ਸੰਗਰੂਰ ਜ਼ਿਮਨੀ ਚੋਣ ਨਤੀਜੇ ਬਾਰੇ
ਸੰਗਰੂਰ ਦੀ ਜ਼ਿਮਨੀ ਚੋਣ ਦਾ ਨਤੀਜਾ ਦਿਲਚਸਪ ਰਿਹਾ ਹੈ। ਆਮ ਆਦਮੀ ਪਾਰਟੀ ਨੇ ਤਿੰਨ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ-ਫੇਰ ਜਿੱਤ ਦਰਜ ਕੀਤੀ ਸੀ ਤੇ ਦੂਜੀਆਂ ਪਾਰਟੀਆਂ ਬੁਰੀ ਤਰ੍ਹਾਂ ਹਾਰੀਆਂ ਸਨ ਪਰ ਤਿੰਨ ਮਹੀਨਿਆਂ ’ਚ ਹੀ ਸੰਗਰੂਰ ਲੋਕ ਸਭਾ ਸੀਟ ਦੀ ਹਾਰ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਖੁਦ ਬਹੁਤ ਵੱਡੀ ਲੀਡ ਨਾਲ ਦੋ ਵਾਰ ਜਿੱਤਿਆ ਹੋਣ ਕਰਕੇ ਤੇ ਇਹ ਹਲਕਾ ਆਪ ਦਾ ਵੋਟ-ਗੜ੍ਹ ਸਮਝਿਆ ਜਾ ਰਿਹਾ ਹੋਣ ਕਰਕੇ ਇਸ ਹਾਰ ਦੀ ਚੋਭ ਤੇ ਅਰਥ ਹੋਰ ਵੀ ਤਿੱਖੇ ਤੇ ਵੱਡੇ ਹੋ ਗਏ ਹਨ।
ਇਸ ਚੋਣ ਵਿਚ ਵੋਟ ਪ੍ਰਤੀਸ਼ਤ ਦਾ ਘਟਣਾ ਇਸ ਹਾਲਤ ਦਾ ਹੀ ਸੂਚਕ ਸੀ ਕਿ ਲੋਕਾਂ ਵਿੱਚ ਅਜਿਹਾ ਉਤਸ਼ਾਹ ਨਹੀਂ ਸੀ ਜਿਹੜਾ ਵਿਧਾਨ ਸਭਾ ਚੋਣਾਂ ਵੇਲੇ ਸੀ। ਇਸ ਦਾ ਇੱਕ ਭਾਵ ਤਾਂ ਇਹ ਵੀ ਹੈ ਕਿ ਲੋਕਾਂ ਲਈ ਇਹ ਚੋਣ ਹਕੂਮਤ ਬਦਲੀ ਦਾ ਜ਼ਰੀਆ ਨਾ ਹੋਣ ਕਰਕੇ ਦਿਲਚਸਪੀ ਘੱਟ ਸੀ ਪਰ ਨਾਲ ਹੀ ਇਹ ਭਾਵ ਵੀ ਹੈ ਕਿ ਆਮ ਆਦਮੀ ਪਾਰਟੀ ਲਈ ਵੀ ਪਹਿਲਾਂ ਵਾਲਾ ਜੋਸ਼ ਕਾਇਮ ਨਹੀਂ ਸੀ ਰਿਹਾ। ਏਨੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਪ੍ਰਤੀ ਠੰਢਾ ਪਿਆ ਜੋਸ਼ ਇਸ ਹਕੀਕਤ ਦੀ ਹੀ ਪੁਸ਼ਟੀ ਕਰਦਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਲਿਆਂਦਾ ਗਿਆ ਬਦਲਾਅ ਕਿਸੇ ਸਪਸ਼ਟ ਤਬਦੀਲੀ ਦੇ ਪ੍ਰੋਗਰਾਮ ਨੂੰ ਹੁੰਗਾਰਾ ਨਹੀਂ ਸੀ ਸਗੋਂ ਰਵਾਇਤੀ ਵੋਟ ਸਿਆਸਤਦਾਨਾਂ ਨੂੰ ਨਕਾਰਨ ਦੀ ਜ਼ੋਰਦਾਰ ਤਾਂਘ ਸੀ ਜੋ ਲੋਕਾਂ ਨੇ ਨਵੀਂ ਪਾਰਟੀ ਦੀ ਚੋਣ ਕਰਨ ਰਾਹੀਂ ਪੂਰ ਲਈ। ਇਸ ਨਵੀਂ ਪਾਰਟੀ ਤੋਂ ਕੁੱਝ ਚੰਗਾ ਕਰਨ ਦੀਆਂ ਅਸਪਸ਼ਟ ਜਿਹੀਆਂ ਉਮੀਦਾਂ ਸਨ ਜਿਹੜੀਆਂ ਕਿਸੇ ਆਰਥਿਕ ਰਾਜਨੀਤਕ ਮੁੱਦਿਆਂ ਦੀ ਸੋਝੀ ਦੇ ਅਧਾਰ ਤੋਂ ਸੱਖਣੀਆਂ ਸਨ। ਏਸੇ ਕਰਕੇ ਉਦੋਂ ਵੀ ਆਪ ਦੀ ਚੋਣ ਦੂਜਿਆਂ ਨੂੰ ਨਕਾਰਨ ਦੇ ਆਧਾਰ ’ਤੇ ਹੀ ਹੋਈ ਸੀ ਤੇ ਚੋਣਾਂ ’ਚ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਹਕੀਕੀ ਮੁੱਦਿਆਂ ਦਾ ਕੋਈ ਸਥਾਨ ਨਹੀਂ ਸੀ। ਮੁੱਦਿਆਂ ਬਾਰੇ ਅਜਿਹੀ ਸਪਸ਼ਟਤਾ ਨਾ ਹੋਣ ਦਾ ਅਜਿਹਾ ਪ੍ਰਗਟਾਵਾ ਹੀ ਸੰਗਰੂਰ ਦੀ ਜ਼ਿਮਨੀ ਚੋਣ ’ਚ ਵੀ ਹੋਇਆ। ਏਥੇ ਵੀ ਕਿਸੇ ਅਹਿਮ ਮੁੱਦਿਆਂ ਦੇ ਹਵਾਲੇ ਨਾਲ ਆਪ ਪਾਰਟੀ ਦੀ ਆਲੋਚਨਾ ਨਹੀਂ ਹੋਈ ਸਗੋਂ ਆਮ ਬੇਚੈਨੀ ਤੇ ਰੋਸ ਦਾ ਇਜ਼ਹਾਰ ਹੀ ਹੋਇਆ ਜਿਹੜਾ ਪਹਿਲਾਂ ਪੰਜਾਬ ਦੀ ਕਾਂਗਰਸ ਹਕੂਮਤ ਖਿਲਾਫ਼ ਹੋ ਰਿਹਾ ਸੀ। ਇਹ ਹੋਣਾ ਹੀ ਸੀ ਕਿਉਕਿ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਭਖਦੇ ਮਸਲਿਆਂ ਦੇ ਹੱਲ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਨਾ ਹੀ ਸਿਆਸੀ ਇਰਾਦਾ ਸੀ ਤੇ ਦੂਜੇ ਪਾਸੇ ਕੁੱਝ ਬਦਲ ਜਾਣ ਦੀਆਂ ਲੋਕਾਂ ਦੀਆਂ ਜਿੰਨੀਆਂ ਉਮੀਦਾਂ ਸਨ, ਉਨ੍ਹਾਂ ਨਾਲ ਬਿਨਾਂ ਕਿਸੇ ਲੋਕ ਪੱਖੀ ਇਰਾਦੇ ਤੇ ਪ੍ਰੋਗਰਾਮ ਤੋਂ ਕਿਵੇਂ ਨਜਿੱਠਿਆ ਜਾ ਸਕਦਾ ਸੀ। ਇਹ ਤਾਂ ਤੈਅ ਹੀ ਸੀ ਕਿ ਜਿੰਨੀ ਜ਼ੋਰਦਾਰ ਉਮੀਦ ਨਾਲ ਲੋਕਾਂ ਨੇ ਆਪ ਨੂੰ ਸੂਬੇ ਦੀ ਹਕੂਮਤੀ ਗੱਦੀ ’ਤੇ ਬਿਠਾਇਆ ਹੈ ਉਨੀ ਹੀ ਤੇਜ਼ੀ ਨਾਲ ਇਹਨਾਂ ਉਮੀਦਾਂ ਨੇ ਖੁਰਨਾ ਹੈ ਤੇ ਇਹ ਅਰਸੇ ਦਾ ਹੀ ਮਸਲਾ ਸੀ ਕਿ ਲੋਕ ਬੇਚੈਨੀ ਕਦੋਂ ਆਪ ਦੀ ਹਰਮਨ ਪਿਆਰਤਾ ਨੂੰ ਖੋਰਨਾ ਸ਼ੁਰੂ ਕਰ ਲਵੇ। ਪਰ ਸੰਗਰੂਰ ਜ਼ਿਮਨੀ ਚੋਣ ਦਾ ਝਟਕਾ ਬਹੁਤ ਹੀ ਤੇਜ਼ੀ ਨਾਲ ਆਇਆ ਹੈ। ਸਿਮਰਨਜੀਤ ਮਾਨ ਦੀ ਜਿੱਤ ਦਿਖਾਉਦੀ ਹੈ ਕਿ ਹਕੀਕੀ ਲੋਕ ਮੁੱਦਿਆਂ ਦੀ ਪਛਾਣ ਦਾ ਪ੍ਰਛਾਵਾਂ ਇਸ ਚੋਣ ’ਤੇ ਵੀ ਨਹੀਂ ਸੀ, ਏਸੇ ਕਰਕੇ ਆਪ ਦੀ ਘਟੀ ਹਰਮਨ ਪਿਆਰਤਾ ਦਾ ਲਾਹਾ ਇੱਕ ਫਿਰਕੂ ਸਿਆਸਤਦਾਨ ਨੂੰ ਹੋਇਆ, ਜਿਸ ਦੀ ਰਾਜਨੀਤੀ ਦਾ ਧੁਰਾ ਹੀ ਫਿਰਕਾਪ੍ਰਸਤੀ ਹੈ।
ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਅਰਥ ਹੈ ਇਸ ਨੂੰ ਲੋਕਾਂ ’ਚ ਖਾਲਿਸਤਾਨ ਦੇ ਵਿਚਾਰ ਦੀ ਮਕਬੂਲੀਅਤ ਕਰਾਰ ਦੇਣਾ ਗਲਤ ਸਿੱਟਾ ਕੱਢਣਾ ਹੈ। ਪਿਛਲੇ ਕਿੰਨੇ ਹੀ ਸਾਲਾਂ ਤੋਂ ਲੋਕਾਂ ਨੂੰ ਇਹ ਭੁਲੇਖਾ ਨਹੀਂ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਖਾਲਿਸਤਾਨ ਵੋਟਾਂ ਲਈ ਹੈ। ਮਾਨ ਦੀ ਜਿੱਤ ਦਰਸਾਉਦੀ ਹੈ ਕਿ ਇਹ ਕੋਈ ਮੁੱਦਿਆਂ ਦੇ ਆਧਾਰ ’ਤੇ ਦਿੱਤਾ ਗਿਆ ਫਤਵਾ ਨਹੀਂ ਹੈ, ਸਗੋਂ ਇਹਦੇ ’ਚ ਆਪ ਬਾਰੇ ਜੋਸ਼ ਠੰਢਾ ਪੈਣ ਦੇ ਨਾਲ ਹੋਰਨਾਂ ਕਈ ਪੱਖਾਂ ਦਾ ਰਲਿਆ ਮਿਲਿਆ ਅਸਰ ਹੈ। ਨਤੀਜਿਆਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਸਿਮਰਨਜੀਤ ਮਾਨ ਨੂੰ ਜਿਤਾਉਣ ਲਈ ਪਈਆਂ ਵੋਟਾਂ ਨਹੀਂ ਹਨ ਸਗੋਂ ਵੱਖ ਵੱਖ ਕਾਰਨਾਂ ਦੇ ਜੋੜ-ਮੇਲ ਨਾਲ ਸਿਮਰਨਜੀਤ ਮਾਨ ਨੂੰ ਜਿੱਤ ਨਸੀਬ ਹੋਈ ਹੈ। ਵੋਟਾਂ ਪੈਣ ’ਚ ਘਟੀ ਰੁਚੀ ਦਾ ਅਰਥ ਆਪ ਦੀ ਹਵਾ ਦਾ ਮੱਧਮ ਹੋ ਜਾਣਾ ਸੀ ਤੇ ਇਸ ਦਾ ਨੁਕਸਾਨ ਵੀ ਆਪ ਨੂੰ ਹੀ ਹੋਣਾ ਸੀ। ਆਪ ਦੇ ਮੁਕਾਬਲੇ ’ਤੇ ਕਾਂਗਰਸ ਅਤੇ ਅਕਾਲੀ ਦਲ ਦਾ ਪੱਕਾ ਵੋਟ ਅਧਾਰ ਹੈ ਜਦ ਕਿ ਆਪ ਦੇ ਸਥਾਈ ਵੋਟ ਅਧਾਰ ਦੀ ਅਜੇ ਵੀ ਸ਼ਨਾਖਤ ਨਹੀਂ ਬਣੀ ਹੈ। ਜਦੋਂ ਆਪ ਦੀ ਹਵਾ ਵਗੀ ਤਾਂ ਉਦੋਂ ਵੀ ਸਭਨਾਂ ਪਾਰਟੀਆਂ ਦਾ ਹੀ ਵੋਟ ਅਧਾਰ ਖੁਰ ਕੇ ਆਪ ਲਈ ਭੁਗਤਿਆ ਸੀ। ਹੁਣ ਮੱਠੇ ਪਏ ਜੋਸ਼ ਦਰਮਿਆਨ ਇਸ ਪੱਕੇ ਵੋਟ ਬੈਂਕ ਦਾ ਮਹੱਤਵ ਵਧ ਗਿਆ ਸੀ। ਅਜਿਹੀ ਸੂਰਤ ’ਚ ਕਾਂਗਰਸ ਦੀ ਫੁੱਟ, ਲੀਡਰਸ਼ਿੱਪ ਦੀ ਤਬਦੀਲੀ ਤੇ ਖਿੰਡਾਅ ਵਰਗੀ ਹਾਲਤ ਦੇ ਪਹਿਲੂਆਂ ਨੇ ਉਸ ਨੂੰ ਨਾ ਸਿਰਫ ਘਾਟੇਵੰਦੀ ਹਾਲਤ ’ਚ ਪਹੁੰਚਾਇਆ ਜਦ ਕਿ ਕੇਵਲ ਢਿੱਲੋਂ ਨੇ ਵੀ ਕਾਂਗਰਸ ਦੀ ਵੋਟ ਨੂੰ ਹੀ ਖੋਰਾ ਲਾਇਆ। ਦੂਜੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੁਆਲੇ ਚੋਣ ਲੜਨ ਦਾ ਪੱਤਾ ਖੇਡਿਆ ਗਿਆ ਸੀ। ਇਸ ਨੇ ਕਿਸੇ ਹੱਦ ਤੱਕ ਵੋਟਰਾਂ ’ਚ ਭਾਵਨਾਤਮਕ ਅਸਰ ਵੀ ਪਾਇਆ ਪਰ ਬਾਦਲਾਂ ਦੀ ਬੁਰੀ ਤਰ੍ਹਾ ਖੁਰ ਚੁੱਕੀ ਸ਼ਾਖ ਕਾਰਨ ਇਹ ਵੋਟਾਂ ਅਕਾਲੀ ਕੈਂਪ ਦੇ ਹੀ ਉਮੀਦਵਾਰ ਸਿਮਰਨਜੀਤ ਮਾਨ ਵੱਲ ਤਬਦੀਲ ਹੋਈਆਂ ਕਿਉਕਿ ਅਕਾਲੀ ਦਲ ਦਾ ਪੱਕਾ ਵੋਟ ਅਧਾਰ ਜਿਹੜਾ ਖੁਰ ਕੇ ਪਿਛਲੀ ਵਾਰ ਆਪ ਵੱਲ ਭੁਗਤਿਆ ਸੀ, ਉਹ ਐਤਕੀਂ ਮਾਨ ਵੱਲ ਭੁਗਤਿਆ ਜਾਪਦਾ ਹੈ। ਵੋਟਾਂ ਦੇ ਇਉ ਵੰਡੇ ਜਾਣ ਦਾ ਲਾਹਾ ਸਿਮਰਨਜੀਤ ਮਾਨ ਨੂੰ ਹੋਇਆ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਜਿਸ ਨੇ ਪੰਜਾਬੀਆਂ ਨੂੰ ਝੰਜੋੜਿਆ ਸੀ, ਉਹਨਾਂ ਉੱਠੀਆਂ ਭਾਵਨਾਵਾਂ ਦਾ ਲਾਹਾ ਵੀ ਜ਼ਿਆਦਾ ਕਰਕੇ ਸਿਮਰਨਜੀਤ ਮਾਨ ਨੂੰ ਹੋਇਆ ਹੈ ਕਿਉਕਿ ਮਾਨ ਨਾਲ ਜੁੜਿਆ ਫ਼ਿਰਕਾਪ੍ਰਸਤ ਪੈਂਤੜੇ ਵਾਲੀ ਸਿਆਸਤ ਵਾਲਾ ਹਿੱਸਾ ਸੋਸ਼ਲ ਮੀਡੀਏ ਦੇ ਪ੍ਰਚਾਰ ਰਾਹੀਂ ਸਿੱਧੂ ਮੂਸੇਵਾਲੇ ਨੂੰ ਮਾਨ ਸਮਰਥਕ ਵਜੋਂ ਪੇਸ਼ ਕਰਨ ’ਚ ਸਫ਼ਲ ਰਿਹਾ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਦੀਪ ਸਿੱਧੂ ਦੀ ਮੌਤ ਮਗਰੋਂ ਵੀ ਹਮਦਰਦੀ ਦੀਆਂ ਅਜਿਹੀਆਂ ਭਾਵਨਾਵਾਂ ਨੂੰ ਵੋਟਾਂ ’ਚ ਢਾਲ ਲਿਆ ਗਿਆ ਸੀ ਤੇ ਐਤਕੀਂ ਫੇਰ ਹੋਰ ਵੱਡੇ ਪੱਧਰ ’ਤੇ ਇਹਨਾਂ ਹਲਕਿਆਂ ਨੇ ਅਜਿਹਾ ਕੀਤਾ ਹੈ। ਅਜਿਹੇ ਰਲੇ-ਮਿਲੇ ਕਾਰਨ ਹੀ ਮਾਨ ਦੀ ਜਿੱਤ ਦਾ ਅਧਾਰ ਬਣੇ।
ਇਹ ਜਿੱਤ ਜਿੱਥੇ ਇੱਕ ਪਾਸੇ ਹਕੀਕੀ ਬੁਨਿਆਦੀ ਮੁੱਦਿਆਂ ਦੀ ਲੋਕ ਮਨਾਂ ’ਚ ਸਪਸ਼ਟਤਾ ਨਾ ਹੋਣ ਦਾ ਇਜ਼ਹਾਰ ਹੈ, ਉੱਥੇ ਨਾਲ ਹੀ ਚੋਣਾਂ ਨੇੜੇ ਬਿਰਤਾਂਤ ਨੂੰ ਭਾਵਨਾਤਮਕ ਮੋੜਾ ਦੇ ਸਕਣ ਦੀ ਮੀਡੀਆ ਦੀ ਤਾਕਤ ਦਾ ਪ੍ਰਗਟਾਵਾ ਵੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮੁੱਦਿਆਂ ਦੀ ਭਾਵਨਾਤਮਕ ਪੇਸ਼ਕਾਰੀ ਲੋਕਾਂ ਦੀ ਸੋਚਣੀ ਨੂੰ ਵਕਤੀ ਮੋੜਾ ਦੇਣ ’ਚ ਸਫਲ ਰਹੀ ਹੈ। ਲੋਕਾਂ ’ਚ ਹਕੀਕੀ ਮੁੱਦਿਆਂ ਦੀ ਮੱਧਮ ਪਛਾਣ ਪਾਰਟੀਆਂ ਲਈ ਅਜਿਹੇ ਦਾਅਪੇਚ ਸੁਖਾਲੇ ਕਰਦੀ ਹੈ।
ਸਿੱਖ ਜਨੂੰਨੀ ਹਿੱਸਿਆਂ ਵੱਲੋਂ ਇਸ ਜਿੱਤ ਨੂੰ ਮਾਨ ਦੀ ਫਿਰਕੂ ਸਿਆਸਤ ਦੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦ ਕਿ ਇਹ ਦਾਅਵਾ ਵਾਜਬ ਨਹੀਂ ਹੈ। ਹਾਲਾਂ ਕਿ ਮਾਨ ਵੱਲੋਂ ਉਭਾਰੇ ਜਾਂਦੇ ਫਿਰਕੂ ਮੁੱਦਿਆਂ ਪ੍ਰਤੀ ਹੁੰਗਾਰਾ ਨਾ ਹੋਣ ਦੇ ਬਾਵਜੂਦ ਉਸ ਦਾ ਜਿੱਤ ਜਾਣਾ ਇਹ ਵੀ ਦਰਸਾਉਦਾ ਹੈ ਕਿ ਵੋਟਾਂ ਭੁਗਤਾਉਣ ਲਈ ਹਾਕਮ ਜਮਾਤੀ ਵੋਟ ਪਾਰਟੀਆਂ ਦੇ ਤਰ੍ਹਾਂ-ਤਰ੍ਹਾਂ ਦੇ ਦਾਅਪੇਚ ਕੰਮ ਕਰ ਜਾਂਦੇ ਹਨ ਕਿਉਕਿ ਲੋਕਾਂ ਦੀ ਠੋਸ ਹਕੀਕੀ ਜਮਾਤੀ ਮੁੱੱਦਿਆਂ ਬਾਰੇ ਸਪਸ਼ਟਤਾ ਨਹੀਂ ਹੈ। ਕੋਈ ਇਹ ਵੀ ਕਹਿ ਸਕਦਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਗਰਦਾਨਣ ਦੀ ਮਾਨ ਦੀ ਸੋਚ ਨੂੰ ਸਹਿਮਤੀ ਹੈ ਜਦ ਕਿ ਹਕੀਕਤ ’ਚ ਅਜਿਹਾ ਨਹੀਂ ਹੈ ਤਾਂ ਇਸ ਦਾ ਅਰਥ ਇਹੀ ਹੈ ਕਿ ਵੋਟਾਂ ’ਚ ਜਿੱਤ ਹਾਰ ਇੱਕ ਨਿਵੇਕਲੀ ਕਿਸਮ ਦੀ ਖੇਡ ਹੈ ਜੀਹਦੇ ਨਿਯਮਾਂ ’ਚ ਮੁੱਦਿਆਂ ਦੀ ਸਹਿਮਤੀ /ਅਸਹਿਮਤੀ ਇਕ ਛੋਟਾ ਪੱਖ ਹੀ ਹੁੰਦੀ ਹੈ। ਇਹ ਹਕੀਕਤ ਇਸ ਚੋਣ ਦੌਰਾਨ ਪਾਰਟੀਆਂ ਦੀਆਂ ਮੁਹਿੰਮਾਂ ਤੋਂ ਵੀ ਦੇਖੀ ਜਾ ਸਕਦੀ ਸੀ ਜੀਹਦੇ ’ਚ ਕੋਈ ਵੀ ਠੋਸ ਮੁੱਦੇ ਮੁਹਿੰਮਾਂ ’ਚ ਮੌਜੂਦ ਨਹੀਂ ਸਨ। ਬਹੁਤਾ ਹਵਾਲਾ ਨੁਕਤਾ ਆਪ ਸਰਕਾਰ ਵੱਲੋਂ ਤਿੰਨ ਮਹੀਨਿਆਂ ’ਚ ਕੁੱਝ ਕਰ ਸਕਣ ਜਾਂ ਨਾ ਕਰ ਸਕਣ ਦਾ ਹੀ ਰਿਹਾ ਸੀ ਜਿਸ ਵਿਚ ਵੀ ਕਿਸੇ ਠੋਸ ਨੁਕਤਿਆਂ ਦਾ ਕੋਈ ਜ਼ਿਕਰ ਨਹੀਂ ਸੀ।
ਇਹ ਨਤੀਜੇ ਦਿਖਾਉਦੇ ਹਨ ਕਿ ਲੋਕਾਂ ਦੀ ਜਿੰਦਗੀ ’ਚ ਦੁਸ਼ਵਾਰੀਆਂ ਦੀ ਤਿੱਖ ਏਨੀ ਜ਼ਿਆਦਾ ਹੈ ਕਿ ਹਾਕਮ ਜਮਾਤੀ ਪਾਰਟੀਆਂ ਵਲੋਂ ਕੀਤੇ ਗਏ ਵਾਅਦੇ ਤੇ ਦਾਅਵੇ ਦਿਨਾਂ ’ਚ ਹੀ ਇਹਨਾਂ ਦੁਸ਼ਵਾਰੀਆਂ ਮੂਹਰੇ ਕਾਫ਼ੂਰ ਹੋ ਜਾਂਦੇ ਹਨ ਤੇ ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਦੀ ਤੇਜ਼ੀ ਏਨੀ ਜ਼ਿਆਦਾ ਹੈ ਕਿ ਇਹਨਾਂ ਹਕੂਮਤਾਂ ਕੋਲ ਕੋਈ ਸਤਹੀ ਤੇ ਵਕਤੀ ਜਿਹੇ ਦਿਖਾਵੇ ਮਾਤਰ ਕਦਮਾਂ ਦੀ ਵੀ ਗੁੰਜਾਇਸ਼ ਨਹੀਂ ਬਚ ਰਹੀ ਹੈ। ਅਜਿਹੀ ਹਾਲਤ ’ਚ ਪਾਰਟੀਆਂ ਤੇ ਸਿਆਸਤਦਾਨ ਤੇਜ਼ੀ ਨਾਲ ਪਰਖੇ ਜਾਂਦੇ ਹਨ ਤੇ ਰੱਦ ਹੋ ਜਾਂਦੇੇ ਹਨ। ਲੋਕ ਫਿਰ ਅਗਲੇ ਵੱਲ ਅਹੁਲਦੇ ਹਨ ਤੇ ਉਨੀ ਤੇਜੀ ਨਾਲ ਹੀ ਉਸ ਨੂੰ ਰੱਦ ਕਰ ਦਿੰਦੇ ਹਨ। ਹਕੀਕੀ ਲੋਕ ਪੱਖੀ ਸਿਆਸੀ ਸ਼ਕਤੀ ਨਾ ਉੱਭਰੀ ਹੋਣ ਅਤੇ ਇਨਕਲਾਬੀ ਬਦਲ ਦਾ ਠੋਸ ਨਕਸ਼ਾ ਦਿਖਾਈ ਨਾ ਦਿੰਦਾ ਹੋਣ ਕਾਰਨ ਲੋਕ ਵਾਰ-ਵਾਰ ਅਜਿਹੇ ਭਰਮਾਊ ਬਦਲਾਂ ਤੱਕ ਸਿਮਟ ਰਹੇ ਹਨ। ਇਹ ਮੋਹ-ਭੰਗ ਹੋਣ ਦਾ ਵਰਤਾਰਾ ਵਾਰ-ਵਾਰ ਹਕੀਕੀ ਬਦਲ ਦੀ ਤਲਾਸ਼ ਦੀ ਤੀਬਰਤਾ ਨੂੰ ਦਰਸਾਉਦਾ ਹੈ।
No comments:
Post a Comment