ਮਲੇਰਕੋਟਲਾ ’ਚ ਲੋਕ ਹੜ੍ਹ ਦੀ ਨਿਵੇਕਲੀ ਨੁਹਾਰ
ਇਹ ਦਿਨ ਦੇਸ਼ ਦੀ ਲੋਕਾਈ ’ਚ ਵੱਡੀ ਉਥਲ-ਪੁਥਲ ਦੇ ਦਿਨ ਹਨ। ਨਾਗਰਿਕ ਹੱਕਾਂ ਦੇ ਹਮਲੇ ਖਿਲਾਫ ਫੁੱਟਿਆ ਲੋਕ-ਰੋਹ ਦਿਨੋਂ ਦਿਨ ਫੈਲ ਰਿਹਾ ਹੈ। ਇਸ ਸੰਘਰਸ਼ ਲਹਿਰ ਦੇ ਅਹਿਮ ਮੋਰਚੇ ਵਜੋਂ ਪੰਜਾਬ ਨੇ ਆਪਣੀ ਥਾਂ ਮੱਲ ਲਈ ਹੈ। ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਵੇਲੇ ਤੋਂ ਹੀ ਸੂਬੇ ਦੀਆਂ ਲਗਭਗ ਸਾਰੀਆਂ ਲੋਕ-ਪੱਖੀ ਤੇ ਜਮਹੂਰੀ ਸ਼ਕਤੀਆਂ ਆਪਣੇ ਪੂਰੇ ਵਿਤ ਨਾਲ ਇਹਨਾਂ ਕਦਮਾਂ ਖਿਲਾਫ ਡਟੀਆਂ ਹੋਈਆਂ ਹਨ ਤੇ ਲੋਕਾਂ ਦੀ ਲਾਮਬੰਦੀ ਕਰਨ ’ਚ ਜੁਟੀਆਂ ਹੋਈਆਂ ਹਨ। ਰੋਸ ਪ੍ਰਦਰਸ਼ਨਾਂ ਤੋਂ ਲੈ ਕੇ ਮੀਟਿੰਗਾਂ ਤੇ ਰੋਸ ਸਭਾਵਾਂ ਦਾ ਤਾਂਤਾ ਲੱਗਿਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ, ਨੀਮ ਸਿਆਸੀ ਮੰਚਾਂ ਤੇ ਲੋਕ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੱਦਿਆਂ ਨੂੰ ਲੋਕਾਂ ਵੱਲੋਂ ਬਹੁਤ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ ਜਾ ਰਿਹਾ ਹੈ। ਮਾਨਸਾ ਤੇ ਲੁਧਿਆਣੇ ’ਚ ਸ਼ਾਹੀਨ ਬਾਗ ਦੀ ਤਰਜ਼ ’ਤੇ ਲਗਾਤਾਰ ਧਰਨੇ ਵੀ ਸ਼ੁਰੂ ਕੀਤੇ ਗਏ ਹਨ। ਸੰਘਣੀ ਮੁਸਲਿਮ ਆਬਾਦੀ ਵਾਲੇ ਮਲੇਰਕੋਟਲਾ ਖੇਤਰ ’ਚ ਕਈ ਵੱਡੇ ਇਕੱਠ ਹੋ ਚੁੱਕੇ ਹਨ ਤੇ ਮੁਲਕ ਦੇ ਸਿਆਸੀ ਦਿ੍ਰਸ਼ ’ਤੇ ਇਸ ਲਹਿਰ ਦੇ ਮੋਹਰੀ ਕੇਂਦਰਾਂ ’ਚ ਪੰਜਾਬ ਸ਼ੁਮਾਰ ਹੋ ਗਿਆ ਹੈ।
ਬੀਤੇ ਦਿਨੀਂ ਮਲੇਰਕੋਟਲਾ ’ਚ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਉਮੜੇ ਜਨ ਸੈਲਾਬ ਨੇ ਪੰਜਾਬ ਤੋਂ ਬਾਹਰ ਮੁਲਕ ਭਰ ਦੇ ਲੋਕਾਂ ਦਾ ਵਿਸ਼ੇਸ਼ ਕਰਕੇ ਧਿਆਨ ਖਿੱਚਿਆ ਹੈ। ਇਹ ਪੰਜਾਬੀਆਂ ਲਈ ਇਤਿਹਾਸਕ ਦਿਨ ਹੋ ਨਿੱਬੜਿਆ ਹੈ। ਸਭਨਾਂ ਧਰਮਾਂ ਦੇ ਕਿਰਤੀਆਂ ਦੀ ਸਾਂਝ ਦੇ ਝੂਲਦੇ ਪਰਚਮ ਦੇ ਅਲੌਕਿਕ ਦਿ੍ਰਸ਼ ਨੇ ਹਰ ਉਸ ਜ਼ਮੀਰ ਨੂੰ ਟੁੰਬਿਆ ਹੈ ਜਿਹੜੀ ਵੀ ਮੁਲਕ ਦੀ ਆਬੋ ਹਵਾ ’ਚ ਫਿਰਕੂ ਜ਼ਹਿਰ ਫੈਲਾਉਣ ਅਤੇ ਲੋਕਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਕਹਿਰ ਨੂੰ ਡੱਕਣ ਲਈ ਕੁੱਝ ਚੰਗਾ ਹੋਣਾ ਲੋਚਦੀ ਹੈ। ਲੱਖ ਤੋਂ ਉੱਪਰ ਦੇ ਲਗਭਗ ਜੁੜੇ ਲੋਕਾਂ ਦੇ ਇਸ ਜਬਰਦਸਤ ਰੋਸ ਪ੍ਰਦਰਸ਼ਨ ’ਚ ਹਰ ਜਾਤ, ਫਿਰਕੇ, ਪਿੰਡਾਂ ਤੇ ਸ਼ਹਿਰਾਂ ਦੇ ਮਿਹਨਤਕਸ਼ ਲੋਕਾਂ ਦੀ ਹਰ ਵੰਨਗੀ ਦੀ ਮੌਜੂਦਗੀ ਆਪਣੇ ਆਪ ’ਚ ਹੀ ਭਾਜਪਾ ਦੇ ਫਿਰਕੂ ਵਾਰਾਂ ਦੀ ਅਮਲੀ ਕਾਟ ਬਣ ਗਈ ਹੈ। ਮੁਲਕ ਭਰ ’ਚ ਚੱਲ ਰਹੇ ਰੋਸ ਪ੍ਰਦਰਸ਼ਨਾਂ ’ਚ ਗਹਿਰੀ ਦਿਲਚਸਪੀ ਰੱਖ ਰਹੇ ਤੇ ਉਹਨਾਂ ’ਚੋਂ ਕਈਆਂ ਦਾ ਹਿੱਸਾ ਰਹੇ, ਜਮਹੂਰੀ ਹਲਕਿਆਂ ਨੇ ਇਸ ਨੂੰ ਵੱਡੇ ਇਕੱਠਾਂ ’ਚੋਂ ਮੋਹਰੀਆਂ ’ਚ ਸ਼ੁਮਾਰ ਕੀਤਾ ਹੈ। ਪਰ ਪੀੜਤ ਧਾਰਮਿਕ ਘੱਟ ਗਿਣਤੀ ਦੇ ਨਾਲ ਸਮਾਜ ਦੀਆਂ ਬੁਨਿਆਦੀ ਕਿਰਤੀ ਜਮਾਤਾਂ ਦੀ ਮੌਜੂਦਗੀ ਇਸ ਦੀ ਮੁਲਕ ਦੇ ਹੋਰਨਾਂ ਖਿੱਤਿਆਂ ’ਚ ਹੋਏ ਪ੍ਰਦਰਸ਼ਨਾਂ ਨਾਲੋਂ ਵੱਖਰੀ ਰੰਗਤ ਉਘਾੜਦੀ ਹੈ ਕਿਉਕਿ ਉਨ੍ਹਾਂ ਥਾਵਾਂ ’ਤੇ ਮੁਸਲਮਾਨ ਆਬਾਦੀ ਨਾਲ ਜਥੇਬੰਦ ਹਿੱਸਿਆਂ ’ਚੋਂ ਆਮ ਕਰਕੇ ਵਿਦਿਆਰਥੀਆਂ ਜਾਂ ਜਮਹੂਰੀ ਹਲਕਿਆਂ ਦੀ ਮੌਜੂਦਗੀ ਹੀ ਦਿਖਦੀ ਰਹੀ ਹੈ। ਸਿਰਫ ਗਿਣਤੀ ਪੱਖੋਂ ਹੀ ਨਹੀਂ, ਸਗੋਂ ਹੋਰਨਾਂ ਅਜਿਹੇ ਕਈ ਪੱਖਾਂ ਕਾਰਨ ਇਹ ਇਕੱਠ ਮੁਲਕ ਭਰ ਦੇ ਵੱਡੇ ਪ੍ਰਦਰਸ਼ਨਾਂ ’ਚ ਨਿਵੇਕਲੀ ਥਾਂ ਰਖਦਾ ਹੈ ਤੇ ਲੋਕ ਅੰਦੋਲਨ ਦੀਆਂ ਰੌਸ਼ਨ ਸੰਭਾਵਨਾਵਾਂ ਵੱਲ ਸੰਕੇਤ ਕਰਦਾ ਹੈ।
