ਮ੍ਰਿਤਕ ਤੇ ਜ਼ਖ਼ਮੀ ਕਿਸਾਨਾਂ ਦੇ ਮੁਆਵਜ਼ੇ ਲਈ ਸੰਘਰਸ਼ ਲੋਕਾਂ ਨਾਲ ਹਕੂਮਤੀ ਰਿਸ਼ਤੇ ਦੀ ਇੱਕ ਹੋਰ ਸਨਦ
ਅੱਜ ਬਸੰਤ ਸਿੰਘ ਅਤੇ ਕਰਮ ਸਿੰਘ ਦੇ ਸਸਕਾਰ ਮੌਕੇ:ਯੇ ਕਿਸਕਾ ਲਹੂ ਹੈ ਕੌਨ ਮਰਾ? "ਐ ਰਹਿਬਰੇ ਮੁਲਕੋ ਕੌਮ ਜ਼ਰਾ, ਆਂਖੇਂ ਤੋ ਉਠਾ, ਨਜ਼ਰੇ ਤੋਂ ਮਿਲਾ, ਕੁਛ ਹਮ ਭੀ ਸੁਨੇਂ, ਹਮ ਕੋ ਭੀ ਬਤਾ,ਯੇ ਕਿਸਕਾ ਲਹੂ ਹੈ, ਕੌਨ ਮਰਾ...” ਸਾਹਿਰ ਲੁਧਿਆਣਵੀ ਦੀਆਂ ਇਹ ਪ੍ਰਸਿੱਧ ਸਤਰਾਂ ਉਸ ਵੇਲੇ ਦੀਆਂ ਹਨ ਜਦੋਂ 1946 ਵਿੱਚ ਬਰਤਾਨਵੀ ਬਸਤੀਵਾਦੀਆਂ ਖਿਲਾਫ ਭਾਰਤੀ ਨੇਵੀ ਫੌਜੀਆਂ ਦੀ ਬਗਾਵਤ ਚੱਲ ਰਹੀ ਸੀ ਅਤੇ ਇੱਥੋਂ ਦੇ ਵੱਡੇ ਕੌਮੀ ਆਗੂਆਂ ਨੇ ਲੋਕਾਂ ਦੇ ਇਹਨਾਂ ਨਾਇਕਾਂ ਨੂੰ ਬੇਦਾਵਾ ਦਿੰਦਿਆਂ ਉਹਨਾਂ ਦੀ ਬਗਾਵਤ ਨਾਲੋਂ ਤੋੜ ਵਿਛੋੜਾ ਕਰ ਲਿਆ ਸੀ। ਉਸ ਵੇਲੇ ਬਰਤਾਨਵੀ ਸਾਮਰਾਜ ਵੱਲੋਂ ਇਹਨਾਂ ਬਾਗੀ ਫੌਜੀਆਂ ਦੇ ਵਹਾਏ ਖੂਨ ਨਾਲ ਬੇਲਾਗਤਾ ਦਿਖਾ ਰਹੇ ਕੌਮੀ ਲੀਡਰਾਂ ਨੂੰ ਇਹ ਇੱਕ ਸ਼ਾਇਰ ਦਾ ਮਿਹਣਾ ਸੀ। ਉਸ ਤੋਂ ਬਾਅਦ 1947 ਆਇਆ। ਇਹ ਆਗੂ ਹੁਕਮਰਾਨ ਬਣੇ। ਵਕਤ ਤੁਰਦਾ ਰਿਹਾ, ਵਰ੍ਹੇ ਬਦਲਦੇ ਰਹੇ, ਪਰ ਇਹ ਬੇਲਾਗਤਾ ਜਾਰੀ ਰਹੀ। ਇਹਨੀਂ ਦਿਨੀਂ ਇਹ ਸਤਰਾਂ ਉਦੋਂ ਯਾਦ ਆਈਆਂ ਜਦੋਂ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ, ਸੰਘਰਸ਼ੀ ਕਿਸਾਨਾਂ ਦੇ ਮੁਆਵਜ਼ੇ ਲਈ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਇਹ ਕਿਸਾਨ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਮੰਗਾਂ ਸਬੰਧੀ ਟੋਹਾਣੇ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਸਨ। ਇਹਨਾਂ ਮੰਗਾਂ ਵਿੱਚ ਖੇਤੀ ਖੇਤਰ ਅੰਦਰ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਘੁਸਪੈਠ ਨਾਲ ਸੰਬੰਧਿਤ ਮੰਗਾਂ ਪਰਮੁੱਖ ਸਨ। ਬੀਤੀ ਸ਼ਾਮ ਪੰਜਾਬ ਸਰਕਾਰ ਅਤੇ ਸੰਘਰਸ਼ਸ਼ੀਲ ਕਿਸਾਨਾਂ ਵਿੱਚ ਇਸ ਮੁਆਵਜੇ ਸਬੰਧੀ ਸਮਝੌਤਾ ਹੋ ਗਿਆ ਹੈ ਅਤੇ ਇਸ ਤੋਂ ਬਾਅਦ ਅੱਜ ਉਹਨਾਂ ਵਿੱਚੋਂ ਇਲਾਜ ਦੌਰਾਨ ਮਰੇ ਦੋ ਜਣਿਆਂ ਕਰਮ ਸਿੰਘ ਅਤੇ ਬਸੰਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਪਰ ਇਹ ਕਈ ਦਿਨਾਂ-ਰਾਤਾਂ ਦੇ ਸੰਘਰਸ਼ ਤੋਂ ਬਾਅਦ ਹੋਇਆ ਹੈ। ਇਹ ਮਾਰੇ ਗਏ ਕਿਸਾਨ ਉਹਨਾਂ ਕਿਸਾਨਾਂ ਵਿੱਚੋਂ ਸਨ ਜਿਹੜੇ ਪਹਿਲਾਂ ਸਾਡੇ ਦੇਸ਼ ਦੀ ਖੇਤੀ ਉੱਪਰ ਸਾਮਰਾਜੀ ਕੰਪਨੀਆਂ ਦੇ ਕਬਜ਼ੇ ਦਾ ਸਾਧਨ ਬਣਦੇ ਤਿੰਨ ਖੇਤੀ ਕਨੂੰਨਾਂ ਖਿਲਾਫ ਜ਼ੋਰਦਾਰ ਲੜਾਈ ਦੇ ਕੇ ਹਟੇ ਹਨ। ਇਹ ਪੰਜਾਬ ਦੇ ਉਹਨਾਂ ਚੇਤਨ ਕਿਸਾਨਾਂ ਵਿੱਚੋਂ ਸਨ,ਜਿਹੜੇ ਦੇਸ਼ ਅੰਦਰ ਵਾਪਰਦੇ ਹਰ ਲੋਕ-ਵਿਰੋਧੀ ਘਟਨਾ ਵਿਕਾਸ ਉੱਤੇ ਪ੍ਰਤੀਕਰਮ ਦਿੰਦੇ ਆਏ ਹਨ। ਭਾਵੇਂ ਖੇਤ ਮਜ਼ਦੂਰਾਂ ਨਾਲ ਜਬਰ ਦੀ ਘਟਨਾ ਹੋਵੇ, ਔਰਤਾਂ ਨਾਲ ਧੱਕੇਸ਼ਾਹੀ ਦੀ ਘਟਨਾ ਹੋਵੇ, ਫਿਰਕੂ ਹਿੰਸਾ ਦਾ ਮਾਮਲਾ ਹੋਵੇ, ਕਸ਼ਮੀਰ, ਮਨੀਪੁਰ ਜਾਂ ਬਸਤਰ ਅੰਦਰ ਹਕੂਮਤੀ ਜਬਰ ਦੀ ਗੱਲ ਹੋਵੇ,ਇਹ ਜੋਰਦਾਰ ਵਿਰੋਧ ਦੀ ਆਵਾਜ਼ ਬਣਦੇ ਆਏ ਹਨ। ਇਹ ਅੱਜ ਦੇ ਨਾਇਕ ਹਨ, ਜਿਨ੍ਹਾਂ ਨੂੰ ਅਪਣਾਉਣੋਂ ਮੁੱਖ ਮੰਤਰੀ ਨੇ ਜਵਾਬ ਦੇ ਦਿੱਤਾ ਅਤੇ ਉਹਨਾਂ ਦੇ ਸੰਗੀਆਂ ਦੇ ਕਈ ਦਿਨਾਂ ਅਤੇ ਰਾਤਾਂ ਦੇ ਲਗਾਤਾਰ ਸੰਘਰਸ਼ ਨੇ ਹੀ ਸੂਬੇ ਦੇ ਮੁੱਖ ਮੰਤਰੀ ਨੂੰ ਮਰ ਚੁੱਕਿਆਂ ਅਤੇ ਉਹਨਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਵੱਲ ਗੌਰ ਕਰਨ ਲਈ ਮਜਬੂਰ ਕੀਤਾ। ਸੁਣਨ ਵਿੱਚ ਆਇਆ ਹੈ ਕਿ ਮੁਆਵਜ਼ੇ ਦੀ ਗੱਲਬਾਤ ਦੌਰਾਨ ਕਿਹਾ ਗਿਆ ਕਿ ਮੁਆਵਜ਼ਾ ਕਿਸ ਗੱਲ ਦਾ? ਉਹ ਕਿਹੜਾ ਸਰਕਾਰੀ ਡਿਊਟੀ 'ਤੇ ਚੱਲੇ ਸਨ? ਜੀ ਹਾਂ! ਉਹ ਸਰਕਾਰੀ ਡਿਊਟੀ 'ਤੇ ਹੀ ਚੱਲੇ ਸਨ। ਉਸ ਡਿਊਟੀ 'ਤੇ ਜਿਸ ਨੂੰ ਨਿਭਾਉਣ ਦੀ ਤਵੱਕੋ ਸਰਕਾਰਾਂ ਕੋਲੋਂ ਕੀਤੀ ਜਾਂਦੀ ਹੈ।ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣਦੀ ਖੇਤੀ ਨੂੰ ਸਾਂਭਣਾ, ਉਸਨੂੰ ਕਾਰਪੋਰੇਟੀ ਸਾਮਰਾਜੀ ਮੁਨਾਫੇਖੋਰਾਂ ਕੋਲੋਂ ਬਚਾਉਣਾ, ਇਸ ਖੇਤੀ 'ਤੇ ਨਿਰਭਰ ਕੁੱਲ ਵਸੋਂ ਦੇ ਹਿੱਤਾਂ ਦੀ ਰਾਖੀ ਕਰਨਾ, ਦੇਸ਼ ਦੀ ਆਤਮ ਨਿਰਭਰਤਾ ਲਈ ਸਰਕਾਰੀ ਖਰੀਦ ਜਾਰੀ ਰੱਖਣਾ, ਖੇਤ ਮਜ਼ਦੂਰਾਂ ਤੇ ਹੋਰਨਾਂ ਹਿੱਸਿਆਂ ਲਈ ਜਨਤਕ ਵੰਡ ਪ੍ਰਣਾਲੀ ਦੀ ਜਾਮਨੀ ਕਰਨਾ ਆਦਿ ਵਰਗੇ ਮੁੱਦੇ ਉਹਨਾਂ ਅਨੇਕ ਮੁੱਦਿਆਂ ਵਿੱਚੋਂ ਕੁਝ ਹਨ, ਜਿਨਾਂ ਨੂੰ ਨਿਭਾਉਣ ਦੀ ਤਵੱਕੋ ਲੋਕਾਂ ਦੀ ਨੁਮਾਇੰਦਾ ਕਹਾਉਂਦੀ ਕਿਸੇ ਵੀ ਹਕੂਮਤ ਤੋਂ ਕੀਤੀ ਜਾਂਦੀ ਹੈ, ਪਰ ਜਿਹਨਾਂ ਤੋਂ ਲਗਾਤਾਰ ਸਾਰੀਆਂ ਹਕੂਮਤਾਂ ਵੱਲੋਂ ਮੂੰਹ ਭੰਵਾਇਆ ਜਾਂਦਾ ਰਿਹਾ ਹੈ। ਇਹਨਾਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨ ਹੀ ਉਹ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਸ਼ਾਇਦ ਮੁਆਵਜ਼ੇ ਦੀ ਵਾਜਬੀਅਤ ਲਈ ਇਹ ਕਰੂਰ ਤੱਥ ਵੀ ਸਹਾਈ ਹੋਵੇ ਕਿ ਜਦੋਂ ਇਹਨਾਂ ਜ਼ਖ਼ਮੀਆਂ ਨੂੰ ਘਟਨਾ ਤੋਂ ਫੌਰੀ ਬਾਅਦ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਜਿਲ੍ਹੇ ਪੱਧਰੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਨਹੀਂ ਸਨ ਅਤੇ ਗੰਭੀਰ ਜ਼ਖ਼ਮੀਆਂ ਨੂੰ ਫੌਰੀ ਦੁਰੇਡੀਆਂ ਥਾਵਾਂ ਉੱਤੇ ਲਿਜਾਣਾ ਪਿਆ। ਹੋਰਨਾਂ ਜ਼ਖ਼ਮੀਆਂ ਨੂੰ ਡੀ.ਐਸ.ਪੀ ਦੇ ਹੁਕਮਾਂ ਉੱਤੇ ਜਬਰੀ ਛੁੱਟੀ ਦੇ ਕੇ ਘਰੇ ਤੋਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਉਹਨਾਂ ਦਾ ਇਲਾਜ ਕਰਵਾਉਣ ਲਈ ਵੀ ਕਿਸਾਨਾਂ ਨੂੰ ਜਦੋ-ਜਹਿਦ ਕਰਨੀ ਪਈ। ਮਾੜੀਆਂ ਹਾਲਤਾਂ ਕਾਰਨ ਇੱਥੋਂ ਦੇ ਮੁਰਦਾ ਘਰ ਵਿੱਚ ਰੱਖਿਆ ਇੱਕ ਮਿਰਤਕ ਕਿਸਾਨ ਔਰਤ ਦਾ ਸਰੀਰ ਬੁਰੀ ਤਰ੍ਹਾਂ ਗਲ ਗਿਆ। ਜਦੋਂ ਅਗਲੇ ਦਿਨਾਂ ਵਿੱਚ ਇਹਨਾਂ ਵਿੱਚੋਂ ਕਈ ਗੰਭੀਰ ਮਰੀਜ਼ ਬਠਿੰਡੇ ਦੇ ਏਮਜ਼ ਹਸਪਤਾਲ ਵਿੱਚ ਦਾਖਲ ਰਹੇ ਤਾਂ ਉਹਨਾਂ ਨੂੰ ਲੋੜੀਂਦੇ ਇਲਾਜਾਂ ਲਈ ਲੰਬੀ ਉਡੀਕ ਕਰਨੀ ਪਈ। ਸਟਾਫ ਅਤੇ ਸਾਧਨਾਂ ਦੀ ਘਾਟ ਪੈਰ ਪੈਰ ਉੱਤੇ ਝੱਲਣੀ ਪਈ। ਇਹਨਾਂ ਵਿੱਚੋਂ ਇੱਕ ਨੌਜਵਾਨ ਕਰਮ ਸਿੰਘ ਅਜਿਹਾ ਸੀ, ਜਿਸ ਦੀ ਬਾਂਹ ਕੱਟੇ ਜਾਣ ਤੋਂ ਬਾਅਦ ਵੀ ਇਨਫੈਕਸ਼ਨ ਫੈਲਣ ਕਾਰਨ ਮੌਤ ਹੋਈ। ਸ਼ਾਇਦ ਨੇੜਲੀ ਨਿਗਰਾਨੀ ਨਾਲ ਇਸ ਤੋਂ ਬਚਿਆ ਜਾ ਸਕਦਾ ਸੀ।
