Monday, July 25, 2022

ਸਿੱਧੂ ਮੂਸੇਵਾਲੇ ਦੇ ਕਤਲ ਦੀ ਘਟਨਾ ਤੇ ਪੰਜਾਬੀ ਸਮਾਜ : ਕੁੱਝ ਪੱਖਾਂ ਬਾਰੇ

 ਸਿੱਧੂ ਮੂਸੇਵਾਲੇ ਦੇ ਕਤਲ ਦੀ ਘਟਨਾ ਤੇ ਪੰਜਾਬੀ ਸਮਾਜ : ਕੁੱਝ ਪੱਖਾਂ ਬਾਰੇ 

  ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਪੰਜਾਬੀ ਸਮਾਜ ਲਈ ਇਕ ਵੱਡੀ ਚਰਚਿਤ  ਘਟਨਾ ਵਜੋਂ ਉੱਭਰੀ। ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੇ ਗਏ ਬੇਰਹਿਮ ਕਤਲ ਨੇ ਪੰਜਾਬੀ ਸਮਾਜ ਨੂੰ ਝੰਜੋੜਿਆ ਤੇ ਫ਼ਿਕਰਮੰਦ ਕੀਤਾ। ਰੋਸ, ਫ਼ਿਕਰਮੰਦੀ ਤੇ ਦੁੱਖ ਦੀਆਂ ਇਹਨਾਂ ਭਾਵਨਾਵਾਂ ਦਰਮਿਆਨ ਸਮਾਜ ’ਚ ਕਲਾ ਖੇਤਰ ਤੋਂ ਲੈ ਕੇ ਨੌਜਵਾਨਾਂ ਦੀ ਹੋਣੀ ਤੇ ਗੈਂਗਸਟਰ ਵਰਤਾਰੇ ਤੱਕ ਦੇ ਇੱਕ ਦੂਜੇ ਨਾਲ ਜੁੜਵੇਂ ਪਹਿਲੂਆਂ ਬਾਰੇ ਚਰਚਾ ਛਿੜੀ ਹੈ ਤੇ ਨਾਲ ਹੀ ਇਸ ਘਟਨਾਕ੍ਰਮ ਨੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀ ਮੌਕਾਪ੍ਰਸਤੀ ਤੇ ਦੀਵਾਲੀਏਪਣ ਦੀ ਨੁਮਾਇਸ਼ ਲਾਈ ਹੈ। ਉਸ ਤੋਂ ਵੀ ਅੱਗੇ ਜਗੀਰੂ ਕਦਰ ਪ੍ਰਬੰਧ ਦੀਆਂ ਸਮਾਜ ਅੰਦਰ ਡੂੰਘੀਆਂ ਜੜ੍ਹਾਂ ਤੇ ਪਛੜੀ ਸਮਾਜੀ-ਸਿਆਸੀ ਚੇਤਨਾ ਦਾ ਵੀ ਪ੍ਰਗਟਾਵਾ ਹੋਇਆ ਹੈ। ਕੁਲ ਮਿਲਾਕੇ ਬਹੁ-ਪਰਤੀ ਸਮਾਜਿਕ ਸੰਕਟਾਂ ’ਚੋਂ ਗੁਜ਼ਰਦੇ ਪੰਜਾਬ ਦੇ ਚਿੰਨ ਗੂੜ੍ਹੇ ਹੋ ਕੇ ਦਿਖੇ ਹਨ। 

