ਜੂਝ ਰਹੇ ਬੇਰੁਜ਼ਗਾਰ ਅਧਿਆਪਕ ਹੋਰ ਵੱਡੀ ਘੋਲ-ਤਿਆਰੀ ਦੀ ਲੋੜ
—ਅਮਰ ਲੰਬੀ
ਬੇਰੁਜ਼ਗਾਰ ਅਧਿਆਪਕਾਂ ਦੇ ਲਗਾਤਾਰ ਤਿੱਖੇ ਡਟਵੇਂ ਵਿਰੋਧ ਦੇ ਹੁੰਦਿਆਂ ਵੀ, ਭਾਵੇਂ ਸਰਕਾਰ ਨੇ ਪੁਲਸ ਜਬਰ ਦੇ ਜ਼ੋਰ 3 ਜੁਲਾਈ ਨੂੰ ਟੈਸਟ ਨੇਪਰੇ ਚਾੜ੍ਹ ਲਿਆ ਹੈ। ਪਰ ਉਹਨਾਂ ਨੇ ਜ਼ੋਰਦਾਰ ਜਨਤਕ ਵਿਰੋਧ ਕਰਦਿਆਂ, ਆਪਣਾ ਜਬਰਦਸਤ ਵਿਰੋਧ ਦਰਜ ਕਰਵਾ ਕੇ ਇਹ ਦਿਖਾ ਦਿੱਤਾ ਹੈ ਕਿ ਉਹਨਾਂ 'ਤੇ ਇਹ ਟੈਸਟ ਡਾਂਗ ਦੇ ਜ਼ੋਰ ਮੜ੍ਹਿਆ ਗਿਆ ਹੈ। ਇਹੀ ਗੱਲ ਦਿਖਾਉਂਦੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦਾ ਘੋਲ ਨਾ ਮੁੱਕਿਆ ਹੈ ਅਤੇ ਨਾ ਹੀ ਮੁੱਕਣਾ ਹੈ। ਬੇਰੁਜ਼ਗਾਰ ਅਧਿਆਪਕਾਂ ਦੀਆਂ ਅੱਡ ਅੱਡ ਕੈਟਾਗਰੀਆਂ ਦੇ ਤਿੱਖੇ ਐਕਸ਼ਨ ਅਧਿਆਪਕਾਂ ਦੀ ਜੁਝਾਰੂ ਭਾਵਨਾ ਨੂੰ ਦਰਸਾਉਂਦੇ ਰਹੇ ਹਨ। ਇਹਨਾਂ ਘੋਲਾਂ ਨਾਲ ਆਮ ਬੇਰੁਜ਼ਗਾਰ ਅਧਿਆਪਕਾਂ ਦਾ ਗਹਿਰਾ ਲਗਾਅ ਅਤੇ ਹਮਾਇਤ ਰੁਜ਼ਗਾਰ ਲਈ ਪ੍ਰਚੰਡ ਤਾਂਘ ਨੂੰ ਪ੍ਰਗਟ ਕਰਦੇ ਹਨ।
ਪੱਕੇ ਸਰਕਾਰੀ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੇ ਗੁੱਸੇ ਨੂੰ ਸਰਕਾਰ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ ਦੇ ਕੀਤੇ ਐਲਾਨ ਨੇ ਚੁਆਤੀ ਲੁਆ ਦਿੱਤੀ। ਬੇਰੁਜ਼ਗਾਰ ਅਧਿਆਪਕਾਂ ਦੇ ਮਨਾਂ 'ਚ ਸਰਕਾਰਾਂ ਬਾਰੇ ਪਹਿਲਾਂ ਹੀ ਬੁਰੀ ਤਰ੍ਹਾਂ ਬੇਵਿਸ਼ਵਾਸ਼ੀ ਹੈ। ਯੋਗਤਾ ਪ੍ਰੀਖਿਆ ਟੈਸਟ ਏਸ ਕਰਕੇ ਬੇਅਰਥ ਹੈ, ਕਿਉਂਕਿ ਇਹਨਾਂ ਅਧਿਆਪਕਾਂ ਕੋਲ ਮੌਜੂਦ ਡਿਗਰੀਆਂ ਉਹਨਾਂ ਦੀ ਯੋਗਤਾ ਦੀ ਤਰਜਮਾਨੀ ਕਰਦੀਆਂ ਹਨ। ਉੱਤੋਂ ਸਰਕਾਰ ਨੇ ਘੱਟੋ ਘੱਟ 60 ਫੀਸਦੀ ਨੰਬਰਾਂ ਦੀ ਯੋਗਤਾ ਦੀ ਸ਼ਰਤ ਰੱਖ ਦਿੱਤੀ। ਇਸ ਨਾਲ ਬੇਰੁਜ਼ਗਾਰ ਅਧਿਆਪਕਾਂ ਨੇ ਮਹਿਸੂਸ ਕੀਤਾ ਕਿ ਸਰਕਾਰ ਦੀ ਨੀਤ ਬੇਰੁਜ਼ਗਾਰ ਅਧਿਆਪਕਾਂ ਨੂੰ ਵੱਡੇ ਪੱਧਰ 'ਤੇ ਸਰਕਾਰੀ ਰੁਜ਼ਗਾਰ ਤੋਂ ਵਾਂਝੇ ਰੱਖਣ ਦੀ ਹੈ। ਇਸ ਨੀਤ ਨੂੰ ਭਾਂਪ ਕੇ ਘੋਲ ਕਰ ਰਹੇ ਅਧਿਆਪਕਾਂ ਵਿੱਚ ਟੀ.ਈ. ਟੈਸਟ ਰੱਦ ਕਰਵਾਉਣ ਲਈ ਸਾਂਝਾ ਘੋਲ ਲੜਨ ਦੀ ਲੋੜ ਉੱਭਰ ਆਈ ਸੀ। ਸੂਝਵਾਨ ਸਹਿਯੋਗੀ ਜਥੇਬੰਦੀਆਂ ਦੇ ਸੁਝਾਅ 'ਤੇ ਸਾਰੀਆਂ ਵੰਨਗੀਆਂ ਦੇ ਬੇਰੁਜ਼ਗਾਰ ਅਧਿਆਪਕਾਂ ਦੇ ਆਗੂਆਂ ਦਾ ਇਕੱਠ ਸੱਦਿਆ ਗਿਆ ਸੀ। ਪਹਿਲੀ ਮਈ ਨੂੰ ਟੀਚਰ ਹੋਮ ਬਠਿੰਡਾ ਵਿਖੇ ਹੋਏ ਏਸ ਇੱਕਠ ਵਿੱਚ ਆਸ-ਕਿਆਸ ਨਾਲੋਂ ਕਿਤੇ ਵਧ ਕੇ 15-16 ਸੌ ਅਧਿਆਪਕ ਇਕੱਠੇ ਹੋ ਗਏ ਸਨ। ਏਸ ਇਕੱਠ ਨੇ ਟੀ.ਈ. ਟੈਸਟ ਰੱਦ ਕਰਨ, ਅਧਿਆਪਕ ਵਿਦਿਆਰਥੀ ਅਨੁਪਾਤ 1:30 ਕਰਨ, ਸਿਵਲ ਸਰਵਿਸ ਐਕਟ-2011 ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਘੋਲ ਮੰਗਾਂ ਵਜੋਂ ਅਪਣਾ ਲਿਆ ਸੀ। ਇਸ ਖਤਾਰ ਵੱਡੀ ਗਿਣਤੀ ਵਿੱਚ ਨਵੇਂ ਸਰਕਾਰੀ ਸਕੂਲ ਖੋਲ੍ਹਣ ਅਤੇ ਤਸੱਲੀਬਖਸ਼ ਗਿਣਤੀ ਵਿੱਚ ਨਵੀਆਂ ਪੋਸਟਾਂ ਰਚਣ ਦੀ ਮੰਗ ਕਰਨੀ ਬਣਦੀ ਹੈ। ਇਸ ਮਕਸਦ ਲਈ ਵੱਡੀਆਂ ਬਜਟ ਰਕਮਾਂ ਜੁਟਾਉਣ ਦੀ ਮੰਗ ਕਰਨੀ ਬਣਦੀ ਹੈ।
ਬੇਰੁਜ਼ਗਾਰ ਅਧਿਆਪਕ ਮੰਚ ਵੱਲੋਂ 11 ਮਈ ਨੂੰ ਰਾਮਪੁਰਾ ਰੇਲ ਰੋਕੋ ਦੇ ਸੱਦੇ 'ਤੇ ਸੈਂਕੜੇ ਅਧਿਆਪਕ ਸਾਰਾ ਦਿਨ ਜਾਮ 'ਚ ਡਟੇ ਰਹੇ। 12 ਮਈ ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਮਿਲਣ 'ਤੇ ਜਦੋਂ ਜਾਮ ਖੋਲ੍ਹਣ ਲਈ ਕਿਹਾ ਗਿਆ ਤਾਂ ਰੌਂਅ ਦੀ ਇੱਕ ਝਲਕ ਇਹ ਵੀ ਸੀ, ਮੰਗ ਮੰਨਵਾ ਕੇ ਹੀ ਜਾਮ ਖੋਲ੍ਹਿਆ ਜਾਵੇ। 12 ਮਈ ਦੀ ਮਿਟੰਗ ਵਿੱਚ ਕੁੱਝ ਵੀ ਨਾ ਨਿੱਬੜਨ ਤੇ 22 ਮਈ ਦੇ ਕਾਹਨੂੰਵਾਲ ਅਤੇ 5 ਜੂਨ ਦੇ ਲੰਬੀ ਐਕਸ਼ਨ ਸਮੇਂ, ਮੰਤਰੀਆਂ ਦੇ ਘਰਾਂ ਅੱਗੇ ਜਾਣ ਤੋਂ ਰੋਕਣ 'ਤੇ ਪੁਲਸ ਨਾਲ ਤਿੱਖੇ ਭੇੜ ਹੋਏ। ਲੰਬੀ ਵਿਖੇ ਤਾਂ ਫਾਜ਼ਿਲਕਾ-ਦਿੱਲੀ ਕੌਮੀ ਹਾਈਵੇ ਕੁਝ ਘੰਟਿਆਂ ਲਈ ਜਾਮ ਵੀ ਰਿਹਾ। 28 ਜੂਨ ਦੇ ਬਠਿੰਡਾ ਜਾਮ ਦੇ ਸੱਦੇ ਸਮੇਂ, ਚਾਰੇ ਪਾਸਿਉਂ ਬਠਿੰਡਾ ਸੀਲ ਕਰਨ ਦੇ ਬਾਵਜੂਦ ਢਾਈ-ਤਿੰਨ ਸੌ ਦੇ ਕਰੀਬ ਅਧਿਆਪਕ ਸ਼ਹਿਰ ਵਿਚੱ ਘੁਸ ਕੇ ਕਈ ਮੁਜਾਹਰੇ ਕਰ ਗਏ। 2 ਜੁਲਾਈ ਦੇ ਬਠਿੰਡਾ ਜਾਮ ਦੇ ਸੱਦੇ ਸਮੇਂ ਗੋਨੇਆਣਾ ਬਠਿੰਡਾ ਰੋਡ 'ਤੇ ਅਤੇ ਬਠਿੰਡਾ ਨਹਿਰ 'ਤੇ ਜਾਮ ਲਾਏ ਅਤੇ ਗ੍ਰਿਫਤਾਰੀਆਂ ਦਿੱਤੀਆਂ। ਭੁੱਚੋ ਤੇ ਰਾਮਪੁਰਾ ਵਾਲੇ ਪਸਿਉਂ ਕਾਫਲਿਆਂ ਨੇ ਬਠਿੰਡਾ ਵਿੱਚ ਦਾਖਲ ਹੋਣ ਦੀ ਝੁੱਟੀ ਮਾਰੀ। ਪਰ ਗ੍ਰਿਫਤਾਰ ਕਰ ਲਏ ਗਏ। 28 ਜੂਨ ਨੂੰ ਗ੍ਰਿਫਤਾਰ ਹੋਇਆਂ ਨੇ, ਜੇਲ੍ਹ ਵਿੱਚ ਹੀ ਸਮੂਹਿਕ ਮਰਨ ਵਰਤ ਰੱਖ ਦਿੱਤੇ। ਇੱਕ ਲੜਕੀ ਦੀ ਹਾਲਤ ਵਿਗੜਨ 'ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ। 3 ਜੁਲਾਈ ਨੂੰ ਟੈਸਟ ਦੇਣ ਉਪਰੰਤ ਵੀ ਬਠਿੰਡਾ ਸ਼ਹਿਰ ਵਿੱਚ ਨਾਹਰੇ ਮਾਰਦੇ ਟੀਚਰ ਪੁਲਸ ਨੇ ਗ੍ਰਿਫਤਾਰ ਕਰ ਲਏ। ਟੈਸਟ ਹੋ ਜਾਣ ਪਿੱਛੋਂ ਵੀ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਲਈ ਮੁਜਾਹਰਿਆਂ ਦੀ ਲੜੀ ਸ਼ੁਰੂ ਹੋ ਗਈ ਹੈ। ਬੇਰੁਜ਼ਗਾਰ ਅਧਿਆਪਕਾਂ ਦੇ ਮੌਜੂਦਾ ਘੋਲ ਦੌਰਾਨ, ਭੇੜੂ ਰੌਂਅ, ਪੁਲਸ ਜਬਰ ਮੂਹਰੇ ਅਣਲਿਫ ਇਰਾਦੇ ਤੇ ਲਗਾਤਾਰ ਘੋਲ ਪਹਿਲਕਦਮੀ ਦੇ ਜਿਹੜੇ ਲੱਛਣ ਸਾਹਮਣੇ ਆਏ ਹਨ, ਰੁਜ਼ਾਗਰ ਪ੍ਰਾਪਤੀ ਲਈ ਲੜਨ ਦੀ ਜ਼ੋਰਦਾਰ ਤਾਂਘ ਦੇ ਪ੍ਰਗਟਾਵੇ ਹਨ। ਇੱਕਜੁੱਟ ਹੋ ਕੇ ਲੜਨ ਦਾ ਵਿਕਸਤ ਹੋਇਆ ਸ਼ੁਰੂਆਤੀ ਲੱਛਣ ਦਿਖਾਉਂਦਾ ਹੈ ਕਿ ਇਹ ਹਾਲਤ ਰੁਜ਼ਗਾਰ ਪ੍ਰਾਪਤੀ ਲਈ ਵੱਡੇ ਘੋਲਾਂ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।
ਰੁਜ਼ਗਾਰ ਲਈ ਜੂਝ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਦੋ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇੱਕ ਇਹ ਕਿ ਸਰਕਾਰਾਂ ਬੇਰੁਜ਼ਗਾਰ ਅਧਿਆਪਕਾਂ ਦੀ ਵਿਸ਼ਾਲ ਏਕਤਾ ਦੇ ਜੜ੍ਹੀਂ ਤੇਲ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਕੈਟੇਗਰੀਆਂ ਦੇ ਅਧਾਰ 'ਤੇ ਆਪਸੀ ਪਾਟਕ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਚਾਲ ਤੋਂ ਸੁਚੇਤ ਰਹਿਣ ਦੀ ਲੋੜ ਹੈ। ਦੂਜੇ, ਜਿੰਨਾ ਚਿਰ ਵੱਡੇ ਕਦਮ ਲੈ ਕੇ ਰੁਜ਼ਗਾਰ ਦੇ ਬੰਦ ਖੇਤਰ ਖੋਲ੍ਹੇ ਨਹੀਂ ਜਾਂਦੇ ਓਨਾ ਚਿਰ ਸਰਕਾਰਾਂ ਤੋਂ ਨਿਗੂਣੀਆਂ ਬੁਰਕੀਆਂ ਅਤੇ ਲਾਰਿਆਂ ਤੋਂ ਵੱਧ ਕਿਸੇ ਚੀਜ਼ ਦੀ ਆਸ ਨਹੀਂ ਕੀਤੀ ਜਾ ਸਕਦੀ। ਰੁਜ਼ਗਾਰ 'ਤੇ ਲੱਗੇ ਨਾਕੇ ਨੂੰ ਖੁੱਲ੍ਹਵਾਉਣ ਵਿੱਚ ਬੇਰਰੁਜ਼ਗਾਰ ਅਧਿਆਪਕਾਂ ਦੀਆਂ ਸਭਨਾਂ ਕੈਟਾਗਰੀਆਂ ਦਾ ਸਾਂਝਾ ਹਿੱਤ ਹੈ। ਇਸ ਪੱਖੋਂ 1:30 ਵਿਦਿਆਰਥੀ-ਅਧਿਆਪਕ ਅਨੁਪਾਤ ਲਾਗੂ ਕਰਵਾਉਣ ਦੀ ਮੰਗ ਬਹੁਤ ਹੀ ਅਹਿਮ ਸਾਂਝੀ ਮੰਗ ਬਣਦੀ ਹੈ।
No comments:
Post a Comment