰੇ ਲੁੱਟ ਦਾ ਪ੍ਰਬੰਧ ਚਿਰ-ਸਥਾਈ ਬਣਦਾ ਹੈ। ਇਉਂ ਇਹ ਧਾਵਾ ਡੂੰਘਾ ਹੈ। ਵਿਆਪਕ ਹੈ। ਬਹੁ-ਧਾਰੀ ਹੈ। ਗੰਭੀਰ ਚੁਣੌਤੀ ਬਣ ਗਿਆ ਹੈ।
ਸ਼ਰਾਬ ਦੇ ਠੇਕਿਆਂ ਨੂੰ ਪੇਂਡੂ ਆਬਾਦੀ ਤੋਂ, ਵਿਦਿਅਕ ਧਾਰਮਿਕ ਸੰਸਥਾਵਾਂ ਦੀ ਹਦੂਦ ਤੋਂ, ਪਰ੍ਹੇ ਲੈ ਜਾਣ ਆਦਿ ਦੇ ਰੂਪ ਵਿੱਚ ਉੱਭਰੀ ਵਿਆਪਕ ਆਪ-ਮੁਹਾਰੀ ਲਹਿਰ ਨੂੰ ਉਤਸ਼ਾਹਤ ਕਰਨਾ ਤੇ ਜੀ ਆਇਆ ਕਹਿਣਾ ਬਣਦਾ ਹੈ। ਨਾਲ ਦੀ ਨਾਲ ਇਸ ਨੂੰ ਠੀਕ ਰੁਖ ਸੇਧਤ ਕਰਨ ਦੇ ਕਾਰਜ ਨੂੰ ਹੋਰ ਪਿੱਛੇ ਪਾਉਣਾ, ਹੁਣ ਪੁੱਗਦਾ ਨਹੀਂ ਹੈ। ਕਿਉਂਕਿ ਇਹ ਨਸ਼ਿਆਂ ਦੇ ਇਸ ਧਾਵੇ ਤੋਂ ਮੁਕਤੀ ਹਾਸਲ ਕਰਨ ਦੀ ਬਾਹਰਮੁਖੀ ਲੋੜ ਦਾ ਉਭਰ ਕੇ ਆਪੂੰ-ਫੁੱਟਿਆਂ ਮੂੰਹਾਂ ਹੈ। ਅੱਜ ਲੋੜ ਹੈ, ਇਨਕਲਾਬੀ ਜਨਤਕ ਲਹਿਰ ਦੀਆਂ ਹੋਣਹਾਰ ਟੁਕੜੀਆਂ ਇਸ ਗੰਭੀਰ ਚੁਣੌਤੀ ਨੂੰ ਕਬੂਲ ਕਰਨ। ਸਿਆਸੀ, ਆਰਥਿਕ ਤੇ ਜਮਹੂਰੀ ਖੇਤਰਾਂ ਵਿੱਚ ਵੱਖ ਵੱਖ ਪੱਧਰਾਂ 'ਤੇ ਲੜੇ ਜਾ ਰਹੇ ਜਮਾਤੀ ਘੋਲਾਂ ਦੇ ਨਾਲੋ ਨਾਲ ਇਸ ਧਾਵੇ ਨੂੰ ਵੀ ਢੁਕਵਾਂ ਹੁੰਗਾਰਾ ਦੇਣ।
******
No comments:
Post a Comment