ਸਭ ਕਹਿਰ ਇਹਨਾਂ ਸਿਰ ਵਰ੍ਹਦੇ ਨੇ.....
ਫਿਰਕੂ ਕਤਲੇਆਮ ਤੇ ਤਬਾਹੀ ਦਾ ਸ਼ਿਕਾਰ ਗਰੀਬ ਕਿਰਤੀ ਲੋਕ ਹੀ ਹੁੰਦੇ ਹਨ। ਆਮ ਕਰਕੇ ਸਮਾਜ ਦੇ ਸਰਦੇ ਪੁਜਦੇ ਤਬਕੇ ਇਸ ਦੇ ਸੇਕ ਤੋਂ ਪਾਸੇ ਹੀ ਰਹਿੰਦੇ ਹਨ। ਹੁਣ ਦਿੱਲੀ ’ਚ ਹੋਏ ਫਿਰਕੂ ਕਤਲੇਆਮ ਤੇ ਤਬਾਹੀ ਦਾ ਕਹਿਰ ਫਿਰ ਕਿਰਤੀ ਲੋਕਾਂ ਨੇ ਹੀ ਆਪਣੇ ਪਿੰਡਿਆਂ ’ਤੇ ਹੰਢਾਇਆ ਹੈ। ਮਿਹਨਤਾਂ-ਮੁਸ਼ੱਕਤਾਂ ਨਾਲ ਜੀਵਨ ਦਾ ਤੋਰਾ ਤੋਰ ਰਹੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ’ਚ ਪਰਲੋ ਆ ਗਈ ਹੈ। ਕਿਣਕਾ ਕਿਣਕਾ ਜੋੜ ਕੇ ਬਣਾਏ ਆਲ੍ਹਣੇ ਖੁੱਸ ਗਏ ਹਨ, ਛੋਟੇ ਛੋਟੇ ਕਾਰੋਬਾਰ ਤਬਾਹ ਹੋ ਗਏ ਹਨ। ਤਿੰਨ ਦਿਨ ਦੀਆਂ ਇਹਨਾਂ ਘਟਨਾਵਾਂ ਨੇ ਉਹਨਾਂ ਨੂੰ ਕਈ ਦਹਾਕੇ ਪਿੱਛੇ ਧੱਕ ਦੇਣਾ ਹੈ।
ਉੱਤਰ-ਪੂਰਬੀ ਦਿੱਲੀ ਦਾ ਇਹ ਹਿੱਸਾ ਮੁਲਕ ਭਰ ’ਚੋਂ ਆਬਾਦੀ ਪੱਖੋਂ ਸਭ ਤੋਂ ਸੰਘਣਾ ਖਿੱਤਾ ਹੈ। ਦਿੱਲੀ ਦੇ 11 ਜਿਲ੍ਹਿਆਂ ’ਚੋਂ ਸਭ ਤੋਂ ਵੱਧ ਮੁਸਲਿਮ ਆਬਾਦੀ ਏਥੇ ਵਸਦੀ ਹੈ। ਆਬਾਦੀ ਏਨੀ ਸੰਘਣੀ ਹੈ ਕਿ ਇੱਕ ਸੁਕੇਅਰ ਕਿਲੋਮੀਟਰ ਦੇ ਘੇਰੇ ਵਿਚ 36,155 ਲੋਕ ਵਸਦੇ ਹਨ, ਜਿਹੜਾ ਦਿੱਲੀ ਦੀ ਔਸਤ ਦੇ ਹਿਸਾਬ ਨਾਲ ਤਿੱਗਣਾ ਤੇ ਮੁੰਬਈ ਦੀ ਔਸਤ ਦੇ ਹਿਸਾਬ ਦੁੱਗਣਾ ਹੈ।
ਇਸ ਜਿਲ੍ਹੇ ਦੀਆਂ ਤਿੰਨ ਤਹਿਸੀਲਾਂ-ਸੀਲਮਪੁਰ, ਸੀਮਾਪੁਰੀ ਤੇ ਸ਼ਾਹਦਰਾ ਹਨ। ਕਿਸੇ ਵੇਲੇ ਇਸ ਖੇਤਰ ਨੂੰ ਉਦਯੋਗਿਕ ਕੇਂਦਰ ਬਣਾਉਣ ਦੇ ਐਲਾਨ ਹੋਏ ਸਨ, ਪਰ ਉਹ ਐਲਾਨ ਹੀ ਰਹੇ। ਏਥੇ ਨਾ ਕੋਈ ਵੱਡੇ ਉਦਯੋਗ ਹਨ ਤੇ ਨਾ ਹੀ ਕੋਈ ਵੱਡੀ ਥੋਕ ਮਾਰਕੀਟ ਹੈ। ਉੱਤਰ-ਪੂਰਬੀ ਦਿੱਲੀ ਦੇ ਇਸ ਖੇਤਰ ਦੀ ਸਾਰੀ ਆਰਥਿਕ ਸਰਗਰਮੀ ਛੋਟੇ ਛੋਟੇ ਗੈਰ-ਜਥੇਬੰਦ ਖੇਤਰ ਦੇ ਕਾਰੋਬਾਰਾਂ ਦੁਆਲੇ ਹੀ ਕੇਂਦਰਤ ਹੈ। ਇਹਨਾਂ ਛੋਟੀਆਂ ਉਦਯੋਗਿਕ ਇਕਾਈਆਂ ’ਚ ਸਰਿੰਜਾਂ, ਪਾਈਪਾਂ, ਪਲਾਸਟਿਕ ਦੀਆਂ ਬੋਤਲਾਂ ਤੇ ਲਿਫਾਫੇ ਵਗੈਰਾ ਬਣਦੇ ਹਨ। ਏਥੇ ਵਸਦੀ ਆਬਾਦੀ ਆਮ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਹੈ। ਯੂ.ਪੀ. ਤੋਂ ਆ ਕੇ ਵਸਿਆ ਕਾਫੀ ਵੱਡਾ ਹਿੱਸਾ ਹੈ।
ਇਸ ਖੇਤਰ ’ਚ ਛੋਟੇ ਪੈਮਾਨੇ ਦੇ 30521 ਕਾਰੋਬਾਰੀ ਦਿੱਲੀ ਸਰਕਾਰ ਦੇ 2015 ਦੇ ਕਾਰੋਬਾਰ ਰਜਿਸਟਰ ਅਨੁਸਾਰ ਦਰਜ ਕੀਤੇ ਗਏ ਹਨ। ਇਹਨਾਂ ’ਚ ਅੱਧ ਤੋਂ ਜ਼ਿਆਦਾ 17, 594 ਦੁਕਾਨਾਂ ਹਨ ਜੀਹਦੇ ’ਚ ਪ੍ਰਤੀ ਦੁਕਾਨ 3.5 ਵਿਅਕਤੀ ਰੁਜ਼ਗਾਰ-ਯਾਫਤਾ ਹਨ। ਇਸ ਜਿਲ੍ਹੇ ਵਿਚ 218 ਫੈਕਟਰੀਆਂ ਹਨ ਜਿਹੜੀਆਂ ਪ੍ਰਤੀ ਫੈਕਟਰੀ ਔਸਤ 9.5 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ। ਵਿਕਾਸ ਪੱਖੋਂ ਏਥੇ ਹਾਲਤ ਇਹ ਹੈ ਕਿ ਸਮੁੱਚੀ ਦਿੱਲੀ ਸਰਕਾਰੀ, ਗੈਰ-ਸਰਕਾਰੀ ਤੇ ਕੋਆਪਰੇਟਿਵ ਬੈਂਕਾਂ ਦੀਆਂ 2019 ਦੇ ਸਾਲ ’ਚ 3521 ਬਰਾਂਚਾਂ ਹਨ ਜਿਨ੍ਹਾਂ ’ਚ ਉੱਤਰ-ਪੂਰਬੀ ਦਿੱਲੀ ’ਚ ਸਿਰਫ 187 ਸਨ। 2011 ਦੇ ਅੰਕੜਿਆਂ ਅਨੁਸਾਰ 72.5% ਘਰਾਂ ਦਾ ਨਿਕਾਸੀ ਪਾਣੀ ਖੁੱਲ੍ਹੀਆਂ ਨਾਲੀਆਂ ’ਚ ਹੀ ਵਹਿੰਦਾ ਹੈ। ਜਿਸਦੀ ਔਸਤ ਸਭ ਜਿਲ੍ਹਿਆਂ ਤੋਂ ਉੱਪਰ ਬਣਦੀ ਹੈ। ਬਾਕੀ ਜਿਲ੍ਹਿਆਂ ’ਚ ਇਹ ਔਸਤ 36.6% ਹੈ। ਕੌਮੀ ਪਰਿਵਾਰਕ ਸਿਹਤ ਸਰਵੇ 2015-16 ਅਨੁਸਾਰ ਬੱਚਿਆਂ ਦੇ ਜਨਮ, ਟੀਕਾਕਰਨ, ਜੱਚਾ-ਬੱਚਾ ਦੀ ਸਾਂਭ ਸੰਭਾਲ ਪੱਖੋਂ ਵੀ ਇਹ ਜਿਲ੍ਹਾ ਸਭ ਤੋਂ ਮੰਦੀ ਹਾਲਤ ’ਚ ਹੈ। ਜੇਕਰ ਲੋਕਾਂ ਦੀ ਖਰੀਦ ਸ਼ਕਤੀ ਅਨੁਸਾਰ ਹੀ ਦੇਖੀਏ ਤਾਂ ਏਥੇ ਡਿਜੀਟਲ ਕੰਪਨੀ ਐਪਲ ਦਾ ਇੱਕ ਵੀ ਸਟੋਰ ਨਹੀਂ ਹੈ ਜਦ ਕਿ ਪੂਰੀ ਦਿੱਲੀ ’ਚ ਅਜਿਹੇ 63 ਸਟੋਰ ਹਨ। ਇਉ ਹੀ ਦਿੱਲੀ ’ਚ ਬਣੇ 93 ਡੋਮੀਨੋ ਪੀਜ਼ਾ ਆਉੂਟਲੈਟਾਂ ’ਚੋਂ ਏਥੇ ਸਿਰਫ ਤਿੰਨ ਹਨ।
ਏਥੇ ਚਾਂਦ ਬਾਗ ਖੇਤਰ ’ਚ ਆਮ ਕਰਕੇ ਦੋ ਮੰਜ਼ਲੇ ਛੋਟੇ ਛੋਟੇ ਮਕਾਨਾਂ ’ਚ ਕਈ ਕਈ ਪਰਿਵਾਰ ਤੂੜੇ ਪਏ ਹਨ। ਤੰਗ ਗਲੀਆਂ ਹਨ, ਜਿੱਥੇ ਸੂਰਜ ਦੀ ਰੌਸ਼ਨੀ ਮਸਾਂ ਹੀ ਪੁੱਜਦੀ ਹੈ ਤੇ ਕਾਰਾਂ ਦੀ ਥਾਂ ਮੋਟਰਸਾਈਕਲ ਹੀ ਲੰਘ ਸਕਦੇ ਹਨ। ਏਥੇ ਦਿੱਲੀ ਵਿਕਾਸ ਅਥਾਰਟੀ ਦੀ ਸੂਚੀ ’ਚ 1731 ਅਣਅਧਿਕਾਰਤ ਕਲੋਨੀਆਂ ਹਨ। ਇਸ ਹਿੰਸਾ ਦੌਰਾਨ ਪੁਰਾਣੇ ਮੁਸਤਫਾਬਾਦ ਖੇਤਰ ’ਚ ਝੋਂਪੜੀਨੁਮਾ ਘਰਾਂ ਦਾ ਇਕ ਪੂਰਾ ਜੁੱਟ ਹੀ ਸਾੜ ਦਿੱਤਾ ਗਿਆ। ਇਸ ਦੇ ਜ਼ਿਆਦਾਤਰ ਬਾਸ਼ਿੰਦੇ ਮੁਸਲਿਮ ਤੇ ਦਲਿਤ ਹਨ ਜਿਹੜੇ ਦਿਹਾੜੀਦਾਰ ਕਾਮੇ ਹਨ ਤੇ ਹਰ ਰੋਜ਼ ਲੇਬਰ ਚੌਕਾਂ ਦੀਆਂ ਲਾਈਨਾਂ ’ਚ ਖੜ੍ਹਨ ਵਾਲੇ ਹਨ। ਉਨ੍ਹਾਂ ’ਚੋਂ ਹੁਣ ਕਈ ਸ਼ਹਿਰ ਛੱਡ ਕੇ ਜਾ ਰਹੇ ਹਨ। ਇਕ ਨੇ ਕਿਹਾ, ‘‘ਇਹ ਹਿੰਸਾ ਸਾਨੂੰ ਗਰੀਬਾਂ ਨੂੰ ਹੀ ਮਾਰਦੀ ਹੈ।’’ ਕਿੰਨਿਆਂ ਦੀਆਂ ਦੁਕਾਨਾਂ ਉੱਜੜ ਗਈਆਂ ਤੇ ਕਿੰਨਿਆਂ ਦੀਆਂ ਰੇੜ੍ਹੀਆਂ ਮਚਾ ਦਿੱਤੀਆਂ ਗਈਆਂ। ਇਹ ਸਭ ਕੁੱਝ ਮੁੜ ਉਸਾਰਨਾ ਉਹਨਾਂ ਲਈ ਪਹਾੜੋਂ ਭਾਰਾ ਕਾਰਜ ਹੈ।
ਯਮੁਨਾ ਵਿਹਾਰ ਦੇ ਇਸ ਇਲਾਕੇ ’ਚ ਬਹੁਤ ਸਾਰੇ ਟਿਊਸ਼ਨ ਸੈਂਟਰ ਹਨ ਜਿੱਥੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਤਰਾਸ਼ਣ ਲਈ ਹਜ਼ਾਰਾਂ ਨੌਜਵਾਨ ਦਿਖਦੇ ਹਨ। ਅਜਿਹੀ ਫਿਰਕੂ ਹਿੰਸਾ ਉਨ੍ਹਾਂ ਲਈ ਕਿਹੋ ਜਿਹਾ ਸੰਤਾਪ ਲੈ ਕੇ ਆਉਂਦੀ ਹੈ, 22 ਸਾਲਾਂ ਦਾ ਇੱਕ ਮੁਸਲਮਾਨ ਨੌਜਵਾਨ ਇੰਝ ਦੱਸਦਾ ਹੈ, ‘‘ਮੈਂ ਇਥੇ ਇੱਕ ਛੋਟਾ ਜਿਹਾ ਕੋਰਸ ਕੀਤਾ ਤਾਂ ਜੋ ਆਪਣੇ ਪਿਤਾ ਦੇ ਕਿੱਤੇ ਤੋਂ ਉੱਪਰ ਦਾ ਕੋਈ ਕੰਮ ਕਰ ਸਕਾਂ, ਪਰ ਹੁਣ ਜੋ ਵਾਪਰਿਆ ਹੈ, ਅਸੀਂ 10 ਸਾਲ ਪਿੱਛੇ ਚਲੇ ਗਏ ਹਾਂ। ਹੁਣ ਮੈਂ ਵੀ ਦੁਕਾਨ ’ਤੇ ਪਿਤਾ ਵਾਂਗ ਕੱਪੜੇ ਹੀ ਕੱਟਾਂਗਾ, ਮੈਨੂੰ ਹੁਣ ਹੋਰ ਕੁੱਝ ਵੀ ਦਿਖਾਈ ਨਹੀਂ ਦਿੰਦਾ।’’
ਸੱਚ-ਮੁੱਚ ਮੁਸ਼ਕਲ ਨਾਲ ਜ਼ਿੰਦਗੀ ਦੀ ਗੱਡੀ ਰੋੜ੍ਹ ਰਹੇ ਇਹਨਾਂ ਕਿਰਤੀ ਲੋਕਾਂ ਲਈ ਇਸ ਫਿਰਕੂ ਹਿੰਸਾ ਨੇ ਜ਼ਿੰਦਗੀ ਹੋਰ ਵੀ ਪਿੱਛੇ ਧੱਕ ਦਿੱਤੀ ਹੈ।
No comments:
Post a Comment