ਇਸ ਇਕੱਠ ਦੀ ਇਕ ਵਿਸ਼ੇਸ਼ਤਾ ਤਾਂ ਇਹਦੇ ਬਹੁਤ ਚੰਗੀ ਤਰ੍ਹਾਂ ਜਥੇਬੰਦ ਹੋਣ ’ਚ ਪਈ ਹੈ। ਇਹ ਇਕ ਦਮ ਕਿਸੇ ਭੈਅ ਦੀ ਭਾਵਨਾ ਜਾਂ ਕਿਸੇ ਭਾਵੁਕ ਅਪੀਲ ਦੁਆਲੇ ਇਕੱਠੇ ਹੋਏ ਲੋਕ ਨਹੀਂ ਸਨ, ਸਗੋਂ ਹਫਤਿਆਂ ਦੀ ਲੰਮੀਂ ਮੁਹਿੰਮ ਰਾਹੀਂ ਕਾਲੇ ਕਾਨੂੰਨਾਂ ਖਿਲਾਫ ਹਾਸਲ ਕੀਤੀ ਚੇਤਨਾ ਤੇ ਸੰਘਰਸ਼ ਦੇ ਮਹੱਤਵ ਦੀ ਥਾਹ ਪਾ ਕੇ ਜਥੇਬੰਦ ਹੋਏ ਲੋਕ ਸਨ। ਏਨੀ ਵਿਸ਼ਾਲ ਗਿਣਤੀ ’ਚ ਜੁੜੇ ਲੋਕ, ਇਕ ਬਹੁਤ ਹੀ ਖੇਚਲ ਭਰਪੂਰ ਤੇ ਗੰਭੀਰ ਜਥੇਬੰਦਕ ਉੁੱਦਮ ਦਾ ਸਿਖਰ ਸੀ ਜਿਹੜਾ ਜਨਤਕ ਮੁਹਿੰਮ ਰਾਹੀਂ ਪ੍ਰਵਾਨ ਚੜ੍ਹਿਆ ਸੀ। ਇਸ ਇਕੱਠ ਦਾ ਵਿਸ਼ੇਸ਼ ਮਹੱਤਵ ਵੀ ਇਸਦੀ ਪਹਿਲਾਂ ਚੱਲੀ ਵਿਸ਼ਾਲ ਜਨਤਕ ਮੁਹਿੰਮ ’ਚ ਪਿਆ ਹੈ ਜਿਸ ਰਾਹੀਂ ਪੰਜਾਬ ਦੇ ਕਿਰਤੀ ਲੋਕਾਂ ਦੇ ਹਰ ਤਬਕੇ ਦੀਆਂ ਬਹੁਤ ਦੂਰ ਤੱਕ ਦੀਆਂ ਪਰਤਾਂ ’ਚ ਇਹਨਾਂ ਕਾਲੇ ਕਾਨੂੰਨਾਂ ਬਾਰੇ ਚੇਤਨਾ ਦਾ ਸੰਚਾਰ ਕੀਤਾ ਗਿਆ ਹੈ। ਕਾਰਕੁੰਨਾਂ ਦੀਆਂ ਛੋਟੀਆਂ ਵੱਡੀਆਂ ਸੈਂਕੜੇ ਟੋਲੀਆਂ ਨੇ ਦਿਨ ਰਾਤ ਇੱਕ ਕੀਤਾ ਹੈ। ਪਿੰਡਾਂ ਦੀਆਂ ਸੱਥਾਂ ਤੋਂ ਚੁੱਲ੍ਹਿਆਂ ਤੱਕ ਇਹ ਚਰਚਾ ਸਿਰਫ ਫੌਰੀ ਕਾਨੂੰਨਾਂ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਬਹੁਤ ਵਿਆਪਕ ਪੱਧਰ ’ਤੇ ਮੌਜੂਦਾ ਹਕੂਮਤੀ ਫਾਸ਼ੀ-ਫਿਰਕੂ ਅਮਲਾਂ ਬਾਰੇ ਤੇ ਇਹਨਾਂ ਪਿਛਲੇ ਮਕਸਦਾਂ ਬਾਰੇ ਲੰਮੀਆਂ ਵਿਚਾਰ-ਚਰਚਾਵਾਂ ਦਾ ਇੱਕ ਪ੍ਰਵਾਹ ਚੱਲਿਆ ਹੈ।
ਇਹ ਜ਼ੋਰਦਾਰ ਮੁਹਿੰਮ ਵੀ ਉਹਨਾਂ ਹਲਕਿਆਂ ’ਚ ਚੱਲੀ ਹੈ ਜਿਹੜੇ ਆਪਣੀਆਂ ਜ਼ਿੰਦਗੀਆਂ ਨਾਲ ਜੁੜੇ ਮਸਲਿਆਂ ’ਤੇ ਸਾਲਾਂ ਬੱਧੀ ਸੰਘਰਸ਼ਾਂ ਦੇ ਅਮਲਾਂ ’ਚੋਂ ਗੁਜ਼ਰੇ ਹਨ। ਆਪੋ ਆਪਣੇ ਤਬਕੇ ਦੀਆਂ ਜਥੇਬੰਦੀਆਂ ’ਚ ਪਰੋਏ ਹੋਏ ਹਨ ਤੇ ਬਹੁਤ ਸਾਰੇ ਮੁੱਦਿਆਂ ’ਤੇ ਆਪੋ ਵਿਚ ਏਕਤਾ ਗੰਢਣ ਦੇ ਰਾਹ ਵੀ ਪਏ ਹੋਏ ਹਨ। ਹੱਕਾਂ ਦੀ ਚੇਤਨਾ ਗ੍ਰਹਿਣ ਕਰਨ ਦੇ ਅਮਲਾਂ ’ਚ ਪਏ ਹੋਏ ਇਹਨਾਂ ਹਿੱਸਿਆਂ ਵੱਲੋਂ ਇਸ ਫਾਸ਼ੀ ਫਿਰਕੂ ਹਮਲੇ ਬਾਰੇ ਚੇਤਨਾ ਹਾਸਲ ਕਰਨਾ ਤੇ ਆਪਣੇ ਜਮਾਤੀ-ਸਿਆਸੀ ਹਿੱਤਾਂ ਨਾਲ ਜੋੜ ਕੇ ਦੇਖਣ ਲੱਗਣਾ ਇਹਨਾਂ ਨੂੰ ਅਜਿਹੀ ਨਿਭਣਯੋਗ ਪਾਏਦਾਰ ਤਾਕਤ ’ਚ ਬਦਲ ਦਿੰਦਾ ਹੈ ਜੋ ਇਸ ਮੁਲਕ-ਵਿਆਪੀ ਰੋਸ ਲਹਿਰ ’ਚ ਅਹਿਮ ਮੋਰਚੇ ਵਜੋਂ ਆਪਣਾ ਹਿੱਸਾ ਪਾਉਂਦਾ ਦਿਖਾਈ ਦਿੰਦਾ ਹੈ। ਵੱਖ ਵੱਖ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਆਪਣੇ ਜਮਾਤੀ ਹਿੱਤਾਂ ਦੀ ਸੋਝੀ ਹੀ ਇਹਨਾਂ ਕਿਸਾਨ ਕਾਫਲਿਆਂ ਵੱਲੋਂ ਦਿੱਲੀ ਦੇ ਸ਼ਾਹੀਨ ਬਾਗ ਵਿਚ ਜਾ ਕੇ ਡਟ ਜਾਣ ਲਈ ਆਧਾਰ ਬਣੀ ਹੈ। ਇਸ ਚੇਤਨਾ ਕਾਰਨ ਹੀ ਤਣਾਅਪੂਰਨ ਹਾਲਤ ਦਰਮਿਆਨ ਸਭ ਰੋਕਾਂ ਤੋੜ ਕੇ ਇਹ ਕਾਫਲਾ ਉੱਥੇ ਪੁੱਜਿਆ ਸੀ। ਦੇਸ਼ ਭਰ ’ਚ ਮੋਹਰੀ ਕੇਂਦਰ ਵਜੋਂ ਉੱਭਰੇ ਸ਼ਾਹੀਨ ਬਾਗ ’ਚ ਡਟੇ ਲੋਕਾਂ ’ਚ, ਪੰਜਾਬੀ ਕਿਸਾਨਾਂ ਦੇ ਪੁੱਜਣ ਨੇ, ਭਾਜਪਾ ਹਕੂਮਤ ਦੇ ਮੁਸਲਮਾਨ ਤਬਕੇ ਵਿਰੋਧੀ ਪ੍ਰਚਾਰ ਦੀ ਬਹੁਤ ਹੀ ਅਸਰਦਾਰ ਤੇ ਜਚਣਹਾਰ ਢੰਗ ਨਾਲ ਫੂਕ ਕੱਢ ਦਿੱਤੀ ਹੈ।
ਸਿਆਸੀ ਵੋਟ ਪਾਰਟੀਆਂ ਤੋਂ ਆਜ਼ਾਦ ਹੋਏ ਇਸ ਵਿਸ਼ਾਲ ਇਕੱਠ ਦਾ ਪ੍ਰਭਾਵ ਹੋਰ ਵੀ ਕਿਤੇ ਜ਼ਿਆਦਾ ਵਿਆਪਕ ਤੇ ਡੂੰਘਾ ਪਿਆ ਹੈ ਕਿਉਕਿ ਇਹ ਕਿਸੇ ਵੀ ਹਿੱਸੇ ਨੂੰ ਲੋਕ ਰੋਹ ਨੂੰ ਵੋਟਾਂ ’ਚ ਢਾਲ ਲੈਣ ਦੀ ਕਸਰਤ ਦਾ ਭਰਮ ਨਹੀਂ ਰਹਿਣ ਦਿੰਦਾ ਤੇ ਇਹ ਅਜਿਹਾ ਪਹਿਲੂ ਬਣਿਆ ਹੈ ਜਿਸ ਕਾਰਨ ਇਹ ਲੋਕਾਂ ਨੂੰ ਆਪਣਾ ਇਕੱਠ ਜਾਪਿਆ ਤੇ ਲੋਕ ਇਸ ਵੱਲ ਖਿੱਚੇ ਤੁਰੇ ਆਏ ਤੇ ਇਸ ਹਮਲੇ ਖਿਲਾਫ ਇੱਕਜੁੱਟ ਹੋ ਕੇ ਡਟ ਜਾਣ ਦਾ ਜਜ਼ਬਾ ਪੂਰੀ ਬੁਲੰਦੀ ’ਤੇ ਜਾ ਕੇ ਪ੍ਰਗਟ ਹੋਇਆ।
ਮੌਜੂਦਾ ਹਮਲੇ ਦੇ ਫੌਰੀ ਨਿਸ਼ਾਨੇ ’ਤੇ ਆਏ ਮੁਸਲਮਾਨ ਭਾਈਚਾਰੇ ਦੀ ਦਹਿ ਹਜ਼ਾਰਾਂ ਦੀ ਵੱਡੀ ਗਿਣਤੀ ਦੀ ਮੌਜੂਦਗੀ ਤੇ ਉਸ ਦੇ ਰੋਹ ਤੇ ਜੋਸ਼ ਦੇ ਇਜ਼ਹਾਰਾਂ ਸਦਕਾ, ਤੇ ਬਾਕੀ ਧਰਮਾਂ ਦੇ ਲੋਕਾਂ ਦੇ ਇਉ ਧਾਹ ਕੇ ਜਾਣ ਨਾਲ ਸਮੁੱਚਾ ਇਕੱਠ ਲੋਕਾਈ ਦੀ ਆਪਣੇਪਣ ਦੀ ਸਾਂਝੀ ਭਾਵਨਾ ਦਾ ਡੁਲ੍ਹ ਡੁਲ੍ਹ ਪੈਂਦਾ ਮੁਜ਼ਾਹਰਾ ਹੋ ਨਿੱਬੜਿਆ। ਕਈ ਦਿਨਾਂ ਤੋਂ ਇਕੱਠ ਦੀਆਂ ਤਿਆਰੀਆਂ ’ਚ ਜੁਟੇ ਮਲੇਰਕੋਟਲਾ ਦੇ ਬੱਚੇ-ਬੱਚੀ ਦੀ ਸੁਰਤ 16 ਫਰਵਰੀ ਨੇ ਮੱਲੀ ਹੋਈ ਸੀ ਤੇ ਬਹੁਤ ਗਹਿਰੀ ਸ਼ਮੂਲੀਅਤ ਨਾਲ ਤਿਆਰ ਕੀਤੇ ਕਈ ਵੰਨਗੀਆਂ ਦੇ ਪਕਵਾਨਾਂ ਨੇ ਦਰਸਾਇਆ ਕਿ ਸ਼ਹਿਰ ਵਾਸੀ ਕਿਵੇਂ ਹੋਰਨਾਂ ਧਰਮਾਂ ਦੇ ਹੁੰਗਾਰੇ ਨੂੰ ਡੂੰਘੀ ਸ਼ਿੱਦਤ ਨਾਲ ਉਡੀਕ ਰਹੇ ਸਨ। ਜਾਮੀਆ ਤੇ ਸ਼ਾਹੀਨ ਬਾਗ ਦੇ ਸੰਘਰਸ਼ ਕੇਂਦਰਾਂ ਤੋਂ ਆਏ ਵੱਡੇ ਜਨਤਕ ਵਫਦਾਂ ਨੇ ਪੰਜਾਬੀਆਂ ਵੱਲੋਂ ਮਿਲੀ ਹਿਮਾਇਤ ਦਾ ਜਿਸ ਵਜਦ ਨਾਲ ਜ਼ਿਕਰ ਕੀਤਾ ਤੇ ਜਿਵੇਂ ਇਸਦਾ ਮੋੜਵਾਂ ਹਲੂਣਵਾਂ ਪ੍ਰਤੀਕਰਮ ਆਇਆ, ਇਹ ਨਜ਼ਾਰਾ ਤਾਂ ਦੇਖਿਆਂ ਹੀ ਬਣਦਾ ਸੀ। ਦਿੱਲੀ ਦੀਆਂ ਬਸਤੀਆਂ ਤੇ ਪੰਜਾਬ ਦੇ ਪਿੰਡਾਂ ਦੇ ਕਿਰਤੀਆਂ ਦੀ ਹਰ ਦੂਰੀ ਤੇ ਵਿੱਥ ਮਿਟ ਗਈ ਸੀ ਤੇ ਸੰਗਰਾਮਾਂ ਦੀ ਸਾਂਝ ਦੀਆਂ ਸੁੱਚੀਆਂ ਭਾਵਨਾਵਾਂ ਬਗਲਗੀਰ ਹੋ ਗਈਆਂ ਸਨ।
ਇਹ ਸਾਧਾਰਨ ਇਕੱਠ ਨਹੀਂ ਸੀ। ਇਹ ਕਿਰਤੀ ਲੋਕਾਈ ਦੀ ਹਕੀਕੀ ਸਾਂਝ ਦੇ ਜਸ਼ਨਾਂ ਦਾ ਜੋੜਮੇਲਾ ਵੀ ਸੀ। ਵੇਲੇ ਦੀ ਸੱਤਾ ਵੱਲੋਂ ਇਕ ਖਾਸ ਧਰਮ ਨੂੰ ਟਿੱਕ ਕੇ ਨਿਸ਼ਾਨਾ ਬਣਾਉਣ ਦੇ ਇਸ ਘੋਰ ਪਿਛਾਖੜੀ ਕਦਮ ਦੀ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਜੋਰਦਾਰ ਖਿਲਾਫਤ ਦਾ ਐਲਾਨ ਸੀ। ਇਸ ਵਿਚ ਪੰਜਾਬ ਦੇ ਕਿਰਤੀ ਕਿਸਾਨਾਂ ਤੋਂ ਇਲਾਵਾ ਵਿਦਿਆਰਥੀ, ਸਾਹਿਤਕਾਰ, ਲੋਕਾਂ ਦੇ ਕਲਾਕਾਰ ਤੇ ਕਲਮਕਾਰ, ਤਰਕਸ਼ੀਲ ਕਾਰਕੁੰਨ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਲੋਕਾਂ ਦੇ ਪੱਤਰਕਾਰਾਂ ਸਮੇਤ ਅਗਾਂਹਵਧੂ ਲਹਿਰ ਦੀ ਹਰ ਵੰਨਗੀ ਹਾਜਰ ਸੀ। ਇਸ ਇਕੱਠ ਦੀ ਦੂਸਰੀ ਅਹਿਮ ਵਿਲੱਖਣਤਾ ਮੰਚ ਤੋਂ ਉੱਭਰੇ ਸੁਨੇਹੇ ’ਚ ਮੌਜੂਦ ਹੈ। ਜੋ ਮੰਚ ਤੋਂ ਕਿਹਾ ਜਾ ਰਿਹਾ ਸੀ, ਉਹ ਲਫ਼ਜ ਲਫ਼ਜ ਲੋਕਾਂ ਦੇ ਧੁਰ ਅੰਦਰ ਉੱਤਰ ਰਿਹਾ ਜਾਪਦਾ ਸੀ। ਸਮਾਗਮ ਦੇ ਐਨ ਸ਼ੁਰੂ ’ਚ ਇਕ ਵਿਦਿਆਰਥੀ ਆਗੂ ਵੱਲੋਂ ਇਸ ਲਹਿਰ ’ਚ ਵਿਦਿਆਰਥੀਆਂ ਦੇ ਨਿਭਾਏ ਰੋਲ ’ਤੇ ਸੁੱਚਾ ਮਾਣ ਜਤਾਇਆ ਜਾ ਰਿਹਾ ਸੀ ਤੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਘੋਲਾਂ ਨਾਲ ਕਦਮ ਤਾਲ ਦਾ ਸੱਦਾ ਦਿੱਤਾ ਜਾ ਰਿਹਾ ਸੀ। ਵੱਖ ਵੱਖ ਆਗੂਆਂ ਵੱਲੋਂ ਕੌਮੀ ਮੁਕਤੀ ਲਹਿਰ ਦੀ ਵਿਰਾਸਤ ਤੋਂ ਲੈ ਕੇ, ਹੁਣ ਤੱਕ ਦੇ ਲੋਕ ਸੰਘਰਸ਼ਾਂ ਦੇ ਹਵਾਲਿਆਂ ਦੀ ਚਰਚਾ ਨਾਲ ਅਸਲ ਦੇਸ਼ ਭਗਤੀ ਦੇ ਅਰਥ ਉਘਾੜੇ ਜਾ ਰਹੇ ਸਨ। ਫਿਰਕੂ ਅਤੇ ਝੂਠੀ ਦੇਸ਼ ਭਗਤੀ ਨੂੰ ਧਰ ਕੇ ਛੰਡਿਆ ਜਾ ਰਿਹਾ ਸੀ। ਸੰਵਿਧਾਨਕ ਹੱਕਾਂ ਦੀ ਚਰਚਾ ਤੋਂ ਲੈ ਕੇ ਅਫਸਪਾ, ਯੂ ਏ ਪੀ ਏ ਤੇ ਐਨ ਐਸ ਏ ਵਰਗੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਉੱਠ ਰਹੀ ਸੀ। ਯੂਪੀ ਤੇ ਦਿੱਲੀ ’ਚ ਢਾਹੇ ਜਾ ਰਹੇ ਕਹਿਰ ਦੀ ਰੱਜ ਕੇ ਨਿੰਦਾ ਕੀਤੀ ਜਾ ਰਹੀ ਸੀ। ਸਾਮਰਾਜੀਆਂ ਨੂੰ ਅਸਲ ਘੁਸਪੈਠੀਏ ਕਰਾਰ ਦਿੱਤਾ ਜਾ ਰਿਹਾ ਸੀ ਤੇ ਨਾਗਰਿਕਾਂ ਨੂੰ ਕੱਢਣ ਵਾਲੀਆਂ ਸੂਚੀਆਂ ਦੀ ਥਾਂ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਅਲਾਮਤਾਂ ਦੇ ਖਾਤਮੇ ਲਈ ਉਹਨਾਂ ਦੀਆਂ ਸੂਚੀਆਂ ਬਣਾਉਣ ਦੀ ਮੰਗ ਉਭਾਰੀ ਜਾ ਰਹੀ ਸੀ। ਔਰਤ ਬੁਲਾਰਿਆਂ ਦੇ ਬੋਲਾਂ ’ਚ ਇਸ ਲਹਿਰ ਅੰਦਰ ਔਰਤਾਂ ਦੀ ਸ਼ਾਨਦਾਰ ਅਗਵਾਨੂੰ ਭੂਮਿਕਾ ਨੂੰ ਔਰਤਾਂ ਦੀ ਸਮਾਜਕ ਹੋਣੀ ਬਦਲਣ ਤੱਕ ਲਿਜਾਣ ਦੀ ਤਾਂਘ ਪ੍ਰਗਟ ਹੋ ਰਹੀ ਸੀ। ਨੌਜਵਾਨ ਮੁਸਲਿਮ ਕੁੜੀਆਂ ਦੀਆਂ ਟੋਲੀਆਂ ਵੱਲੋਂ ਫੈਜ਼ ਦੇ ਗੀਤਾਂ ਦੀਆਂ ਸਾਂਝੀਆਂ ਹੇਕਾਂ ਛੇੜਨ ਦਾ ਮਹੌਲ ਇਸ ਤਾਂਘ ਦਾ ਪ੍ਰਤੱਖ ਇਜ਼ਹਾਰ ਬਣ ਗਿਆ ਸੀ। ਟਿਕਟਿਕੀ ਲਾ ਕੇ ਸੁਣਦੀਆਂ ਤੇ ਵਾਰ ਵਾਰ ਜੋਸ਼ੀਲਾ ਪ੍ਰਤੀਕਰਮ ਦਿੰਦੀਆਂ ਦਹਿ ਹਜ਼ਾਰਾਂ ਔਰਤਾਂ ਦੀ ਮੌਜੂਦਗੀ ਇਸ ਜੋੜ ਮੇਲੇ ਦਾ ਇੱਕ ਬਹੁਤ ਹੀ ਗੂੜ੍ਹਾ ਰੰਗ ਸੀ। ਸੰਘਰਸ਼ ਜਾਰੀ ਰੱਖਣ ਦੇ ਅਗਲੇ ਸੱਦਿਆਂ ਨੂੰ ਲੋਕਾਂ ਦਾ ਉਤਸ਼ਾਹੀ ਹੁੰਗਾਰਾ ਪੰਜਾਬ ਦੀ ਕਾਂਗਰਸ ਹਕੂਮਤ ਲਈ ਵੀ ਸੁਣਵਾਈ ਕਰ ਰਿਹਾ ਸੀ ਕਿ ਉਸ ਨੂੰ ਐਨ ਪੀ ਆਰ ਲਾਗੂ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਕਸ਼ਮੀਰੀ ਲੋਕਾਂ ’ਤੇ ਜਬਰ ਬੰਦ ਕਰਨ ਤੇ ਉਥੋਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਦਿਹਾੜਾ ਹੀ ਕਿਸਾਨ ਲਹਿਰ ਦੇ ਉਘੇ ਆਗੂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦਾ ਸ਼ਹੀਦੀ ਦਿਹਾੜਾ ਵੀ ਸੀ। ਉਸ ਦੀ ਕੁਰਬਾਨੀ ਨੂੰ ਸਮੁੱਚੇ ਇਕੱਠ ਨੇ ਸਿਜਦਾ ਕੀਤਾ ਸੀ। ਆਈਆਂ ਜਥੇਬੰਦੀਆਂ ਦੇ ਆਗੂ ਤੇ ਵਿਸ਼ੇਸ਼ ਮਹਿਮਾਨ ਸਖਸ਼ੀਅਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਯਾਦਗਾਰੀ ਮਹਿਮਾਨ ਗੈਲਰੀ ’ਚ ਸੁਸ਼ੋਭਿਤ ਸਨ। ਅਗਾਂਹਵਧੂ ਪੁਸਤਕਾਂ ਦੀਆਂ ਦਰਜਨਾਂ ਸਟਾਲਾਂ ਤੋਂ ਲੋਕ ਇਸ ਮਸਲੇ ’ਤੇ ਜਾਰੀ ਹੋਈ ਸਮੱਗਰੀ ਨੂੰ ਵਿਸ਼ੇਸ਼ ਕਰਕੇ ਤਲਾਸ਼ ਰਹੇ ਸਨ। ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ ’ਚੋਂ ਲਈਆਂ ਟੂਕਾਂ ਕੌਮੀ ਮੁਕਤੀ ਲਹਿਰ ਦੇ ਅਧੂਰੇ ਮਿਸ਼ਨ ਨੂੰ ਤੋੜ ਚੜ੍ਹਾਉਣ ਲਈ ਸਾਮਰਾਜੀਆਂ ਤੇ ਦੇਸੀ ਦਲਾਲ ਜਮਾਤਾਂ ਖਿਲਾਫ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਹੋਕਾ ਦੇ ਰਹੀਆਂ ਸਨ। ਅਜਿਹੇ ਕਈ ਉਸਾਰੂ ਰੰਗਾਂ ਦੀ ਸਤਰੰਗੀ ਪੀਂਘ ਦਾ ਅਸਲ ਦਿ੍ਰਸ਼ ਉਥੇ ਵਿਚਰਿਆਂ ਹੀ ਬਣਦਾ ਸੀ।
ਜਮਾਤੀ ਚੇਤਨਾ ਦੀ ਰੰਗਤ ਵਾਲੇ ਇਸ ਗੰਭੀਰ, ਉਸਾਰੂ ਤੇ ਜੋਸ਼ੀਲੇ ਮਹੌਲ ਨੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਹੀ ਸਹਾਰਾ ਨਹੀਂ ਦਿੱਤਾ ਸਗੋਂ ਇਸ ਦਾ ਮਹੱਤਵ ਤਾਂ ਇਸ ਤੋਂ ਕਿਤੇ ਵੱਡਾ ਹੈ। ਇਸ ਜਥੇਬੰਦ ਲੋਕ ਸ਼ਕਤੀ ਦੀ ਮੌਜੂਦਗੀ ਮੁਸਲਮਾਨ ਭਾਈਚਾਰੇ ਨੂੰ ਬੁਨਿਆਦਪ੍ਸਤਾਂ ਦੇ ਪੈਂਤੜੇ ’ਤੇ ਧੱਕਣ ਤੋਂ ਰੋਕ ਬਣਨੀ ਹੈ। ਮੁਸਲਮਾਨ ਭਾਈਚਾਰੇ ਦੇ ਇਕ ਨੁਮਾਇੰਦੇ ਵੱਲੋਂ ਮੰਚ ਤੋਂ ਦਿੱਤਾ ਜਾ ਰਿਹਾ ਇਹ ਸੱਦਾ ਬਹੁਤ ਮੁੱਲਵਾਨ ਸੀ ਕਿ ਆਓ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਮੁਕਤ ਤੇ ਸਭਨਾਂ ਧਰਮਾਂ ਦੀ ਸਾਂਝ ਵਾਲੇ ਨਵੇਂ ਪੰਜਾਬ ਤੇ ਭਾਰਤ ਦੀ ਉਸਾਰੀ ਕਰੀਏ। ਫਿਰਕਾਪ੍ਰਸਤੀ ਦੇ ਹਮਲੇ ਦੇ ਖਿਲਾਫ ਲਹਿਰ ਉਸਾਰੀ ਲਈ ਕਿਰਤੀਆਂ ਵਜੋਂ ਉੱਭਰੀ ਇਹ ਸਾਂਝ ਬਹੁਤ ਨਿੱਗਰ ਬੁਨਿਆਦ ਬਣਦੀ ਹੈ।
ਇਉਂ ਧਾਅ ਕੇ ਆਈ ਲੋਕਾਈ ਨੂੰ ਦੇਖਿਆਂ ਲਗਦਾ ਸੀ ਕਿ ਸਾਮਰਾਜ ਵਿਰੋਧੀ ਨਾਮਧਾਰੀ ਕੂਕਾ ਲਹਿਰ ਦੀ ਇਸ ਧਰਤੀ ਤੋਂ ਸੱਤਾ ਦੇ ਜੁਲਮਾਂ ਖਿਲਾਫ ਕੁਰਬਾਨੀ ਦਾ ਉਹ ਜਜ਼ਬਾ ਇਕ ਦਿਨ ਫਿਰ ਧੜਕੇਗਾ। ਧਰਮ ਨਿਰਪੱਖ ਤੇ ਖਰੀ ਜਮਹੂਰੀ ਸੋਝੀ ਦੇ ਪੋਲ ਦੁਆਲੇ ਜੁੜੀ ਇਸ ਲੋਕ ਸ਼ਕਤੀ ਦਾ ਮੁਜਾਹਰਾ ਤੇ ਇਸ ਦੀ ਰੰਗਤ ਦਸਦੀ ਹੈ ਕਿ ਹਿੰਦੂ ਰਾਸ਼ਟਰ ਉਸਾਰੀ ਦੇ ਪਿਛਾਖ਼ੜੀ ਮਨਸੂਬਿਆਂ ਦੀ ਰਾਹ ਏਨੀ ਸੁਖਾਲੀ ਨਹੀਂ ਹੈ।
No comments:
Post a Comment