ਅਜੋਕੀ ਵਪਾਰਕ ਪੰਜਾਬੀ ਗਾਇਕੀ: ਮਕਬੂਲੀਅਤ ਤੇ ਭੂਮਿਕਾ
ਅਜੋਕੀ ਵਪਾਰਕ ਗਾਇਕੀ ਉਸ ਸਮੇਂ ਦੀ ਗਾਇਕੀ ਹੈ ਜਦੋਂ ਨੌਜਵਾਨ ਪੀੜ੍ਹੀ ਅਜਿਹੇ ਦੌਰ ’ਚੋਂ ਗੁਜ਼ਰ ਰਹੀ ਹੈ ਕਿ ਉਹਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਸਾਰਥਿਕ ਊਰਜਾਵਾਨ ਸਰਗਰਮੀ ਲਈ ਕੋਈ ਖਿੱਚ-ਪਾਊ ਮਾਡਲ ੳੱੁਭਰਿਆ ਹੋਇਆ ਨਹੀਂ ਹੈ। ਅੱਲ੍ਹੜ ਨੌਜਵਾਨ ਮਨਾਂ ਦੀ ਉਬਾਲੇ ਮਾਰਦੀ ਊਰਜਾ ਨੂੰ ਸਧਾਰਨ ਜੀਵਨ ਸਰਗਰਮੀ ਖਪਤ ਨਹੀਂ ਕਰ ਸਕਦੀ ਹੁੰਦੀ ਤੇ ਇਹਨਾਂ ਮਨਾਂ ’ਚ ਆਮ ਕਰਕੇ ਹੀ ਕੁੱਝ ਵੱਡਾ ਕਰ ਗੁਜ਼ਰਨ ਦੀ ਤਾਂਘ ਹੁੰਦੀ ਹੈ ਤੇ ਵੱਖ ਵੱਖ ਸਮਾਜਕ ਸਿਆਸੀ ਲਹਿਰਾਂ ਵੀ ਬਹੁਤ ਵਾਰ ਇਸ ਊਰਜਾ ਦੇ ਸਿਰ ’ਤੇ ਉੱਭਰਦੀਆਂ ਰਹੀਆਂ ਹਨ। ਵੱਖ 2 ਰਲੇ-ਮਿਲੇ ਕਾਰਨ ਇਹਨਾਂ ਲਹਿਰਾਂ ਦੇ ਉੱਭਰਨ ਦੀਆਂ ਤਹਿਆਂ ’ਚ ਹਰਕਤਸ਼ੀਲ ਹੁੰਦੇ ਰਹੇ ਹਨ ਤੇ ਨੌਜਵਾਨਾਂ ਦੀ ਇਹ ਊਰਜਾ ਇਹਨਾਂ ਲਹਿਰਾਂ ਰਾਹੀਂ ਰਾਹ ਬਣਾਉਦੀ ਰਹੀ ਹੈ। ਸਮਾਜਿਕ ਵਿਕਾਸ ਦੀ ਦਿਸ਼ਾ ’ਚ ਚੱਲਣ ਵਾਲੀਆਂ ਲਹਿਰਾਂ ’ਚ ਰਲ ਕੇ ਇਹੀ ਨੌਜਵਾਨ ਸ਼ਕਤੀ ਸਮਾਜ ਅੰਦਰ ਸਾਰਥਿਕ ਭੂਮਿਕਾ ਅਦਾ ਕਰ ਜਾਂਦੀ ਰਹੀ ਹੈ ਤੇ ਪਿਛਾਖੜੀ ਫਿਰਕੂ ਤਾਕਤਾਂ ਦੇ ਭਰਮਾਂ ’ਚ ਆ ਕੇ ਇਹੀ ਨੌਜਵਾਨ ਊਰਜਾ ਸਮਾਜ ਦੇ ਹਿੱਤਾਂ ਖਿਲਾਫ ਭੁਗਤ ਜਾਂਦੀ ਰਹੀ ਹੈ। ਪੰਜਾਬ ਦੇ ਲੰਘੇ ਇਤਿਹਾਸ ’ਚ ਹੀ ਅਜਿਹੇ ਦੋ ਵੱਖ ਵੱਖ ਦੌਰ ਹਨ ਜਦੋਂ ਇਹੀ ਨੌਜਵਾਨ ਊਰਜਾ ਦੋ ਵੱਖਰੇ ਵੱਖਰੇ ਮੰਤਵਾਂ ਦੇ ਲੇਖੇ ਲੱਗੀ ਸੀ। 60ਵਿਆਂ ਤੇ 70ਵਿਆਂ ਦੇ ਦਹਾਕੇ ’ਚ ਇਨਕਲਾਬੀ ਨੌਜਵਾਨ ਲਹਿਰਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੇ ਸਮਾਜ ਅੰਦਰ ਮੋਹਰੀ ਇਨਕਲਾਬੀ ਟੁਕੜੀਆਂ ਵਜੋਂ ਝੰਜੋੜੂ ਦਸਤਿਆਂ ਦਾ ਰੋਲ ਅਦਾ ਕੀਤਾ ਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਲਈ ਜੋਸ਼ੀਲੀਆਂ ਤਰੰਗਾਂ ਛੇੜੀਆਂ ਜਦ ਕਿ 80ਵਿਆਂ ਦੇ ਦਹਾਕੇ ’ਚ ਨੌਜਵਾਨ ਹਿੱਸੇ ਹਾਕਮ ਜਮਾਤਾਂ ਦੇ ਫਿਰਕੂ ਮਨਸੂਬਿਆਂ ਦੇ ਹੱਥੇ ਵਜੋਂ ਵਰਤੇ ਗਏ ਤੇ ਸਮਾਜ ਅੰਦਰਲੀਆਂ ਪਿਛਾਖੜੀ ਤਾਕਤਾਂ ਦੇ ਹਿੱਤਾਂ ’ਚ ਭੁਗਤ ਗਏ। 90ਵਿਆਂ ’ਚ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੀ ਲਹਿਤ ਵੇਲੇ ਰਾਜ ਭਾਗ ਦੀ ਸਰਪ੍ਰਸਤੀ ਹੇਠ ਖੇਡ ਮੇਲਿਆਂ ਤੇ ਗਾਇਕਾਂ ਦੇ ਅਖਾੜੇ ਸ਼ੁਰੂ ਕੀਤੇ ਗਏ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪਰਾਂ ਹੇਠ ਲਿਆਉਣ ਲਈ ਹਾਕਮ ਜਮਾਤੀ ਸਿਆਸਤਦਾਨਾਂ ਦਾ ਹੀ ਪ੍ਰੋਜੈਕਟ ਸੀ। ਇੱਕ ਵਾਰ ਪੰਜਾਬੀ ਨੌਜਵਾਨ ਇਹਨਾਂ ਵੱਲ ਉੱਲਰੇ ਪਰ ਇਹਦੇ ਮੰਤਵਾਂ ਨੇ ਹੀ ਇਹਦੀ ਹੋਣੀ ਤੈਅ ਕਰ ਦਿੱਤੀ ਸੀ। ਖੇਡ ਮੇਲਿਆਂ ਦਾ ਸ਼ਿੰਗਾਰ ਕਬੱਡੀ ਦੀ ਖੇਡ, ਵਪਾਰਕ ਲੀਹਾਂ ’ਤੇ ਚੜ੍ਹ ਕੇ ਲੋਕਾਂ ਦੇ ਮਨਾਂ ’ਚੋਂ ਲਹਿ ਗਈ ਤੇ ਵਪਾਰਕ ਗਾਇਕੀ ਨਿਘਾਰ ਦੀਆਂ ਅਗਲੀਆਂ ਨਿਵਾਣਾਂ ਵੱਲ ਚਲੀ ਗਈ। ਏਸੇ ਸਦੀ ਦੇ ਸ਼ੁਰੂਆਤੀ ਦੌਰ ਤੋਂ ਹੀ ਨਵ-ਉਦਾਰਵਾਦੀ ਨੀਤੀਆਂ ਦੇ ਤਰਕ ਨੇ ਆਪਣਾ ਅਸਰ ਦਿਖਾਇਆ ਤੇ ਇਹਨਾਂ ਨੀਤੀਆਂ ਰਾਹੀਂ ਸਾਮਰਾਜੀ ਲੁਟੇਰੇ ਮੰਤਵਾਂ ਨੇ ਨਾ ਸਿਰਫ ਦੇਸ਼ ਤੇ ਸੂਬੇ ਦੀ ਆਰਥਿਕਤਾ ’ਤੇ ਆਪਣੀ ਜਕੜ ਨੂੰ ਹੋਰ ਮਜ਼ਬੂਤ ਕੀਤਾ, ਸਗੋਂ ਸਮਾਜਿਕ ਸੱਭਿਆਚਾਰਕ ਖੇਤਰ ’ਚ ਵੀ ਖਪਤਕਾਰੀ ਸੱਭਿਆਚਾਰ ਨੇ ਬਹੁਤ ਤੇਜ਼ੀ ਨਾਲ ਪੈਰ ਪਸਾਰੇ। ਖਪਤਕਾਰੀ ਸੱਭਿਆਚਾਰ ਦੇ ਵਪਾਰਕ ਤਰਕ ਨੇ ਜ਼ਿੰਦਗੀ ਦੇ ਹਰ ਖੇਤਰ ’ਚ ਘੁਸਪੈਠ ਕੀਤੀ ਅਤੇ ਜਗੀਰੂ ਕਦਰ ਪ੍ਰਬੰਧ ਵਾਲੇ ਸਾਡੇ ਸਮਾਜ ਨੂੰ ਖਪਤਕਾਰੀ ਸੱਭਿਆਚਾਰਕ ਕਦਮਾਂ ਦੀ ਪੁੱਠ ਚੜ੍ਹ ਗਈ। ਪੰਜਾਬੀ ਸਮਾਜ ਦੀ ਰੋਜ਼ਾਨਾ ਜ਼ਿੰਦਗੀ ’ਚ ਇਸ ਤਰ੍ਹਾਂ ਦੇ ਸੱਭਿਆਚਾਰ ਦੇ ਝਲਕਾਰੇ ਦੇਖੇ ਜਾ ਸਕਦੇ ਹਨ। ਕਲਾ ਦੇ ਖੇਤਰ ਦਾ ਅਜੋਕਾ ਦੌਰ ਇਸੇ ਰਲਗੱਡ ਹੋਏ ਸੱਭਿਆਚਾਰ ਦਾ ਸੰਘਣਾ ਇਜ਼ਹਾਰ ਕਰਦਾ ਹੈ। ਪੰਜਾਬ ਅੰਦਰ ਕਲਾ ਖੇਤਰ ਦੀਆਂ ਵੰਨਗੀਆਂ ’ਚੋਂ ਸਭ ਤੋਂ ਮਕਬੂਲ ਗਾਇਕੀ ਦੀ ਵੰਨਗੀ ਇਹਦਾ ਉੱਤਮ ਨਮੂਨਾ ਹੈ।