ਇਸ ਕਤਲ ਨੇ ਗਾਇਕ ਦੇ ਵਿਸ਼ਾਲ ਗਿਣਤੀ ਨੌਜਵਾਨ ਪ੍ਰਸੰਸਕਾਂ ਨੂੰ ਝੰਜੋੜਿਆ, ਜਿਸ ਕਾਰਨ ਕਈ ਦਿਨ ਰੋਹ ਤੇ ਗ਼ਮ ਦੇ ਵਲਵਲੇ ਪ੍ਰਗਟ ਹੁੰਦੇ ਰਹੇ ਤੇ ਸੋਸ਼ਲ ਮੀਡੀਆ ਇਹਨਾਂ ਪ੍ਰਗਟਾਵਿਆਂ ਦੀ ਥਾਂ ਬਣਿਆ ਰਿਹਾ। ਉਸ ਦੇ ਸਸਕਾਰ ਤੇ ਭੋਗ ਸਮਾਗਮ ਮੌਕੇ ਵੀ ਵੱਡੇ ਇਕੱਠ ਜੁੜੇ। ਇਸ ਦਰਦਨਾਕ ਕਤਲ ਨਾਲ ਜੁੜ ਕੇ ਪੰਜਾਬੀ ਸਮਾਜ ’ਚ ਇਹਨਾਂ ਵਰਤਾਰਿਆਂ ਬਾਰੇ ਜਿੰਨੀ ਕੁ ਵੀ ਚਰਚਾ ਛਿੜੀ ਉਸ ਵਿਚ ਇਹਨਾਂ ਵਰਤਾਰਿਆਂ ਦੇ ਵਿਗਸਣ ਪਿਛਲੇ ਕਾਰਨਾਂ ਬਾਰੇ ਚਰਚਾ ਦੱਬੀ ਹੋਈ ਰਹੀ ਜਦ ਕਿ ਸਿੱਧੂ ਮੂਸੇ ਵਾਲਾ ਦੀ ਗਾਇਕੀ ਨੂੰ ਉਚਿਆਉਣ ਤੇ ਉਸ ਦੀ ਸਖਸ਼ੀਅਤ ਨੂੰ ਉਚਿਆਉਣਾ ਮੁੱਖ ਪੱਖ ਬਣਿਆ ਰਿਹਾ। ਇਸ ਗ਼ਮ ਤੇ ਸਦਮੇ ਵਰਗੇ ਮਹੌਲ ਦਰਮਿਆਨ ਮੁਕਾਬਲਤਨ ਸੰਜੀਦਾ ਹਿੱਸੇ ਵੀ ਇਸ ਵਹਿਣ ’ਚ ਵਹਿ ਗਏ ਤੇ ਦਰਦਨਾਕ ਮੌਤ ਦਾ ਅਫ਼ਸੋਸ ਪ੍ਰਗਟਾਉਣ ਅਤੇ ਉਸ ਦੀ ਕਲਾ ਤੇ ਸਮਾਜਿਕ ਰੋਲ ਨੂੰ ਉਚਿਆਉਣ ’ਚ ਫਰਕ ਨਾ ਕਰ ਸਕੇ। 

ਸਿੱਧੂ ਮੂਸੇਵਾਲੇ ਦੇ ਕਤਲ ਦੀ ਘਟਨਾ ਪੰਜਾਬੀ ਸਮਾਜ ਦੇ ਸਮਾਜਕ ਸੰਕਟਾਂ ਦੇ ਕਈ ਵਰਤਾਰਿਆਂ ਦਾ ਤਿੱਖਾ ਇਜ਼ਹਾਰ ਬਣੀ ਹੈ, ਜਿਹੜੇ ਵਰਤਾਰੇ ਇੱਕ ਦੂਜੇ ਨਾਲ ਗੁੰਦਵੇੇਂ ਰੂਪ ’ਚ ਵਿਕਸਿਤ ਹੋ ਰਹੇ ਹਨ ਤੇ ਇਕ ਦੂਜੇ ਦੇ ਵਧਾਰੇ ਪਸਾਰੇ ਲਈ ਜ਼ਮੀਨ ਮੁਹੱਈਆ ਕਰਦੇ ਹੋਏ ਸਮਾਜਿਕ ਸੱਭਿਆਚਾਰਕ ਮਹੌਲ ਦੇ ਨਿਘਾਰ ਦੇ ਪ੍ਰਤੀਕ ਬਣੇ ਹੋਏ ਹਨ। ਇਹਨਾਂ ’ਚੋਂ ਇੱਕ ਵਰਤਾਰਾ ਕਲਾ ਦੀ ਅਹਿਮ ਵੰਨਗੀ ਪੰਜਾਬੀ ਗਾਇਕੀ ਦੇ ਵਪਾਰ ਵਿਚ ਤਬਦੀਲ ਹੁੰਦੇ ਜਾਣ ਦਾ ਹੈ। ਇਹ ਗਾਇਕੀ ਚਾਹੇ ਵਪਾਰ ’ਚ ਤਾਂ ਦਹਾਕਿਆਂ ਤੋਂ ਤਬਦੀਲ ਹੋ ਚੁੱਕੀ ਹੈ ਪਰ ਉਸ ਤੋਂ ਵੀ ਅੱਗੇ ਪੰਜਾਬ ਦੇ ਨੌਜਵਾਨਾਂ ਲਈ ਖਿੱਚ-ਪਾਊ ਹੋਣ ਕਰਕੇ ਇਹ ਹਾਕਮ ਜਮਾਤੀ ਸਿਆਸਤਦਾਨਾਂ ਲਈ ਵੀ ਡੂੰਘੀ ਲਾਲਸਾ ਦਾ ਖੇਤਰ ਹੈ। ਕਲਾ ਦਾ ਖੇਤਰ ਸਮਾਜ ਦੀਆਂ ਭਾਰੂ ਜਮਾਤਾਂ ਵੱਲੋਂ ਸਮਾਜ ’ਚ ਲੁਟੇਰੀਆਂ ਜਮਾਤਾਂ ਦੀਆਂ ਕਦਰਾਂ ਦਾ ਸੰਚਾਰ ਕਰਨ ਲਈ ਅਸਿੱਧੇ ਤੌਰ ’ਤੇ ਤਾਂ ਵਰਤਿਆ ਹੀ ਜਾਂਦਾ ਹੈ ਸਗੋਂ ਮੌਜੂਦਾ ਦੌਰ ’ਚ ਇਹ ਹਾਕਮ ਜਮਾਤੀ ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਨਾਲ ਵੀ ਹੋਰਨਾਂ ਮੁਨਾਫਾਮੁਖੀ ਕਾਰੋਬਾਰਾਂ ਵਾਂਗ ਇੱਕ ਕਾਰੋਬਾਰ ਦੇ ਤੌਰ ’ਤੇ ਵੀ ਸਿੱਧੇ-ਸਿੱਧੇ ਰੂਪ ’ਚ ਜੁੜਿਆ ਹੋਇਆ ਹੈ। 

ਹਾਕਮ ਜਮਾਤੀ ਵੋਟ ਪਾਰਟੀਆਂ ਤੇ ਸਿਆਸਤਦਾਨ ਜਿਵੇਂ ਜਿਵੇਂ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿੰਦੇ ਜਾ ਰਹੇ ਹਨ ਤੇ ਉਹਨਾਂ ਦੀ ਪੜਤ ਜਿਉ 2 ਖੁਰਦੀ ਜਾ ਰਹੀ ਹੈ ਤਾਂ ਲੋਕਾਂ ਨੂੰ ਭਰਮਾਈ ਰੱਖਣ ਤੇ ਉਹਨਾਂ ਨੂੰ ਆਪਣੀ ਕੀਲ ’ਚ ਰੱਖਣ ਲਈ, ਸਮਾਜ ਅੰਦਰ ਵੱਖ ਵੱਖ ਖੇਤਰਾਂ ’ਚ ਪ੍ਰਭਾਵ ਰੱਖਦੇ ਲੋਕਾਂ ਤੇ ਮਕਬੂਲ ਸਖਸ਼ੀਅਤਾਂ ’ਤੇ ਉਹਨਾਂ ਦੀ ਟੇਕ ਵਧਦੀ ਜਾ ਰਹੀ ਹੈ। ਇਹ ਚਾਹੇ ਧਾਰਮਿਕ ਡੇਰੇ ਹੋਣ, ਚਾਹੇ ਨਾਮੀ ਕਲਾਕਾਰ, ਜਿੰਨ੍ਹਾਂ ਕੋਲ ਡੇਰਿਆਂ ਵਾਂਗ ਹੀ ਪ੍ਰਸੰਸਕਾਂ ਦਾ ਇੱਕ ਘੇਰਾ ਮੌਜੂਦ ਹੁੰਦਾ ਹੈ। ਇਉ ਇਹ ਹਲਕੇ ਹਾਕਮ ਜਮਾਤੀ ਸਿਆਸਤਦਾਨਾਂ ਲਈ ਭੀੜਾਂ ਜੁਟਾਉਣ ਤੇ ਵੋਟਾਂ ਪਵਾਉਣ ’ਚ ਸਹਾਈ ਹੁੰਦੇ ਹਨ ਤੇ ਮੋੜਵੇਂ ਤੌਰ ’ਤੇ ਸਿਆਸੀ ਸੱਤਾ ਤੋਂ ਆਪਣੇ ਵਧਾਰੇ ਪਸਾਰੇ ਲਈ ਛਤਰ-ਛਾਇਆ ਹਾਸਲ ਕਰਦੇ ਹਨ। ਪੰਜਾਬੀ ਗਾਇਕੀ ਇੱਕ ਕਾਰੋਬਾਰ ਵਜੋਂ ਅਜਿਹਾ ਹੀ ਖੇਤਰ ਬਣ ਚੁੱਕਿਆ ਹੈ। ਹੋਰਨਾਂ ਕਾਰੋਬਾਰਾਂ ਨਾਲੋਂ ਇਸ ਦੀ ਵਿਸ਼ੇਸ਼ਤਾ ਲੋਕਾਂ ਨੂੰ ਪ੍ਰਭਾਵਤ ਕਰ ਸਕਣ ਦੀ ਸਮਰੱਥਾ ਦੀ ਹੈ, ਜਿਹੜਾ ਕਾਰੋਬਾਰੀਆਂ ਤੇ ਸਿਆਸਤਦਾਨਾਂ ਦੇ ਇੱਕ-ਮਿੱਕ ਹੋ ਜਾਣ ਦੇ ਵਰਤਾਰੇ ’ਚ ਵਿਸ਼ੇਸ਼ ਪਹਿਲੂ ਵਜੋਂ ਆਪਣਾ ਵਜ਼ਨ ਪਾਉਦਾ ਹੈ। 

ਬੇਰੁਜ਼ਗਾਰੀ, ਬੇਚੈਨੀ ਅਤੇ ਅਨਿਸ਼ਚਤਿਤਾ ਦੀ ਜਿਸ ਜ਼ਮੀਨ ’ਤੇ ਅਜੋਕੀ ਵਪਾਰਕ ਪੰਜਾਬੀ ਗਾਇਕੀ ਵਧਦੀ ਫੁੱਲਦੀ ਹੈ ਉਸੇ ਜ਼ਮੀਨ ’ਤੇ ਹੀ ਗੈਂਗਸਟਰ ਵਰਤਾਰਾ ਵਧਦਾ ਫੁੱਲਦਾ ਹੈ ਜਿਸ ਨੂੰ ਹਾਕਮ ਜਮਾਤੀ ਸਿਆਸਤ ਹੁਣ ਹੋਰ ਵਧੇਰੇ ਜ਼ੋਰ ਸ਼ੋਰ ਨਾਲ ਸਿੰਜ ਰਹੀ ਹੈ। ਹਾਕਮ ਜਮਾਤੀ ਸਿਆਸਤ ਦੀਆਂ ਜ਼ਰੂਰਤਾਂ ਇੱਕ ਦੂਜੇ ਨੂੰ ਤਾਕਤ ਦਿੰਦੇ ਇਹਨਾਂ ਦੋਹਾਂ ਵਰਤਾਰਿਆਂ ਨਾਲ ਆਏ ਦਿਨ ਹੋਰ ਜ਼ਿਆਦਾ ਇੱਕ-ਮਿੱਕ ਹੋ ਰਹੀਆਂ ਹਨ। ਵਪਾਰਕ ਕਾਰੋਬਾਰਾਂ ਦੀਆਂ ਜ਼ਰੂਰਤਾਂ ਦਾ ਚੌਥਾ ਪਹਿਲੂ ਇਹਨਾਂ ਨਾਲ ਜੁੜ ਕੇ ਪੰਜਾਬੀ ਸਮਾਜ ਦੇ ਇਸ ਬਹੁ-ਪਰਤੀ ਸੰਕਟਾਂ ਦੇ ਵਰਤਾਰੇ ਦਾ ਨਮੂਨਾ ਬਣ ਜਾਂਦਾ ਹੈ। ਗੈਂਗਸਟਰਾਂ ਦੇ ਉੱਭਰਨ ਦਾ ਵਰਤਾਰਾ ਕਾਰੋਬਾਰਾਂ ਦੇ ਪਸਾਰੇ ਦੇ ਧੱਕੜ ਤੇ ਗੈਰ-ਕਾਨੂੰਨੀ ਅਮਲਾਂ ਨਾਲ ਗੁੰਦਿਆਂ ਹੋਇਆ ਹੈ ਜਿਵੇਂ ਕਿ ਇਹ ਨਸ਼ਿਆਂ ਦੇ ਕਾਰੋਬਾਰਾਂ ਨਾਲ ਵੀ ਜਾ ਜੁੜਦਾ ਹੈ। ਇਹ ਅਮਲ ਵੀ ਹਾਕਮ ਜਮਾਤੀ ਸਿਆਸਤਦਾਨਾਂ ਦੀ ਬੁੱਕਲ ’ਚ ਰਾਜ ਭਾਗ ਦੀ ਛਤਰ-ਛਾਇਆ ਹੇਠ ਵਧਦੇ ਫੁੱਲਦੇ ਹਨ। ਇਉ ਇਹ ਵਰਤਾਰੇ ਇਕ ਦੂਜੇ ਨਾਲ ਡੂੰਘੀ ਤਰ੍ਹਾਂ ਗੁੰਦੇ ਹੋਏ ਹਨ ਤੇ ਇੱਕ ਦੂਜੇ ਦੇ ਵਧਾਰੇ ਪਸਾਰੇ ਲਈ ਜ਼ਮੀਨ ਮੁਹੱਈਆ ਕਰਦੇ ਹਨ। 

ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਨਿੱਜੀ ਕਾਰੋਬਾਰਾਂ ਦੇ ਵਧਾਰੇ ਪਸਾਰੇ ਦਾ ਤਰਕ ਮਹਿਜ਼ ਸਾਧਾਰਨ ਵਪਾਰਕ ਮੁਕਾਬਲੇ ਦਾ ਨਹੀਂ ਹੈ ਸਗੋਂ ਇਹ ਪਸਾਰਾ ਹਕੂਮਤਾਂ ’ਚ ਸਿੱਧੀ ਗੰਢ-ਤੁੱਪ ਦੇ ਜ਼ੋਰ ’ਤੇ ਕੀਤਾ ਜਾਂਦਾ ਹੈ, ਜੀਹਦੇ ’ਚ ਗੈਰ-ਕਾਨੂੰਨੀ ਲੱਠਮਾਰ ਗ੍ਰੋਹਾਂ ਦੇ ਸਹਾਰੇ ਨਾਲ ਮੁਕਾਬਲੇਬਾਜ਼ੀ ’ਚ ਸ਼ਰੀਕ ਕਾਰੋਬਾਰੀਆਂ ਨੂੰ ਗੁੱਠੇ ਲਾਉਣਾ ਵੀ ਸ਼ਾਮਲ ਹੈ। ਪੰਜਾਬ ਅੰਦਰ ੳਰਾਂਸਪੋਰਟ ਦਾ ਕਾਰੋਬਾਰ ਇਹਦੀ ਨੁਮਾਇੰਦਾ ਉਦਾਹਰਣ ਹੈ। ਬਾਦਲ ਪਰਿਵਾਰ ਦਾ ਇਹ ਕਾਰੋਬਾਰ ਸਿਆਸੀ ਸੱਤਾ ਦੀ ਤਾਕਤ ਦੇ ਜ਼ੋਰ ਵਧਿਆ ਫੁੱਲਿਆ ਹੈ ਜੀਹਦੇ ’ਚ ਗੁੰਡਾਗਰਦੀ ਇੱਕ ਅਹਿਮ ਹਥਿਆਰ ਬਣੀ ਹੈ। ਵਪਾਰ ਦੀ ਪਿਉਦ ਕਲਾ-ਖੇਤਰ ਨੂੰ ਵੀ ਚਿਰਾਂ ਤੋਂ ਕੀਤੀ ਜਾ ਚੁੱਕੀ ਸੀ ਪਰ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਕਾਰੋਬਾਰਾਂ ਦਾ ਇਹ ਤਰਕ ਏਥੇ ਵੀ ਦਾਖਲ ਹੋ ਚੁੱਕਿਆ ਹੈ। ਵਧੇਰੇ ਮਕਬੂਲ ਹੋਣ ਦੀਆਂ ਦਾਅਵੇਦਾਰੀਆਂ, ਵਧੇਰੇ ‘ਚੱਲਣ’ ਦੇ ਐਲਾਨਾਂ ਲਈ ਅਪਣਾਏ ਜਾ ਰਹੇ ਹੱਥਕੰਡੇ, ਇਸ ਨੂੰ ਅਜਿਹਾ ਸਾਧਾਰਨ ਮੁਕਾਬਲਾ ਨਹੀਂ ਰਹਿਣ ਦਿੰਦੇ। ਇਹ ਮੁਕਾਬਲਾ ਵੀ ਧੌਂਸ ਤੇ ਗੁੰਡਾਗਰਦੀ ਦੇ ਜ਼ੋਰ ’ਤੇ ਹਰ ਜ਼ਾਇਜ ਨਜ਼ਾਇਜ ਤਰੀਕੇ ਅਖਤਿਆਰ ਕਰਨ ਤੇ ਵਧੇਰੇ ਮਕਬੂਲ ਹੋਣ ਦੇ ਟਰਿੱਕ ਅਖਤਿਆਰ ਕਰਨ ਰਾਹੀਂ ਚਲਦਾ ਹੈ। ਸੋਸ਼ਲ ਮੀਡੀਆ ’ਤੇ ਵੱਖ ਵੱਖ ਗਾਇਕਾਂ ਦੇ ਫੈਨ ਕਲੱਬ-ਨੁਮਾ ਗਰੁੱਪ ਬਣਾਉਣੇ, ਇੱਕ ਦੂਜੇ ਨੂੰ ਗੀਤਾਂ ’ਚ ਨਿੰਦਣਾ-ਭੰਡਣਾ, ਇਹਨਾਂ ਕਹੇ ਜਾਂਦੇ ਪ੍ਰਸੰਸ਼ਕਾਂ ਵੱਲੋਂ ਇੱਕ ਦੂਜੇ ਨਾਲ ਗਾਲੀ ਗਲੋਚ ਕਰਨੀ, ਭਾਵ ਇਹ ਸਭ ਕੁੱਝ ਪਿਛਲੇ ਸਮੇਂ ਤੋਂ ਪੰਜਾਬੀ ਗਾਇਕੀ ’ਚ ਸੋਸ਼ਲ ਮੀਡੀਆ ’ਤੇ ਮਕਬੂਲ ਹੋਣ ਲਈ ਕੀਤੀ ਜਾ ਰਹੀ ਸਟੰਟਬਾਜੀ ਹੈ। ਇਹਨਾਂ ਸਭਨਾਂ ਤੌਰ ਤਰੀਕਿਆਂ ’ਚ ਗੈਂਗਸਟਰ ਬਣ ਰਹੇ ਗਰੁੱਪਾਂ ਨਾਲ ਵੀ ਗਾਇਕਾਂ ਦੇ ਰਿਸ਼ਤੇ ਬਣਦੇ ਹਨ। ਗੈਂਗਸਟਰ ਹੋਣ ’ਚ ਹੋਰਨਾਂ ਕਈ ਗੁੰਝਲਦਾਰ ਕਾਰਨਾਂ ਦੇ ਨਾਲ ਨਾਲ ਧੌਂਸ ਦੇ ਜੋਰ ਮਸ਼ਹੂਰ ਹੋਣ ਦੀ ਲਾਲਸਾ ਦੇ ਅੰਸ਼ ਵੀ ਹਰਕਤਸ਼ੀਲ ਹੁੰਦੇ ਹਨ ਜਿਹੜੇ ਅਜੋਕੀ ਵਪਾਰਕ ਗਾਇਕੀ ਦਾ ਮੁੱਖ ਥੀਮ ਬਣਿਆ ਹੋਇਆ ਹੈ। ਇਉ ਇਹ ਦੋਹੇਂ ਖੇਤਰ ਇੱਕ ਦੂਜੇ ਨਾਲ ਗੁੰਦੇ ਜਾ ਰਹੇ ਹਨ। ਗੈਂਗਸਟਰਾਂ ਦੀਆਂ ਇੱਕ ਦੂਜੇ ਗਰੁੱਪਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਵੀ ਗਾਇਕੀ ਰਾਹੀਂ ਹੋ ਕੇ ਆਉਦੀਆਂ ਹਨ। ਏਨੀ ਗੂੜ੍ਹੀ ਤਰ੍ਹਾਂ ਜੁੜ ਜਾਣ ਦਾ ਅਰਥ ਆਖਰ ਨੂੰ ਸ਼ਰੀਕ ਨੂੰ ਹਥਿਆਰਾਂ ਦੇ ਜ਼ੋਰ ਮੁਕਾਬਲੇ ਦੇ ਪਿੜ ’ਚੋਂ ਕੱਢ ਦੇਣ ਤੱਕ ਜਾ ਪੁੱਜਦਾ ਹੈ। 

ਸਿੱਧੂ ਮੂਸੇਵਾਲੇ ਦਾ ਇਹ ਕਤਲ ਵਪਾਰਕ ਗਾਇਕੀ ’ਚ ਹੋਰ ਡੂੰਘੀਆਂ ਜੜ੍ਹਾਂ ਫੜ ਰਹੇ ਅਜਿਹੇ ਵਰਤਾਰੇ ਦਾ ਹੀ ਇਜ਼ਹਾਰ ਹੈ। ਕਤਲ ਦੀ ਇਸ ਘਟਨਾ ਕਾਰਨ ਲੋਕਾਂ ’ਚ ਇਸ ਵਰਤਾਰੇ ਬਾਰੇ ਚਰਚਾ ਛਿੜਨ ਤੇ ਫਿਕਰਮੰਦੀ ਦੇ ਡੂੰਘੀ ਹੋਣ, ਇਸ ਦੇ ਕਾਰਨਾਂ ਦੀ ਥਾਹ ਪਾਉਣ ਵਾਲੇ ਯਤਨਾਂ ਦੀ ਜ਼ਰੂਰਤ ਸੀ ਪਰ ਇਸ ਕਤਲ ਕਾਰਨ ਲੋਕਾਂ ’ਚੋਂ ਉੱਠੀਆਂ ਹਮਦਰਦੀ ਤੇ ਦੁੱਖ ਦੀਆਂ ਭਾਵਨਾਵਾਂ ਦਾ ਲਾਹਾ ਲੈਣ ਲਈ ਮੌਕਾਪ੍ਰਸਤ ਸਿਆਸਤਦਾਨ ਬੇਸ਼ਰਮੀ ਨਾਲ ਨਿੱਤਰ ਪਏ ਤੇ ਉਹਨਾਂ ਨੇ ਵਿਕਾਊ ਮੀਡੀਆ ਚੈਨਲਾਂ ਦੇ ਜ਼ੋਰ ’ਤੇ ਇਸ ਵਰਤਾਰੇ ਦੀਆਂ ਪਰਤਾਂ ਫਰੋਲਣ ਦੇ ਮਹੌਲ ਨੂੰ ਪੂਰੀ ਤਰ੍ਹਾਂ ਰੋਲ ਕੇ ਸਿੱਧੂ ਮੂਸੇਵਾਲੇ ਦੀ ਗਾਇਕੀ ਤੇ ਉਸ ਦੀ ਸਖਸ਼ੀਅਤ ਨੂੰ ਉਭਾਰਨ ਵਾਲਾ ਬਿਰਤਾਂਤ ਸਿਰਜ ਦਿੱਤਾ। ਲੋਕਾਂ ਦੀਆਂ ਇਹਨਾਂ ਭਾਵਨਾਵਾਂ ਦਾ ਲਾਹਾ ਲੈਣ ਲਈ ਸੰਗਰੂਰ ਦੀ ਜ਼ਿਮਨੀ ਚੋਣ ਦਾ ਵਿਸ਼ੇਸ਼ ਪ੍ਰਸੰਗ ਵੀ ਹਰਕਤਸ਼ੀਲ ਸੀ, ਜਿਸ ਨੇ ਮੌਕਾਪ੍ਰਸਤ ਸਿਆਸਤਦਾਨਾਂ ਲਈ ਇਹਨਾਂ ਭਾਵਨਾਵਾਂ ਨੂੰ ਵੋਟਾਂ ’ਚ ਢਾਲ ਸਕਣ ਦੀ ਦੌੜ ਲਗਾ ਦਿੱਤੀ ਤੇ ਇਸ ਦੌੜ ਵਿਚ ਬਾਜ਼ੀ ਸਿਮਰਨਜੀਤ ਸਿੰਘ ਮਾਨ ਨੇ ਮਾਰੀ। ਇਹਨਾਂ ਸਾਰੀਆਂ ਤਾਕਤਾਂ ਦੇ ਫੌਰੀ ਹਿੱਤਾਂ ਦੀ ਇਸ ਸਰਗਰਮੀ ਦਾ ਸਮੁੱਚਾ ਲਾਹਾ ਸਥਾਪਤੀ ਨੂੰ ਹੋਇਆ ਜਿਸ ਨੇ ਇਸ ਮਹੌਲ ’ਚ ਇਹਨਾਂ ਵਰਤਾਰਿਆਂ ਦੀ ਉਤਪਤੀ ਦੀ ਚਰਚਾ ਨੂੰ ਰੋਲ ਦਿੱਤਾ ਤੇ ਗਾਇਕ ਨੂੰ ਉਭਾਰਨ ਰਾਹੀਂ ਵਪਾਰਕ ਗਾਇਕੀ ਦੀ ਇਸ ਖਾਸ ਵੰਨਗੀ ਨੂੰ ਉਭਾਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ। ਇਹਨਾਂ ਅਰਥਾਂ ’ਚ ਇੱਕ ਨੌਜਵਾਨ ਗਾਇਕ ਨੂੰ ਪਹਿਲਾਂ ਸਥਾਪਤੀ ਨੇ ਪਾਲਿਆ ਪੋਸਿਆ ਤੇ ਮੌਤ ਮਗਰੋਂ ਵੀ ਉਸ ਦੀ ਸਖਸ਼ੀਅਤ ਉਭਾਰਨ ਰਾਹੀਂ ਉਸ ਦਾ ਲਾਹਾ ਲਿਆ ਗਿਆ।     

No comments:

Post a Comment