ਸਵਾਲ ਇਹ ਹੈ ਕਿ ਜੋ ਸਰਕਾਰੀ ਕਾਨੂੰਨਾਂ ਐਲਾਨਾਂ ਰਾਹੀਂ ਤੈਅ ਹੈ,ਉਸ ਨੂੰ ਵੀ ਲਾਗੂ ਕਰਵਾਉਣ ਲਈ ਲੋਕਾਂ ਨੂੰ ਜਾਨਾਂ ਦੀ ਬਲੀ ਕਿਉਂ ਦੇਣੀ ਪੈਂਦੀ ਹੈ? ਢਾਬੀ ਗੁੱਜਰਾਂ ਅਤੇ ਸ਼ੰਭੂ ਬਾਰਡਰ 'ਤੇ ਕਿਸਾਨ ਸਰਕਾਰ ਵੱਲੋਂ ਐਲਾਨੀ ਐਮ.ਐਸ.ਪੀ ਦੀ ਮੰਗ ਲਾਗੂ ਕਰਵਾਉਣ ਲਈ ਧਰਨੇ ਉੱਤੇ ਬੈਠੇ ਹਨ ਅਤੇ ਉੱਥੇ ਦੋ ਜਾਨਾਂ ਜਾ ਚੁੱਕੀਆਂ ਹਨ। ਅਨੇਕਾਂ ਨੌਜਵਾਨ ਰੁਕੀ ਹੋਈ ਭਰਤੀ ਪ੍ਰਕਿਰਿਆ ਚਾਲੂ ਕਰਨ ਲਈ ਧਰਨੇ ਉੱਤੇ ਬੈਠੇ ਹਨ, ਕੋਈ ਠੇਕਾ ਕਰਮਚਾਰੀ ਸਰਕਾਰ ਵੱਲੋਂ ਪੱਕੇ ਰੁਜ਼ਗਾਰ ਤੋਂ ਮੁਨਕਰ ਹੋਣ ਦੀ ਸੂਰਤ ਵਿੱਚ ਤੇਲ ਦੀ ਬੋਤਲ ਹੱਥ ਵਿੱਚ ਫੜ੍ਹ ਟੈਂਕੀ ਉੱਤੇ ਚੜ੍ਹ ਜਾਂਦਾ ਹੈ। ਪੰਚਾਇਤੀ ਜਮੀਨਾਂ ਵਿੱਚੋਂ ਖੇਤ ਮਜ਼ਦੂਰਾਂ ਦਾ ਤੈਅਸ਼ੁਦਾ ਇੱਕ ਤਿਹਾਈ ਹੱਕ ਹਾਸਲ ਕਰਨ ਲਈ ਉਹਨਾਂ ਨੂੰ ਸਿਰੇ ਦਾ ਜਬਰ ਝੱਲਣਾ ਪੈਂਦਾ ਹੈ। ਇਹ ਲੋਕ ਕੌਣ ਹਨ ਜਿਨ੍ਹਾਂ ਨੂੰ ਹਕੂਮਤਾਂ ਨੇ ਬੇਦਾਵਾ ਦੇ ਦਿੱਤਾ ਹੈ? ਇਹਨਾਂ ਦੇ ਹਾਦਸਿਆਂ ਮੌਤਾਂ ਦਾ ਜਿੰਮੇਵਾਰ ਕੌਣ ਹੈ? ਜੇ ਹਕੂਮਤ ਇਹਨਾਂ ਲੋਕਾਂ ਨੂੰ ਇੰਝ ਹੀ ਬੇਦਾਵਾ ਦਿੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਹਕੂਮਤਾਂ ਨੂੰ ਆਪਣਾ ਬੇਦਾਵਾ ਸੌਂਪ ਦੇਣਗੇ।
(ਸ਼ੀਰੀਂ ਦੇ ਫੇਸ-ਬੁੱਕ ਖਾਤੇ ਤੋਂ)
(ਸਿਰਲੇਖ ਸਾਡਾ)
No comments:
Post a Comment