ਵਪਾਰਕ ਗਾਇਕੀ ’ਚ ਸਿੱਧੂ ਮੂਸੇਵਾਲਾ ਦੀ ਵੰਨਗੀ ਦੀ ਗਾਇਕੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਪੋਂਹਦੀ ਹੈ। ਇਹਦੀ ਵਜ੍ਹਾ ਇਹ ਹੈ ਕਿ ਇਹ ਗਇਕੀ ਇਸ ਪੀੜ੍ਹੀ ਦੀ ਮਾਨਸਿਕ ਸਥਿਤੀ ਦੀ ਐਨ ਢੁੱਕਵੀਂ ਥਾਂ ਨੂੰ ਟੁੰਬਦੀ ਹੈ, ਮੋੜਵੇਂ ਰੂਪ ’ਚ ਉਸ ਨੂੰ ਅਸਰਅੰਦਾਜ਼ ਕਰਦੀ ਹੈ। ਇਹ ਮਾਨਸਿਕ ਹਾਲਤ ਕੀ ਹੈ? ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਪੰਜਾਬੀ ਨੌਜਵਾਨ ਤਿੱਖੀ ਬੇਚੈਨੀ ਤੇ ਬਦ-ਹਵਾਸੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਅਨਿਸ਼ਚਤ ਭਵਿੱਖ ਤੇ ਚੁਭਦਾ ਵਰਤਮਾਨ ਅਜਿਹੀ ਜ਼ਮੀਨ ਹੈ ਜੀਹਦੇ ’ਚੋਂ ਇਹ ਗਇਕੀ ਸਿੰਜੀ ਜਾਂਦੀ ਹੈ ਤੇ ਮੋੜਵੇਂ ਤੌਰ ’ਤੇ ਇਸ ਜ਼ਮੀਨ ’ਚੋਂ ਫੁੱਟਣ ਵਾਲੇ ਹੋਰਨਾਂ ਵਰਤਾਰਿਆਂ ਨੂੰ ਤਾਕਤ ਦਿੰਦੀ ਹੈ। ਇਹ ਵਰਤਾਰੇ ਨਸ਼ੇ, ਗੈਂਗਵਾਰ ਤੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਅਲਾਮਤਾਂ ਹਨ। ਇਹ ਗਾਇਕੀ ਇਹਨਾਂ ਵਰਤਾਰਿਆਂ ਨਾਲ ਇੱਕ ਗੰੁਦਵੇਂ ਅਮਲ ਵਜੋਂ ਪ੍ਰਵਾਨ ਚੜ੍ਹ ਰਹੀ ਹੈ। ਇਸਦੀ ਮਕਬੂਲੀਅਤ ਦਾ ਜਵਾਬ ਇਸ ਪਹਿਲੂ ਨੂੰ ਬੁੱਝਣ ’ਚ ਪਿਆ ਹੈ ਕਿ ਇਹ ਬੇਚੈਨ ਤੇ ਸਮਾਜ ਤੋਂ ਬਦਜ਼ਨ ਪਰ ਊਰਜਾਮਈ ਰੂਹਾਂ ਦੀ ਖੁਰਾਕ ਬਣ ਕੇ ਆਈ ਹੈ।
ਇਸ ਗਾਇਕੀ ਦੇ ਕੁੱਝ ਵਿਸ਼ੇਸ਼ ਲੱਛਣ ਹਨ ਜਿਵੇਂ ਇਹ ਨੌਜਵਾਨਾਂ ਨੂੰ ਇਕ ਦਿਸ਼ਾਹੀਣ ਬਾਗੀਪੁਣੇ ਦੇ ਇਜ਼ਹਾਰਾਂ ਰਾਹੀਂ ਆਪਾ ਪ੍ਰਗਟਾਉਣ ਲਈ ਉਕਸਾਉਦੀ ਹੈ, ਇਹ ਦਿਸ਼ਾਹੀਣ ਬਾਗੀਪੁਣਾ ਸਵੈ ਨੂੰ ਉਭਾਰਨ ਲਈ ਹੈ, ਸਮਾਜ ਅੰਦਰ ਜਿੰਨੀਂ ਬੇਵੁਕਤੀ ਨੌਜਵਾਨ ਹੰਢਾਉਦੇ ਹਨ, ਇਹ ਪਛਾਣ ਸਭਨਾਂ ਦੀ ਤਲਾਸ਼ ਬਣੀ ਹੋਈ ਹੈ ਤੇ ‘ਵੱਖਰੀ ਪਛਾਣ’ ਹੋਣ ਦੀ ਨੌਜਵਾਨਾਂ ਦੀ ਇਸ ਤਾਂਘ ਨੂੰ ਇਹ ਗਾਇਕੀ ਮੁਖਾਤਿਬ ਹੁੰਦੀ ਹੈ। ਇਹ ‘ਵੱਖਰੀ ਪਛਾਣ’ ਸਭ ਤੋਂ ਉੱਤਮ ਹੋਣ ਦੀ ਹੈ। ਜਾਤ ਵਿਚ ਵੀ ਉੱਤਮ ਹੋਣ ਦੀ ਪਛਾਣ, ਪੂੰਜੀ ਦੇ ਸਾਧਨਾਂ ਦੀ ਮਾਲਕੀ ’ਚ ਵੀ ਉੱਤਮ ਹੋਣ ਦੀ ਪਛਾਣ, ਔਰਤ ’ਤੇ ਮਾਲਕੀ ਦਾ ਵਿਸ਼ੇਸ਼ ਹੱਕ, ਭਾਵ ਸਾਡੇ ਸਮਾਜ ਦੀਆਂ ਸਭਨਾਂ ਜਗੀਰੂ ਕਦਰਾਂ ਨੂੰ ਸਮਾਜ ’ਚ ਉੱਤਮ ਹੋਣ ਦੀ ਪਛਾਣ ਦਾ ਸੰਕਲਪ ਦਿੰਦੀ ਹੈ। ਬੁਰੀ ਤਰ੍ਹਾਂ ਨਿਰਾਸ਼ਾ ਤੇ ਬੇਵਸੀ ਦੇ ਆਲਮ ’ਚੋਂ ਗੁਜ਼ਰਦੀ ਜਵਾਨੀ ਨੂੰ ਇਹ ਇਜ਼ਹਾਰ ਸਕੂਨ ਦਿੰਦਾ ਹੈ, ਤੇ ਇਹਨਾਂ ਗੀਤਾਂ ਰਾਹੀਂ ਹੀ ਉਹ ਸਮਾਜ ਅੰਦਰ ਅਜਿਹਾ ਰੁਤਬਾ ਰੱਖਣ ਦੀ ਤਾਂਘ ਨੂੰ ਚਿੱਤ ਅੰਦਰ ਹੀ ਪੂਰਦਾ ਹੈ। ਜਗੀਰੂ ਸਮਾਜਾਂ ’ਚ ਉੱਚਾ ਰੁਤਬਾ ਪਾਉਣ ਦੀ ਤਾਂਘ ਦਾ ਪੂੰਜੀਵਾਦੀ ਬਾਜ਼ਾਰ ਦੀ ਲਾਲਸਾ ਨਾਲ ਗੁੰਦਿਆ ਗਿਆ ਇਜ਼ਹਾਰ ਕਿ ‘‘ਡਾਲਰਾਂ ਵਾਂਗੂ ਨਾਮ ਸਾਡਾ ਚਲਦਾ’’ ਸਾਡੇ ਸਮਾਜ ਵਿਚ ਜਗੀਰੂ ਤੇ ਪੂੰਜੀਵਾਦੀ ਖਪਤਕਾਰੀ ਕਦਰਾਂ ਦੇ ਮੁਲੰਮੇ ਦਾ ਇਜ਼ਹਾਰ ਹੀ ਹੈ। ਦਿਖਾਵੇ ਦੀ ਲਾਲਸਾ ਦੀਆਂ ਜਗੀਰੂ ਰਿਵਾਇਤਾਂ ਨੂੰ ਪੂੰਜੀਵਾਦੀ ਖਪਤਕਾਰੀ ਵਸਤਾਂ ਦੀ ਨੁਮਾਇਸ਼ ਰਾਹੀਂ ਪੂਰਨਾ ਸਾਡੇ ਸਮਾਜਕ ਜੀਵਨ ’ਚ ਪ੍ਰਚੱਲਤ ਹੋ ਗਿਆ ਵਰਤਾਰਾ ਹੈ ਤੇ ਇਹ ਗਾਇਕੀ ਇਸੇ ਵਰਤਾਰੇ ਦੀ ਹੀ ਸੰਘਣੀ ਨੁਮਾਇਸ਼ ਲਾਉਦੀ ਹੈ। ਇਹਨਾਂ ਗੀਤਾਂ ’ਚ ਵਾਰ ਵਾਰ ਵੈਰੀਆਂ ਦਾ, ਦੁਸ਼ਮਣਾਂ ਦਾ ਜ਼ਿਕਰ ਆਉਦਾ ਹੈ। ਪੰਜਾਬ ਦੀ ਜਵਾਨੀ ਅੰਦਰਲੇ ਰੋਹ ਨੂੰ, ਬੇਚੈਨੀ ਨੂੰ ਇਹ ਜਿਕਰ ਚਾਹੀਦਾ ਹੈ, ਇਸ ੳੱੁਬਲ ਰਹੇ ਰੋਹ ਨੂੰ ਕੋਈ ਨਿਸ਼ਾਨਾ ਚਾਹੀਦਾ ਹੈ, ਇਹ ਉਹ ਨਬਜ਼ ਹੈ ਜਿਹੜੀ ਇਹ ਗਾਇਕੀ ਫੜਦੀ ਹੈ, ਪਰ ਉਹ ਦੁਸ਼ਮਣ ਕੌਣ ਹਨ, ਦੁਸ਼ਮਣ ਕਿਉ ਹਨ, ਦੁਸ਼ਮਣੀ ਕਿਉ ਹੈ, ਇਹਦਾ ਤੱਤ ਕੀ ਹੈ, ਇਹਦਾ ਭੇਤ ਇਹ ਗਾਇਕੀ ਨਹੀਂ ਦਿੰਦੀ। ਬੱਸ ਨੌਜਵਾਨਾਂ ਲਈ ਉਹ ਦੁਸ਼ਮਣ ਉਹਨਾਂ ਦੇ ਸ਼ਰੀਕੇਬਾਜ਼ ਹਨ, ਮਸ਼ਹੂਰ ਹੋ ਜਾਣ ਦੇ, ਮਸ਼ਹੂਰੀ ਦੀ ਸਪੇਸ ਵੰਡਾਉਣ ਕਾਰਨ ਦੁਸ਼ਮਣ ਹਨ ਤੇ ਬੱਸ ਏਨਾ ਹੀ ਮਾਮਲਾ ਹੈ। ਇਹਨਾਂ ਗੀਤਾਂ ਦੇ ਬੋਲਾਂ ਦਾ ਹੀ ਨਹੀਂ ਸਗੋਂ ਨਾਲ ਹੀ ਇਹਨਾਂ ਦੇ ਫਿਲਮਾਂਕਣ ਦਾ ਵੀ ਆਪਣਾ ਅਸਰ ਹੁੰਦਾ ਹੈ ਜੋ ਦਿਸ਼ਾਹੀਣ ਬਾਗੀਪੁਣੇ ਨੂੰ ਅੰਤਿਮ ਤੌਰ ’ਤੇ ਗੈਂਗਵਾਰ ਦੇ ਰਾਹ ਪੈਣ ਦੀ ਦਿਸ਼ਾ ਦਿੰਦਾ ਹੈ। ਗੈਂਗਵਾਰ ਦਾ ਇਹ ਵਰਤਾਰਾ ਹਾਕਮ ਜਮਾਤੀ ਸਿਆਸਤ ਤੇ ਕਾਰੋਬਾਰਾਂ ਨਾਲ ਇੱਕਮਿੱਕ ਹੋਇਆ ਪਿਆ ਹੈ।
ਇਹ ਵਪਾਰਕ ਗਾਇਕੀ ਸਾਡੇ ਸਮਾਜ ਦੀਆਂ ਸਭਨਾਂ ਪਿਛਾਖੜੀ ਜਗੀਰੂ ਰਵਾਇਤਾਂ ਤੇ ਕਦਰਾਂ ਕੀਮਤਾਂ ਨੂੰ ਉਭਾਰਦੀ ਹੈ ਜਿਨ੍ਹਾਂ ’ਤੇ ਸਮਾਜ ਨੇ ਹੌਲੀ ਹੌਲੀ ਕਾਬੂ ਪਾਉਣਾ ਹੁੰਦਾ ਹੈ ਤੇ ਅਗਾਂਹ ਵਧਣਾ ਹੁੰਦਾ ਹੈ। ਸਾਡੇ ਸਮਾਜ ਅੰਦਰ ਹਾਉਮੈ, ਹੰਕਾਰ, ਰੁਤਬਾਪ੍ਰਸਤੀ, ਜਾਤ-ਪ੍ਰਸਤੀ, ਜਗੀਰੂ ਹੈਂਕੜ, ਮਰਦਾਵੀਂ ਚੌਧਰ ਅਤੇ ਅਜਿਹੇ ਕਿੰਨੇਂ ਹੀ ਹੋਰ ਪਿਛਾਖੜੀ ਜਗੀਰੂ ਸੰਸਕਾਰ ਹਨ ਜੋ ਸਮਾਜਿਕ ਵਿਕਾਸ ਦੇ ਰਾਹ ’ਚ ਅੜਿੱਕਾ ਬਣਦੇ ਹਨ ਤੇ ਸਮਾਜ ਨੂੰ ਜੜ੍ਹਤਾ ਦੀ ਅਵਸਥਾ ’ਚ ਰੱਖਣ ਦਾ ਯਤਨ ਕਰਦੇ ਹਨ। ਇਹਨਾਂ ਸੰਸਕਾਰਾਂ ਲਈ ਪਛੜੇ ਸਮਾਜਾਂ ਦੀ ਪਛੜੀ ਪੈਦਾਵਾਰੀ ਪ੍ਰਣਾਲੀ ਤੇ ਸਮੁੱਚੀ ਪਛੜੀ ਆਰਥਿਕਤਾ ਅਧਾਰ ਬਣਦੀ ਹੈ ਅਤੇ ਇਹ ਸੰਸਕਾਰ ਮੋੜਵੇਂ ਰੂਪ ਵਿਚ ਉਸੇ ਬੁਨਿਆਦ ਨੂੰ ਮਜ਼ਬੂਤੀ ਦੇਣ ਦਾ ਰੋਲ ਅਦਾ ਕਰਦੇ ਹਨ। ਅਜੋਕੀ ਵਪਾਰਕ ਗਾਇਕੀ ਮੁੱਖ ਤੌਰ ’ਤੇ ਇਹਨਾਂ ਨਕਾਰੀ ਕਦਰਾਂ ਦਾ ਸੰਚਾਰ ਕਰਨ ਦਾ ਜ਼ਰੀਆ ਹੈ। ਪਰ ਇਹ ਜਗੀਰੂ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਜ਼ਮੀਨ ’ਤੇ ਹੀ ਅਜਿਹਾ ਕਰ ਸਕਦੀ ਹੈ। ਕਿਉਕਿ ਇਹ ਉਪਜਾਊ ਜ਼ਮੀਨ ਹੀ ਉਸਦੇ ਉੱਘ ਆਉਣ ਲਈ ਸਾਜਗਰ ਹੁੰਦੀ ਹੈ। ਇਹ ਗਾਇਕੀ ਸਥਾਪਤੀ ਵੱਲੋਂ ਨੌਜਵਾਨ ਪੀੜ੍ਹੀ ਦੀ ਊਰਜਾ ਨੂੰ ਰਾਹ ਦੇਣ ਦੀ ਭੂਮਿਕਾ ਅਦਾ ਕਰ ਰਹੀ ਹੈ। ਅਜਿਹਾ ਰਾਹ ਜਿਹੜਾ ਸਥਾਪਤੀ ਨੂੰ ਆਪਣੇ ਮੰਤਵਾਂ ਲਈ ਰਾਸ ਬੈਠਦਾ ਹੈ। ਸਥਾਪਤੀ ਦੀ ਸਿਆਸਤ, ਕਾਰੋਬਾਰਾਂ, ਤੇ ਹੋਰਨਾਂ ਪਿਛਾਖੜੀ ਪ੍ਰੋਜੈਕਟਾਂ ਸਮੇਤ ਉਸਦੇ ਸਭਨਾਂ ਖੇਤਰਾਂ ’ਚ ਇਹਨਾਂ ਨੌਜਵਾਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਉਮਰ ਅਜਿਹੀ ਹੁੰਦੀ ਹੈ ਚਾਹੇ ਨੌਜਵਾਨ ਇਨਕਲਾਬੀ ਲਹਿਰਾਂ ’ਚ ਤੁਰ ਕੇ ਸਮਾਜ ਲਈ ਕੁਰਬਾਨ ਹੋ ਜਾਣ ਦੇ ਰਾਹ ਤੁਰ ਪੈਣ ਤੇ ਚਾਹੇ ਹਾਕਮ ਜਮਾਤਾਂ ਦੇ ਪਿਛਾਖੜੀ ਪ੍ਰੋਜੈਕਟਾਂ ਦੀ ਭੇਟ ਚੜ੍ਹ ਜਾਣ। ਇਹ ਗਾਇਕੀ ਅਜਿਹੇ ਪ੍ਰੋਜੈਕਟਾਂ ਦਾ ਹੀ ਹਿੱਸਾ ਹੈ। ਇਹ ਵਿਸ਼ੇਸ਼ ਕਰਕੇ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ਦੇ ਨੌਜਵਾਨਾਂ ਦੀ ਸਿਰਜਣਾ ਦੇ ਪ੍ਰੋਜੈਕਟਾ ਦਾ ਹਿੱਸਾ ਹੈ। ਇਹ ਬਹੁਤ ਸੂਖ਼ਮ ਢੰਗ ਨਾਲ ਸਥਾਪਤੀ ਵੱਲੋਂ ਨੌਜਵਾਨ ਮਨਾਂ ’ਤੇ ਪਕੜ ਨੂੰ ਮਜ਼ਬੂਤ ਕਰਨ ਦਾ ਹੀ ਪ੍ਰੋਜੈਕਟ ਹੈ। ਇਹ ਸੋਚਾਂ-ਸੰਸਕਾਰਾਂ ਨੂੰ ਲੁਟੇਰੀਆਂ ਜਮਾਤਾਂ ਦੇ ਸੰਸਕਾਰਾਂ ਦੀ ਪਿਉਦ ਚਾੜ੍ਹਨ ਦਾ ਪ੍ਰੋਜੈਕਟ ਹੈ ਜੀਹਦੇ ’ਚ ਕਲਾ ਦੇ ਹਥਿਆਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਗਾਇਕੀ ਨੇ ਸਾਲਾਂ-ਬੱਧੀ ਹੌਲੀ ਹੌਲੀ ਨੌਜਵਾਨਾਂ ਦੇ ਸੁਹਜ-ਸਵਾਦ ਵਿਗਾੜ ਦਿੱਤੇ ਹਨ। ਗੀਤ-ਸੰਗੀਤ ਜਾਂ ਕਲਾ ਦੀਆਂ ਹੋਰ ਵੰਨਗੀਆਂ ਦੇ ਸੁਹਜ-ਸਵਾਦ ਵਿਗੜ ਜਾਣ ਤਾਂ ਪਰੋਸੀ ਜਾ ਰਹੀ ਸਮੱਗਰੀ ਦੀ ਮਕਬੂਲੀਅਤ ਬਾਰੇ ਵੀ ਭਰਮ ਬਣਦਾ ਹੈ ਤੇ ਇਹਦੇ ਹਰਜਿਆਂ ਦਾ ਅਸਰ ਵੀ ਅਣਗੌਲਿਆਂ ਰਹਿ ਜਾਂਦਾ ਹੈ। ਇਹ ਸੁਹਜ-ਸਵਾਦ ਲਗਾਤਾਰ ਇੱਕ ਧੀਮੇ ਅਮਲ ਰਾਹੀਂ ਵਿਗੜਦੇ ਹਨ। ਇਉ ਸਿੱਧੂ ਮੂਸੇਵਾਲਾ ਵੰਨਗੀ ਤੱਕ ਕਈ ਗਾਇਕਾਂ ਦੇ ਪੂਰਾਂ ਰਾਹੀਂ ਪੁਜਿਆ ਗਿਆ ਹੈ।
ਇਹ ਚਰਚਾ ਕਿ ਕਿਸਾਨ ਸੰਘਰਸ਼ ਅੰਦਰ ਅਜਿਹੀ ਵਪਾਰਕ ਗਾਇਕੀ ਨੇ ਵੀ ਰੋਲ ਅਦਾ ਕੀਤਾ ਹੈ, ਵਾਜਬ ਹੈ। ਪਰ ਅਜਿਹਾ ਵਿਚਾਰਨ ਵੇਲੇ ਇਹ ਪਹਿਲੂ ਧਿਆਨ ’ਚ ਰਹਿਣਾ ਚਾਹੀਦਾ ਹੈ ਕਿ ਕਿੰਨਾਂ ਰੋਲ ਅਦਾ ਕੀਤਾ ਹੈ ਤੇ ਕਿਵੇਂ ਕੀਤਾ ਹੈ। ਗਾਇਕੀ ਦੀ ਸਿਖਰਲੀ ਵਪਾਰਕ ਪਰਤ ਉਦੋਂ ਹੀ ਹਰਕਤ ’ਚ ਆਈ ਜਦੋਂ ਪੰਜਾਬ ’ਚ ਲੋਕ ਉਭਾਰ ਆ ਚੁੱਕਿਆ ਸੀ ਤੇ ਲੋਕਾਂ ਦੀ ਸੁਰਤ ਕਿਸਾਨੀ ਸੰਘਰਸ਼ ਨੇ ਮੱਲ ਲਈ ਸੀ। ਵਪਾਰਕ ਸੰਵੇਦਨਾ ਦੀਆਂ ਤਾਰਾਂ ਲੋਕਾਂ ਦੀ ਵੱਡੀ ਹਿਲਜੁਲ ਨੇ ਛੇੜੀਆਂ ਤਾਂ ਉਦੋਂ ਸਮਾਜਿਕ ਸੰਵੇਦਨਾ ਦੀਆਂ ਢਿੱਲੀਆਂ ਪਈਆਂ ਤਾਰਾਂ ਵੀ ਨਾਲ ਹੀ ਟੁਣਕੀਆਂ ਤੇ ਗੀਤਾਂ ਦਾ ਸਿਲਸਿਲਾ ਚੱਲਿਆ। ਇਉ ਲੋਕਾਂ ਦੇ ਵੱਡੇ ਉਭਾਰ ਨੇ ਸਮਾਜਿਕ ਸਰੋਕਾਰਾਂ ਤੋਂ ਬੇਮੁੱਖ ਹੋਏ ਪੰਜਾਬੀ ਵਪਾਰਕ ਗਾਇਕਾਂ ਨੂੰ ਵੀ ਹਲੂਣ ਦਿੱਤਾ। ਵਪਾਰਕ ਤੇ ਸਮਾਜਕ ਸਰੋਕਾਰਾਂ ਦੇ ਰਲਵੇਂ-ਮਿਲਵੇਂ ਅੰਸ਼ਾਂ ਨਾਲ ਬਣੇ ਗੀਤ ਵੱਜਣ ਲੱਗੇ। ਉਦੋਂ ਵੀ ਬਹੁਤੇ ਗੀਤ, ਖਾਸ ਸਿਖਰਲੀ ਵਪਾਰਕ ਪਰਤ ਦੇ ਗੀਤ, ਜਗੀਰੂ ਹੈਂਕੜਬਾਜ ਤੇ ਖੱਬੀਖਾਨ ਕਹਾਉਣ ਦੀ ਬਿਰਤੀ ਦੀ ਹੀ ਨੁਮਾਇਸ਼ ਸਨ ਜਿਹੜੀ ਪਹਿਲੇ ਗੀਤਾਂ ’ਚ ਪੇਸ਼ ਹੁੰਦੀ ਆ ਰਹੀ ਸੀ। ਉਸ ਗਾਇਕੀ ਦਾ ਸਮੁੱਚਾ ਅਧਾਰ ਤੇ ਉਸਾਰ ਹੀ ਅਜਿਹੇ ਤੱਤ ਦਾ ਹੋਣ ਕਰਕੇ ਉਹਤੋਂ ਹੋਰ ਉਮੀਦ ਵੀ ਕੀ ਰੱਖੀ ਜਾ ਸਕਦੀ ਸੀ। ਜਿਵੇਂ ਕਿ ਸੰਘਰਸ਼ ’ਚ ਸਰਗਰਮ ਨੌਜਵਾਨਾਂ ਨੇ ਬਹੁਤ ਮਾਣ ਨਾਲ ਦਿੱਲੀ ਨੂੰ ਅਜਿਹੀ ਕਮਜ਼ੋਰ ਔਰਤ ਵਜੋਂ ਚਿਤਵਿਆ ਜਿਹੜੀ ਪੰਜਾਬ ਦੇ ਜੱਟਾਂ ਮੂਹਰੇ ਕੀ ਚੀਜ਼ ਸੀ, ਜਿਹੜੇ ਆਪਣੀ ਜ਼ਮੀਨ ’ਚ ਪੈਰ ਪੈ ਜਾਣ ’ਤੇ ਵੱਢਣ ਤੋਂ ਉਰ੍ਹਾਂ ਰੁਕਦੇ ਨਹੀਂ। ਉਨ੍ਹਾਂ ਗੀਤਾਂ ’ਚ ਪੰਜਾਬ ਦਾ ਧਨਾਢ ਜੱਟ ਜਿਹੜਾ ਜੀਪਾਂ, ਵੱਡੇ ਟਰੈਕਟਰਾਂ ਤੇ ਬਹੁ ਕੌਮੀ ਕੰਪਨੀਆਂ ਦੀਆਂ ਟੀ-ਸ਼ਰਟਾਂ ਲੋਅਰਾਂ ’ਚ ਸਜਿਆ ਹੋਇਆ ਸੀ, ਪੂਰੇ ਜਾਤ-ਹੰਕਾਰ, ਮਰਦਾਵੇਂ ਹੰਕਾਰ ਸਮੇਤ ਪੇਸ਼ ਹੋਇਆ। ਅਜਿਹੇ ਗੀਤਾਂ ’ਤੇ ਭੰਗੜੇ ਵੀ ਪਏ ਤੇ ਲਲਕਾਰੇ ਵੀ ਵੱਜੇ। ਓਥੇ ਪੰਜਾਬੀ ਕੌਮੀਅਤ ਦੇ ਮਾਣ ਤੇ ਜੱਟ-ਹੰਕਾਰ ’ਚ ਮਹੀਨ ਵਿੱਥ ਲੱਭਣੀ ਔਖੀ ਸੀ। ਆਪਣੇ ਅਜਿਹੇ ਤੱਤ ਨਾਲ ਵੀ ਇਹਨਾਂ ਗੀਤਾਂ ਨੇ ਵਕਤੀ ਤੌਰ ’ਤੇ ਇੱਕ ਵੱਡੇ ਲੋਕ ਸੰਘਰਸ਼ ਦੇ ਅੰਗ ਵਜੋਂ ਹਾਂ-ਪੱਖੀ ਰੋਲ ਅਦਾ ਕੀਤਾ ਤੇ ਨੌਜਵਾਨਾਂ ਅੰਦਰ ਜੋਸ਼ ਦਾ ਸੰਚਾਰ ਕੀਤਾ। ਅਜਿਹਾ ਜੋਸ਼ ਜੀਹਦੇ ਨਾਲ ਪੰਜਾਬ ਦੀ ਸਰਦੀ ਪੁੱਜਦੀ ਕਿਸਾਨੀ ਵੀ ਇਸ ਸੰਘਰਸ਼ ’ਚ ਕੁੱਦੀ ਹੋਈ ਸੀ। ਇਉ ਇਸ ਭੂਮਿਕਾ ਨੂੰ ਇਉ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਵੱਡੀ ਲੋਕ ਹਿਲਜੁਲ ਨੇ ਵਪਾਰਕ ਗਾਇਕੀ ਨੂੰ ਵੀ ਕਈ ਰਲੇ ਮਿਲੇ ਕਾਰਨਾਂ ਕਰਕੇ ਅਸਰਅੰਦਾਜ਼ ਕੀਤਾ ਤੇ ਇਸ ਨੇ ਆਪਣੇ ਮੂਲ ਤੱਤ ਨੂੰ ਕਾਇਮ ਰੱਖ ਕੇ ਵਕਤੀ ਤੌਰ ’ਤੇ ਉਭਾਰ ਅੰਦਰ ਹਾਂ-ਪੱਖੀ ਰੋਲ ਅਦਾ ਕੀਤਾ। ਇਉ ਇਸ ਦਾ ਰੋਲ ਉਭਾਰ ਨੂੰ ਉਠਾਉਣ ’ਚ ਨਹੀਂ, ਸਗੋਂ ਉਹਦੇ ਵਹਿਣ ’ਚ ਨਾਲ ਤੁਰ ਕੇ ਉਹਨੂੰ ਤੇਜ਼ ਕਰ ਦੇਣ ’ਚ ਹੀ ਸੀ। ਸੰਘਰਸ਼ ਦੇ ਮੱਧਮ ਪੈਂਦਿਆਂ ਹੀ ਉਹ ਨਿਗੂਣੇ ਉਸਾਰੂ ਅੰਸ਼ ਦੇ ਪ੍ਰਗਟਾਵੇ ਵੀ ਨਾਲ ਹੀ ਗਾਇਬ ਹੋ ਗਏ। ਪੰਜਾਬੀ ਸਮਾਜ ਆਪਣੀਆਂ ਸਭਨਾਂ ਤਕੜਾਈਆਂ ਤੇ ਕਮਜੋਰੀਆਂ ਨਾਲ ਸੰਘਰਸ਼ ਵਿੱਚ ਸ਼ਾਮਲ ਸੀ ਤੇ ਇਸੇ ਦੇ ਅੰਗ ਵਜੋਂ ਇਸਦੇ ਕਲਾਕਾਰ ਵੀ ਸ਼ਾਮਲ ਸਨ। ਇਸੇ ਲਈ ਸਮਾਜਕ-ਸੱਭਿਆਚਾਰਕ ਖੇਤਰਾਂ ਦੇ ਵਰਤਾਰੇ ਗੁੰਝਲਦਾਰ ਹੁੰਦੇ ਹਨ। ਉਹਨਾਂ ’ਚ ਕੋਈ ਅਜਿਹੀ ਹਮਾਇਤੀ-ਵਿਰੋਧੀ ਦੀ ਚੀਨ ਦੀ ਦੀਵਾਰ ਜਿੱਡੀ ਵਿੱਥੀ ਨਹੀਂ ਹੁੰਦੀ ਸਗੋਂ ਵੱਖ ਵੱਖ ਕਦਰਾਂ / ਸੰਸਕਾਰਾਂ ’ਚ ਲੋਕਾਂ ਦਾ ਰਲਿਆ-ਮਿਲਿਆ ਪ੍ਰਗਟਾਵਾ ਹੁੰਦਾ ਹੈ। ਉਹਦੇ ਮੂਲ ਤੱਤ ਨੂੰ ਪਛਾਣਦਿਆਂ ਉਹ ਲਕੀਰ ਪਛਾਨਣੀ ਵੀ ਇੱਕ ਕਾਰਜ ਹੁੰਦਾ ਜਿਸਨੂੰ ਮਕਬੂਲੀਅਤ ਦਾ ਪਰਦਾ ਪੈ ਜਾਣ ਕਰਕੇ ਕਈ ਵਾਰ ਪਛਾਣਨਾ ਔਖਾ ਹੋ ਜਾਂਦਾ ਹੈ। ਉਝ ਇਹੋ ਜਿਹੇ ਹਾਂ-ਪੱਖੀ ਰੋਲ ਦੀ ਤੁਲਨਾ ਕੋਈ ਜਣਾ ਪੂੰਜੀਵਾਦੀ ਨਿਜ਼ਾਮ ਅੰਦਰ ਚੀ-ਗੁਵੇਰੇ ਦੀਆਂ ਟੀ-ਸ਼ਰਟਾਂ ਬਣਾ ਬਣਾ ਵੇਚਣ ਨਾਲ ਕਰੇ, ਜਿਨ੍ਹਾਂ ’ਤੇ ਉਸ ਦੀਆਂ ਤੁਕਾਂ ਵੀ ਉਕਰੀਆਂ ਹੋਈਆਂ ਹੁੰਦੀਆਂ ਹਨ, ਤਾਂ ਇਹਨੂੰ ਕਿਵੇਂ ਸਮਝਿਆਂ ਜਾਵੇਗਾ। ਹਾਲਾਂਕਿ ਇਹਨਾਂ ਗੀਤਾਂ ’ਚ ਤਾਂ ਫਿਰ ਵੀ ਕੋਈ ਸਮਾਜਕ ਸਰੋਕਾਰਾਂ ਦੀ ਤੰਦ ਰਹੀ ਹੋਵੇਗੀ। ਜਦ ਕਿ ਟੀ-ਸ਼ਰਟਾਂ ਵੇਚਣ ਦਾ ਮੰਤਵ ਤਾਂ ਨਿਰੋਲ ਵਪਾਰਕ ਹੈ।
ਸੰਖੇਪ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਗਾਇਕੀ 70ਵਿਆਂ, 80ਵਿਆਂ ਦੀ ਮਾਣਕ-ਸਦੀਕ ਗਾਇਕੀ ਦੀ ਵੰਨਗੀ ਵਿਚਲੇ ਜਗੀਰੂ ਤੱਤ ਦਾ ਹੋਰ ਨਿਘਾਰ ਵੀ ਹੈ ਜਿਹੜਾ ਨਵ-ਉਦਾਰਵਾਦੀ ਦੌਰ ’ਚ ਖਪਤਕਾਰੀ ਕਦਰਾਂ ਨਾਲ ਗੁੰਦਿਆ ਗਿਆ ਹੈ। ਪੰਜਾਬ ਦੀ ਜਵਾਨੀ ਦੀ ਭੜਕਣਾ ਨੂੰ ਦਿਸ਼ਾ-ਹੀਣ ਬਣਾਈ ਰੱਖਣ ਲਈ ਹਾਕਮ ਜਮਾਤਾਂ ਕੋਲ ਇਹ ਗਾਇਕੀ ਇੱਕ ਤਾਕਤਵਰ ਹਥਿਆਰ ਹੈ। ਇਸਦੀ ਮਕਬੂਲੀਅਤ ਦੇ ਕਾਰਨਾਂ ਤੇ ਇਸਦੀ ਭੂਮਿਕਾ ਦੇ ਅਰਥਾਂ ਨੂੰ ਰੱਲ-ਗੱਡ ਕਰਦਿਆਂ ਇਸਨੂੰ ਨਹੀਂ ਸਮਝਿਆ ਜਾ ਸਕਦਾ। ਵਪਾਰ ਦਾ ਆਪਣਾ ਤਰਕ ਭੂਮਿਕਾ ਨੂੰ ਸਮਝਣ ਵੇਲੇ ਜ਼ਰੂਰ ਧਿਆਨ ’ਚ ਰੱਖਣਾ ਜਾਹੀਦਾ ਹੈ ਉਹ ਵੀ ਉਦੋਂ ਜਦੋਂ ਵਪਾਰ ਹਰ ਖੇਤਰ ’ਚ ਪੈਰ ਪਸਾਰ ਚੁੱਕਿਆ ਹੋਵੇ।
No comments:
Post a Comment